ਅਮਰੀਕਾ ਵਲੋਂ ਆਪਣੇ ਮਿੱਤਰਾਂ ਨੂੰ ਦੁਨੀਆਂ ਉੱਤੇ ਆਪਣੀ ਚੌਧਰ ਜਮਾਉਣ ਦੇ ਅਜੰਡੇ ਦੁਆਲੇ ਇਕਮੁੱਠ ਕਰਨ ਦੀ ਕੋਸ਼ਿਸ਼

ਛੇ ਮਹੀਨੇ ਪਹਿਲਾਂ ਗੱਦੀ ਸੰਭਾਲਣ ਤੋਂ ਬਾਅਦ, ਅਮਰੀਕਾ ਦਾ ਪ੍ਰਧਾਨ, ਜੋ ਬਾਈਡਨ, ਆਪਣੇ ਸਭ ਤੋਂ ਪਹਿਲੇ ਬਦੇਸ਼ੀ ਦੌਰੇ ਵਿੱਚ ਆਪਣੇ ਮੁੱਖ ਮਿੱਤਰਾਂ ਨੂੰ ਮਿਲਿਆ। ਉਸਨੇ 10 ਜੂਨ ਤੋਂ 14 ਜੂਨ ਤਕ ਦੁਨੀਆਂ ਦੀਆਂ ਸਭ ਤੋਂ ਅਮੀਰ ਸਰਮਾਏਦਾਰਾ ਤਾਕਤਾਂ ਦੇ ਗਰੁੱਪ, ਜੀ-7 ਦੇ ਲੀਡਰਾਂ ਅਤੇ ਨਾਟੋ ਦੇ ਮੈਂਬਰ ਦੇਸ਼ਾਂ ਦੇ ਮੁੱਖੀਆਂ ਨਾਲ ਮੀਟਿੰਗਾਂ ਕੀਤੀਆਂ।

ਇਸ ਦੌਰੇ ਦਾ ਮਕਸਦ ਦੁਨੀਆਂ ਵਿੱਚ ਅਮਰੀਕਾ ਦੀ ਚੌਧਰ ਹੇਠ ਇੱਕ ਇੱਕ-ਧਰੁਵੀ ਦੁਨੀਆਂ ਸਥਾਪਤ ਕਰਨ ਵਿੱਚ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਦੂਰ ਕਰਨਾ ਸੀ। 1991 ਵਿੱਚ ਸੋਵੀਅਤ ਸੰਘ ਦੇ ਢਹਿ-ਢੇਰੀ ਹੋਣ ਤੋਂ ਬਾਅਦ, ਅਮਰੀਕੀ ਸਾਮਰਾਜਵਾਦ ਨੇ ਖੁਦ ਨੂੰ ਆਪਣੇ ਹਿੱਤਾਂ ਖਾਤਰ ਦੁਨੀਆਂ ਦੇ ਕਿਸੇ ਵੀ ਭਾਗ ਵਿੱਚ ਮਨਮਰਜ਼ੀ ਕਰਨ ਦਾ ਨਜਾਇਜ਼ ਅਧਿਕਾਰ ਦਿੱਤਾ ਹੋਇਆ ਹੈ। ਅਮਰੀਕਾ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਯੁਗੋਸਲਾਵੀਆ, ਅਫਗਾਨਿਸਤਾਨ, ਇਰਾਕ, ਲਿਬੀਆ ਅਤੇ ਸੀਰੀਆ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਉੱਤੇ ਹਮਲੇ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਆਪਣੀ ਹੁਕਮਸ਼ਾਹੀ ਮੰਨਣ ਤੋਂ ਇਨਕਾਰ ਕਰਨ ਵਾਲੇ ਦੇਸ਼ਾਂ, ਜਿਵੇਂ ਇਰਾਨ, ਉੱਤਰੀ ਕੋਰੀਆ ਅਤੇ ਕਿਊਬਾ ਨੂੰ ਧਮਕਾਉਣ ਲਈ, ਉਨ੍ਹਾਂ ਦੇ ਖ਼ਿਲਾਫ਼ ਭੜਕਾਊ ਫੌਜੀ ਯੁੱਧ ਅਭਿਆਸ ਕੀਤੇ ਹਨ ਅਤੇ ਅਣਮਨੁੱਖੀ ਆਰਥਿਕ ਬੰਦਸ਼ਾਂ ਲਾਈਆਂ ਹੋਈਆਂ ਹਨ। ਉਸਨੇ ਰੂਸ ਨੂੰ ਘੇਰਨ ਲਈ ਪੂਰਬੀ ਯੂਰਪ ਅਤੇ ਕੇਂਦਰੀ ਏਸ਼ੀਆ ਦੇ ਦੇਸ਼ਾਂ ਵਿੱਚ ਆਪਣੇ ਲਈ ਫਾਇਦੇਮੰਦ ਸਰਕਾਰਾਂ ਤਾਕਤ ਵਿੱਚ ਲਿਆਉਣ ਲਈ ਗੜਬੜਾਂ ਕਰਵਾਈਆਂ ਹਨ। ਵਿਕਾਸਸ਼ੀਲ ਚੀਨ ਉੱਤੇ ਦਬਾ ਪਾਉਣ ਲਈ, ਉਸਨੇ ਚੀਨ ਦੇ ਨੇੜਲੇ ਸਮੁੰਦਰਾਂ ਵਿੱਚ ਫੌਜੀ ਗਤੀਵਿਧੀਆਂ ਕਰਨ ਲਈ, ਕੁਆਡ ਗਰੁੱਪ (ਜਿਸ ਵਿੱਚ ਅਮਰੀਕਾ, ਜਪਾਨ, ਅਸਟ੍ਰੇਲੀਆ ਅਤੇ ਹਿੰਦੋਸਤਾਨ ਸ਼ਾਮਲ ਹਨ) ਖੜਾ ਕੀਤਾ ਹੈ।

ਇਹ ਸਭ ਹਰਕਤਾਂ ਕਰਕੇ, ਅਮਰੀਕੀ ਸਾਮਰਾਜਵਾਦ ਨੇ ਬਾਰ ਬਾਰ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ  ਜੋ ਉਨ੍ਹਾਂ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਇਲਾਕਾਈ ਅਖੰਡਤਾ ਵਿੱਚ ਦਖਲਅੰਦਾਜ਼ੀ ਹੈ। ਇਸ ਦੌਰ ਵਿੱਚ ਅਮਰੀਕੀ ਆਪਹੁੱਦਰੀਆਂ ਦਾ ਮੁੱਖ ਖਾਸਾ ਸੰਯੁਕਤ ਰਾਸ਼ਟਰ ਉੱਤੇ ਦਬਾ ਪਾ ਕੇ ਆਪਣਾ ਹੁਕਮ ਮੰਨਵਾਉਣਾ, ਸੰਯੁਕਤ ਰਾਸ਼ਟਰ ਦੀ ਪ੍ਰਵਾਹ ਹੀ ਨਾ ਕਰਨਾ ਅਤੇ ਆਪਣਾ ਗੰਦਾ ਕੰਮ ਕਰਵਾਉਣ ਲਈ ਗਠਜੋੜ ਬਣਾਉਣਾ ਰਿਹਾ ਹੈ। ਇਸ ਤਰ੍ਹਾਂ ਦੇ ਗਠਜੋੜ ਨਾਟੋ ਵਿਚਲੇ ਦੇਸ਼ਾਂ ਅਤੇ ਹੋਰ ਕਈ ਦੇਸ਼ਾਂ ਨੂੰ ਭਰਿਸ਼ਟਾਚਾਰ ਰਾਹੀਂ ਅਤੇ ਜਾਂ ਫਿਰ ਨੂੰ ਬਲੈਕਮੇਲ ਕਰਕੇ ਬਣਾਏ ਜਾਂਦੇ ਹਨ। ਇਨ੍ਹਾਂ ਗੱਠਜੋੜਾਂ ਰਾਹੀਂ ਅਮਰੀਕਾ ਨੇ ਆਪਣੇ ਸੌੜੇ ਹਿੱਤਾਂ ਲਈ ਦੂਸਰੇ ਦੇਸ਼ਾਂ ਦੇ ਕੁਦਰਤੀ ਸਾਧਨ ਅਤੇ ਕਿਰਤ ਸ਼ਕਤੀ ਚੂਸ ਲਈ ਹੈ। ਬੇਸ਼ੱਕ ਇਹ ਇੱਕ ਧਾੜਵੀ ਤਾਕਤ ਵਲੋਂ ਸਮੁੱਚੀ ਦੁਨੀਆਂ ਉਤੇ ਆਪਣੀ ਹੁਕਮਸ਼ਾਹੀ ਥੋਪਣ ਦੀਆਂ ਹਰਕਤਾਂ ਹਨ, ਪਰ ਅਮਰੀਕਾ ਇਨ੍ਹਾਂ ਨੂੰ ਅੰਤਰਰਾਸ਼ਟਰੀ ਸਾਂਝ ਬਤੌਰ ਪੇਸ਼ ਕਰਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ।

ਤਾਜ਼ਾ ਸਾਲਾਂ ਵਿੱਚ ਅਮਰੀਕਾ ਵਲੋਂ ਦੁਨੀਆਂ ਉੱਤੇ ਹਾਵੀ ਹੋਣ ਦੇ ਯਤਨਾਂ ਨੂੰ ਵਧੇਰੇ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ। ਅਫਗਾਨਿਸਤਾਨ ਅਤੇ ਸੀਰੀਆ ਵਰਗੇ ਦੇਸ਼ਾਂ ਵਿੱਚ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਉਥੋਂ ਦੇ ਲੋਕਾਂ ਵਲੋਂ ਵਿਰੋਧ ਨੇ ਅਸਫਲ ਕਰ ਦਿੱਤਾ ਹੈ। ਇਰਾਨ, ਕਿਊਬਾ ਅਤੇ ਉੱਤਰੀ ਕੋਰੀਆ ਨੂੰ ਧਮਕੀਆਂ ਦੇ ਕੇ ਡਰਾਉਣ ਦੀਆਂ ਕੋਸ਼ਿਸ਼ਾਂ ਵੀ ਅਸਫਲ ਰਹੀਆਂ ਹਨ। ਰੂਸ, ਪੂਰਬੀ ਯੂਰਪ ਅਤੇ ਪੱਛਮੀ ਏਸ਼ੀਆ ਵਿੱਚ ਅਮਰੀਕਾ ਨੂੰ ਸਖਤ ਫੌਜੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਹੈ। ਚੀਨ ਦੇ ਇੱਕ ਤਾਕਤਵਰ ਦੇਸ਼ ਬਤੌਰ ਨਿਰੰਤਰ ਵਿਕਾਸ ਤੋਂ ਅਮਰੀਕਾ ਖਤਰਾ ਮਹਿਸੂਸ ਕਰਦਾ ਹੈ। ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਵਿੱਚ ਲੋਕਾਂ ਨੇ ਅਮਰੀਕਾ ਦੇ ਦੂਸਰੇ ਦੇਸ਼ਾਂ ਉੱਤੇ ਹਮਲਿਆਂ ਦੇ ਖ਼ਿਲਾਫ਼ ਭਾਰੀ ਜਨਤਕ ਮੁਜ਼ਾਹਰੇ ਕੀਤੇ ਹਨ। ਉਨ੍ਹਾਂ ਨੇ ਵਿਸ਼ਵੀਕਰਣ ਦੇ ਨਾਮ ਹੇਠ, ਅਜਾਰੇਦਾਰ ਸਰਮਾਏਦਾਰਾ ਕੰਪਨੀਆਂ ਨੂੰ ਫਾਇਦਾ ਦੇਣ ਦੇ ਖ਼ਿਲਾਫ਼ ਮੁਜ਼ਾਹਰੇ ਕੀਤੇ ਹਨ। ਯੂਰਪ ਵਿੱਚ ਉਸਦੇ ਭਾਈਵਾਲ ਦੇਸ਼ਾਂ ਵਿੱਚ ਵੀ ਉਸ ਦੀਆਂ ਨੀਤੀਆਂ ਦਾ ਵਿਰੋਧ ਹੋਇਆ ਹੈ।

ਜੋ ਬਾਈਡਨ ਦੀ ਯੂਰਪੀ ਫੇਰੀ ਇਸ ਤਰ੍ਹਾਂ ਦੇ ਮਹੌਲ ਵਿਚ ਹੋਈ। ਅਮਰੀਕਾ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਇਕੋ-ਜਿਹੇ ਵਿਚਾਰਾਂ ਵਾਲੇ ਦੇਸ਼ਾਂ ਦਾ ਇਕੱਠ ਸੀ, ਜਿਹੜੇ ਜਮਹੂਰੀਅਤ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਉੱਤੇ ਚੱਲਦੇ ਹਨ। ਪਰ ਅਸਲੀਅਤ ਵਿੱਚ, ਇਹ ਅਮਰੀਕਾ ਵਲੋਂ ਆਪਣੇ ਭਾਈਵਾਲਾਂ ਨੂੰ ਆਪਣੀਆਂ ਨੀਤੀਆਂ ਨਾਲ ਸਹਿਮਤ ਕਰਾਉਣ ਦੀ ਕੋਸ਼ਿਸ਼ ਸੀ। ਖਾਸ ਕਰਕੇ, ਇਹ ਚੀਨ ਅਤੇ ਰੂਸ ਦੇ ਖ਼ਿਲਾਫ਼ ਜੰਗਬਾਜ਼ ਬੁਖਾਰ ਦੇ ਵਧਣ ਦਾ ਸਬੂਤ ਸੀ।

ਇੱਕ ਨਵੇਂ ਅਟਲਾਂਟਿਕ ਚਾਰਟ ਦਾ ਬਣਨਾ

ਜੀ-7 ਅਤੇ ਨਾਟੋ ਦੇਸ਼ਾਂ ਦੇ ਆਗੂਆਂ ਨਾਲ ਮੀਟਿੰਗ ਤੋਂ ਪਹਿਲਾਂ, ਜੋ ਬਾਈਡਨ ਨੇ 10 ਜੂਨ ਨੂੰ ਬਰਤਾਨਵੀ ਪ੍ਰਧਾਨ ਮੰਤਰੀ, ਬੌਰਿਸ ਜੌਹਨਸਨ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੇ ਨਤੀਜੇ ਵਜੋਂ ਨਵੇਂ ਅਟਲਾਂਟਿਕ ਸਮਝੌਤੇ ਉੱਤੇ ਦਸਖ਼ਤ ਹੋਏ ਹਨ।

ਪਹਿਲਾ ਅਟਲਾਂਟਿਕ ਸਮਝੌਤਾ 80 ਸਾਲ ਪਹਿਲਾਂ, ਅਮਰੀਕੀ ਪ੍ਰਧਾਨ ਰੂਸਵੈਲਟ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਚਰਚਿਲ ਵਿਚਕਾਰ 1941 ਵਿੱਚ ਦਸਖ਼ਤ ਕੀਤਾ ਗਿਆ ਸੀ। ਇਹ ਸਮਝੌਤਾ ਬਰਤਾਨੀਆਂ ਅਤੇ ਅਮਰੀਕਾ ਵਿਚਕਾਰ ਸਬੰਧਾਂ ਦੇ ਨਵੇਂ ਪੜਾਅ ਨੂੰ ਦਰਸਾਉਂਦਾ ਸੀ, ਜਦੋਂ ਬਰਤਾਨੀਆਂ ਛੋਟਾ ਭਾਈਵਾਲ ਸੀ ਅਤੇ ਅਮਰੀਕਾ ਦੀ ਮੱਦਦ ਉਤੇ ਨਿਰਭਰ ਸੀ, ਜਦਕਿ ਅਮਰੀਕਾ ਇੱਕ ਹਾਵੀ ਭਾਈਵਾਲ ਬਤੌਰ ਉਭਰਿਆ ਸੀ। ਬੇਸ਼ੱਕ ਬਰਤਾਨੀਆਂ ਦਾ ਹਾਲੇ ਵੀ ਇੱਕ ਬਹੁਤ ਬੜਾ ਸਾਮਰਾਜ ਸੀ, ਪਰ ਉਸਦੀ ਤਾਕਤ ਕੁੱਝ ਦਹਾਕਿਆਂ ਤੋਂ ਘਟਦੀ ਜਾ ਰਹੀ ਸੀ ਅਤੇ ਹਿਟਲਰ ਨਾਲ ਜੰਗ ਨੇ ਉਸਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ।

ਦੂਸਰੇ ਵਿਸ਼ਵ ਯੁੱਧ ਦੁਰਾਨ ਅਮਰੀਕੀ ਸਾਮਰਾਜਵਾਦ ਇੱਕ ਬਹੁਤ ਬੜੀ ਤਾਕਤ ਬਣ ਕੇ ਉਭਰਿਆ। ਉਸਨੇ ਜੰਗ ਤੋਂ ਬਾਦ ਦੁਨੀਆਂ ਉੱਤੇ ਹਾਵੀ ਹੋਣ ਦੇ ਪਲੈਨ ਵਿੱਚ ਆਪਣੇ ਵਿਸ਼ਾਲ ਆਰਥਿਕ ਅਤੇ ਫੌਜੀ ਸਾਧਨਾਂ ਨੂੰ ਵਰਤਿਆ। ਉਸਦਾ ਮੁੱਖ ਨਿਸ਼ਾਨਾ ਸੋਵੀਅਤ ਯੂਨੀਅਨ ਅਤੇ ਹੋਰ ਦੇਸ਼ਾਂ ਵਿੱਚ ਸਮਾਜਵਾਦ ਨੂੰ ਤਬਾਹ ਕਰਨਾ ਸੀ, ਜਿੱਥੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸਮਾਜਵਾਦ ਸਥਾਪਤ ਹੋਇਆ ਸੀ। ਉਹ ਕੌਮੀ ਮੁਕਤੀ ਵਾਸਤੇ ਇਨਕਲਾਬੀ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦਾ ਸੀ ਤਾਂ ਕਿ ਦੁਨੀਆਂਭਰ ਵਿੱਚ ਸਾਮਰਾਜਵਾਦੀ ਲੁੱਟ ਨੂੰ ਵਧਾਇਆ ਅਤੇ ਤੇਜ਼ ਕੀਤਾ ਜਾ ਸਕੇ। ਇਸ ਮੰਤਵ ਲਈ ਉਸਨੇ ਨਾਟੋ, ਸੀਟੋ ਅਤੇ ਸੈਂਟੋ ਆਦਿ ਧਾੜਵੀ ਫੌਜੀ ਗੱਠਜੋੜ ਸਥਾਪਤ ਕੀਤੇ। ਉਸਨੇ ਸੰਯੁਕਤ ਰਾਸ਼ਟਰ ਅਤੇ ਜੰਗ ਤੋਂ ਬਾਦ ਬਣਾਈਆਂ ਗਈਆਂ ਹੋਰ ਅੰਤਰਰਾਸ਼ਟਰੀ ਜਥੇਬੰਦੀਆਂ ਵਿੱਚ ਸੋਵੀਅਤ ਸੰਘ ਅਤੇ ਦੂਸਰੇ ਸਮਾਜਵਾਦੀ ਦੇਸ਼ਾਂ ਦੀ ਵਿਰੋਧਤਾ ਕੀਤੀ। ਉਸਨੇ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਸਥਾਪਤ ਕੀਤੇ। ਉਸ ਨੇ ਅਮਰੀਕੀ “ਏਡ” ਨੂੰ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਆਰਥਿਕਤਾਵਾਂ ਉੱਤੇ ਕੰਟਰੋਲ ਜਮਾਉਣ ਅਤੇ ਲੁੱਟ ਨੂੰ ਤੀਬਰ ਕਰਨ ਲਈ ਵਰਤਿਆ। ੳੇੁਸ ਨੇ ਕੋਰੀਆ ਅਤੇ ਵੀਤਨਾਮ ਵਿੱਚ ਇਨਕਲਾਬ ਅਤੇ ਸਮਾਜਵਾਦ ਨੂੰ ਰੋਕਣ ਲਈ ਖੂਨੀ ਜੰਗਾਂ ਲਾਈਆਂ। ਇਨ੍ਹਾਂ ਹਰਕਤਾਂ ਵਿੱਚ ਅਮਰੀਕੀ ਸਾਮਰਾਜਵਾਦ ਨੂੰ ਉਸ ਵਲੋਂ ਬਣਾਏ ਗਠਜੋੜਾਂ ਦੇ ਜਾਲਾਂ ਨੇ ਮੱਦਦ ਦਿੱਤੀ। ਇਨ੍ਹਾਂ ਗਠਜੋੜਾਂ ਵਿੱਚ ਪ੍ਰਮੁੱਖ, 1941 ਵਿੱਚ ਬਰਤਾਨੀਆਂ ਨਾਲ ਬਣਾਇਆ ਗਿਆ ਗਠਜੋੜ ਸੀ। ਜਦਕਿ ਇਹ ਕਮਿਉਨਿਜ਼ਮ ਦੇ ਖ਼ਿਲਾਫ਼ ਮੁਕਤ ਦੁਨੀਆਂ ਲਈ ਲੜਨ ਦੇ ਨਾਮ ਉਤੇ ਬਣਾਏ ਗਏ ਸਨ, ਪਰ ਅਸਲੀ ਨਿਸ਼ਾਨਾਂ ਅਮਰੀਕਾ ਦਾ ਸਾਮਰਾਜਵਾਦੀ ਦਬਦਬਾ ਸਥਾਪਤ ਕਰਨਾ ਅਤੇ ਇਸਦਾ ਫੈਲਾਅ ਕਰਨਾ ਸੀ।

80 ਸਾਲਾਂ ਬਾਅਦ ਇੱਕ ਨਵਾਂ ਐਟਲਾਂਟਿਕ ਚਾਰਟਰ ਬਣਾਉਣਾ, ਬਰਤਾਨੀਆਂ ਅਤੇ ਯੂਰਪ ਦੇ ਹੋਰ ਦੇਸ਼ਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਉਸਦਾ ਉਨ੍ਹਾਂ ਦੇ ਦੇਸ਼ਾਂ ਉੱਤੇ ਆਪਣੇ ਦਬਦਬੇ ਨੂੰ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ।

ਜੀ-7 ਮੀਟਿੰਗ

ਜੋ ਬਾਈਡਨ ਨੇ 11 ਤੋਂ 13 ਜੂਨ ਤਕ ਯੂ.ਕੇ. ਵਿੱਚ ਜੀ-7 ਗਰੁੱਪ ਦੀ ਮੀਟਿੰਗ ਵਿੱਚ ਹਿੱਸਾ ਲਿਆ। ਜੀ-7 ਦੀ ਮੀਟਿੰਗ, ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਮੁੱਖੀਆਂ ਵਿਚਕਾਰ ਹੋਣ ਵਾਲੀ ਸਲਾਨਾ ਮੀਟਿੰਗ ਹੈ। ਇਸ ਵਿਚ ਅਮਰੀਕਾ, ਬਰਤਾਨੀਆਂ, ਫਰਾਂਸ, ਜਰਮਨੀ, ਕਨੇਡਾ, ਇਟਲੀ ਅਤੇ ਜਪਾਨ ਸ਼ਾਮਲ ਹਨ। ਇਹ 1975 ਵਿੱਚ ਸ਼ੁਰੂ ਕੀਤੀਆਂ ਸਨ, ਜਦੋਂ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਪਹਿਲਾ ਡੁੰਘਾ ਮੰਦਵਾੜਾ ਸ਼ੁਰੂ ਹੋਇਆ ਸੀ। ਸੰਯੁਕਤ ਰਾਸ਼ਟਰ ਨੂੰ ਪਾਸੇ ਰੱਖਦੇ ਹੋਏ, ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਉਤੇ ਹਾਵੀ ਦੇਸ਼ਾਂ ਦਾ ਇਹ ਗਰੁੱਪ ਇਸ ਮੰਚ ਨੂੰ ਸਾਰੀ ਦੁਨੀਆਂ ਉੱਤੇ ਪ੍ਰਭਾਵ ਪਾਉਣ ਵਾਲੇ ਫੈਸਲੇ ਕਰਵਾਉਣ ਲਈ ਵਰਤਦਾ ਹੈ। ਇਹ ਫੈਸਲੇ ਕੇਵਲ ਅੰਤਰਰਾਸ਼ਟਰੀ ਵਪਾਰ ਅਤੇ ਵਿੱਤ ਪੂੰਜੀ ਬਾਰੇ ਹੀ ਨਹੀਂ, ਬਲਕਿ ਸਿਆਸੀ ਅਤੇ ਫੌਜੀ ਮਾਮਲਿਆਂ ਬਾਰੇ ਵੀ ਹੁੰਦੇ ਹਨ। ਲੇਕਿਨ, ਤਾਜ਼ਾ ਸਾਲਾਂ ਵਿੱਚ ਚੀਨ ਦੀ ਆਰਥਿਕ ਤਾਕਤ ਮਜ਼ਬੂਤ ਹੋਣ ਨਾਲ ਇਨ੍ਹਾਂ ਦੇਸ਼ਾਂ ਦਾ ਵਿਸ਼ਵ ਆਰਥਿਕਤਾ ਉੱਤੇ ਦਾਬਾ ਘਟ ਗਿਆ ਹੈ।

ਜੀ-7 ਦੀ ਜੂਨ ਵਿੱਚ ਹੋਈ ਮੀਟਿੰਗ ਨੇ ਇਸ ਗਰੁੱਪ ਦੇ ਬਦੇਸ਼ ਮੰਤਰਾਲਿਆਂ ਵਿਚਕਾਰ ਕੁੱਝ ਸਮਾਂ ਪਹਿਲਾਂ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਪ੍ਰਵਾਨ ਕਰ ਲਿਆ। ਇਸਨੇ ਇਹ ਨਾਅਰਾ ਘੜਿਆ: ਦੁਬਾਰਾ ਬੇਹਤਰ ਦੁਨੀਆਂ ਉਸਾਰੋ (ਬਿਲਡ ਬੈਕ ਬੈਟਰ ਵਰਲਡ)। ਇਹ ਬਾਕੀ ਦੀ ਦੁਨੀਆਂ ਨੂੰ ਇਹ ਯਕੀਨ ਦੁਆਉਣ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਨੂੰ ਇਸ ਵੇਲੇ ਦੀਆਂ ਮੁੱਖ ਸਮੱਸਿਆਵਾਂ ਦੇ ਹੱਲ ਲਈ ਇਸ ਗਰੁੱਪ ਉੱਤੇ ਟੇਕ ਰੱਖਣੀ ਚਾਹੀਦੀ ਹੈ। ਪਰ ਇਹ ਐਂਵੇ ਫਜ਼ੂਲ ਦਾ ਰੌਲਾ ਰੱਪਾ ਸੀ, ਕੋਈ ਠੋਸ ਗੱਲ ਨਹੀਂ ਸੀ। ਮਿਸਾਲ ਦੇ ਤੌਰ ਉੱਤੇ, ਜਦਕਿ ਸਾਰੀ ਦੁਨੀਆਂ ਵਿੱਚ ਕੋਵਿਡ ਮਹਾਂਮਾਰੀ ਦਹਾੜ ਰਹੀ ਹੈ, ਤਾਂ ਜੀ-7 ਦੇਸ਼ ਵੈਕਸੀਨ ਨੂੰ ਜੱਫ਼ਾ ਮਾਰੀ ਬੈਠੇ ਹਨ। ਲੇਕਿਨ ਉਨ੍ਹਾਂ ਵਲੋਂ ਵੈਕਸੀਨ ਦੇਣ ਲਈ ਕੀਤੇ ਇਕਰਾਰ ਗਰੀਬ ਦੇਸ਼ਾਂ ਦੀ ਲੋੜ ਨਾਲੋਂ ਬਹੁਤ ਘੱਟ ਹਨ।

ਇਸ ਵਕਤ ਅਮਰੀਕੀ ਸਾਮਰਾਜਵਾਦ ਨੂੰ ਇੱਕ ਵੱਡੀ ਚਿੰਤਾ ਦਾ ਕਾਰਨ ਚੀਨ ਵਲੋਂ 138 ਦੇਸ਼ਾਂ ਨਾਲ, ਉਨ੍ਹਾਂ ਦੇਸ਼ਾਂ ਵਿੱਚ ਸੜਕਾਂ, ਪਾਈਪ ਲਾਈਨਾਂ, ਬੰਦਰਗਾਹਾਂ ਅਤੇ ਹੋਰ ਅਧਾਰਿਕ ਸੰਰਚਨਾ ਉਸਾਰਨ ਲਈ ਨਿਵੇਸ਼ ਕਰਨ ਲਈ ਕੀਤੇ ਗਏ ਸਮਝੌਤੇ ਹਨ। ਚੀਨ ਵਲੋਂ ਲਈ ਗਈ ਇਹ ਪਹਿਲ-ਕਦਮੀ ਪੱਟੀ ਅਤੇ ਸੜਕ (ਬੈਲਟ ਐਂਡ ਰੋਡ) ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਟਲੀ ਅਤੇ ਜਰਮਨੀ ਸਮੇਤ ਕਈ ਯੂਰਪੀ ਦੇਸ਼ ਬੈਲਟ ਐਂਡ ਰੋਡ ਦਾ ਹਿੱਸਾ ਹਨ। ਅਮਰੀਕਾ ਲਈ ਇਹ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।

ਜੀ-7 ਸੰਮੇਲਨ ਵਿੱਚ ਅਮਰੀਕਾ ਨੇ ਭਾਈਵਾਲਾਂ ਉੱਤੇ ਦਬਾ ਪਾ ਕੇ ਇਹ ਐਲਾਨ ਕਰਵਾਇਆ ਕਿ ਉਹ ਮਿਲਕੇ ਹੋਰਨਾਂ ਦੇਸ਼ਾਂ ਦੀਆਂ ਅਧਾਰਿਕ ਸੰਰਚਨਾ ਦੀਆਂ ਲੋੜਾਂ ਲਈ ਚੀਨ ਨਾਲੋਂ ਬੇਹਤਰ ਮੱਦਦ ਕਰ ਸਕਦੇ ਹਨ। ਲੇਕਿਨ ਇਹਦੇ ਵਾਸਤੇ ਕੋਈ ਠੋਸ ਯੋਜਨਾ ਨਹੀਂ ਬਣਾਈ ਗਈ ਅਤੇ ਨਾ ਹੀ ਅਜੇਹੇ ਕੰਮ ਲਈ ਕੋਈ ਪ੍ਰਾਜੈਕਟ ਜਾਂ ਫੰਡ ਦਾ ਕੋਈ ਸਾਧਨ ਪੇਸ਼ ਕੀਤਾ ਗਿਆ ਹੈ।

ਅਮਰੀਕੀ ਸਾਮਰਾਜਵਾਦ ਨੇ ਹੋਰ ਫਰੰਟਾਂ ਉੱਤੇ ਵੀ, ਆਪਣੇ ਭਾਈਵਾਲਾਂ ਨੂੰ ਅੱਜ ਦੀ ਦੁਨੀਆਂ ਵਿੱਚ ਮੁੱਖ ਚੁਣੌਤੀ ਬਤੌਰ ਚੀਨ ਦਾ ਟਾਕਰਾ ਕਰਨ ਲਈ ਇਕਮੁੱਠ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧ ਵਿੱਚ ਮੀਟਿੰਗ ਦੇ ਅਖੀਰ ਵਿੱਚ ਜਾਰੀ ਕੀਤਾ ਸਾਂਝਾ ਬਿਆਨ ਇੱਕ ਮਿਸਾਲ ਹੈ, ਜਿਸ ਵਿੱਚ ਕਈਆਂ ਮਸਲਿਆਂ ਬਾਰੇ ਚੀਨ ਦੀ ਨਿੰਦਿਆ ਕੀਤੀ ਗਈ ਹੈ। ਜਿਨ੍ਹਾਂ ਵਿਚ ਜ਼ਿਨਜ਼ਿਆਂਗ ਅਤੇ ਹਾਂਗਕਾਂਗ ਵਿੱਚ ਮਾਨਵ ਅਧਿਕਾਰ ਅਤੇ ਤਾਇਵਾਨ ਅਤੇ ਪੂਰਬੀ ਚੀਨ ਦੇ ਜਲ-ਡਮਰੂਆਂ ਵਿੱਚ ਜਹਾਜ਼ਰਾਨੀ ਦੀ ਅਜ਼ਾਦੀ ਦੇ ਮਸਲੇ ਸ਼ਾਮਲ ਹਨ। ਪਰ ਇਹ ਗੱਲ ਕਾਫੀ ਸਾਫ ਸੀ ਕਿ ਇਸ ਛੋਟੇ ਜਿਹੇ ਗਰੁੱਪ ਵਿੱਚ ਵੀ ਅਮਰੀਕਾ ਨੂੰ ਚੀਨ ਦੇ ਖ਼ਿਲਾਫ਼ ਏਕਤਾ ਬਨਾਉਣ ਵਿੱਚ ਦਿੱਕਤ ਪੇਸ਼ ਆਈ। ਜੀ-7 ਦੇ ਕਈ ਮੈਂਬਰਾਂ ਦੇ ਚੀਨ ਨਾਲ ਮਜ਼ਬੂਤ ਆਰਥਿਕ ਸਬੰਧ ਹਨ, ਜਿਨ੍ਹਾਂ ਨੂੰ ਉਹ ਛੱਡਣ ਲਈ ਤਿਆਰ ਨਹੀਂ।

ਜੀ-7 ਦੇ ਸੰਮੇਲਨ ਦੇ ਕਈ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਨਿਯਮਾਂ ਉੱਤੇ ਅਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਵਾਲਾ ਢਾਂਚਾ ਸਥਾਪਤ ਕਰਨਾ ਚਾਹੁੰਦਾ ਹੈ। ਇਹ ਇੱਕ ਸਿਰੇ ਦੀ ਮੱਕਾਰੀ ਹੈ। ਅਮਰੀਕੀ ਸਾਮਰਾਜਵਾਦ ਅਤੇ ਉਸਦੇ ਭਾਈਵਾਲ ਹੀ ਤਾਂ ਹਰ ਵੇਲੇ ਨਿਝੱਕ ਹੋ ਕੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਤੋੜਦੇ ਹਨ। ਸਭ ਤੋਂ ਤਾਜ਼ੀ ਮਿਸਾਲ ਗਾਜ਼ਾ ਵਿੱਚ ਫਲਸਤੀਨੀਆਂ ਉੱਤੇ ਇਜ਼ਰਾਈਲੀ ਬੰਬਾਰੀ ਦੀ ਸਾਰੀ ਦੁਨੀਆਂ ਵਲੋਂ ਨਿੰਦਿਆ ਕਰਨ ਵਿਚ ਅਮਰੀਕਾ ਵਲੋਂ ਸ਼ਾਮਲ ਨਾ ਹੋਣਾ ਹੈ; ਇਥੋਂ ਤਕ ਕਿ ਅਮਰੀਕਾ ਦੂਸਰੇ ਦੇਸ਼ਾਂ ਉੱਤੇ “ਅੱਤਵਾਦੀ” ਹੋਣ ਦੇ ਠੱਪੇ ਲਾਉਣ ਲੱਗਾ ਜ਼ਰਾ ਵੀ ਸੰਕੋਚ ਨਹੀਂ ਕਰਦਾ। ਅਮਰੀਕਾ ਵਲੋਂ ਬਣਾਏ ਗਏ ਅਤੇ ਉਸਦੇ ਭਾਈਵਾਲਾਂ ਵਲੋਂ ਉਨ੍ਹਾਂ ਦਾ ਸਮਰੱਥਨ ਕੀਤੇ ਜਾਣ ਦੇ ਨਿਯਮਾਂ ਦਾ ਅੰਤਰਰਾਸ਼ਟਰੀ ਕਾਨੂੰਨ ਅਤੇ ਰਾਸ਼ਟਰਾਂ ਵਿਚਕਾਰ ਸੱਭਿਅਕ ਵਿਵਹਾਰ ਨਾਲ ਕੋਈ ਸਰੋਕਾਰ ਨਹੀਂ।

ਜੀ-7 ਦੇ ਸੰਮੇਲਨ ਵਿੱਚ ਇੰਡੀਆ, ਅਸਟ੍ਰੇਲੀਆ, ਸਾਊਥ ਅਫਰੀਕਾ ਅਤੇ ਸਾਉਥ ਕੋਰੀਆ ਨੂੰ ਮਹਿਮਾਨਾਂ ਦੇ ਤੌਰ ਉੱਤੇ ਹਿੱਸਾ ਲੈਣ ਦਾ ਸੱਦਾ ਪੱਤਰ ਦਿੱਤਾ ਗਿਆ ਸੀ। ਇਹ ਹਿੰਦ-ਪ੍ਰਸ਼ਾਂਤ ਇਲਾਕੇ ਵਿੱਚ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਅਮਰੀਕਾ ਦੀ ਰਣਨੀਤੀ ਦਾ ਹਿੱਸਾ ਹੈ।

ਨਾਟੋ ਸੰਮੇਲਨ

ਜੀ-7 ਦੇ ਸੰਮੇਲਨ ਤੋਂ ਬਾਦ, 14 ਜੂਨ ਨੂੰ ਨਾਟੋ ਦੇ ਲੀਡਰਾਂ ਦੀ ਬਰੱਸਲਜ਼, ਬੈਲਜੀਅਮ ਵਿੱਚ ਇਸਦੇ ਹੈਡ-ਕੁਆਟਰ ਵਿੱਚ ਮੀਟਿੰਗ ਹੋਈ।

ਨਾਟੋ ਪਿਛਲੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆਂ ਵਿੱਚ ਅਮਰੀਕਾ ਦੀਆਂ ਹਮਲਾਵਰ ਜੰਗਾਂ ਲੜਨ ਵਾਲਾ ਮੁੱਖ ਫੌਜੀ ਗਠਜੋੜ ਰਿਹਾ ਹੈ।

ਨਾਟੋ ਦੀ ਸਥਾਪਨਾ ਪੱਛਮੀ ਯੂਰਪ ਵਿੱਚ ਇਨਕਲਾਬ ਨੂੰ ਰੋਕਣ ਅਤੇ ਸੋਵੀਅਤ ਸੰਘ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਦ ਪੂਰਬੀ ਯੂਰਪ ਵਿੱਚ ਸਥਾਪਤ ਹੋਈਆਂ ਲੋਕ ਜਮਹੂਰੀਅਤਾਂ ਨੂੰ ਤਬਾਹ ਕਰਨ ਲਈ ਕੀਤੀ ਗਈ ਸੀ।

ਸੋਵੀਅਤ ਸੰਘ ਦੇ ਇੱਕ ਸਮਾਜਿਕ-ਸਾਮਰਾਜ ਵਿੱਚ ਤਬਦੀਲ ਹੋ ਜਾਣ ਤੋਂ ਬਾਦ, ਸੋਵੀਅਤ ਸੰਘ ਨਾਲ ਵੈਸ਼ਵਿਕ ਚੌਧਰ ਲਈ ਟੱਕਰ, ਜਿਸਨੂੰ ਬਾਦ ਵਿੱਚ ਸਰਦ ਜੰਗ ਆਖਿਆ ਜਾਣ ਲੱਗ ਪਿਆ, ਵਿੱਚ ਨਾਟੋ ਅਮਰੀਕਾ ਵਲੋਂ ਵਰਤਿਆ ਜਾਣ ਵਾਲਾ ਇੱਕ ਮੁੱਖ ਔਜ਼ਾਰ ਸੀ। ਸੋਵੀਅਤ ਸੰਘ ਦੇ ਢਹਿ-ਢੇਰੀ ਹੋ ਜਾਣ ਤੋਂ ਬਾਦ ਵੀ ਨਾਟੋ ਨੂੰ ਤੋੜਿਆ ਨਹੀਂ ਗਿਆ। ਇਸ ਦੇ ਉਲਟ, ਅਮਰੀਕਾ ਦੇ ਇੱਕੋ-ਇੱਕ ਮਹਾਂਸ਼ਕਤੀ ਬਣ ਜਾਣ ਤੋਂ ਬਾਦ ਉਸਨੇ ਨੇਟੋ ਨੂੰ ਅਫਗਾਨਸਤਾਨ, ਪੱਛਮੀ ਏਸ਼ੀਆ ਅਤੇ ਯੁਗੋਸਲਾਵੀਆ ਸਮੇਤ, ਪੂਰੀ ਦੁਨੀਆਂ ਵਿੱਚ ਆਪਣੀ ਚੌਧਰ ਜਮਾਉਣ ਦੀ ਕੋਸ਼ਿਸ਼ ਵਿੱਚ ਵਰਤਿਆ ਹੈ।

ਰੂਸ ਇੱਕ ਪ੍ਰਬਲ ਫੌਜੀ ਤਾਕਤ ਹੋਣ ਕਰਕੇ ਨਾਟੋ ਉਸ ਤੋਂ ਖਤਰਾ ਸਮਝਦੀ ਹੈ। ਇਸ ਲਈ ਪਿਛਲੇ ਕੁੱਝ ਸਾਲਾਂ ਤੋਂ ਨਾਟੋ ਰੂਸ ਨਾਲ ਟੱਕਰ ਲੈਂਦੀ ਆ ਰਹੀ ਹੈ। ਨੇਟੋ ਨੇ ਜਾਣ-ਬੁੱਝਕੇ ਬਹੁਤ ਸਾਰੇ ਰਾਸ਼ਟਰਾਂ ਨੂੰ ਆਪਣੇ ਮੈਂਬਰ ਬਣਾ ਲਿਆ ਹੈ, ਜਿਹੜੇ ਪਹਿਲਾਂ ਸੋਵੀਅਤ ਸੰਘ ਜਾਂ ਯੂਰਪ ਵਿੱਚ ਸਮਾਜਵਾਦੀ ਖੇਮੇ ਵਿੱਚ ਹੁੰਦੇ ਸਨ; ਤਾਂ ਕਿ ਰੂਸ ਨੂੰ ਘੇਰਾ ਪਾਇਆ ਜਾ ਸਕੇ ਅਤੇ ਨਿਖੇੜਿਆ ਜਾ ਸਕੇ। ਹੁਣ ਨੇਟੋ ਦੇ 30 ਦੇਸ਼ ਮੈਂਬਰ ਹਨ, ਇਸ ਤੋਂ ਪਹਿਲਾਂ ਨੇਟੋ ਦੇ 12 ਮੈਂਬਰ ਸਨ। ਲੇਕਿਨ, ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਵਲੋਂ ਯੁਕਰੇਨ ਅਤੇ ਬੈਲਾਰੂਸ ਨੂੰ ਰੂਸ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਦਾ ਉਨ੍ਹਾਂ ਦੇਸ਼ਾਂ ਦੇ ਲੋਕਾਂ ਅਤੇ ਰੂਸ ਨੇ ਡਟ ਕੇ ਵਿਰੋਧ ਕੀਤਾ। ਅਮਰੀਕਾ ਅਤੇ ਉਸਦੇ ਮਿੱਤਰਾਂ ਵਲੋਂ 2011 ਵਿੱਚ ਸੀਰੀਆ ਦੀ ਸਰਕਾਰ ਦਾ ਤਖਤਾ ਉਲਟਾਉਣ ਲਈ ਕੀਤੇ ਗਏ ਹਮਲੇ ਨੂੰ ਪਛਾੜਨ ਵਿੱਚ ਰੂਸ ਨੇ ਬਸ਼ਰ-ਅਲ-ਅਸਦ ਦੀ ਸਰਕਾਰ ਦੀ ਮੱਦਦ ਕੀਤੀ। ਇਨ੍ਹਾਂ ਸਭ ਕਾਰਨਾਂ ਕਰਕੇ, ਨੇਟੋ ਸੰਮੇਲਨ ਵਿੱਚ ਰੂਸ ਦੇ ਖ਼ਿਲਾਫ਼ ਜੰਗਬਾਜ਼ ਸ਼ੋਰ-ਸ਼ਰਾਬਾ ਉਠਿਆ ਅਤੇ ਰੂਸ ਨੂੰ ਨੇਟੋ ਦਾ ਮੁੱਖ ਦੁਸ਼ਮਣ ਕਰਾਰ ਦਿੱਤਾ ਗਿਆ।

ਇਸ ਸੰਮੇਲਨ ਵਿੱਚ ਅਮਰੀਕਾ ਦਾ ਮੁੱਖ ਨਿਸ਼ਾਨਾ ਚੀਨ ਨਾਲ ਆਪਣੀ ਟੱਕਰ ਵਿੱਚ ਨੇਟੋ ਨੂੰ ਲਪੇਟਣਾ ਸੀ। ਚੀਨ ਦੀ ਆਰਥਿਕ, ਤਕਨੀਕੀ ਅਤੇ ਫੌਜੀ ਤਾਕਤ ਦੇ ਲਗਾਤਾਰ ਵਧਦੇ ਰਹਿਣ ਨਾਲ ਅਮਰੀਕਾ ਦੁਨੀਆਂ ਉੱਤੇ ਚੌਧਰ ਜਮਾਉਣ ਦੀ ਕੋਸ਼ਿਸ਼ ਸਾਹਮਣੇ ਚੀਨ ਤੋਂ ਖਤਰਾ ਮਹਿਸੂਸ ਕਰਦਾ ਹੈ। ਚੀਨ ਦੇ ਖ਼ਿਲਾਫ਼ ਵਪਾਰਕ ਜੰਗ ਅਤੇ ਤੇਜ਼ ਕੀਤਾ ਪ੍ਰਾਪੇਗੰਡਾ, ਜੋ ਟਰੰਪ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ, ਜੋ ਬਾਈਡਨ ਦੀ ਹਕੂਮਤ ਨੇ ਉਸਨੂੰ ਜਾਰੀ ਰੱਖਿਆ ਹੈ ਅਤੇ ਹੋਰ ਵਧਾ ਦਿੱਤਾ ਹੈ। ਬਾਵਯੂਦ ਇਸਦੇ ਕਿ ਨਾਟੋ ਦੇ ਸਾਰੇ ਮੈਂਬਰਾਂ ਦਾ ਚੀਨ ਬਾਰੇ ਨਜ਼ਰੀਆ ਵੱਖ ਵੱਖ ਹੈ, ਅਮਰੀਕਾ ਨੇ ਇਸ ਬਾਰ ਪਹਿਲੀ ਬਾਰੀ ਨਾਟੋ ਸੰਮੇਲਨ ਦੇ ਅਖੀਰ ਵਿੱਚ ਇੱਕ ਬਿਆਨ ਜਾਰੀ ਕਰਵਾਇਆ, ਜਿਸ ਵਿੱਚ ਰੂਸ ਦੇ ਨਾਲ-ਨਾਲ ਚੀਨ ਨੂੰ ਨੇਟੋ ਲਈ ਇੱਕ ਮੁੱਖ ਚੁਣੌਤੀ ਕਿਹਾ ਗਿਆ ਹੈ।

ਚੀਨ ਨੂੰ ਨੇਟੋ ਲਈ ਇੱਕ ਖਤਰਾ ਕਰਾਰ ਦੇਣ ਦੇ ਸੰਕੇਤ ਖਤਰਨਾਕ ਹਨ, ਕਿਉਂਕਿ ਇਹ ਏਸ਼ੀਆ ਦੇ ਇਸ ਇਲਾਕੇ ਵਿੱਚ ਅਮਰੀਕਾ ਦੀ ਹਮਲਾਵਰ ਮੌਜੂਦਗੀ ਨੂੰ ਜ਼ਾਹਿਰ ਕਰਦਾ ਹੈ। ਹਿੰਦੋਸਤਾਨ ਨੂੰ ਤਾਂ ਪਹਿਲਾਂ ਹੀ ਕੁਆਡ ਗਰੁੱਪ ਵਿੱਚ ਫਸਾ ਲਿਆ ਗਿਆ ਹੈ, ਜਿਸਦਾ ਮਕਸਦ ਦੱਖਣੀ ਅਤੇ ਪੂਰਬੀ ਚੀਨੀ ਸਮੁੰਦਰਾਂ ਵਿੱਚ ਅਤੇ ਹਿੰਦ ਸਾਗਰ ਵਿੱਚ ਚੀਨ ਦਾ ਅਜ਼ਾਦੀ ਨਾਲ ਆਉਣਾ-ਜਾਣਾ ਸੀਮਤ ਹੋ ਜਾਵੇਗਾ। ਇਹ ਜਹਾਜ਼ਰਾਨੀ ਦੀ ਅਜ਼ਾਦੀ ਨੇ ਨਾਮ ਉੱਤੇ ਕੀਤਾ ਜਾ ਰਿਹਾ ਹੈ, ਜਦਕਿ ਸੰਯੁਕਤ ਰਾਸ਼ਟਰ ਦੇ ਇਕਰਾਰਨਾਮੇ ਅਤੇ ਅੰਤਰਰਾਸ਼ਟਰੀ ਕਾਨੂੰਨ ਸਾਫ ਤੌਰ ਉਤੇ ਦੱਸਦੇ ਹਨ ਕਿ ਹਰ ਦੇਸ਼ ਨੂੰ ਆਪਣੇ ਇਲਾਕਾਈ ਪਾਣੀਆਂ ਵਿੱਚ ਪ੍ਰਭੂਸੱਤਾ ਦਾ ਹੱਕ ਹੈ।

ਕੁੱਝ ਕੁ ਹਫਤੇ ਪਹਿਲਾਂ ਹੀ ਹਿੰਦੋਸਤਾਨ ਨੂੰ ਤਜਰਬਾ ਹੋਇਆ ਹੈ ਕਿ ਅਮਰੀਕਾ ਦਾ “ਜਹਾਜ਼ਰਾਨੀ ਦੀ ਅਜ਼ਾਦੀ” ਦਾ ਨਾਅਰਾ ਕਿਸ ਤਰ੍ਹਾਂ ਉਸਦੀ ਪ੍ਰਭੂਸੱਤਾ ਨੂੰ ਭੰਗ ਕਰਨ ਲਈ ਵਰਤਿਆ ਜਾ ਸਕਦਾ ਹੈ। 7 ਅਪ੍ਰੈਲ ਨੂੰ ਅਮਰੀਕਾ ਦੇ ਜੰਗੀ ਬੇੜੇ, ਬਿਨਾਂ ਕੋਈ ਵਾਰਨਿੰਗ ਦਿੱਤਿਆਂ ਲਕਸ਼ਦੀਪ ਟਾਪੂ ਦੇ ਨੇੜੇ ਪਾਣੀਆਂ ਵਿਚੋਂ ਦੀ ਗੁਜ਼ਰੇ ਸਨ। ਇਹੋ ਇਹ ਸਾਬਤ ਕਰਨ ਲਈ ਕੀਤਾ ਗਿਆ ਸੀ ਕਿ ਅਮਰੀਕਾ ਨੂੰ ਸਭ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਕਰਕੇ, ਜਿੱਥੇ ਵੀ ਚਾਹੇ ਉਥੇ ਜਾਣ ਦਾ ਅਧਿਕਾਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਦਾ ਭਾਈਵਾਲ ਜਾਂ ਸਾਂਝੀਦਾਰ ਹੋਣਾ, ਉਸਦੇ ਉਪਦਰੀ ਵਰਤਾਰੇ ਤੋਂ ਬਚਾਅ ਨਹੀਂ ਕਰਦਾ।

ਸਿੱਟੇ:

ਐਟਲਾਂਟਿਕ ਚਾਰਟਰ ਨੂੰ ਨਵਿਆਉਣਾ, ਜੀ-7 ਅਤੇ ਨੇਟੋ ਦੇ ਸੰਮੇਲਨ ਦਾ ਹੋਣਾ ਸਾਫ ਸੰਕੇਤ ਹਨ ਕਿ ਅਮਰੀਕੀ ਸਾਮਰਾਜਵਾਦ ਚੀਨ, ਰੂਸ ਅਤੇ ਹੋਰ ਸਭ ਦੇਸ਼ਾਂ ਨਾਲ ਟੱਕਰਾਂ ਲੈਣ ਦੇ ਖਤਰਨਾਕ ਰਾਹ ਉੱਤੇ ਚੱਲ ਪਿਆ ਹੈ, ਜਿਹੜੇ ਉਸਦਾ ਰਾਹ ਰੋਕਦੇ ਹਨ। ਲੇਕਿਨ ਉਹ ਇਹ ਕੰਮ ਇਕੱਲਿਆਂ ਨਹੀਂ ਕਰਨਾ ਚਾਹੁੰਦਾ। ਉਹ ਆਪਣੀ ਵੈਸ਼ਵਿਕ ਚੌਧਰ ਦਾ ਅਜੰਡਾ ਲਾਗੂ ਕਰਨ ਲਈ ਆਪਣੇ ਭਾਈਵਾਲਾਂ ਦੇ ਸਾਧਨਾਂ ਅਤੇ ਫੌਜਾਂ ਨੂੰ ਵਰਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਹਮਲਾਵਰ ਟੀਚਿਆਂ ਦੇ ਵਿਰੋਧ ਨੂੰ ਦੇਖਦਿਆਂ, ਅਮਰੀਕੀ ਸਾਮਰਾਜਵਾਦ ਆਪਣਾ ਜੰਗਬਾਜ਼ ਵਤੀਰਾ ਵਧਾ ਰਿਹਾ ਹੈ ਅਤੇ ਆਪਣੇ ਵਿਰੋਧੀਆਂ ਅਤੇ ਭਾਈਵਾਲਾਂ ਉੱਤੇ ਦਬਾ ਪਾ ਰਿਹਾ ਹੈ। ਇਹਦੇ ਨਾਲ ਦੁਨੀਆਂ ਵਿੱਚ ਤਣਾਅ ਅਤੇ ਝਗੜੇ ਵਧ ਰਹੇ ਹਨ। ਅਮਰੀਕਾ ਅਮਨ ਅਤੇ ਲੋਕਾਂ ਦੀ ਸੁਰੱਖਿਆ ਲਈ ਇੱਕ ਵੱਡਾ ਖਤਰਾ ਹੈ।

close

Share and Enjoy !

Shares

Leave a Reply

Your email address will not be published.