ਉਪਭੋਗਤਾ ਦੀਆਂ ਚੀਜ਼ਾਂ ਦੇ ਵਿਤਰਣ ਉੱਪਰ ਵਪਾਰਕ ਅਜਾਰੇਦਾਰੀਆਂ ਦਾ ਵਧ ਰਿਹਾ ਗਲਬਾ

ਪਿਛਲੇ ਕੁੱਝ ਸਾਲਾਂ ਤੋਂ ਪ੍ਰਚੂਨ ਵਪਾਰ ਦੇ ਵਿਤਰਣ ਉਪਰ ਜੀਓਮਾਰਟ, ਵਾਲਮਾਰਟ, ਮੈਟਰੋ ਕੈਸ਼ ਐਂਡ ਕੈਰੀ, ਬੁੱਕਰ, ਇਲਾਟੀਕਰਨ, ੳਦਾਰ, ਆਦਿ ਵਪਾਰ ਤੋਂ ਵਪਾਰ ਨੂੰ ਵਿਤਰਣ ਕਰਨ ਵਾਲੀਆਂ ਕੰਪਨੀਆਂ ਦਾ ਗਲਬਾ ਵਧ ਰਿਹਾ ਹੈ।

ਇਹ ਵਪਾਰ ਤੋਂ ਵਪਾਰ ਨੂੰ ਵਿਤਰਣ ਕਰਨ ਵਾਲੀਆਂ ਕੰਪਨੀਆਂ, ਫਾਸਟ ਮੂਵਿੰਗ ਗੁਡਜ਼ ਕੰਪਨੀਆਂ ਤੋਂ ਮਾਲ ਖ੍ਰੀਦ ਕੇ, ਉਨ੍ਹਾਂ ਨੂੰ ਕਰਿਆਨੇ ਦੀਆਂ ਦੁਕਾਨਾਂ ਨੂੰ ਸਪਲਾਈ ਕਰਦੀਆਂ ਹਨ, ਜਿੱਥੋਂ ਲੋਕ ਇਹ ਚੀਜ਼ਾਂ ਖ੍ਰੀਦਦੇ ਹਨ। ਰਿਲਾਐਂਸ ਦੀ ਜੀਓਮਾਰਟ ਕੰਪਨੀ, ਇਹ ਸੁਨਿਸ਼ਚਿਤ ਕਰਨ ਲਈ ਕਿ ਕਰਿਆਨਾ ਦੁਕਾਨਾਂ ਇਹ ਚੀਜ਼ਾਂ ਉਨ੍ਹਾਂ ਤੋਂ ਹੀ ਖ੍ਰੀਦਣ, ਇਸ ਲਈ ਉਹ ਉਨ੍ਹਾਂ ਨੂੰ ਭਾਰੀ ਛੋਟ ਦਿੰਦੀ ਹੈ, ਜੇਕਰ ਉਹ ਇਹ ਚੀਜ਼ਾਂ ਡਿਜੀਟਲੀ, ਜਾਣੀ ਆਨ ਲਾਈਨ ਰਾਹੀਂ ਆਰਡਰ ਕਰਨ। ਵਪਾਰ ਤੋਂ ਵਪਾਰ ਨੂੰ ਵਿਤਰਣ ਕਰਨ ਵਾਲੀਆਂ ਹੋਰ ਕੰਪਨੀਆਂ ਵੀ ਇਹੀ ਢੰਗ ਵਰਤਦੀਆਂ ਹਨ।

ਇਹਦੇ ਕਾਰਨ ਉਪਭੋਗਤਾ ਦੀਆਂ ਚੀਜ਼ਾਂ ਦਾ ਵਿਤਰਣ ਰਵਾਇਤੀ ਢੰਗ ਨਾਲ ਕਰਨ ਵਾਲੀਆਂ ਕਈ ਕੰਪਨੀਆਂ ਤਬਾਹ ਹੋ ਗਈਆਂ ਹਨ। ਵਿਤਰਣ ਦੀਆਂ ਰਵਾਇਤੀ ਕੰਪਨੀਆਂ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਸੇਲਜ਼ਮੈਨਾਂ ਦੇ ਰੁਜ਼ਗਾਰ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਕਈ ਵਿਤਰਣ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਾਹਨਾਂ ਅਤੇ ਸਟਾਫ ਉਪਰ ਖਰਚਾ ਘਟਾਉਣ ‘ਤੇ ਮਜਬੂਰ ਹੋਣਾ ਪਿਆ ਹੈ, ਕਿਉਂਕਿ ਉਨ੍ਹਾਂ ਦਾ ਵਪਾਰ ਘਟਦਾ ਜਾ ਰਿਹਾ ਹੈ, ਕਿਉਂਕਿ ਉਹ ਜੀਓਮਾਰਟ ਅਤੇ ਹੋਰ ਕੰਪਨੀਆਂ ਵਲੋਂ ਦਿੱਤੀਆਂ ਜਾ ਰਹੀਆਂ ਕੀਮਤਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ।

ਹਿੰਦੋਸਤਾਨ ਵਿੱਚ ਤਕਰੀਬਨ 68 ਲੱਖ ਕ੍ਰੋੜ ਰੁਪਏ ਦੇ ਪ੍ਰਚੂਨ ਵਪਾਰ ਦਾ 80 ਫੀਸਦੀ ਹਿੱਸਾ ਇਨ੍ਹਾਂ ਕਰਿਆਨਾ ਦੁਕਾਨਾਂ ਦੇ ਹੱਥ ਵਿੱਚ ਹੈ। ਖ਼ਬਰ ਹੈ ਕਿ ਇਸ ਵਕਤ ਹਿੰਦੋਸਤਾਨ ਦੇ 150 ਸ਼ਹਿਰਾਂ ਵਿੱਚ ਤਕਰੀਬਨ 3,00,000 ਦੁਕਾਨਾਂ ਆਪਣੀ ਚੀਜ਼ਾਂ ਰਿਲਾਐਂਸ ਤੋਂ ਆਰਡਰ ਕਰਦੀਆਂ ਹਨ। ਰਿਲਾਐਂਸ ਨੇ 2024 ਤਕ ਇੱਕ ਕ੍ਰੋੜ ਅਜੇਹੀਆਂ ਦੁਕਾਨਾਂ ਕਰ ਦੇਣ ਦਾ ਟੀਚਾ ਮਿੱਥਿਆ ਹੋਇਆ ਹੈ।

ਇਸ ਵਿਸ਼ਾਲ ਅਤੇ ਵਧ ਰਹੇ ਪ੍ਰਚੂਨ ਵਪਾਰ ਉੱਤੇ ਆਪਣਾ ਕੰਟਰੋਲ ਸਥਾਪਤ ਕਰਕੇ, ਰਿਲਾਐਂਸ ਜੀਓਮਾਰਟ ਅਤੇ ਅਜੇਹੀਆਂ ਹੋਰ ਕੰਪਨੀਆਂ ਫਾਸਟ ਮੂਵਿੰਗ ਉਪਭੋਗਤਾ ਦੀਆਂ ਚੀਜ਼ਾਂ ਦੀਆਂ ਕੰਪਨੀਆਂ ਉਪਰ ਵਧੇਰੇ ਡਿਸਕਾਊਂਟ ਦੇਣ ਲਈ ਦਬਾ ਪਾ ਸਕਦੀਆਂ ਹਨ। ਜਿਹੜੀਆਂ ਕੰਪਨੀਆਂ ਉਨ੍ਹਾਂ ਦੀ ਗੱਲ ਨਾ ਮੰਨਣਗੀਆਂ, ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰ ਵਿੱਚ ਲੈ ਜਾਣਾ ਬੰਦ ਕਰ ਦੇਣ ਦੀ ਧਮਕੀ ਦੇ ਸਕਦੀਆਂ ਹਨ।

ਇਸ ਸਥਿਤੀ ਵਿੱਚ, ਆਲ ਇੰਡੀਆ ਕੰਜ਼ਿਊਮਰ ਪ੍ਰਾਡਕਟਸ ਫੈਡਰੇਸ਼ਨ (ਏ ਆਈ ਸੀ ਪੀ ਐਫ) ਨੇ ਇਹਦੇ ਖ਼ਿਲਾਫ਼ ਅਵਾਜ਼ ਉਠਾਉਣ ਦਾ ਫੈਸਲਾ ਲਿਆ ਹੈ। ਏ.ਆਈ.ਸੀ.ਪੀ.ਐਫ. ਤਕਰੀਬਨ 4 ਲੱਖ ਵਪਾਰੀਆਂ ਅਤੇ ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ ਦਾ ਵਿਤਰਣ ਕਰਨ ਵਾਲਿਆਂ ਦੀ ਪ੍ਰਤੀਨਿਧਤਾ ਕਰਦੀ ਹੈ।

ਏ ਆਈ ਸੀ ਪੀ ਡੀ ਐਫ ਨੇ ਫਾਸਟ ਮੂਵਿੰਗ ਗੁਡਜ਼ ਕੰਪਨੀਆਂ ਨੂੰ ਇੱਕ ਖੁੱਲਾ ਖਤ ਲਿਖ ਕੇ ਦੱਸਿਆ ਹੈ ਕਿ ਜੀਓਮਾਰਟ ਅਤੇ ਅਜੇਹੀਆਂ ਹੋਰ ਕੰਪਨੀਆਂ ਭਾਰੀ ਡਿਸਕਾਊਂਟ ਦੇ ਰਹੀਆਂ, ਜਿਸ ਨਾਲ ਉਪਭੋਗੀ ਉਤਪਾਦਾਂ ਦੇ ਮੌਜੂਦਾ ਵਿਤਰਣਕਾਰੀ ਬਰਬਾਦ ਹੋ ਰਹੇ ਹਨ। ਇਹ ਖਤ ਹਿੰਦੋਸਤਾਨ ਯੂਨੀਲੀਵਰ ਲਿਿਮਟਿਡ, ਮਾਰੀਕੋ, ਡਾਬਰ ਇੰਡੀਆ, ਆਈ ਟੀ ਸੀ ਲਿਿਮਟਿਡ, ਬਰਿਟਾਨੀਆਂ ਇੰਡਸਟਰੀਜ਼, ਗੌਡਰੇਜ਼ ਕੰਜ਼ਿਊਮਰ ਪਰੋਡਕਟਸ ਲਿਿਮਟਿਡ, ਨੈਸਲੇ, ਆਦਿ ਵੱਡੀਆਂ ਕੰਪਨੀਆਂ ਨੂੰ ਭੇਜਿਆ ਗਿਆ ਹੈ।

ਫੈਡਰੇਸ਼ਨ ਨੇ ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ ਕੰਪਨੀਆਂ ਤੋਂ ਰਿਲਾਐਂਸ ਜੀਓਮਾਰਟ ਅਤੇ ਇਹੋ ਜਿਹੀਆਂ ਹੋਰ ਕੰਪਨੀਆਂ ਵਾਲੀ ਕੀਮਤ ਅਤੇ ਸ਼ਰਤਾਂ ਉੱਤੇ ਆਪਣੇ ਉਤਪਾਦ ਦਿੱਤੇ ਜਾਣ ਦੀ ਮੰਗ ਕੀਤੀ ਹੈ। ਖਤ ਵਿੱਚ ਫੈਡਰੇਸ਼ਨ ਨੇ ਕਿਹਾ ਹੈ ਕਿ “ਅਸੀਂ ਆਪਣੇ ਨੀਯਤ ਇਲਾਕਿਆਂ ਵਿੱਚ ਤੁਹਾਡੀ ਕੰਪਨੀ ਦੇ ਅਧਿਕਾਰਿਤ ਸਾਂਝੀਦਾਰ ਹਾਂ।ਅਸੀਂ ਆਪਣੇ ਕਰਿਆਨੇ ਦੇ ਦੁਕਾਨਦਾਰਾਂ ਨੂੰ ਸਾਲਾਂ-ਬੱਧੀ ਅੱਛੀ ਸਰਵਿਸ ਪ੍ਰਦਾਨ ਕਰਕੇ, ਉਨ੍ਹਾਂ ਦੀ ਸਦਭਾਵਨਾ ਅਤੇ ਮਾਨਤਾ ਪ੍ਰਾਪਤ ਕੀਤੀ ਹੈ। ਅਸੀਂ ਸਮਝਦੇ ਹਾਂ ਕਿ ਜੀਓਮਾਰਟ ਅਤੇ ਹੋਰ ਵਪਾਰ ਤੋਂ ਵਪਾਰ ਕੰਪਨੀਆਂ ਦੁਕਾਨਦਾਰਾਂ ਨੂੰ ਤੁਹਾਡੀ ਕੰਪਨੀ ਦੇ ਉਹੀ ਉਤਪਾਦ ਸਾਡੇ ਨਾਲੋਂ ਘੱਟ ਕੀਮਤ ਉੱਤੇ ਦੇ ਰਹੇ ਹਨ ਅਤੇ ਇਸ ਨਾਲ ਸਾਡੀ ਮਾਨਤਾ ਖਰਾਬ ਹੋ ਰਹੀ ਹੈ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਵੀ ਉਹ ਉਤਪਾਦ ਉਸੇ ਕੀਮਤ ਉੱਤੇ ਦਿੱਤੇ ਜਾਣ, ਜਿਸ ਨਾਲ ਅਸੀਂ ਵੀ ਜੀਓਮਾਰਟ ਅਤੇ ਹੋਰ ਵਪਾਰ ਤੋਂ ਵਪਾਰ ਨੂੰ ਵਿਤਰਣ ਵਾਲੀ ਕੀਮਤ ਉਤੇ ਦੁਕਾਨਦਾਰਾਂ ਨੂੰ ਚੀਜ਼ਾਂ ਸਪਲਾਈ ਕਰ ਸਕੀਏ।

ਏ ਆਈ ਸੀ ਪੀ ਡੀ ਐਫ ਨੇ ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ ਕੰਪਨੀਆਂ ਤੋਂ ਮੰਗ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਜੀਓਮਾਰਟ ਅਤੇ ਹੋਰ ਵਪਾਰ ਤੋਂ ਵਪਾਰ ਵਿਤਰਣ ਕੰਪਨੀਆਂ ਨਾਲ ਕੋਈ ਵਿਸ਼ੇਸ਼ ਵਰਤਾਰਾ ਨਾ ਕੀਤਾ ਜਾਵੇ। ਏ ਆਈ ਸੀ ਪੀ ਡੀ ਐਫ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਣ ਵਾਲੀਆਂ ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ ਕੰਪਨੀਆਂ ਦੀਆਂ ਉਪਭੋਗੀ ਵਸਤਾਂ ਦਾ ਵਿਤਰਣ ਬੰਦ ਕਰ ਦੇਣ ਦੀ ਚਿਤਾਵਨੀ ਦਿੱਤੀ ਹੈ।

ਰਵਾਇਤੀ ਵਿਤਰਣ ਕੰਪਨੀਆਂ ਅਤੇ ਉਨ੍ਹਾਂ ਦੇ ਸੇਲਜ਼ਮੈਨਾਂ ਦੀ ਮੰਗ ਇਹ ਦਰਸਾਉਂਦੀ ਹੈ ਕਿ ਵਪਾਰ ਤੋਂ ਵਪਾਰ ਨੂੰ ਵਿਤਰਣ ਵਾਲੀਆਂ ਅਜਾਰੇਦਾਰ ਸਰਮਾਏਦਾਰ ਕੰਪਨੀਆਂ, ਛੋਟੇ ਵਿਤਰਣਕਾਰੀਆਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਬਰਬਾਦ ਕਰ ਰਹੀਆਂ ਹਨ। ਇਹ ਅਜਾਰੇਦਾਰ ਸਰਮਾਏਦਾਰ ਵਪਾਰਕ ਕੰਪਨੀਆਂ ਥੋਕ ਅਤੇ ਪ੍ਰਚੂਨ ਵਪਾਰ ਉੱਤੇ ਆਪਣਾ ਗਲਬਾ ਸਥਾਪਤ ਕਰਨ ਲਈ ਇੱਕ ਵਿਉਂਤ ਨਾਲ ਕੰਮ ਕਰ ਰਹੀਆਂ ਹਨ। ਉਹੀ ਫੈਸਲਾ ਕਰਦੀਆਂ ਹਨ ਕਿ ਕਿਸ ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼ ਕੰਪਨੀ ਕੋਲੋਂ ਕਿਸ ਕੀਮਤ ਉੱਤੇ ਉਨ੍ਹਾਂ ਦੇ ਉਤਪਾਦ ਖ੍ਰੀਦਣਗੇ ਅਤੇ ਇਸ ਤਰ੍ਹਾਂ ਉਨ੍ਹਾਂ ਉਤਪਾਦਾਂ ਦੇ ਥੋਕ ਵਪਾਰ ਉਤੇ ਕੰਟਰੋਲ ਸਥਾਪਤ ਕਰ ਲੈਣਗੀਆਂ। ਇਸਦੇ ਨਾਲ ਹੀ ਉਹ ਕਰਿਆਨਾ ਦੁਕਾਨਾਂ ਰਾਹੀਂ ਪ੍ਰਚੂਨ ਵਪਾਰ ਉਤੇ ਵੀ ਕੰਟਰੋਲ ਸਥਾਪਤ ਕਰ ਰਹੀਆਂ ਹਨ।

ਸੰਖੇਪ ਵਿੱਚ, ਅਜਾਰੇਦਾਰ ਸਰਮਾਏਦਾਰ ਕੰਪਨੀਆਂ ਦਾ ਵਪਾਰ ਦੇ ਤਮਾਮ ਪਹਿਲੂਆਂ ਉੱਤੇ ਕੰਟਰੋਲ ਅਤੇ ਗਲਬਾ ਵਧ ਰਿਹਾ ਹੈ।

close

Share and Enjoy !

Shares

Leave a Reply

Your email address will not be published.