ਇਹ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਵਲੋਂ, ਕਾਮਰੇਡ ਲੈਨਿਨ ਦੇ ਜਨਮ ਦੀ 152ਵੀਂ ਵਰ੍ਹੇਗੰਢ ਉਤੇ ਛਾਪੇ ਜਾ ਰਹੇ ਲੇਖਾਂ ਦੀ ਤੀਸਰੀ ਕਿਸ਼ਤ ਹੈ। ਇਸ ਲੜੀ ਦਾ ਪਹਿਲਾ ਲੇਖ 3 ਮਈ ਅਤੇ ਦੂਸਰਾ 6 ਜੂਨ, 2021 ਨੂੰ ਛਾਪਿਆ ਗਿਆ ਸੀ।
ਦੁਨੀਆਂ ਦੇ ਬਹੁਗਿਣਤੀ ਰਾਜ, ਕ੍ਰੋੜਾਂਪਤੀ ਸਰਮਾਏਦਾਰਾਂ ਦੀਆਂ ਏਜੰਸੀਆਂ ਬਤੌਰ ਕੰਮ ਕਰ ਰਹੇ ਹਨ। ਦੁਨੀਆਂ ਦੀ ਸਭ ਤੋਂ ਪੁਰਾਣੀ ਜਾਂ ਸਭ ਤੋਂ ਵੱਧ ਅਬਾਦੀ ਵਾਲੀ ਜਮਹੂਰੀਅਤ ਹੋਣ ਦਾ ਦਾਅਵਾ ਕਰਨ ਵਾਲੇ ਰਾਜ, ਲੋਕਾਂ ਦੇ ਜਮਹੂਰੀ ਅਧਿਕਾਰਾਂ, ਮਾਨਵ ਅਧਿਕਾਰਾਂ ਅਤੇ ਜਿਊਣ ਦੇ ਅਧਿਕਾਰ ਨੂੰ ਪੈਰਾਂ ਹੇਠ ਲਿਤਾੜ ਰਹੇ ਹਨ।
ਸਾਮਰਾਜਵਾਦ ਅਤੇ ਅਜਾਰੇਦਾਰ ਸਰਮਾਏਦਾਰਾ ਕਾਰਪੋਰੇਸ਼ਨਾਂ ਦੇ ਸਮਾਜ-ਵਿਰੋਧੀ ਹਮਲਿਆਂ ਦਾ ਸ਼ਿਕਾਰ ਹੋਣ ਵਾਲੀ ਮਜ਼ਦੂਰ ਜਮਾਤ ਅਤੇ ਹੋਰ ਜਮਾਤਾਂ ਅਤੇ ਤਬਕਿਆਂ ਵਿੱਚ ਬਾਰ ਬਾਰ ਇੱਕੋ ਹੀ ਸਵਾਲ ਉਠਦਾ ਹੈ ਕਿ ਕੀ ਸਾਡੇ ਸੰਘਰਸ਼ ਦਾ ਨਿਸ਼ਾਨਾ ਸਰਕਾਰ ਚਲਾਉਣ ਵਾਲੀ ਪਾਰਟੀ ਨੂੰ ਬਦਲਣਾ ਹੋਣਾ ਚਾਹੀਦਾ ਹੈ ਜਾਂ ਫਿਰ ਰਾਜ ਅਤੇ ਸਿਆਸੀ ਤਾਕਤ ਦੇ ਜਮਾਤੀ ਖਾਸੇ ਨੂੰ ਬਦਲਣਾ ਹੋਣਾ ਚਾਹੀਦਾ ਹੈ?
ਇਸ ਸਵਾਲ ਦਾ ਜਵਾਬ ਲੈਨਿਨ ਵਲੋਂ 1917 ਵਿੱਚ ਲਿਖੇ ਗਏ ਮਸ਼ਹੂਰ ਪੈਂਫਲਿਟ ‘ਰਾਜ ਅਤੇ ਇਨਕਲਾਬ’ ਵਿੱਚ ਵਿਸਥਾਰ-ਪੂਰਬਕ ਸਮਝਾਇਆ ਗਿਆ ਹੈ।
ਰੂਸ ਅਤੇ ਉਸ ਦੇ ਗੁਆਂਢੀ ਦੇਸ਼ਾਂ ਦੇ ਲੋਕ, ਫਰਵਰੀ 1917 ਤਕ ਇੱਕ ਅੱਤਿਆਚਾਰੀ ਬਾਦਸ਼ਾਹਤ ਦੀ ਹਕੂਮਤ ਹੇਠ ਸਨ। ਸਾਰੀ ਪ੍ਰਭੂਸੱਤ ਤਾਕਤ ਜ਼ਾਰ ਕਹਾਉਣ ਵਾਲੇ ਬਾਦਸ਼ਾਹ ਕੋਲ ਸੀ। ਜ਼ਾਰ ਫੌਜੀ ਦਫਤਰਸ਼ਾਹੀ ਰਾਜਕੀ ਤਾਣੇਬਾਣੇ ਦਾ ਮੁਖੀ ਸੀ, ਜੋ ਵੱਡੇ ਜਗੀਰਦਾਰਾਂ ਅਤੇ ਵੱਡੇ ਸਰਮਾਏਦਾਰਾਂ ਦੇ ਹਿੱਤਾਂ ਦੀ ਹਿਫਾਜ਼ਤ ਕਰਦਾ ਸੀ। ਜ਼ਾਰਸ਼ਾਹੀ ਰਾਜ, ਕਿਸੇ ਵੀ ਸਰਬਜਨਕ ਜਮਹੂਰੀ ਅਧਿਕਾਰਾਂ ਨੂੰ ਨਹੀਂ ਮੰਨਦਾ ਸੀ। ਉਹ ਆਪਣੇ ਇਲਾਕੇ ਵਿਚਲੇ ਮਜ਼ਦੂਰਾਂ, ਕਿਸਾਨਾਂ, ਦੱਬੀਆਂ-ਕੁਚਲੀਆਂ ਕੌਮਾਂ ਉੱਤੇ ਵਹਿਸ਼ੀ ਜ਼ੁਲਮ ਕਰਦਾ ਸੀ।
ਜ਼ਾਰਸ਼ਾਹੀ ਰਾਜ ਨੇ, ਰੂਸ ਨੂੰ 1914 ਵਿੱਚ ਪਹਿਲੇ ਅੰਤਰ-ਸਾਮਰਾਜੀ ਵਿਸ਼ਵ ਯੁੱਧ ਵਿੱਚ ਬਰਤਾਨੀਆਂ ਅਤੇ ਫਰਾਂਸ ਦੇ ਪਾਸੇ ਉਤੇ ਜਰਮਨੀ ਅਤੇ ਉਸਦੇ ਭਾਈਵਾਲਾਂ ਦੇ ਖ਼ਿਲਾਫ਼ ਜੰਗ ਵਿੱਚ ਸ਼ਾਮਲ ਕਰ ਦਿੱਤਾ ਸੀ। ਉਹ ਰਾਜ, ਰੂਸੀ ਸਰਮਾਏਦਾਰੀ ਦੇ ਸਾਮਰਾਜਵਾਦੀ ਨਿਸ਼ਾਨੇ ਪੂਰੇ ਕਰਨ ਲਈ ਬਚਨਬੱਧ ਸੀ। ਇਸਦੇ ਨਤੀਜੇ ਵਜੋਂ ਜ਼ਾਰਸ਼ਾਹੀ ਫੌਜ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਅਥਾਹ ਕਸ਼ਟ ਝੱਲਣੇ ਪਏ।
ਫਰਵਰੀ 1917 ਵਿੱਚ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੋਜਵਾਨਾਂ ਦੇ ਇੱਕ ਵੱਡੇ ਉਭਾਰ ਨੇ ਜ਼ਾਰ ਦਾ ਤਖਤਾ ਉਲਟਾ ਦਿੱਤਾ। ਜ਼ਾਰਸ਼ਾਹੀ ਤਾਨਾਸ਼ਾਹੀ ਦੇ ਥਾਂ ਕਿਸ ਤਰ੍ਹਾਂ ਦਾ ਰਾਜ ਬਣਾਇਆ ਜਾਵੇ? ਇਹ ਸਵਾਲ ਸਭ ਤੋਂ ਫੈਸਲਾਕੁੰਨ ਅਤੇ ਫੌਰੀ ਬਣ ਗਿਆ।
ੀੲੱਕ ਪਾਸੇ ਸਰਮਾਏਦਾਰ ਜਮਾਤ ਦੀ ਅਗਵਾਈ ਹੇਠ ਆਰਜ਼ੀ ਸਰਕਾਰ ਸੀ, ਜਿਹੜੀ ਅੰਤਰ-ਸਾਮਰਾਜੀ ਜੰਗ ਵਿੱਚ ਰੂਸ ਦੀ ਸ਼ਮੂਲੀਅਤ ਜਾਰੀ ਰੱਖਣਾ ਚਾਹੁੰਦੀ ਸੀ। ਦੂਸਰੇ ਪਾਸੇ ਸੋਵੀਅਤਾਂ ਵਿੱਚ ਜਥੇਬੰਦ ਹੋ ਚੁੱਕੇ ਮਜ਼ਦੂਰ, ਕਿਸਾਨ ਅਤੇ ਸੈਨਿਕ ਸਨ, ਜਿਹੜੇ ਸ਼ਾਂਤੀ, ਜ਼ਮੀਨ ਅਤੇ ਰੋਟੀ ਵਾਸਤੇ ਜ਼ੋਰ ਲਾ ਰਹੇ ਸਨ।
ਕਮਿਉਨਿਸਟ ਅਤੇ ਮਜ਼ਦੂਰ ਲਹਿਰ ਵਿੱਚ ਇੱਕ ਤਿੱਖੀ ਸਿਧਾਂਤਕ ਬਹਿਸ ਛਿੜ ਪਈ। ਕੱੁਝ ਪਾਰਟੀਆਂ ਅਤੇ ਗਰੁੱਪ ਇਹ ਦਲੀਲ ਦੇ ਰਹੇ ਸਨ ਕਿ ਮਜ਼ਦੂਰਾਂ ਦੇ ਲੀਡਰ ਆਰਜ਼ੀ ਸਰਕਾਰ ਵਿੱਚ ਹਿੱਸਾ ਲੈ ਕੇ ਉਸ ਉਪਰ ਪ੍ਰਭਾਵ ਪਾ ਕੇ, ਲੋਕਾਂ ਦੀਆਂ ਸ਼ਾਂਤੀ, ਜ਼ਮੀਨ ਅਤੇ ਰੋਟੀ ਦੀਆਂ ਮੰਗਾਂ ਪੂਰੀਆਂ ਕਰਵਾ ਸਕਦੇ ਹਨ। ਲੈਨਿਨ ਨੇ ਇਸ ਦਲੀਲ ਦੇ ਖ਼ਿਲਾਫ਼ ਸੰਘਰਸ਼ ਨੂੰ ਅਗਵਾਈ ਦਿੱਤੀ। ਉਸਨੇ ਸਾਬਤ ਕੀਤਾ ਕਿ ਇਹ ਦਲੀਲ ਮਾਰਕਸਵਾਦ-ਵਿਰੋਧੀ ਅਤੇ ਸਾਇੰਸ-ਵਿਰੋਧੀ ਹੈ।
ਲੈਨਿਨ ਨੇ 1871 ਦੇ ਪੈਰਿਸ ਕਮਿਊਨ, ਜੋ ਕਿ ਮਜ਼ਦੂਰ ਜਮਾਤ ਵਲੋਂ ਸਿਆਸੀ ਤਾਕਤ ਹਥਿਆਉਣ ਦੀ ਪਹਿਲੀ ਕੋਸ਼ਿਸ਼ ਸੀ, ਦੇ ਤਜਰਬੇ ਬਾਰੇ ਮਾਰਕਸ ਅਤੇ ਏਂਗਲਜ਼ ਵਲੋਂ ਕੱਢੇ ਨਿਚੋੜ ਦੀ ਪ੍ਰੋੜਤਾ ਕੀਤੀ। ਮਾਰਕਸ ਅਤੇ ਏਂਗਲਜ਼ ਨੇ ਇਹ ਅਹਿਮ ਸਿਧਾਂਤਕ ਨਿਚੋੜ ਕੱਢਿਆ ਸੀ ਕਿ ਮਜ਼ਦੂਰ ਜਮਾਤ ਇੱਕ ਬਣੀ-ਬਣਾਈ ਬੁਰਜੂਆ ਰਾਜ ਮਸ਼ੀਨਰੀ ਉਤੇ ਕਬਜ਼ਾ ਕਰਕੇ ਉਸ ਨੂੰ ਆਪਣੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਨਹੀਂ ਵਰਤ ਸਕਦੀ। ਪ੍ਰੋਲਤਾਰੀ ਨੂੰ ਬੁਰਜੂਆ ਰਾਜ ਤੋਂ ਮੁਕਤ ਹੋ ਕੇ, ਇੱਕ ਨਵਾਂ ਰਾਜ ਸਥਾਪਤ ਕਰਨ ਦੀ ਜ਼ਰੂਰਤ ਹੈ, ਜਿਹੜਾ ਮਜ਼ਦੂਰ ਜਮਾਤ ਅਤੇ ਹੋਰ ਸਭ ਮੇਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਹਕੂਮਤ ਦਾ ਔਜ਼ਾਰ ਹੋਵੇ।
ਮਾਰਕਸਵਾਦ ਦੇ ਇਸ ਸਿਧਾਂਤ ਤੋਂ ਸੇਧ ਲੈ ਕੇ, ਲੈਨਿਨ ਨੇ ਦਲੀਲ ਦਿੱਤੀ ਕਿ ਜ਼ਾਰਸ਼ਾਹੀ ਦਫਤਰਸ਼ਾਹੀ, ਫੌਜ, ਜੇਲ੍ਹਾਂ ਅਤੇ ਅਦਾਲਤਾਂ ਨੂੰ ਕਾਇਮ ਰੱਖ ਕੇ, ਜ਼ਾਰ ਅਤੇ ਉਸਦੀ ਜੁੰਡਲੀ ਦੀ ਥਾਂ ਮੰਤਰੀਆਂ ਦਾ ਇੱਕ ਨਵਾਂ ਗਰੁੱਪ ਲਿਆਉਣਾ ਕਾਫੀ ਨਹੀਂ। ਬਾਲਸ਼ਵਿਕ ਪਾਰਟੀ ਨੇ ਸੋਵੀਅਤ ਦੇ ਮੰਚ ਦੀ ਵਰਤੋਂ ਕਰਕੇ ਜਨਤਾ ਨੂੰ ਯਕੀਨ ਕਰਾ ਦਿੱਤਾ ਕਿ ਆਰਜ਼ੀ ਬੁਰਜੂਆ ਸਰਕਾਰ ਨੇ ਉਨ੍ਹਾਂ ਦੀ ਕਿਸੇ ਵੀ ਭਖਦੀ ਸਮੱਸਿਆ ਨੂੰ ਹੱਲ ਨਹੀਂ ਕਰਨਾ। ਸ਼ਾਂਤੀ, ਜ਼ਮੀਨ ਅਤੇ ਰੋਟੀ ਨੂੰ ਯਕੀਨੀ ਬਣਾਉਣ ਵਾਸਤੇ ਸੋਵੀਅਤਾਂ ਵਿੱਚ ਜਥੇਬੰਦ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਨੂੰ ਸਿਆਸੀ ਤਾਕਤ ਆਪਣੇ ਹੱਥ ਲੈਣੀ ਹੋਵੇਗੀ। ਅਕਤੂਬਰ 1917 ਤਕ ਸੋਵੀਅਤਾਂ ਦੇ ਬਹੁਸੰਖਿਆ ਮੈਂਬਰ‘ਸਾਰੀ ਸਿਆਸੀ ਤਾਕਤ ਸੋਵੀਅਤਾਂ ਕੋਲ ਹੋਵੇ’ ਦੇ ਨਾਅਰੇ ਦੇ ਕਾਇਲ ਹੋ ਗਏ। ਉਨ੍ਹਾਂ ਨੇ ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿੱਚ ਵਿੰਟਰ ਪੈਲੇਸ ਉਤੇ ਚੜ੍ਹਾਈ ਕਰ ਦਿੱਤੀ ਅਤੇ ਸਿਆਸੀ ਤਾਕਤ ਉੱਤੇ ਕਬਜ਼ਾ ਕਰ ਲਿਆ।
ਲੈਨਿਨ ਨੇ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਕਿ ਸਰਮਾਏਦਾਰੀ ਦੀ ਗੁਲਾਮੀ ਤੋਂ ਮੁਕਤ ਹੋਣ ਲਈ ਕੀ ਕਰਨਾ ਚਾਹੀਦਾ ਹੈ। ਯੂਰਪ ਅਤੇ ਰੂਸ ਦੀ ਮਜ਼ਦੂਰ ਜਮਾਤ ਦੀ ਲਹਿਰ ਵਿੱਚ ਕਈ ਮੌਕਾਪ੍ਰਸਤਾਂ ਨੇ ਰਾਜ ਦੇ ਸਵਾਲ ਬਾਰੇ ਮਾਰਕਸਵਾਦੀ ਸਿੱਖਿਆਵਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਸੀ। ਸਰਮਾਏਦਾਰਾ ਅਤੇ ਸਮਾਜਵਾਦੀ ਰਾਜਾਂ ਸਬੰਧੀ ਤੋੜ-ਮਰੋੜ ਅਤੇ ਸਵਾਲਾਂ ਨਾਲ ਵਿਗਿਆਨਕ ਢੰਗ ਨਾਲ ਨਜਿਠਣਾ ਬਹੁਤ ਜ਼ਰੂਰੀ ਬਣ ਗਿਆ ਸੀ। ਲੈਨਿਨ ਦੇ ਪੈਂਫਲਿਟ ਵਿੱਚ ਇਨਕਲਾਬੀ ਲਹਿਰ ਦੀ ਇਹ ਭਖਦੀ ਜ਼ਰੂਰਤ ਪੂਰੀ ਕੀਤੀ ਗਈ।
ਵਿਗਿਆਨਿਕ ਸਮਾਜਵਾਦ ਦੇ ਬਾਨੀਆਂ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ, ਧਿਆਨ ਦੁਆਇਆ ਸੀ ਕਿ ਮਨੁੱਖੀ ਸਮਾਜ ਵਿੱਚ ਫੌਜ, ਜੇਲ੍ਹਾਂ ਆਦਿ ਵਿਸ਼ੇਸ਼ ਇਕਾਈਆਂ, ਜੋ ਰਾਜ ਦੇ ਅੰਗ ਹੁੰਦੇ ਹਨ, ਦੀ ਮੌਜੂਦਗੀ ਹਮੇਸ਼ਾ ਤੋਂ ਨਹੀਂ ਸੀ। ਰਾਜ ਉਸ ਵੇਲੇ ਉਗਮਿਆਂ ਜਦੋਂ ਸਮਾਜ ਨੇ ਆਪਣੇ ਆਪ ਨੂੰ ਬਿੱਲਕੁਲ ਵਿਰੋਧੀ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਵਿੱਚ ਵੰਡ ਲਿਆ ਸੀ।
ਸਮਾਜ ਦੀ ਵਿਰੋਧੀ ਹਿੱਤਾਂ ਵਾਲੀਆਂ ਜਮਾਤ ਵਿੱਚ ਵੰਡ ਹੋਣ ਤੋਂ ਪਹਿਲਾਂ, ਫੌਜ ਅਤੇ ਜੇਲ੍ਹਾਂ ਆਦਿ ਵਿਸ਼ੇਸ਼ ਇਕਾਈਆਂ ਦੀ ਕੋਈ ਵੀ ਜ਼ਰੂਰਤ ਨਹੀਂ ਸੀ। ਆਪਣੇ ਕਬੀਲੇ ਜਾਂ ਬਰਾਦਰੀ ਦੀ ਬਾਹਰਲੇ ਦੁਸ਼ਮਣਾਂ ਤੋਂ ਹਿਫਾਜ਼ਤ ਕਰਨ ਲਈ ਤਮਾਮ ਲੋਕਾਂ ਨੂੰ ਹਥਿਆਰਬੰਦ ਕਰ ਦਿੱਤਾ ਜਾਂਦਾ ਸੀ। ਪਰ ਵਿਰੋਧੀ ਹਿੱਤਾਂ ਵਾਲੀਆਂ ਜਮਾਤਾਂ ਦੇ ਵਿਕਾਸ ਨਾਲ ਤਮਾਮ ਲੋਕਾਂ ਨੂੰ ਹਥਿਆਰਬੰਦ ਕਰਨਾ ਅਸੰਭਵ ਹੋ ਗਿਆ, ਕਿਉਂਕਿ ਸਾਰੇ ਲੋਕਾਂ ਨੂੰ ਹਥਿਆਰਬੰਦ ਕਰ ਦੇਣ ਨਾਲ ਵਿਰੋਧੀ ਜਮਾਤਾਂ ਵਿਚਕਾਰ ਹਿੰਸਕ ਲੜਾਈ ਝਗੜੇ ਸ਼ੁਰੂ ਹੋ ਜਾਣਗੇ।
ਲੈਨਿਨ ਨੇ ਏਂਗਲਜ਼ ਵਲੋਂ ਲਿਖੀ ਗਈ ਮਾਰਕਸਵਾਦ ਦੀ ਮੌਲਿਕ ਸਮਝੀ ਜਾਂਦੀ ਇਸ ਪ੍ਰੀਭਾਸ਼ਾ ਦਾ ਹਵਾਲਾ ਦਿੱਤਾ:
“ਵਿਰੋਧੀ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਆਪਸੀ ਝਗੜਿਆਂ ਵਿੱਚ ਆਪਣੇ-ਆਪਨੂੰ ਅਤੇ ਸਮਾਜ ਨੂੰ ਹੀ ਖਤਮ ਨਾ ਕਰ ਲੈਣ, ਇਸ ਲਈ ਇਸ ਝਗੜੇ ਨੂੰ ਨਰਮ ਕਰਨ ਦੇ ਨਿਸ਼ਾਨੇ ਨਾਲ, ਸਮਾਜ ਨੂੰ ਕੰਟਰੋਲ ਕਰਨ ਵਾਲੀ ਇੱਕ ਤਾਕਤ ਪੈਦਾ ਕਰਨਾ ਜ਼ਰੂਰੀ ਬਣ ਗਿਆ। ਇਹ ਤਾਕਤ, ਜੋ ਸਮਾਜ ਵਿਚੋਂ ਉਗਮੀ, ਪਰ ਸਮਾਜ ਨੂੰ ਕੰਟਰੋਲ ਕਰਨ ਲਗ ਪਈ, ਅਤੇ ਸਮਾਜ ਤੋਂ ਹੋਰ ਜ਼ਿਆਦਾ ਪਰ੍ਹੇ ਹੁੰਦੀ ਗਈ, ਉਸ ਨੂੰ ਰਾਜ ਕਿਹਾ ਜਾਂਦਾ ਹੈ”। (‘ਪ੍ਰਵਾਰ, ਨਿੱਜੀ ਜਾਇਦਾਦ ਅਤੇ ਰਾਜ ਦਾ ਅਰੰਭ’ ਵਿਚੋਂ)
ਲੈਨਿਨ ਨੇ ਕਮਿਉਨਿਸਟ ਲਹਿਰ ਦੇ ਅੰਦਰ ਵੱਖ-ਵੱਖ ਮੌਕਾ-ਪ੍ਰਸਤਾਂ ਵਲੋਂ ਏਂਗਲਜ਼ ਦੇ ਲਿਖੇ ਪੈਰ੍ਹੇ ਦੀ ਕੀਤੀ ਜਾ ਰਹੀ ਵਿਆਖਿਆ ਦੀ ਅਲੋਚਨਾ ਕੀਤੀ। ਉਨ੍ਹਾਂ ਨੇ “ਝਗੜੇ ਨੂੰ ਨਰਮ ਕਰਨ” ਦਾ ਮਤਲਬ ਵਿਰੋਧੀ ਹਿੱਤਾਂ ਵਾਲੀਆਂ ਜਮਾਤਾਂ ਵਿਚਕਾਰ ਸੁਲਾਹ ਕਰਾਉਣਾ ਕੱਢਿਆ। ਇਸ ਗਲਤ ਧਾਰਨਾ ਤੋਂ ਉਨ੍ਹਾਂ ਇਹ ਸਿੱਟਾ ਕੱਢਿਆ ਕਿ ਰਾਜ ਜਮਾਤੀ ਹਿੱਤਾਂ ਵਿਚਕਾਰ ਸੁਲਾਹ ਕਰਵਾਉਣ ਵਾਲਾ ਔਜ਼ਾਰ ਹੈ। ਮੌਕਾਪ੍ਰਸਤਾਂ ਨੇ ਇਸ ਝੂਠੇ ਸਿਧਾਂਤ ਨੂੰ ਬੁਰਜੂਆ ਆਰਜ਼ੀ ਸਰਕਾਰ ਵਿੱਚ ਹਿੱਸਾ ਲੈਣਾ ਜਾਇਜ਼ ਦੱਸਣ ਲਈ ਵਰਤਿਆ।
ਲੈਨਿਨ ਨੇ ਦੱਸਿਆ ਕਿ ਜੇਕਰ ਵਿਰੋਧੀ ਜਮਾਤਾਂ ਦੇ ਹਿੱਤਾਂ ਵਿਚਕਾਰ ਸੁਲਾਹ ਹੋ ਸਕਦੀ ਹੋਵੇ ਤਾਂ ਰਾਜ ਦੀ ਕੋਈ ਜ਼ਰੂਰਤ ਨਹੀਂ ਰਹੇਗੀ। ਰਾਜ ਪੈਦਾ ਹੀ ਇਸ ਲਈ ਹੋਇਆ ਕਿ ਵਿਰੋਧੀ ਜਮਾਤਾਂ, ਜਿਵੇਂ ਬੁਰਜੂਆਜ਼ੀ ਅਤੇ ਪ੍ਰੋਲਤਾਰੀ, ਦੇ ਜਮਾਤੀ ਹਿੱਤਾਂ ਵਿਚਕਾਰ ਸੁਲਾਹ ਨਹੀਂ ਹੋ ਸਕਦੀ। ਉਸਨੇ ਸਮਝਾਇਆ ਕਿ “ਝਗੜੇ ਨੂੰ ਨਰਮ ਕਰਨ” ਦਾ ਮਤਲਬ ਹੈ ਦੱਬੀਆਂ-ਕੁਚਲੀਆਂ ਜਮਾਤਾਂ ਨੂੰ ਆਪਣੇ ਦੋਖੀਆਂ ਦਾ ਤਖਤਾ ਉਲਟਾਉਣ ਦੇ ਸੰਘਰਸ਼ ਦੇ ਸਾਧਨਾਂ ਅਤੇ ਢੰਗ ਤਰੀਕਿਆਂ ਤੋਂ ਵਾਂਝੇ ਰੱਖਣਾ। “ਅਮਨ ਰੱਖਣ” ਦਾ ਮਤਲਬ ਹੈ ਬੁਰਜੂਆ ਜਮਾਤ ਦੀ ਤਾਨਾਸ਼ਾਹੀ ਨੂੰ ਚੁਣੌਤੀ ਦੇਣ ਦਾ ਮੌਕਾ ਹੀ ਨਾ ਦੇਣਾ।
ਲੈਨਿਨ ਨੇ ਕਿਹਾ ਕਿ ਏਂਗਲਜ਼ ਦੇ ਸਿਧਾਂਤ ਦਾ ਮਤਲਬ ਇਹ ਹੈ ਕਿ ਰਾਜ ਜਮਾਤੀ ਹਕੂਮਤ ਦਾ ਔਜ਼ਾਰ ਹੈ। ਇਹ ਇੱਕ ਜਮਾਤ ਦੀ ਦੂਸਰੀ ਜਮਾਤ ਉੱਤੇ ਹਕੂਮਤ ਦਾ ਸੰਦ ਹੈ। ਇਸ ਸੰਦ ਨੂੰ ਵਰਤ ਕੇ ਆਰਥਿਕ ਤੌਰ ਉੱਤੇ ਹਾਵੀ ਜਮਾਤ ਸਿਆਸੀ ਤੌਰ ਉੱਤੇ ਹਾਵੀ ਜਮਾਤ ਬਣ ਜਾਂਦੀ ਹੈ।
ਯੂਰਪ ਵਿੱਚ ਰਾਜ ਦੇ ਵਿਕਾਸ ਦੇ ਇਤਿਹਾਸ ਦੀ ਖੋਜ ਦੇ ਅਧਾਰ ਉੱਤੇ ਲੈਨਿਨ ਨੇ ਸਮਝਾਇਆ ਕਿ ਜਦੋਂ ਸਮਾਜ ਵਿੱਚ ਗੁਲਾਮ ਜਮਾਤ ਅਤੇ ਗੁਲਾਮਾਂ ਦੀ ਮਾਲਕ ਜਮਾਤ ਹੁੰਦੀ ਸੀ, ਉਸ ਵਕਤ ਰਾਜ ਗੁਲਾਮਾਂ ਦੇ ਮਾਲਕਾਂ ਦੇ ਹਿੱਤਾਂ ਦੀ ਹਿਫਾਜ਼ਤ ਕਰਦਾ ਸੀ ਅਤੇ ਗੁਲਾਮਾਂ ਨੂੰ ਬਗ਼ਾਵਤ ਕਰਨ ਤੋਂ ਰੋਕਣ ਲਈ ਜਾਬਰਾਨਾ ਢੰਗ ਤਰੀਕੇ ਵਰਤਦਾ ਸੀ। ਜਗੀਰੂਵਾਦੀ ਪੜਾਅ ਦੁਰਾਨ, ਰਾਜ ਰਜਵਾੜਾ ਖਾਨਦਾਨਾਂ ਅਤੇ ਵੱਡੇ ਭੂਮੀਪਤੀਆਂ ਦੀ ਹਿਫਾਜ਼ਤ ਕਰਦਾ ਸੀ। ਪੂੰਜੀਵਾਦ ਦੇ ਵਿਕਾਸ ਦੁਰਾਨ ਰਾਜ ਦਾ ਕੰਟਰੋਲ ਸਰਮਾਏਦਾਰ ਜਮਾਤ ਨੇ ਸਾਂਭ ਲਿਆ ਅਤੇ ਉਸਨੂੰ ਆਪਣੇ ਹਿੱਤਾਂ ਮੁਤਾਬਿਕ ਢਾਲ ਲਿਆ।
ਬੁਰਜੂਆਜ਼ੀ ਨੇ ਆਪਣੀ ਹਕੂਮਤ ਦੇ ਇਸ ਔਜ਼ਾਰ ਨੂੰ ਹੋਰ ਸੁਧਾਰ ਕੇ ਨਿਪੁੰਨ ਬਣਾ ਲਿਆ ਹੈ। ਰਾਜ ਦੇ ਸਿਆਸੀ ਖਾਸੇ ਨੂੰ ਛੁਪਾਉਣ ਲਈ, ਇੱਕ ਅਜੇਹੀ ਸਿਆਸੀ ਵਿਧੀ ਵਿਕਸਤ ਕੀਤੀ ਗਈ ਹੈ, ਜਿਸ ਵਿੱਚ ਇਉਂ ਲੱਗੇ ਕਿ ਨਿਆਂਪਾਲਕਾ ਸਰਕਾਰ ਤੋਂ ਅਜ਼ਾਦ ਹੈ। ਇਸ ਨਾਲ ਇਹ ਝੂਠਾ ਪ੍ਰਭਾਵ ਪੈਦਾ ਕੀਤਾ ਜਾਂਦਾ ਹੈ ਕਿ ਰਾਜ ਜਮਾਤਾਂ ਅਤੇ ਜਮਾਤੀ ਹਿੱਤਾਂ ਤੋਂ ਉਪਰ ਹੈ।
ਪ੍ਰੋਲਤਾਰੀ ਆਪਣੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਬੁਰਜੂਆ ਰਾਜ ਦੀ ਵਰਤੋਂ ਨਹੀਂ ਕਰ ਸਕਦੀ। ਇਹ ਸਿੱਟਾ ਸਵਾਲ ਪੈਦਾ ਕਰਦਾ ਹੈ ਕਿ: ਪ੍ਰੋਲਤਾਰੀ ਨੂੰ ਕਿਹੋ ਜਿਹੇ ਰਾਜ ਦੀ ਜ਼ਰੂਰਤ ਹੈ?
ਲੈਨਿਨ ਨੇ ਪੈਰਿਸ ਕਮਿਊਨ ਦੇ ਤਜਰਬੇ ਦੇ ਅਧਿਐਨ ਦੇ ਅਧਾਰ ਉਤੇ ਰਾਜ ਬਾਰੇ ਮਾਰਕਸਵਾਦੀ ਵਿਸ਼ਲੇਸ਼ਣ ਦੇ ਵਿਕਾਸ ਦਾ ਖੁਰਾ ਖੋਜਿਆ। ਪੈਰਿਸ ਕਮਿਊਨ, ਪ੍ਰੋਲਤਾਰੀ ਵਲੋਂ ਆਪਣਾ ਰਾਜ ਸਥਾਪਤ ਕਰਨ ਦੀ ਪਹਿਲੀ ਕੋਸ਼ਿਸ਼ ਸੀ। ਬੇਸ਼ੱਕ ਪੈਰਿਸ ਦੇ ਮਜ਼ਦੂਰ ਤਾਕਤ ਉਤੇ ਕੁੱਝ ਹਫਤਿਆਂ ਤੋਂ ਵੱਧ ਨਾ ਟਿਕ ਸਕੇ, ਮਾਰਕਸ ਅਤੇ ਏਂਗਲਜ਼ ਨੇ ਇਸ ਇਨਕਲਾਬੀ ਤਜਰਬੇ ਤੋਂ ਬਹੁਤ ਅਹਿਮ ਸਿਧਾਂਤਕ ਸਿੱਟੇ ਕੱਢੇ।
ਪੈਰਿਸ ਕਮਿਊਨ ਦੇ ਸਭ ਤੋਂ ਪਹਿਲੇ ਫੁਰਮਾਨ ਨਾਲ ਸਥਾਈ ਫੌਜ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਉਹਦੀ (ਫੌਜ) ਜਗ੍ਹਾ ਲੋਕਾਂ ਨੂੰ ਹਥਿਆਰਬੰਦ ਕਰ ਦਿੱਤਾ ਗਿਆ। ਹੋਰ ਅਹਿਮ ਕਦਮਾਂ ਵਿੱਚ ਰਾਜ ਦੇ ਅਫਸਰਾਂ ਦੀਆਂ ਮਾਲੀ ਸਹੂਲਤਾਂ ਨੂੰ ਖਤਮ ਕਰਕੇ, ਉਨ੍ਹਾਂ ਦੇ “ਵੇਤਨ ਮਜ਼ਦੂਰਾਂ ਦੇ ਬਰਾਬਰ” ਕਰ ਦਿੱਤੇ। ਕਮਿਊਨ ਬੁਰਜੂਆ ਸੰਸਦ ਵਾਂਗ ਇੱਕ ਗਾਲੜੀ ਮੰਚ ਨਹੀਂ ਸੀ, ਬਲਕਿ ਇਹ ਕੰਮ ਕਰਨ ਵਾਲੀ ਇਕਾਈ ਸੀ। ਵਿਧਾਨਕਾਰੀ ਅਤੇ ਕਾਰਜਕਾਰੀ ਤਾਕਤਾਂ ਵਿਚਕਾਰ ਕੋਈ ਵਖਰੇਵਾਂ ਨਹੀਂ ਸੀ। ਕਾਨੂੰਨ ਅਤੇ ਨੀਤੀਆਂ ਬਣਾਉਣ ਵਾਲੇ, ਉਨ੍ਹਾਂ ਨੂੰ ਲਾਗੂ ਕਰਨ ਵਾਸਤੇ ਵੀ ਜ਼ਿਮੇਵਾਰ ਸਨ। ਹਕੂਮਤ ਕਰਨ ਵਾਲੇ ਅਤੇ ਵਿਰੋਧੀ ਕੋਈ ਵੱਖਰੇ ਵੱਖਰੇ ਗੁੱਟ ਨਹੀਂ ਸਨ। ਸਮੁੱਚੀ ਇਕਾਈ ਉਨ੍ਹਾਂ ਵੱਲ ਜਵਾਬਦੇਹ ਸੀ, ਜਿਨ੍ਹਾਂ ਨੇ ਉਸਨੂੰ ਚੁਣਿਆਂ ਸੀ।
ਲੈਨਿਨ ਦੀ ਅਗਵਾਈ ਵਿੱਚ ਰਾਜ ਬਾਰੇ ਮਾਰਕਸਵਾਦੀ ਸਿੱਖਿਆਵਾਂ ਉੱਤੇ ਦ੍ਰਿੜਤਾ ਨਾਲ ਚੱਲਦਿਆਂ ਹੋਇਆਂ, ਬਾਲਸ਼ਵਿਕ ਪਾਰਟੀ ਨੇ ਬੜੀ ਦਲੇਰੀ ਨਾਲ ਸੋਵੀਅਤ ਰਾਜ ਨੂੰ ਬਾਕੀ ਦੇ ਮੇਹਨਤਕਸ਼ ਲੋਕਾਂ ਨਾਲ ਗੱਠਜੋੜ ਕਰਕੇ ਪ੍ਰੋਲਤਾਰੀ ਦੀ ਹਕੂਮਤ ਦੇ ਇੱਕ ਔਜ਼ਾਰ ਦੇ ਤੌਰ ਉਤੇ ਉਸਾਰਿਆ ਅਤੇ ਮਜ਼ਬੂਤ ਕੀਤਾ। ਜ਼ਾਰਸ਼ਾਹੀ ਫੌਜ ਨੂੰ ਬਰਖਾਸਤ ਕਰਕੇ, ਉਸਦੀ ਜਗ੍ਹਾ ਲਾਲ ਫੌਜ ਲੈ ਆਂਦੀ। ਵਿਸ਼ੇਸ਼ ਅਧਿਕਾਰਾਂ ਵਾਲੇ ਨੌਕਰਸ਼ਾਹਾਂ ਦੀ ਥਾਂ ਸੋਵੀਅਤਾਂ ਦੇ ਕੰਟਰੋਲ ਹੇਠਾਂ ਪ੍ਰਸ਼ਾਸਨਕਾਰੀ, ਅਕਾਂਊਂਟੈਂਟ ਅਤੇ ਟੈਕਨੀਸ਼ੀਅਨ ਲਾ ਦਿੱਤੇ।
ਰਾਜ ਅਤੇ ਇਨਕਲਾਬ ਬਾਰੇ ਲੈਨਿਨ ਦਾ ਪੈਂਫਲਿਟ ਭਾਵੇਂ 100 ਸਾਲ ਤੋਂ ਵੀ ਵੱਧ ਪੁਰਾਣਾ ਹੈ, ਪਰ ਇਹ ਅੱਜ ਦੇ ਸਮੇਂ ਵਿੱਚ ਵੀ ਪੂਰੀ ਤਰ੍ਹਾਂ ਢੱੁਕਦਾ ਹੈ। ਅਣਮਨੁੱਖੀ ਸਰਮਾਏਦਾਰਾ-ਸਾਮਰਾਜੀ ਢਾਂਚੇ ਦਾ ਖ਼ਾਤਮਾ ਕਰਨ ਅਤੇ ਮਨੁੱਖੀ ਸਮਾਜ ਲਈ ਇੱਕ ਉੱਚੀ ਸੱਭਿਅਤਾ ਦੀ ਉਸਾਰੀ ਲਈ ਰਾਹ ਖੋਲ੍ਹਣ ਲਈ ਸੰਘਰਸ਼ ਵਿੱਚ ਜੁੱਟੇ ਹੋਏ ਸਭ ਕਾਰਕੁੰਨਾਂ ਦੇ ਅਧਿਐਨ ਕਰਨ ਲਈ ਇਹ ਇੱਕ ਜ਼ਰੂਰੀ ਦਸਤਾਵੇਜ਼ ਹੈ।