ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (ਏ.ਆਈ.ਆਰ.ਆਰ.ਐਸ.ਏ.) ਦੀ ਅਗਵਾਈ, ਹੇਠ 7 ਦਸੰਬਰ ਤੋਂ 9 ਦਸੰਬਰ ਤੱਕ, ਰੇਲ ਡਰਾਈਵਰਾਂ ਨੇ ਰਿਲੇਅ ਭਖ-ਹੜਤਾਲਤ ਅਤੇ ਵਿੋਧ-ਪ੍ਰਦਰਸ਼ਨ ਜਥੇਬੰਦ ਕੀਤੇ। ਦੇਸ਼ ਭਰ ਦੀਆਂ ਵੱਖ-ਵੱਖ ਡਵੀਜ਼ਨਾਂ ਦੀਆਂ ਵੱਖ-ਵੱਖ ਲਾਬੀਆਂ ‘ਤੇ ਕੰਮ ਕਰਦੇ ਰੇਲ ਡਰਾਈਵਰਾਂ, ਸ਼ੰਟਰਾਂ ਅਤੇ ਸਹਾਇਕ ਡਰਾਈਵਰਾਂ ਨੇ ਇਸ ਪ੍ਰਦਰਸ਼ਨ ‘ਚ ਹਿੱਸਾ ਲਿਆ। ਉਨ੍ਹਾਂ ਨੇ ਕਈ ਥਾਵਾਂ ‘ਤੇ ਪਲੇਟਫਾਰਮਾਂ ਅਤੇ ਲਾਬੀਆਂ ‘ਤੇ ਪ੍ਰਦਰਸ਼ਨ ਕੀਤੇ, ਜਿਨ੍ਹਾਂ ਵਿੱਚ ਮਹਿਲਾ ਰੇਲਵੇ ਡਰਾਈਵਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਰੇਲਵੇ ਡਰਾਈਵਰਾਂ ਨੇ ਆਪਣੀਆਂ 14-ਨੁਕਾਤੀ ਮੰਗਾਂ ਨੂੰ ਲੈ ਕੇ ਇਹ ਭੁੱਖ-ਹੜਤਾਲ ਅਤੇ ਪ੍ਰਦਰਸ਼ਨ ਕੀਤਾ ਸੀ। ਪ੍ਰਦਰਸ਼ਨ ਦੌਰਾਨ ਰੇਲਵੇ ਡਰਾਈਵਰਾਂ ਨੇ ਦੱਸਿਆ ਕਿ ਰੇਲਵੇ ਵਿੱਚ ਡਰਾਈਵਰਾਂ ਅਤੇ ਗਾਰਡਾਂ ਦੀਆਂ ਖਾਲੀ ਪਈਆਂ ਅਸਾਮੀਆਂ ਉੱਤੇ ਨਿਯੁਕਤੀਆਂ ਕਰਨ ਦੀ ਬਜਾਏ, ਮੌਜੂਦਾ ਮੁਲਾਜ਼ਮਾਂ ਨੂੰ ਨਿਰਧਾਰਤ ਸਮਾਂ ਸੀਮਾ ਤੋਂ ਵੱਧ ਕੰਮ ’ਤੇ ਲਿਆ ਜਾ ਰਿਹਾ ਹੈ। ਰੇਲ ਡਰਾਈਵਰ ਅਤੇ ਹੋਰ ਰਨਿੰਗ ਸਟਾਫ ਕਈ ਘੰਟੇ ਬਿਨਾਂ ਅਰਾਮ ਕੀਤੇ ਕੰਮ ਕਰਨ ਲਈ ਮਜਬੂਰ ਹਨ, ਜਿਸ ਨਾਲ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਹਾਈ ਪਾਵਰ ਕਮੇਟੀ ਦੀ ਸਿਫ਼ਾਰਸ਼ ਅਨੁਸਾਰ ਅੱਠ ਘੰਟੇ ਡਿਊਟੀ ਦਾ ਨਿਯਮ ਲਾਗੂ ਕੀਤਾ ਜਾਵੇ। ਰੇਲਵੇ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ।
ਉਨ੍ਹਾਂ ਦੱਸਿਆ ਕਿ ਰੇਲਵੇ ਦਾ ਹਰ ਕੰਮ ਠੇਕੇ ’ਤੇ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਰੇਲ ਡਰਾਈਵਰ ਅਤੇ ਗਾਰਡ ਵੀ ਠੇਕੇ ‘ਤੇ ਤਾਇਨਾਤ ਕੀਤੇ ਜਾ ਰਹੇ ਹਨ। ਮੁਦਰੀਕਰਨ ਦੇ ਨਾਂ ‘ਤੇ ਯਾਤਰੀ ਟਰੇਨਾਂ, ਮਾਲ ਗੱਡੀਆਂ ਅਤੇ ਸਟੇਸ਼ਨਾਂ ਦਾ ਸੰਚਾਲਨ ਵੀ ਠੇਕੇ ‘ਤੇ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਰੇਲਵੇ ਦੀ ਕਰੋੜਾਂ ਦੀ ਜਾਇਦਾਦ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੁਨਾਫ਼ੇ ਦੇ ਲਾਲਚ ਵਿੱਚ ਬਿਨਾਂ ਗਾਰਡਾਂ ਦੇ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਹ ਸੰਭਾਵੀ ਖ਼ਤਰੇ ਨੂੰ ਦਰਸਾਉਂਦਾ ਹੈ।
ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਰੇਲਵੇ ਡਰਾਈਵਰ ਨਿੱਜੀਕਰਨ ਦੇ ਵਿਰੁੱਧ, ਮਹਿਲਾ ਡਰਾਈਵਰਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਕੰਮਕਾਜ ਦੇ ਹਾਲਾਤ ਸੁਧਾਰਨ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।
ਨਿੱਜੀਕਰਨ ਵਿਰੁੱਧ ਰੇਲਵੇ ਚਾਲਕਾਂ ਦਾ ਇਹ ਸੰਘਰਸ਼ ਕਈ ਸਾਲਾਂ ਤੋਂ ਚੱਲ ਰਿਹਾ ਹੈ। ਵਿੱਤ ਮੰਤਰੀ ਵੱਲੋਂ 2021 ਵਿੱਚ ਐਲਾਨੀ ਗਈ ਮੁਦਰੀਕਰਨ ਦੀ ਯੋਜਨਾ ਦਾ ਰੇਲਵੇ ਡਰਾਈਵਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਉਹ ਰੇਲਵੇ ਵਿੱਚ ਕੀਤੇ ਜਾ ਰਹੇ ਨਿਗਮੀਕਰਨ ਦੇ ਖ਼ਿਲਾਫ਼ ਕਈ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਮੰਗ ਉਠਾਈ ਹੈ ਕਿ ਚਾਰ ਨਵੀਆਂ ਕਿਰਤ ਨੇਮਾਵਲੀਆਂ ਵਾਪਸ ਲਈਆਂ ਜਾਣ, ਨਵੀਂ ਪੈਨਸ਼ਨ ਸਕੀਮ ਖ਼ਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਮਹਿਲਾ ਰਨਿੰਗ ਸਟਾਫ ਲਈ ਬੁਨਿਆਦੀ ਸਹੂਲਤਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ।
ਤਿੰਨ ਰੋਜ਼ਾ ਪ੍ਰੋਗਰਾਮ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੇ ਸੰਕਲਪ ਅਤੇ ‘ਰੇਲ ਬਚਾਓ, ਦੇਸ਼ ਬਚਾਓ’ ਦੇ ਨਾਅਰੇ ਨਾਲ ਸਮਾਪਤ ਹੋਇਆ।