ਅਜ਼ਾਦੀ ਦਿਵਸ 2021 ਦੇ ਮੌਕੇ ‘ਤੇ:

ਹਿੰਦੋਸਤਾਨ ਨੂੰ ਨਵੀਆਂ ਨੀਹਾਂ ਉੱਤੇ ਖੜਾ ਕਰਨ ਦੀ ਜ਼ਰੂਰਤ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 15 ਅਗਸਤ 2021

ਅਜ਼ਾਦੀ ਦਿਵਸ ‘ਤੇ ਜਦੋਂ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ, ਤਾਂ ਜ਼ਿਆਦਾਤਰ ਹਿੰਦੋਸਤਾਨੀ ਲੋਕਾਂ ਦੇ ਕੋਲ ਖੁਸ਼ੀਆਂ ਮਨਾਉਣ ਲਈ ਕੁਛ ਵੀ ਨਹੀਂ ਹੈ। ਬਲਕਿ ਸਾਡੇ ਅੰਦਰ ਬਹੁਤ ਗੁੱਸਾ ਹੈ।

ਸਾਡੇ ਇਸ ਰਾਜਨੀਤਕ ਤੌਰ ‘ਤੇ ਅਜ਼ਾਦ ਰਾਜ ਵਿੱਚ, 74 ਸਾਲਾਂ ਦੇ ਆਰਥਕ ਵਿਕਾਸ ਤੋਂ ਬਾਦ ਵੀ ਅੱਜ ਕਰੋੜਾਂ-ਕਰੋੜਾਂ ਆਦਮੀ ਅਤੇ ਔਰਤਾਂ ਦੋ ਵਕਤ ਦੀ ਰੋਟੀ ਦੇ ਲਈ, ਰੋਜ਼ਗਾਰ ਦੀ ਤਲਾਸ਼ ਵਿੱਚ ਦਰ-ਦਰ ਭਟਕਣ ਲਈ ਮਜ਼ਬੂਰ ਹਨ। ਸਵੇਰੇ ਤੜਕੇ ਤੋਂ ਦੇਰ ਰਾਤ ਤੱਕ ਲੱਕ-ਤੋੜਵੀਂ ਮਿਹਨਤ ਕਰਕੇ, ਜ਼ਿਆਦਾਤਰ ਲੋਕ ਉਤਨਾ ਪੈਸਾ ਨਹੀਂ ਕਮਾ ਸਕਦੇ ਹਨ, ਜਿਤਨਾ ਇਨਸਾਨਾਂ ਵਰਗੀ ਜ਼ਿੰਦਗੀ ਜੀਊਣ ਦੇ ਲਈ ਜ਼ਰੂਰੀ ਹੈ। ਅੱਜ ਤੋਂ 74 ਸਾਲ ਪਹਿਲਾਂ ਹਿੰਦੋਸਤਾਨ ਉੱਤੇ ਅੰਗਰੇਜ਼ਾਂ ਦੀ ਹਕੂਮਤ ਖ਼ਤਮ ਹੋ ਗਈ ਸੀ। ਲੇਕਿਨ ਅੰਗਰੇਜ਼ਾਂ ਨੇ ਜਿਸ ਸੋਸ਼ਣ ਅਤੇ ਲੁੱਟ ਦੀ ਵਿਵਸਥਾ ਨੂੰ ਬਣਾਇਆ ਸੀ, ਉਹ ਵਿਵਸਥਾ ਖ਼ਤਮ ਨਹੀਂ ਹੋਈ। ਮਜ਼ਦੂਰ ਵਰਗ ਦਾ ਸਰਮਾਏਦਾਰਾ ਸੋਸ਼ਣ ਨਾ ਸਿਰਫ਼ ਜ਼ਾਰੀ ਹੈ, ਬਲਕਿ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਅਜਾਰੇਦਾਰ ਸਰਮਾਏਦਾਰ ਕੰਪਣੀਆਂ ਦੀ ਅਗਵਾਈ ਵਿੱਚ ਨਿੱਜੀ ਮੁਨਾਫ਼ਾਖ਼ੋਰਾਂ ਦੇ ਹੱਥੋਂ ਕਿਸਾਨਾਂ ਦੀ ਲੁੱਟ ਲਗਾਤਾਰ ਜ਼ਾਰੀ ਹੈ ਅਤੇ ਵਧਦੀ ਹੀ ਜਾ ਰਹੀ ਹੈ। ਵਿਦੇਸ਼ੀ ਅਜਾਰੇਦਾਰ ਸਰਮਾਏਦਾਰ ਕੰਪਣੀਆਂ, ਹਿੰਦੋਸਤਾਨੀ ਅਜ਼ਾਰੇਦਾਰ ਸਰਮਾਏਦਾਰ ਕੰਪਣੀਆਂ ਦੇ ਗੱਠਜੋੜ ਨਾਲ, ਸਾਡੇ ਲੋਕਾਂ ਦੀ ਕਿਰਤ ਦਾ ਸੋਸ਼ਣ ਕਰ ਰਹੀਆਂ ਹਨ ਅਤੇ ਸਾਡੇ ਕੁਦਰਤੀ ਸਾਧਨਾਂ ਨੂੰ ਲੁੱਟ ਰਹੀਆਂ ਹਨ।

ਹਿੰਦੋਸਤਾਨ ਦੇ ਲੋਕ ਬੜੀ ਵੱਡੀ ਗਿਣਤੀ ਵਿੱਚ ਅਜ਼ਾਦੀ ਦੇ ਸੰਗਰਸ਼ ਵਿੱਚ ਉੱਤਰ ਆਏ ਸਨ – ਇਸ ਉਮੀਦ ਦੇ ਨਾਲ ਕਿ ਅੰਗਰੇਜ਼ਾਂ ਦੀ ਹਕੂਮਤ ਤੋਂ ਅਜ਼ਾਦ ਹੋ ਕੇ, ਸਾਨੂੰ ਹਰ ਤਰ੍ਹਾਂ ਦੇ ਸੋਸ਼ਣ-ਦਮਨ ਤੋਂ ਛੁਟਕਾਰਾ ਮਿਲੇਗਾ। ਪਰ 74 ਸਾਲਾਂ ਤੋਂ ਬਾਦ, ਲੋਕ ਜਮਾਤੀ ਸੋਸ਼ਣ ਅਤੇ ਜਾਤੀਵਾਦੀ ਦਮਨ – ਦੋਹਾਂ ਦੇ ਸ਼ਿਕਾਰ ਬਣੇ ਹੋਏ ਹਨ। ਔਰਤਾਂ ਉੱਤੇ ਯੌਨ ਸੋਸ਼ਣ ਅਤੇ ਸ਼ਰੀਰਕ ਹਮਲਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਧਰਮ ਦੇ ਅਧਾਰ ‘ਤੇ ਲੋਕਾਂ ਨੂੰ ਭੇਦਭਾਵ ਅਤੇ ਫ਼ਿਰਕੂ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

ਕਰੋੜਾਂ ਬੱਚੇ ਸੋਸ਼ਣ ਦਾ ਸ਼ਿਕਾਰ ਹਨ। ਜ਼ਿਆਦਾਤਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਬੱਚੇ-ਬੱਚੀਆਂ ਨੂੰ ਘਟੀਆ ਕਿਸਮ ਦੀ ਸਕੂਲੀ ਵਿੱਦਿਆ ਮਿਲਦੀ ਹੈ। ਚੰਗੀਆਂ ਨੌਕਰੀਆਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ ਨੂੰ ਚੰਗੇ ਅਗਰੇਜ਼ੀ ਮੀਡੀਅਮ ਦੇ ਸਕੂਲਾਂ ਵਿੱਚ ਵਿੱਦਿਆ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਜ਼ਿਆਦਾਤਰ ਬੱਚਿਆਂ ਨੂੰ ਘੱਟ ਤੋਂ ਘੱਟ ਤਨਖ਼ਾਹ ਉੱਤੇ “ਘਟੀਆ ਕੰਮ” ਕਰਨ ਦੇ ਲਾਇਕ ਹੀ ਸਮਝਿਆ ਜਾਂਦਾ ਹੈ।

ਕੋਵਿਡ ਸੰਕਟ ਅਤੇ ਲੌਕਡਾਊਨ ਦਾ ਫ਼ਾਇਦਾ ਉਠਾ ਕੇ, ਮਜ਼ਦੂਰਾਂ ਦੇ ਸੋਸ਼ਣ ਅਤੇ ਕਿਸਾਨਾਂ ਦੀ ਲੁੱਟ ਨੂੰ ਕਈ ਗੁਣਾ ਵਧਾ ਦਿੱਤਾ ਗਿਆ ਹੇੈ। 2020-21 ਵਿੱਚ ਅਜਾਰੇਦਾਰ ਸਰਮਾਏਦਾਰ ਕੰਪਣੀਆਂ ਦੇ ਕੁੱਲ ਮੁਨਾਫ਼ੇ 50 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਵਧ ਗਏ ਹਨ – ਇੱਕ ਅਜਿਹੇ ਦੌਰ ਵਿੱਚ ਜਦੋਂ ਬਹੁਤੇ ਹਿੰਦੋਸਤਾਨੀ ਲੋਕ ਪਹਿਲਾਂ ਤੋਂ ਵੀ ਜ਼ਿਆਦਾ ਗ਼ਰੀਬ ਹੋ ਗਏ ਹਨ।

1857 ਦੀ ਇਨਕਲਾਬੀ ਬਗ਼ਾਵਤ ਦੇ ਦੌਰਾਨ, ਸਾਰੇ ਇਲਾਕਿਆਂ, ਸਾਰੇ ਧਰਮਾਂ ਅਤੇ ਹਰ ਤਰ੍ਹਾਂ ਦੇ ਕੰਮਕਾਰ ਕਰਨ ਵਾਲੇ ਲੋਕ ਵਿਦੇਸ਼ੀ ਲੋਟੂ ਹਕੂਮਤ ਦੇ ਵਿਰੋਧ ਵਿੱਚ ਇੱਕਜੁੱਟ ਹੋਏ ਸਨ। ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਸਾਨੂੰ, ਹਿੰਦੋਸਤਾਨ ਦੇ ਮਿਹਨਤਕਸ਼ਾਂ ਨੂੰ, ਦੇਸ਼ ਉੱਤੇ ਰਾਜ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਦਾ ਇਹ ਨਾਅਰਾ “ਹਮ ਹੈਂ ਇਸਦੇ ਮਾਲਕ, ਹਿੰਦੋਸਤਾਂ ਹਮਾਰਾ!”, ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਬੈਠ ਗਿਆ ਸੀ। ਪ੍ਰੰਤੂ ਰਾਜਨੀਤਕ ਅਜ਼ਾਦੀ ਦੇ 74 ਸਾਲਾਂ ਦੇ ਬਾਦ, ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨਾਂ ਅਤੇ ਨੀਤੀਆਂ ਨੂੰ ਨਿਰਧਾਰਤ ਕਰਨ ਵਿੱਚ ਮਿਹਨਤਕਸ਼ ਜਨਤਾ ਦੀ ਕੋਈ ਭੂਮਿਕਾ ਨਹੀਂ ਹੈ।

ਸਰਕਾਰੀ ਨੀਤੀਆਂ ਅਤੇ ਸੰਸਦ ਵਿੱਚ ਅਪਣਾਏ ਗਏ ਸਾਰੇ ਕਾਨੂੰਨ, ਟਾਟਾ, ਅੰਬਾਨੀ, ਬਿਰਲਾ, ਅਦਾਨੀ ਅਤੇ ਦੂਸਰੀਆਂ ਅਜਾਰੇਦਾਰ ਸਰਮਾਏਦਾਰ ਕੰਪਣੀਆਂ ਅਤੇ ਅਮੈਜਨ, ਬਾਲਮਾਰਟ, ਫ਼ੇਸਬੁੱਕ ਅਤੇ ਦੂਸਰੀਆਂ ਵਿਦੇਸ਼ੀ ਬਹੁਰਾਸ਼ਟਰੀ ਕੰਪਣੀਆਂ ਦੇ ਲਾਲਚ ਨੂੰ ਪੂਰਾ ਕਰਨ ਦੇ ਲਈ ਬਣਾਏ ਜਾਂਦੇ ਹਨ। ਅਜਾਰੇਦਾਰ ਸਰਮਾਏਦਾਰ ਕੰਪਣੀਆਂ ਦੇਸ਼ ਦਾ ਅਜੰਡਾ ਤੈਅ ਕਰ ਰਹੀਆਂ ਹਨ। ਅਜਾਰੇਦਾਰ ਸਰਮਾਏਦਾਰ ਕੰਪਣੀਆਂ ਅੱਜ ਮਾਲਕ ਹਨ, ਜਦਕਿ ਮਿਹਨਤਕਸ਼ ਜਨ-ਸਮੂਹ ਉਨ੍ਹਾਂ ਦਾ ਬੇਬੱਸ ਗ਼ੁਲਾਮ ਬਣੇ ਹੋਏ ਹਨ।

ਅੱਜ ਦੇਸ਼ ਦੇ ਜ਼ਿਆਦਾਤਰ ਲੋਕਾਂ ਦੇ ਲਈ ਅਜ਼ਾਦੀ ਇੱਕ ਭੱਦਾ ਮਜ਼ਾਕ ਬਣ ਗਈ ਹੈ। ਉਸਦੀ ਵਜ੍ਹਾ 1947 ਵਿੱਚ ਹੋਈ ਤਰਾਸਦੀ ਹੈ। ‘ਅੰਗਰੇਜ਼ਾਂ ਤੋਂ ਅਜ਼ਾਦੀ ਦਾ ਸੰਘਰਸ਼’ ਜਦ ਖ਼ਤਮ ਹੋਇਆ, ਉਸ ਸਮੇਂ ਲੋਕਾਂ ਦੀ ਪਿੱਠ ਪਿੱਛੇ ਇੱਕ ਸੌਦਾ ਕੀਤਾ ਗਿਆ। ਹਿੰਦੋਸਤਾਨ ਦੀ ਵੰਡ ਕਰ ਦਿੱਤੀ ਗਈ – ਇੱਕ ਹਿੰਦੂ ਬਹੁਲ ਹਿੰਦੋਸਤਾਨ ਅਤੇ ਦੂਸਰਾ ਮੁਸਲਮਾਨ ਬਹੁਲ ਪਾਕਿਸਤਾਨ। ਅੰਗਰੇਜ਼ਾਂ ਨੇ ਫ਼ਿਰਕੂ ਜਨ-ਸੰਹਾਰ ਅਯੋਜਿਤ ਕੀਤਾ ਅਤੇ ਪੰਜਾਬ ਅਤੇ ਬੰਗਾਲ ਦੇ ਰਾਸ਼ਟਰਾਂ ਦੀ ਬੇਰਹਿਮੀ ਨਾਲ ਵੰਡ ਕੀਤੀ। ਰਾਜਨੀਤਕ ਸੱਤਾ ਦਾ ਲੰਡਨ ਤੋਂ ਦਿੱਲੀ ਨੂੰ ਤਬਾਦਲਾ ਹੋਇਆ, ਪ੍ਰੰਤੂ ਉਹ ਲੋਕਾਂ ਦੇ ਹੱਥਾਂ ਵਿੱਚ ਨਹੀਂ ਪਹੁੰਚੀ। ਰਾਜਨੀਤਕ ਸੱਤਾ ਉਨ੍ਹਾਂ ਮੁੱਠੀਭਰ ਹਿੰਦੋਸਤਾਨੀਆਂ ਦੇ ਹੱਥਾਂ ਵਿੱਚ ਗਈ, ਜਿਨ੍ਹਾਂ ਦੇ ਹਿੱਤ ਵਿੱਚ ਅੰਗਰੇਜ਼ਾਂ ਤੋਂ ਪ੍ਰਾਪਤ ਹੋਈ ਸੋਸ਼ਣ-ਦਮਨ ਦੀ ਵਿਵਸਥਾ ਨੂੰ ਬਰਕਰਾਰ ਰੱਖਣਾ ਸੀ।

ਬਰਤਾਨਵੀ ਰਾਜ ਅਧੀਨ ਹਿੰਦੋਸਤਾਨ ਵਿੱਚ ਬਸਤੀਵਾਦ-ਵਿਰੋਧੀ ਸ਼ੰਘਰਸ਼ ਦੇ ਅੰਦਰ ਦੋ ਪ੍ਰਸਪਰ-ਵਿਰੋਧੀ ਧਾਰਣਾਵਾਂ ਸਨ, ਜੋ ਕਿ ਆਪਸ ਵਿੱਚ ਟਕਰਾਉਂਦੀਆਂ ਸਨ। ਇੱਕ ਇਨਕਲਾਬੀ ਧਾਰਾ ਸੀ ਅਤੇ ਦੂਸਰੀ ਸੀ ਸਮਝੋਤਾਕਾਰੂ ਧਾਰਾ। ਇਨਕਲਾਬੀ ਧਾਰਾ ਦੇ ਸੰਗਠਨ ਅੰਗਰੇਜ਼ਾਂ ਦੇ ਬਣਾਏ ਗਏ ਸੰਸਥਾਨਾਂ – ਆਰਥਕ ਸੰਸਥਾਨਾਂ, ਆਰਥਕ ਵਿਵਸਥਾ, ਸਿਧਾਂਤਾਂ ਅਤੇ ਮੁੱਲਾਂ – ਨੂੰ ਜੜ੍ਹ ਤੋਂ ਉਖ਼ਾੜ ਦੇਣ ਦੇ ਉਦੇਸ਼ ਨਾਲ ਸੰਘਰਸ਼ ਕਰਦੇ ਸਨ। ਉਨ੍ਹਾਂ ਨੇ ਸਭ ਲਈ ਸੁੱਖ ਅਤੇ ਸੁਰੱਖਿਆ ਮੁਹੱਈਆ ਕਰਨ ਵਾਲੀ ਨਵੀਂ ਵਿਵਸਥਾ ਸਥਾਪਤ ਕਰਨ ਦੇ ਲਈ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਅਗਰੇਜ਼ਾਂ ਨੂੰ ਭਜਾਉਣ ਦੇ ਸੰਘਰਸ਼ ਨੂੰ ਹਰ ਤਰ੍ਹਾਂ ਦੇ ਸੋਸ਼ਣ-ਦਮਨ ਤੋਂ ਮੁਕਤੀ ਦੇ ਸੰਘਰਸ਼ ਦਾ ਹਿੱਸਾ ਮੰਨਿਆ ਸੀ।

ਸਮਝੌਤਾਕਾਰੂ ਧਾਰਾ ਦੇ ਸੰਗਠਨ, ਬੁਨਿਆਦੀ ਤਬਦੀਲੀਆਂ ਤੋਂ ਬਿਨਾ ਰਾਜਨੀਤਕ ਅਜ਼ਾਦੀ ਪਾਉਣਾ ਚਾਹੁੰਦੇ ਸਨ। ਉਹ ਅੰਗਰੇਜ਼ਾਂ ਦੀ ਸਥਾਪਤ ਕੀਤੀ ਰਾਜਨੀਤਕ ਅਤੇ ਆਰਥਕ ਵਿਵਸਥਾ ਅਤੇ ਰਾਜ ਦੇ ਸੰਸਥਾਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਕਲਾਬੀ ਤਬਦੀਲੀ ਲਿਆਉਣ ਦੇ ਖ਼ਿਲਾਫ਼ ਸਨ।

ਸਮਝੌਤਾਕਾਰੂ ਧਾਰਾ, ਅੰਗਰੇਜ਼ ਸਾਮਰਜਵਾਦੀਆਂ ਵਲੋਂ ਹਿੰਦੋਸਤਾਨ ਉੱਤੇ ਆਪਣੀ ਹਕੂਮਤ ਨੂੰ ਮਜ਼ਬੂਤ ਕਰਨ ਦੇ ਲਈ ਤਿਆਰ ਕੀਤੀਆਂ ਗਈਆਂ ਜਮਾਤਾਂ – ਬੜੇ ਸਰਮਾਏਦਾਰਾਂ ਅਤੇ ਬੜੇ ਜਗੀਰਦਾਰਾਂ – ਦੇ ਹਿੱਤਾਂ ਦੀ ਅਗਵਾਈ ਕਰਦੀ ਸੀ। ਅੰਗਰੇਜ਼ ਸਾਮਰਾਜਵਾਦੀਆਂ ਨੇ ਜ਼ਮੀਨ ਦੀ ਮਾਲਕੀ ਦੀ ਅਜਿਹੀ ਵਿਵਸਥਾ ਸਥਾਪਤ ਕੀਤੀ, ਜਿਸ ਵਿੱਚ ਬੜੇ-ਬੜੇ ਜਗੀਰਦਾਰਾਂ ਦਾ ਵਿਕਾਸ ਹੋਇਆ। ਅੰਗਰੇਜ਼ ਸਾਮਰਾਜਵਾਦੀਆਂ ਦੇ ਨਾਲ ਮਿਲਕੇ ਕੰਮ ਕਰਨ ਵਾਲੇ ਧਨਾਢ ਘਰਾਣਿਆਂ ਨੂੰ ਉਦਯੋਗਿਕ ਲਾਇਸੰਸ ਦਿੱਤੇ ਗਏ, ਜਿਸ ਨਾਲ ਬੜੇ ਸਰਮਾਏਦਾਰਾਂ ਦਾ ਵਿਕਾਸ ਹੋਇਆ।

ਇਨਕਲਾਬੀ ਧਾਰਾ ਮਜ਼ਦੂਰਾਂ, ਕਿਸਾਨਾਂ ਅਤੇ ਦੂਸਰੇ ਦੱਬੇ-ਕੁਚਲੇ ਲੋਕਾਂ ਦੇ ਹਿੱਤਾਂ ਦੀ ਅਗਵਾਈ ਕਰਦੀ ਸੀ। 1913 ਵਿੱਚ ਬਣੀ ਹਿੰਦੋਸਤਾਨ ਗ਼ਦਰ ਪਾਰਟੀ, ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਅਤੇ ਅਣਗ਼ਿਣਤ ਕਮਿਉਨਿਸਟ ਇਨਕਲਾਬੀ – ਸਭ ਇਸੇ ਇਨਕਲਾਬੀ ਧਾਰਾ ਦੇ ਹਿੱਸਾ ਸਨ।

ਸਮਝੌਤਾਕਾਰੂ ਧਾਰਾ ਦੀ ਅਗਵਾਈ ਕਾਂਗਰਸ ਪਾਰਟੀ, ਮੁਸਲਿਮ ਲੀਗ ਅਤੇ ਹਿੰਦੋਸਤਾਨ ਦੇ ਪੈਸੇ ਵਾਲੇ ਵਰਗਾਂ ਦੀਆਂ ਪਾਰਟੀਆਂ ਨੇ ਕੀਤੀ। 1857 ਦੇ ਗ਼ਦਰ ਦੇ ਬਾਦ ਤੋਂ ਅੰਗਰੇਜ਼ ਹਾਕਮਾਂ ਨੇ ਅਜੇਹੀਆਂ ਪਾਰਟੀਆਂ ਸਥਾਪਤ ਅਤੇ ਵਿਕਸਤ ਕਰਨ ਦੀ ਰਣਨੀਤੀ ਅਪਣਾਈ ਸੀ। ਅੰਗਰੇਜ਼ਾਂ ਨੇ ਆਪਣੇ ਬਸਤੀਵਾਦੀ ਪ੍ਰਸਾਸ਼ਨ ਦੇ ਅੰਦਰ ਹਿੰਦੋਸਤਾਨੀ ਸਰਮਾਏਦਾਰਾਂ ਦੇ ਨੇਤਾਵਾਂ ਨੂੰ ਸ਼ਾਮਲ ਕਰਨ ਦੇ ਲਈ ਪ੍ਰਦੇਸ਼ਕ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਈਆਂ।

1947 ਵਿੱਚ ਅੰਗਰੇਜ਼ ਹਾਕਮਾਂ ਨੇ, ਹਿੰਦੋਸਤਾਨ ਦੀ ਰਾਜਸੱਤਾ ਨੂੰ ਉਨ੍ਹਾਂ ਹੀ ਵਰਗਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਤਿਆਰ ਕੀਤਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਨਵੇਂ ਅਜ਼ਾਦ ਹੋਏ ਰਾਜ, ਹਮੇਸ਼ਾ ਹੀ ਸਾਮਰਾਜਵਾਦੀ ਵਿਵਸਥਾ ਨਾਲ ਜੁੜੇ ਰਹਿਣਗੇ। ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਅਗ੍ਰੇਜ਼ਾਂ ਦੇ ਚਲੇ ਜਾਣ ਤੋਂ ਬਾਦ ਵੀ ਉਨ੍ਹਾਂ ਦੀ ਬਸਤੀਵਾਦੀ ਵਿਰਾਸਤ ਬਰਕਰਾਰ ਰਹੇਗੀ।

ਦੂਸਰੇ ਵਿਸ਼ਵ ਯੁੱਧ ਤੋਂ ਬਾਦ, 1945 ਵਿੱਚ, ਅੰਗਰੇਜ਼ ਸਾਮਰਾਜਵਾਦੀਆਂ ਨੂੰ ਹਿੰਦੋਸਤਾਨ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਵਧਦੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਰਾਇਲ ਇੰਡੀਅਨ ਨੇਵੀ (ਨੌਸੈਨਾ) ਵਿੱਚ ਬਗ਼ਾਵਤ, ਅਤੇ ਉਸਦੇ ਲਈ ਮੁੰਬਈ, ਕਰਾਚੀ ਅਤੇ ਦੂਸਰੇ ਉਦਯੋਗਿਕ ਸ਼ਹਿਰਾਂ ਦੀ ਅਬਾਦੀ ਵਲੋਂ ਪੂਰੇ ਸਹਿਯੋਗ ਨੇ ਅੰਗਰੇਜ਼ਾਂ ਦੇ ਦਿਲ ਵਿੱਚ ਇਨਕਲਾਬ ਦਾ ਡਰ ਪੈਦਾ ਕਰ ਦਿੱਤਾ। ਹਿੰਦੋਸਤਾਨ ਦੇ ਜ਼ਿਆਦਾਤਰ ਲੋਕ, ਸੋਵੀਅਤ ਸੰਘ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਮਿਸਾਲ ਤੋਂ ਪ੍ਰੇਰਿਤ ਹੋ ਕੇ, ਇਨਕਲਾਬ ਦੇ ਲਈ ਜੂਝ ਰਹੇ ਸਨ।

ਅੰਗਰੇਜ਼ ਸਾਮਰਾਜਵਾਦ ਯੁੱਧ ਨਾਲ ਬਹੁਤ ਕਮਜ਼ੋਰ ਹੋ ਗਿਆ ਸੀ। ਅੰਗਰੇਜ਼ ਸਮਝ ਗਏ ਸਨ ਕਿ ਹਿੰਦੋਸਤਾਨ ਉੱਤੇ ਉਨ੍ਹਾਂ ਦਾ ਸਿੱਧਾ ਸਾਸ਼ਨ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੇਗਾ। ਉਨ੍ਹਾਂ ਨੇ ਹਿੰਦੋਸਤਾਨ ਵਿੱਚੋਂ ਬਾਹਰ ਨਿਕਲਣ ਦੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ, ਜਿਸਦਾ ਮਕਸਦ ਸੀ ਇਨਕਲਾਬ ਨੂੰ ਰੋਕਣਾ ਅਤੇ ਦੱਖਣ ਏਸ਼ੀਆ ਨੂੰ ਵੰਡਿਆ ਹੋਇਆ ਅਤੇ ਬਰਤਾਨਵੀ-ਅਮਰੀਕੀ ਸਾਮਰਾਜ ਉੱਤੇ ਹਮੇਸ਼ਾ ਲਈ ਨਿਰਭਰ ਰੱਖਣਾ।

ਇਨਕਲਾਬ ਦੇ ਸਾਂਝੇ ਡਰ ਦੇ ਕਾਰਨ, ਅੰਗਰੇਜ਼ ਸਾਮਰਾਜਵਾਦੀਏ ਅਤੇ ਹਿੰਦੋਸਤਾਨ ਦੇ ਬੜੇ ਸਰਮਾਏਦਾਰ ਇੱਕਜੁੱਟ ਹੋ ਗਏ। ਉਨ੍ਹਾਂ ਦੋਹਾਂ ਦਾ ਇੱਕੋ ਲਕਸ਼ ਸੀ -‘ਸਰਮਾਏਦਾਰਾ ਅਤੇ ਸਾਮਰਾਜਵਾਦੀ ਲੁੱਟ ਦੀ ਵਿਵਸਥਾ ਨੂੰ ਬਰਕਰਾਰ ਰੱਖਣਾ’। ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਹਿੰਦੋਸਤਾਨ ਦੇ ਮਜ਼ਦੂਰ ਅਤੇ ਕਿਸਾਨ ਸੋਵੀਅਤ ਸੰਘ ਦੀ ਮਿਸਾਲ ਤੋਂ ਪ੍ਰੇਰਿਤ ਹੋ ਕੇ, ਪੈਦਾਵਾਰ ਦੇ ਸਾਧਨਾਂ ਨੂੰ ਬਸਤੀਵਾਦੀਆਂ ਅਤੇ ਸਰਮਾਏਦਾਰਾਂ ਦੇ ਹੱਥੋਂ ਖੋਹ ਲੈਣਗੇ ਅਤੇ ਸਮਾਜਵਾਦ ਦੇ ਰਸਤੇ ਉੱਤੇ ਚੱਲ ਪੈਣਗੇ।

ਅੰਗਰੇਜ਼ਾਂ ਨੇ ਕਾਂਗਰਸ ਪਾਰਟੀ ਅਤੇ ਮੁਸਲਿਮ ਲੀਗ ਦੋਹਾਂ ਨਾਲ, ਅਲੱਗ-ਅਲੱਗ ਸਮਝੌਤਾ ਕੀਤਾ ਅਤੇ ਉਨ੍ਹਾਂ ਦੋਹਾਂ ਲਈ ਆਪਸ-ਵਿੱਚ ਸ਼ੱਕ ਪੈਦਾ ਕੀਤਾ। ਇਸ ਤਰ੍ਹਾਂ, ਉਨ੍ਹਾਂ ਨੇ ਫਿਰਕੂ ਬਟਵਾਰੇ ਦੀਆਂ ਹਾਲਤਾਂ ਤਿਆਰ ਕੀਤੀਆਂ।

ਹਿੰਦੋਸਤਾਨ ਦੇ ਸਰਮਾਏਦਾਰਾਂ ਅਤੇ ਉਨ੍ਹਾਂ ਦੇ ਨੇਤਾਵਾਂ ਦਾ ਵਿਰੋਧ ਇਨਕਲਾਬ ਪ੍ਰਤੀ  ਜ਼ਿਆਦਾ ਅਤੇ ਸਾਮਰਾਜਵਾਦ ਪ੍ਰਤੀ ਘੱਟ ਸੀ। ਇਸ ਦੇ ਨਾਲ ਹੀ ਉਹ ਰਾਜ ਸੱਤਾ ਉੱਤੇ ਖੁਦ ਹਾਵੀ ਹੋਣ ਦੇ ਇੱਛੁਕ ਸਨ। ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਵਲੋਂ ਅਯੋਜਿਤ ਫ਼ਿਰਕੂ ਵੰਡ ਨੂੰ ਸਵੀਕਾਰ ਕਰ ਲਿਆ।

1947 ਵਿੱਚ ਅੰਗਰੇਜ਼ ਸਾਮਰਾਜਵਾਦ ਅਤੇ ਹਿੰਦੋਸਤਾਨ ਦੇ ਬੜੇ ਸਰਮਾਏਦਾਰਾਂ ਵਿਚਕਾਰ ਹੋਏ ਉਸ ਸਮਝੌਤੇ ਦੇ ਕਾਰਨ, ਹਿੰਦੋਸਤਾਨ ਅੱਜ ਤੱਕ ਬਸਤੀਵਾਦੀ ਵਿਰਾਸਤ ਦਾ ਗ਼ੁਲਾਮ ਹੈ ਅਤੇ ਸਾਮਰਾਜਵਾਦੀ ਵਿਵਸਥਾ ਵਿੱਚ ਫ਼ਸਿਆ ਹੋਇਆ ਹੈ। ਬਸਤੀਵਾਦੀ ਰਾਜ ਦੇ ਸੰਸਥਾਨ, ਭ੍ਰਸ਼ਟ ਅਫ਼ਸਰਸ਼ਾਹੀ ਅਤੇ ਫ਼ਿਰਕੂ ਅਧਾਰ ਉੱਤੇ ਬਣਾਈ ਗਏ ਫੌਜੀ ਬਲ, ਇਨ੍ਹਾਂ ਸਾਰਿਆਂ ਨੂੰ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ। ਅੰਗਰੇਜ਼ਾਂ ਨੇ ਆਪਣੀ ਸ਼ੋਸ਼ਣ ਦੀ ਵਿਵਸਥਾ ਦੀ ਰਾਖੀ ਕਰਨ ਦੇ ਲਈ ਜੋ ਕਾਨੂੰਨ ਦਾ ਸਾਸ਼ਨ ਲਾਗੂ ਕੀਤਾ ਸੀ, ਉਹ ਵੀ ਪਹਿਲਾਂ ਵਾਂਗ ਹੀ ਰਿਹਾ ਹੈ। ਰਾਜ-ਧ੍ਰੋਹ ਦਾ ਕਾਨੂੰਨ, ਸਸ਼ਤਰ ਬਲ ਵਿਸੇਸ਼ ਅਧਿਕਾਰ ਕਾਨੂੰਨ, ਆਦਿ ਵਰਗੇ ਰਾਜਕੀ ਦਹਿਸ਼ਤ ਨੂੰ ਜਾਇਜ ਠਹਿਰਉਣ ਵਾਲੇ ਤਮਾਮ ਕਾਨੂੰਨ ਅੱਜ ਵੀ ਜਾਰੀ ਹਨ। ਪਾੜੋ ਅਤੇ ਰਾਜ ਕਰੋ ਦਾ ਬਸਤੀਵਾਦੀ ਕੰਮ ਢੰਗ, ਅਤੇ ਇਸਦੇ ਨਾਲ ਨਾਲ ਫ਼ਿਰਕੂ ਹਿੰਸਾ ਅਯੋਜਿਤ ਕਰਨਾ ਅਤੇ ਫ਼ਿਰਕੂ ਸਦਭਾਵਨਾ ਅਤੇ ਧਰਮ ਨਿਰਪੇਖਤਾ ਦਾ ਪ੍ਰਚਾਰ ਕਰਨਾ – ਇਨ੍ਹਾਂ ਸਾਰੀਆਂ ਤਰਕੀਬਾਂ ਨੂੰ ਹਿੰਦੋਸਤਾਨ ਦੇ ਸਰਮਾਏਦਾਰਾਂ ਨੇ ਬਰਕਰਾਰ ਰੱਖਿਆ ਹੈ ਅਤੇ ਕੁਸ਼ਲ ਬਣਾਇਆ ਹੈ।

ਬਹੁਪਾਰਟੀਵਾਦੀ ਪ੍ਰਤੀਨਿਧਤਾਵਾਦੀ ਲੋਕਤੰਤਰ ਦੀ ਰਾਜਨੀਤਕ ਵਿਵਸਥਾ, ਜਿਸ ਨੂੰ ਅੰਗਰੇਜ਼ੀ ਰਾਜ ਵੇਲੇ ਸੀਮਤ ਪੱਧਰ ‘ਤੇ ਸ਼ੁਰੂ ਕੀਤਾ ਸੀ, ਉਸਨੂੰ ਅਜ਼ਾਦ ਹਿੰਦੋਸਤਾਨ ਦੀ ਰਾਜਨੀਤਕ ਪ੍ਰਕ੍ਰਿਆ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਹੈ। ਇਸ ਵਿਵਸਥਾ ਦਾ ਮਕਸਦ ਇਹ ਯਕੀਨੀ ਬਨਾਉਣਾ ਹੈ ਕਿ ਫੈਸਲੇ ਲੈਣ ਦਾ ਅਧਿਕਾਰ ਸਰਮਾਏਦਾਰ ਵਰਗ ਦੇ ਹੱਥਾਂ ਵਿੱਚ ਹੀ ਬਣਿਆ ਰਹੇ ਅਤੇ ਇਹ ਦਿਖਾਵਾ ਕੀਤਾ ਜਾਵੇ ਕਿ ਲੋਕ ਆਪਣੇ ਪਸੰਦ ਦੀ ਸਰਕਾਰ ਚੁਣ ਸਕਦੇ ਹਨ।

ਸਰਮਾਏਦਾਰਾ ਵਰਗ ਦੀ ਅਗਵਾਈ ਕਰਨ ਵਾਲੇ ਅਜਾਰੇਦਾਰ ਘਰਾਣਿਆਂ ਨੇ ਅੰਗਰੇਜ਼ਾਂ ਤੋਂ ਵਿਰਾਸਤ ਵਿੱਚ ਪਾਏ ਗਏ ਰਾਜਤੰਤਰ ਅਤੇ ਰਾਜਨੀਤੀ ਦੀ ਪ੍ਰਕ੍ਰਿਆ ਦਾ ਇਸਤੇਮਾਲ ਕਰਕੇ, ਆਪਣੀ ਨਿੱਜੀ ਦੌਲਤ ਨੂੰ ਖ਼ੂਬ ਵਧਾਇਆ ਹੈ। ਅੱਜ ਅਰਥਵਿਵਸਥਾ ਦੇ ਹਰ ਖੇਤਰ ਵਿੱਚ ਅਤੇ ਦੇਸ਼ ਦੇ ਹਰ ਕੋਨੇ ਵਿੱਚ ਉਨ੍ਹਾਂ ਦਾ ਬੋੋਲਬਾਲਾ ਹੈ। ਅੱਜ ਉਹ ਬਹੁ-ਅਰਬਪਤੀ ਹਨ, ਦੁਨੀਆਂ ਦੇ ਸਭ ਤੋਂ ਧਨਵਾਨ ਸਰਮਾਏਦਾਰਾਂ ਦੇ ਨਾਲ ਮੁਕਾਬਲਾ ਕਰਦੇ ਹਨ ਅਤੇ ਖੁਦ ਆਪਣੇ ਸਾਮਰਾਜਵਾਦੀ ਸੁਪਨਿਆਂ ਨੂੰ ਸਕਾਰ ਕਰਨਾ ਚਾਹੁੰਦੇ ਹਨ।

ਸਰਮਾਏਦਾਰਾਂ ਨੇ ਜਗੀਰੂ ਅਵਸ਼ੇਸ਼ਾਂ ਅਤੇ ਘਿਨਾਉਣੀ ਜਾਤੀ ਪ੍ਰਥਾ ਨੂੰ ਬਰਕਰਾਰ ਰੱਖਿਆ ਹੈ। ਸਰਮਾਏਦਾਰਾਂ ਵਲੋਂ ਸਥਾਪਤ ਇਸ ਹਿੰਦੋਸਤਾਨੀ ਸੰਘ ਦੇ ਅੰਦਰ, ਦੇਸ਼ ਦੇ ਵੱਖ-ਵੱਖ ਰਾਸ਼ਟਰਾਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਅਧਿਕਾਰਾਂ ਤੋਂ ਵੰਚਿਤ ਕੀਤਾ ਜਾਂਦਾ ਹੈ। ਮੌਜ਼ੂਦਾ ਹਿੰਦੋਸਤਾਨੀ ਸੰਘ ਇਹਦੇ ਘਟਕ ਰਾਸ਼ਟਰਾਂ ਦੇ ਲਈ ਇੱਕ ਜ਼ੇਹਲ ਵਰਗਾ ਹੈ। ਹਿੰਦੋਸਤਾਨੀ ਸਰਮਾਏਦਾਰਾਂ ਨੂੰ ਸਿਰਫ਼ ਆਪਣੇ ਖੁਦਗਰਜ਼ ਹਿੱਤਾਂ ਦੀ ਹੀ ਪ੍ਰਵਾਹ ਹੈ, ਇਸ ਲਈ ਉਨ੍ਹਾਂ ਨੇ ਅਰਥ-ਵਿਵਸਥਾ ਦੇ ਤਮਾਮ ਖੇਤਰਾਂ ਵਿੱਚ ਵਧਦੀ ਸਾਮਰਾਜਵਾਦੀ ਘੁਸਪੈਠ ਅਤੇ ਵਿਦੇਸ਼ੀ ਬਹੁਰਾਸ਼ਟਰੀ ਕੰਪਣੀਆਂ ਦੀ ਵਧਦੀ ਹਿੱਸੇਦਾਰੀ ਲਈ ਸਾਰੇ ਦਰਵਾਜ਼ੇ ਖੋਹਲ ਦਿੱਤੇ ਹਨ।

ਜਦੋਂ ਤੱਕ ਰਾਜਸੱਤਾ ਉੱਤੇ ਸਰਮਾਏਦਾਰ ਕਾਬਜ਼ ਰਹਿਣਗੇ, ਉਦੋਂ ਤੱਕ ਸਰਮਾਏਦਾਰ ਹੀ ਦੇਸ਼ ਦਾ ਅਜੰਡਾ ਤੈਅ ਕਰਨਗੇ, ਉਦੋਂ ਤੱਕ ਲੋਕ ਇਸ ਸੋਸ਼ਣ–ਭਰੀ ਆਰਥਕ ਵਿਵਸਥਾ, ਇਸ ਦਮਨਕਾਰੀ ਰਾਜਤੰਤਰ ਅਤੇ ਇਸ ਗ਼ੁਨਾਹਗਾਰ ਰਾਜਨੀਤਕ ਪ੍ਰਕ੍ਰਿਆ ਦੇ ਬੇਬੱਸ ਗ਼ੁਲਾਮ ਬਣੇ ਰਹਿਣਗੇ। ਵਿਦੇਸ਼ੀ ਪੂੰਜੀ ਦੀ ਭੂਮਿਕਾ ਅਤੇ ਵਿਦੇਸ਼ੀ ਸਾਮਰਾਜਵਾਦੀ ਦਬਾਅ ਵਧਦਾ ਜਾਵੇਗਾ। ਹਿੰਦੋਸਤਾਨ ਅੰਤਰ-ਸਾਮਰਾਜਵਾਦੀ ਮੁਕਾਬਲੇ ਅਤੇ ਦੁਨੀਆਂ ਨੂੰ ਫਿਰ ਤੋਂ ਵੰਡਣ ਦੇ ਨਜਾਇਜ਼ ਯੁੱਧਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਹੱਦ ਤੱਕ ਫਸਦਾ ਰਹੇਗਾ।

ਜੋ ਕੰਮ 1947 ਵਿੱਚ ਪੂਰਾ ਨਹੀਂ ਹੋਇਆ ਸੀ, ਉਸ ਨੂੰ ਅੱਜ ਪੂਰਾ ਕਰਨਾ ਹੋਵੇਗਾ। ਸਾਮਰਾਜਵਾਦੀ ਅੰਗਰੇਜ਼ਾਂ ਦੇ ਸੰਸਦੀ ਲੋਕਤੰਤਰ ਅਤੇ ਪੂਰੀ ਬਸਤੀਵਾਦੀ ਵਿਰਾਸਤ ਦੇ ਨਾਲੋਂ ਨਾਤਾ ਤੋੜਨਾ ਹੋਵੇਗਾ। “ਸਰਮਾਏਦਾਰਾਂ ਦੀ ਜਾਇਦਾਦ ਅਤੇ ਅਜਾਰੇਦਾਰ ਸਰਮਾਏਦਾਰਾਂ ਦੇ ਹੱਕ” ਦੀ ਰਾਖੀ ਕਰਨ ਵਾਲੀ ਅਤੇ ਇਸਦੇ ਨਾਲ-ਨਾਲ, ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਅਧਿਕਾਰਾਂ ਨੂੰ ਪੈਰਾਂ ਹੇਠ ਰੌਂਦਣ ਵਾਲੀ, ਇਸ ਹਕੂਮਤ (ਜਿਸਨੂੰ ਰੂਲ ਆਫ਼ ਲਾਅ ਕਿਹਾ ਜਾਂਦਾ ਹੈ) ਨੂੰ ਸਾਨੂੰ ਖ਼ਤਮ ਕਰਨ ਹੋਵੇਗਾ।

ਮੌਜੂਦਾ ਰਾਜ, ਸਰਮਾਏਦਾਰ ਵਰਗ ਨੂੰ ਸੱਤਾ ਵਿੱਚ ਬਣਾ ਕੇ ਰੱਖਣ ਦੇ ਲਈ ਅਤੇ ਮਜ਼ਦੂਰਾਂ-ਕਿਸਾਨਾਂ ਨੂੰ ਆਪਣੇ ਸੋਸ਼ਣ ਦਾ ਵਿਰੋਧ ਕਰਨ ਦੇ ਹਰ ਤਰੀਕੇ ਤੋਂ ਵੰਚਿਤ ਕਰਨ ਦਾ ਸਾਧਨ ਹੈ। ਸਾਨੂੰ ਇੱਕ ਅਜਿਹੇ ਨਵੇਂ ਰਾਜ ਦੀ ਨੀਂਹ ਰੱਖਣੀ ਹੋਵੇਗੀ, ਜੋ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸੱਤਾ ਵਿੱਚ ਲਿਆਉਣ ਦਾ ਸਾਧਨ ਬਣੇਗਾ ਅਤੇ ਸਰਮਾਏਦਾਰ ਵਰਗ ਨੂੰ ਮਜ਼ਦੂਰਾਂ-ਕਿਸਾਨਾਂ ਦਾ ਸੋਸ਼ਣ ਕਰਨ ਦੇ ਸਾਧਨਾਂ ਤੋਂ ਵੰਚਿਤ ਕਰੇਗਾ।

ਬੜੇ ਪੈਮਾਨੇ ਦੇ ਉਤਪਾਦਨ ਦੇ ਸਾਰੇ ਸਾਧਨ ਅੱਜ ਅਜਾਰੇਦਾਰ ਸਰਮਾਏਦਾਰਾਂ ਦੀ ਨਿੱਜੀ ਸੰਪਤੀ ਹਨ। ਇਸਨੂੰ ਸਮਾਜਕ ਸੰਪਤੀ, ਸੰਪੂਰਣ ਜਨਤਾ ਦੀ ਸੰਪਤੀ ਵਿੱਚ ਤਬਦੀਲ ਕਰਨਾ ਹੋਵੇਗਾ। ਮੌਜ਼ੂਦਾ ਆਰਥਕ ਵਿਵਸਥਾ ਸਰਮਾਏਦਾਰਾਂ ਦੇ ਲਾਲਚ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਚਲਾਈ ਜਾਂਦੀ ਹੈ। ਇਹਨੂੰ ਸਾਰੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਚਲਾਉਣਾ ਹੋਵੇਗਾ।

ਹਿੰਦੋਸਤਾਨ ਨੂੰ ਨਵੀਆਂ ਬੁਨਿਆਦਾਂ ਉੱਤੇ ਖੜ੍ਹਾ ਕਰਨਾ, ਰਾਜ ਅਤੇ ਅਰਥਵਿਵਸਥਾ ਦਾ ਨਵ-ਨਿਰਮਾਣ ਕਰਨਾ, ਇਹੀ ਅੱਜ ਸਮੇਂ ਦੀ ਮੰਗ ਹੈ। ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇੱਕਜੁੱਟ ਹੋਣਾ ਹੋਵੇਗਾ, ਸਰਮਾਏਦਾਰਾਂ ਨੂੰ ਸੱਤਾ ਤੋਂ ਹਟਾਉਣਾ ਹੋਵੇਗਾ ਅਤੇ ਦੇਸ਼ ਦੀ ਵਾਗਡੋਰ ਨੂੰ ਆਪਣੇ ਹੱਥਾਂ ਵਿੱਚ ਲੈਣਾ ਹੋਵੇਗਾ। ਸਾਨੂੰ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਨਾ ਹੋਵੇਗਾ। ਅਜਿਹਾ ਕਰਕੇ ਹੀ ਅਸੀਂ ਹਿੰਦੋਸਤਾਨ ਦੀ ਅਜ਼ਾਦੀ ਅਤੇ ਸੰਪ੍ਰਭੂਤਾ ਦੀ ਸੱਚੇ ਮਾਇਨਿਆਂ ਵਿੱਚ ਰਾਖੀ ਕਰ ਸਕਾਂਗੇ ਅਤੇ ਸਭ ਦੇ ਲਈ ਸੁੱਖ ਅਤੇ ਸੁਰੱਖਿਆ ਸੁਨਿਸਚਿਤ ਕਰ ਸਕਾਂਗੇ।

close

Share and Enjoy !

0Shares
0

Leave a Reply

Your email address will not be published. Required fields are marked *