ਨੌਕਰੀ ਤੋਂ ਕੱਢਣ ਦੇ ਖ਼ਿਲਾਫ਼ ਏਅਰ ਇੰਡੀਆ ਦੇ ਪਾਇਲਟਾਂ ਨੇ ਮੁਕੱਦਮਾ ਜਿੱਤ ਲਿਆ

12 ਜੂਨ 2021 ਨੂੰ, ਦਿੱਲੀ ਹਾਈਕੋਰਟ ਨੇ ਏਅਰ ਇੰਡੀਆ ਕੰਪਨੀ ਦੇ ਨਿਯਮਿਤ ਅਤੇ ਠੇਕੇ ‘ਤੇ ਰੱਖੇ ਹੋਏ ਕਈ ਸਾਰੇ ਪਾਇਲਟਾਂ ਨੂੰ ਨੌਕਰੀ ਤੋਂ ਹਟਾ ਦੇਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਾਰੀ ਪਿਛਲੀ ਤਨਖਾਹ ਦੇਣ ਅਤੇ ਨੌਕਰੀ ਉਤੇ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਏਅਰ ਇੰਡੀਆ ਦੀ ਮੈਨੇਜਮੈਂਟ ਨੇ ਪਿਛਲੇ ਸਾਲ ਮਹਾਂਮਾਰੀ ਦੁਰਾਨ ਆਪਣੇ 50 ਤੋਂ ਉਪਰ ਪਾਇਲਟਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਨੇ ਇਸ ਫੈਸਲੇ ਦੀ ਵਜ੍ਹਾ ਕਰੋਨਾ ਵਾਇਰਸ ਸੰਕਟ ਕਾਰਨ ਉੜਾਨਾਂ ਦਾ ਘਟਣਾ ਅਤੇ ਵਿੱਤੀ ਮਜਬੂਰੀ ਦੱਸੀ ਸੀ। ਏਅਰਲਾਈਨ ਨੇ ਪਾਇਲਟਾਂ ਨੂੰ ਨੌਕਰੀ ਤੋਂ ਹਟਾਉਣ ਦੀਆਂ ਚਿੱਠੀਆਂ 13 ਅਗਸਤ 2020 ਨੂੰ ਦਿੱਤੀਆਂ ਸਨ ਅਤੇ ਉਸੇ ਪਲ ਹੀ ਇਹ ਫੈਸਲਾ ਲਾਗੂ ਹੋ ਜਾਂਦਾ ਸੀ, ਜਦ ਕਿ ਕੁੱਝ ਹਫਤੇ ਪਹਿਲਾਂ ਏਅਰਲਾਈਨ ਨੇ ਵਾਇਦਾ ਕੀਤਾ ਸੀ ਕਿ ਕਿਸੇ ਵੀ ਕਰਮਚਾਰੀ ਨੂੰ ਲੇਆਫ ਨਹੀਂ ਕੀਤਾ ਜਾਵੇਗਾ। ਪਾਇਲਟਾਂ ਨੂੰ ਨੌਕਰੀ ਤੋਂ ਹਟਾਉਣ ਦੇ ਨਾਜਾਇਜ਼ ਨੋਟਿਸਾਂ ਦਾ ਉਨ੍ਹਾਂ ਦੀ ਯੂਨੀਅਨ, ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ, ਨੇ ਸਖਤ ਵਿਰੋਧ ਕੀਤਾ।

ਏਅਰ ਇੰਡੀਆ ਦੀ ਮੈਨੇਜਮੈਂਟ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤਾਂ ਨੂੰ ਪਾਇਲਟਾਂ ਅਤੇ ਹੋਰ ਕਰਮਚਾਰੀਆਂ ਦੀ ਲੁੱਟ-ਖਸੁੱਟ ਵਧਾਉਣ ਲਈ ਵਰਤ ਰਹੀ ਸੀ। ਜੁਲਾਈ 2020 ਵਿੱਚ, ਏਅਰਲਾਈਨ ਨੇ ਪਾਇਲਟਾਂ ਦੀ ਤਨਖਾਹ ਅਤੇ ਭੱਤੇ 60-65 ਫੀਸਦੀ ਘਟਾ ਦਿੱਤੇ ਸਨ। ਉਸ ਵੇਲੇ ਵੀ ਯੂਨੀਅਨ ਨੇ ਤਨਖਾਹ ਵਿੱਚ ਕਟੌਤੀ ਦਾ ਸਖਤ ਵਿਰੋਧ ਕੀਤਾ ਸੀ ਅਤੇ ਦਿਸੰਬਰ 2020 ਵਿੱਚ, ਸਰਕਾਰ ਵਲੋਂ ਇਹ ਤਨਖਾਹ ਅਤੇ ਭੱਤੇ ਕੁੱਝ ਘੱਟ ਕਰਨ ਦੀ ਪੇਸ਼ਕਸ਼ ਨੂੰ ਵੀ ਯੂਨੀਅਨ ਨੇ ਰੱਦ ਕਰ ਦਿੱਤਾ ਸੀ।

ਮਹਾਂਮਾਰੀ ਕਾਰਨ ਲਾਕਡਾਊਨ ਦੁਰਾਨ ਕਮਰਸ਼ੀਅਲ ਉੜਾਨਾਂ ਬੰਦ ਕਰ ਦਿੱਤੀਆਂ ਗਈਆਂ ਸਨ। ਲੇਕਿਨ ਸਰਕਾਰ ਨੇ ਬਦੇਸ਼ਾਂ ਵਿੱਚ ਘਿਰੇ ਹਿੰਦੋਸਤਾਨੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੀਆਂ ਹਜ਼ਾਰਾਂ ਉੜਾਨਾਂ ਲਾਉਣ ਦਾ ਫੈਸਲਾ ਕਰ ਲਿਆ ਸੀ। ਪਾਇਲਟਾਂ ਨੇ ਬਦੇਸ਼ਾਂ ਵਿਚ ਘਿਰੇ ਹੋਏ ਹਿੰਦੋਸਤਾਨੀ ਲੋਕਾਂ ਨੂੰ ਵਾਪਸ ਲਿਆਉਣਾ ਆਪਣਾ ਫਰਜ਼ ਸਮਝਦੇ ਹੋਏ, ਕਰੋਨਾ ਦੀ ਛੂਤ ਲੱਗਣ ਦੇ ਖਤਰੇ ਦੇ ਬਾਵਯੂਦ ਉੜਾਨਾਂ ਭਰੀਆਂ ਸਨ। ਸਰਕਾਰ ਨੇ ਫਿਰ ਵੀ ਉਨ੍ਹਾਂ ਦੇ ਭੱਤੇ ਅਤੇ ਬਦੇਸ਼ਾਂ ਵਿੱਚ ਰਾਤਾਂ ਰਹਿਣ ਦੇ ਖਰਚੇ ਵਿੱਚ ਕਟੌਤੀਆਂ ਕਰ ਦਿੱਤੀਆਂ। ਹਿੰਦੋਸਤਾਨੀਆਂ ਨੂੰ ਬਦੇਸ਼ਾਂ ਤੋਂ ਲੈ ਕੇ ਆਉਣ ਦੀ ਸੇਵਾ ਕਰਦੇ ਸਮੇਂ ਵੀ ਮੈਨੇਜਮੈਂਟ ਵਲੋਂ ਪਾਇਲਟਾਂ ਨੂੰ ਹਰ ਤਰ੍ਹਾਂ ਨਾਲ ਪਰੇਸ਼ਾਨ ਕੀਤਾ ਗਿਆ ਸੀ।

ਏਅਰ ਇੰਡੀਆ ਦੀ ਮੈਨੇਜਮੈਂਟ ਨੇ ਪਾਇਲਟਾਂ ਨੂੰ ਨੌਕਰੀ ਤੋਂ ਕੱਢਣਾ ਜਾਇਜ਼ ਠਹਿਰਾਉਣ ਲਈ ਇਹ ਦਾਅਵਾ ਕੀਤਾ ਕਿ ਇਨ੍ਹਾਂ ਪਾਇਲਟਾਂ ਨੇ ਅਸਤੀਫੇ ਦੇਣ ਦੇ ਨੋਟਿਸ ਦਿੱਤੇ ਹੋਏ ਸਨ। ਪਰ ਮੈਨੇਜਮੈਂਟ ਦਾ ਇਹ ਦਾਅਵਾ ਸਰਾਸਰ ਝੂਠਾ ਹੈ, ਕਿਉਂਕਿ ਪਾਇਲਟਾਂ ਨੇ ਨੋਟਿਸ ਦੇ 6 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਆਪਣੇ ਅਸਤੀਫੇ ਵਾਪਸ ਲੈ ਲਏ ਸਨ ਅਤੇ ਮੈਨੇਜਮੈਂਟ ਨੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਸਨ। ਅਸਤੀਫੇ ਵਾਪਸ ਲੈਣ ਤੋਂ ਬਾਅਦ, ਪਾਇਲਟਾਂ ਨੇ ਦੱਸ ਦਿੱਤਾ ਸੀ ਕਿ ਉਹ ਕੰਮ ਕਰਦੇ ਰਹਿਣ ਲਈ ਤਿਆਰ ਹਨ।

ਹੋਰਨਾਂ ਮਜ਼ਦੂਰਾਂ ਵਾਂਗ ਪਾਇਲਟਾਂ ਦਾ ਤਜਰਬਾ ਵੀ ਸਾਫ ਦਿਖਾਉਂਦਾ ਹੈ ਕਿ ਮਜ਼ਦੂਰ ਆਪਣੇ ਹੱਕ ਅਤੇ ਰੁਜ਼ਗਾਰ ਦੀ ਹਿਫਾਜ਼ਤ ਕੇਵਲ ਸੰਘਰਸ਼ ਰਾਹੀਂ ਹੀ ਕਰ ਸਕਦੇ ਹਨ।

close

Share and Enjoy !

0Shares
0

Leave a Reply

Your email address will not be published. Required fields are marked *