ਲੈਨਿਨ ਦੇ ਜਨਮ ਦੀ 151ਵੀਂ ਵਰ੍ਹੇਗੰਢ ਉੱਤੇ:

ਭਾਗ 2: ਲੈਨਿਨ ਅਤੇ ਸਮਾਜਵਾਦ ਉਸਾਰਨ ਦਾ ਸੰਘਰਸ਼

ਲੈਨਿਨ ਦੇ ਜਨਮ ਦੀ 151ਵੀਂ ਵਰ੍ਹੇਗੰਢ ਉੱਤੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਵਲੋਂ ਛਾਪੇ ਜਾਣ ਵਾਲੇ ਲੇਖਾਂ ਦੀ ਲੜੀ ਵਿੱਚ ਇਹ ਦੂਸਰਾ ਲੇਖ ਹੈ।

7 ਨਵੰਬਰ (ਉਸ ਵੇਲੇ ਦੇ ਰੂਸੀ ਕੈਲੰਡਰ ਮੁਤਾਬਿਕ 25 ਅਕਤੂਬਰ) 1917 ਨੂੰ, ਰੂਸ ਦੇ ਮਜ਼ਦੂਰਾਂ ਅਤੇ ਸੈਨਿਕਾਂ ਨੇ ਸਰਦ ਮਹੱਲ (ਵਿੰਟਰ ਪੈਲੇਸ) ਉੱਤੇ ਧਾਵਾ ਬੋਲ ਕੇ ਉਸ ਉੱਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਆਰਜ਼ੀ ਸਰਕਾਰ ਦੇ ਪ੍ਰਤੀਨਿਧਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਮੰਤਰਾਲੇ, ਸਟੇਟ ਬੈਂਕ, ਰੇਲਵੇ ਸਟੇਸ਼ਨਾਂ ਅਤੇ ਡਾਕ-ਤਾਰ ਵਿਭਾਗ ਦੇ ਦਫਤਰਾਂ ਉੱਤੇ ਕਬਜ਼ਾ ਕਰ ਲਿਆ। ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿੱਚ ਮਜ਼ਦੂਰ ਜਮਾਤ ਨੇ ਰੂਸ ਵਿੱਚ ਸਿਆਸੀ ਤਾਕਤ ਆਪਣੇ ਹੱਥਾਂ ਵਿੱਚ ਲੈ ਲਈ।

ਸਿਆਸੀ ਤਾਕਤ ਉੱਤੇ ਕਬਜ਼ਾ ਕਰਨ ਤੋਂ ਬਾਦ ਦੇ ਪਹਿਲੇ 6 ਮਹੀਨਿਆਂ ਦੇ ਅੰਦਰ ਅੰਦਰ ਸੋਵੀਅਤ ਸਰਕਾਰ ਨੇ ਰੂਸੀ ਅਤੇ ਬਦੇਸ਼ੀ ਮਾਲਕੀ ਵਾਲੇ ਬੜੇ ਬੜੇ ਉਦਯੋਗਾਂ ਦਾ ਕੌਮੀਕਰਣ ਕਰ ਦਿੱਤਾ। ਪ੍ਰਾਈਵੇਟ ਬੈਂਕਾਂ ਦਾ ਦਿਸੰਬਰ 1917 ਵਿੱਚ ਹੀ ਕੌਮੀਕਰਣ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਸਭ ਬੈਂਕਾਂ ਨੂੰ ਖਤਮ ਕਰਕੇ ਇਕੋ ਹੀ ਸਟੇਟ ਬੈਂਕ ਬਣਾ ਦਿੱਤੀ ਗਈ। ਫਰਵਰੀ 2018 ਤਕ ਰੇਲਵੇ, ਬਦੇਸ਼ਾਂ ਨਾਲ ਵਪਾਰ, ਤਜ਼ਾਰਤੀ ਜਹਾਜ਼ਰਾਨੀ, ਖਾਨਾਂ ਅਤੇ ਵੱਡੀਆਂ-ਵੱਡੀਆਂ ਫੈਕਟਰੀਆਂ ਨੂੰ ਸਮੁੱਚੀ ਅਬਾਦੀ ਦੀ ਜਾਇਦਾਦ ਵਿੱਚ ਬਦਲ ਦਿੱਤਾ ਗਿਆ ਸੀ।

ਰੂਸ ਵਿੱਚ ਪ੍ਰੋਲਤਾਰੀ ਦੀ ਜਿੱਤ ਨਾਲ ਅੰਤਰਰਾਸ਼ਟਰੀ ਸਰਮਾਏਦਾਰੀ ਘਬਰਾ ਗਈ। ਵੱਡੀਆਂ ਸਾਮਰਾਜਵਾਦੀ ਤਾਕਤਾਂ ਨੇ ਨਵੇਂ ਸੋਵੀਅਤ ਰਾਜ ਦਾ ਤਖਤਾ ਪਲਟ ਕਰਨ ਦੀ ਕੋਸ਼ਿਸ਼ ਵਿੱਚ ਆਪਸ-ਵਿਚ ਹਰ ਤਰ੍ਹਾਂ ਦਾ ਸਹਿਯੋਗ ਕੀਤਾ। ਇਨ੍ਹਾਂ ਵਿਚ ਹਥਿਆਰਬੰਦ ਹਮਲੇ, ਸਿਧਾਂਤਕ ਭੰਨ-ਤੋੜ ਅਤੇ ਸੋਵੀਅਤ ਕਮਿਉਨਿਸਟ ਪਾਰਟੀ ਵਿੱਚ ਆਪਣੇ ਏਜੰਟ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਅਮਰੀਕਾ, ਬਰਤਾਨੀਆਂ ਅਤੇ ਹੋਰ ਸਾਮਰਾਜਵਾਦੀ ਤਾਕਤਾਂ ਨੇ ਸੋਵੀਅਤ ਆਗੂਆਂ ਉੱਤੇ ਹਰ ਤਰ੍ਹਾਂ ਨਾਲ ਹਮਲੇ ਕੀਤੇ ਜਾਣ ਲਈ ਉਕਸਾਹਟ ਪੈਦਾ ਕੀਤੀ। ਉਨ੍ਹਾਂ ਨੇ ਸਮਾਜਵਾਦ ਉਸਾਰਨ ਦੀ ਯੋਜਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ।

ਮਜ਼ਦੂਰਾਂ ਅਤੇ ਕਿਸਾਨਾਂ ਨੇ ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿੱਚ ਸਮਾਜਵਾਦ ਦੀ ਉਸਾਰੀ ਦੇ ਨਾਲ-ਨਾਲ ਸਾਮਰਾਜਵਾਦ ਅਤੇ ਇਸਦੇ ਏਜੰਟਾਂ ਦੇ ਖ਼ਿਲਾਫ਼ ਬਹੁਤਰਫਾ ਸੰਘਰਸ਼ ਵੀ ਚਲਾਇਆ। ਲੈਨਿਨ ਨੇ, ਜਨਵਰੀ 1924 ਵਿੱਚ ਆਪਣੀ ਬੇਵਕਤ ਮੌਤ ਤਕ ਪਾਰਟੀ ਦੇ ਅੰਦਰ ਮਾਰਕਸਵਾਦ-ਵਿਰੋਧੀ ਰੁਝਾਨਾਂ ਅਤੇ ਧੜੇਬੰਦੀਆਂ ਦੇ ਖ਼ਿਲਾਫ਼ ਦ੍ਰਿੜ ਘੋਲ ਚਲਾਇਆ।

ਅਮਨ, ਜ਼ਮੀਨ ਅਤੇ ਰੋਟੀ

ਫਰਵਰੀ 1917 ਵਿੱਚ ਜ਼ਾਰ ਨੂੰ ਲਾਹੁਣ ਤੋਂ ਬਾਦ, ਅਕਤੂਬਰ ਦੇ ਅਖੀਰ ਤਕ ਬਾਲਸ਼ਵਿਕ ਪਾਰਟੀ ਨੇ ਬਹੁ-ਗਿਣਤੀ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਨੂੰ ਅਮਨ, ਜ਼ਮੀਨ ਅਤੇ ਰੋਟੀ ਦੀ ਮੰਗ ਨਾਲ ਸਹਿਮਤ ਕਰ ਲਿਆ ਸੀ। ਵਾਪਰ ਰਹੀਆਂ ਘਟਨਾਵਾਂ ਤੋਂ ਲੋਕਾਂ ਦਾ ਯਕੀਨ ਬਣ ਗਿਆ ਸੀ ਕਿ ਸਰਮਾਏਦਾਰੀ ਅਤੇ ਨੀਮ-ਸਰਮਾਏਦਾਰੀ ਨੇ ਇਹ ਮੰਗਾਂ ਪੂਰੀਆਂ ਨਹੀਂ ਕਰਨੀਆਂ। ਇਸ ਲਈ ਉਹ ਬਾਲਸ਼ਵਿਕ ਪਾਰਟੀ ਵਲੋਂ ਦਿੱਤੇ ਗਏ ਨਾਅਰੇ ਨਾਲ ਸਹਿਮਤ ਹੋ ਗਏ ਸਨ ਕਿ “ਸਮੁੱਚੀ ਤਾਕਤ ਸੋਵੀਅਤਾਂ ਦੇ ਹੱਥ” ਦਿੱਤੀ ਜਾਵੇ।

ਸੋਵੀਅਤ ਰਾਜ ਨੇ ਅਮਨ, ਜ਼ਮੀਨ ਅਤੇ ਰੋਟੀ ਦੀ ਮੰਗ ਨੂੰ ਫੌਰੀ ਤੌਰ ਉਤੇ ਪੂਰਾ ਕਰ ਦਿੱਤਾ।

ਵਿੰਟਰ ਪੈਲੇਸ ਉੱਤੇ ਕਬਜ਼ਾ ਕਰਨ ਤੋਂ ਅਗਲੇ ਦਿਨ, ਮਜ਼ਦੂਰਾਂ ਅਤੇ ਸੈਨਿਕਾਂ ਦੀਆਂ ਸੋਵੀਅਤਾਂ ਦੇ ਪ੍ਰਤੀਨਿਧਾਂ ਦੀ ਦੂਸਰੀ ਕਾਂਗਰਸ ਹੋਈ, ਜਿਸ ਵਿੱਚ ਅਮਨ ਅਤੇ ਜ਼ਮੀਨ ਬਾਰੇ ਫੁਰਮਾਨ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਕਾਂਗਰਸ ਨੇ ਪਹਿਲੀ ਸੋਵੀਅਤ ਸਰਕਾਰ ਬਣਾਈ, ਜਿਸ ਵਿੱਚ ਲੈਨਿਨ ਨੂੰ ਲੋਕਾਂ ਦੇ ਕੌਮੀਸਾਰਾਂ ਦਾ ਪ੍ਰਧਾਨ ਅਤੇ ਸਰਕਾਰ ਦਾ ਮੁੱਖੀ ਚੁਣਿਆਂ ਗਿਆ।

ਅਮਨ ਕਰਨ ਦੇ ਫੁਰਮਾਨ ਵਿੱਚ ਪਹਿਲੀ ਵਿਸ਼ਵ ਜੰਗ ਵਿੱਚ ਸ਼ਾਮਲ ਤਮਾਮ ਕੌਮਾਂ ਅਤੇ ਲੋਕਾਂ ਨੂੰ ਇੱਕ ਨਿਆਂਕਾਰੀ ਅਤੇ ਜਮਹੂਰੀ ਅਮਨ ਸਮਝੌਤਾ ਕਰਨ ਲਈ ਫੌਰੀ ਤੌਰ ਉੱਤੇ ਗੱਲਬਾਤ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਗਿਆ। ਸੋਵੀਅਤ ਯੂਨੀਅਨ ਨੇ ਸਮਝੌਤਾ ਕਰਨ ਲਈ ਗੱਲਬਾਤ ਕਰਨ ਵਿੱਚ ਪਹਿਲ ਕੀਤੀ ਅਤੇ 3 ਮਾਰਚ 1918 ਨੂੰ ਜਰਮਨੀ ਅਤੇ ਉਸਦੇ ਦੂਸਰੇ ਭਾਈਵਾਲਾਂ ਨਾਲ ਇੱਕ ਅਮਨ ਸਮਝੌਤਾ ਕਰ ਲਿਆ। ਇਹਦੇ ਨਾਲ ਸੋਵੀਅਤ ਯੂਨੀਅਨ ਪਹਿਲੀ ਵਿਸ਼ਵਜੰਗ ਵਿਚੋਂ ਨਿਕਲ ਗਿਆ। (ਦੇਖੋ ਬਾਕਸ 1: ਰੂਸ ਦਾ ਪਹਿਲੇ ਵਿਸ਼ਵ ਯੁੱਧ ਵਿਚੋਂ ਬਾਹਰ ਨਿਕਲਣਾ)

ਬਾਕਸ 1: ਰੂਸ ਦਾ ਪਹਿਲੇ ਵਿਸ਼ਵ ਯੁੱਧ ਵਿਚੋਂ ਬਾਹਰ ਨਿਕਲਣਾ

ਨਵੀਂ ਸੋਵੀਅਤ ਸਰਕਾਰ ਨੇ “ਯੁੱਧ ਵਿੱਚ ਸ਼ਾਮਲ ਤਮਾਮ ਲੋਕਾਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਨੂੰ ਇੱਕ ਨਿਆਂਪੂਰਨ ਅਤੇ ਜਮਹੂਰੀ ਅਮਨ ਸਥਾਪਤ ਕਰਨ ਲਈ ਫੌਰੀ ਤੌਰ ਉੱਤੇ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਦਿਤਾ”। ਬਰਤਾਨੀਆਂ ਅਤੇ ਫਰਾਂਸ ਨੇ ਇਸ ਸੁਝਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਸੋਵੀਅਤ ਸਰਕਾਰ ਨੇ ਜਰਮਨੀ ਅਤੇ ਆਸਟਰੀਆ ਨਾਲ ਸਮਝੌਤਾ ਕਰਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ। ਗੱਲਬਾਤ 3 ਦਿਸੰਬਰ ਨੂੰ ਬਰੈਸਟ ਲਿਟੋਵਸਕ ਸ਼ੁਰੂ ਹੋਈ ਅਤੇ 5 ਦਿਸੰਬਰ 1917 ਨੂੰ ਯੁੱਧ-ਵਿਰਾਮ ਦਾ ਫੈਸਲਾ ਹੋ ਗਿਆ।

ਇਹ ਗੱਲਬਾਤ ਉਸ ਵਕਤ ਹੋਈ, ਜਦੋਂ ਦੇਸ਼ ਵਿੱਚ ਆਰਥਿਕ ਗੜਬੜੀ ਸੀ ਅਤੇ ਰੂਸੀ ਸੈਨਿਕ ਜੰਗ ਤੋਂ ਅੱਕ ਚੁੱਕੇ ਸਨ। ਕਈ ਫੌਜੀ ਤਾਂ ਜੰਗ ਦੇ ਮੁਹਾਜ਼ ਤੋਂ ਵਾਪਸ ਘਰੀਂ ਜਾ ਰਹੇ ਸਨ। ਗੱਲਬਾਤ ਦੁਰਾਨ ਸਾਫ ਪਤਾ ਲੱਗ ਗਿਆ ਸੀ ਕਿ ਜਰਮਨ ਸਾਮਰਾਜੀਏ, ਸਾਬਕਾ ਜ਼ਾਰ ਦੇ ਸਾਮਰਾਜ ਦਾ ਚੋਖਾ ਹਿੱਸਾ ਹੜੱਪ ਕਰਨ ਉੱਤੇ ਤੁਲੇ ਹੋਏ ਸਨ। ਅਜੇਹੇ ਮਹੌਲ ਵਿੱਚ ਜੰਗ ਜਾਰੀ ਰੱਖਣ ਨਾਲ ਨਵੇਂ-ਨਵੇਂ ਬਣੇ ਸੋਵੀਅਤ ਗਣਰਾਜ ਦੀ ਹੋਂਦ ਤਕ ਖਤਰੇ ਵਿੱਚ ਪੈ ਸਕਦੀ ਸੀ।

ਮਜ਼ਦੂਰ ਜਮਾਤ ਅਤੇ ਕਿਸਾਨੀ ਨੂੰ ਦਿੱਸ ਰਿਹਾ ਸੀ ਕਿ ਕੁੱਝ ਸੁੱਖ ਦਾ ਸਾਹ ਆਉਣ ਲਈ, ਉਨ੍ਹਾਂ ਨੂੰ ਅਮਨ ਦੇ ਬਦਲੇ ਭਾਰੀ ਕੀਮਤ ਚੁਕਾਉਣੀ ਪਏਗੀ। ਸੋਵੀਅਤ ਸੱਤਾ ਨੂੰ ਮਜਬੂਤ ਕਰਨ ਲਈ ਕੁੱਝ ਮੁਹਲਤ ਦੀ ਜ਼ਰੂਰਤ ਸੀ। ਦੇਸ਼ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਇੱਕ ਨਵੀਂ ਫੌਜ, ਲਾਲ ਫੌਜ ਤਿਆਰ ਕਰਨ ਲਈ ਸਮਾਂ ਮਿਲ ਗਿਆ।

ਟ੍ਰਾਟਸਕੀ, ਬੁਖਾਰਿਨ ਅਤੇ ਕੁੱਝ “ਖੱਬੇ ਕਮਿਉਨਿਸਟ” ਗਰੁੱਪਾਂ ਨੇ ਜੰਗ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਪਾਰਟੀ ਦੇ ਅੰਦਰ ਲੈਨਿਨ ਦੇ ਖ਼ਿਲਾਫ਼ ਮੁਹਿੰਮ ਛੇੜ ਦਿੱਤੀ। ਉਹ ਜਰਮਨ ਸਾਮਰਾਜੀਆਂ ਦੇ ਹੱਥਾਂ ਵਿੱਚ ਖੇਡ ਰਹੇ ਸਨ। ਸੋਵੀਅਤ ਯੂਨੀਅਨ ਗਣਰਾਜ ਨੇ ਹਾਲੇ ਆਪਣੀ ਫੌਜ ਵੀ ਨਹੀਂ ਸੀ ਬਣਾਈ, ਅਤੇ ਉਹ ਜਰਮਨ ਸਾਮਰਾਜ ਦੇ ਹਮਲੇ ਦੇ ਸਾਹਮਣੇ ਸੋਵੀਅਤ ਸੰਘ ਨੂੰ ਖਤਰੇ ਵਿੱਚ ਪਾ ਰਹੇ ਸਨ।

10 ਫਰਵਰੀ 1918 ਨੂੰ, ਬਰਿਸਟ-ਲਿਟੋਵਸਕ ਵਿੱਚ ਅਮਨ ਬਹਾਲ ਕਰਨ ਲਈ ਹੋ ਰਹੀ ਗੱਲਬਾਤ ਟੁੱਟ ਗਈ। ਟ੍ਰਾਟਸਕੀ, ਜੋ ਬਰੈਸਟ-ਲਿਟੋਵਸਕ ਵਿਚ ਡੈਲੀਗੇਸ਼ਨ ਦਾ ਚੇਅਰਮੈਨ ਸੀ, ਉਸਨੇ ਪਾਰਟੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ। ਉਸਨੇ ਐਲਾਨ ਕਰ ਦਿੱਤਾ ਕਿ ਸੋਵੀਅਤ ਗਣਰਾਜ, ਅਮਨ ਕਰਨ ਲਈ ਜਰਮਨੀ ਦੀਆਂ ਸ਼ਰਤਾਂ ਨੂੰ ਮੰਨਣ ਲਈ ਤਿਆਰ ਨਹੀਂ। ਉਸਨੇ ਜਰਮਨੀ ਨੂੰ ਇਹ ਵੀ ਕਹਿ ਦਿੱਤਾ ਕਿ ਸੋਵੀਅਤ ਰੂਸ ਲੜਾਈ ਨਹੀਂ ਕਰੇਗਾ ਅਤੇ ਫੌਜ ਨੂੰ ਯੁੱਧ ਵਿਚੋਂ ਹਟਾਉਣਾ ਜਾਰੀ ਰੱਖੇਗਾ।

ਜਰਮਨੀ ਦੀ ਸਰਕਾਰ ਨੇ ਯੁੱਧ-ਵਿਰਾਮ ਖਤਮ ਕਰ ਦਿੱਤਾ ਅਤੇ ਦੁਬਾਰਾ ਹਮਲਾ ਸ਼ੁਰੂ ਕਰ ਦਿੱਤਾ। ਜਰਮਨ ਫੌਜ ਨੇ ਤੇਜ਼ੀ ਨਾਲ ਅੱਗੇ ਵਧਕੇ ਬਹੁਤ ਬੜੇ ਇਲਾਕੇ ਉੱਤੇ ਕਬਜ਼ਾ ਕਰ ਲਿਆ ਅਤੇ ਪੀਟਰੋਗਰਾਡ ਲਈ ਖਤਰਾ ਪੈਦਾ ਕਰ ਦਿੱਤਾ। ਪਾਰਟੀ ਅਤੇ ਸੋਵੀਅਤ ਸਰਕਾਰ ਨੇ, ਲੋਕਾਂ ਨੂੰ ਸਾਵਧਾਨ ਕੀਤਾ ਕਿ “ਸਮਾਜਵਾਦੀ ਮਾਤਭੂਮੀ ਖਤਰੇ ਵਿੱਚ ਹੈ”। ਇਸ ਦੇ ਜਵਾਬ ਵਿੱਚ ਮਜ਼ਦੂਰ ਜਮਾਤ ਨੇ ਜ਼ੋਰ ਸ਼ੋਰ ਨਾਲ ਲਾਲ ਫੌਜ ਦੀਆਂ ਰੈਜੀਮੈਂਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

23 ਫਰਵਰੀ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਨੇ, ਜਰਮਨੀ ਦੀਆਂ ਸ਼ਰਤਾਂ ਮਨਜ਼ੂਰ ਕਰ ਲੈਣ ਅਤੇ ਅਮਨ ਸਮਝੌਤਾ ਦਸਖਤ ਕਰਨ ਦਾ ਫੈਸਲਾ ਕਰ ਲਿਆ। ਟਰਾਟਸਕੀ ਅਤੇ ਬੁਖਾਰਿਨ ਦੀ ਗ਼ਦਾਰੀ ਸੋਵੀਅਤ ਗਣਰਾਜ ਨੂੰ ਬਹੁਤ ਮਹਿੰਗੀ ਪਈ। ਲਤਵੀਆ ਅਤੇ ਇਸਟੋਨੀਆਂ ਉਪਰ ਜਰਮਨੀ ਨੇ ਕਬਜ਼ਾ ਕਰ ਲਿਆ, ਯੁਕਰੇਨ ਨੂੰ ਸੋਵੀਅਤ ਯੂਨੀਅਨ ਨਾਲੋਂ ਤੋੜ ਕੇ ਜਰਮਨੀ ਦੇ ਅਧੀਨ ਕਰ ਦਿੱਤਾ ਗਿਆ। ਲੇਕਿਨ ਮਹਿੰਗੇ ਭਾਅ ਮਿਲੇ ਅਮਨ ਨਾਲ ਪਾਰਟੀ ਨੂੰ ਸੋਵੀਅਤ ਸੱਤਾ ਮਜ਼ਬੂਤ ਕਰਨ, ਆਰਥਿਕਤਾ ਦਾ ਪੁਨਰਗਠਨ ਕਰਨ ਅਤੇ ਇੱਕ ਤਾਕਤਵਰ ਲਾਲ ਫੌਜ ਤਿਆਰ ਕਰਨ ਦਾ ਮੌਕਾ ਮਿਲ ਗਿਆ।

ਜ਼ਮੀਨ ਬਾਰੇ ਫੁਰਮਾਨ ਨੇ ਖੇਤੀ-ਬਾੜੀ ਵਾਲੀ ਜ਼ਮੀਨ ਨੂੰ ਸਮੁੱਚੇ ਸਮਾਜ ਦੀ ਜਾਇਦਾਦ ਵਿੱਚ ਤਬਦੀਲ ਕਰ ਦਿੱਤਾ। ਜ਼ਮੀਨ ਹੁਣ ਵਾਹੁਣ ਵਾਲਿਆਂ ਦੀ ਵਰਤੋਂ ਦੀ ਚੀਜ਼ ਬਣ ਗਈ। ਵੱਡੇ ਜਗੀਰਦਾਰਾਂ ਅਤੇ ਚਰਚ ਦੀਆਂ ਬੜੀਆਂ ਬੜੀਆਂ ਜ਼ਮੀਨਾਂ ਬਿਨਾਂ ਮੁਆਵਜ਼ਾ ਜ਼ਬਤ ਕਰ ਲਈਆਂ ਗਈਆਂ। ਇਨ੍ਹਾਂ ਕਦਮਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਉਪਰ ਜਗੀਰੂ ਜ਼ੁਲਮ ਖਤਮ ਹੋ ਗਿਆ। ਜੁਲਾਈ 1918 ਵਿੱਚ ਸੋਵੀਅਤਾਂ ਦੀ ਪੰਜਵੀਂ ਕਾਂਗਰਸ ਨੇ ਇਨ੍ਹਾਂ ਤਬਦੀਲੀਆਂ ਨੂੰ ਰੂਸੀ ਸਮਾਜਵਾਦੀ ਗਣਰਾਜ ਦੇ ਸੰਵਿਧਾਨ ਵਿੱਚ ਕਾਨੂੰਨੀ ਦਰਜਾ ਦੇ ਦਿੱਤਾ।

1918 ਤੋਂ 1920 ਦੁਰਾਨ ਸ਼ਹਿਰੀ ਮਜ਼ਦੂਰਾਂ ਅਤੇ ਲਾਲ ਫੌਜ ਦੇ ਸਿਪਾਹੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣਾ ਸੋਵੀਅਤ ਰਾਜ ਲਈ ਇੱਕ ਮੁੱਖ ਚੁਣੌਤੀ ਸੀ। ਪਹਿਲੇ ਵਿਸ਼ਵ ਯੁੱਧ ਨੇ ਭਾਰੀ ਥੁੜ੍ਹੋਂ ਪੈਦਾ ਕਰ ਦਿੱਤੀ ਸੀ। ਰੂਸ ਵਲੋਂ ਜੰਗ ਵਿਚੋਂ ਨਿਕਲ ਜਾਣ ਤੋਂ ਬਾਦ ਐਂਗਲੋ-ਫਰਾਂਸੀਸੀ ਸਾਮਰਾਜੀਆਂ ਅਤੇ ਉਨ੍ਹਾਂ ਦੇ ਮਿੱਤਰਾਂ ਨੇ ਨਵੀਂ ਸੋਵੀਅਤ ਸੱਤਾ ਨੂੰ ਗਿਰਾਉਣ ਲਈ, ਦੇਸ਼ ਦੇ ਅੰਦਰ ਪਿਛਾਂਹ-ਖਿਚੂ ਤਾਕਤਾਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਪਿਛਾਂਹ-ਖਿਚੂਆਂ ਨੂੰ ਪੈਸਾ ਅਤੇ ਹਥਿਆਰ ਦਿੱਤੇ (ਦੇਖੋ ਬਾਕਸ 2: ਬਦੇਸ਼ੀ ਫੌਜਾਂ ਦੀ ਦਖਲ-ਅੰਦਾਜ਼ੀ ਦੇ ਖ਼ਿਲਾਫ਼ ਸੰਘਰਸ਼)। ਮਜ਼ਦੂਰਾਂ ਅਤੇ ਕਿਸਾਨਾਂ ਦੇ ਨਵੇਂ ਰਾਜ ਨੂੰ ਇੱਕ ਲੰਬਾ ਸਮਾਂ ਬਦੇਸ਼ੀ ਸਾਮਰਾਜਵਾਦੀ ਹਮਾਇਤ ਨਾਲ ਲਾਏ ਗਏ ਗ੍ਰਹਿ-ਯੁੱਧ ਦਾ ਸਾਹਮਣਾ ਕਰਨਾ ਪਿਆ।

ਬਾਕਸ 2: ਬਦੇਸ਼ੀ ਫੌਜਾਂ ਦੀ ਦਖਲਅੰਦਾਜ਼ੀ ਦੇ ਖ਼ਿਲਾਫ਼ ਸੰਘਰਸ਼

ਪੂਰੀ ਤਰ੍ਹਾਂ ਭਖੀ ਹੋਈ ਅੰਤਰ-ਸਾਮਰਾਜਵਾਦੀ ਜੰਗ ਦੇ ਚੱਲਦਿਆਂ, ਰੂਸ ਅਤੇ ਜਰਮਨੀ ਵਿਚਕਾਰ ਅਮਨ-ਸੰਧੀ ਹੋ ਜਾਣ ਅਤੇ ਸੋਵੀਅਤ ਸੱਤਾ ਦੇ ਮਜ਼ਬੂਤ ਹੋ ਜਾਣ ਕਾਰਨ ਬਰਤਾਨਵੀ ਅਤੇ ਫਰਾਂਸੀਸੀ ਸਾਮਰਾਜੀਆਂ ਅਤੇ ਉਨ੍ਹਾਂ ਦੇ ਜਪਾਨੀ ਅਤੇ ਅਮਰੀਕੀ ਮਿੱਤਰਾਂ ਵਿੱਚ ਬੁਖਲਾਹਟ ਪੈਦਾ ਹੋ ਗਈ। ਉਨ੍ਹਾਂ ਨੂੰ ਲੱਗਿਆ ਕਿ ਸੋਵੀਅਤ ਹਕੂਮਤ, ਜਿਸ ਕੋਲ ਆਪਣੀ ਹਿਫਾਜ਼ਤ ਕਰਨ ਲਈ ਹਾਲੇ ਨਿਯਮਿਤ ਫੌਜ ਵੀ ਨਹੀਂ ਸੀ, ਉਸਦਾ ਜ਼ਾਰਸ਼ਾਹੀ ਸਾਮਰਾਜ ਦੀਆਂ ਲੋਟੂ ਜਮਾਤਾਂ ਦੀ ਮੱਦਦ ਨਾਲ ਤਖਤਾ ਉਲਟਾਇਆ ਜਾ ਸਕਦਾ ਹੈ।

ਬਰਤਾਨਵੀ, ਫਰਾਂਸੀਸੀ ਅਤੇ ਅਮਰੀਕੀ ਸਾਮਰਾਜੀਆਂ ਨੇ ਉੱਤਰੀ ਰੂਸ ਵਿੱਚ ਆਪਣੀਆਂ ਫੌਜਾਂ ਭੇਜ ਕੇ ਹਮਲਾ ਕਰ ਦਿੱਤਾ, ਜਿਸਨੂੰ ਓਪਰੇਸ਼ਨ ਆਰਚਐਂਗਲ ਦਾ ਨਾਮ ਦਿੱਤਾ ਗਿਆ। ਇਸ ਇਲਾਕੇ ਉਪਰ ਕਬਜ਼ਾ ਕਰਨ ਤੋਂ ਬਾਅਦ, ਉਨ੍ਹਾਂ ਨੇ ਇਨਕਲਾਬ ਦੇ ਅੰਦਰੂਨੀ ਦੁਸ਼ਮਣਾਂ ਦੇ ਸਹਿਯੋਗ ਨਾਲ ਉਥੋਂ ਸੋਵੀਅਤਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਅਤੇ “ਉੱਤਰੀ ਰੂਸ ਦੀ ਸਰਕਾਰ” ਸਥਾਪਤ ਕਰ ਦਿੱਤੀ।

ਜਪਾਨੀਆਂ ਨੇ ਰੂਸ ਦੇ ਪੂਰਬੀ ਸਿਰੇ ਉੱਤੇ ਵਲਾਡੀਵਾਸਟੋਕ ਵਿੱਚ ਆਪਣੀਆਂ ਫੌਜਾਂ ਉਤਾਰ ਦਿੱਤੀਆਂ ਅਤੇ ਉਨ੍ਹਾਂ ਨੇ ਵੀ ਸੋਵੀਅਤਾਂ ਨੂੰ ਖਤਮ ਕਰ ਦਿੱਤਾ ਅਤੇ ਪੁਰਾਣੇ ਲੋਟੂਆਂ ਦੀ ਹਕੂਮਤ ਬਹਾਲ ਕਰ ਦਿੱਤੀ।

ਸਾਮਰਾਜਵਾਦੀਆਂ ਨੇ ਉੱਤਰੀ ਕਾਕੇਸ਼ੀਆ, ਵੋਲਗਾ ਦੇ ਮੱਧ ਦੇ ਆਸ-ਪਾਸ ਦੇ ਇਲਾਕਿਆਂ ਅਤੇ ਸਾਇਬੇਰੀਆ ਵਿੱਚ ਲੋਟੂ ਗੈਂਗਾਂ ਨੂੰ ਉਕਸਾ ਕੇ ਬਗ਼ਾਵਤਾਂ ਕਰਵਾ ਦਿੱਤੀਆਂ। ਇਨ੍ਹਾਂ ਬਗਾਵਤ ਦੀ ਅਗਵਾਈ ਬਰਤਾਨਵੀ ਸਾਮਰਾਜ ਦੀ ਅਗਵਾਈ ਵਾਲੇ ਗਠਜੋੜ ਵਲੋਂ ਦਿੱਤੇ ਪੈਸੇ ਅਤੇ ਹਥਿਆਰਾਂ ਨਾਲ ਜ਼ਾਰਸ਼ਾਹੀ ਫੌਜ ਦੇ ਜਰਨੈਲਾਂ ਨੇ ਕੀਤੀ। ਜਰਮਨੀ ਨੇ ਯੁਕਰੇਨ ਅਤੇ ਟਰਾਂਸਕਾਕੇਸ਼ੀਆ ਉੱਤੇ ਕੰਟਰੋਲ ਕਰ ਲਿਆ। ਇਸ ਸਭ ਕਾਸੇ ਦੇ ਨਤੀਜੇ ਵਜੋਂ ਸੋਵੀਅਤ ਰੂਸ ਦੇ ਅਨਾਜ, ਕੱਚੇ-ਮਾਲ ਅਤੇ ਤੇਲ ਦੇ ਸਰੋਤ ਖੁੱਸ ਗਏ।

ਪਾਰਟੀ ਨੇ ਦੇਸ਼ ਨੂੰ ਇੱਕ ਹਥਿਆਰਬੰਦ ਕੈਂਪ ਕਰਾਰ ਦੇ ਦਿੱਤਾ ਅਤੇ ਦੇਸ਼ ਦੀ ਆਰਥਿਕ, ਸਭਿਆਚਾਰਜ ਅਤੇ ਰਾਜਨੀਤਕ ਦਿਸ਼ਾ ਜੰਗ ਦੀਆਂ ਲੋੜਾਂ ਅਨੁਸਾਰ ਢਾਲ ਦਿੱਤੀ। ਲੱਖਾਂ ਹੀ ਮਜ਼ਦੂਰ ਅਤੇ ਕਿਸਾਨ ਲਾਲ ਫੌਜ ਵਿੱਚ ਭਰਤੀ ਹੋ ਕੇ ਜੰਗੀ ਮੁਹਾਜ਼ ਉੱਤੇ ਪਹੁੰਚ ਗਏ। ਪਾਰਟੀ ਅਤੇ ਨੌਜਵਾਨ ਕਮਿਉਨਿਸਟ ਲੀਗ ਦੇ ਤਕਰੀਬਨ ਅੱਧੇ ਮੈਂਬਰ ਜੰਗ ਦੇ ਮੁਹਾਜ਼ ਉੱਤੇ ਚਲੇ ਗਏ।

ਮਜ਼ਦੂਰਾਂ ਅਤੇ ਕਿਸਾਨਾਂ ਦੀ ਡੀਫੈਂਸ ਕੌਂਸਲ ਨੇ ਜੰਗ ਦੇ ਫਰੰਟ ਨੂੰ ਖਾਣਾ, ਕੱਪੜੇ ਅਤੇ ਹਥਿਆਰਾਂ ਦੀ ਸਪਲਾਈ ਦਾ ਕੰਮ ਆਪਣੇ ਜ਼ਿਮੇਂ ਲੈ ਲਿਆ। ਫੌਜ ਵਿੱਚ ਭਰਤੀ ਹੋਣਾ ਲਾਜ਼ਮੀ ਬਣਾ ਦਿੱਤਾ ਗਿਆ, ਜਿਸ ਨਾਲ ਲਾਲ ਫੌਜ ਵਿੱਚ ਹਜ਼ਾਰਾਂ ਹੀ ਨਵੇਂ ਸਿਪਾਹੀ ਆਏ ਅਤੇ ਫੌਜ ਦੀ ਗਿਣਤੀ ਇੱਕ ਕ੍ਰੋੜ ਤੋਂ ਵੀ ਵਧ ਗਈ।

ਬਹੁਤ ਜ਼ਿਆਦਾ ਮੁਸ਼ਕਲਾਤ ਅਤੇ ਭੈੜੀਆਂ ਹਾਲਤਾਂ ਦੇ ਬਾਵਯੂਦ ਲਾਲ ਫੌਜ ਸਾਮਰਾਜਵਾਦ ਅਤੇ ਪਿਛਾਂਹ-ਖਿਚੂ ਤਾਕਤਾਂ ਨੂੰ ਹਰਾਉਣ ਵਿੱਚ ਕਾਮਯਾਬ ਹੋ ਗਈ। ਇਸ ਜਿੱਤ ਦਾ ਵੱਡਾ ਕਾਰਨ ਇਹ ਸੀ ਕਿ ਸੋਵੀਅਤ ਸੈਨਿਕ ਉਸ ਸਰਕਾਰ ਦੀ ਹਿਫਾਜ਼ਤ ਵਾਸਤੇ ਲੜ ਰਹੇ ਸਨ, ਜੋ ਬਹੁ-ਗਿਣਤੀ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰਦੀ ਸੀ। ਇਸਦੇ ਉਲਟ ਲੋਟੂ ਦੀਆਂ ਫੌਜਾਂ ਉਸ ਕਾਜ਼ ਵਾਸਤੇ ਲੜ ਰਹੀਆਂ ਸਨ, ਜਿਸ ਨਾਲ ਲੋਕਾਂ ਦੀ ਕੋਈ ਹਮਦਰਦੀ ਨਹੀਂ ਸੀ।

ਲਾਲ ਫੌਜ ਇਸ ਕਰਕੇ ਜੇਤੂ ਰਹੀ ਕਿਉਂਕਿ ਉਸਨੂੰ ਸਮਝ ਸੀ ਕਿ ਜਿਸ ਕਾਜ਼ ਵਾਸਤੇ ਉਹ ਲੜ ਰਹੇ ਹਨ, ਉਹ ਇੱਕ ਨਿਆਂਪੂਰਨ ਕਾਜ਼ ਸੀ। ਉਨ੍ਹਾਂ ਨੂੰ ਮੌਤ ਦੀ ਕੋਈ ਪ੍ਰਵਾਹ ਨਹੀਂ ਸੀ ਅਤੇ ਉਹ ਪੂਰੀ ਵਫਾਦਾਰੀ ਨਾਲ ਲੜੇ ਸਨ।

ਸ਼ਹਿਰੀ ਮਜ਼ਦੂਰਾਂ ਅਤੇ ਸਾਮਰਾਜਵਾਦ ਵਲੋਂ ਉਕਸਾਈਆਂ ਬਗ਼ਾਵਤਾਂ ਤੋਂ ਨਵੇਂ ਰਾਜ ਨੂੰ ਬਚਾਉਣ ਲਈ ਲੜ ਰਹੇ ਸੈਨਿਕਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸੋਵੀਅਤ ਰਾਜ ਨੂੰ ਅਨਾਜ ਵਸੂਲਣ ਅਤੇ ਵਿਤਰਣ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਜ਼ਰੂਰਤ ਸੀ। ਇਸ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਕਦਮ ਚੁੱਕੇ ਗਏ, ਜਿਨ੍ਹਾਂ ਨੂੰ ਜੰਗ ਦਾ ਕਮਿਉਨਿਜ਼ਮ ਕਿਹਾ ਗਿਆ। ਰਾਜ ਨੂੰ ਕਿਸਾਨਾਂ ਦੀ ਆਪਣੀ ਵਰਤੋਂ ਤੋਂ ਵਾਧੂ ਅਨਾਜ ਇੱਕ ਨੀਯਤ ਕੀਮਤ ਉਤੇ ਵਸੂਲਣ ਦੀ ਜ਼ਰੂਰਤ ਸੀ। ਬਹੁ-ਗਿਣਤੀ ਕਿਸਾਨਾਂ ਨੇ ਇਸ ਨੀਤੀ ਨੂੰ ਸਵੀਕਾਰ ਕਰ ਲਿਆ। ਪਰ ਧਨੀ ਕਿਸਾਨ, ਜਿਨ੍ਹਾਂ ਨੂੰ ਕੂਲਕ ਕਿਹਾ ਜਾਂਦਾ ਸੀ, ਚਾਹੁੰਦੇ ਸਨ ਕਿ ਇਨ੍ਹਾਂ ਹਾਲਾਤਾਂ ਦਾ ਫ਼ਾਇਦਾ ਉਠਾ ਕੇ ਵੱਡਾ ਮੁਨਾਫਾ ਕਮਾਇਆ ਜਾਵੇ। ਉਨ੍ਹਾਂ ਨੇ ਭਾਰੀ ਕੀਮਤਾਂ ਉਤੇ ਵੇਚਣ ਲਈ ਅਨਾਜ ਨੂੰ ਲੁਕੋ ਲਿਆ।

ਸੋਵੀਅਤ ਸਰਕਾਰ ਨੇ ਜ਼ਖੀਰੇਬਾਜ਼ਾਂ ਅਤੇ ਮੁਨਾਫਾਖੋਰਾਂ ਦੇ ਖ਼ਿਲਾਫ਼ ਇੱਕ ਤਾਕਤਵਰ ਮੁਹਿੰਮ ਚਲਾਈ। ਉਸ ਨੇ ਕੁਲਕਾਂ ਦੇ ਖ਼ਿਲਾਫ਼ ਗਰੀਬ ਕਿਸਾਨਾਂ ਦੇ ਸੰਘਰਸ਼ ਦੀ ਮੱਦਦ ਕਰਨ ਲਈ ਸ਼ਹਿਰਾਂ ਤੋਂ ਮਜ਼ਦੂਰਾਂ ਦੇ ਜਥੇ ਪਿੰਡਾਂ ਨੂੰ ਭੇਜੇ।

ਅਕਤੂਬਰ ਇਨਕਲਾਬ ਦੀ 1919 ਵਿੱਚ ਦੂਸਰੀ ਵਰ੍ਹੇਗੰਢ ਦੇ ਮੌਕੇ ਉੱਤੇ ਲੈਨਿਨ ਨੇ ਇੰਜ ਲਿਖਿਆ:

“ਕਿਸਾਨਾਂ ਦੀ ਖੇਤੀ ਛੋਟੇ ਵਪਾਰ ਦੀਆਂ ਵਸਤਾਂ ਦੇ ਉਤਪਾਦਨ ਕਰਨ ਉਤੇ ਕੇਂਦਰਿਤ ਹੈ ਅਤੇ ਇਹੀ ਪੂੰਜੀਵਾਦ ਦਾ ਇੱਕ ਠੋਸ ਅਧਾਰ ਹੈ, ਇੱਕ ਅਜਿਹਾ ਅਧਾਰ ਜਿਹਦੇ ‘ਤੇ ਪੂੰਜੀਵਾਦ ਬਰਕਰਾਰ ਰਹਿੰਦਾ ਹੈ ਜਾਂ ਕਮਿਊਨਿਜ਼ਮ ਦੇ ਖ਼ਿਲਾਫ਼ ਕਠੋਰ ਸੰਘਰਸ਼ ਮੁੜ ਉਠ ਖੜਾ ਹੁੰਦਾ ਹੈ। ਇਸ ਸੰਘਰਸ਼ ਦੇ ਰੂਪ ਹਨ: ਨਿੱਜੀ ਜ਼ਖੀਰੇਬਾਜੀ ਅਤੇ ਮੁਨਾਫਾਖੋਰੀ ਬਨਾਮ ਰਾਜ ਵਲੋਂ ਅਨਾਜ (ਅਤੇ ਹੋਰ ਉਤਪਾਦਾਂ) ਦੀ ਖਰੀਦ ਅਤੇ ਵਿਤਰਣ”।

(ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਜ਼ਮਾਨੇ ਵਿੱਚ ਆਰਥਿਕਤਾ ਅਤੇ ਸਿਆਸਤ, 7 ਨਵੰਬਰ 1919)

ਮਜ਼ਦੂਰ-ਕਿਸਾਨ ਗਠਜੋੜ

ਮਜ਼ਦੂਰ-ਕਿਸਾਨ ਗਠਜੋੜ ਸੋਵੀਅਤ ਰਾਜ ਦੀ ਅਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਦੀ ਰੀੜ ਦੀ ਹੱਡੀ ਸੀ।

1905 ਤੋਂ ਫਰਵਰੀ 1917 ਦੁਰਾਨ ਰੂਸ ਦੀ ਇਨਕਲਾਬੀ ਲਹਿਰ ਦਾ ਮੁੱਖ ਨਿਸ਼ਾਨਾ ਜ਼ਾਰਸ਼ਾਹੀ ਅਤੇ ਬੜੇ ਜ਼ਿਮੀਦਾਰਾਂ ਵਲੋਂ ਕੀਤੇ ਜਾ ਰਹੇ ਜ਼ੁਲਮ ਦਾ ਖਾਤਮਾ ਕਰਨਾ ਸੀ। ਉਸ ਦੌਰ ਵਿੱਚ ਬਾਲਸ਼ਵਿਕ ਪਾਰਟੀ ਦੀ ਰਣਨੀਤੀ ਜ਼ਿਮੀਦਾਰਾਂ ਅਤੇ ਜ਼ਾਰਸ਼ਾਹੀ ਰਾਜ ਦੇ ਖ਼ਿਲਾਫ਼ ਪ੍ਰੋਲਤਾਰੀ ਅਤੇ ਸਮੁੱਚੀ ਕਿਸਾਨੀ ਦਾ ਗੱਠਜੋੜ ਬਣਾਉਣਾ ਅਤੇ ਸਰਮਾਏਦਾਰੀ ਨੂੰ ਛੇਕਣਾ ਸੀ।

ਜ਼ਾਰਸ਼ਾਹੀ ਰਾਜ ਦਾ ਤਖਤਾ ਉਲਟਾਉਣ ਤੋਂ ਬਾਅਦ, ਫਰਵਰੀ ਤੋਂ ਅਕਤੂਬਰ 1917 ਦੁਰਾਨ, ਜਮਾਤੀ ਘੋਲ ਦਾ ਮੁੱਖ ਨਿਸ਼ਾਨਾ ਰੂਸ ਉਪਰ ਸਾਮਰਾਜਵਾਦ ਦੇ ਦਾਬੇ ਨੂੰ ਖਤਮ ਕਰਨਾ ਅਤੇ ਪਹਿਲੇ ਵਿਸ਼ਵ ਯੁੱਧ ਵਿਚੋਂ ਬਾਹਰ ਨਿਕਲਣਾ ਸੀ। ਪਾਰਟੀ ਦੀ ਰਣਨੀਤੀ ਬੁਰਜੂਆਜ਼ੀ ਦੇ ਖ਼ਿਲਾਫ਼ ਗਰੀਬ ਕਿਸਾਨਾਂ ਨਾਲ ਗਠਜੋੜ ਕਾਇਮ ਕਰਨਾ ਅਤੇ ਨੀਮ-ਬੁਰਜੂਆ ਪਾਰਟੀਆਂ ਨੂੰ ਅਲਹਿਦਾ ਕਰਨਾ ਸੀ, ਕਿਉਂਕਿ ਇਹ ਪਾਰਟੀਆਂ ਕਿਸਾਨਾਂ ਨੂੰ ਸਾਮਰਾਜਵਾਦ ਨਾਲ ਸਮਝੌਤਾ ਕਰਨ ਲਈ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ।

ਅਕਤੂਬਰ ਇਨਕਲਾਬ ਦੀ ਜਿੱਤ ਤੋਂ ਬਾਅਦ, ਸਾਮਰਾਜਵਾਦੀ ਹਥਿਆਰਬੰਦ ਦਖਲਅੰਦਾਜ਼ੀ ਦੇ ਦੌਰ ਵਿੱਚ ਮਜ਼ਦੂਰ-ਕਿਸਾਨ ਗਠਜੋੜ ਦੀ ਬੁਨਿਆਦ ਸਾਂਝੇ ਹਿੱਤ ਸਨ। ਕਿਸਾਨਾਂ ਨੂੰ ਸੋਵੀਅਤ ਸਰਕਾਰ ਨੇ ਜ਼ਮੀਨ ਦਿੱਤੀ ਅਤੇ ਜ਼ਗੀਰਦਾਰਾਂ ਤੇ ਕੁਲਕਾਂ ਤੋਂ ਉਨ੍ਹਾਂ ਦੀ ਰੱਖਿਆ ਕੀਤੀ। ਕਿਸਾਨਾਂ ਕੋਲੋਂ ਵਾਧੂ ਅਨਾਜ ਵਸੂਲਣ ਦੀ ਨੀਤੀ ਹੇਠ ਮਜ਼ਦੂਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮਿਲੀਆਂ।

ਜਿੰਨਾ ਚਿਰ ਗ੍ਰਹਿ-ਯੁੱਧ ਜਾਰੀ ਰਿਹਾ ਓਨਾਂ ਚਿਰ ਤਾਂ ਗਰੀਬ ਅਤੇ ਦਰਮਿਆਨੇ ਕਿਸਾਨ ਰਾਜ ਵਲੋਂ ਉਨ੍ਹਾਂ ਦਾ ਸਾਰੇ ਦਾ ਸਾਰਾ ਵਾਧੂ ਅਨਾਜ ਖ੍ਰੀਦਣ ਦੀ ਨੀਤੀ ਨੂੰ ਮੰਨਦੇ ਰਹੇ। ਪਰ ਜਦੋਂ ਅਮਨ ਬਹਾਲ ਹੋ ਗਿਆ ਤਾਂ ੳਨ੍ਹਾਂ ਵਿੱਚ ਮਾਯੂਸੀ ਆਉਣੀ ਸ਼ੁਰੂ ਹੋ ਗਈ। 1920 ਵਿੱਚ ਗ੍ਰਹਿ ਯੁੱਧ ਖਤਮ ਹੋ ਗਿਆ ਅਤੇ ਉਨ੍ਹਾਂ ਨੂੰ ਜਗੀਰਦਾਰਾਂ ਦੇ ਵਾਪਸ ਆ ਜਾਣ ਦਾ ਖਤਰਾ ਨਾ ਰਿਹਾ ਤਾਂ ਬਹੁਤ ਸਾਰੇ ਕਿਸਾਨਾਂ ਨੇ ਆਪਣਾ ਸਾਰਾ ਵਾਧੂ ਅਨਾਜ ਸਰਕਾਰ ਨੂੰ ਵੇਚਣ ਵਿੱਚ ਅਸੰਤੁਸ਼ਟੀ ਜ਼ਾਹਿਰ ਕੀਤੀ।

ਬਾਲਸ਼ਵਿਕ ਪਾਰਟੀ ਨੇ ਮਹਿਸੂਸ ਕੀਤਾ ਕਿ ਵਾਧੂ ਅਨਾਜ ਦੀ ਵਸੂਲੀ ਦੇ ਢਾਂਚੇ ਦੀ ਜਗ੍ਹਾ ਕਿਸਾਨਾਂ ਤੋਂ ਲਿਆ ਜਾਂਦਾ ਟੈਕਸ ਅਨਾਜ ਦੇ ਰੂਪ ਵਿੱਚ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਹੁਣ ਸਰਕਾਰ ਵਾਧੂ ਅਨਾਜ ਦਾ ਕੁੱਝ ਹਿੱਸਾ ਹੀ ਟੈਕਸ ਵਿੱਚ ਲੈਂਦੀ ਸੀ ਅਤੇ ਬਾਕੀ ਦੇ ਅਨਾਜ ਨੂੰ ਉਹ ਆਪਣੀ ਮਰਜ਼ੀ ਅਨੁਸਾਰ ਵਰਤ ਸਕਦੇ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਜ਼ਿਆਦਾ ਅਨਾਜ ਪੈਦਾ ਕਰਨ ਲਈ ਉਤਸ਼ਾਹ ਮਿਲੇਗਾ। ਇਸ ਨਾਲ ਖੇਤੀਬਾੜੀ ਮੁੜ ਤੋਂ ਜੀਵਤ ਹੋਵੇਗੀ, ਵਧੇਰੇ ਰਕਬੇ ਵਿੱਚ ਫਸਲਾਂ ਬੀਜੀਆਂ ਜਾਣਗੀਆਂ ਅਤੇ ਇੰਡਸਟਰੀ ਦੇ ਵਿਕਾਸ ਲਈ ਲੋੜੀਂਦੀਆਂ ਫਸਲਾਂ ਬੀਜੀਆਂ ਜਾਣਗੀਆਂ, ਖੇਤੀ ਦਾ ਵਪਾਰ ਵਧੇਗਾ ਅਤੇ ਸ਼ਹਿਰਾਂ ਨੂੰ ਸਪਲਾਈ ਵਧੇਗੀ। 1921 ਵਿੱਚ ਪਾਰਟੀ ਦੀ ਦਸਵੀਂ ਕਾਂਗਰਸ ਵਿੱਚ ਪ੍ਰਵਾਨ ਕੀਤੀ ਨਵੀਂ ਆਰਥਿਕ ਨੀਤੀ ਦੀ ਇਹ ਮੁੱਖ ਵਿਸ਼ੇਸ਼ਤਾ ਸੀ।

ਬਾਲਸ਼ਵਿਕ ਪਾਰਟੀ ਨੇ ਖੁਲ੍ਹੇਆਮ ਮੰਨ ਲਿਆ ਸੀ ਕਿ ਨਵੀਂ ਆਰਥਿਕ ਨੀਤੀ ਨਾਲ ਸ਼ਹਿਰਾਂ ਅਤੇ ਦਿਹਾਤ ਵਿਚਕਾਰ ਵਪਾਰ ਨਾਲ ਨਿੱਜੀ ਉਦਯੋਗ ਵਧ ਜਾਵੇਗਾ। ਇਹਦੇ ਨਾਲ ਪੂੰਜੀਵਾਦ ਦੇ ਖ਼ਿਲਾਫ਼ ਪ੍ਰੋਲਤਾਰੀ ਸੰਘਰਸ਼ ਪਿਛਾਂਹ ਹਟ ਜਾਵੇਗਾ। ਲੈਨਿਨ ਨੇ ਸਮਝਾਇਆ ਕਿ ਪ੍ਰੋਲਤਾਰੀ ਹਰਾਵਲ ਦਸਤੇ ਲਈ ਜ਼ਰੂੁਰੀ ਹੈ ਕਿ ਇੱਕ ਗਿਣੀਮਿਥੀ ਤਰਤੀਬ ਨਾਲ ਪਿੱਛੇ ਹਟਿਆ ਜਾਵੇ ਤਾਂ ਕਿ ਦਰਮਿਆਨੀ ਕਿਸਾਨੀ ਦੀ ਹਮਾਇਤ ਕਾਇਮ ਰਹੇ। (ਦੇਖੋ ਬਾਕਸ 3: ਦਰਮਿਆਨੀ ਕਿਸਾਨੀ ਦੀ ਹਮਾਇਤ ਜਿੱਤਣਾ)

ਬਾਕਸ 3: ਦਰਮਿਆਨੀ ਕਿਸਾਨੀ ਦੀ ਹਮਾਇਤ ਜਿੱਤਣ ਬਾਰੇ

ਮਾਰਕਸਵਾਦ ਦੀ ਸਾਇੰਸ ਤੋਂ ਸੇਧ ਲੈਂਦਿਆਂ, ਬਾਲਸ਼ਵਿਕ ਪਾਰਟੀ ਨੇ ਉਤਪਾਦਨ ਦੇ ਸਬੰਧਾਂ ਵਿੱਚ ਉਨ੍ਹਾਂ ਦੇ ਸਥਾਨ ਦੇ ਅਧਾਰ ਉਤੇ, ਕਿਸਾਨਾਂ ਦੇ ਵੱਖ-ਵੱਖ ਤਬਕਿਆਂ ਵਿੱਚ ਫਰਕ ਨੂੰ ਪਹਿਚਾਣਿਆਂ। ਖਾਸ ਕਰਕੇ, ਉਨ੍ਹਾਂ ਨੇ ਇਸ ਸੱਚਾਈ ਨੂੰ ਸਵੀਕਾਰ ਕੀਤਾ ਕਿ ਬਹੁਗਿਣਤੀ ਮੇਹਨਤਕਸ਼ ਕਿਸਾਨਾਂ ਅਤੇ ਅਲਪਸੰਖਿਅਕ ਧਨੀ ਕਿਸਾਨਾਂ ਵਿੱਚ ਫਰਕ ਹੈ। ਵੱਡੀਆਂ ਜ਼ਮੀਨਾਂ ਦੇ ਮਾਲਕ ਧਨੀ ਕਿਸਾਨ ਹਨ, ਜੋ ਮਜ਼ਦੂਰਾਂ ਤੋਂ ਕੰਮ ਕਰਾਉਂਦੇ ਹਨ; ਉਨ੍ਹਾਂ ਦੀ ਸੋਚ ਅਤੇ ਗਰੀਬ ਕਿਸਾਨਾਂ ਦੀ ਸੋਚ ਵਿੱਚ ਫਰਕ ਹੈ।

ਮੇਹਨਤਕਸ਼ ਕਿਸਾਨਾਂ ਵਿੱਚ ਜ਼ਿਆਦਾਤਰ ਦਰਮਿਆਨੇ ਅਤੇ ਗਰੀਬ ਕਿਸਾਨ ਸਨ। ਗਰੀਬ ਕਿਸਾਨ ਉਹ ਸਨ, ਜਿਨ੍ਹਾਂ ਨੂੰ ਆਪਣਾ ਗੁਜ਼ਾਰਾ ਤੋਰਨ ਲਈ ਖੇਤੀ ਦੇ ਨਾਲ-ਨਾਲ ਮਜ਼ਦੂਰੀ ਵੀ ਕਰਨੀ ਪੈਂਦੀ ਸੀ। ਦਰਮਿਆਨੇ ਕਿਸਾਨ ਪ੍ਰਵਾਰ ਆਪਣੇ ਖੇਤਾਂ ਵਿੱਚ ਹੀ ਮੇਹਨਤ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਸਨ।

ਸਮਾਜਵਾਦ ਉਸਾਰਨ ਦੇ ਆਰੰਭਕ ਦੌਰ ਵਿੱਚ ਬਾਲਸ਼ਵਿਕ ਪਾਰਟੀ ਨੇ ਦਰਮਿਆਨੇ ਕਿਸਾਨਾਂ ਦੀ ਹਮਾਇਤ ਜਿੱਤਣ ਵੱਲ ਖਾਸ ਧਿਆਨ ਦਿੱਤਾ।  ਮਾਰਚ 1919 ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਲੈਨਿਨ ਨੇ ਦਰਮਿਆਨੇ ਕਿਸਾਨਾਂ ਬਾਰੇ ਇੰਜ ਲਿਖਿਆ:

“ਪੂੰਜੀਵਾਦ ਦੇ ਦੌਰ ਵਿਚ ਇਸ ਤਰ੍ਹਾਂ ਦੇ ਦਰਮਿਆਨੇ ਕਿਸਾਨ ਹੁਣ ਨਾਲੋਂ ਘੱਟ ਸਨ, ਕਿਉਂਕਿ ਪੂੰਜੀਵਾਦੀ ਦੌਰ ਵਿੱਚ ਬਹੁਤੇ ਕਿਸਾਨ ਗਰੀਬ ਸ਼੍ਰੇਣੀ ਵਿੱਚ ਸਨ ਅਤੇ ਕੇਵਲ ਇੱਕ ਮਾਮੂਲੀ ਜਿਹਾ ਅਲਪਸੰਖਿਅਕ ਤਬਕਾ ਕੁਲਕਾਂ, ਲੋਟੂਆਂ ਅਤੇ ਲੋਟੂ ਅਮੀਰ ਕਿਸਾਨ ਦੀ ਸ਼੍ਰੇਣੀ ਵਿਚੋਂ ਸੀ।

“ਜ਼ਮੀਨ ਦੀ ਨਿੱਜੀ ਮਾਲਕੀ ਖਤਮ ਕਰ ਦੇਣ ਤੋਂ ਬਾਅਦ, ਦਰਮਿਆਨੇ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ ਅਤੇ ਸੋਵੀਅਤ ਸਰਕਾਰ ਨੇ ਉਨ੍ਹਾਂ ਨਾਲ ਹਰ ਕੀਮਤ ਉੱਤੇ ਪੂਰੀ ਸ਼ਾਂਤੀ ਅਤੇ ਨਿੱਘੇ ਸਬੰਧ ਬਣਾਉਣ ਦਾ ਦ੍ਰਿੜ ਸੰਕਲਪ ਲਿਆ ਹੈ। ਇਸ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦਰਮਿਆਨਾ ਕਿਸਾਨ ਸਮਾਜਵਾਦ ਨੂੰ ਇੱਕਦਮ ਨਹੀਂ ਸਵੀਕਾਰ ਕਰੇਗਾ, ਕਿਉਂਕਿ ਜਿਸ ਚੀਜ਼ ਦਾ ਉਹ ਆਦੀ ਹੈ, ਉਸ ਉੱਤੇ ਟਿਿਕਆ ਰਹਿੰਦਾ ਹੈ। ਉਹ ਤਮਾਮ ਨਵੇਂ ਵਿਚਾਰਾਂ ਬਾਰੇ ਚੇਤੰਨ ਰਹਿੰਦਾ ਹੈ ਅਤੇ ਸਭ ਨਵੇਂ ਵਿਚਾਰਾਂ ਅਤੇ ਕਾਢਾਂ ਬਾਰੇ ਚੇਤੰਨ ਰਹਿੰਦਾ ਹੈ ਅਤੇ ਉਨ੍ਹਾਂ  ਨੂੰ ਤੱਥਾਂ ਅਤੇ ਅਮਲ ਦੀ ਕਸਵੱਟੀ ਉਤੇ ਪਰਖਦਾ ਰਹਿੰਦਾ ਹੈ ਅਤੇ ਓੁਨਾ ਚਿਰ ਆਪਣੀ ਜ਼ਿੰਦਗੀ ਦਾ ਰਸਤਾ ਨਹੀਂ ਬਦਲਦਾ ਜਿੰਨਾ ਚਿਰ ਉਸਨੂੰ ਪੱਕਾ ਯਕੀਨ ਨਹੀਂ ਹੋ ਜਾਂਦਾ ਕਿ ਪ੍ਰੀਵਰਤਨ ਜ਼ਰੂਰੀ ਹੈ।

“ਇਹੀ ਕਾਰਨ ਹੈ ਕਿ ਸਾਨੂੰ ਇਸ ਨਿਯਮ ਨੂੰ ਜਾਨਣਾ, ਯਾਦ ਰੱਖਣਾ ਅਤੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਕਿ ਜਦੋਂ ਕਮਿਉਨਿਸਟ ਦਿਹਾਤੀ ਇਲਾਕਿਆਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਰਮਿਆਨੇ ਕਿਸਾਨਾਂ ਨਾਲ ਦੋਸਤਾਨਾ ਸਬੰਧ ਸਥਾਪਤ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਕਿਸਾਨ ਦੂਸਰਿਆਂ ਦੀ ਮੇਹਨਤ ਨਹੀਂ ਲੁੱਟਦੇ, ਉਹ ਸ਼ਹਿਰੀ ਮਜ਼ਦੂਰਾਂ ਦੇ ਸਾਥੀ ਹਨ ਅਤੇ ਸਾਨੂੰ ਉਨ੍ਹਾਂ ਨਾਲ ਇਮਾਨਦਾਰੀ ਅਤੇ ਵਿਸ਼ਵਾਸ਼ ਤੋਂ ਪ੍ਰੇਰਿਤ ਇੱਕ ਸਵੈ-ਇੱਛਤ ਗਠਜੋੜ ਸਥਾਪਤ ਕਰਨਾ ਚਾਹੀਦਾ ਹੈ ਅਤੇ ਇਹ ਕਰਨਾ ਪੂਰੀ ਤਰ੍ਹਾਂ ਮੁਮਕਿਨ ਹੈ। ਕਮਿਉਨਿਸਟ ਸਰਕਾਰ ਵਲੋਂ ਪ੍ਰਸਤਾਵਿਤ ਹਰ ਉਪਾਅ ਨੂੰ ਦਰਮਿਆਨੇ ਕਿਸਾਨਾਂ ਨੂੰ ਇੱਕ ਸਲਾਹ, ਇੱਕ ਸੁਝਾਅ ਦੇ ਰੂਪ ਵਿੱਚ, ਉਨ੍ਹਾਂ ਨੂੰ ਨਵੇਂ ਢਾਂਚੇ ਨੂੰ ਸਵੀਕਾਰ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।

“ਇਨ੍ਹਾਂ ਉਪਾਵਾਂ ਨੂੰ ਅਮਲ ਵਿੱਚ ਪਰਖਣ ਵਿੱਚ ਸਹਿਯੋਗ ਰਾਹੀਂ, ਇਹ ਪਤਾ ਲਾਉਣ ਨਾਲ ਕਿ ਉਹ ਕਿਸ ਤਰ੍ਹਾਂ ਗਲਤ ਹਨ, ਸਾਰੀਆਂ ਸੰਭਵ ਗਲਤੀਆਂ ਨੂੰ ਦੂਰ ਕਰਕੇ ਅਤੇ ਦਰਮਿਆਨੇ ਕਿਸਾਨ ਨਾਲ ਇੱਕ ਸਮਾਨ ਸਮਝ ਬਣਾਉਣ ਨਾਲ ਹੀ ਮਜ਼ਦੂਰਾਂ ਅਤੇ ਕਿਸਾਨਾਂ ਦਾ ਗਠਜੋੜ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਗਠਜੋੜ ਸੋਵੀਅਤ ਸੱਤਾ ਦੀ ਮੁੱਖ ਤਾਕਤ ਅਤੇ ਮਜਬੂਤ ਅਧਾਰ ਹੈ। ਇਹ ਗਠਜੋੜ ਇੱਕ ਸੰਕਲਪ ਹੈ ਕਿ ਸਮਾਜਵਾਦੀ ਪ੍ਰੀਵਰਤਨ ਸਫਲ ਹੋਵੇਗਾ, ਪੂੰਜੀ ਉੱਤੇ ਜਿੱਤ ਪ੍ਰਾਪਤ ਹੋਵੇਗੀ ਅਤੇ ਹਰ ਤਰ੍ਹਾਂ ਦੀ ਲੁੱਟ ਖਤਮ ਹੋਵੇਗੀ”।

ਪ੍ਰੋਲਤਾਰੀ ਜਮਾਤ ਅਤੇ ਮੇਹਨਤਕਸ਼ ਕਿਸਾਨਾਂ ਵਿਚਕਾਰ ਇੱਕ ਭਰੋਸੇਯੋਗ ਅਤੇ ਪਾਏਦਾਰ ਗਠਜੋੜ ਬਣਾਉਣ ਦੀ ਲਾਈਨ ਦਾ ਵਿਰੋਧ ਕਰਨ ਵਾਲੇ ਮੌਕਾਪ੍ਰਸਤਾਂ ਦੀ ਅਗਵਾਈ ਵਾਲੇ ਗੱੁਟਾਂ ਦੇ ਖ਼ਿਲਾਫ਼, ਪਾਰਟੀ ਦੇ ਅੰਦਰ ਲੰਬਾ ਸਮਾਂ ਸੰਘਰਸ਼ ਚਲਾਉਣ ਤੋਂ ਬਾਅਦ ਹੀ ਇਹ ਨਵੀਂ ਆਰਥਿਕ ਨੀਤੀ ਅਪਣਾਈ ਗਈ ਸੀ। ਇਸ ਖਤਰਨਾਕ ਰੁਝਾਨ ਦੀ ਅਗਵਾਈ ਟ੍ਰਾਟਸਕੀ ਨੇ ਕੀਤੀ ਸੀ, ਜਿਸਨੂੰ ਐਂਗਲੋ ਅਮਰੀਕੀ ਸਾਮਰਾਜਵਾਦੀਆਂ ਨੇ ਇੱਕ ਸਭ ਤੋਂ ਭਰੋਸੇਮੰਦ ਏਜੰਟ ਦੇ ਤੌਰ ਉੱਤੇ ਤਿਆਰ ਕੀਤਾ ਸੀ।

ਟਰਾਟਸਕੀ ਨੇ ਇਸ ਵਿਚਾਰ ਨੂੰ ਫੈਲਾਇਆ ਕਿ ਸਮੁੱਚੀ ਕਿਸਾਨੀ ਦੇਸ਼ ਦੀ ਅਬਾਦੀ ਦਾ ਪਿਛਾਂਹਖਿਚੂ ਤਬਕਾ ਸੀ, ਜਿਸਦੇ ਨਾਲ ਕੋਈ ਭਰੋਸੇਯੋਗ ਗਠਜੋੜ ਨਹੀਂ ਬਣਾਇਆ ਜਾ ਸਕਦਾ। ਉਹ ਸਾਮਰਾਜਵਾਦ ਦੇ ਖ਼ਿਲਾਫ਼ ਦੱਬੀਆਂ-ਕੁਚਲੀਆਂ ਕੌਮਾਂ ਦੇ ਸੰਘਰਸ਼ ਨੂੰ ਵੀ ਸਰਮਾਏਦਾਰਾ ਲਹਿਰ ਮੰਨਦਾ ਸੀ, ਜਿਸ ਦੀ ਪ੍ਰੋਲਤਾਰੀ ਵਲੋਂ ਹਮਾਇਤ ਨਹੀਂ ਕੀਤੀ ਜਾਣੀ ਚਾਹੀਦੀ। ਇਸ ਗਲਤ ਮੁਲਾਂਕਣ ਦੇ ਅਧਾਰ ਉੱਤੇ ਉਸਨੇ ਇਹ ਨਤੀਜਾ ਕੱਢਿਆ ਕਿ ਰੂਸੀ ਪ੍ਰੋਲਤਾਰੀ ਸੱਤਾ ਉੱਤੇ ਟਿੱਕੀ ਨਹੀਂ ਰਹਿ ਸਕਦੀ, ਜੇਕਰ ਯੂਰਪ ਦੇ ਉੱਨਤ ਕਿਸੇ ਇੱਕ ਜਾਂ ਦੋ ਦੇਸ਼ਾਂ ਵਿੱਚ ਇਨਕਲਾਬ ਨਹੀਂ ਲਿਆਂਦਾ ਜਾਂਦਾ। ਲੈਨਿਨ ਨੇ ਇਸ ਲਾਈਨ ਨੂੰ ਬੇਨਕਾਬ ਕਰਨ ਅਤੇ ਹਰਾਉਣ ਲਈ ਸੰਘਰਸ਼ ਨੂੰ ਅਗਵਾਈ ਦਿੱਤੀ। ਇਹ ਸੰਘਰਸ਼, ਪਾਰਟੀ ਦੀ 1921 ਵਿੱਚ ਹੋਈ ਦਸਵੀਂ ਕਾਂਗਰਸ ਵਿੱਚ ਸਫਲਤਾਪੂਰਵਕ ਸਿਰੇ ਚੜਿਆ।

ਨਵੀਂ ਆਰਥਿਕ ਨੀਤੀ ਦੇ ਪਹਿਲੇ ਸਾਲ ਵਿੱਚ ਹੀ ਸਾਬਤ ਹੋ ਗਿਆ ਕਿ ਇਹ ਨੀਤੀ ਸਹੀ ਸੀ। ਇਹਦੇ ਅਪਣਾਏ ਜਾਣ ਨਾਲ ਮਜ਼ਦੂਰ ਕਿਸਾਨ ਗਠਜੋੜ ਇੱਕ ਨਵੇਂ ਅਧਾਰ ਉੱਤੇ ਮਜਬੂਤ ਹੋ ਗਿਆ। ਦਰਮਿਆਨੇ ਕਿਸਾਨਾਂ ਨੇ ਕੁਲਕਾਂ ਦੇ ਗਰੋਹ ਨੂੰ ਹਰਾਉਣ ਵਿੱਚ ਸੋਵੀਅਤ ਸਰਕਾਰ ਦਾ ਸਾਥ ਦਿੱਤਾ। ਖੇਤੀਬਾੜੀ ਵਧਣ-ਫੁੱਲਣ ਲੱਗ ਪਈ, ਇੰਡਸਟਰੀ ਅਤੇ ਰੇਲਵੇ ਆਪਣੀ ਪਹਿਲੀ ਸਫਲਤਾ ਦਰਜ ਕਰ ਸਕੇ। ਆਰਥਿਕਤਾ ਤਾਬੇ ਆਉਣੀ ਸ਼ੁਰੂ ਹੋ ਗਈ। ਮਜ਼ਦੂਰਾਂ ਅਤੇ ਕਿਸਾਨਾਂ ਨੂੰ ਯਕੀਨ ਹੋ ਗਿਆ ਕਿ ਪਾਰਟੀ ਸਹੀ ਰਾਹ ਉੱਤੇ ਹੈ।

ਲੇਖਾ-ਜੋਖਾ, ਟਰੇਡ ਯੂਨੀਅਨਾਂ ਅਤੇ ਸਮਾਜਵਾਦੀ ਮੁਕਾਬਲਾ (ਰੀਸ)

ਬੜੇ ਪੈਮਾਨੇ ਦੇ ਉਤਪਾਦਨ ਅਤੇ ਵਟਾਂਦਰੇ ਦੇ ਸਾਧਨਾਂ ਦੇ ਕੌਮੀਕਰਣ ਨੇ ਸੋਵੀਅਤ ਰਾਜ ਦੇ ਵਾਸਤੇ ਉਦਯੋਗਿਕ ਉਤਪਾਦਨ ਨੂੰ ਨਵੀਂ ਦਿਸ਼ਾ ਦੇਣ ਅਤੇ ਇਸਨੂੰ ਤੇਜ਼ ਕਰਕੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ, ਇਸ ਨੂੰ ਵਧਾਉਣ ਦੀ ਸੰਭਾਵਨਾ ਪੈਦਾ ਕਰ ਦਿੱਤੀ। ਇਸ ਸੰਭਾਵਨਾ ਨੂੰ ਹਕੀਕਤ ਵਿੱਚ ਬਦਲਣ ਲਈ ਰਾਜ ਦੇ ਕੋਲ ਤਮਾਮ ਜ਼ਰੂਰੀ ਵਸਤਾਂ ਕਿੰਨੀ ਮਾਤਰਾ ਵਿੱਚ ਬਣਦੀਆਂ ਹਨ ਅਤੇ ਇਨ੍ਹਾਂ ਦੀ ਖਪਤ ਦੇ ਸਹੀ ਅੰਕੜੇ ਹੋਣਾ ਜ਼ਰੂਰੀ ਸੀ। ਉਤਪਾਦਨ ਦੇ ਹਰੇਕ ਖੇਤਰ ਵਿੱਚ ਲਾਈ ਗਈ ਮਨੁੱਖੀ ਮੇਹਨਤ ਦੀ ਮਾਤਰਾ ਅਤੇ ਗੁਣਵੱਤਾ ਦਾ ਲੇਖਾ-ਜੋਖਾ ਹੋਣਾ ਵੀ ਜ਼ਰੂਰੀ ਸੀ।

ਅਕਤੂਬਰ ਇਨਕਲਾਬ ਦੀ ਜਿੱਤ ਤੋਂ ਇੱਕਦਮ ਬਾਦ ਲੈਨਿਨ ਨੇ ਲਿਿਖਆ “ਲੇਖਾ-ਜੋਖਾ ਅਤੇ ਕੰਟਰੋਲ, ਜੇਕਰ ਉੱਚਤਮ ਰਾਜ ਸੱਤਾ ਬਤੌਰ, ਜਾਂ ਇਸ ਸੱਤਾ ਦੇ ਨਿਰਦੇਸ਼ਾਂ, ਜਾਂ ਇਖਤਿਆਰ ਅਨੁਸਾਰ ਮਜ਼ਦੂਰਾਂ, ਸੈਨਿਕਾਂ ਅਤੇ ਕਿਸਾਨਾਂ ਦੇ ਨੁਮਾਂਇੰਦਿਆਂ ਵਲੋਂ ਕੀਤਾ ਜਾਂਦਾ ਹੈ ਤਾਂ – ਇੱਕ ਬਾਰ ਪ੍ਰੋਲਤਾਰੀ ਦਾ ਸਾਸ਼ਨ ਸਥਾਪਤ ਅਤੇ ਪੱਕਾ ਕਰ ਲੈਣ ਤੋਂ ਬਾਦ – ਵਿਸਤ੍ਰਿਤ, ਆਮ, ਸਰਵ-ਵਿਆਪੀ ਲੇਖਾ-ਜੋਖਾ ਅਤੇ ਕੰਟਰੋਲ, ਕੀਤੀ ਗਈ ਮਿਹਨਤ ਅਤੇ ਉਤਪਾਦਾਂ ਦੇ ਵਿਤਰਣ ਦਾ ਲੇਖਾ-ਜੋਖਾ ਅਤੇ ਕੰਟਰੋਲ, ਸਮਾਜਵਾਦੀ ਕਾਇਆ ਕਲਪ ਦਾ ਮੂਲ (ਸਾਰ) ਹੈ”। (“ਮੁਕਾਬਲਾ ਕਿਵੇਂ ਜਥੇਬੰਦ ਕਰਨਾ ਹੈ?” – 24-27 ਦਿਸੰਬਰ 1917)

ਕੇਵਲ ਕੇਂਦਰਿਤ ਲੇਖੇ-ਜੋਖੇ ਦੇ ਅਧਾਰ ਉੱਤੇ ਹੀ ਆਰਥਿਕਤਾ ਦੇ ਸੰਤੁਲਿਤ ਵਿਕਾਸ ਲਈ ਇੱਕ ਰਾਸ਼ਟਰੀ ਯੋਜਨਾ ਵਿਕਸਿਤ ਕਰਨਾ ਅਤੇ ਲੋਕਾਂ ਦੀਆਂ ਪਦਾਰਥਿਕ ਅਤੇ ਸਭਿਆਚਾਰਕ ਲੋੜਾਂ ਪੂਰੀਆਂ ਕਰਨਾ ਸੰਭਵ ਹੈ। ਕੇਵਲ ਇਸ ਤਰ੍ਹਾਂ ਹੀ ਸਮਾਜਵਾਦੀ ਸਿਧਾਂਤ ਨੂੰ ਸਾਕਾਰ ਕਰਨਾ ਸੰਭਵ ਹੈ: ਹਰੇਕ ਤੋਂ ਕੰਮ ਉਹਦੀ ਯੋਗਤਾ ਅਨੁਸਾਰ ਅਤੇ ਵੇਤਨ ਉਹਦੇ ਕੰਮ ਦੇ ਅਨੁਸਾਰ।

ਲੈਨਿਨ ਨੇ, ਇਮਾਨਦਾਰ ਲੇਖਾ-ਜੋਖਾ ਅਤੇ ਰਾਜ ਨੂੰ ਸਹੀ ਰਿਪੋਰਟ ਦਿੱਤੇ ਜਾਣ ਦੇ ਖ਼ਿਲਾਫ਼ ਹਰ ਤਰ੍ਹਾਂ ਦੀ ਪ੍ਰਤੀਕਿਰਿਆ ਅਤੇ ਵਿਰੋਧ ਦੇ ਖ਼ਿਲਾਫ਼, ਪਾਰਟੀ ਵਲੋਂ ਛੇੜੇ ਗਏ ਸੰਘਰਸ਼ ਨੂੰ ਅਗਵਾਈ ਦਿੱਤੀ। ਛੋਟੇ ਪੈਮਾਨੇ ਦੇ ਉਤਪਾਦਿਕਾਂ ਅਤੇ ਵਪਾਰੀਆਂ, ਜ਼ਖੀਰੇਬਾਜ਼ਾਂ ਅਤੇ ਮੁਨਾਫਾਖੋਰਾਂ ਵਲੋਂ ਵਿਰੋਧਤਾ ਨੂੰ ਪਾਰਟੀ ਦੇ ਅੰਦਰ ਸਾਮਰਾਜਵਾਦ ਦੇ ਏਜੰਟਾਂ ਨੇ ਸਮਰਥਨ ਦਿੱਤਾ ਸੀ, ਜਿਨ੍ਹਾਂ ਵਿੱਚ ਟਰਾਟਸਕੀ ਅਤੇ ਬੁਖਾਰਿਨ ਦੀ ਅਗਵਾਈ ਵਾਲੇ ਗੁੱਟ ਵੀ ਸ਼ਾਮਲ ਸਨ। ਉਨ੍ਹਾਂ ਨੇ ਉਦਯੋਗ ਦੇ ਪ੍ਰਬੰਧ ਨੂੰ ਪੇਸ਼ਾਵਰਾਨਾ ਬਣਾਉਣ ਦੇ ਲੈਨਿਨ ਦੇ ਪ੍ਰਸਤਾਵਾਂ ਦੀ ਅਲੋਚਨਾ ਕੀਤੀ – ਇਸ ਤਰਕ ਦੇ ਅਧਾਰ ਉਤੇ ਕਿ ਇਹ ਪੂੰਜੀਵਾਦੀ ਤਰੀਕਿਆਂ ਦੀ ਵਾਪਸੀ ਹੋਵੇਗੀ। ਮਾਰਚ 1921 ਵਿੱਚ ਪਾਰਟੀ ਦੀ 10ਵੀਂ ਕਾਂਗਰਸ ਵਿੱਚ ਉਨ੍ਹਾਂ ਦੀ ਤਰਕ ਦੀ ਹਾਰ ਹੋਈ।

ਲੈਨਿਨ ਨੇ ਦਿਸੰਬਰ 1917 ਵਿੱਚ ਮੁਕਾਬਲੇ ਕਰਾਉਣ ਦੇ ਸਬੰਧ ਵਿੱਚ ਜੋ ਲਿਖਿਆ ਸੀ, ਉਹ ਸਮਾਜਵਾਦੀ ਮੁਕਾਬਲਾ ਵਿਕਸਿਤ ਕਰਨ ਦੀ ਨੀਤੀ ਲਈ ਇੱਕ ਸੇਧ ਬਣ ਗਿਆ। ਸਰਮਾਏਦਾਰਾ ਲੁੱਟ ਦੇ ਖਾਤਮੇ ਨੇ ਬਹੁਗਿਣਤੀ ਮਜ਼ਦੂਰਾਂ ਨੂੰ ਕਿਰਤ ਦੇ ਖੇਤਰ ਵੱਲ ਆਕਰਸ਼ਿਤ ਕਰਨ ਦਾ ਮੌਕਾ ਦਿੱਤਾ,  ਜਿਸ ਵਿਚ ਉਹ ਆਪਣੀ ਕਾਬਲੀਅਤ ਦਾ ਪ੍ਰਦਰਸ਼ਣ ਕਰ ਸਕਦੇ ਹਨ, ਆਪਣੀ ਕਾਬਲੀਅਤ ਦਾ ਵਿਕਾਸ ਕਰ ਸਕਦੇ ਹਨ ਅਤੇ ਉਹ ਸਭ ਹੁਨਰ ਪੇਸ਼ ਕਰ ਸਕਦੇ ਹਨ, ਜਿਨ੍ਹਾਂ ਨੂੰ ਸਰਮਾਏਦਾਰਾ ਢਾਂਚੇ ਅੰਦਰ ਕੁਚਲਿਆ ਅਤੇ ਦਬਾਇਆ ਜਾਂਦਾ ਸੀ। ਹਰ ਮਜ਼ਦੂਰ, ਕੰਮ ਕਰਨ ਵਾਲੀ ਹਰ ਟੀਮ ਅਤੇ ਹਰ ਉਦਯੋਗ, ਸਭ ਤੋਂ ਉੱਚੇ ਟੀਚੇ ਪ੍ਰਾਪਤ ਕਰਨ ਲਈ ਇੱਕ-ਦੂਜੇ ਨਾਲ ਮੁਕਾਬਲਾ ਕਰਨ ਲੱਗ ਪਿਆ ਸੀ।

ਪਾਰਟੀ ਦੀ ਦਸਵੀਂ ਕਾਂਗਰਸ ਵਿੱਚ ਟਰੇਡ ਯੂਨੀਅਨਾਂ ਦੀ ਭੂਮਿਕਾ ਅਤੇ ਪਾਰਟੀ ਨਾਲ ਉਨ੍ਹਾਂ ਦੇ ਸਬੰਧਾਂ ਦੇ ਸਵਾਲ ਉੱਤੇ ਵਿਵਾਦ ਖੜ੍ਹਾ ਹੋ ਗਿਆ। ਟ੍ਰਾਟਸਕੀ ਅਤੇ ਉਸਦੇ ਪੈਰੋਕਾਰਾਂ ਨੇ ਫੌਜ ਵਰਗੇ ਡਸਿਪਲਨ ਦੀ ਵਕਾਲਤ ਕੀਤੀ ਕਿ ਟਰੇਡ ਯੂਨੀਅਨਾਂ ਨੂੰ ਪਾਰਟੀ ਦੇ ਹੁਕਮਾਂ ਉੱਤੇ ਚੱਲਣਾ ਚਾਹੀਦਾ ਹੈ। ਬੁਖਾਰਿਨ ਅਤੇ ਉਸਦੇ ਪੈਰੋਕਾਰਾਂ ਨੇ ਕਿਹਾ ਕਿ ਆਰਥਿਕਤਾ ਨੂੰ ਟਰੇਡ ਯੂਨੀਅਨਾਂ ਨੂੰ ਚਲਾਉਣੀ ਚਾਹੀਦੀ ਹੈ ਅਤੇ ਪਾਰਟੀ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ। ਲੈਨਿਨ ਦੀ ਦਲੀਲ ਸੀ ਕਿ ਪਾਰਟੀ ਨੂੰ ਟਰੇਡ ਯੂਨੀਅਨਾਂ ਨੂੰ ਸਮਝਾ-ਬੁਝਾ ਕੇ ਸਹਿਮਤ ਕਰਨਾ ਚਾਹੀਦਾ ਹੈ ਨਾ ਕਿ ਫੌਜੀ ਹੁਕਮ ਠੋਸਣੇ ਚਾਹੀਦੇ ਹਨ। ਉਸ ਨੇ ਮਜ਼ਦੂਰਾਂ ਦੀ ਆਗੂ ਪਾਰਟੀ ਦੀ ਉਸ ਮਹੱਤਵਪੂਰਨ ਭੂਮਿਕਾ ਉਤੇ ਜ਼ੋਰ ਦਿੱਤਾ, ਜਿਸ ਨਾਲ ਮਜ਼ਦੂਰਾਂ ਦੀਆਂ ਯੂਨੀਅਨਾਂ ਮੈਨੇਜਮੈਂਟ ਅਤੇ ਕਮਿਊਨਿਜ਼ਮ ਦੇ ਸਕੂਲਾਂ ਦੇ ਤੌਰ ਉੱਤੇ ਵਿਕਸਤ ਹੋਣ।

ਪਾਰਟੀ ਵਿੱਚ ਗੁੱਟਬਾਜ਼ੀ ਪਾਰਟੀ ਲਈ ਅਤੇ ਪ੍ਰੋਲਤਾਰੀ ਦੀ ਰਾਜਸੱਤਾ ਲਈ ਕਿੰਨੀ ਖਤਰਨਾਕ ਹੋ ਸਕਦੀ ਹੈ, ਇਸ ਹਕੀਕਤ ਨੂੰ ਪਛਾਣਦੇ ਹੋਏ, ਦਸਵੀਂ ਕਾਂਗਰਸ ਨੇ ਪਾਰਟੀ ਦੀ ਏਕਤਾ ਉੱਤੇ ਖਾਸ ਧਿਆਨ ਦਿੱਤਾ। ਪਾਰਟੀ ਨੇ ਸਭ ਗੁੱਟਾਂ ਨੂੰ ਤੁਰੰਤ ਖਤਮ ਕਰ ਦੇਣ ਦਾ ਆਦੇਸ਼ ਦਿੱਤਾ ਕਿ ਪਾਰਟੀ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਗੁਟਬੰਦੀਆਂ ਪੈਦਾ ਹੋਣ ਤੋਂ ਰੋਕਣ ਲਈ ਸਖਤ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਕਾਂਗਰਸ ਦੇ ਫੈਸਲੇ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਮੈਂਬਰਸ਼ਿਪ ਬਿਨਾਂ ਸ਼ਰਤ ਅਤੇ ਤੁਰੰਤ ਖਤਮ ਕਰ ਦੇਣੀ ਚਾਹੀਦੀ ਹੈ। ਇਨ੍ਹਾਂ ਫੈਸਲਿਆਂ ਨੂੰ “ਪਾਰਟੀ ਏਕਤਾ” ਉੱਤੇ ਇੱਕ ਵਿਸ਼ੇਸ਼ ਮਤੇ ਵਿੱਚ ਸ਼ਾਮਲ ਕੀਤਾ ਗਿਆ ਸੀ, ਜੋ ਲੈਨਿਨ ਨੇ ਪੇਸ਼ ਕੀਤਾ ਸੀ ਅਤੇ ਕਾਂਗਰਸ ਨੇ ਅਪਣਾ ਲਿਆ ਸੀ।

ਵਿਸ਼ਵ ਇਨਕਲਾਬ ਦਾ ਅਧਾਰ

ਲੈਨਿਨ ਅਤੇ ਬਾਲਸ਼ਵਿਕ ਪਾਰਟੀ ਨੇ, ਰੂਸ ਵਿੱਚ ਪ੍ਰੋਲਤਾਰੀ ਦੇ ਇਨਕਲਾਬ ਦੀ ਜਿੱਤ ਨੂੰ ਹਮੇਸ਼ਾ ਦੁਨੀਆਂ ਦੇ ਪੱਧਰ ਉੱਤੇ ਸਮਾਜਵਾਦ ਅਤੇ ਕਮਿਊਨਿਜ਼ਮ ਦੀ ਅੰਤਮ ਜਿੱਤ ਦੇ ਸੰਘਰਸ਼ ਦਾ ਅੱਡਾ ਮੰਨਿਆਂ।

ਸਾਮਰਾਜਵਾਦ ਦੀਆਂ ਹਾਲਤਾਂ ਵਿੱਚ ਵੱਖ-ਵੱਖ ਸਰਮਾਏਦਾਰਾ ਦੇਸ਼ਾਂ ਦੇ ਉੱਚੇ ਨੀਵੇਂ ਵਿਕਾਸ, ਸਾਰੇ ਪ੍ਰਮੁੱਖ ਅੰਤਰ-ਵਿਰੋਧਾਂ ਦੀ ਤੇਜ਼ੀ ਅਤੇ ਸਭ ਦੇਸ਼ਾਂ ਵਿੱਚ ਇਨਕਲਾਬੀ ਲਹਿਰਾਂ ਦੇ ਤਕੜੇ ਹੋ ਜਾਣ ਨੇ, ਹਰ ਦੇਸ਼ ਵਿੱਚ ਮਜ਼ਦੂਰ ਜਮਾਤ ਦੀ ਜਿੱਤ ਸੰਭਵ ਬਣਾ ਦਿੱਤੀ ਹੈ। ਜੇਤੂ ਦੇਸ਼ ਦੀ ਮਜ਼ਦੂਰ ਜਮਾਤ, ਮੇਹਨਤਕਸ਼ ਬਹੁ-ਸੰਖਿਆ ਲੋਕਾਂ ਨਾਲ ਗਠਜੋੜ ਕਰਕੇ ਆਪਣੀ ਤਾਕਤ ਮਜ਼ਬੂਤ ਕਰ ਸਕਦੀ ਹੈ ਅਤੇ ਸਮਾਜਵਾਦ ਦਾ ਨਿਰਮਾਣ ਕਰ ਸਕਦੀ ਹੈ। ਨਾਲ ਹੀ, ਸਰਮਾਏਦਾਰੀ ਦੀ ਬਹਾਲੀ ਦੇ ਖ਼ਿਲਾਫ਼ ਗਰੰਟੀ ਦੇਣ ਵਾਲੇ ਸਮਾਜਵਾਦ ਦੀ ਮੁਕੰਮਲ ਅਤੇ ਅੰਤਿਮ ਜਿੱਤ ਲਈ ਘੱਟ ਤੋਂ ਘੱਟ ਕਈ ਦੇਸ਼ਾਂ ਵਿੱਚ ਪ੍ਰੋਲਤਾਰੀ ਇਨਕਲਾਬ ਦੀ ਜਿੱਤ ਦੀ ਜ਼ਰੂਰਤ ਹੈ। ਇਨ੍ਹਾਂ ਸਿਧਾਂਤਕ ਸਿੱਟਿਆਂ ਦੇ ਅਧਾਰ ਉੱਤੇ, ਲੈਨਿਨ ਨੇ ਜੇਤੂ ਇਨਕਲਾਬ ਦੇ ਕੰਮ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਬਿਆਨ ਕੀਤਾ:

ਸਾਰੇ ਦੇਸ਼ਾਂ ਵਿੱਚ ਇਨਕਲਾਬ ਦੇ ਵਿਕਾਸ, ਹਮਾਇਤ ਅਤੇ ਜਾਗਰਤੀ ਲਈ, ਇੱਕ (ਆਪਣੇ) ਦੇਸ਼ ਵਿੱਚ ਪੂਰੀ ਕੋਸ਼ਿਸ਼ ਕਰਨੀ

(“ਪ੍ਰੋਲਤਾਰੀ ਇਨਕਲਾਬ ਅਤੇ ਗਦਾਰ ਕਾਟਸਕੀ”, ਅਕਤੂਬਰ-ਨਵੰਬਰ 1918)

ਸਰਮਾਏਦਾਰ ਜਮਾਤ ਦੇ ਖ਼ਿਲਾਫ਼ ਆਪਣੇ ਸੰਘਰਸ਼ ਵਿੱਚ, ਸੋਵੀਅਤ ਸੰਘ ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦੇ ਇੱਕ ਅਜ਼ਾਦ ਅਧਾਰ-ਖੇਤਰ ਦੇ ਰੂਪ ਵਿੱਚ ਉਭਰਿਆ। ਉਹ ਸਾਮਰਾਜਵਾਦ ਦੇ ਖ਼ਿਲਾਫ਼ ਸੰਘਰਸ਼ ਵਿੱਚ ਤਮਾਮ ਦੱਬੇ-ਕੁੱਚਲੇ ਰਾਸ਼ਟਰਾਂ ਦੇ ਸੰਘਰਸ਼ਾਂ ਵਿੱਚ ਉਨ੍ਹਾਂ ਦੇ ਸਭ ਤੋਂ ਭਰੋਸੇਯੋਗ ਹਮਾਇਤੀ ਬਤੌਰ ਉਭਰਿਆ।

ਵਿਸ਼ਵ ਇਨਕਲਾਬ ਦੀ ਹਮਾਇਤ ਕਰਨ ਲਈ ਸਭ ਤੋਂ ਅਹਿਮ ਮੰਚ, ਜਿਸ ਰਾਹੀਂ ਸੋਵੀਅਤ ਸੰਘ ਨੇ ਮੱਦਦ ਕੀਤੀ, ਉਹ ਸੀ ਮਾਰਚ 1919 ਵਿੱਚ ਤੀਸਰੀ ਕਮਿਉਨਿਸਟ ਅੰਤਰਰਾਸ਼ਟਰੀ ਦਾ ਬਣਨਾ, ਜਿਸ ਨੂੰ ਕੌਮਿਨਟਰਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅਜੇਹਾ ਸਮਾਂ ਸੀ, ਜਦੋਂ ਰੂਸੀ ਇਨਕਲਾਬ ਦੀ ਜਿੱਤ ਨੇ ਹੋਰ ਯੂਰਪੀ ਦੇਸ਼ਾਂ ਦੀ ਮਜ਼ਦੂਰ ਜਮਾਤ ਨੂੰ ਪ੍ਰੇਰਿਤ ਕੀਤਾ ਸੀ, ਜਿਹੜੇ ਪਹਿਲੇ ਵਿਸ਼ਵ ਯੁੱਧ ਵਿੱਚ ਹਾਰ ਗਏ ਸਨ। ਜਰਮਨੀ, ਆਸਟਰੀਆ ਅਤੇ ਹੰਗਰੀ ਵਿੱਚ ਇਨਕਲਾਬੀ ਲਹਿਰ ਅੱਗੇ ਵਧ ਰਹੀ ਸੀ। ਕਈਆਂ ਦੇਸ਼ਾਂ ਵਿੱਚ ਨਵੀਂਆਂ ਕਮਿਉਨਿਸਟ ਪਾਰਟੀਆਂ ਬਣ ਰਹੀਆਂ ਸਨ। ਸਾਮਰਾਜਵਾਦ ਦੇ ਉਲਟ-ਇਨਕਲਾਬੀ ਹਮਲੇ ਦੇ ਖ਼ਿਲਾਫ਼ ਸਾਰੇ ਦੇਸ਼ਾਂ ਦੇ ਮਜ਼ਦੂਰ ਵਰਗਾਂ ਨੂੰ ਸਲਾਹ-ਮਸ਼ਵਰੇ ਅਤੇ ਇੱਕ-ਦੂਜੇ ਨਾਲ ਤਾਲਮੇਲ ਵਿੱਚ ਕਾਰਵਾਈ ਕਰਨ ਦੀ ਸਖਤ ਜ਼ਰੂਰਤ ਸੀ।

ਕੌਮਿਨਟਰਨ ਦੀ ਪਹਿਲੀ ਕਾਂਗਰਸ ਵਿੱਚ 19 ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਨੇ ਭਾਗ ਲਿਆ। ਲੈਨਿਨ ਨੇ ਬੁਰਜੂਆ ਜਮਹੂਰੀਅਤ ਅਤੇ ਸੋਵੀਅਤ ਢਾਂਚੇ ਦੇ ਵਿਸ਼ੇ ਉੱਤੇ ਇੱਕ ਰਿਪੋਰਟ ਪੇਸ਼ ਕੀਤੀ। ਕਾਂਗਰਸ ਨੇ ਤਮਾਮ ਦੇਸ਼ਾਂ ਦੀ ਮਜ਼ਦੂਰ ਜਮਾਤ ਦੇ ਨਾਮ ਇੱਕ ਘੋਸ਼ਣਾ-ਪੱਤਰ ਅਪਣਾਇਆ, ਜਿਸ ਵਿੱਚ ਉਨ੍ਹਾਂ ਨੂੰ ਪ੍ਰੋਲਤਾਰੀ ਦੀ ਅਗਵਾਈ ਵਿੱਚ ਪ੍ਰੋਲਤਾਰੀ ਦੀ ਤਾਨਾਸ਼ਾਹੀ ਅਤੇ ਦੁਨੀਆਂ-ਭਰ ਵਿੱਚ ਸੋਵੀਅਤਾਂ ਦੀ ਜਿੱਤ ਲਈ ਇੱਕ ਦ੍ਰਿੜ ਸੰਘਰਸ਼ ਚਲਾਉਣ ਦਾ ਸੱਦਾ ਦਿੱਤਾ ਗਿਆ। 1920 ਵਿੱਚ ਬੁਲਾਈ ਗਈ ਕੌਮਿਨਟਰਨ ਦੀ ਦੂਸਰੀ ਕਾਂਗਰਸ ਵਿੱਚ 37 ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਨੇ ਹਿੱਸਾ ਲਿਆ।

ਮਾਰਕਸਵਾਦ-ਲੈਨਿਨਵਾਦ ਦੀ ਸਾਂਇੰਸ ਉੱਤੇ ਟੇਕ ਰੱਖਦਿਆਂ, ਮਜ਼ਦੂਰ ਜਮਾਤ ਨੂੰ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਇੱਕ ਲਾਈਨ ਦੇ ਦੁਆਲੇ ਕਈਆਂ ਦੇਸ਼ਾਂ ਦੀਆਂ ਕਮਿਉਨਿਸਟ ਪਾਰਟੀਆਂ ਦੀ ਸਿਧਾਂਤਕ-ਰਾਜਨੀਤਕ ਏਕਤਾ ਵਿਕਸਿਤ ਕਰਨ ਵਿਚ, ਕੌਮਿਨਟਰਨ ਨੇ ਇੱਕ ਜ਼ਰੂਰੀ ਭੂਮਿਕਾ ਨਿਭਾਈ। ਸਮਾਜਵਾਦ ਲਈ ਮਜ਼ਦੂਰ ਜਮਾਤ ਦੇ ਅੰਤਰਰਾਸ਼ਟਰੀ ਸੰਘਰਸ਼ ਦੇ ਵਿਕਾਸ ਦੇ ਸਾਰਅੰਸ਼ ਬਤੌਰ ਲੈਨਿਨ ਨੇ ਅਪ੍ਰੈਲ 1919 ਵਿੱਚ ਲਿਖਿਆ:

“ਪਹਿਲੀ ਇੰਟਰਨੈਸ਼ਨਲ ਨੇ ਸਮਾਜਵਾਦ ਲਈ ਮਜ਼ਦੂਰ ਜਮਾਤ ਦੇ ਅੰਤਰਰਾਸ਼ਟਰੀ ਸੰਘਰਸ਼ ਦੀ ਨੀਂਹ ਰੱਖੀ।

“ਦੂਜੀ ਇੰਟਰਨੈਸ਼ਨਲ ਨੇ ਕਈਆਂ ਦੇਸ਼ਾਂ ਵਿੱਚ ਇਸ ਲਹਿਰ ਦੇ ਵਿਆਪਕ ਪ੍ਰਸਾਰ ਲਈ ਜ਼ਰੂਰੀ ਹਾਲਾਤ ਪੈਦਾ ਕੀਤੇ।

“ਤੀਸਰੀ ਇੰਟਰਨੈਸ਼ਨਲ ਨੇ ਦੂਸਰੀ ਇੰਟਰਨੈਸ਼ਨਲ ਦੇ ਕੰਮ ਦੇ ਫਲ ਨੂੰ ਇਕੱਠਾ ਕੀਤਾ, ਆਪਣੇ ਮੌਕਾਪ੍ਰਸਤ, ਸਮਾਜਿਕ ਸ਼ਾਵਨਵਾਦੀ ਬੁਰਜੁਆ ਅਤੇ ਨੀਮ-ਬੁਰਜੁਆ ਕੂੜੇ ਨੂੰ ਤਿਆਗ ਦਿੱਤਾ ਅਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।

“ਦੁਨੀਆਂ ਵਿੱਚ ਸਭ ਤੋਂ ਇਨਕਲਾਬੀ ਲਹਿਰ ਦੀ ਅਗਵਾਈ ਕਰਨ ਵਾਲੀਆਂ ਪਾਰਟੀਆਂ ਦਾ ਅੰਤਰਰਾਸ਼ਟਰੀ ਗਠਜੋੜ, ਪੂੰਜੀ ਦੀ ਗੁਲਾਮੀ ਦੇ ਬੋਝ ਨੂੰ ਉਖਾੜ ਕੇ ਸੁੱਟਣ ਲਈ ਮਜ਼ਦੂਰ ਜਮਾਤ ਦੀ ਲਹਿਰ, ਹੁਣ ਇੱਕ ਮਜ਼ਬੂਤ ਅਧਾਰ ਉੱਤੇ ਖੜਾ ਹੋ ਗਿਆ ਹੈ”।

(ਲੈਨਿਨ, “ਤੀਸਰੀ ਇੰਟਰਨੈਸ਼ਨਲ ਅਤੇ ਇਤਿਹਾਸ ਵਿੱਚ ਇਸ ਦੀ ਮਹਤੱਤਾ, 15 ਅਪ੍ਰੈਲ 1919)

ਲੈਨਿਨ ਦੇ ਅੰਤਲੇ ਸਾਲ

ਨਵੰਬਰ 1922 ਵਿੱਚ, ਮਾਸਕੋ ਦੀ ਸੋਵੀਅਤ ਦੀ ਇੱਕ ਮੁਕੰਮਲ (ਪਲੇਨਰੀ) ਮੀਟਿੰਗ ਵਿੱਚ ਲੈਨਿਨ ਨੇ ਇੱਕ ਤਕਰੀਰ ਕੀਤੀ, ਜਿਸ ਵਿੱਚ ਸੋਵੀਅਤ ਸਾਸ਼ਨ ਦੇ ਪਹਿਲੇ ਪੰਜਾਂ ਸਾਲਾਂ ਦੇ ਕੰਮ ਦੀ ਸਮੀਖਿਆ ਕੀਤੀ। ਉਸਨੇ ਇਹ ਦ੍ਰਿੜ ਵਿਸ਼ਵਾਸ ਜਤਾਇਆ ਕਿ “ਨਵੀਂ ਆਰਥਿਕ ਨੀਤੀ ਵਾਲਾ ਰੂਸ, ਇੱਕ ਸਮਾਜਵਾਦੀ ਰੂਸ ਬਣ ਜਾਵੇਗਾ”। ਗੰਭੀਰ ਰੂਪ ਨਾਲ ਬਿਮਾਰ ਪੈਣ ਤੋਂ ਪਹਿਲਾਂ, ਦੇਸ਼ ਲਈ ਉਹਦਾ ਇਹ ਆਖਰੀ ਭਾਸ਼ਣ ਸੀ।

ਬਿਮਾਰੀ ਦੀ ਹਾਲਤ ਵਿੱਚ ਵੀ ਉਸਨੇ ਕਈ ਅਤਿਅੰਤ ਮਹੱਤਵਪੂਰਨ ਲੇਖ ਲਿਖੇ, ਜਿਨ੍ਹਾਂ ਵਿੱਚ ਉਸਨੇ ਸਮਾਜਵਾਦ ਉਸਾਰਨ ਦੀ ਯੋਜਨਾ ਵਿੱਚ ਕਿਸਾਨਾਂ ਨੂੰ ਸ਼ਾਮਲ ਕਰਨ ਲਈ ਸਹਿਕਾਰੀ ਸਭਾਵਾਂ ਬਣਾਉਣ ਦੀ ਰੂਪ-ਰੇਖਾ ਤਿਆਰ ਕੀਤੀ। ਉਸਨੇ ਇਹ ਨਜ਼ਰੀਆ ਪੇਸ਼ ਕੀਤਾ ਕਿ ਖੇਤੀ ਦੇ ਵਿਕਾਸ ਲਈ, ਹੌਲੀ ਹੌਲੀ ਸਾਂਝੀ ਖੇਤੀ ਦੇ ਅਸੂਲ ਨੂੰ ਪ੍ਰਚਲਿਤ ਕੀਤਾ ਜਾਣਾ ਚਾਹੀਦਾ ਹੈ, ਪਹਿਲਾਂ ਵੇਚਣ ਵਿੱਚ ਅਤੇ ਫਿਰ ਖੇਤੀ ਦੇ ਉਤਪਾਦਾਂ ਨੂੰ ਵਧਾਉਣ ਵਿੱਚ।

ਦਿਸੰਬਰ 1922 ਵਿੱਚ ਤਮਾਮ ਸੋਵੀਅਤਾਂ ਦੀ ਪਹਿਲੀ ਕਾਂਗਰਸ ਕੀਤੀ ਗਈ ਸੀ। ਲੈਨਿਨ ਅਤੇ ਸਟਾਲਿਨ ਦੇ ਸੁਝਾਅ ਉਤੇ, ਸੋਵੀਅਤ ਰਾਸ਼ਟਰਾਂ ਦਾ ਸਵੈ-ਇਛਿਤ ਸੰਘ ਬਣਾਇਆ ਗਿਆ ਸੀ, ਜਿਸ ਨੂੰ ਸੋਵੀਅਤ ਸਮਾਜਵਾਦੀ ਗਣਰਾਜ ਸੰਘ (ਯੂ.ਐਸ.ਐਸ.ਆਰ.) ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸ਼ੁਰੂ ਵਿੱਚ ਸੋਵੀਅਤ ਸੰਘ ਵਿੱਚ ਰੂਸ ਦਾ ਸਮਾਜਵਾਦੀ ਗਣਰਾਜ ਅਤੇ ਤਿੰਨ ਹੋਰ ਗਣਰਾਜ, ਟਰਾਂਕਾਕੇਸ਼ੀਆ, ਯੁਕਰੇਨ ਅਤੇ ਬੇਲਾਰੂਸ, ਸ਼ਾਮਲ ਸਨ। ਕੁੱਝ ਸਮਾਂ ਬਾਅਦ ਮੱਧ ਏਸ਼ੀਆ ਵਿੱਚ ਤਿੰਨ ਆਜ਼ਾਦ ਸੋਵੀਅਤ ਗਣਰਾਜ, ਉਜ਼ਬੇਕ, ਤੁਰਕਮੇਨ ਅਤੇ ਤਾਜਿਕ ਬਣਾਏ ਗਏ ਸਨ। ਇਹ ਸਾਰੇ ਗਣਰਾਜ 1922 ਵਿੱਚ ਆਪਣੀ ਮਰਜ਼ੀ ਨਾਲ ਬਰਾਬਰਤਾ ਦੇ ਅਧਾਰ ਉਤੇ ਸੋਵੀਅਤ ਗਣਰਾਜਾਂ ਦਾ ਸਾਂਝਾ ਗਣਰਾਜ ਬਣਾ ਲਿਆ ਗਿਆ। ਇਨ੍ਹਾਂ ਸਭਨਾਂ ਨੂੰ ਸੋਵੀਅਤ ਸੰਘ ਨਾਲੋਂ ਅਲਗ ਹੋਣ ਦਾ ਅਧਿਕਾਰ ਪ੍ਰਾਪਤ ਸੀ। ਇਸ ਨਾਲ ਸੋਵੀਅਤ ਤਾਕਤ ਮਜ਼ਬੂਤ ਹੋ ਗਈ। ਇਹ ਕੌਮਾਂ ਦੇ ਸਵਾਲ ਉੱਤੇ ਬਾਲਸ਼ਵਿਕ ਪਾਰਟੀ ਦੀ ਅਸੂਲੀ ਨੀਤੀ ਦੀ ਇੱਕ ਬੜੀ ਜਿੱਤ ਸੀ।

1923 ਦੇ ਅੰਤ ਤਕ, ਸਾਰੇ ਖੇਤਰਾਂ ਵਿੱਚ ਆਰਥਿਕ ਤਰੱਕੀ ਦੇਖੀ ਜਾ ਸਕਦੀ ਸੀ। 1921 ਤੋਂ ਬਾਅਦ ਖੇਤੀ ਹੇਠਲਾ ਰਕਬਾ ਕਾਫੀ ਵਧ ਗਿਆ ਸੀ ਅਤੇ ਖੇਤੀਬਾੜੀ ਲਗਾਤਾਰ ਸੁਧਰ ਰਹੀ ਸੀ। ਸਮਾਜਵਾਦੀ ਉਦਯੋਗ ਵਿਕਾਸ ਕਰ ਰਿਹਾ ਸੀ ਅਤੇ ਪੱਸਰ ਰਿਹਾ ਸੀ। ਮਜ਼ਦੂਰ ਜਮਾਤ ਦੀ ਗਿਣਤੀ ਕਾਫੀ ਵਧ ਗਈ ਸੀ ਅਤੇ ਵੇਤਨ ਵੀ ਵਧ ਗਏ ਸਨ। 1920-21 ਦੇ ਮੁਕਾਬਲੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਜ਼ਿੰਦਗੀ ਸੁਖਾਲੀ ਅਤੇ ਬੇਹਤਰ ਹੋ ਗਈ ਸੀ। ਲੇਕਿਨ ਉਦਯੋਗ ਹਾਲੇ ਜੰਗ ਤੋਂ ਪਹਿਲਾਂ ਵਾਲੇ ਪੱਧਰ ਤਕ ਨਹੀਂ ਸੀ ਪਹੁੰਚਿਆ ਅਤੇ ਦਸ ਲੱਖ ਲੋਕ ਬੇਰੁਜ਼ਗਾਰ ਸਨ।

ਲੈਨਿਨ ਦੇ ਸਖਤ ਬਿਮਾਰ ਹੋ ਜਾਣ ਦਾ ਫਾਇਦਾ ਉਠਾ ਕੇ ਸਾਮਰਾਜਵਾਦੀਆਂ ਨੇ ਪਾਰਟੀ ਦੀ ਲਾਈਨ ਉੱਤੇ ਹਮਲੇ ਕਰਨ ਲਈ ਆਪਣੇ ਏਜੰਟਾਂ ਨੂੰ ਹਰਕਤ ਵਿੱਚ ਲਿਆਂਦਾ। ਟਰਾਟਸਕੀ ਨੇ ਪਾਰਟੀ ਦੇ ਅੰਦਰ ਹੋਰ ਮੌਕਾਪ੍ਰਸਤ ਅੰਸਰਾਂ ਨਾਲ ਮਿਲ ਕੇ “46 ਵਿਰੋਧੀਆਂ ਦੀ ਘੋਸ਼ਣਾ” ਨਾਮੀ ਇੱਕ ਮੰਚ ਪ੍ਰਕਾਸ਼ਿਤ ਕਰ ਦਿੱਤਾ, ਜਿਸ ਵਿਚ ਇੱਕ ਗੰਭੀਰ ਆਰਥਿਕ ਸੰਕਟ ਪੈਦਾ ਹੋਣ ਅਤੇ ਸੋਵੀਅਤ ਰਾਜ ਦੇ ਜਲਦੀ ਪਤਨ ਹੋ ਜਾਣ ਦੀ ਭਵਿੱਖਬਾਣੀ ਕੀਤੀ ਗਈ। ਇਹਦੇ ਵਿਚ ਪਾਰਟੀ ਅੰਦਰ ਗੁੱਟਾਂ ਦੀ ਅਜ਼ਾਦੀ ਹੋਣ ਦੀ ਵਕਾਲਤ ਕੀਤੀ ਗਈ ਅਤੇ ਕਿਹਾ ਕਿ ਸਥਿਤੀ ਬਚਾਉਣ ਦਾ ਇਹੀ ਇੱਕ ਤਰੀਕਾ ਹੈ। ਇਸ ਤੋਂ ਬਾਦ ਟਰਾਟਸਕੀ ਨੇ ਇੱਕ ਚਿੱਠੀ ਪ੍ਰਕਾਸ਼ਿਤ ਕੀਤੀ, ਜਿਸ ਵਿਚ ਉਸਨੇ ਦਾਵਾ ਕੀਤਾ ਕਿ “ਪੁਰਾਣੇ” ਬਾਲਸ਼ਵਿਕ ਆਗੂ ਬਹੁਤ ਗਿਰ ਚੁੱਕੇ ਸਨ ਅਤੇ ਉਸ ਨੇ ਨੌਜਵਾਨ ਕਾਮਰੇਡਾਂ ਨੂੰ ਲੀਡਰਸ਼ਿਪ ਦੇ ਖ਼ਿਲਾਫ਼ ਉਕਸਾਉਣ ਦੀ ਕੋਸ਼ਿਸ਼ ਕੀਤੀ।

1924 ਵਿੱਚ ਸੋਵੀਅਤ ਪਾਰਟੀ ਨੇ ਆਪਣੀ 13ਵੀਂ ਕਾਨਫਰੰਸ ਕੀਤੀ। ਕਾਨਫਰੰਸ ਨੇ ਟਰਾਟਸਕੀਵਾਦੀ ਵਿਰੋਧ ਦੀ ਨਿੰਦਿਆ ਕਰਦਿਆਂ ਐਲਾਨ ਕੀਤਾ ਕਿ ਇਹ ਮਾਰਕਸਵਾਦ ਤੋਂ ਹਟ ਕੇ ਇੱਕ ਨੀਮ-ਬੁਰਜਆ ਰੁਝਾਨ ਸੀ। ਲੇਕਿਨ 21 ਜਨਵਰੀ ਨੂੰ, ਇੱਕ ਸ਼ੋਕਮਈ ਘਟਨਾ ਨੇ ਪਾਰਟੀ ਦੀਆਂ ਕਾਮਯਾਬੀਆਂ ਨੂੰ ਧੁੰਦਲਾ ਕਰ ਦਿੱਤਾ। ਉਸ ਦਿਨ ਮਾਸਕੋ ਦੇ ਨੇੜੇ ਗੋਰਕੀ ਨਾਮ ਦੇ ਪਿੰਡ ਵਿੱਚ ਲੈਨਿਨ ਦਾ ਦਿਹਾਂਤ ਹੋ ਗਿਆ।

ਲੈਨਿਨ ਦੇ ਦਿਹਾਂਤ ਤੋਂ ਬਾਦ ਵਾਲੇ ਦਿਨਾਂ ਵਿੱਚ ਕੇਂਦਰੀ ਕਮੇਟੀ ਨੂੰ, ਪਾਰਟੀ ਵਿੱਚ ਭਰਤੀ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਦੀਆਂ ਦਰਖਾਸਤਾਂ ਮਿਲੀਆਂ। ਇਹ ਲੋਕ ਪਾਰਟੀ ਲਈ ਅਤੇ ਜਿਸ ਉਦੇਸ਼ ਲਈ ਲੈਨਿਨ ਨੇ ਲੜਾਈ ਕੀਤੀ, ਉਸ ਲਈ ਮਰ ਮਿਟਣ ਲਈ ਤਿਆਰ ਸਨ। ਕੁੱਝ ਹੀ ਦਿਨਾਂ ਵਿਚ 2,40,000 ਤੋਂ ਵੀ ਜ਼ਿਆਦਾ ਮਜ਼ਦੂਰ ਬਾਲਸ਼ਵਿਕ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਨੂੰ ਲੈਨਿਨ ਭਰਤੀ ਕਿਹਾ ਗਿਆ ਸੀ।

ਮਈ 1924 ਵਿੱਚ ਪਾਰਟੀ ਨੇ ਆਪਣੀ 13ਵੀਂ ਕਾਂਗਰਸ ਕੀਤੀ। ਕਾਂਗਰਸ ਨੇ ਸਰਬਸੰਮਤੀ ਨਾਲ ਟਰਾਟਸਕੀਵਾਦੀ ਵਿਰੋਧ ਦੇ ਮੰਚ ਦੀ ਨਿੰਦਿਆ ਕੀਤੀ। ਇਸਨੂੰ ਲੈਨਿਨਵਾਦ ਦੇ ਸੰਸ਼ੋਧਨ ਦੇ ਰੂਪ ਵਿੱਚ ਮਾਰਕਸਵਾਦ ਤੋਂ ਇੱਕ ਨੀਮ-ਬੁਰਜੂਆ ਪਾਸਾ ਵੱਟਣਾ ਦੇ ਰੂਪ ਵਿੱਚ ਪ੍ਰੀਭਾਸ਼ਤ ਕੀਤਾ।

ਸ਼ਹਿਰ ਅਤੇ ਦਿਹਾਤ ਵਿਚਕਾਰ ਨੇੜਤਾ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਤੇਰ੍ਹਵੀਂ ਕਾਂਗਰਸ ਨੇ ਲੋਹੇ ਅਤੇ ਈਸਪਾਤ ਉਦਯੋਗ ਦੇ ਤੇਜ਼ੀ ਨਾਲ ਵਿਕਾਸ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿਿਦੰਆਂ, ਹਲਕੇ ਉਦਯੋਗਾਂ ਨੂੰ ਹੋਰ ਵਧਾਉਣ ਲਈ ਨਿਰਦੇਸ਼ ਦਿੱਤੇ। ਇਸਨੇ ਵਪਾਰਕ ਇਕਾਈਆਂ ਨੂੰ ਬਜ਼ਾਰ ਉੱਤੇ ਪੂਰਾ ਕੰਟਰੋਲ ਹਾਸਲ ਕਰਨ ਅਤੇ ਨਿੱਜੀ ਵਪਾਰ ਨੂੰ ਪਿੰਡਾਂ ਵਿਚੋਂ ਖਤਮ ਕਰਨ ਦੀ ਜ਼ਿਮੇਵਾਰੀ ਸੌਂਪੀ। ਇਸਨੇ ਕਿਸਾਨਾਂ ਨੂੰ ਸਸਤੇ ਰੇਟ ਉੱਤੇ ਕਰਜ਼ੇ ਦੇਣ ਦੀ ਹਦਾਇਤ ਕੀਤੀ ਤਾਂ ਕਿ ਪਿੰਡਾਂ ਵਿਚੋਂ ਸ਼ਾਹੂਕਾਰੇ ਨੂੰ ਖਤਮ ਕੀਤਾ ਜਾ ਸਕੇ। ਇਸਨੇ ਕਿਸਾਨਾਂ ਵਿਚ ਸਹਿਕਾਰੀ ਲਹਿਰ ਦੇ ਵਿਕਾਸ ਨੂੰ ਵਧਾਉਣ ਦਾ ਅਹਿਮ ਕੰਮ ਸੌਂਪਿਆ।

ਅੰਤ ਵਿੱਚ, 13ਵੀਂ ਕਾਂਗਰਸ ਨੇ ਲੈਨਿਨ ਭਰਤੀ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਪਾਰਟੀ ਦੇ ਨੌਜਵਾਨ ਮੈਂਬਰਾਂ, ਲੈਨਿਨ ਭਰਤੀ ਦੇ ਨਵੇਂ ਮੈਂਬਰਾਂ, ਨੂੰ ਲੈਨਿਨਵਾਦ ਦੇ ਸਿਧਾਂਤਾਂ ਬਾਰੇ ਸਿੱਖਿਅਤ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। 1924 ਵਿੱਚ ਸਵਰਡਲੋਵ ਯੂਨੀਵਰਸਿਟੀ ਵਿੱਚ ਸਟਾਲਿਨ ਵਲੋਂ ਕੀਤੇ ਨੌਂ ਲੈਕਚਰਾਂ ਦਾ ਸੰਗਰਹਿ ਕਰਕੇ “ਲੈਨਿਨਵਾਦ ਦੇ ਮੂਲ ਸਿਧਾਂਤ” ਨਾਮੀ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ ਪਿਛਲੇ 97 ਸਾਲਾਂ ਵਿੱਚ ਸਭ ਦੇਸ਼ਾਂ ਦੇ ਕਮਿਉਨਿਸਟਾਂ ਨੂੰ ਸਿੱਖਿਅਤ ਕਰਨ ਦਾ ਕੰਮ ਕਰਦੀ ਆ ਰਹੀ ਹੈ।

close

Share and Enjoy !

Shares

Leave a Reply

Your email address will not be published.