ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੇ ਮੁੱਖ ਸਕੱਤਰ, ਕਾਮਰੇਡ ਲਾਲ ਸਿੰਘ ਵਲੋਂ ਨਵੇਂ ਸਾਲ ‘ਤੇ ਮੁਬਾਰਕਵਾਦ

ਸਾਥੀਓ,

2021 ਦਾ ਸਾਲ ਲੰਘ ਗਿਆ ਹੈ। ਇਹ ਦੇਸ਼ ਭਰ ਵਿਚ ਕ੍ਰੋੜਾਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਬਹਾਦਰਾਨਾ ਅਤੇ ਦ੍ਰਿੜ ਸੰਘਰਸ਼ਾਂ ਦਾ ਸਾਲ ਸੀ।

ਮਜ਼ਦੂਰਾਂ ਦੇ ਵਧ ਰਹੇ ਜਨਤਕ ਵਿਰੋਧ ਇਹ ਦਿਖਾਉਂਦੇ ਹਨ ਕਿ ਉਹ ਆਪਣੇ ਭੈੜੇ ਹਾਲਾਤਾਂ ਤੋਂ ਬਹੁਤ ਅਸੰਤੋਸ਼ ਅਤੇ ਗੁੱਸੇ ਵਿਚ ਹਨ। ਲਾਕਡਾਊਨ ਦੇ ਕਾਰਨ ਬੜੇ ਪੈਮਾਨੇ ਉੱਤੇ ਨੌਕਰੀਆਂ ਖਤਮ ਹੋ ਗਈਆਂ ਅਤੇ ਵੇਤਨ ਘਟ ਗਏ ਹਨ। ਉਪਰੋਂ ਸੰਸਦ ਵਿਚ 2020 ਵਿੱਚ ਮਜ਼ਦੂਰ-ਵਿਰੋਧੀ ਅਤੇ ਸਰਮਾਏਦਾਰਾ-ਪੱਖੀ ਲੇਬਰ ਕੋਡ ਪਾਸ ਕਰ ਦਿੱਤੇ ਗਏ ਹਨ। ਕੇਂਦਰ ਸਰਕਾਰ ਨੇ 2021 ਵਿੱਚ ਸਰਬਜਨਕ ਅਸਾਸਿਆਂ ਦਾ ਨਿੱਜੀਕਰਣ ਕਰਨਾ ਤੇਜ਼ ਕਰ ਦਿੱਤਾ ਹੈ। ਰੇਲਵੇ, ਕੋਲੇ ਦੀਆਂ ਖਾਨਾਂ, ਬੈਂਕਿੰਗ, ਬੀਮਾ, ਬਿਜਲੀ, ਟੈਲੀਕਾਮ, ਡੀਫੈਂਸ ਉਤਪਾਦਨ, ਬੰਦਰਗਾਹਾਂ ਅਤੇ ਬੜੇ ਪੈਮਾਨੇ ਦੇ ਉਦਯੋਗ ਅਤੇ ਸੇਵਾਵਾਂ ਦੇ ਹੋਰ ਖੇਤਰਾਂ ਦੇ ਮਜ਼ਦੂਰ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਵਿਚ ਇੱਕਮੁੱਠ ਹੋ ਗਏ ਹਨ। ਉਹ ਯੂਨੀਅਨ ਅਤੇ ਪਾਰਟੀ ਸਬੰਧਾਂ ਤੋਂ ਉਪਰ ਉਠ ਕੇ ਇੱਕਮੁੱਠ ਹੋ ਕੇ ਸੰਘਰਸ਼ ਕਰ ਰਹੇ ਹਨ।

500 ਤੋਂ ਵੱਧ ਕਿਸਾਨ ਯੂਨੀਅਨਾਂ ਵਲੋਂ ਆਪਣੀਆਂ ਸਾਂਝੀਆਂ ਮੰਗਾਂ ਵਾਸਤੇ ਇੱਕਮੁੱਠ ਹੋਣਾ ਇੱਕ ਬਹੁਤ ਬੜਾ ਕਦਮ ਹੈ। ਕਿਸਾਨਾਂ ਦਾ ਲੰਬਾ ਸੰਘਰਸ਼ ਦਿਖਾਉਂਦਾ ਹੈ ਕਿ ਉਦਾਰੀਕਰਣ ਦਾ ਪ੍ਰੋਗਰਾਮ, ਜਿਸ ਦਾ ਮਕਸਦ ਖੇਤੀਬਾੜੀ ਉੱਤੇ ਅਜਾਰੇਦਾਰ ਸਰਮਾਏਦਾਰਾਂ ਨੂੰ ਹਾਵੀ ਕਰਨਾ ਹੈ, ਉਸ ਪ੍ਰੋਗਰਾਮ ਨੂੰ ਹਰਾਉਣ ਲਈ ਕਿਸਾਨ ਡਟੇ ਹੋਏ ਹਨ।

ਲੋਕ, ਰਾਜ ਵਲੋਂ ਆਯੋਜਿਤ ਫਿਰਕੂ ਹਿੰਸਾ ਅਤੇ ਹਰ ਤਰਾਂ ਦੇ ਰਾਜਕੀ ਅੱਤਵਾਦ ਦਾ ਵਿਰੋਧ ਕਰ ਰਹੇ ਹਨ। ਉਹ ਮਾਨਵ ਅਧਿਕਾਰਾਂ ਅਤੇ ਜਮਹੂਰੀ ਅਧਿਕਾਰਾਂ ਅਤੇ ਹਿੰਦੋਸਤਾਨ ਵਿਚ ਵਸਦੀਆਂ ਵੱਖ-ਵੱਖ ਕੌਮਾਂ, ਕੌਮੀਅਤਾਂ ਅਤੇ ਲੋਕਾਂ ਦੇ ਅਧਿਕਾਰਾਂ ਦੀਆਂ ਉਲੰਘਣਾਵਾਂ ਦਾ ਵਿਰੋਧ ਕਰ ਰਹੇ ਹਨ।

ਮਜ਼ਦੂ-ਕਿਸਾਨ ਜਨਤਾ ਨੇ ਪਛਾਣ ਲਿਆ ਹੈ ਕਿ ਉਹ ਇੱਕ ਹੀ ਸਾਂਝੇ ਦੁਸ਼ਮਣ, ਜਾਣੀ ਦੇਸੀ ਅਤੇ ਬਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਦੇ ਖ਼ਿਲਾਫ਼ ਲੜ ਰਹੇ ਹਨ। ਉਹ ਸਮਝ ਰਹੇ ਹਨ ਕਿ ਮੰਤਰੀਮੰਡਲ ਅਜਾਰੇਦਾਰ ਸਰਮਾਏਦਾਰਾਂ ਦੇ ਪੱਖ ਵਿਚ ਫੈਸਲੇ ਕਰਦਾ ਹੈ। ਸੰਸਦ, ਲੋਕਾਂ ਦੀ ਰੋਜ਼ੀ-ਰੋਟੀ ਖੋਹ ਕੇ ਅਤੇ ਅਧਿਕਾਰਾਂ ਨੂੰ ਕੁਚਲ ਕੇ ਅਜਾਰੇਦਾਰ ਸਰਮਾਏਦਾਰਾਂ ਦੇ ਵੱਧ ਤੋਂ ਵੱਧ ਮੁਨਾਫਿਆਂ ਦੇ ਲਾਲਚ ਨੂੰ ਪੂਰਾ ਕਰਨ ਲਈ ਕਾਨੂੰਨ ਬਣਾਉਂਦੀ ਹੈ।

ਅੱਜ ਵਕਤ ਦੀ ਮੰਗ ਹੈ ਕਿ ਇੱਕ ਸਾਂਝੇ ਪ੍ਰੋਗਰਾਮ ਦੇ ਇਰਦ-ਗਿਰਦ ਸਿਆਸੀ ਏਕਤਾ ਬਣਾ ਕੇ, ਮਜ਼ਦੂਰ-ਕਿਸਾਨ ਭਾਈਵਾਲੀ ਦੀ ਰਖਵਾਲੀ ਕੀਤੀ ਜਾਵੇ ਅਤੇ ਉਸਨੂੰ ਮਜਬੂਤ ਕੀਤਾ ਜਾਵੇ। ਸਾਨੂੰ ਉਦਾਰੀਕਰਣ, ਨਿੱਜੀਕਰਣ ਅਤੇ ਭੂਮੰਡਲੀਕਰਣ ਦੇ ਸਰਮਾਏਦਾਰਾ ਪ੍ਰੋਗਰਾਮ ਦੇ ਬਦਲ ਦੇ ਗਿਰਦ, ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਬਣਾਉਣੀ ਚਾਹੀਦੀ ਹੈ। ਮੌਜੂਦਾ ਸੰਸਦੀ ਢਾਂਚਾ, ਜਿਸਦੇ ਅੰਦਰ ਲੋਕਾਂ ਨੂੰ ਸੱਤਾ ਤੋਂ ਲਾਂਭੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਕੁਚਲ ਦਿੱਤਾ ਜਾਂਦਾ ਹੈ, ਉਸਦੇ ਬਦਲ ਦੇ ਦੁਆਲੇ ਸਾਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਬਣਾਉਣੀ ਚਾਹੀਦੀ ਹੈ।

ਸਾਥੀਓ,

ਸਰਮਾਏਦਾਰ ਜਮਾਤ ਦੀ ਹਕੂਮਤ ਦਾ ਢਾਂਚਾ ਇਸ ਭਰਮ ਉੱਤੇ ਅਧਾਰਿਤ ਹੈ ਕਿ ਇਹਦੇ ਵਿਚ ਸਭ ਜਮਾਤਾਂ ਦੇ ਲੋਕ ਆਪਣੀ ਪਸੰਦ ਦੀ ਪਾਰਟੀ ਚੁਣ ਕੇ, ਉਸ ਦੀ ਸਰਕਾਰ ਬਣਾ ਕੇ, ਆਪਣੀਆਂ ਸਮੱਸਿਆਵਾਂ ਹੱਲ ਕਰ ਸਕਦੇ ਹਨ। ਤਾਜ਼ਾ ਸਾਲਾਂ ਵਿਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਬੇਚੈਨੀ ਵਧਦੀ ਜਾ ਰਹੀ ਹੈ। ਇਸਦੇ ਨਾਲ-ਨਾਲ ਸਰਮਾਏਦਾਰਾਂ ਨੂੰ ਭਾਜਪਾ ਦਾ ਹਿੰਦੋਸਤਾਨ ਪੱਧਰ ਦਾ ਕੋਈ ਭਰੋਸੇਯੋਗ ਵਿਕਲਪ ਨਹੀਂ ਨਜ਼ਰ ਆ ਰਿਹਾ। ਇਹ ਸਥਿਤੀ ਸਰਮਾਏਦਾਰਾਂ ਦੀ ਹਕੂਮਤ ਲਈ ਖਤਰਾ ਪੈਦਾ ਕਰ ਰਹੀ ਹੈ। ਹੁਕਮਰਾਨ ਜਮਾਤ ਨੇ ਇੱਕ ਭਰੋਸੇਮੰਦ ਸੰਸਦੀ ਵਿਕਲਪ ਵਿਕਸਿਤ ਕਰਨ ਦੀ ਆਪਣੀ ਜ਼ਰੂਰਤ ਪੂਰੀ ਕਰਨ ਲਈ, ਕਿਸਾਨ ਅੰਦੋਲਨ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ।

ਬੀਤੇ ਸਾਲਾਂ ਵਿਚ ਸਾਨੂੰ ਕਈ ਅਜੇਹੀਆਂ ਮਿਸਾਲਾਂ ਮਿਲਦੀਆਂ ਹਨ ਕਿ ਕਿਵੇਂ ਹੁਕਮਰਾਨ ਸਰਮਾਏਦਾਰ ਜਮਾਤ ਨੇ ਵੱਖ-ਵੱਖ ਸਮਿਆਂ ਉਤੇ ਅਖੌਤੀ ਜਮਹੂਰੀ ਵਿਕਲਪ ਵਰਤੇ ਹਨ, ਤਾਂ ਕਿ ਇਹ ਭਰਮ ਕਾਇਮ ਰੱਖਿਆ ਜਾਵੇ ਕਿ ਮੌਜੂਦਾ ਢਾਂਚੇ ਦੇ ਅੰਦਰ ਸਾਰੀਆਂ ਜਮਾਤਾਂ ਦੇ ਹਿੱਤ ਪੂਰੇ ਹੋ ਸਕਦੇ ਹਨ। ਇਸ ਤਰ੍ਹਾਂ ਦੀ ਇਕ ਮਿਸਾਲ 1977 ਵਿਚ ਐਮਰਜੰਸੀ ਦਾ ਹਟਾਇਆ ਜਾਣਾ ਸੀ, ਜਦੋਂ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਦੀ ਥਾਂ ਇੱਕ ਨਵੀਂ ਜਨਤਾ ਪਾਰਟੀ ਦੀ ਸਰਕਾਰ ਸਥਾਪਤ ਕੀਤੀ ਗਈ ਸੀ। ਹਾਕਮ ਜਮਾਤ ਨੇ ਕਿਹਾ ਕਿ ਜਮਹੂਰੀਅਤ ਬਹਾਲ ਹੋ ਗਈ ਹੈ। ਥੋੜ੍ਹੇ ਜਿਹੇ ਸਮੇਂ ਲਈ, ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ, ਚੌਧਰੀ ਚਰਨ ਸਿੰਘ ਨੂੰ ਪ੍ਰਧਾਨ ਮੰਤਰੀ ਵੀ ਬਣਾਇਆ। ਪਰ ਉਸ ਨਾਲ ਸਿਆਸੀ ਸੱਤਾ ਦੇ ਜਮਾਤੀ ਖਾਸੇ ਵਿਚ ਕੋਈ ਪ੍ਰਵਰਤਨ ਨਹੀਂ ਹੋਇਆ। ਕੇਂਦਰ ਸਰਕਾਰ ਅਜਾਰੇਦਾਰ ਸਰਮਾਏਦਾਰਾਂ ਵਲੋਂ ਬਣਾਏ ਗਏ ਅਜੰਡੇ ਹੀ ਲਾਗੂ ਕਰਦੀ ਰਹੀ। ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕੁਚਲ ਕੇ, ਆਰਥਿਕਤਾ ਦੀ ਦਿਸ਼ਾ ਵੱਡੇ ਸਰਮਾਏਦਾਰਾਂ ਦੀਆਂ ਤਿਜੌਰੀਆਂ ਭਰਨ ਵੱਲ ਹੀ ਚਲਾਈ ਜਾਂਦੀ ਰਹੀ।

ਸਰਮਾਏਦਾਰ ਜਮਾਤ ਪੰਜਾਬ, ਉੱਤਰ ਪ੍ਰਦੇਸ਼ ਅਤੇ ਕੁੱਝ ਹੋਰ ਪ੍ਰਾਂਤਾਂ ਵਿਚ ਹੋਣ ਵਾਲੀਆਂ ਚੋਣਾਂ ਨੂੰ ਵਰਤ ਕੇ, ਸੰਸਦੀ ਜਮਹੂਰੀਅਤ ਵਿਚ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਚਾਹੁੰਦੀ ਹੈ। ਇਹਦੇ ਨਾਲ ਨਾਲ, ਹਾਕਮ ਜਮਾਤ ਭਾਜਪਾ ਦੇ ਤਰ੍ਹਾਂ-ਤਰ੍ਹਾਂ ਦੇ ਵਿਕਲਪਾਂ ਨੂੰ ਵੀ ਪਰਖਣਾ ਚਾਹੁੰਦੀ ਹੈ। ਹਮੇਸ਼ਾ ਵਾਂਗ, ਹਾਕਮ ਜਮਾਤ ਚੋਣਾਂ ਨੂੰ ਵਰਤ ਕੇ ਲੋਕਾਂ ਦੀ ਖਾੜਕੂ ਨੂੰ ਏਕਤਾ ਤੋੜਨ ਦੀ ਪੂਰੀ ਕੋਸ਼ਿਸ਼ ਕਰੇਗੀ। ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਸ ਤੋਂ ਸਬਕ ਸਿੱਖ ਕੇ, ਹਾਕਮ ਜਮਾਤ ਦੀਆਂ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਨਾਕਾਮ ਕਰ ਦੇਣਾ ਚਾਹੀਦਾ ਹੈ।

ਕਿਸਾਨਾਂ ਦੇ ਹਿੱਤ ਵਿਚ ਇਹੀ ਹੋਵੇਗਾ ਕਿ ਉਹ ਮਿਲ-ਜੁਲ ਕੇ ਇਹ ਫੈਸਲਾ ਕਰਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕੀ ਕਦਮ ਉਠਾਉਣਗੇ। ਸਾਰੀਆਂ ਕਿਸਾਨ ਯੂਨੀਅਨਾਂ ਨੂੰ ਇੱਕੋ ਹੀ ਪ੍ਰੋਗਰਾਮ ਦੇ ਅਨੁਸਾਰ ਅੱਗੇ ਵਧਣਾ ਚਾਹੀਦਾ ਹੈ। ਵੱਖ ਵੱਖ ਦਿਸ਼ਾਵਾਂ ਵੱਲ ਚੱਲ ਪੈਣ ਨਾਲ ਕਿਸਾਨਾਂ ਦੇ ਸਾਂਝੇ ਹਿੱਤਾਂ ਦਾ ਨੁਕਸਾਨ ਹੋਵੇਗਾ। ਅਜੇਹਾ ਕਰਨ ਨਾਲ ਮਜ਼ਦੂਰਾਂ ਅਤੇ ਕਿਸਾਨਾਂ ਦੀ ਖਾੜਕੂ ਏਕਤਾ ਕਮਜ਼ੋਰ ਅਤੇ ਨਸ਼ਟ ਹੋ ਜਾਵੇਗੀ। ਇਸ ਨਾਲ ਹਾਕਮ ਜਮਾਤ ਨੂੰ ਫਾਇਦਾ ਹੋਵੇਗਾ।

ਹਾਕਮਾਂ ਦੀਆਂ ਫੁੱਟਪਾਊ ਅਤੇ ਧੋਖੇਬਾਜ਼ ਚਾਲਾਂ ਨੂੰ ਨਾਕਾਮ ਕਰਨ ਲਈ ਸਾਨੂੰ ਇੱਕ ਸਾਂਝੇ ਪ੍ਰੋਗਰਾਮ ਦੁਆਲੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਸਿਆਸੀ ਮੋਰਚਾ ਬਣਾਉਣਾ ਚਾਹੀਦਾ ਹੈ। ਇਸ ਮੋਰਚੇ ਦਾ ਉਦੇਸ਼ ਉਦਾਰੀਕਰਣ ਅਤੇ ਨਿੱਜੀਕਰਣ ਦੇ ਪ੍ਰੋਗਰਾਮ ਦਾ ਖਾਤਮਾ ਕਰਨਾ ਅਤੇ ਆਰਥਿਕਤਾ ਦੀ ਦਿਸ਼ਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵੱਲ ਬਦਲਨਾ ਹੋਣਾ ਚਾਹੀਦਾ ਹੈ। ਇਸ ਸਿਆਸੀ ਮੋਰਚੇ ਦਾ ਮਕਸਦ ਪ੍ਰਭੂਸਤਾ ਨੂੰ ਲੋਕਾਂ ਦੇ ਹੱਥ ਵਿਚ ਦੇਣਾ ਹੋਣਾ ਚਾਹੀਦਾ ਹੈ। ਇਹਦੇ ਲਈ ਇੱਕ ਅਜੇਹਾ ਰਾਜ ਅਤੇ ਸੰਵਿਧਾਨ ਉਸਾਰਿਆ ਜਾਵੇ, ਜੋ ਮਾਨਵ ਅਧਿਕਾਰਾਂ ਅਤੇ ਜਮਹੂਰੀ ਅਧਿਕਾਰਾਂ ਅਤੇ ਹਿੰਦੋਸਤਾਨੀ ਸੰਘ ਵਿਚ ਵਸਦੇ ਸਭ ਲੋਕਾਂ ਦੇ ਕੌਮੀ ਅਧਿਕਾਰਾਂ ਨੂੰ ਮਾਨਤਾ ਦੇਵੇ, ਉਨ੍ਹਾਂ ਦੀ ਹਿਫਾਜ਼ਤ ਕਰੇ ਅਤੇ ਉਨ੍ਹਾਂ ਦੀ ਉਲੰਘਣਾ ਨਾ ਹੋਣ ਦੇਵੇ। ਹਿੰਦੋਸਤਾਨ ਦੇ ਅੰਤਰਰਾਸ਼ਟਰੀ ਸਬੰਧਾਂ ਦਾ ਅਧਾਰ ਸਾਮਰਾਜਵਾਦ, ਕਬਜ਼ਾਕਾਰੀ ਜੰਗ ਅਤੇ ਸਭ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਦਾ ਵਿਰੋਧ ਕਰਨਾ ਹੋਵੇ।

ਸਾਥੀਓ,

ਅੱਜ ਨਾ ਸਿਰਫ ਸਾਡੇ ਦੇਸ਼ ਵਿਚ, ਬਲਕਿ ਦੁਨੀਆਂ ਦੇ ਸਭ ਸਰਮਾਏਦਾਰਾ ਦੇਸ਼ਾਂ ਵਿਚ ਲੋਕ ਭਾਰੀ ਗਿਣਤੀ ਵਿਚ ਸੜਕਾਂ ਉੱਤੇ ਆ ਰਹੇ ਹਨ। ਲੋਕ ਸਿਆਸੀ ਸੱਤਾ ਦੇ ਖਾਸੇ ਅਤੇ ਸਮਾਜ ਦੇ ਵਿਕਾਸ ਦੀ ਦਿਸ਼ਾ ਵਿਚ ਇੱਕ ਗੁਣਾਤਮਕ ਤਬਦੀਲੀ ਲਿਆਉਣਾ ਲੋਚਦੇ ਹਨ। ਸਾਮਰਾਜਵਾਦੀ ਅਤੇ ਸਰਮਾਏਦਾਰ ਦੇਸ਼ ਬਹੁਤ ਦੁਸ਼ਟ ਅਤੇ ਕਮੀਨੇ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਨ, ਜਿਵੇਂ ਕਿ ਬੜੇ ਪੈਮਾਨੇ ਉਤੇ ਝੂਠਾ ਪ੍ਰਚਾਰ ਕਰਨਾ, ਜੈਵਿਕ ਯੁੱਧ ਚਲਾਉਣਾ, ਲਾਕਡਾਊਨ ਲਾਉਣਾ ਅਤੇ ਕਈ ਕਿਸਮ ਦੇ ਸੰਸਦੀ ਵਿਕਲਪਾਂ ਨੂੰ ਅੱਗੇ ਲਿਆਉਣਾ, ਤਾਂ ਕਿ ਮਜ਼ਦੂਰ ਜਮਾਤ ਅਤੇ ਲੋਕਾਂ ਨੂੰ ਇਨਕਲਾਬੀ ਹੱਲ ਢੂੰਡਣ ਤੋਂ ਰੋਕਿਆ ਜਾ ਸਕੇ।

ਆਓ, ਇਨਕਲਾਬੀ ਆਸ਼ਾਵਾਦ ਦੇ ਨਾਲ 2022 ਦੇ ਸਾਲ ਦਾ ਸਵਾਗਤ ਕਰੀਏ। ਆਓ, ਆਪਾਂ ਹਿੰਮਤ ਅਤੇ ਦ੍ਰਿੜਤਾ ਨਾਲ ਸਭ ਚੁਣੌਤੀਆਂ ਦਾ ਸਾਮਹਣਾ ਕਰੀਏ। ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਸਰਮਾਏਦਾਰ ਜਮਾਤ ਦੀ ਹਕੂਮਤ ਖਤਮ ਕਰਾਂਗੇ ਅਤੇ ਰਾਜ ਸੱਤਾ ਆਪਣੇ ਹੱਥਾਂ ਵਿਚ ਲਵਾਂਗੇ, ਉਸ ਦਿਨ ਸਭ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਲਈ ਸੂਰਜ ਦਾ ਚਾਨਣ ਚਮਕੇਗਾ।

ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ!

ਇਨਕਲਾਬ ਜ਼ਿੰਦਾਬਾਦ!

close

Share and Enjoy !

0Shares
0

Leave a Reply

Your email address will not be published. Required fields are marked *