ਗਹਿਰੇ ਦੁੱਖ ਨਾਲ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ, ਆਪਣੇ ਪਿਆਰੇ ਸਾਥੀ ਥੰਗਾਸਾਮੀ ਵਿਲਸਨ ਦਾ, 20 ਅਕਤੂਬਰ 2021 ਨੂੰ, ਦਿਹਾਂਤ ਹੋ ਜਾਣ ਦੀ ਖ਼ਬਰ ਛਾਪ ਰਹੀ ਹੈ। |
![]() ਤਾਮਿਲਨਾਡੂ ਦੇ ਕੰਨਿਆਕੁਮਾਰੀ ਜਿਲ੍ਹੇ ਵਿੱਚ ਇੱਕ ਮਜ਼ਦੂਰ ਜਮਾਤ ਪਰਿਵਾਰ ‘ਚ ਜਨਮੇ, ਕਾਮਰੇਡ ਵਿਲਸਨ ਛੋਟੀ ਉਮਰ ਤੋਂ ਹੀ ਕਮਿਉਨਿਜ਼ਮ ਦੇ ਆਦਰਸ਼ਾਂ ਵੱਲ ਆਕਰਸ਼ਤ ਹੋ ਗਏ ਸਨ। ਪਾਰਟੀ ਅਤੇ ਇਹਦੀ ਸੇਧ ਉੱਤੇ ਉਹਦੇ ਮੁਕੰਮਲ ਵਿਸ਼ਵਾਸ ਨੂੰ ਕੁੱਝ ਵੀ ਹਿਲਾ ਨਹੀਂ ਸੀ ਸਕਦਾ। ਉਹਨੇ ਬੜੀ ਤਨਦੇਹੀ ਨਾਲ, ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਲੋਕਾਂ ਨੂੰ ਆਪਣੇ ਹੱਕਾਂ ਦੀ ਰਖਵਾਲੀ ਕਰਨ ਵਾਸਤੇ ਜਥੇਬੰਦ ਕਰਨ ਲਈ ਕੰਮ ਕੀਤਾ। ਉਹਨੇ ਆਪਣੀ ਸਾਰੀ ਜਿੰਦਗੀ, ਸਭ ਕਿਸਮਾਂ ਦੀ ਲੁੱਟ ਅਤੇ ਦਮਨ ਤੋਂ ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਲੋਕਾਂ ਦੀ ਬੰਦ-ਖਲਾਸੀ ਦੇ ਕਾਜ਼ ਦੇ ਲੇਖੇ ਲਾ ਦਿੱਤੀ। ਆਪਣੀ ਅਣਥੱਕ ਮਿਹਨਤ ਸਦਕਾ, ਉਹਨੇ ਲੋਕਾਂ ਦਾ ਅਥਾਹ ਪਿਆਰ ਅਤੇ ਮੋਹ ਜਿੱਤਿਆ। ਜਿਨ੍ਹਾਂ ਲੋਕਾਂ ਦੇ ਨਾਲ ਉਹ ਰਹਿੰਦਾ ਅਤੇ ਕੰਮ ਕਰਦਾ ਰਿਹਾ ਸੀ, ਉਹਦੇ ਅੰਤਿਮ ਸੰਸਕਾਰ ‘ਤੇ ਕਹਿਰਾਂ ਦੇ ਸੋਗ ਵਿੱਚ ਡੁੱਬੇ ਹੋਏ ਸਨ। ਸੈਂਕੜਿਆਂ ਦੀ ਗਿਣਤੀ ਵਿੱਚ ਉਹਦੇ ਸਾਥੀ ਅਤੇ ਇਲਾਕੇ ਲੋਕ – ਮਜ਼ਦੂਰ, ਔਰਤਾਂ ਅਤੇ ਨੌਜਵਾਨ – ਮੋਹਲੇਧਾਰ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ, ਉਹਦੇ ਅੰਤਿਮ ਸੰਸਕਾਰ ‘ਤੇ ਪਹੁੰਚੇ; ਉਹ ਆਪਣੇ ਵਿਛੜੇ ਦੋਸਤ ਅਤੇ ਕਾਮਰੇਡ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰਨ ਆਏ ਸਨ, ਜਿਹੜਾ ਹਮੇਸ਼ਾ ਲੋਕਾਂ ਦੇ ਹਿੱਤਾਂ ਵਾਸਤੇ ਦਲੇਰੀ ਨਾਲ ਲੜਦਾ ਰਿਹਾ ਸੀ। ਕਾਮਰੇਡ ਵਿਲਸਨ ਦੇ ਲਾਲ ਝੰਡੇ ਨਾਲ ਢਕੇ ਅਤੇ ਫੁੱਲਾਂ ਨਾਲ ਸਜਾਏ ਹੋਏ ਕੱਫ਼ਣ ਦੇ ਕੋਲ ਇੱਕ ਪ੍ਰਭਾਵਸ਼ਾਲੀ ਸ਼ਰਧਾਂਜਲੀ ਮੀਟਿੰਗ ਕੀਤੀ ਗਈ। ਆਪਣੀ ਪਾਰਟੀ ਦੇ ਮੁੱਖ ਸਕੱਤਰ, ਕਾਮਰੇਡ ਲਾਲ ਸਿੰਘ ਵਲੋਂ ਭੇਜਿਆ ਗਿਆ ਇੱਕ ਦਿੱਲ ਟੁੰਬਵਾਂ ਸ਼ੋਕ ਸੰਦੇਸ਼, ਇਕੱਠ ਦੇ ਸਾਹਮਣੇ ਪੜ੍ਹਿਆ ਗਿਆ। ਇਸਤੋਂ ਬਾਦ, ਪਾਰਟੀ ਦੇ ਕਈ ਹੋਰ ਸਾਥੀਆਂ ਨੇ ਵੀ, ਕਾਮਰੇਡ ਵਿਲਸਨ ਦੇ ਜੀਵਨ ਅਤੇ ਕੰਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਜਿਲ੍ਹੇ ਦੀਆਂ ਪੰਚਾਇਤ ਯੂਨੀਅਨਾਂ ਦੇ ਕਈ ਆਗੂ ਸ਼ਰਧਾਂਜਲੀ ਸਭਾ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੀ.ਪੀ.ਆਈ.ਐਮ. ਦੀ ਇਲਾਕਾ ਕਮੇਟੀ ਨੇ ਆਪਣੀ ਪਾਰਟੀ ਵਲੋਂ, ਕਾਮਰੇਡ ਵਿਲਸਨ ਦੀ ਦੇਹ ਉੱਤੇ ਫੁੱਲ-ਮਾਲਾ ਚੜ੍ਹਾਕੇ ਉਹਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ, ਲੋਕਾਂ ਦੇ ਹੱਕਾਂ ਵਾਸਤੇ ਅਤੇ ਕਮਿਉਨਿਜ਼ਮ ਦੇ ਕਾਜ਼ ਵਾਸਤੇ ਸੰਘਰਸ਼ ਨੂੰ ਕਾਮਰੇਡ ਵਿਲਸਨ ਅਤੇ ਕਮਿਉਨਿਸਟ ਗ਼ਦਰ ਪਾਰਟੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਕਾਮਰੇਡ ਵਿਲਸਨ ਦਾ ਦਿਹਾਂਤ, ਪਾਰਟੀ ਅਤੇ ਲੋਕਾਂ ਵਾਸਤੇ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ। ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ, ਆਪਣੇ ਵਿਛੜੇ ਸਾਥੀ ਦੀ ਯਾਦ ਵਿੱਚ ਆਪਣਾ ਲਾਲ ਝੰਡਾ ਨੀਵਾਂ ਕਰਦੀ ਹੈ। ਹੇਠਾਂ ਅਸੀਂ, ਕਮਿਉਨਿਸਟ ਗ਼ਦਰ ਪਾਰਟੀ ਦੇ ਮੁੱਖ ਸਕੱਤਰ, ਕਾਮਰੇਡ ਲਾਲ ਸਿੰਘ ਦਾ ਸ਼ੋਕ ਸੰਦੇਸ਼ ਛਾਪ ਰਹੇ ਹਾਂ, ਜੋ ਕਾਮਰੇਡ ਥੰਗਾਸਾਮੀ ਵਿਲਸਨ ਦੇ ਅੰਤਿਮ ਸੰਸਕਾਰ ਵੇਲੇ ਕੀਤੀ ਗਈ ਸ਼ਰਧਾਂਜਲੀ ਸਭਾ ਵਿੱਚ ਪੜ੍ਹਿਆ ਗਿਆ ਸੀ। |
ਕਾਮਰੇਡ ਲਾਲ ਸਿੰਘ ਦਾ ਸ਼ੋਕ ਸੰਦੇਸ਼ਸਾਥੀਓ, ਕੱਲ੍ਹ ਸਾਨੂੰ ਇੱਕ ਬਹੁਤ ਹੀ ਦਰਦਭਰੀ ਖ਼ਬਰ ਮਿਲੀ ਕਿ ਸਾਡੇ ਪਿਆਰੇ ਸਾਥੀ ਥੰਗਾਸਾਮੀ ਵਿਲਸਨ ਨਹੀਂ ਰਹੇ। ਉਹਨੇ, ਆਪਣੀ ਆਖ਼ਰੀ ਸਾਹ, ਇੱਕ ਲਾ-ਇਲਾਜ਼ ਬਿਮਾਰੀ ਦੇ ਖ਼ਿਲਾਫ਼ ਇੱਕ ਲੰਬੀ ਅਤੇ ਅਸਫਲ ਲੜਾਈ ਲੜਨ ਤੋਂ ਬਾਦ ਜਵਾਨ ਤੇ ਬੇਵਕਤੀ 57 ਸਾਲ ਦੀ ਉਮਰੇ, ਆਪਣੇ ਸਨੇਹੀ ਸਾਥੀਆਂ ਦੀ ਮੌਜੂਦਗੀ ਵਿੱਚ ਲਈ। ਕਾਮਰੇਡ ਥੰਗਾਸਾਮੀ ਵਿਲਸਨ, ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਲੋਕਾਂ ਦੀ ਬੰਦ-ਖਲਾਸੀ ਦੇ ਕਾਜ਼ ਵਾਸਤੇ ਇੱਕ ਅਡੋਲ ਯੋਧਾ ਸੀ। ਤਾਮਿਲਨਾਡੂ ਦੇ ਕੰਨਿਆਕੁਮਾਰੀ ਜਿਲ੍ਹੇ ਵਿੱਚ ਇੱਕ ਮਜ਼ਦੂਰ ਜਮਾਤ ਪਰਿਵਾਰ ਵਿੱਚ ਜਨਮੇ ਸਾਥੀ ਵਿਲਸਨ ਨੇ ਬਹੁਤ ਛੋਟੀ ਉਮਰ ਤੋਂ ਹੀ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਕਮਿਉਨਿਜ਼ਮ ਦੇ ਆਦਰਸ਼ਾਂ ਪ੍ਰਤੀ ਬਹੁਤ ਹੀ ਆਕਰਸ਼ਤ ਸੀ ਅਤੇ ਉਹ ਬੜੀ ਅੱਲੜ੍ਹ ਉਮਰੇ ਹੀ ਪਾਰਟੀ ਦੀ ਜਥੇਬੰਦੀ ਵਿੱਚ ਸ਼ਾਮਲ ਹੋ ਗਿਆ। ਮੈਨੂੰ ਉਹਦੇ ਨਾਲ ਮੇਰੀ ਪਹਿਲੀ ਮਿਲਣੀ ਅਜੇ ਵੀ ਪੂਰੀ ਤਰ੍ਹਾਂ ਯਾਦ ਹੈ। ਉਹ ਇੱਕ ਬਹੁਤ ਹੀ ਹਿੰਮਤੀ ਅਤੇ ਜੋਸ਼ੀਲਾ ਨੌਜਵਾਨ ਸੀ ਅਤੇ ਉਹ ਉਨ੍ਹਾਂ ਕਈ ਸਾਰੇ ਨੌਜਵਾਨਾਂ ਵਿੱਚੋਂ ਇੱਕ ਸੀ, ਜਿਹੜੇ ਇਸ ਇਲਾਕੇ ਵਿੱਚ ਪਾਰਟੀ ਨੂੰ ਉਸਾਰਨ ਲਈ, ਸਵਾ. ਸਾਥੀ ਪੀ. ਦਾਸ ਦੀ ਅਗਵਾਈ ਹੇਠ ਕੰਮ ਕਰਦੇ ਸਨ। ਉਹ ਕਿੱਤੇ ਪੱਖੋਂ ਇੱਕ ਆਰਟਿਸਟ ਅਤੇ ਪੇਂਟਰ ਸੀ, ਜਿਹਨੇ ਆਪਣੇ ਇਸ ਹੁਨਰ ਨੂੰ, ਕੰਧਾਂ ਉਤੇ ਸੁੰਦਰ ਚਿੱਤਰਾਂ ਅਤੇ ਲੇਖਣੀ ਰਾਹੀਂ, ਪਾਰਟੀ ਅਤੇ ਮਜ਼ਦੂਰ ਲਹਿਰ ਦੀ ਸੇਵਾ ਲਈ ਸਮਰਪਤ ਕੀਤਾ। ਪਾਰਟੀ ਉਹਨੂੰ ਜੋ ਵੀ ਕੰਮ ਦਿੰਦੀ ਸੀ, ਉਹ ਬੜੇ ਉਤਸ਼ਾਹ ਨਾਲ ਕਰਦਾ ਸੀ। ਕਾਮਰੇਡ ਦਾਸ ਦੇ ਦਿਹਾਂਤ ਤੋਂ ਬਾਦ, ਕਾਮਰੇਡ ਵਿਲਸਨ ਨੇ ਕੰਨਿਆਕੁਮਾਰੀ ਜ਼ਿਲ੍ਹੇ ਵਿੱਚ ਪਾਰਟੀ ਦੇ ਕੰਮ ਨੂੰ ਦਲੇਰੀ ਨਾਲ ਅਤੇ ਦ੍ਰਿੜਤਾ ਨਾਲ ਅੱਗੇ ਵਧਾਉਣ ਵਿੱਚ ਬਾਕੀ ਸਾਥੀਆਂ ਦੀ ਅਗਵਾਈ ਕੀਤੀ। ਉਹ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ ਅਤੇ ਕੇਂਦਰੀ ਕਮੇਟੀ ਦਾ ਪ੍ਰਵਕਤਾ ਸੀ। ਉਹ ਪਾਰਟੀ ਸੇਧ ਅਤੇ ਸੁਨਹੇ ਨੂੰ ਬੜੀ ਦਲੇਰੀ ਨਾਲ ਆਮ ਲੋਕਾਂ ਤਕ ਲੈ ਕੇ ਜਾਂਦਾ ਸੀ। ਉਹ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਸੰਸਦ ਅਤੇ ਵਿਧਾਨ ਸਭਾ ਲਈ ਕਈ ਬਾਰ ਚੋਣਾਂ ਵਿੱਚ ਖੜਾ ਹੋਇਆ ਸੀ। ਆਪਣੇ ਆਖਰੀ ਸਾਹਾਂ ਤਕ, ਉਹ ਪਾਰਟੀ ਨਾਲ ਇੱਕ ਚਟਾਨ ਦੀ ਤਰ੍ਹਾਂ ਖੜਾ ਰਿਹਾ। ਉਹਨੇ ਸਹੀ ਮੈਨਿਆਂ ਵਿੱਚ ਆਪਣੀ ਪੂਰੀ ਜਿੰਦਗੀ ਮਾਨਵਤਾ ਦੀ ਸੇਵਾ ਦੇ ਲੇਖੇ ਲਾ ਦਿੱਤੀ। ਮੈਂ, ਉਹਦੀ ਮਾਂ ਜੋਇਸ ਨੂੰ ਸਿਜਦਾ ਕਰਦਾ ਹਾਂ, ਜਿਹਨੇ ਵਿਲਸਨ ਜਿਹੇ ਪੁੱਤਰ ਨੂੰ ਜਨਮ ਦਿੱਤਾ। ਬੇਸ਼ੱਕ ਮੈਂ ਐਸ ਵਕਤ ਉੱਥੇ ਖੁਦ ਹਾਜ਼ਰ ਨਹੀਂ ਹਾਂ, ਪਰ ਮੇਰਾ ਦਿੱਲ ਅਤੇ ਦਿਮਾਗ ਤੁਹਾਡੇ ਸਭ ਦੇ ਨਾਲ ਹੈ। ਕਾਮਰੇਡ ਵਿਲਸਨ ਦੇ ਸਭ ਸੰਗੀਓ ਅਤੇ ਸਨੇਹੀਓ, ਉਹਦੇ ਸਾਥੀਓ, ਉਹਦੇ ਭਰਾਵੋ, ਭੈਣੋਂ, ਹੋਰ ਸਭ ਸਾਥੀਓ ਅਤੇ ਦੋਸਤੋ, ਇਸ ਗਮ ਦੀ ਘੜੀ ਵਿੱਚ ਮੈਂ ਤੁਹਾਡੇ ਨਾਲ ਸ਼ਾਮਲ ਹਾਂ। ਮੈਂ, ਅੱਜ ਇਸ ਮਰਿਯਾਦਾਪੂਰਨ ਮੌਕੇ ‘ਤੇ ਪ੍ਰਣ ਕਰਦਾ ਹਾਂ ਕਿ ਆਪਾਂ ਸਾਰੇ ਦ੍ਰਿੜਤਾ ਨਾਲ ਉਸ ਰਾਹ ਉੱਤੇ ਅੱਗੇ ਵਧਦੇ ਰਹਾਂਗੇ, ਜੋ ਰਾਹ ਆਪਾਂ 41 ਸਾਲ ਪਹਿਲਾਂ ਪਾਰਟੀ ਦੀ ਸਥਾਪਨਾ ਕਰਨ ਵੇਲੇ ਅਪਣਾਇਆ ਸੀ। ਆਪਾਂ ਆਪਣੀ ਅੱਖ ਦੇ ਤਾਰੇ ਦੀ ਤਰ੍ਹਾਂ ਆਪਣੀ ਪਾਰਟੀ ਦੀ ਹਿਫਾਜਤ ਕਰਾਂਗੇ ਅਤੇ ਇਹਨੂੰ ਹੋਰ ਵੀ ਮਜਬੂਤ ਬਣਾਵਾਂਗੇ। ਆਪਾਂ ਆਪਣਾ ਮਿਸ਼ਨ, ਵਿਅਕਤੀਆਂ ਹੱਥੋਂ ਵਿਅਕਤੀਆਂ ਦੀ ਸਭ ਕਿਸਮਾਂ ਲੁੱਟ-ਖਸੁੱਟ ਅਤੇ ਦਮਨ ਤੋਂ ਮੁਕਤ ਹਿੰਦੋਸਤਾਨ ਉਸਾਰਨ ਦੇ ਮਿਸ਼ਨ ਹਾਸਲ ਕਰਨ ਲਈ ਅਣਥੱਕ ਮਿਹਨਤ ਕਰਾਂਗੇ। ਪਿਆਰੇ ਸਾਥੀ ਵਿਲਸਨ ਤੈਨੂੰ ਲਾਲ ਸਲਾਮ! ਲਾਲ ਸਿੰਘ, |