ਫੌਕਸਕਾਨ ਦੇ ਕਾਮਿਆਂ ਨੇ ਚੇਨੰਈ-ਬੈਂਗਲੁਰੂ ਹਾਈਵੇਅ ਨੂੰ ਜਾਮ ਕੀਤਾ

ਬਹੁ-ਰਾਸ਼ਟਰੀ ਫੌਕਸਕਾਨ ਦੇ ਕਈ ਹਜ਼ਾਰ ਕਾਮਿਆਂ ਨੇ, 17-18 ਦਸੰਬਰ ਨੂੰ ਤਾਮਿਲਨਾਡੂ ਦੇ ਸ਼੍ਰੀ ਪੇਰੰਬਦੂਰ ਵਿੱਚ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਅਤੇ ਹੜਤਾਲ ਕੀਤੀ। ਪ੍ਰਦਰਸ਼ਨਾਂ ਕਾਰਨ ਚੇਨੰਈ-ਬੈਂਗਲੁਰੂ ਹਾਈਵੇਅ ‘ਤੇ 18 ਘੰਟਿਆਂ ਤੋਂ ਵੱਧ ਸਮੇਂ ਤੱਕ ਆਵਾਜਾਈ ਠੱਪ ਰਹੀ। ਪ੍ਰਦਰਸ਼ਨਾਂ ਨੇ ਤਾਮਿਲਨਾਡੂ ਸਰਕਾਰ ਨੂੰ, ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਵਾਅਦਾ ਕਰਨ ‘ਤੇ ਮਜਬੂਰ ਕੀਤਾ। ਮਜ਼ਦੂਰ ਏਕਤਾ ਲਹਿਰ ਨੂੰ ਇਸ ਵਿਰੋਧ ਪ੍ਰਦਰਸ਼ਨ ‘ਤੇ ਥੋਝਿਲਰ ਓਤਰੂਮਈ ਇਯਾਕਮ (ਮਜ਼ਦੂਰ ਏਕਤਾ ਅੰਦੋਲਨ) ਤੋਂ ਰਿਪੋਰਟ ਮਿਲੀ ਹੈ।

Foxconn_5
ਫੌਕਸਕਾਨ ਦੇ ਕਰਮਚਾਰੀ 17 ਦਸੰਬਰ ਦੀ ਅੱਧੀ ਰਾਤ ਤੋਂ ਚੇਨੰਈ-ਬੰਗਲੁਰੂ ਹਾਈਵੇਅ ਨੂੰ ਠੱਪ ਕਰਦੇ ਹੋਏ

17 ਦਸੰਬਰ ਦੀ ਸ਼ਾਮ ਨੂੰ ਫੌਕਸਕਾਨ ਦੇ 15,000 ਤੋਂ ਵੱਧ ਕਰਮਚਾਰੀ ਅਚਾਨਕ ਹੜਤਾਲ ‘ਤੇ ਚਲੇ ਗਏ। ਜ਼ਿਆਦਾਤਰ ਮਜ਼ਦੂਰ ਔਰਤਾਂ ਸਨ। ਉਨ੍ਹਾਂ ਨੇ ਵਿਅਸਤ ਚੇਨੰਈ-ਬੈਂਗਲੁਰੂ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਠੱਪ ਕਰ ਦਿੱਤੀ। ਸਰਕਾਰ ਵੱਲੋਂ ਮਜ਼ਦੂਰਾਂ ਨੂੰ ਜਬਰੀ ਕੱਢਣ ਦੀਆਂ ਧਮਕੀਆਂ ਦੇ ਬਾਵਜੂਦ ਮਜ਼ਦੂਰ 18 ਘੰਟਿਆਂ ਤੋਂ ਵੱਧ ਸਮੇਂ ਤੱਕ ਉੱਥੇ ਹੀ ਡਟੇ ਰਹੇ। ਤਾਮਿਲਨਾਡੂ ਸਰਕਾਰ ਵੱਲੋਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਹੀ ਮਜ਼ਦੂਰਾਂ ਨੇ ਨੈਸ਼ਨਲ ਹਾਈਵੇਅ ਦਾ ਜਾਮ ਹਟਾਇਆ ਅਤੇ ਆਵਾਜਾਈ ਬਹਾਲ ਹੋ ਗਈ।

ਫੌਕਸਕਾਨ ਇੱਕ ਵੱਡੀ ਬਹੁ-ਰਾਸ਼ਟਰੀ ਕੰਪਨੀ ਹੈ, ਜੋ ਸ਼੍ਰੀ ਪੇਰੁੰਬਦੂਰ, ਤਾਮਿਲਨਾਡੂ ਵਿੱਚ ਸਥਿਤ ਹੈ। ਇਸਦਾ ਮੁੱਖ ਦਫਤਰ ਤਾਈਵਾਨ ਵਿੱਚ ਹੈ ਅਤੇ ਕਈ ਦੇਸ਼ਾਂ ਵਿੱਚ ਕੰਮ ਕਰਦੀ ਹੈ। ਇਹ ਆਈਫੋਨ ਅਤੇ ਵੱਖ-ਵੱਖ ਮੋਬਾਈਲ ਫੋਨ ਨਿਰਮਾਤਾਵਾਂ ਲਈ ਮੋਬਾਈਲ ਫੋਨ ਹੈਂਡਸੈੱਟ ਅਤੇ ਸਹਾਇਕ ਉਪਕਰਣ ਬਣਾਉਂਦੀ ਹੈ। ਇਸ ਕੰਪਨੀ ਨੇ 15 ਹਜ਼ਾਰ ਤੋਂ ਵੱਧ ਕਾਮਿਆਂ ਨੂੰ ਠੇਕੇ ‘ਤੇ ਰੱਖਿਆ ਹੋਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਹਨ ਅਤੇ ਕੰਪਨੀ ਉਨ੍ਹਾਂ ਦਾ ਬੇਰਹਿਮੀ ਨਾਲ ਸ਼ੋਸ਼ਣ ਕਰਕੇ ਭਾਰੀ ਮੁਨਾਫਾ ਕਮਾਉਂਦੀ ਹੈ।

Foxconn_4
ਫੌਕਸਕਾਨ ਦੇ ਵਰਕਰ ਵਿਰੋਧ-ਪ੍ਰਦਰਸ਼ਨ ਕਰਦੇ ਹੋਏ

ਮਜ਼ਦੂਰਾਂ ਨੂੰ ਬਹੁਤ ਘੱਟ ਉਜਰਤ ਦਿੱਤੀ ਜਾਂਦੀ ਹੈ। ਉਹ ਖ਼ਤਰਨਾਕ ਹਾਲਾਤਾਂ ਵਿੱਚ ਛੋਟੇ ਅਤੇ ਭੀੜ ਵਾਲੇ ਕਮਰਿਆਂ ਵਿੱਚ ਰਹਿਣ ਲਈ ਮਜਬੂਰ ਹਨ। ਕਦੇ-ਕਦੇ 20-20 ਮਜ਼ਦੂਰਾਂ ਨੂੰ “ਹੋਸਟਲ” ਕਹੀ ਜਾਂਦੀ ਇਮਾਰਤ ਵਿੱਚ ਇੱਕੋ ਕਮਰੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹਨਾਂ “ਹੋਸਟਲਾਂ” ਵਿੱਚ ਮਜ਼ਦੂਰਾਂ ਨੂੰ ਬਹੁਤ ਘਟੀਆ ਖਾਣਾ ਦਿੱਤਾ ਜਾਂਦਾ ਹੈ।

17 ਦਸੰਬਰ ਦੀ ਸ਼ਾਮ ਨੂੰ ਬਹੁਤ ਹੀ ਘਟੀਆ ਖਾਣਾ ਖਾਣ ਕਾਰਨ ਸੈਂਕੜੇ ਹੀ ਮਜ਼ਦੂਰ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਉਲਟੀਆਂ ਅਤੇ ਦਸਤ ਲੱਗਣੇ ਸ਼ੁਰੂ ਹੋ ਗਏ। 250 ਤੋਂ ਵੱਧ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਸਪਤਾਲਾਂ ‘ਚ ਆਪਣੇ ਸਾਥੀਆਂ ਦੀ ਹਾਲਤ ਤੋਂ ਚਿੰਤਤ ਹਜ਼ਾਰਾਂ ਮਜ਼ਦੂਰਾਂ ਨੇ ਹੜਤਾਲ ‘ਤੇ ਜਾ ਕੇ ਚੇਨੰਈ-ਬੰਗਲੌਰ ਹਾਈਵੇਅ ‘ਤੇ ਧਰਨਾ ਸ਼ੁਰੂ ਕਰ ਦਿੱਤਾ।

Foxconn_3_400
ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ‘ਤੇ ਪੁਲਿਸ ਦੀ ਕਾਰਵਾਈ

ਪੁਲੀਸ ਅਤੇ ਪ੍ਰਸ਼ਾਸਨ ਨੇ ਮਜ਼ਦੂਰਾਂ ਨੂੰ ਖਿੰਡਾਉਣ ਲਈ ਪੁਲੀਸ ਬਲ ਵਰਤਣ ਦੀ ਕੋਸ਼ਿਸ਼ ਕੀਤੀ। ਪਰ ਵਰਕਰਾਂ ਨੇ ਅਧਿਕਾਰੀਆਂ ਦੀਆਂ ਧਮਕੀਆਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ 18 ਘੰਟਿਆਂ ਤੋਂ ਵੱਧ ਸਮੇਂ ਲਈ ਹਾਈਵੇਅ ਨੂੰ ਜਾਮ ਕੀਤਾ, “ਡਾਊਨ ਵਿੱਦ ਫੌਕਸਕਾਨ!”, ” ਕਾਮਿਆਂ ਦਾ ਸ਼ੋਸ਼ਣ ਬੰਦ ਕਰਨ ਲਈ,ਫੌਕਸਕਾਨ ਨੂੰ ਬੰਦ ਕਰੋ!” ਵਰਗੇ ਨਾਅਰੇ ਲਗਾਏ।

ਸੰਘਰਸ਼ ਨੂੰ ਖਿੰਡਾਉਣ ਦੀ ਕੋਸ਼ਿਸ਼ ਵਿੱਚ, ਪੁਲਿਸ ਨੇ ਫੌਕਸਕਾਨ ਦੇ ਕਈ ਵਰਕਰਾਂ ਅਤੇ ਹੋਰ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ। ਪਰ ਹਜ਼ਾਰਾਂ ਹੀ ਵਰਕਰਾਂ ਦੇ ਇੱਕਜੁੱਟ ਵਿਰੋਧ ਨੇ ਪੁਲਿਸ ਨੂੰ ਸਾਰੇ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਰਿਹਾਅ ਕਰਨ ਲਈ ਮਜਬੂਰ ਕਰ ਦਿੱਤਾ।

ਫੌਕਸਕਾਨ ਦੀਆਂ ਹਜ਼ਾਰਾਂ ਹੀ ਮਹਿਲਾ ਵਰਕਰਾਂ ਵੱਲੋਂ ਕੀਤੀ ਗਈ ਇਸ ਦਲੇਰਾਨਾ ਰੋਸ ਕਾਰਵਾਈ ਨੂੰ ਪੂਰੇ ਤਾਮਿਲਨਾਡੂ ਦੇ ਵਰਕਰਾਂ ਅਤੇ ਕਾਰਕੁਨਾਂ ਵੱਲੋਂ ਭਰਪੂਰ ਸਮਰਥਨ ਮਿਲਿਆ। ਸੈਂਕੜੇ ਟਰੇਡ ਯੂਨੀਅਨ ਕਾਰਕੁਨ, ਵਿਦਿਆਰਥੀ ਅਤੇ ਨੌਜਵਾਨ ਫੌਕਸਕਾਨ ਵਰਕਰਾਂ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਦੇਸ਼ ਭਰ ਦੇ ਲੋਕਾਂ ਦੇ ਇਸ ਵਧਦੇ ਸਮਰਥਨ ਨੂੰ ਦੇਖਦੇ ਹੋਏ, ਤਾਮਿਲਨਾਡੂ ਸਰਕਾਰ ਨੇ ਫੌਕਸਕਾਨ ਨੂੰ ਇਹ ਯਕੀਨੀ ਬਣਾਉਣ ਲਈ ਆਦੇਸ਼ ਦਿੱਤਾ ਕਿ ਉਨ੍ਹਾਂ ਦੇ ਹੋਸਟਲਾਂ ਨੂੰ ਸਹੀ ਢੰਗ ਨਾਲ ਵਿਵਸਥਿਤ ਕੀਤਾ ਜਾਵੇ ਅਤੇ ਕਰਮਚਾਰੀਆਂ ਨੂੰ ਚੰਗੀ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਇਆ ਜਾਵੇ। ਸਰਕਾਰ ਨੇ ਜ਼ਿਲ੍ਹਾ ਕੁਲੈਕਟਰਾਂ ਨੂੰ ਕਰਮਚਾਰੀਆਂ ਦੇ ਮੌਜੂਦਾ ਹੋਸਟਲਾਂ ਦਾ ਮੁਆਇਨਾ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਫੌਕਸਕਾਨ ਅਤੇ ਹੋਰ ਕੰਪਨੀਆਂ ਸਰਕਾਰ ਦੁਆਰਾ ਨਿਰਧਾਰਤ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਕਰ ਰਹੀਆਂ ਹਨ ਜਾਂ ਨਹੀਂ। ਤਾਮਿਲਨਾਡੂ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਮਜ਼ਦੂਰਾਂ ਲਈ ਚੰਗੀਆਂ ਸਹੂਲਤਾਂ ਵਾਲੇ ਵੱਡੇ ਹੋਸਟਲ ਬਣਾਏਗੀ।

ਫੌਕਸਕਾਨ ਦੇ ਵਰਕਰਾਂ ਨੇ ਆਪਣੇ ਸੰਘਰਸ਼ ਵਿੱਚ ਅੰਸ਼ਕ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਸੰਘਰਸ਼ ਕਰਨਾ ਪਵੇਗਾ ਕਿ ਕਿਸੇ ਵੀ ਵਰਕਰ ਨੂੰ ਸੰਘਰਸ਼ ਵਿੱਚ ਹਿੱਸਾ ਲੈਣ ਕਰਕੇ ਪੁਲਿਸ ਜਾਂ ਪ੍ਰਸ਼ਾਸਨ ਵਲੋਂ ਤੰਗ ਨਾ ਕੀਤਾ ਜਾਵੇ। ਉਨ੍ਹਾਂ ਨੂੰ ਆਪਣੀ ਏਕਤਾ ਦਾ ਬਚਾਅ ਕਰਨਾ ਹੋਵੇਗਾ ਅਤੇ ਸਾਰੇ ਠੇਕਾ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਲਈ ਸੰਘਰਸ਼ ਕਰਨਾ ਹੋਵੇਗਾ।

close

Share and Enjoy !

0Shares
0

Leave a Reply

Your email address will not be published. Required fields are marked *