ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ 104ਵੀਂ ਵਰ੍ਹੇਗੰਢ ਉਤੇ:
ਸਰਮਾਏਦਾਰਾ-ਸਾਮਰਾਜਵਾਦੀ ਢਾਂਚੇ ਦਾ ਇੱਕੋ-ਇੱਕ ਬਦਲ ਸਮਾਜਵਾਦ ਹੈ

ਇੱਕੀਵੀਂ ਸਦੀ ਦੇ ਤੀਸਰੇ ਦਹਾਕੇ ਦੀ ਸ਼ੁਰੂਆਤ, ਕਰੋਨਾ ਵਾਇਰਸ ਮਹਾਂਮਾਰੀ ਅਤੇ ਆਰਥਿਕ ਕੰਮਾਂ-ਕਾਜਾਂ ਦੇ ਬਾਰ-ਬਾਰ ਠੱਪ ਹੋਣ ਕਾਰਨ, ਮਨੁੱਖੀ ਸਮਾਜ ਨੂੰ ਇੱਕ ਬੇਮਿਸਾਲ ਸੰਕਟ ਵਿੱਚ ਪਾ ਦੇਣ ਨਾਲ ਹੋਈ ਹੈ। ਬੇਰੁਜ਼ਗਾਰੀ, ਕਰਜ਼ਭਾਰ ਅਤੇ ਗਰੀਬੀ ਬੇਮਿਸਾਲ ਪੱਧਰ ਉਤੇ ਪਹੁੰਚ ਗਈ ਹੈ। ਜਦਕਿ ਬਹੁਗਿਣਤੀ ਲੋਕਾਂ ਨੂੰ ਬੇਮਿਸਾਲ ਦੁੱਖ ਝੱਲਣੇ ਪਏ ਹਨ, ਪਰ ਦੁਨੀਆਂ ਦੇ ਅਮੀਰ ਕ੍ਰੋੜਪਤੀਆਂ ਨੇ ਆਪਣੀ ਦੌਲਤ ਬੇਮਿਸਾਲ ਤੇਜ਼ ਗਤੀ ਨਾਲ ਵਧਾਈ ਹੈ। ਜਮਹੂਰੀ ਕਹਾਉਣ ਵਾਲੇ ਦੇਸ਼ਾਂ ਨੇ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਹੱਕਾਂ ਦੀ ਬਲੀ ਚੜ੍ਹਾ ਕੇ ਅਜਾਰੇਦਾਰ ਸਰਮਾਏਦਾਰ ਕ੍ਰੋੜਪਤੀਆਂ ਦੇ ਫਾਇਦੇ ਲਈ ਕਾਨੂੰਨ ਘੜੇ ਅਤੇ ਨੀਤੀਆਂ ਅਪਣਾਈਆਂ ਹਨ।

400_Meeting of The Petrograd Soviet of Workers’ And Soldiers’ Deputies) October 25 (November 7), 1917
25 ਅਕਤੂਬਰ (7 ਨਵੰਬਰ, 1917) ਪੈਟਰੋਗਰਾਡ ਵਿੱਚ ਮਜ਼ਦੂਰਾਂ ਅਤੇ ਸੈਨਿਕਾਂ ਦੇ ਸੋਵੀਅਤ ਪ੍ਰਤੀਨਿਧਾਂ ਦੀ ਮੀਟਿੰਗ

ਮੌਜੂਦਾ ਸਰਮਾਏਦਾਰਾ-ਸਾਮਰਾਜਵਾਦੀ ਢਾਂਚੇ ਦਾ ਜੇਕਰ ਕੋਈ ਬਦਲ ਹੈ ਤਾਂ ਉਹ ਕਿਵੇਂ ਲਿਆਂਦਾ ਜਾ ਸਕਦਾ ਹੈ? ਵੀਹਵੀਂ ਸਦੀ ਨੇ ਇਸ ਸਵਾਲ ਦਾ ਬਹੁਤ ਸਾਫ ਜਵਾਬ ਪੇਸ਼ ਕੀਤਾ ਹੈ। 1917 ਦੇ ਰੂਸੀ ਇਨਕਲਾਬ ਅਤੇ ਸੋਵੀਅਤ ਯੂਨੀਅਨ ਵਿੱਚ ਸਮਾਜਵਾਦੀ ਢਾਂਚੇ ਦੀ ਸਥਾਪਨਾ ਨੇ ਸਿਧਾਂਤ ਅਤੇ ਅਮਲ ਵਿੱਚ ਇਸ ਬਦਲ ਦੀ ਮਿਸਾਲ ਪੇਸ਼ ਕੀਤੀ ਹੈ। ਇਸ (ਇਨਕਲਾਬ) ਦੇ ਸਿੱਟੇ ਵਜੋਂ ਦੁਨੀਆਂ ਦੀ ਸਮੁੱਚੀ ਅਬਾਦੀ ਦਾ ਛੇਵਾਂ ਹਿੱਸਾ ਸਰਮਾਏਦਾਰਾ-ਸਾਮਰਾਜਵਾਦੀ ਢਾਂਚੇ ਤੋਂ ਮੁਕਤ ਹੋ ਗਿਆ।

ਅਕਤੂਬਰ ਇਨਕਲਾਬ ਨਾਲ ਸੋਵੀਅਤ ਯੂਨੀਅਨ ਵਿੱਚ ਇੱਕ ਨਵਾਂ ਸਮਾਜਕ ਢਾਂਚਾ, ਇੱਕ ਨਵੀਂ ਕਿਸਮ ਦਾ ਰਾਜ ਅਤੇ ਸਿਆਸੀ ਪ੍ਰੀਕ੍ਰਿਆ ਹੋਂਦ ਵਿੱਚ ਆਇਆ। ਇਸ ਸਿਆਸੀ ਸੱਤਾ ਦਾ ਨਿਸ਼ਾਨਾਂ ਸਰਮਾਏਦਾਰੀ ਦੀ ਥਾਂ ਕਮਿਉਨਿਜ਼ਮ ਸਥਾਪਤ ਕਰਨਾ ਸੀ। ਇਸ ਤਰ੍ਹਾਂ ਦੀਆਂ ਖੂਬੀਆਂ ਵਾਲੀ ਸਿਆਸੀ ਸੱਤਾ ਮਨੁੱਖਤਾ ਨੇ ਪਹਿਲਾਂ ਕਦੇ ਕਦੇ ਨਹੀਂ ਸੀ ਦੇਖੀ।

ਰੂਸ ਦਾ ਅਕਤੂਬਰ ਇਨਕਲਾਬ 19ਵੀਂ ਸਦੀ ਵਿੱਚ ਫਰਾਂਸ ਅਤੇ ਹੋਰ ਯੂਰਪੀ ਦੇਸ਼ਾਂ ਦੇ ਇਨਕਲਾਬਾਂ ਤੋਂ ਵੱਖਰੇ ਗੁਣਾ ਵਾਲਾ ਇਨਕਲਾਬ ਸੀ। ਪਹਿਲੇ ਇਨਕਲਾਬ ਬੁਰਜੂਆ ਜਮਹੂਰੀ ਇਨਕਲਾਬ ਸਨ, ਜਿਨ੍ਹਾਂ ਨੇ ਇੱਕ ਅਲਪਸੰਖਿਅਕ ਲੋਟੂ ਜਮਾਤ ਥਾਂ ਇੱਕ ਹੋਰ ਅਪਲਸੰਖਿਅਕ ਲੋਟੂ ਜਮਾਤ ਦਾ ਰਾਜ ਸਥਾਪਤ ਕੀਤਾ ਸੀ। ਅਕਤੂਬਰ 1917 ਦੇ ਇਨਕਲਾਬ ਦੇ ਨਤੀਜੇ ਵਜੋਂ ਬੁਰਜੂਆ ਰਾਜ ਦੀ ਥਾਂ ਲੁਟੀ-ਪੁੱਟੀ ਬਹੁਗਿਣਤੀ ਦਾ ਰਾਜ ਸਥਾਪਤ ਹੋਇਆ, ਜਿਸਦੀ ਅਗਵਾਈ ਮਜ਼ਦੂਰ ਜਮਾਤ ਕਰਦੀ ਸੀ। ਮਜ਼ਦੂਰ ਜਮਾਤ, ਕਿਸਾਨ ਅਤੇ ਫੌਜੀ, ਸੋਵੀਅਤਾਂ ਵਿੱਚ ਜਥੇਬੰਦ ਸਨ। ਉਨ੍ਹਾਂ ਦੀ ਅਗਵਾਈ ਕਮਿਉਨਿਸਟ ਪਾਰਟੀ ਦਾ ਹਰਾਵਲ ਦਸਤਾ ਕਰਦਾ ਸੀ, ਜਿਸਦਾ ਮੁੱਖੀ ਲੈਨਿਨ ਸੀ। ਬਾਅਦ ਵਿੱਚ ਇਹ ਪਾਰਟੀ ਸੋਵੀਅਤ ਯੂਨੀਅਨ ਦੀ ਕਮਿਉਨਿਸਟ ਪਾਰਟੀ (ਬਾਲਸ਼ਵਿਕ) ਦੇ ਤੌਰ ਉਤੇ ਜਾਣੀ ਜਾਣ ਲੱਗ ਪਈ।

ਇਸ ਨਵੀਂ ਸਿਆਸੀ ਸੱਤਾ ਅਤੇ ਰਾਜ ਨੂੰ ਕਾਇਮ ਰਹਿਣ ਲਈ ਦੁਨੀਆਂ ਭਰ ਦੇ ਸਰਮਾਏਦਾਰਾਂ ਦੀ ਜੁੜਵੀਂ ਤਾਕਤ ਦੇ ਖ਼ਿਲਾਫ਼ ਇੱਕ ਕਠਿਨ ਸੰਘਰਸ਼ ਕਰਨਾ ਪਿਆ। ਦੁਨੀਆਂ ਦੀਆਂ ਸਾਮਰਾਜੀ ਤਾਕਤਾਂ ਨੇ ਦੁਨੀਆਂ ਵਿੱਚ ਪ੍ਰੋਲਤਾਰੀ ਦੇ ਪਹਿਲੇ ਰਾਜ ਅਤੇ ਸਮਾਜਵਾਦੀ ਢਾਂਚੇ ਨੂੰ ਤਬਾਹ ਕਰਨ ਲਈ ਬਾਰ-ਬਾਰ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਨੇ ਹਥਿਆਰਬੰਦ ਹਮਲੇ ਅਤੇ ਅੰਦਰੂਨੀ ਭੰਨਤੋੜ ਕਰਕੇ, ਦੁਨੀਆਂ ਦੇ ਪਹਿਲੇ ਸਮਾਜਵਾਦੀ ਰਾਜ ਨੂੰ ਤਬਾਹ ਕਰਨ ਦੀਆਂ ਬਾਰ-ਬਾਰ ਕੋਸ਼ਿਸ਼ਾਂ ਕੀਤੀਆਂ। ਆਖਰ, ਸੋਵੀਅਤ ਲੀਡਰਸ਼ਿਪ ਨੂੰ ਜਮਾਤੀ ਸੰਘਰਸ਼ ਦੇ ਰਸਤੇ ਤੋਂ ਭਟਕਾਉਣ ਦੀ ਸ਼ੁਰੂਆਤ 1956 ਵਿੱਚ ਸੋਵੀਅਤ ਯੂਨੀਅਨ ਦੀ ਕਮਿਉਨਿਸਟ ਪਾਰਟੀ ਦੀ 20ਵੀਂ ਕਾਂਗਰਸ ਤੋਂ ਹੋਈ ਅਤੇ ਸਾਮਰਾਜੀ ਤਾਕਤਾਂ ਇਸ ਮਿਸ਼ਨ ਵਿੱਚ ਕਾਮਯਾਬ ਹੋ ਗਈਆਂ। ਗਿਰਾਵਟ ਦੀ ਪ੍ਰੀਕ੍ਰਿਆ ਦੇ ਸਿੱਟੇ ਵਜੋਂ ਆਰਥਿਕਤਾ ਦੇ ਕਈ ਅਹਿਮ ਖੇਤਰਾਂ ਵਿੱਚ ਸਰਮਾਏਦਾਰੀ ਬਹਾਲ ਕਰ ਦਿੱਤੀ ਗਈ, ਪਰ ਸਮਾਜਵਾਦ ਦਾ ਮਖੌਟਾ ਕਾਇਮ ਰੱਖਿਆ ਗਿਆ। ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਰਥਿਕ ਸੰਕਟਾਂ ਨੂੰ ਵਰਤ ਕੇ ਆਖਰ, 1991 ਵਿੱਚ ਸੋਵੀਅਤ ਯੂਨੀਅਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

ਪਿਛਲੇ 30 ਸਾਲਾਂ ਤੋਂ ਦੁਨੀਆਂ ਦੇ ਸਰਮਾਏਦਾਰ ਬਾਰ-ਬਾਰ ਇਹੀ ਦੁਹਰਾਈ ਜਾ ਰਹੇ ਹਨ ਕਿ ਬਜ਼ਾਰ-ਮੁਖੀ ਆਰਥਿਕਤਾ ਅਤੇ ਬਹੁ-ਪਾਰਟੀ ਪ੍ਰਤੀਨਿਧਤਾ ਵਾਲੀ ਜਮਹੂਰੀਅਤ ਦਾ ਹੋਰ ਕੋਈ ਬਦਲ ਨਹੀਂ ਹੈ। ਲੇਕਿਨ ਜ਼ਿੰਦਗੀ ਦਾ ਤਜਰਬਾ ਬਾਰ-ਬਾਰ ਇਹੀ ਦਿਖਾ ਰਿਹਾ ਹੈ ਕਿ ਸਰਮਾਏਦਾਰਾਂ ਦੇ ਨਿੱਜੀ ਮੁਨਾਫੇ ਵਧਾਉਣ ਦੀ ਦਿਸ਼ਾ ਵਾਲਾ ਆਰਥਿਕ ਢਾਂਚਾ ਤਮਾਮ ਲੋਕਾਂ ਨੂੰ ਰੁਜ਼ਗਾਰ ਨਹੀਂ ਦੇ ਸਕਦਾ। ਅਜੇਹਾ ਸਿਆਸੀ ਢਾਂਚਾ, ਜਿਸ ਵਿੱਚ ਕ੍ਰੋੜਾਂਪਤੀ ਸਰਮਾਏਦਾਰਾਂ ਦੀਆਂ ਆਪਸੀ-ਵਿਰੋਧ ਵਾਲੀਆਂ ਪਾਰਟੀਆਂ ਸਰਕਾਰ ਚਲਾਉਣ ਦਾ ਮੌਕਾ ਹਾਸਲ ਕਰਨ ਲਈ ਜ਼ੋਰ ਲਾਉਂਦੀਆਂ ਹੋਣ, ਉਹ ਕੇਵਲ ਮਹਾਂ-ਅਮੀਰ ਅਲਪਸੰਖਿਆ ਲਈ ਜਮਹੂਰੀ ਹੁੰਦਾ ਹੈ। ਇਹ ਢਾਂਚਾ ਲੋਕਾਂ ਦੀ ਇੱਕ ਬਹੁਤ ਵਿਸ਼ਾਲ ਬਹੁ-ਗਿਣਤੀ ਨੂੰ ਫੈਸਲੇ ਲੈਣ ਦੀ ਪ੍ਰੀਕ੍ਰਿਆ ਤੋਂ ਲਾਂਭੇ ਰੱਖਦਾ ਹੈ।

ਸਾਮਰਾਜਵਾਦ ਅਤੇ ਪਿਛਾਖੜ ਵਲੋਂ ਦੁਨੀਆਂ ਦੇ ਸਭ ਤੋਂ ਪਹਿਲੇ ਸਮਾਜਵਾਦੀ ਰਾਜ ਨੂੰ ਤਬਾਹ ਕਰਨ ਨਾਲ ਸੋਵੀਅਤ ਤਜਰਬੇ ਦੇ ਅਹਿਮ ਸਬਕਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਜਿਹੜਾ ਵੀ ਵਿਅਕਤੀ ਮੌਜੂਦਾ ਢਾਂਚੇ ਦਾ ਬਦਲ ਲੱਭਣ ਲਈ ਗੰਭੀਰ ਹੈ, ਉਸ ਨੂੰ 1917 ਦੇ ਮਹਾਨ ਅਕਤੂਬਰ ਇਨਕਲਾਬ ਦੇ ਸਬਕਾਂ ਵੱਲ ਧਿਆਨ ਦੀ ਲੋੜ ਹੈ, ਜਿਸ ਦੀ 104ਵੀਂ ਵਰ੍ਹੇਗੰਢ 7 ਨਵੰਬਰ 2021 ਨੂੰ ਹੈ।

ਮਹਾਨ ਅਕਤੂਬਰ ਇਨਕਲਾਬ

ਫਰਵਰੀ 1917 ਵਿਚ ਉਠੇ ਜਨਤਕ ਉਭਾਰ ਵਲੋਂ ਰੂਸ ਦੇ ਜ਼ਾਰ ਦੀ ਹਕੂਮਤ ਦਾ ਤਖਤਾ ਉਲਟਾ ਦਿੱਤੇ ਜਾਣ ਤੋਂ ਬਾਅਦ ਅਜੀਬ ਜਿਹੇ ਹਾਲਾਤ ਬਣ ਗਏ ਸਨ, ਜਿਸ ਨੂੰ ਲੈਨਿਨ ਨੇ “ਦੁਹਰੀ ਸੱਤਾ” ਦਾ ਨਾਮ ਦਿੱਤਾ ਸੀ। ਇੱਕ ਪਾਸੇ ਆਰਜ਼ੀ ਸਰਕਾਰ ਸੀ, ਜੋ ਸਰਮਾਏਦਾਰ ਜਮਾਤ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦੀ ਸੀ, ਜਿਹੜੇ ਪਹਿਲੇ ਵਿਸ਼ਵ-ਯੁੱਧ ਵਿੱਚ ਰੂਸ ਦੀ ਸ਼ਮੂਲੀਅਤ ਨੂੰ ਜਾਰੀ ਰੱਖਣਾ ਚਾਹੁੰਦੇ ਸਨ। ਦੂਸਰੇ ਪਾਸੇ ਮਜ਼ਦੂਰ, ਕਿਸਾਨ ਅਤੇ ਫੌਜੀ ਸਨ, ਜਿਹੜੇ ਸ਼ਾਂਤੀ, ਜ਼ਮੀਨ ਅਤੇ ਰੋਟੀ ਲਈ ਹੀਲ-ਹੁੱਜਤ ਕਰ ਰਹੇ ਸਨ ਅਤੇ ਡਿਪਟੀਆਂ ਦੀਆਂ ਸੋਵੀਅਤਾਂ ਵਿੱਚ ਜਥੇਬੰਦ ਸਨ।

ਮਜ਼ਦੂਰਾਂ ਦੇ ਡਿਪਟੀਆਂ ਦੀ ਸੋਵੀਅਤ ਸ਼ਹਿਰਾਂ ਅਤੇ ਕਸਬਿਆਂ ਵਿੱਚ ਇੰਡਸਟੀਅਲ ਮਜ਼ਦੂਰਾਂ ਦੀ ਸਿਆਸੀ ਜਥੇਬੰਦੀ ਸੀ। ਇਹ ਮਜ਼ਦੂਰ ਜਮਾਤ ਦੇ ਹੰਢੇ-ਵਰਤੇ ਅਤੇ ਪਰਖੇ ਹੋਏ ਡਿਪਟੀਆਂ (ਪ੍ਰਤੀਨਿਧਾਂ) ਦੀ ਇੱਕ ਸਭਾ ਸੀ, ਜਿਨ੍ਹਾਂ ਨੂੰ ਮਜ਼ਦੂਰਾਂ ਨੇ ਆਪਣੇ ਹਮਜੋਲੀਆਂ ਵਿਚੋਂ ਚੁਣਿਆਂ ਸੀ। ਸੋਵੀਅਤਾਂ ਨੂੰ ਮਜ਼ਦੂਰਾਂ ਨੇ ਜ਼ਾਰ ਦਾ ਤਖਤਾ ਉਲਟਾਉਣ ਲਈ 1905 ਦੇ ਅਸਫਲ ਇਨਕਲਾਬੀ ਉਭਾਰ ਦੁਰਾਨ ਜਨਮ ਦਿੱਤਾ ਸੀ। ਫਰਵਰੀ 1917 ਵਿੱਚ, ਜਦੋਂ ਜ਼ਾਰ ਦਾ ਤਖਤਾ ਉਲਟਾਇਆ ਗਿਆ ਸੀ, ਉਸ ਉਭਾਰ ਦੁਰਾਨ ਸੋਵੀਅਤਾਂ ਬਣਾਉਣ ਦਾ ਧਿਆਨ ਇੱਕ ਬਾਰ ਫਿਰ ਭਾਰੂ ਹੋ ਗਿਆ ਸੀ। ਬਾਲਸ਼ਵਿਕ ਪਾਰਟੀ ਨੇ ਦੇਸ਼ ਦੇ ਹਰ ਹਿੱਸੇ ਵਿੱਚ ਸੋਵੀਅਤਾਂ ਜਥੇਬੰਦ ਕਰਨ ਦੇ ਸੰਘਰਸ਼ ਨੂੰ ਅਗਵਾਈ ਦਿੱਤੀ।

ਬਾਲਸ਼ਵਿਕ ਪਾਰਟੀ ਨੇ ਸੋਵੀਅਤਾਂ ਦੇ ਮੰਚ ਨੂੰ ਜਨਤਾ ਨੂੰ ਇਹ ਯਕੀਨ ਦੁਆਉਣ ਲਈ ਵਰਤਿਆ ਕਿ ਉਨ੍ਹਾਂ ਦੀ ਕਿਸੇ ਵੀ ਜਲਵੰਤ ਸਮੱਸਿਆ ਦਾ ਹੱਲ ਬੁਰਜੂਆਜ਼ੀ ਦੀ ਆਰਜ਼ੀ ਸਰਕਾਰ ਨੇ ਨਹੀਂ ਕਰਨਾ। ਸ਼ਾਂਤੀ, ਜ਼ਮੀਨ ਅਤੇ ਰੋਟੀ ਨੂੰ ਯਕੀਨੀ ਬਣਾਉਣ ਵਾਸਤੇ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਨੂੰ ਆਪਣੀਆਂ ਸੋਵੀਅਤਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਸਿਆਸੀ ਤਾਕਤ ਆਪਣੇ ਹੱਥਾਂ ਵਿੱਚ ਲੈਣੀ ਚਾਹੀਦੀ ਹੈ। ਬਾਲਸ਼ਵਿਕ ਪਾਰਟੀ ਦੀਆਂ ਦ੍ਰਿੜ ਕੋਸ਼ਿਸ਼ਾਂ ਦੇ ਨਤੀਜੇ ਵਜੋਂ, ਅਕਤੂਬਰ 1917 ਵਿੱਚ ਸੋਵੀਅਤਾਂ ਦੇ ਬਹੁਗਿਣਤੀ ਮੈਂਬਰਾਂ ਨੇ “ਸਾਰੀ (ਸਿਆਸੀ) ਸੱਤਾ ਸੋਵੀਅਤਾਂ ਨੂੰ ਦਿੱਤੀ ਜਾਵੇ” ਦੇ ਨਾਅਰੇ ਨਾਲ ਸਹਿਮਤੀ ਦਿਖਾਈ।

7 ਨਵੰਬਰ ਵਾਲਾ ਦਿਨ, ਉਸ ਵੇਲੇ ਦੇ ਰੂਸੀ ਕੈਲੰਡਰ ਮੁਤਾਬਿਕ 25 ਅਕਤੂਬਰ ਸੀ। ਉਸ ਦਿਨ ਇਨਕਲਾਬੀ ਮਜ਼ਦੂਰਾਂ, ਥਲ-ਸੈਨਿਕਾਂ ਅਤੇ ਜਲ-ਸੈਨਿਕਾਂ ਨੇ ਵਿੰਟਰ ਪੈਲੇਸ (ਸਿਆਲੂ ਮਹੱਲ) ਉੱਤੇ ਹਮਲਾ ਕਰਕੇ ਸਰਮਾਏਦਾਰਾਂ ਦੀ ਸਰਕਾਰ ਦੇ ਪ੍ਰਤੀਨਿਧਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਮੰਤਰਾਲੇ, ਸਟੇਟ ਬੈਂਕਾਂ, ਰੇਲਵੇ ਸਟੇਸ਼ਨਾਂ ਅਤੇ ਡਾਕ-ਤਾਰ ਦੇ ਦਫਤਰਾਂ ਉੱਤੇ ਕਬਜ਼ਾ ਕਰ ਲਿਆ।

7 ਨਵੰਬਰ ਦੀ ਰਾਤ ਨੂੰ 10:40 ਵਜੇ, ਮਜ਼ਦੂਰਾਂ ਅਤੇ ਸੈਨਿਕਾਂ ਦੇ ਡਿਪਟੀਆਂ ਦੀਆਂ ਸੋਵੀਅਤਾਂ ਨੇ ਆਪਣੀ ਦੂਸਰੀ ਸਰਬ-ਰੂਸ ਕਾਂਗਰਸ ਦੀਆਂ ਕਾਰਵਾਈਆਂ ਅਰੰਭ ਕੀਤੀਆਂ। ਕਾਂਗਰਸ ਨੇ ਮਜ਼ਦੂਰਾਂ, ਸੈਨਿਕਾਂ ਅਤੇ ਕਿਸਾਨਾਂ ਨੂੰ ਸੰਬੋਧਿਤ ਇਹ ਐਲਾਨਨਾਮਾ ਪਾਸ ਕੀਤਾ ਕਿ ਸੋਵੀਅਤਾਂ ਦੀ ਕਾਂਗਰਸ ਨੇ ਸਿਆਸੀ ਤਾਕਤ ਆਪਣੇ ਹੱਥ ਲੈ ਲਈ ਹੈ। 8 ਨਵੰਬਰ ਨੂੰ ਕਾਂਗਰਸ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਰੂਸ ਦੀ ਸ਼ਮੂਲੀਅਤ ਵਾਪਸ ਲੈਣ ਦੇ ਸ਼ਾਂਤੀ ਫੁਰਮਾਨ ਨੂੰ ਪ੍ਰਵਾਨਗੀ ਦਿਤੀ। ਜ਼ਮੀਨ ਬਾਰੇ ਫੁਰਮਾਨ ਜਾਰੀ ਕਰਕੇ ਜਗੀਰਦਾਰਾਂ ਤੋਂ ਸੈਂਕੜੇ ਕ੍ਰੋੜ ਏਕੜ ਜ਼ਮੀਨ ਖੋਹ ਲਈ ਅਤੇ ਉਸਨੂੰ ਕਿਸਾਨਾਂ ਦੀਆਂ ਕਮੇਟੀਆਂ ਦੇ ਸਪੁੱਰਦ ਕਰ ਦਿੱਤਾ।

ਪਹਿਲੇ ਕੁੱਝ ਕੁ ਮਹੀਨਿਆਂ ਦੁਰਾਨ ਸੋਵੀਅਤ ਰਾਜ ਨੇ ਵੱਡੇ ਸਰਮਾਏਦਾਰਾਂ ਦੀ ਵੱਡੇ ਪੱਧਰ ਦੀ ਇੰਡਸਟਰੀ, ਟਰਾਂਸਪੋਰਟ, ਬੈਂਕਿੰਗ ਅਤੇ ਵਿਉਪਾਰ ਜ਼ਬਤ ਕਰ ਲਏ ਅਤੇ ਇਨ੍ਹਾਂ ਨੂੰ ਸਮਾਜ ਦੀ ਮਾਲਕੀ ਵਾਲੇ ਸਰਬਜਨਕ ਅਦਾਰੇ ਬਣਾ ਦਿੱਤਾ। ਸਭ ਚੀਜ਼ਾਂ ਅਤੇ ਸੇਵਾਵਾਂ ਦਾ ਉਤਪਾਦਨ ਅਤੇ ਵਿਤਰਣ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਯੋਜਨਾ ਹੇਠ ਲੈਆਂਦਾ।

ਸੋਵੀਅਤ ਰਾਜ ਨੇ ਪਹਿਲੇ ਦਸ ਸਾਲਾਂ ਦੁਰਾਨ ਮੇਹਨਤਕਸ਼ ਕਿਸਾਨਾਂ ਨੂੰ ਆਪਣੀ ਜ਼ਮੀਨ ਇੱਕ ਥਾਂ ਕਰਕੇ ਵੱਡੇ ਪੱਧਰ ਦੇ ਸਾਂਝੇ ਫਾਰਮ ਬਣਾਉਣ ਲਈ ਉਤਸ਼ਾਹਤ ਕੀਤਾ। ਇੱਕ ਨਵੇਂ ਸਮਾਜਿਕ ਢਾਂਚੇ ਦਾ ਜਨਮ ਹੋ ਗਿਆ, ਜਿਸ ਵਿੱਚ ਨਾ ਕੋਈ ਲੁੱਟ-ਖਸੁੱਟ ਸੀ, ਨਾ ਬੇਰੁਜ਼ਗਾਰੀ, ਨਾ ਮੁਦਰਾਸਫੀਤੀ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਸੰਟਕ ਸੀ।

ਸੋਵੀਅਤ ਰਾਜ ਨੇ ਔਰਤਾਂ ਨੂੰ ਹਰ ਕਿਸਮ ਦੀ ਲੁੱਟ ਤੋਂ ਮੁਕਤ ਕਰਾਉਣ ਲਈ ਵਿਸ਼ੇਸ਼ ਕਦਮ ਉਠਾਏ। ਇਸਨੇ ਔਰਤਾਂ ਅਤੇ ਮਰਦਾਂ ਨੂੰ ‘ਬਰਾਬਰ ਕੰਮ ਲਈ, ਬਰਾਬਰ ਵੇਤਨ’ ਦਾ ਅਸੂਲ ਸਥਾਪਤ ਕੀਤਾ। ਔਰਤਾਂ ਲਈ ਉਤਪਾਦਨ, ਸਿਆਸੀ ਅਤੇ ਸਭਿੱਆਚਾਰਕ ਮਾਮਲਿਆਂ ਵਿੱਚ ਮਰਦਾਂ ਦੇ ਬਰਾਬਰ ਹਿੱਸਾ ਲੈਣਾ ਸੰਭਵ ਬਣਾਉਣ ਲਈ ਸਰਬਜਨਕ ਕੰਨਟੀਨਾਂ ਅਤੇ ਬੱਚਿਆਂ ਦੀ ਸੰਭਾਲ ਕੀਤੇ ਜਾਣ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ।

ਫੈਸਲੇ ਲੈਣ ਦੀ ਤਾਕਤ

ਸਰਮਾਏਦਾਰ ਜਮਾਤ ਅਤੇ ਉਸਦੇ ਤਮਾਮ ਸਿਧਾਂਤਕਾਰਾਂ ਦਾ ਦਾਅਵਾ ਹੈ ਕਿ ਬਹੁ-ਪਾਰਟੀ ਜਮਹੂਰੀਅਤਸੋਵੀਅਤ ਢਾਂਚੇ ਨਾਲੋਂ ਵਧੀਆ ਹੈ। ਸੋਵੀਅਤ ਢਾਂਚੇ ਨੂੰ ਉਹ ਇੱਕ ਪਾਰਟੀ ਦੀ ਤਾਨਾਸ਼ਹੀਕਹਿੰਦੇ ਹਨ। ਉਨ੍ਹਾਂ ਨੇ ਇਹ ਵਿਚਾਰ ਫੈਲਾਏ ਕਿ ਕਿਸੇ ਸਿਆਸੀ ਢਾਂਚੇ ਦੀ ਗੁਣਵੱਤਾ (ਕੁਆਲਟੀ) ਉਸਦੀ ਚੋਣ ਪ੍ਰੀਕ੍ਰਿਆ ਵਿੱਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਦੀ ਗਿਣਤੀ ਤੋਂ ਦੇਖੀ ਜਾ ਸਕਦੀ ਹੈ।

ਕੀ ਕੋਈ ਸਿਆਸੀ ਢਾਂਚਾ ਜਨਤਾ ਨੂੰ ਜਮਹੂਰੀਅਤ ਦੀ ਗਰੰਟੀ ਦਿੰਦਾ ਹੈ ਜਾਂ ਨਹੀਂ, ਇਸਦਾ ਫੈਸਲਾ ਉਹੀ ਕਰਦੇ ਹਨ, ਜਿਨ੍ਹਾਂ ਕੋਲ ਫੈਸਲੇ ਲੈਣ ਦੀ ਤਾਕਤ ਹੋਵੇ। ਅਮਰੀਕਾ, ਬਰਤਾਨੀਆਂ ਅਤੇ ਹਿੰਦੋਸਤਾਨ ਵਰਗੇ ਸਰਮਾਏਦਾਰਾ ਰਾਜ ਜਿਹੜੇ ਜਮਹੂਰੀ ਹੋਣ ਦਾ ਦਾਅਵਾ ਕਰਦੇ ਹਨ, ਉਥੇ ਫੈਸਲੇ ਲੈਣ ਦੀ ਤਾਕਤ ਸਿਆਸਤਦਾਨਾਂ ਦੀ ਇੱਕ ਛੋਟੀ ਜਿਹੀ ਜੁੰਡਲੀ ਦੇ ਹੱਥਾਂ ਵਿਚ ਕੇਂਦਰਿਤ ਹੈ, ਜਿਨ੍ਹਾਂ ਉੱਤੇ ਧਨਾਡਾਂ ਅਤੇ ਸਭ ਤੋਂ ਵੱਧ ਅਸਰ-ਰਸੂਖ ਵਾਲੇ ਸਰਮਾਏਦਾਰਾਂ ਨੂੰ ਵਿਸ਼ਵਾਸ਼ ਹੈ ਕਿ ਉਹ ਉਨ੍ਹਾਂ ਦੇ ਹਿੱਤ ਵਿੱਚ ਹਕੂਮਤ ਚਲਾਉਣਗੇ। ਵੋਟਾਂ ਵਾਲੇ ਦਿਨ ਤੋਂ ਸਿਵਾ ਲੋਕਾਂ ਦੀ ਹੋਰ ਕੋਈ ਭੂਮਿਕਾ ਨਹੀਂ ਹੈ। ਉਸ ਦਿਨ ਉਨ੍ਹਾਂ ਨੂੰ ਸਰਮਾਏਦਾਰ ਜਮਾਤ ਦੀਆਂ ਪਾਰਟੀਆਂ ਦੇ ਇਸ ਜਾਂ ਉਸ ਉਮੀਦਵਾਰ ਨੂੰ ਵੋਟ ਪਾਉਣ ਲਈ ਕਿਹਾ ਜਾਂਦਾ ਹੈ।

ਸੋਵੀਅਤ ਯੂਨੀਅਨ ਵਿੱਚ ਮਜ਼ਦੂਰ, ਸੈਨਿਕ ਅਤੇ ਕਿਸਾਨ ਖੁਦ ਹੀ ਉਮੀਦਵਾਰ ਖੜ੍ਹੇ ਕਰਦੇ ਸਨ ਅਤੇ ਫੇਰ ਉਨ੍ਹਾਂ ਵਿਚੋਂ ਨੀਵੇਂ ਤੋਂ ਨੀਵੇਂ ਪੱਧਰ ਤੋਂ ਲੈ ਕੇ ਉੱਚਤਮ ਪੱਧਰ ਦੀਆਂ ਸੋਵੀਅਤਾਂ ਵਿੱਚ ਸੇਵਾ ਨਿਭਾਉਣ ਲਈ ਪ੍ਰਤੀਨਿਧ ਚੁਣਦੇ ਸਨ। ਚੁਣੇ ਗਏ ਪ੍ਰਤੀਨਿਧਾਂ ਨੂੰ ਚੋਣਕਾਰਾਂ ਵਲੋਂ ਕਿਸੇ ਵੀ ਵਕਤ ਵਾਪਸ ਬੁਲਾਇਆ ਸਕਦਾ ਸੀ। ਚੁਣੇ ਗਏ ਡਿਪਟੀਆਂ ਵਿੱਚ ਹਕੂਮਤ ਕਰਨ ਵਾਲੀਆਂ ਜਾਂ ਵਿਰੋਧ ਕਰਨ ਵਾਲੀਆਂ ਧਿਰਾਂ ਨਹੀਂ ਸਨ ਹੁੰਦੀਆਂ। ਚੁਣੀ ਗਈ ਇਕਾਈ ਸਮੁੱਚੇ ਤੌਰ ਉਤੇ ਵਿਧਾਨਕਾਰੀ ਅਤੇ ਕਾਰਜਕਾਰੀ ਫੈਸਲੇ ਲੈਣ ਅਤੇ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਜ਼ਿਮੇਵਾਰ ਹੁੰਦੀ ਸੀ।

ਵਿਸ਼ੇਸ਼ ਅਧਿਕਾਰਾਂ ਅਤੇ ਉੱਚੇ ਵੇਤਨਾਂ ਵਾਲੇ ਦਫਤਰਸ਼ਾਹਾਂ ਦੀ ਥਾਂ ਸ਼ਹਿਰੀ ਸੇਵਕ ਲਾਏ ਗਏ, ਜਿਨ੍ਹਾਂ ਨੂੰ ਹੁਨਰਮੰਦ ਮਜ਼ਦੂਰਾਂ ਜਿੰਨੇ ਵੇਤਨ ਦਿਤੇ ਜਾਂਦੇ ਸਨ। ਖੂਨਪੀਣੀ ਜ਼ਾਰਸ਼ਾਹੀ ਫੌਜ ਦੀ ਥਾਂ ਲਾਲ ਫੌਜ ਆ ਗਈ, ਜਿਹੜੀ ਲੋਟੂਆਂ ਦਾ ਤਖਤਾ ਪਲਟ ਕਰਨ ਦੇ ਇਨਕਲਾਬੀ ਸੰਘਰਸ਼ ਦੁਰਾਨ ਬਣੀ ਅਤੇ ਵਧੀ-ਫੁੱਲੀ ਸੀ।

1936 ਵਿੱਚ ਸੋਵੀਅਤ ਲੋਕਾਂ ਨੇ ਇੱਕ ਨਵਾਂ ਸੰਵਿਧਾਨ ਅਪਣਾਇਆ। ਇਸਨੇ ਇਸ ਸੱਚਾਈ ਦੀ ਸ਼ਨਾਖਤ ਕਰ ਲਈ ਕਿ ਸੋਵੀਅਤ ਸਮਾਜ ਦੇ ਅੰਦਰ ਲੋਟੂ ਆਰਥਿਕ ਜਮਾਤਾਂ ਬਤੌਰ ਲੋਟੂ ਜਮਾਤਾਂ ਦੀ ਹੋਂਦ ਨਹੀਂ ਰਹੀ। ਸਮਾਜਵਾਦੀ ਉਸਾਰੀ ਉਸ ਪੱਧਰ ਤਕ ਵਧ ਗਈ ਹੈ, ਜਿੱਥੇ ਕਿ ਮਜ਼ਦੂਰਾਂ ਅਤੇ ਸਾਂਝੀ ਖੇਤੀ ਵਾਲੇ ਕਿਸਾਨਾਂ ਦੀਆਂ ਦੋ ਦੋਸਤਾਨਾ ਜਮਾਤਾਂ ਅਤੇ ਲੋਕ-ਬੁੱਧੀਜੀਵੀਆਂ ਦਾ ਇੱਕ ਤਬਕਾ ਹੀ ਮੌਜੂਦ ਰਹਿ ਗਿਆ ਹੈ।

1936 ਦਾ ਸੰਵਿਧਾਨ ਦੁਨੀਆਂ ਵਿੱਚ ਅੱਜ ਤਕ ਬਣੇ ਜਮਹੂਰੀ ਸੰਵਿਧਾਨਾਂ ਵਿਚੋਂ ਸਭ ਤੋਂ ਜਮਹੂਰੀ ਅਤੇ ਆਧੁਨਿਕ ਹੈ। ਸਰਬਜਨਕ ਬਾਲਗ ਵੋਟ-ਅਧਿਕਾਰ ਸਥਾਪਤ ਕਰਨ ਤੋਂ ਸਿਵਾ, ਇਸਨੇ ਇਹ ਸ਼ਨਾਖਤ ਕੀਤੀ ਕਿ ਸਾਰੇ ਮੱਤਦਾਤਾਵਾਂ ਨੂੰ ਉਮੀਦਵਾਰ ਖੜ੍ਹੇ ਕਰਨ ਵਿੱਚ ਆਪਣੀ ਰਾਇ ਦੇਣ ਦਾ ਅਧਿਕਾਰ ਹੈ। ਉਸ ਸਾਲ ਹੋਈਆਂ ਚੋਣਾਂ ਵਿੱਚ ਉਮੀਦਵਾਰ ਖੜ੍ਹੇ ਕਰਨ ਦੀ ਇੱਕ ਲੰਬੀ ਅਤੇ ਗਹਿਰੀ ਪ੍ਰੀਕ੍ਰਿਆ ਚੱਲੀ। ਸਾਰੇ ਮੱਤਦਾਤਾਵਾਂ ਨੂੰ, ਨਾਮਜ਼ਦ ਕੀਤੇ ਗਏ ਉਮੀਦਵਾਰਾਂ ਬਾਰੇ ਆਪਣੇ ਵਿਚਾਰ ਦੇਣ ਦੀ ਖੁੱਲ੍ਹ ਸੀ। ਇਸ ਪ੍ਰੀਕ੍ਰਿਆ ਦੀ ਨਿਗਰਾਨੀ ਇੱਕ ਚੁਣੀ ਹੋਈ ਕਮੇਟੀ ਨੇ ਕੀਤੀ, ਇਸ ਪ੍ਰੀਕ੍ਰਿਆ ਨਾਲ ਉਮੀਦਵਾਰਾਂ ਦੀ ਇੱਕ ਛੋਟੀ ਸੂਚੀ ਬਣਾਈ। ਕੇਵਲ ਉਸ ਤੋਂ ਬਾਅਦ ਹੀ ਲੋਕਾਂ ਦੇ ਡਿਪਟੀ ਦੀ ਚੋਣ ਵਾਸਤੇ ਮਤਦਾਨ (ਵੋਟਿੰਗ) ਕਰਵਾਇਆ ਗਿਆ।

ਸੋਵੀਅਤ ਸਿਆਸੀ ਢਾਂਚੇ ਨੂੰ “ਇੱਕ ਪਾਰਟੀ ਦੀ ਡਿਕਟੇਟਰਸ਼ਿਪ” ਕਹਿ ਕੇ ਸਰਮਾਏਦਾਰਾਂ ਦੇ ਵਕਤਾ ਕੇਂਦਰੀ ਨੁਕਤੇ ਤੋਂ ਧਿਆਨ ਲਾਂਭੇ ਲੈ ਜਾਣਾ ਚਾਹੁੰਦੇ ਹਨ। ਕੇਂਦਰੀ ਨੁਕਤਾ ਇਹ ਹੈ ਕਿ ਸਰਮਾਏਦਾਰਾ ਦੇਸ਼ਾਂ ਵਿੱਚ ਸੰਸਦੀ ਅਤੇ ਪ੍ਰਧਾਨਗੀ ਢਾਂਚੇ ਦੇ ਅੰਦਰ ਇੱਕ ਛੋਟੀ ਜਿਹੀ ਜੁੰਡਲੀ ਹੀ ਸਾਰੇ ਫੈਸਲੇ ਲੈਂਦੀ ਹੈ, ਜਦਕਿ ਸੋਵੀਅਤ ਢਾਂਚੇ ਵਿੱਚ ਲੋਕਾਂ ਦੀ ਮੇਹਨਤਕਸ਼ ਬਹੁ-ਗਿਣਤੀ ਫੈਸਲੇ ਲੈਣ ਦੀ ਪ੍ਰੀਕ੍ਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਸੀ। ਕਮਿਉਨਿਸਟ ਪਾਰਟੀ ਲੋਕਾਂ ਨੂੰ ਸਹੀ ਦ੍ਰਿਸ਼ਟੀਕੋਨ ਮੁਹੱਈਆ ਕਰਦੀ ਸੀ ਅਤੇ ਉਨ੍ਹਾਂ ਵਿੱਚ ਉੱਚੀ ਚੇਤਨਤਾ ਭਰਨ ਲਈ ਅਗਵਾਈ ਦਿੰਦੀ ਸੀ।

ਮਾਰਕਸਵਾਦ-ਲੈਨਿਨਵਾਦ ਅਤੇ ਵਿਗਿਆਨਿਕ ਸਮਾਜਵਾਦ ਤੋਂ ਭਟਕਾਉਣਾ 1956 ਵਿੱਚ ਸੋਵੀਅਤ ਪਾਰਟੀ ਦੀ 20ਵੀਂ ਕਾਂਗਰਸ ਤੋਂ ਸ਼ੁਰੂ ਹੋਇਆ, ਜਿਸ ਨੇ ਲੋਕਾਂ ਦੀ ਭੂਮਿਕਾ ਖ਼ਤਮ ਕਰ ਦਿੱਤੀ।

ਨਿਚੋੜ

ਸਿਆਸੀ ਢਾਂਚੇ ਅਤੇ ਆਰਥਿਕਤਾ ਦੀ ਦਿਸ਼ਾ ਵਿਚਕਾਰ ਅਟੁੱਟ ਜੋੜ (ਰਿਸ਼ਤਾ) ਹੁੰਦਾ ਹੈ। ਆਰਥਿਕਤਾ ਕਿਸ ਲਈ ਫਾਇਦੇਮੰਦ ਹੈ ਅਤੇ ਕਿਸ ਲਈ ਨਹੀਂ, ਇਹ ਇਸ ਉਤੇ ਮੁਨੱਸਰ ਹੁੰਦਾ ਹੈ ਕਿ ਫੈਸਲੇ ਕੌਣ ਲੈਂਦਾ ਹੈ। ਆਰਥਿਕਤਾ ਦੀ ਦਿਸ਼ਾ ਨੂੰ ਬਦਲਣ ਲਈ ਸਿਆਸੀ ਢਾਂਚੇ ਦੇ ਖਾਸੇ ਨੂੰ ਬਦਲਣਾ ਪਏਗਾ। ਫੈਸਲੇ ਲੈਣ ਦੀ ਤਾਕਤ ਬਹੁਸੰਖਿਅਕ ਮੇਹਨਤਕਸ਼ ਲੋਕਾਂ ਦੇ ਹੱਥਾਂ ਵਿੱਚ ਲਿਆਉਣ ਦੀ ਜ਼ਰੂਰਤ ਹੈ।

ਕਮਿਉਨਿਸਟ ਲਹਿਰ ਵਿੱਚ ਕੁੱਝ ਅਜੇਹੇ ਲੋਕ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਸੰਸਦੀ ਢਾਂਚੇ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤਾਂ ਲਈ ਵਰਤਿਆ ਜਾ ਸਕਦਾ ਹੈ। ਉਹ ਅਜੇਹਾ ਭਰਮ ਵੀ ਫੈਲਾਅ ਰਹੇ ਹਨ ਕਿ ਮੌਜੂਦਾ ਰਾਜ ਨੂੰ ਸਾਰੀਆਂ ਜਮਾਤਾਂ ਦੇ ਹਿੱਤਾਂ ਵਿੱਚ ਵਰਤਿਆ ਜਾ ਸਕਦਾ ਹੈ। ਲੇਕਿਨ ਮਜ਼ਦੂਰਾਂ, ਕਿਸਾਨਾਂ ਅਤੇ ਮੇਹਨਤਕਸ਼ ਜਨਤਾ ਦਾ ਰੋਜ਼ਾਨਾ ਤਜਰਬਾ ਲੈਨਿਨ ਦੇ ਇਸ ਨਿਚੋੜ ਦੀ ਪੁਸ਼ਟੀ ਕਰਦਾ ਹੈ ਕਿ ਸੰਸਦੀ ਜਮਹੂਰੀਅਤ ਸਰਮਾਏਦਾਰੀ ਦੀ ਤਾਨਾਸ਼ਾਹੀ ਦਾ ਇੱਕ ਰੂਪ ਹੈ। ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ ਅਤੇ ਕੋਈ ਵੀ ਵਿਅਕਤੀ ਮੰਤਰੀ ਬਣਨ ਸਰਮਾਏਦਾਰੀ ਦੀ ਹਕੂਮਤ ਸੁਰੱਖਿਅਤ ਰਹਿੰਦੀ ਹੈ।

ਅੱਜ ਸਾਡੇ ਦੇਸ਼ ਵਿੱਚ ਸਰਮਾਏਦਾਰਾਂ ਦੇ ਹਮਲਿਆਂ ਦੇ ਖ਼ਿਲਾਫ਼ ਮਜ਼ਦੂਰਾਂ ਅਤੇ ਕਿਸਾਨਾਂ ਦੇ ਸੰਘਰਸ਼ਾਂ ਦੀ ਚੜ੍ਹਤ ਹੈ। ਸਮਾਂ ਕਮਿਉਨਿਸਟਾਂ ਨੂੰ ਸਰਮਾਏਦਾਰਾ ਹਕੂਮਤ ਦੇ ਖ਼ਿਲਾਫ਼ ਮਜ਼ਦੂਰ ਜਮਾਤ, ਕਿਸਾਨੀ ਅਤੇ ਤਮਾਮ ਦੱਬੇ-ਕੁਚਲੇ ਤਬਕਿਆਂ ਦੀ ਸਿਆਸੀ ਏਕਤਾ ਬਣਾਉਣ ਅਤੇ ਇਸਨੂੰ ਮਜ਼ਬੂਤ ਕਰਨ ਲਈ ਪੁਕਾਰ ਰਿਹਾ ਹੈ, ਜਿਸ ਤਰ੍ਹਾਂ ਕਿ ਬਾਲਸ਼ਵਿਕਾਂ ਨੇ ਆਪਣੇ ਵੇਲੇ ਕੀਤਾ ਸੀ। ਸਰਮਾਏਦਾਰਾਂ ਦੀ ਧੱਕੜਸ਼ਾਹੀ ਦੇ ਖ਼ਿਲਾਫ਼ ਸੰਘਰਸ਼ ਮੇਹਨਤਕਸ਼ ਜਨਤਾ ਨੂੰ ਸਮਰੱਥ ਬਣਾਉਣ ਅਤੇ ਆਰਥਿਕਤਾ ਨੂੰ ਮਹਾਂ-ਅਮੀਰ ਲੋਟੂ ਅਲਪਸੰਖਿਆ ਦੇ ਲਾਲਚ ਪੂਰੇ ਕਰਨ ਦੀ ਬਜਾਇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਦਿਸ਼ਾ ਵਿੱਚ ਮੋੜਨ ਦੇ ਨਿਸ਼ਾਨੇ ਨਾਲ ਚਲਾਉਣ ਦੀ ਅਵੱਸ਼ਕਤਾ ਹੈ।

close

Share and Enjoy !

Shares

Leave a Reply

Your email address will not be published.