ਅਫ਼ਗਾਨਸਤਾਨ ਦੇ ਲੋਕਾਂ ਦੇ ਖ਼ਿਲਾਫ਼ ਅਮਰੀਕੀ ਸਾਮਰਾਜਵਾਦ ਦੇ ਵਹਿਸ਼ੀ ਅਪਰਾਧ ਕਦੇ ਵੀ ਭੁਲਾਏ ਨਹੀਂ ਜਾ ਸਕਦੇ

ਅਫ਼ਗਾਨਿਸਤਾਨ ਦੇ ਲੋਕਾਂ ਨੂੰ ਖੁਦ ਆਪਣਾ ਭਵਿੱਖ ਤੈਅ ਕਰਨ ਦਾ ਪੂਰਾ ਅਧਿਕਾਰ ਹੈ!

15 ਅਗਸਤ 2021 ਨੂੰ, ਤਾਲਿਬਾਨ ਫ਼ੌਜ ਕਾਬਲ ਵਿੱਚ ਦਾਖ਼ਲ ਹੋ ਗਈ ਅਤੇ ਰਾਸ਼ਟਰਪਤੀ ਦੇ ਮਹਿਲ ਉੱਤੇ ਕਬਜ਼ਾ ਕਰ ਲਿਆ। ਰਾਸ਼ਟਰਪਤੀ ਅਸ਼ਰਫ ਗਨੀ ਕੁਛ ਹੀ ਘੰਟੇ ਪਹਿਲਾਂ, ਅਮਰੀਕੀ ਮੱਦਦ ਦੇ ਨਾਲ, ਦੌੜ ਚੁੱਕੇ ਸਨ। ਅਮਰੀਕੀ ਪੈਸੇ ਨਾਲ ਪਲੀ ਅਤੇ ਅਮਰੀਕਾ ਤੋਂ ਸਿੱਖਿਆ ਪ੍ਰਾਪਤ, ਤਿੰਨ ਲੱਖ ਸਿਪਾਹੀਆਂ ਵਾਲੀ ਅਫ਼ਗਾਨੀ ਫ਼ੌਜ ਬਿਨਾਂ ਲੜੇ ਹੀ ਤਿੱਤਰ-ਬਿੱਤਰ ਹੋ ਗਈ। ਇਨ੍ਹਾਂ ਘਟਨਾਵਾਂ ਦੇ ਨਾਲ, ਕਾਬਲ ਵਿੱਚ ਅਮਰੀਕਾ ਵਲੋਂ ਸਮਰਥਤ ਕਠਪੁਤਲੀ ਸਰਕਾਰ ਦਾ ਅੰਤ ਹੋਇਆ। ਇਸ ਦੇ ਨਾਲ-ਨਾਲ, ਅਫ਼ਗਾਨਿਸਤਾਨ ਵਿੱਚ ਲੱਗਭਗ 20 ਸਾਲ ਲੰਬਾ ਅਮਰੀਕੀ ਦਖ਼ਲ ਵੀ ਖ਼ਤਮ ਹੋਇਆ।

ਅਫ਼ਗਾਨਿਸਤਾਨ ਦੇ ਲੋਕ, ਬਹਾਦਰ ਅਤੇ ਸਵੈਅਭਿਮਾਨੀ ਲੋਕ ਹਨ, ਜਿਨ੍ਹਾਂ ਨੇ ਆਪਣੀ ਅਜ਼ਾਦੀ ਨੂੰ ਹਮੇਸ਼ਾਂ ਹੀ ਬਹੁਤ ਕੀਮਤੀ ਮੰਨਿਆਂ ਹੈ। ਉਨ੍ਹਾਂ ਨੇ ਕਿਸੇ ਵੀ ਕੁਰਬਾਨੀ ਤੋਂ ਡਰੇ ਬਿਨਾਂ, ਹਰ ਵਿਦੇਸ਼ੀ ਸਾਮਰਾਜੀ ਤਾਕਤ ਜੋ ਉਨ੍ਹਾਂ ਉਤੇ ਕਬਜ਼ਾ ਕਰਨ ਆਈ, ਉਸਨੂੰ ਮੂੰਹਤੋੜ ਜਵਾਬ ਦਿੱਤਾ ਹੈ। ਬਰਤਾਨਵੀ-ਅਮਰੀਕੀ ਸਾਮਰਾਜਵਾਦੀਆਂ ਨੇ ਇਹ ਝੂਠਾ ਪ੍ਰਚਾਰ ਕੀਤਾ ਹੈ ਕਿ ਅਫ਼ਗਾਨੀ ਲੋਕ ਜ਼ਾਲਮ ਹਨ, ਪਿਛੜੀ ਸੱਭਿਅਤਾ ਵਾਲੇ ਹਨ। ਇਸ ਜਲੀਲ ਪ੍ਰਚਾਰ ਦਾ ਅਸਲੀ ਮਕਸਦ ਹੈ ਅਫ਼ਗਾਨੀ ਲੋਕਾਂ ਦੀ ਅਜ਼ਾਦੀ ਅਤੇ ਪ੍ਰਭੂਸੱਤਾ ਦੇ ਘਾਣ ਨੂੰ ਜਾਇਜ਼ ਠਹਿਰਾਉਣਾ। ਅਮਰੀਕੀ ਕਬਜ਼ਾਕਾਰੀ ਫ਼ੌਜ ਦਾ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣਾ ਬਹਾਦੁਰ ਅਫ਼ਗਾਨੀ ਲੋਕਾਂ ਦੀ ਜਿੱਤ ਹੈ। ਇਸਦੇ ਨਾਲ, ਅਫ਼ਗਾਨਿਸਤਾਨ ਦੇ ਲੋਕਾਂ ਦੇ ਲਈ, ਵਿਦੇਸ਼ੀ ਸਾਮਰਾਜਵਾਦੀ ਹੁਕਮਸ਼ਾਹੀ ਤੋਂ ਅਜ਼ਾਦ ਹੋ ਕੇ, ਖੁਦ ਆਪਣਾ ਭਵਿੱਖ ਨਿਰਧਾਰਤ ਕਰਨ ਲਈ ਰਸਤਾ ਖੁੱਲ੍ਹ ਜਾਂਦਾ ਹੈ।

20 ਸਾਲ ਪਹਿਲਾਂ, 7 ਅਕਤੂਬਰ 2001 ਨੂੰ ਅਮਰੀਕੀ ਸਾਮਰਾਜਵਾਦੀਆਂ ਅਤੇ ਬਰਤਾਨੀਆਂ ਨੇ ਅਫ਼ਗਾਨਿਸਤਾਨ ਦੇ ਲੋਕਾਂ ਦੇ ਖ਼ਿਲਾਫ਼ ਇੱਕ ਐਸਾ ਯੁੱਧ ਸ਼ੁਰੂ ਕੀਤਾ ਸੀ, ਜਿਸਨੂੰ ਇਤਿਹਾਸ ਵਿੱਚ ਸਭ ਤੋਂ ਬੇਰਹਿਮ ਯੁੱਧਾਂ ਵਿੱਚ ਗਿਿਣਆਂ ਜਾਂਦਾ ਹੈ। 11 ਸਤੰਬਰ 2001 ਨੂੰ ਨਿਊਯਾਰਕ ਵਿੱਚ ਹੋਏ ਅੱਤਵਾਦੀ ਹਮਲਿਆ ਤੋਂ ਬਾਦ, ਇਹ ਯੁੱਧ ਸ਼ੁਰੂ ਕੀਤਾ ਗਿਆ ਸੀ। 20 ਸਤੰਬਰ 2001 ਨੂੰ ਅਮਰੀਕਾ ਦੇ ਰਾਸ਼ਟਰਪਤੀ ਜ਼ਾਰਜ ਬੁੱਸ਼ ਨੇ ਐਲਾਨ ਕੀਤਾ ਸੀ ਕਿ ਅਲ-ਕਾਇਦਾ ਨਾਮਕ ਇੱਕ ਅੱਤਵਾਦੀ ਗਿਰੋਹ 11 ਸਤੰਬਰ 2001 ਨੂੰ ਨਿਊਯਾਰਕ ਵਿੱਚ ਹੋਏ ਅੱਤਵਾਦੀ ਹਮਲੇ ਦੇ ਲਈ ਜਿੰਮੇਵਾਰ ਸੀ ਅਤੇ ਉਸ ਗਿਰੋਹ ਦਾ ਨੇਤਾ, ਓਸਾਮਾ-ਬਿਨ-ਲਾਦਿਨ, ਅਫ਼ਗਾਨਿਸਤਾਨ ਵਿੱਚ ਸਰਗਰਮ ਸੀ। ਅਮਰੀਕਾ ਨੇ ਕੋਈ ਸਬੂਤ ਪੇਸ਼ ਕੀਤੇ ਬਿਨਾਂ ਹੀ ਦਾਵਾ ਕਰ ਦਿੱਤਾ ਕਿ ਨਿਊਯਾਰਕ ਵਿੱਚ ਹੋਏ ਅੱਤਵਾਦੀ ਹਮਲਿਆਂ ਦਾ ਸਰਗਣਾ ਅਫ਼ਗਾਨਿਸਤਾਨ ਤੋਂ ਅਤੇ ਅਫ਼ਗਾਨਿਸਤਾਨ ਦੀ ਸਰਕਾਰ ਦੇ ਪੂਰੇ ਸਹਿਯੋਗ ਦੇ ਨਾਲ ਆਪਣਾ ਕੰਮ ਕਰ ਰਿਹਾ ਸੀ। ਇਹ ਦਾਵਾ ਕਰਕੇ ਅਮਰੀਕੀ ਸਾਮਰਾਜਵਾਦੀਆਂ ਨੇ ਅਫ਼ਗਾਨਿਸਤਾਨ ਉੱਤੇ ਆਪਣੇ ਹਮਲੇ ਅਤੇ ਕਬਜ਼ੇ ਨੂੰ ਜਾਇਜ਼ ਠਹਿਰਾਇਆ। ਅਮਰੀਕਾ ਨੇ ਬੜੀ ਹੈਂਕੜ ਦੇ ਨਾਲ ਇਹ ਐਲਾਨ ਕਰ ਦਿੱਤਾ ਕਿ ਉਸਨੂੰ ਕਿਸੇ ਵੀ ਦੇਸ਼ ਉੱਤੇ ਇਹ ਦੋਸ਼ ਲਗਾ ਕੇ, ਕਿ ਉੱਥੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ, ਉਸ ਦੇਸ਼ ਦੀ ਪ੍ਰਭੂਸੱਤਾ ਦਾ ਘਾਣ ਕਰਨ ਦਾ ਅਧਿਕਾਰ ਹੈ। ਅਮਰੀਕਾ ਨੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਧਮਕਾਇਆ, ਜਿਨ੍ਹਾਂ ਨੇ ਅਮਰੀਕਾ ਦੀ “ਅੱਤਵਾਦ ਉਤੇ ਜੰਗ” ਦਾ ਸਮਰਥਨ ਨਹੀਂ ਕੀਤਾ। ਰਾਸ਼ਟਰਪਤੀ ਬੁੱਸ਼ ਨੇ ਐਲਾਨ ਕੀਤਾ ਸੀ ਕਿ “ਹਰ ਇਲਾਕੇ ਵਿੱਚ, ਹਰ ਇੱਕ ਰਾਸ਼ਟਰ ਨੂੰ, ਇਹ ਫ਼ੈਸਲਾ ਕਰਨਾ ਹੋਵੇਗਾ: ਆਪ ਜਾਂ ਤਾਂ ਸਾਡੇ ਨਾਲ ਹੋ ਜਾਂ ਫਿਰ ਆਪ ਅੱਤਵਾਦੀਆਂ ਦੇ ਨਾਲ ਹੋ”। ਅਮਰੀਕੀ ਸਾਮਰਾਜਵਾਦੀਆਂ ਨੇ ਐਲਾਨ ਕੀਤਾ ਕਿ ਇਹ ਸਾਰੀ ਦੁਨੀਆਂ ਵਿੱਚ ਅੱਤਵਾਦ ਦੇ ਖ਼ਿਲਾਫ਼ ਇੱਕ “ਅਨੰਤ ਯੁੱਧ” ਦੀ ਸ਼ੁਰੂਆਤ ਹੈ।

11 ਸਤੰਬਰ 2001 ਨੂੰ ਨਿਊਯਾਰਕ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ 20 ਸਾਲ ਬਾਦ, ਅਮਰੀਕਾ ਨੇ ਹਾਲੇ ਤੱਕ ਕੋਈ ਸਬੂਤ ਨਹੀਂ ਪੇਸ਼ ਕੀਤਾ ਹੈ ਕਿ ਉਨ੍ਹਾਂ ਹਮਲਿਆਂ ਦੇ ਪਿੱਛੇ ਅਫ਼ਗਾਨਿਸਤਾਨ ਦੀ ਤੱਤਕਾਲੀਨ ਸਰਕਾਰ ਦਾ ਕੋਈ ਹੱਥ ਸੀ। ਬਲਕਿ, ਘਟਨਾਵਾਂ ਦੇ ਅਧਾਰ ‘ਤੇ ਕਾਫ਼ੀ ਅਜਿਹੇ ਸਬੂਤ ਮਿਲੇ ਹਨ,  ਜੋ 11 ਸਤੰਬਰ 2001 ਨੂੰ ਨਿਊਯਾਰਕ ਵਿੱਚ ਹੋਏ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਅਮਰੀਕੀ ਰਾਜ ਦੀ ਭੂਮਿਕਾ ਦੇ ਵੱਲ ਇਸ਼ਾਰਾ ਕਰਦੇ ਹਨ। ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਮਰੀਕਾ ਨੇ 11 ਸਤੰਬਰ 2001 ਤੋਂ ਪਹਿਲਾਂ ਹੀ ਅਫ਼ਗਾਨਿਸਤਾਨ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ ਹੋਈ ਸੀ ਅਤੇ ਉਸਨੂੰ ਸਿਰਫ਼ ਸਹੀ ਮੌਕੇ ਦਾ ਇੰਤਜ਼ਾਰ ਸੀ।

ਅਮਰੀਕੀ ਰਾਜ ਨੇ, 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦਾ ਇਸਤੇਮਾਲ ਕਰਕੇ ਏਸ਼ੀਆ ਅਤੇ ਅਫ਼ਰੀਕਾ ਦੇ ਕਈ ਇਸਲਾਮੀ ਦੇਸ਼ਾਂ ਉੱਤੇ ਕਬਜ਼ਾਕਾਰੀ ਜੰਗਾਂ ਛੇੜੀਆਂ ਅਤੇ ਅਮਰੀਕਾ ਵਿੱਚ ਉਨ੍ਹਾਂ ਜੰਗਾਂ ਦੇ ਹੱਕ ਵਿੱਚ ਜਨਮਤ ਪੈਦਾ ਕੀਤਾ। ਅਮਰੀਕਾ ਰਾਜ ਨੇ, 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦਾ ਇਸਤੇਮਾਲ ਕਰਕੇ, ਅਮਰੀਕਾ ਦੇ ਅੰਦਰ ਅਤੇ ਪੂਰੀ ਦੁਨੀਆਂ ਵਿੱਚ ਇਸਲਾਮੋ-ਫ਼ੋਬੀਆ, ਜਾਣੀ ਮੁਸਲਮਾਨਾਂ ਨਾਲ ਨਫ਼ਰਤ, ਨੂੰ ਫ਼ੈਲਾਇਆ। ਅਮਰੀਕਾ ਨੇ ਅਖੌਤੀ “ਇਸਲਾਮੀ ਅੱਤਵਾਦ ਉੱਤੇ ਜੰਗ” ਨੂੰ ਅਗ਼ਵਾਈ ਦੇਣ ਦਾ ਦਾਵਾ ਕੀਤਾ। ਅਰਬ ਅਤੇ ਮੁਸਲਮਾਨ ਲੋਕਾਂ ਨੂੰ ਪਛੜੇ, ਔਰਤ-ਵਿਰੋਧੀ, ਅਸੱਭਿਆ, ਰੂੜ੍ਹੀਵਾਦੀ ਅਤੇ ਅੱਤਵਾਦੀ ਵਰਗੇ ਪੇਸ਼ ਕਰਕੇ, ਉਨ੍ਹਾਂ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਮਿੱਥ ਕੇ ਪ੍ਰਚਾਰ ਮੁਹਿੰਮ ਚਲਾਈ ਗਈ। ਇਸ ਝੂਠੇ ਪ੍ਰਚਾਰ ਨੂੰ ਬਲ ਦੇਣ ਲਈ, ਅਮਰੀਕੀ ਖ਼ੁਫੀਆ ਏਜੰਸੀਆਂ ਸਮੇਂ ਸਮੇਂ ‘ਤੇ ਅੱਤਵਾਦੀ ਹਮਲੇ ਜਥੇਬੰਦ ਕਰਦੀਆਂ ਸਨ ਅਤੇ ਉਨ੍ਹਾਂ ਦੇ ਲਈ “ਇਸਲਾਮੀਆਂ” ਨੂੰ ਦੋਸ਼ੀ ਠਹਿਰਾਉਂਦੀਆਂ ਸਨ। ਦੁਨੀਆਂ ਭਰ ਵਿੱਚ ਮੁਸਲਮਾਨਾਂ ਨੂੰ ਡਰਾਇਆ ਗਿਆ ਅਤੇ ਉਤਪੀੜਨ ਦਾ ਸ਼ਿਕਾਰ ਬਣਾਇਆ ਗਿਆ। “ਅੱਤਵਾਦ ਉਤੇ ਜੰਗ” ਦਾ ਬਹਾਨਾ ਦੇ ਕੇ, ਅਨੇਕਾਂ ਦੇਸ਼ਾਂ ਉੱਤੇ ਫ਼ੌਜੀ ਹਮਲੇ ਅਤੇ ਉਨ੍ਹਾਂ ਦੇਸ਼ਾਂ ਦੇ ਪੂਰਨ ਵਿਨਾਸ਼ ਨੂੰ ਜਾਇਜ਼ ਠਹਿਰਾਇਆ ਗਿਆ ਹੈ। ਅਫ਼ਗਾਨਿਸਤਾਨ ਤੋਂ ਬਾਦ, ਅਮਰੀਕਾ ਅਤੇ ਉਸਦੇ ਮਿੱਤਰਾਂ ਨੇ ਇਰਾਕ ਅਤੇ ਲੀਬੀਆ ਉੱਤੇ ਤਬਾਹਕਾਰੀ ਹਮਲੇ ਕੀਤੇ ਅਤੇ ਇਸ ਸਮੇਂ ਉਹ ਸੀਰੀਆ ਅਤੇ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਕੁਛ ਦੇਸ਼ਾਂ ਵਿੱਚ ਅਜਿਹਾ ਹੀ ਕਰਨ ਦੇ ਯਤਨ ਕਰ ਰਹੇ ਹਨ।

11 ਸਤੰਬਰ 2001 ਨੂੰ ਨਿਊਯਾਰਕ ਵਿੱਚ ਹੋਏ ਅੱਤਵਾਦੀ ਹਮਲੇ ਨੂੰ, ਉਸਦੇ ਬਾਦ ਅਫ਼ਗਾਨਿਸਤਾਨ ਉੱਤੇ ਹਮਲੇ ਅਤੇ ਕਬਜ਼ੇ ਨੂੰ ਅਤੇ ਦੁਨੀਆਂ ਭਰ ਵਿੱਚ ਅਮਰੀਕੀ ਸਾਮਰਾਜਵਾਦ ਵਲੋਂ ਚਲਾਏ ਜਾ ਰਹੇ “ਅੱਤਵਾਦ ਉੱਤੇ ਯੁੱਧ” ਨੂੰ, ਸ਼ੀਤ ਯੁੱਧ ਦੇ ਅੰਤ ਤੋਂ ਬਾਦ ਅਮਰੀਕੀ ਸਾਮਰਾਜਵਾਦ ਦੀ ਰਣਨੀਤੀ ਦੇ ਸੰਦਰਵ ਵਿੱਚ ਸਮਝਣਾ ਹੋਵੇਗਾ। ਉਸ ਰਣਨੀਤੀ ਦਾ ਲਕਸ਼ ਸਾਰੀ ਦੁਨੀਆਂ ਉੱਤੇ ਅਮਰੀਕਾ ਦੀ ਨਿਰ-ਵਿਰੋਧ ਚੌਧਰ ਸਥਾਪਤ ਕਰਨਾ ਸੀ ਅਤੇ ਅੱਜ ਵੀ ਉਸਦਾ ਉਹੀ ਲਕਸ਼ ਹੈ।

ਸੋਵੀਅਤ ਸੰਘ ਦੇ ਢਹਿ ਜਾਣ ਦਾ ਫ਼ਾਇਦਾ ਉਠਾ ਕੇ, ਅਮਰੀਕੀ ਸਾਮਰਾਜਵਾਦੀਆਂ ਨੇ ਪੂਰਬੀ ਯੂਰੋਪ ਦੇ ਕਈ ਪੁਰਾਣੇ ਸਮਾਜਵਾਦੀ ਦੇਸ਼ਾਂ ਅਤੇ ਸੋਵੀਅਤ ਸੰਘ ਦੇ ਕਈ ਯੂਰੋਪੀਅਨ ਗਣਰਾਜਾਂ ਉੱਤੇ ਆਪਣੀ ਚੌਧਰ ਜਮਾ ਲਈ ਹੈ। ਯੋਗੋਸਲਾਵ ਸੰਘ ਨੂੰ ਟੁਕੜੇ-ਟੁਕੜੇ ਕਰ ਦਿੱਤਾ ਗਿਆ। ਅਮਰੀਕੀ ਸਾਮਰਾਜਵਾਦੀਆਂ ਨੇ 1990 ਵਿੱਚ ਅਪਣਾਏ ਗਏ, ‘ਨਵੇਂ ਯੂਰੋਪ ਦੇ ਲਈ ਪੈਰਿਸ ਚਾਰਟਰ’ ਦੇ ਐਲਾਨਨਾਮੇ ਦੇ ਅਨੁਸਾਰ, ਯੂਰੋਪ ਦੇ ਸਾਰੇ ਦੇਸ਼ਾਂ ਉੱਤੇ “ਮੁਕਤ ਬਜ਼ਾਰ ਅਰਥਵਿਵਸਥਾ” ਅਤੇ “ਬਹੁਪਾਰਟੀਵਾਦੀ ਲੋਕਤੰਤਰ” ਦੇ ਨੁਸਖਿਆਂ ਨੂੰ ਜ਼ੋਰ ਨਾਲ ਲਾਗੂ ਕੀਤਾ।

ਅਮਰੀਕੀ ਸਾਮਰਾਜਵਾਦੀਆਂ ਨੇ ਏਸ਼ੀਆ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ, ਅਤੇ ਅੱਗੇ ਚੱਲ ਕੇ ਪੂਰੀ ਦੁਨੀਆਂ ਉੱਤੇ ਕਬਜ਼ਾ ਕਰਨ ਦੇ ਇਰਾਦੇ ਨਾਲ, “ਅੱਤਵਾਦ ਉੱਤੇ ਜੰਗ” ਨੂੰ ਛੇੜਿਆ। ਅਰਬ ਅਤੇ ਮੁਸਲਮਾਨ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਉਨ੍ਹਾਂ ਦਾ ਆਪਣਾ ਪ੍ਰਾਚੀਨ ਇਤਿਹਾਸ, ਸੰਸਕ੍ਰਿਤੀ, ਆਰਥਿਕ ਅਤੇ ਰਾਜਨੀਤਕ ਵਿਵਸਥਾਵਾਂ ਹਨ, ਅਤੇ ਉਹ ਯੂਰੋਪੀਅਨ ਅਤੇ ਅਮਰੀਕੀ ਨੁਕਸਿਆਂ ਨੂੰ ਸਵੀਕਾਰ ਨਹੀਂ ਕਰਦੇ ਹਨ। ਇਸ ਤੋਂ ਇਲਾਵਾ, ਪੱਛਮੀ ਏਸ਼ੀਆ, ਮੱਧ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਵਿੱਚ ਤੇਲ ਅਤੇ ਕੁਦਰਤੀ ਗੈਸ ਦੇ ਭਰਪੂਰ ਭੰਡਾਰ ਹਨ। ਇਸ ਲਈ ਅਮਰੀਕਾ ਉਸ ਪੂਰੇ ਇਲਾਕੇ ਉੱਤੇ ਆਪਣੀ ਚੌਧਰ ਜਮਾਉਣਾ ਚਾਹੁੰਦਾ ਸੀ।

“ਇਸਲਾਮੀ ਅੱਤਵਾਦ ਉੱਤੇ ਜੰਗ” ਵਿੱਚ, ਅਮਰੀਕਾ ਨੇ ਅਫ਼ਗਾਨਿਸਤਾਨ ਨੂੰ ਆਪਣਾ ਪਹਿਲਾ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਉਸ ਦੇਸ਼ ਦੀ ਸਰਕਾਰ ਫ਼ੌਜੀ ਤੌਰ ਉੱਤੇ ਕਮਜ਼ੋਰ ਸੀ ਅਤੇ ਅੰਤਰਰਾਸ਼ਟਰੀ ਤੌਰ ‘ਤੇ ਇਕੱਲੀ ਸੀ। ਇਸ ਤੋਂ ਇਲਾਵਾ, ਅਫ਼ਗਾਨਿਸਤਾਨ ਬਹੁਤ ਹੀ ਰਣਨੀਤਿਕ ਮਹੱਤਵ ਵਾਲੀ ਜਗ੍ਹਾ ‘ਤੇ ਸਥਿਤ ਹੈ। ਤੇਲ ਅਤੇ ਗੈਸ ਸੰਪਨ ਇਰਾਨ ਅਤੇ ਪੁਰਾਣੇ ਸੋਵੀਅਤ ਸੰਘ ਦੇ ਮੱਧ ਏਸ਼ੀਆਈ ਗਣਰਾਜਾਂ, ਪਾਕਿਸਤਾਨ ਅਤੇ ਚੀਨ ਦੇ ਨਾਲ ਉਸਦੀਆਂ ਸਰਹੱਦਾਂ ਹਨ। ਅਫ਼ਗਾਨਿਸਤਾਨ ਉੱਤੇ ਆਪਣਾ ਕਬਜ਼ਾ ਜਮਾ ਕੇ, ਅਮਰੀਕਾ ਉਨ੍ਹਾਂ ਸਾਰੇ ਦੇਸ਼ਾਂ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਉਨ੍ਹਾਂ ਦੇ ਅੰਦਰ ਅਸਥਾਈ ਹਾਲਤਾਂ ਪੈਦਾ ਕਰਨ ਦੇ ਯੋਗ ਬਣ ਜਾਂਦਾ ਹੈ। 80 ਦਾ ਦਹਾਕਾ ਉਹ ਸਮਾਂ ਸੀ ਜਦੋਂ ਅਫ਼ਗਾਨਿਸਤਾਨ ਅਮਰੀਕਾ ਅਤੇ ਸੋਵੀਅਤ ਸੰਘ ਦੀ ਆਪਸੀ ਲੜਾਈ ਦੀ ਰਣਭੂਮੀ ਬਣ ਗਿਆ। ਦਸੰਬਰ 1979 ਵਿੱਚ ਸੋਵੀਅਤ ਫ਼ੌਜ ਨੇ, ਅਫ਼ਗਾਨਿਸਤਾਨ ਵਿੱਚ ਫ਼ੌਜੀ ਤਖ਼ਤਾਪਲਟ ਰਾਹੀਂ ਸੱਤਾ ‘ਚ ਆਈ ਸੋਵੀਅਤ-ਪ੍ਰਸਤ ਸਰਕਾਰ ਦੀ ਰੱਖਿਆ ਕਰਨ ਦੇ ਲਈ, ਉੱਥੇ ਪ੍ਰਵੇਸ਼ ਕੀਤਾ। ਅਫ਼ਗਾਨਿਸਤਾਨ ਦੇ ਲੋਕਾਂ ਨੇ ਆਪਣੀ ਪ੍ਰਭੂਸੱਤਾ ਦੇ ਇਸ ਘਾਣ ਦਾ ਪੁਰਜ਼ੋਰ ਵਿਰੋਧ ਕੀਤਾ ਅਤੇ ਕਬਜ਼ਾਕਾਰੀ ਫ਼ੌਜਾਂ ਦੇ ਖ਼ਿਲਾਫ਼ ਬਗਾਵਤ ਕੀਤੀ।

ਅਮਰੀਕੀ ਸਾਮਰਾਜਵਾਦੀਆਂ ਨੇ ਆਪਣੇ ਇਰਾਦੇ ਪੂਰੇ ਕਰਨ ਦੇ ਲਈ, ਅਫ਼ਗਾਨਿਸਤਾਨ ਦੇ ਲੋਕਾਂ ਦੇ ਮੁਕਤੀ ਸੰਘਰਸ਼ ਦੇ ਨਾਲ ਦਾਅਪੇਚ ਖੇਲ੍ਹਿਆ। ਉਨ੍ਹਾਂ ਨੇ ਸੋਵੀਅਤ ਫ਼ੌਜਾਂ ਦਾ ਮੁਕਾਬਲਾ ਕਰਨ ਦੇ ਲਈ, ਅਫ਼ਗਾਨਿਸਤਾਨ ਵਿੱਚ ਤਰ੍ਹਾਂ-ਤਰ੍ਹਾਂ ਦੇ ਗਿਰੋਹਾਂ, ਅਲੱਗ-ਅਲੱਗ ਇਲਾਕਿਆਂ ਅਤੇ ਸਮੂਹਾਂ ਦੇ ਸਰਦਾਰਾਂ ਨੂੰ ਧਨ, ਹਥਿਆਰ ਅਤੇ ਸਿਖਲਾਈ ਦਿੱਤੀ। 1989 ਵਿੱਚ, ਜਦੋਂ ਸੋਵੀਅਤ ਫ਼ੌਜ ਅਫ਼ਗਾਨਿਸਤਾਨ ਵਿਚੋਂ ਨਿਕਲ ਗਈ, ਤਾਂ ਉਨ੍ਹਾਂ ਅਲੱਗ-ਅਲਗ ਹਥਿਆਰਬੰਦ ਗਿਰੋਹਾਂ ਦੇ ਵਿੱਚ ਗਰਿਹ ਯੂੱਧ ਸ਼ੁਰੂ ਹੋ ਗਿਆ। ਇਹ ਗਰਿਹ ਯੁੱਧ 6 ਸਾਲ ਤੱਕ ਚੱਲਿਆ, ਜਿਸਦੇ ਬਾਦ 1996 ਵਿੱਚ ਤਾਲਿਬਾਨ ਨੇ ਕਾਬਲ ਵਿੱਚ ਸੱਤਾ ਉੱਤੇ ਕਬਜ਼ਾ ਕਰ ਲਿਆ। ਪ੍ਰੰਤੂ ਉਸ ਦੇ ਬਾਦ ਵੀ, ਅਫ਼ਗਾਨਿਸਤਾਨ ਦੇ ਅਲੱਗ-ਅਲੱਗ ਇਲਾਕੇ ਉਨ੍ਹਾਂ ਅਲੱਗ-ਅਲੱਗ ਮੁਕਾਬਲੇ ਵਾਲੇ ਗਿਰੋਹਾਂ ਦੇ ਅਧੀਨ ਹੀ ਰਹੇ।

ਅਮਰੀਕਾ ਨੇ ਇਸ ਦੌਰ ਵਿੱਚ, ਸੋਵੀਅਤ ਕਬਜ਼ੇ ਦੇ ਖ਼ਿਲਾਫ਼ ਜਿਹਾਦ ਲੜਨ ਦੀ ਆੜ ਵਿੱਚ, ਕਈ ਅੱਤਵਾਦੀ ਗਿਰੋਹ ਖੜੇ ਕੀਤੇ। ਅਮਰੀਕੀ ਸੀ.ਆਈ.ਏ. ਨੇ ਉਨ੍ਹਾਂ ਗਿਰੋਹਾਂ ਨੂੰ ਸਿਖਲਾਈ ਦਿੱਤੀ। ਜਦੋਂ ਸੋਵੀਅਤ ਫ਼ੌਜ ਅਫ਼ਗਾਨਿਸਤਾਨ ਵਿੱਚੋਂ ਨਿਕਲ ਗਈ, ਤਾਂ ਅਮਰੀਕੀ ਸਾਮਰਾਜਵਾਦੀਆਂ ਨੇ ਆਪਣੇ ਰਣਨੀਤਿਕ ਹਿੱਤਾਂ ਨੂੰ ਬੜਾਵਾ ਦੇਣ ਲਈ, ਉਨ੍ਹਾਂ ਸੀ.ਆਈ.ਏ. ਸਿੱਖਿਅਤ ਅੱਤਵਾਦੀ ਗਿਰੋਹਾਂ ਨੂੰ ਯੂਰੋਪ, ਏਸ਼ੀਆ ਅਤੇ ਅਫ਼ਰੀਕਾ ਦੇ ਦੇਸ਼ਾਂ ਵਿੱਚ ਅਸਥਾਈ ਹਾਲਤਾਂ ਪੈਦਾ ਕਰਨ ਦੇ ਲਈ ਤੈਨਾਤ ਕੀਤਾ। ਯੋਗੋਸਲਾਵੀਆ, ਮੱਧ ਏਸ਼ੀਆ ਦੇ ਗਣਰਾਜਾਂ, ਰੂਸੀ ਸੰਘ, ਚੀਨ, ਸੀਰੀਆ ਅਤੇ ਉੱਤਰੀ ਅਫ਼ਰੀਕਾ ਦੇ ਵੱਖ-ਵੱਖ ਦੇਸ਼ਾਂ ਵਿੱਚ ਅਜਿਹਾ ਹੀ ਕੀਤਾ ਗਿਆ।

ਬੀਤੇ 20 ਸਾਲਾਂ ਵਿੱਚ ਅਮਰੀਕਾ ਨੇ “ਅੱਤਵਾਦ ੳੋੱਤੇ ਜੰਗ” ਦੇ ਨਾਂ ਹੇਠ, ਅਫ਼ਗਾਨਿਸਤਾਨ ਦੇ ਲੋਕਾਂ ਉੱਪਰ ਐਸੇ-ਐਸੇ ਜ਼ੁਲਮ ਕੀਤੇ ਹਨ, ਜਿਨ੍ਹਾਂ ਦੀ ਕਲਪਣਾ ਤੱਕ ਨਹੀਂ ਕੀਤੀ ਜਾ ਸਕਦੀ। ਪਿੰਡ-ਪਿੰਡ ਉੱਤੇ ਬੇਰਹਿਮੀ ਨਾਲ ਬੰਬ ਵਰਸਾਏ ਗਏ ਹਨ, ਜਿਨ੍ਹਾਂ ਨਾਲ ਲੱਖਾਂ-ਲੱਖਾਂ ਅਫ਼ਗਾਨੀ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਹਨ। ਅਮਰੀਕੀ ਸਰਕਾਰੀ ਫ਼ੌਜਾਂ ਨੇ ਅਫ਼ਗਾਨ ਲੋਕਾਂ ਨੂੰ ਨਸਲ, ਜਾਤੀ, ਜਨ-ਜਾਤੀ, ਆਦਿ ਦੇ ਅਧਾਰ ਉੱਤੇ ਵੰਡ ਕੇ ਆਪਸ ਵਿੱਚ ਭਿੜਾਉਣ ਦੀ ਕੋਸ਼ਿਸ ਕੀਤੀ ਹੈ। ਪ੍ਰੰਤੂ ਅਫ਼ਗਾਨਿਸਤਾਨ ਦੇ ਲੋਕਾਂ ਨੇ ਅਮਰੀਕੀ ਸਾਮਰਾਜਵਾਦੀਆਂ ਵਲੋਂ ਆਪਣੇ ਦੇਸ਼ ਉੱਤੇ ਕਬਜ਼ੇ ਨੂੰ ਕਦੇ ਸਵੀਕਾਰ ਨਹੀਂ ਕੀਤਾ ਹੈ। ਉਨ੍ਹਾਂ ਨੇ ਵਿਦੇਸ਼ੀ ਤਾਕਤਾਂ ਤੋਂ ਆਪਣੀ ਅਜ਼ਾਦੀ ਦੇ ਲਈ ਦਲੇਰੀ ਨਾਲ ਸੰਘਰਸ਼ ਕੀਤਾ ਹੈ।

20 ਸਾਲ ਪਹਿਲਾਂ, ਅਮਰੀਕੀ ਸਾਮਰਾਜਵਾਦੀਆਂ ਨੇ ਆਪਣੇ ਰਣਨੀਤਕ ਇਰਾਦਿਆਂ ਨੂੰ ਪੂਰਾ ਕਰਨ ਦੇ ਲਈ ਅਫ਼ਗਾਨਿਸਤਾਨ ਉੱਤੇ ਹਮਲਾ ਅਤੇ ਕਬਜ਼ਾ ਕੀਤਾ ਸੀ। ਅਮਰੀਕੀ ਸਾਮਰਾਜਵਾਦੀਆਂ ਨੇ, ਅਮਰੀਕੀ ਲੋਕਾਂ ਅਤੇ ਦੁਨੀਆਂ ਦੇ ਸਾਰੇ ਸਰਮਾਏਦਾਰ ਦੇਸ਼ਾਂ ਦੇ ਲੋਕਾਂ ਉੱਤੇ “ਅੱਤਵਾਦ ਉੱਤੇ ਜੰਗ” ਦੇ ਆਪਣੇ ਅਜੰਡੇ ਨੂੰ ਪੂਰੀ ਕਾਮਯਾਬੀ ਦੇ ਨਾਲ ਥੋਪਿਆ ਅਤੇ ਦੁਨੀਆਂ ਉੱਤੇ ਆਪਣੀ ਚੌਧਰ ਜ਼ਮਾਉਣ ਦੇ ਯਤਨਾਂ ਵਿੱਚ ਕਾਫ਼ੀ ਕਾਮਯਾਬੀ ਹਾਸਲ ਕੀਤੀ। ਪ੍ਰੰਤੂ ਹੁਣ 20 ਸਾਲ ਬਾਦ, ਇਹ ਅਮਰੀਕਾ ਦੇ ਇਰਾਦਿਆਂ ਨੂੰ ਪੂਰਾ ਕਰਨ ਵਿੱਚ ਇੰਨਾ ਸਫ਼ਲ ਨਹੀਂ ਰਹਿ ਗਈ ਹੈ।

ਅਮਰੀਕੀ ਸਾਮਰਾਜਵਾਦ ਨੇ ਦੁਨੀਆਂ ਵਿੱਚ ਜਗ੍ਹਾ-ਜਗ੍ਹਾ ਉੱਤੇ ਜੋ ਬਰਬਰ ਯੁੱਧ ਸ਼ੁਰੂ ਕੀਤੇ ਹਨ, ਉਨ੍ਹਾਂ ਨੂੰ ਜਾਇਜ਼ ਠਹਿਰਾਉਣਾ ਹਾਲੇ ਵੀ ਜ਼ਾਰੀ ਹੈ, ਉਨ੍ਹਾਂ ਨੂੰ ਜਾਇਜ਼ ਠਹਿਰਾਉਣਾ ਹੁਣ ਉਸਦੇ ਲਈ ਜ਼ਿਆਦਾ ਤੋਂ ਜ਼ਿਆਦਾ ਮੁਸ਼ਕਲ ਹੋ ਰਿਹਾ ਹੈ। ਦੁਨੀਆਂ ਦੇ ਜ਼ਿਆਦਾ ਤੋਂ ਜ਼ਿਆਦਾ ਦੇਸ਼, ਉਨ੍ਹਾਂ ਦੀਆਂ ਸਰਕਾਰਾਂ ਅਤੇ ਉੱਥੋਂ ਦੇ ਲੋਕ ਹੁਣ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਮਰੀਕਾ ਆਪਣੀ ਮਨਮਰਜ਼ੀ ਨਾਲ ਕਿਸੇ ਦੇਸ਼ ਨੂੰ ਵੀ ਅੱਤਵਾਦੀ ਦੱਸ ਕੇ, ਖੁਦ ਨੂੰ ਉੱਥੇ ਫ਼ੌਜੀ ਦਖ਼ਲਅੰਦਾਜ਼ੀ ਕਰਨ ਦਾ ਅਧਿਕਾਰ ਦੇ ਸਕਦਾ ਹੈ।

ਦੂਸਰੇ ਦੇਸ਼ਾਂ ਅਤੇ ਲੋਕਾਂ ਦੇ ਖ਼ਿਲਾਫ਼ ਅਮਰੀਕਾ ਦੇ ਯੁੱਧਾਂ ਦਾ ਅਮਰੀਕਾ ਦੇ ਅੰਦਰ, ਅਮਰੀਕੀ ਲੋਕ ਵਧ-ਚੜ੍ਹਕੇ ਵਿਰੋਧ ਕਰ ਰਹੇ ਹਨ। ਵਧਦੀ ਗ਼ਿਣਤੀ ਵਿੱਚ ਅਮਰੀਕੀ ਲੋਕ ਇਹ ਸਵਾਲ ਉਠਾ ਰਹੇ ਹਨ ਕਿ ਉਹ ਕਿਸ ਦੇ ਹਿੱਤ ਦੇ ਲਈ ਦੂਰ-ਦੂਰ ਦੇਸ਼ਾਂ ਵਿੱਚ ਜਾ ਕੇ ਆਪਣਾ ਖੁਨ ਬਹਾਉਂਦੇ ਹਨ।

ਅਮਰੀਕੀ ਰਾਜ ਨੂੰ ਹੁਣ ਅਫ਼ਗਾਨਿਸਤਾਨ ਉੱਤੇ ਆਪਣੇ ਕਬਜ਼ੇ ਨੂੰ ਜਾਇਜ਼ ਸਿੱਧ ਕਰਨਾ ਮੁਸ਼ਕਲ ਹੈ।

ਇਨ੍ਹਾਂ ਹਾਲਤਾਂ ਵਿੱਚ, ਅਮਰੀਕੀ ਸਾਮਰਾਜਵਾਦੀਏ ਆਪਣੇ ਉਸੇ ਰਣਨੀਤਕ ਲਕਸ਼ – ਏਸ਼ੀਆ ਉੱਤੇ ਕਬਜ਼ਾ ਅਤੇ ਫਿਰ ਪੂਰੀ ਦੁਨੀਆਂ ਉੱਤੇ ਕਬਜ਼ਾ – ਨੂੰ ਹਾਸਲ ਕਰਨ ਦੇ ਲਈ ਅਮਰੀਕੀ ਲੋਕਾਂ ਅਤੇ ਸਾਰੀ ਦੁਨੀਆਂ ਦੇ ਲੋਕਾਂ ਨੂੰ ਲਾਮਬੰਦ ਕਰਨ ਦੇ ਇਰਾਦੇ ਨਾਲ, ਨਵੇਂ ਨਵੇਂ ਨਾਅਰਿਆਂ ਦੀ ਰਚਨਾ ਕਰ ਰਹੇ ਹਨ। ਅਮਰੀਕੀ ਸਾਮਰਾਜਵਾਦੀਆਂ ਦੇ ਅਫ਼ਗਾਨਿਸਤਾਨ ‘ਚੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਲਿਆਉਣ ਦੇ ਫ਼ੈਸਲੇ ਨੂੰ ਇਸੇ ਸੰਦਰਵ ਵਿੱਚ ਸਮਝਣਾ ਹੋਵੇਗਾ। ਅਮਰੀਕਾ ਦੀ ਅਗਵਾਈ ਵਿੱਚ, ਦੁਨੀਆਂ ਦੇ ਸਾਮਰਾਜਵਾਦੀਆਂ ਨੇ ਅਫ਼ਗਾਨਿਸਤਾਨ ਦੇ ਲੋਕਾਂ ਉੱਤੇ ਜੋ ਬੇਰਹਿਮ ਅਪਰਾਧ ਕੀਤੇ ਹਨ, ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਅਫ਼ਗਾਨਿਸਤਾਨ ਦੇ ਲੋਕਾਂ ਨੂੰ ਇਹ ਪੂਰਾ ਅਧਿਕਾਰ ਹੈ ਕਿ ਉਹ ਹਰ ਤਰ੍ਹਾਂ ਦੀ ਵਿਦੇਸ਼ੀ ਹੁਕਮਸ਼ਾਹੀ ਤੋਂ ਮੁਕਤ ਹੋ ਕੇ, ਆਪਣੀ ਆਰਥਕ ਅਤੇ ਰਾਜਨੀਤਕ ਵਿਵਸਥਾ ਅਤੇ ਆਪਣਾ ਭਵਿੱਖ ਖੁਦ ਨਿਰਧਾਰਤ ਕਰਨ। ਦੁਨੀਆਂ ਦੇ ਸਾਮਰਾਜਵਾਦੀਆਂ ਨੂੰ ਆਪਣੀ ਆਰਥਕ ਅਤੇ ਰਾਜਨੀਤਕ ਵਿਵਸਥਾ ਨੂੰ ਅਫ਼ਗਾਨਿਸਤਾਨ ਦੇ ਲੋਕਾਂ ਉੱਤੇ ਥੋਪਣ ਦਾ ਕੋਈ ਅਧਿਕਾਰ ਨਹੀਂ ਹੈ। ਅਫ਼ਗਾਨਿਸਤਾਨ ਦੇ ਲੋਕਾਂ ਦੇ ਸਾਹਮਣੇ ਬਹੁਤ ਬੜੀਆਂ ਚੁਣੌਤੀਆਂ ਹਨ। ਉਨ੍ਹਾਂ ਨੂੰ 40 ਸਾਲਾਂ ਦੇ ਯੁੱਧ ਦੇ ਭਿੰਅਕਰ ਨਤੀਜ਼ਿਆਂ ਉੱਤੇ ਕਾਬੂ ਪਾਉਣਾ ਹੋਵੇਗਾ, ਅਮਰੀਕੀ ਸਾਮਰਾਜਵਾਦੀਆਂ ਦੀਆਂ ਸਾਜਿਸ਼ਾ ਦੇ ਚੱਲਦਿਆ ਉਨ੍ਹਾਂ ਦੇ ਸਮਾਜ ਦੇ ਅੰਦਰ ਪੈਦਾ ਕੀਤੀ ਗਈ ਵੰਡ ਨੂੰ ਦੂਰ ਕਰਨਾ ਹੋਵੇਗਾ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਆਪਣੇ ਇਨਸਾਫ਼-ਪਸੰਦ ਦੇਸ਼ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਅਫ਼ਗਾਨਿਸਤਾਨ ਦੇ ਲੋਕਾਂ ਦੇ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਨ ਦੇ ਸੰਘਰਸ਼ ਦਾ ਪੂਰਾ-ਪੂਰਾ ਸਮਰਥਨ ਕਰਨ ਅਤੇ ਸਾਮਰਾਜਵਾਦੀਆਂ ਦੇ ਇਸ ਝੂਠੇ ਪ੍ਰਚਾਰ ਨੂੰ ਖਾਰਜ਼ ਕਰ ਦੇਣ ਕਿ ਅਫ਼ਗਾਨਿਸਤਾਨ ਦੇ ਲੋਕ ਖੁਦ ਆਪਣਾ ਸਾਸ਼ਨ ਕਰਨ ਦੇ ਕਾਬਲ ਨਹੀਂ ਹਨ।

close

Share and Enjoy !

0Shares
0

Leave a Reply

Your email address will not be published. Required fields are marked *