ਰੇਣੋ-ਨਿਸਾਨ ਦੇ ਮਜ਼ਦੂਰਾਂ ਦਾ ਕਰੋਨਾ ਤੋਂ ਸੁਰੱਖਿਆ ਦੇ ਸਹੀ ਇੰਤਜ਼ਾਮਾਂ ਦੇ ਲਈ ਸੰਘਰਸ਼

ਤਾਮਿਲਨਾਡੂ ਦੇ ਚੇਨੰਈ ਵਿਖੇ ਰੇਣੋ-ਨਿਸਾਨ ਆਟੋ ਇੰਡੀਆ ਪਲਾਂਟ ਵਿੱਚ ਕਰੋਨਾ ਤੋਂ ਸੁਰੱਖਿਆ ਦੇ ਮਾਪਦੰਡਾਂ ਦਾ ਪ੍ਰਬੰਧਨ ਵਲੋਂ ਪਾਲਣ ਨਾ ਕਰਨ ਕਰਕੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਖ਼ਤਰਾ ਵਧ ਗਿਆ ਹੈ। ਬਿਮਾਰੀ ਤੋਂ ਸੁਰੱਖਿਆ ਦੇ ਸਮੁੱਚੇ ਇੰਤਜ਼ਾਮ ਦੀ ਮੰਗ ਨੂੰ ਲੈਕੇ ਪਲਾਂਟ ਦੇ ਮਜ਼ਦੂਰ ਲਗਾਤਾਰ ਸੰਘਰਸ਼ ਕਰ ਰਹੇ ਸਨ। ਜਦੋਂ ਪ੍ਰਬੰਧਨ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ 26 ਮਈ ਤੋਂ ਹੜਤਾਲ ‘ਤੇ ਜਾਣ ਦੀ ਚੇਤਾਵਨੀ ਦਿੱਤੀ। ਫਲਸਰੂਪ ਪ੍ਰਬੰਧਨ ਨੂੰ ਮਜ਼ਬੂਰਨ 30 ਮਈ ਤੱਕ ਪਲਾਂਟ ਬੰਦ ਕਰਨਾ ਪਿਆ।

ਚੇਨੰਈ ਵਿੱਚ ਮੋਟਰ ਵਾਹਨ ਉਦਯੋਗ ਦੇ ਮਜ਼ਦੂਰਾਂ ਦਾ ਪ੍ਰਦਰਸ਼ਣ ਫਾਈਲ ਫੋਟੋ

ਯੂਨੀਅਨ ਨੇ ਦੱਸਿਆ ਕਿ ਜਦੋਂ ਤੱਕ ਬਿਮਾਰੀ ਤੋਂ ਸੁਰੱਖਿਆ ਦੇ ਸਮੁੱਚੇ ਇੰਤਜਾਮ ਨਹੀਂ ਕੀਤੇ ਜਾਂਦੇ, ਉਦੋਂ ਤੱਕ ਮਜ਼ਦੂਰ ਕੰਮ ‘ਤੇ ਵਾਪਸ ਨਹੀਂ ਆਉਣਗੇ। ਯੂਨੀਅਨ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਮਜ਼ਦੂਰਾਂ ਦਾ ਟੀਕਾਕਰਣ ਜਾਂ ਹਸਪਤਾਲਾਂ ਵਿੱਚ ਬੈੱਡ ਦੀ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਫ਼ੈਕਟਰੀ ਨੂੰ ਬੰਦ ਰੱਖਿਆ ਜਾਵੇ।

ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਮਜ਼ਦੂਰਾਂ ਲਈ ਟੀਕਾ ਲਗਾਉਣ ਦਾ ਠੀਕ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਕਰੋਨਾ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ ਲੱਗਭਗ 850 ਮਜ਼ਦੂਰ ਕਰੋਨਾ ਨਾਲ ਬਿਮਾਰ ਹੋ ਗਏ ਸਨ। 2021 ਵਿੱਚ ਲੱਗਭਗ 420 ਕਰਮਚਾਰੀ ਕਰੋਨਾ ਨਾਲ ਬਿਮਾਰ ਹੋ ਚੁੱਕੇ ਹਨ।

ਤਾਮਿਲਨਾਡੂ ਦਾ ਇਹ ਪਲਾਂਟ ਫਰਾਂਸ ਦੀ ਰੇਣੋ-ਮੋਟਰ ਅਤੇ ਉਸਦੀ ਜਪਾਨੀ ਸਹਿਯੋਗੀ ‘ਨਿਸਾਨ’ ਦੀ ਸਾਂਝੀ ਮਾਲਕੀ ਵਾਲੀ ਕੰਪਣੀ ਦਾ ਹੈ। ਪਲਾਂਟ ਵਿੱਚ ਲੱਗਭਗ 8,580 ਕਰਮਚਾਰੀ ਹਨ, ਜਿਨ੍ਹਾਂ ਵਿੱਚ 3,580 ਰੈਗੂਲਰ ਕਰਮਚਾਰੀ, 2,000 ਪ੍ਰਸ਼ਾਸਨਿਕ ਮਜ਼ਦੂਰ, 2,000 ਠੇਕਾ ਮਜ਼ਦੂਰ ਅਤੇ 1,000 ਅਪ੍ਰੈਂਟਿਸ ਮਜ਼ਦੂਰ ਕੰਮ ਕਰਦੇ ਹਨ। ਇਨ੍ਹਾਂ ਵਿੱਚ ਅਗਰ ਕਿਰਤੀਆਂ ਦੇ ਪਰਿਵਾਰਾਂ ਦੇ ਮੈਂਬਰਾਂ ਅਤੇ ਵੇਂਡਰ ਕੰਪਣੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਜੋੜ ਲਿਆ ਜਾਵੇ ਤਾਂ ਖ਼ਤਰੇ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਕੁੱਲ ਗ਼ਿਣਤੀ ਦੋ ਲੱਖ ਹੋ ਜਾਵੇਗੀ।

ਯੂਨੀਅਨ ਨੇ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਦੇ ਪੁਨਰਵਾਸ ਦੇ ਲਈ ਅਤੇ ਕੋਵਿਡ-19 ਤੋਂ ਬਿਮਾਰ ਹੋਣ ਵਾਲੇ ਮਜ਼ਦੂਰਾਂ ਦੇ ਇਲਾਜ਼ ਦੇ ਲਈ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਨੇ ਦੱਸਿਆ ਕਿ ਕੰਪਣੀ ਪ੍ਰਬੰਧਨ ਕਿਸੇ ਵੀ ਮਾਮਲੇ ਵਿੱਚ ਯੂਨੀਅਨ ਨਾਲ ਮਸ਼ਵਰਾ ਨਹੀਂ ਕਰਦਾ ਹੈ ਅਤੇ ਇਕਤਰਫ਼ਾ ਹੀ ਫ਼ੈਸਲਾ ਕਰ ਲੈਂਦਾ ਹੈ। ਰੇਣੋ-ਨਿਸਾਨ ਦੇ ਮਜ਼ਦੂਰਾਂ ਦਾ ਸੰਘਰਸ਼ ਜਾਇਜ਼ ਹੈ। ਸਰਮਾਏਦਾਰ ਵਿਵਸਥਾ ਵਿੱਚ ਆਪਣੇ ਮੁਨਾਫ਼ਿਆਂ ਨੂੰ ਵਧਾਉਣ ਦੇ ਲਈ ਸਰਮਾਏਦਾਰ ਮਜ਼ਦੂਰਾਂ ਦੀ ਜਾਨ ਦੇ ਨਾਲ ਖ਼ਿਲਵਾੜ ਕਰਦੇ ਹਨ, ਮਜ਼ਦੂਰਾਂ ਨੂੰ ਆਪਣੀ ਏਕਤਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ ਤਾਂ ਕਿ ਉਹ ਆਪਣੇ ਹਿੱਤਾਂ ਦੀ ਰਾਖੀ ਕਰਨ ਵਿੱਚ ਹੋਰ ਵੀ ਮਜ਼ਬੂਤ ਹੋਣ।

close

Share and Enjoy !

Shares

Leave a Reply

Your email address will not be published. Required fields are marked *