ਕਿਸਾਨ ਅੰਦੋਲਨ – ਮੌਜੂਦਾ ਸਥਿਤੀ ਅਤੇ ਅੱਗੇ ਦੀ ਦਿਸ਼ਾ

ਮਜ਼ਦੂਰ ਏਕਤਾ ਕਮੇਟੀ ਵੱਲੋਂ ਜਥੇਬੰਦ ਕੀਤੀ ਗਈ ਚੌਥੀ ਮੀਟਿੰਗ

ਕਿਸਾਨ ਅੰਦੋਲਨ ਨੂੰ ਦੇਸ਼ ਭਰ ਦੇ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦਾ ਤਕੜਾ ਸਮਰਥਨ ਮਿਲ ਰਿਹਾ ਹੈ। ਨਾਲ ਹੀ, ਹੁਣ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸਮਰਥਨ ਮਿਲ ਰਿਹਾ ਹੈ।

500 ਦੇ ਕਰੀਬ ਕਿਸਾਨ ਜਥੇਬੰਦੀਆਂ, ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਚ ‘ਤੇ ਆ ਗਈਆਂ ਹਨ। ਇਹ ਮੰਗਾਂ ਹਨ ਕਿ 2020 ਵਿੱਚ ਬਣੇ ਤਿੰਨ ਕੇਂਦਰੀ ਕਿਸਾਨ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ, ਸਾਰੀਆਂ ਖੇਤੀ ਫ਼ਸਲਾਂ ਲਈ ਲਾਹੇਵੰਦ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੱਤੀ ਜਾਵੇ, ਬਿਜਲੀ ਸੋਧ ਬਿੱਲ 2021 ਵਾਪਸ ਲਿਆ ਜਾਵੇ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਨਾਂ ‘ਤੇ ਕਿਸਾਨਾਂ ਨੂੰ ਜ਼ੁਰਮਾਨਾ ਕਰਨਾ ਤੁਰੰਤ ਬੰਦ ਕੀਤਾ ਜਾਵੇ। ਇਹ ਅਜਾਰੇਦਾਰ ਪੂੰਜੀਵਾਦੀ ਕਾਰਪੋਰੇਸ਼ਨਾਂ ਅਤੇ ਉਹਨਾਂ ਦੀ ਸੇਵਾ ਕਰਨ ਵਾਲੀ ਸਰਕਾਰ ਵਿਰੁੱਧ ਸੰਘਰਸ਼ ਹੈ।

ਦਿੱਲੀ ਦੀਆਂ ਸਰਹੱਦਾਂ ‘ਤੇ 11 ਮਹੀਨਿਆਂ ਦੇ ਇਤਿਹਾਸਕ ਪ੍ਰਦਰਸ਼ਨ ਸਮੇਤ, ਕਿਸਾਨਾਂ ਦੇ ਸਮੁੱਚੇ ਸੰਘਰਸ਼ ਨੇ ਮੌਜੂਦਾ ਭਾਰਤੀ ਲੋਕਤੰਤਰ ਦੇ ਚਰਿੱਤਰ ਅਤੇ ਸਾਡੇ ਦੇਸ਼ ਦੇ ਕਿਰਤੀ ਲੋਕਾਂ ਦੀਆਂ ਭਖਦੀਆਂ ਸਮੱਸਿਆਵਾਂ ਦੇ ਹੱਲ ਲਈ ਸਮਾਜ ਵਿੱਚ ਬੁਨਿਆਦੀ ਤਬਦੀਲੀਆਂ ਦੀ ਲੋੜ ਬਾਰੇ ਅਹਿਮ ਸਵਾਲ ਖੜ੍ਹੇ ਕੀਤੇ ਹਨ।

ਇਨ੍ਹਾਂ ਮੁੱਦਿਆਂ ‘ਤੇ ਚਰਚਾ ਨੂੰ ਜਾਰੀ ਰੱਖਦੇ ਹੋਏ, ਮਜ਼ਦੂਰ ਏਕਤਾ ਕਮੇਟੀ ਨੇ, “ਕਿਸਾਨ ਅੰਦੋਲਨ: ਮੌਜੂਦਾ ਸਥਿਤੀ ਅਤੇ ਅੱਗੇ ਦਾ ਰਾਹ” ਵਿਸ਼ੇ ‘ਤੇ ਲੜੀ ਦੀ ਚੌਥੀ ਮੀਟਿੰਗ, 27 ਅਕਤੂਬਰ ਨੂੰ  ਆਯੋਜਿਤ ਕੀਤੀ। ਮੀਟਿੰਗ ਆਨਲਾਈਨ ਹੋਈ ਸੀ।

ਮੀਟਿੰਗ ਵਿੱਚ ਮੁੱਖ ਬੁਲਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਸਨ। ਮੀਟਿੰਗ ਵਿੱਚ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮਜ਼ਦੂਰ ਜਥੇਬੰਦੀਆਂ, ਇਸਤਰੀ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ, ਮਨੁੱਖੀ ਅਧਿਕਾਰਾਂ, ਜਮਹੂਰੀ ਅਤੇ ਕੌਮੀ ਹੱਕਾਂ ਦੀ ਰਾਖੀ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਦੇ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਚਰਚਾ ਵਿੱਚ ਯੋਗਦਾਨ ਪਾਇਆ।

ਬਿਰਜੂ ਨਾਇਕ ਨੇ ਮਜ਼ਦੂਰ ਏਕਤਾ ਕਮੇਟੀ (ਐਮ.ਈ.ਸੀ.) ਦੀ ਤਰਫੋਂ ਮੀਟਿੰਗ ਦਾ ਸੰਚਾਲਨ ਕੀਤਾ। ਉਨ੍ਹਾਂ ਨੇ ਬੂਟਾ ਸਿੰਘ ਬੁਰਜ ਗਿੱਲ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ, ਜਿਨ੍ਹਾਂ ਨੂੰ ਕਿਸਾਨ ਲਹਿਰ ਦੀ ਮੌਜੂਦਾ ਸਥਿਤੀ ਅਤੇ ਅੱਗੇ ਦੇ ਰਾਹ ਬਾਰੇ ਆਪਣੇ ਵਿਚਾਰ ਦੇਣ ਲਈ ਸੱਦਾ ਦਿੱਤਾ ਗਿਆ।

ਬਿਰਜੂ ਨਾਇਕ ਨੇ ਦੱਸਿਆ ਕਿ ਬੀ.ਕੇ.ਯੂ. ਏਕਤਾ (ਡਕੌਂਦਾ) ਦਾ ਗਠਨ ਪੰਜਾਬ ਵਿੱਚ 2007 ਵਿੱਚ ਕੀਤਾ ਗਿਆ ਸੀ। ਉਨ੍ਹਾਂ ਸੰਸਥਾ ਦੇ ਸੰਖੇਪ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਇਸ ਜਥੇਬੰਦੀ ਨੇ ਪੰਜਾਬ ਦੇ ਕਿਸਾਨਾਂ, ਖਾਸ ਕਰਕੇ ਗਰੀਬ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਦਲੇਰੀ ਨਾਲ ਸੰਘਰਸ਼ ਲੜਿਆ ਹੈ। ਇਸਦੇ ਬਹੁਤ ਸਾਰੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਗ੍ਰਿਫਤਾਰੀਆਂ ਅਤੇ ਝੂਠੇ ਮੁਕੱਦਮਿਆਂ ਸਮੇਤ ਬੇਰਹਿਮੀ ਨਾਲ ਕੀਤੇ ਗਏ ਰਾਜ ਦੇ ਜਬਰ ਦਾ ਸਾਹਮਣਾ ਕਰਨਾ ਪਿਆ ਹੈ। ਬੂਟਾ ਸਿੰਘ ਬੁਰਜ ਗਿੱਲ ਵਿਰੁੱਧ ਵੀ ਲਹਿਰ ਵਿੱਚ ਸਰਗਰਮ ਭਾਗੀਦਾਰੀ ਲਈ ਕਈ ਕੇਸ ਦਰਜ ਕੀਤੇ ਗਏ ਸਨ।

ਜਥੇਬੰਦੀ ਨੇ ਬਠਿੰਡਾ ਅਤੇ ਮਾਨਸਾ ਵਿੱਚ ਆਪਣਾ ਕੰਮ ਸ਼ੁਰੂ ਕੀਤਾ, ਫਿਰ ਸੰਗਰੂਰ, ਬਰਨਾਲਾ, ਮੋਗਾ, ਲੁਧਿਆਣਾ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ ਅਤੇ ਫਤਿਹਗੜ੍ਹ ਸਾਹਿਬ ਜ਼ਿਿਲ੍ਹਆਂ ਵਿੱਚ ਫੈਲ ਗਿਆ। ਬੀ.ਕੇ.ਯੂ. ਏਕਤਾ (ਡਕੌਂਦਾ) ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਅੱਗੇ ਆਉਣ ਵਾਲੀਆਂ ਸਭ ਤੋਂ ਪਹਿਲੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਇੱਕ ਸੀ। ਇਹ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦਾ ਇੱਕ ਸਰਗਰਮ ਹਿੱਸਾ ਹੈ, ਜਿਹੜਾ ਮੋਰਚਾ ਐਸ ਵੇਲੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ।

ਸਭ ਅੜਿਕਿਆਂ ਦੇ ਬਾਵਯੂਦ ਸੰਘਰਸ਼ ਵਿੱਚ ਅੱਗੇ ਵਧਣ ਲਈ, ਬਿਰਜੂ ਨੇ ਕਿਸਾਨ ਅੰਦੋਲਨ ਦੇ ਜਜ਼ਬੇ ਨੂੰ ਦੋ ਸਤਰਾਂ, “ਅਭੀ ਤੋ ਪੈਰਾਂ ਦੇ ਛਾਲੇ ਨਹੀਂ ਦੇਖੋ, ਅਭੀ ਤੋ ਯਾਰੋਂ ਸਫਰ ਕਾ ਇਬਤਿਦਾ ਹੈ” ਨਾਲ ਵਰਨਣ ਕੀਤਾ। ਫਿਰ ਬੂਟਾ ਸਿੰਘ ਬੁਰਜ ਗਿੱਲ ਨੂੰ ਮੀਟਿੰਗ ਨੂੰ ਸੰਬੋਧਨ ਕਰਨ ਲਈ ਬੁਲਾਇਆ।

ਬੂਟਾ ਸਿੰਘ ਬੁਰਜ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਈ ਦਿਖਾਉਣ ਲਈ ਕਈ ਉਦਾਹਰਨਾਂ ਦਿੱਤੀਆਂ ਕਿ ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਵਿੱਚ ਨਾ ਸਿਰਫ਼ ਕਿਸਾਨਾਂ, ਸਗੋਂ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀਆਂ ਮੰਗਾਂ ਵੀ ਸ਼ਾਮਲ ਹਨ। ਇਹ ਭਾਰਤੀ ਅਤੇ ਵਿਦੇਸ਼ੀ ਵੱਡੇ ਅਜਾਰੇਦਾਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਲਾਗੂ ਕੀਤੇ ਜਾ ਰਹੇ ਨਿੱਜੀਕਰਨ ਅਤੇ ਉਦਾਰੀਕਰਨ ਦੇ ਪ੍ਰੋਗਰਾਮ ਵਿਰੁੱਧ ਸੰਘਰਸ਼ ਦਾ ਹਿੱਸਾ ਹੈ। ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ, ਜੋ ਕਿ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਵੱਡੇ ਮੁਨਾਫ਼ੇ ਦੇ ਸਰੋਤ ਵਜੋਂ ਦੇਖ ਰਹੇ ਹਨ, ਨੇ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੀ ਵਰਤੋਂ ਕਰਦਿਆਂ, ਮੋਦੀ ਸਰਕਾਰ ਨੂੰ ਇਹ ਕੇਂਦਰੀ ਕਾਨੂੰਨ ਪਾਸ ਕਰਨ ਲਈ ਕਿਹਾ ਹੈ, ਤਾਂ ਜੋ ਇਨ੍ਹਾਂ ਕਾਨੂੰਨਾਂ ਵਿਰੁੱਧ ਸਾਰੇ ਵਿਰੋਧਾਂ ਨੂੰ ਦਬਾਇਆ ਜਾ ਸਕੇ। ਜਦੋਂ ਇਨ੍ਹਾਂ ਕੰਮਾਂ ‘ਤੇ ਕਾਰਪੋਰੇਟ ਘਰਾਣਿਆਂ ਦਾ ਏਕਾਧਿਕਾਰ ਹੋ ਜਾਵੇਗਾ ਤਾਂ ਕਿਸਾਨ ਆਪਣੀਆਂ ਜ਼ਮੀਨਾਂ ਖੋਹ ਦੇਣਗੇ, ਸਰਕਾਰੀ ਮੰਡੀਆਂ ਵਿੱਚ ਮਜ਼ਦੂਰ ਅਤੇ ਮਹੱਤਵਪੂਰਨ ਖੇਤੀ ਸਮੱਗਰੀ ਪੈਦਾ ਕਰਨ ਵਾਲੇ ਲੋਕ ਆਪਣੀ ਰੋਜ਼ੀ-ਰੋਟੀ ਗੁਆ ਬੈਠਣਗੇ। ਜਦੋਂ ਕਿਸਾਨਾਂ ਨੂੰ ਰਾਜ ਦੁਆਰਾ ਲਾਹੇਵੰਦ ਕੀਮਤਾਂ ‘ਤੇ ਖਰੀਦੀ ਤੋਂ ਵੰਚਿਤ ਕੀਤਾ ਜਾਂਦਾ ਹੈ, ਤਾਂ ਰਾਸ਼ਨ ਦੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਜਾਵੇਗਾ ਅਤੇ ਸ਼ਹਿਰਾਂ ਵਿੱਚ ਮਜ਼ਦੂਰਾਂ ਨੂੰ ਬਾਜ਼ਾਰ ਵਿੱਚ ਭੋਜਨ ਲਈ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ ਪਵੇਗੀ।

ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2021, ਜਿਸਨੂੰ ਕਿਸਾਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਰਾਜ ਦੀਆਂ ਸਾਰੀਆਂ ਸਬਸਿਡੀਆਂ ਨੂੰ ਹਟਾ ਦੇਵੇਗਾ, ਜਿਸ ਨਾਲ ਨਾ ਸਿਰਫ਼ ਖੇਤੀ ਲਾਗਤਾਂ ਦੀ ਲਾਗਤ ਵਿੱਚ ਭਾਰੀ ਵਾਧਾ ਹੋਵੇਗਾ, ਸਗੋਂ ਸ਼ਹਿਰਾਂ ਵਿੱਚ ਮਜ਼ਦੂਰਾਂ ਅਤੇ ਅਤੇ ਆਮ ਲੋਕਾਂ ਲਈ ਬਿਜਲੀ ਦਰਾਂ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਰਾਜ ਸਰਕਾਰ ਵੱਲੋਂ ਝੂਠੇ ਪ੍ਰਚਾਰ ਰਾਹੀਂ ਕਿਸਾਨ ਲਹਿਰ ਨੂੰ ਬਦਨਾਮ ਕਰਨ ਦੇ ਨਾਲ-ਨਾਲ ਅਰਾਜਕਤਾ ਅਤੇ ਹਿੰਸਾ ਫੈਲਾਉਣ, ਕਿਸਾਨਾਂ ਨੂੰ ਵੰਡਣ ਅਤੇ ਵਹਿਸ਼ੀ ਜਬਰ ਰਾਹੀਂ ਦਹਿਸ਼ਤਜ਼ਦਾ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਭਾਵਨਾ ਨੂੰ ਦੇਸ਼ ਭਰ ਵਿੱਚ ਫੈਲਾਉਣ ਲਈ ਅਜੇ ਬਹੁਤ ਕੁੱਝ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਉਣ ਵਾਲੇ ਮਹੀਨਿਆਂ ਵਿੱਚ ਸੰਘਰਸ਼ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਿਜਾਣ ਲਈ ਕਿਸਾਨ ਅੰਦੋਲਨ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ।

ਬਿਰਜੂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਫਿਰ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਸ ਵਿਸ਼ੇ ‘ਤੇ ਆਪਣੇ ਵਿਚਾਰ ਦੇਣ ਲਈ ਬੁਲਾਇਆ।

ਐਮ.ਈ.ਸੀ. ਕੇ ਸੰਤੋਸ਼ ਕੁਮਾਰ ਨੇ ਕਿਹਾ ਕਿ ਸਰਮਾਏਦਾਰ ਜਮਾਤ ਸਭ ਤੋਂ ਵੱਡੇ ਅਜਾਰੇਦਾਰ ਕਾਰਪੋਰੇਟ ਘਰਾਣਿਆਂ ਦੀ ਅਗਵਾਈ ਹੇਠ ਦੇਸ਼ ’ਤੇ ਰਾਜ ਕਰ ਰਹੀ ਹੈ। ਸਰਕਾਰ ਅਜਾਰੇਦਾਰ ਸਰਮਾਏਦਾਰਾਂ ਵੱਲੋਂ ਤੈਅ ਕੀਤੇ ਏਜੰਡੇ ਨੂੰ ਲਾਗੂ ਕਰਨ ਲਈ ਇੱਕ ਪ੍ਰਬੰਧਕੀ ਟੀਮ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਬੰਧਕੀ ਟੀਮ ਨੂੰ ਬਦਲਿਆ ਜਾ ਸਕਦਾ ਹੈ, ਪਰ ਅਜਾਰੇਦਾਰ ਸਰਮਾਏਦਾਰਾਂ ਦਾ ਏਜੰਡਾ ਨਹੀਂ ਬਦਲਦਾ। ਸੰਸਦੀ ਪ੍ਰਣਾਲੀ ਨਾਲ ਸਾਡੇ ਲੋਕਾਂ ਦੇ ਤਜ਼ਰਬੇ ਦਾ ਵਰਣਨ ਕਰਦਿਆਂ, ਉਸਨੇ ਮੌਜੂਦਾ ਪ੍ਰਣਾਲੀ ਬਾਰੇ ਭੰਬਲਭੂਸਾ ਪੈਦਾ ਕਰਨ ਅਤੇ ਲੋਕਾਂ ਨੂੰ ਅਜਾਰੇਦਾਰ ਪੂੰਜੀਪਤੀਆਂ ਦੇ ਰਾਜ ਦਾ ਬਦਲ ਲੱਭਣ ਤੋਂ ਰੋਕਣ ਵਿੱਚ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ, ਦੋਵਾਂ, ਦੀ ਭੂਮਿਕਾ ਨੂੰ ਉਜਾਗਰ ਕੀਤਾ। ਇਸ ਤਰ੍ਹਾਂ 150 ਤੋਂ ਵੀ ਘੱਟ ਅਜਾਰੇਦਾਰ ਪੂੰਜੀਵਾਦੀ ਘਰਾਣੇ 140 ਕਰੋੜ ਲੋਕਾਂ ਦੇ ਇਸ ਦੇਸ਼ ਦਾ ਏਜੰਡਾ ਤੈਅ ਕਰਕੇ ਸਾਡੇ ਉੱਤੇ ਰਾਜ ਕਰ ਰਹੇ ਹਨ।

ਸੰਤੋਸ਼ ਨੇ ਕਿਹਾ ਕਿ ਅਸਲ ਬਦਲ, ਸਿਆਸੀ ਸੱਤਾ ਆਪਣੇ ਹੱਥਾਂ ਵਿੱਚ ਲੈਣ ਦੇ ਨਜ਼ਰੀਏ ਨਾਲ ਲੜਨਾ ਹੈ, ਤਾਂ ਜੋ ਅਸੀਂ ਮਜ਼ਦੂਰ ਜਮਾਤ ਅਤੇ ਕਿਸਾਨ ਸਮਾਜ ਲਈ ਏਜੰਡਾ ਤੈਅ ਕਰ ਸਕੀਏ, ਅਜਾਰੇਦਾਰ ਪੂੰਜੀਵਾਦੀ ਕੰਪਨੀਆਂ ਦੁਆਰਾ ਆਪਣੇ ਲੋਕਾਂ ਦੀ ਲੁੱਟ ਨੂੰ ਖਤਮ ਕਰ ਸਕੀਏ ਅਤੇ ਸਾਰਿਆਂ ਲਈ  ਸੁਰੱਖਿਅਤ ਰੋਜ਼ੀ-ਰੋਟੀ ਅਤੇ ਤਰੱਕੀ ਦੀ ਗਾਰੰਟੀ ਦੇ ਸਕੀਏ।

ਤਾਮਿਲਨਾਡੂ ਦੇ ਥਨਮਈ ਉਲਵਾਰ ਇਯਾਕਮ ਦੇ ਇੱਕ ਕਿਸਾਨ ਆਗੂ, ਸ਼੍ਰੀ ਗੋਵਿੰਦਾਸਵਾਮੀ ਤਿਰੁਨਾਵੁਕਾਰਸੂ ਨੇ ਦੱਸਿਆ ਕਿ ਕਿਵੇਂ ਆਜ਼ਾਦੀ ਤੋਂ ਬਾਅਦ, ਹਰੀ ਕ੍ਰਾਂਤੀ ਸਮੇਤ, ਖੇਤੀਬਾੜੀ ਨਾਲ ਸਬੰਧਿਤ ਭਾਰਤੀ ਰਾਜ ਦੀਆਂ ਸਾਰੀਆਂ ਨੀਤੀਆਂ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਰਹੀਆਂ ਹਨ। ਹਰੀ ਕ੍ਰਾਂਤੀ ਨੇ ਵਿਦੇਸ਼ੀ ਅਤੇ ਭਾਰਤੀ ਅਜਾਰੇਦਾਰ ਪੂੰਜੀਪਤੀਆਂ, ਦੋਵਾਂ, ਨੂੰ ਲਾਭ ਪਹੁੰਚਾਇਆ, ਜਿਸ ਨਾਲ ਖਾਦਾਂ, ਕੀਟਨਾਸ਼ਕਾਂ ਅਤੇ ਬੀਜਾਂ ਵਰਗੇ ਖੇਤੀ ਲਈ ਨਿਵੇਸ਼ਾਂ ਉਤੇ ਅਜਾਰੇਦਾਰ ਪੂੰਜੀ ਦੇ ਦਬਦਬੇ ਨੂੰ ਮਜ਼ਬੂਤ ਕੀਤਾ ਗਿਆ। ਇਸ ਨਾਲ ਵਾਹੀਯੋਗ ਜ਼ਮੀਨਾਂ ਅਤੇ ਕਿਸਾਨਾਂ ਦੀ ਤਬਾਹੀ ਹੋਈ। ਤਿੰਨ ਕਾਨੂੰਨ ਅਤੇ ਬਿਜਲੀ ਐਕਟ, ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੁੱਧ ਹਨ। ਇਹ ਵਿਦੇਸ਼ੀ ਅਤੇ ਭਾਰਤੀ ਅਜਾਰੇਦਾਰ ਪੂੰਜੀਪਤੀਆਂ ਦੇ ਫਾਇਦੇ ਵਿੱਚ ਹਨ। ਸਾਡੇ ਦੇਸ਼ ਵਿੱਚ ਕਿਸਾਨਾਂ ਨੂੰ ਕਦੇ ਵੀ ਉਨ੍ਹਾਂ ਦੀ ਮਿਹਨਤ ਦਾ ਉਚਿਤ ਮਿਹਨਤਾਨਾ ਨਹੀਂ ਮਿਲਿਆ। ਮਜ਼ਦੂਰਾਂ ਨੂੰ ਵੀ ਕਦੇ ਨਹੀਂ ਮਿਲਿਆ। ਅਜਾਰੇਦਾਰ ਪੂੰਜੀਵਾਦੀ ਲਾਲਚ ਵਿਰੁੱਧ ਕਿਸਾਨਾਂ ਦਾ ਸੰਘਰਸ਼ ਪੂਰੀ ਤਰ੍ਹਾਂ ਜਾਇਜ਼ ਹੈ। ਸਾਡੇ ਦੇਸ਼ ਦੀ ਹਾਕਮ ਜਮਾਤ ਨੂੰ ਨਾ ਤਾਂ ਕਿਸਾਨਾਂ ਦੀ ਭਲਾਈ ਦੀ ਪ੍ਰਵਾਹ ਹੈ ਅਤੇ ਨਾ ਹੀ ਮਜ਼ਦੂਰਾਂ ਦੀ ਭਲਾਈ ਦੀ। ਉਹ ਕਿਸਾਨਾਂ ਨੂੰ ਉਚਿਤ ਐਮ.ਐਸ.ਪੀ. ਤੋਂ ਵੰਚਿਤ ਰੱਖ ਕੇ ਉਨ੍ਹਾਂ ਦੀ ਆਮਦਨ ਘੱਟ ਰੱਖਦਾ ਹੈ ਅਤੇ ਮਜ਼ਦੂਰਾਂ ਦੀਆਂ ਉਜਰਤਾਂ ਵੀ ਘੱਟ ਰੱਖਦਾ ਹੈ। ਸਾਨੂੰ ਇਸ ਮੰਗ ਨੂੰ ਹਰਮਨ ਪਿਆਰਾ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਮਿਲਣਾ ਚਾਹੀਦਾ ਹੈ ਅਤੇ ਮਜ਼ਦੂਰਾਂ ਨੂੰ ਉਚਿਤ ਉਜ਼ਰਤ ਮਿਲਣੀ ਚਾਹੀਦੀ ਹੈ।

ਤਾਮਿਲਨਾਡੂ ਦੇ ਐੱਸ.ਕੇ.ਐੱਮ. ਦੇ ਕਨਵੀਨਰ ਸ੍ਰੀ ਬਾਲਾਕ੍ਰਿਸ਼ਨਨ ਨੇ ਲਖੀਮਪੁਰ ਖੇੜੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਰਾਜ ਦੇ ਕਈ ਕਸਬਿਆਂ ਅਤੇ ਪਿੰਡਾਂ ਵਿੱਚੋਂ ਦੀ ਲੰਘਦੀ ਹੋਈ ਯਾਤਰਾ ਦਾ ਬਹੁਤ ਹੀ ਦਿੱਲ-ਟੁੰਬਵਾਂ ਵੇਰਵਾ ਦਿੱਤਾ। ਉਨ੍ਹਾਂ ਦੇ ਦਰਸ਼ਣਾਂ ਵਾਸਤੇ ਵੱਡੀ ਗਿਣਤੀ ‘ਚ ਲੋਕ ਪੁੱਜੇ ਹੋਏ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਅੰਦੋਲਨ ਹਰ ਵਰਗ ਦੇ ਲੋਕਾਂ ਤਕ ਆਪਣਾ ਸੁਨੇਹਾ ਪਹੁੰਚਾਉਣ ਵਿੱਚ ਸਫਲ ਹੋਵੇਗਾ।

ਕਾਮਗਾਰ ਏਕਤਾ ਸਮਿਤੀ (ਕੇ.ਈ.ਸੀ.) ਦੇ ਸੰਯੁਕਤ ਸਕੱਤਰ ਗਿਰੀਸ਼ ਭਾਵੇ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮਜ਼ਦੂਰਾਂ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਕੇ.ਈ.ਸੀ. ਦੇ ਕੰਮ ਦਾ ਵਰਣਨ ਕੀਤਾ। ਕੇ.ਈ.ਸੀ. ਨਿੱਜੀਕਰਨ ਅਤੇ ਉਦਾਰੀਕਰਨ ਦੇ ਪੂੰਜੀਵਾਦੀ ਏਜੰਡੇ ਦੇ ਵਿਰੁੱਧ ਸੰਘਰਸ਼ ਵਿੱਚ, ਸਾਰੇ ਪ੍ਰਮੁੱਖ ਉਦਯੋਗਾਂ ਅਤੇ ਸੇਵਾਵਾਂ ਦੀਆਂ ਟਰੇਡ ਯੂਨੀਅਨਾਂ ਦਾ ਇੱਕ ਸਾਂਝਾ ਪਲੇਟਫਾਰਮ – ਨਿੱਜੀਕਰਨ ਵਿਰੁੱਧ ਸਰਵ-ਹਿੰਦ ਮੰਚ (ਏ.ਆਈ.ਐੱਫ.ਏ.ਪੀ.) – ਉਸਾਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਕਿਸਾਨਾਂ ਦਾ ਸੰਘਰਸ਼ ਉਸੇ ਅਜਾਰੇਦਾਰ ਪੂੰਜੀਵਾਦੀ ਏਜੰਡੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸਾਨੂੰ, ਮਜ਼ਦੂਰਾਂ ਅਤੇ ਕਿਸਾਨਾਂ ਨੂੰ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਏਜੰਡਾ ਤੈਅ ਕਰਨਾ ਹੈ ਨਾ ਕਿ ਅਜਾਰੇਦਾਰ ਸਰਮਾਏਦਾਰਾਂ ਦੇ ਲਾਲਚ ਨੂੰ ਪੂਰਾ ਕਰਨ ਦਾ।

ਗ਼ਦਰ ਇੰਟਰਨੈਸ਼ਨਲ ਆਫ਼ ਗ੍ਰੇਟ ਬ੍ਰਿਟੇਨ ਦੇ ਸਲਵਿੰਦਰ ਢਿੱਲੋਂ ਨੇ ਬਰਤਾਨੀਆ ਵਿੱਚ ਲੋਕਾਂ ਨੂੰ ਵੱਡੇ ਸਰਮਾਏਦਾਰ ਅਜਾਰੇਦਾਰ ਘਰਾਣਿਆਂ ਦੇ ਏਜੰਡੇ ਵਿਰੁੱਧ ਅਤੇ ਭਾਰਤ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਲਾਮਬੰਦ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਗੱਲ ਕੀਤੀ।

ਲੋਕ ਰਾਜ ਸੰਗਠਨ ਦੇ ਉਪ-ਪ੍ਰਧਾਨ ਸ਼੍ਰੀ ਹਨੂੰਮਾਨ ਪ੍ਰਸਾਦ ਸ਼ਰਮਾ ਨੇ ਸਿੰਚਾਈ ਦੇ ਪਾਣੀ ਅਤੇ ਉਨ੍ਹਾਂ ਦੀ ਉਪਜ ਦੇ ਵਧੀਆ ਭਾਅ ਲਈ ਰਾਜਸਥਾਨ ਦੇ ਕਿਸਾਨਾਂ ਦੇ ਸੰਘਰਸ਼ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਨਿੱਜੀਕਰਨ ਅਤੇ ਵੱਧ ਰਹੀ ਲੁੱਟ ਵਿਰੁੱਧ ਕਿਸਾਨਾਂ ਦਾ ਸੰਘਰਸ਼ ਅਤੇ ਮਜ਼ਦੂਰਾਂ ਦਾ ਸੰਘਰਸ਼, ਦੋਵੇਂ ਇੱਕੋ ਦੁਸ਼ਮਣ ਦੇ ਖ਼ਿਲਾਫ਼ ਹਨ।

ਸਮਾਜਵਾਦੀ ਕਿਸਾਨ ਸਭਾ ਦੇ ਕਾਰਕੁਨ ਪ੍ਰੇਮ ਕੁਮਾਰ ਨੇ ਕਿਸਾਨ ਅੰਦੋਲਨ ਨੂੰ ਸਾਡੇ ਦੇਸ਼ ਅਤੇ ਪੂਰੀ ਦੁਨੀਆ ਦੇ ਦੱਬੇ-ਕੁਚਲੇ ਲੋਕਾਂ ਲਈ ਪ੍ਰੇਰਨਾ ਸਰੋਤ ਦੱਸਿਆ। ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਵਾਲੀ ਥਾਂ ‘ਤੇ ਮੌਜੂਦ ਇੱਕ ਨੌਜਵਾਨ ਕਾਰਕੁਨ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਕਿ ਕਿਸਾਨ ਅੰਦੋਲਨ ਦਾ ਸੰਦੇਸ਼ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਵਾਲੇ ਇੰਨੇ ਵਿਸ਼ਾਲ ਦੇਸ਼ ਦੇ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾ ਸਕਦਾ ਹੈ।

ਪੁਰੋਗਾਮੀ ਮਹਿਲਾ ਸੰਗਠਨ ਦੀ ਤ੍ਰਿਪਤੀ ਨੇ ਕਿਸਾਨ ਅੰਦੋਲਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਬਾਰੇ ਦੱਸਿਆ।

ਇੱਕ ਨੌਜਵਾਨ ਕਵੀ ਨੇ ਲਖੀਮਪੁਰ ਖੇੜੀ ਵਿੱਚ ਕਿਸਾਨਾਂ ਦੇ ਬੇਰਹਿਮੀ ਨਾਲ ਹੋਏ ਕਤਲੇਆਮ ‘ਤੇ ਆਪਣਾ ਦੁੱਖ ਪ੍ਰਗਟ ਕਰਦੇ ਹੋੲ ਇੱਕ ਸਵੈ-ਰਚਿਤ ਕਵਿਤਾ ਸੁਣਾਈ, ਜਿਸ ਵਿੱਚ ਉਸਨੇ ਪ੍ਰਣ ਕੀਤਾ ਕਿ ਲੋਕ ਜ਼ੁਲਮ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਜੁਰਮਾਂ ਲਈ ਕਦੇ ਮੁਆਫ ਨਹੀਂ ਕਰਨਗੇ।

ਬੂਟਾ ਸਿੰਘ ਬੁਰਜ ਗਿੱਲ ਨੇ ਹਾਜ਼ਰੀਨ ਵੱਲੋਂ ਉਠਾਏ ਗਏ ਕੁੱਝ ਮੁੱਦਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਐਮ.ਐਸ.ਪੀ. ਅਤੇ ਰਾਜ ਦੁਆਰਾ ਖਰੀਦ ਦੀ ਗਾਰੰਟੀ ਦੀ ਮੰਗ ਇੱਕ ਅਜਿਹੀ ਮੰਗ ਹੈ, ਜੋ ਇਜਾਰੇਦਾਰ ਪੂੰਜੀਵਾਦੀ ਏਜੰਡੇ ‘ਤੇ ਸਿੱਧਾ ਹਮਲਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ ਅਤੇ ਮਜ਼ਦੂਰਾਂ ਨੂੰ ਉਚਿਤ ਉਜਰਤ ਮਿਲਣੀ ਚਾਹੀਦੀ ਹੈ। ਉਨ੍ਹਾਂ ਦ੍ਰਿੜ ਵਿਸ਼ਵਾਸ ਪ੍ਰਗਟਾਇਆ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਕਿਸਾਨ ਅੰਦੋਲਨ ਦੇ ਸਹਿਯੋਗ ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਦੀ ਸਮੱਸਿਆ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਅੱਗੇ ਆਈਆਂ ਵੱਡੀ ਗਿਣਤੀ ਵਿੱਚ ਔਰਤਾਂ ਦੇ ਹੌਂਸਲੇ ਅਤੇ ਦ੍ਰਿੜ ਇਰਾਦੇ ਅਤੇ ਅੰਦੋਲਨ ਦੀ ਏਕਤਾ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇੱਕ ਪ੍ਰਸਿੱਧ ਦੋਹੇ ਦੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਸਮਾਪਤ ਕੀਤਾ – “ਹਾਕਮ ਹਾਰਦੇ ਹਨ, ਲੋਕ ਨਹੀਂ”।

ਬਿਰਜੂ ਨਾਇਕ ਨੇ ਆਸ਼ਾਵਾਦੀ ਟਿੱਪਣੀਆਂ ਨਾਲ ਮੀਟਿੰਗ ਦੀ ਸਮਾਪਤੀ ਕੀਤੀ ਕਿ ਉਹ ਦਿਨ ਦੂਰ ਨਹੀਂ ਜਦੋਂ ਇੱਕ ਨਵਾਂ ਭਾਰਤ ਹੋਵੇਗਾ, ਜਿਸ ਵਿੱਚ ਸਾਰਿਆਂ ਲਈ ਸੁੱਖ ਅਤੇ ਸੁਰੱਖਿਆ ਦੀ ਗਾਰੰਟੀ ਹੋਵੇਗੀ।

close

Share and Enjoy !

Shares

Leave a Reply

Your email address will not be published.