ਇਰਾਨ ਦਾ ਸਭ ਤੋਂ ਵੱਡਾ ਬਹਿਰੀ ਜੰਗੀ ਜਹਾਜ਼ ਅਤੇ ਤੇਲ ਸਾਫ ਕਰਨ ਵਾਲਾ ਕਾਰਖਾਨਾ ਅੱਗ ਨਾਲ ਤਬਾਹ

2 ਜੂਨ ਨੂੰ ਇਰਾਨ ਦੇ ਸਭ ਤੋਂ ਵੱਡੇ ਬਹਿਰੀ (ਸਮੁੰਦਰੀ) ਜੰਗੀ ਜਹਾਜ਼, ਖੜਗ ਅਤੇ ਰਾਜਧਾਨੀ ਤਹਿਰਾਨ ਵਿੱਚ ਰਾਜ ਦੀ ਮਾਲਕੀ ਵਾਲੀ ਤੇਲ ਸਾਫ ਕਰਨ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ। ਅੱਗਾਂ ਲੱਗਣ ਦੇ ਕਾਰਨ ਬਾਰੇ ਕੋਈ ਜਨਤਕ ਸੂਚਨਾ ਨਹੀਂ ਦਿੱਤੀ ਗਈ। ਲੇਕਿਨ ਇਰਾਨ ਅਤੇ ਹੋਰ ਦੇਸ਼ਾਂ ਦੇ ਲੋਕਾਂ ਦਾ ਖਿਆਲ ਹੈ ਕਿ ਜੰਗੀ ਜਹਾਜ਼ ਅਤੇ ਤੇਲ ਫੈਕਟਰੀ ਨੂੰ ਇਹ ਅੱਗ ਅਮਰੀਕਾ ਦੀ ਸ਼ਹਿ ਉੱਤੇ ਇਜ਼ਰਾਈਲ ਵਲੋਂ ਲਾਈ ਗਈ ਹੈ।

ਇਰਾਨੀ ਸਮੁੰਦਰੀ ਜੰਗੀ ਜਹਾਜ਼ ਅੱਗ ਦੀ ਲਪੇਟ ਵਿੱਚ

ਅੱਗ ਲੱਗਣ ਸਮੇਂ ਖੜਗ, ਖਾੜੀ ਓਮਾਨ ਵਿੱਚ ਟਰੇਨਿੰਗ ਕਰਨ ਲਈ ਤਾਇਨਾਤ ਸੀ। ਰਿਪੋ੍ਰਟਾਂ ਅਨੁਸਾਰ, ਇਹ ਜਹਾਜ਼ ਨੇਵੀ ਦੇ ਜਹਾਜ਼ਾਂ ਵਿੱਚ ਸਮਾਨ ਭਰਨ ਲਈ ਵਰਤਿਆ ਜਾਂਦਾ ਸੀ ਅਤੇ ਵਜ਼ਨ ਦੇ ਲਿਹਾਜ਼ ਨਾਲ ਇਰਾਨੀ ਨੇਵੀ ਦਾ ਸਭ ਤੋਂ ਬੜਾ ਜਹਾਜ਼ ਸੀ। ਇਰਾਨ ਦੀ ਨਿਊਜ਼ ਏਜੰਸੀ, ਤਸਨਿਮ ਅਨੁਸਾਰ ਇਹ ਜਹਾਜ਼ ਪਿਛਲੇ 40 ਸਾਲਾਂ ਤੋਂ ਟਰੇਨਿੰਗ, ਜਹਾਜ਼ਾਂ ਵਿੱਚ ਸਮਾਨ ਭਰਨ ਅਤੇ ਹੋਰ ਯੋਜਨਾਬੰਦੀ ਦਾ ਕੰਮ ਕਰਦਾ ਆ ਰਿਹਾ ਸੀ। ਤਸਨਿਮ ਅਨੁਸਾਰ, ਜਹਾਜ਼ ਦਾ ਅਮਲਾ 20 ਘੰਟਿਆਂ ਤਕ ਅੱਗ ਬੁਝਾਉਣ ਦਾ ਯਤਨ ਕਰਦਾ ਰਿਹਾ, ਪਰ ਆਖਰਕਾਰ ਉਹ ਜਸਕ ਨਾਮੀ ਦੱਖਣੀ ਬੰਦਰਗਾਹ ਦੇ ਨੇੜੇ ਸਮੁੰਦਰ ਵਿੱਚ ਡੁੱਬ ਗਿਆ।

ਉਸੇ ਦਿਨ ਹੀ, ਕੁੱਝ ਘੰਟਿਆਂ ਬਾਦ ਦੱਖਣੀ ਤਹਿਰਾਨ ਵਿੱਚ ਰਾਜ ਦੀ ਮਾਲਕੀ ਵਾਲੀ ਇੱਕ ਬਹੁਤ ਬੜੀ ਤੇਲ ਸੋਧਕ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਏਨੀ ਬੜੀ ਸੀ ਕਿ ਧੂੰਏ ਅਤੇ ਅੱਗ ਦੀਆਂ ਵੱਲ ਖਾਂਦੀਆਂ ਲਾਟਾਂ 12 ਮੀਲਾਂ ਤੋਂ ਵੀ ਦੂਰ ਦਿਖਾਈ ਦਿੰਦੀਆਂ ਸਨ। ਇਰਾਨੀ ਮੀਡੀਏ ਅਨੁਸਾਰ, ਘੱਟ ਤੋਂ ਘੱਟ 18 ਤੇਲ ਟੈਂਕਰ ਜਲ ਗਏ ਸਨ। ਇਹ ਹਮਲੇ ਉਸ ਸਮੇਂ ਹੋ ਰਹੇ ਹਨ, ਜਦੋਂ ਅਮਰੀਕਾ, ਇਰਾਨ, ਯੂਰਪੀਨ ਯੂਨੀਅਨ, ਬਰਤਾਨੀਆਂ, ਚੀਨ, ਰੂਸ, ਫਰਾਂਸ ਅਤੇ ਜਰਮਨੀ ਵਲੋਂ 2015 ਵਿੱਚ ਕੀਤੇ ਗਏ ਪ੍ਰਮਾਣੂੰ ਸਮਝੌਤੇ ਬਾਰੇ ਇਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਦੁਬਾਰਾ ਸ਼ੁਰੂ ਹੋ ਚੁੱਕੀ ਹੈ। 2018 ਵਿੱਚ ਅਮਰੀਕਾ ਇੱਕਪਾਸੜ ਤੌਰ ਉੱਤੇ ਇਸ ਸਮਝੌਤੇ ਵਿਚੋਂ ਬਾਹਰ ਹੋ ਗਿਆ ਸੀ ਅਤੇ ਉਸਨੇ ਇਰਾਨ ਦੇ ਖ਼ਿਲਾਫ਼ ਬੰਦਸ਼ਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਸਨ, ਜਿਨ੍ਹਾਂ ਨੇ ਇਰਾਨੀ ਲੋਕਾਂ ਦੀ ਜ਼ਿੰਦਗੀ ਦੁੱਭਰ ਬਣਾ ਦਿੱਤੀ ਸੀ। ਅਮਰੀਕਾ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ਉਤੇ, ਅਮਨ ਚਾਹੁਣ ਵਾਲੇ ਲੋਕ ਅਮਰੀਕੀ ਸਰਕਾਰ ਨੂੰ ਇਰਾਨ ਦੀ ਫੌਜੀ ਅਤੇ ਆਰਥਿਕ ਘੇਰਾਬੰਦੀ ਹਟਾਉਣ ਲਈ ਕਹਿ ਰਹੇ ਹਨ।

ਇਰਾਨ ਨਾਲ ਸਮਝੌਤੇ ਨੂੰ ਬਹਾਲ ਕਰਨਾ, ਅਮਰੀਕਾ ਦੀ ਨਵੀਂ ਸਰਕਾਰ ਦੇ ਵਾਇਦਿਆਂ ਵਿਚੋਂ ਇੱਕ ਸੀ। ਸਮਝੌਤੇ ਬਾਰੇ ਗੱਲਬਾਤ ਦੀ ਸਫਲਤਾ ਇਰਾਨ ਅਤੇ ਇਰਾਨੀ ਲੋਕਾਂ ਦੇ ਹਿੱਤ ਵਿੱਚ ਹੈ, ਕਿਉਂਕਿ ਇਸ ਨਾਲ ਅਮਰੀਕਾ ਵਲੋਂ ਇਰਾਨ ਦੇ ਖ਼ਿਲਾਫ਼ ਲਾਈਆਂ ਗਈਆਂ ਬੰਦਸ਼ਾਂ ਵਿਚੋਂ ਕੁੱਝ ਨੂੰ ਹਟਾ ਦੇਣ ਦੇ ਹਾਲਾਤ ਪੈਦਾ ਹੋ ਜਾਣਗੇ। ਲੇਕਿਨ, ਅਮਰੀਕਾ ਦਾ ਪੁਰਾਣਾ ਅਮਲ ਇਹ ਦਿਖਾਉਂਦਾ ਹੈ ਕਿ ਉਹ ਇਰਾਨ-ਵਿਰੋਧੀ ਦੁਸ਼ਮਣਾਨਾ ਨੀਤੀ ਕਾਇਮ ਰੱਖਣ ਉੱਤੇ ਬਜ਼ਿੱਦ ਹੈ। ਅਜੇਹਾ ਇਰਾਨ ਜੋ ਅਮਰੀਕਾ ਦੀ ਸਾਮਰਾਜਵਾਦੀ ਹੁਕਮਸ਼ਾਹੀ ਤੋਂ ਅਜ਼ਾਦ ਰਹਿ ਕੇ ਆਪਣਾ ਖੁਦ ਦਾ ਆਰਥਿਕ ਅਤੇ ਸਿਆਸੀ ਢਾਂਚਾ ਅਖਤਿਆਰ ਕਰ ਰਿਹਾ ਹੋਵੇ, ਅਮਰੀਕਾ ਉਸਨੂੰ ਪੱਛਮੀ ਏਸ਼ੀਆ ਵਿੱਚ ਆਪਣੇ ਰਣਨੀਤਿਕ ਹਿੱਤਾਂ ਲਈ ਇੱਕ ਖਤਰਾ ਸਮਝਦਾ ਹੈ। ਅਮਰੀਕਾ, ਤੇਲ-ਭਰਪੂਰ ਪੱਛਮੀ ਏਸ਼ੀਆ ਉੱਤੇ ਆਪਣੀ ਮੁਕੰਮਲ ਚੌਧਰ ਜਮਾਉਣ ਦੇ ਉਦੇਸ਼ ਦੀ ਪ੍ਰਾਪਤੀ ਦੇ ਸਾਹਮਣੇ ਇਰਾਨ ਨੂੰ ਇੱਕ ਰੁਕਾਵਟ ਸਮਝਦਾ ਹੈ। ਜਦੋਂ 1979 ਵਿੱਚ ਇਰਾਨੀ ਇਨਕਲਾਬ ਨੇ ਅਮਰੀਕੀ ਸਾਮਰਾਜਵਾਦ ਦੇ ਹੱਥਠੋਕੇ ਸ਼ਾਹ ਮੁਹੰਮਦ ਰੇਜ਼ਾ ਪਹਿਲਵੀ ਦੀ ਘਿਰਣਤ ਹਕੂਮਤ ਦਾ ਤਖਤਾ ਪਲਟਾ ਦਿੱਤਾ ਸੀ, ਉਦੋਂ ਤੋਂ ਲੈ ਕੇ ਇਹੀ ਹਾਲਾਤ ਚੱਲ ਰਹੇ ਹਨ। ਪਿਛਲੇ 42 ਸਾਲਾਂ ਤੋਂ ਅਮਰੀਕਾ ਇਰਾਨ ਉਪਰ ਆਪਣੀ ਚੌਧਰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ। ਇਸਦੇ ਓਲਟ, ਅਮਰੀਕੀ ਸਾਮਰਾਜਵਾਦ ਦੀ ਚੌਧਰ ਦੇ ਖ਼ਿਲਾਫ਼ ਲੜਨ ਵਾਲੇ ਲੋਕ ਇਰਾਨ ਤੋਂ ਉਤਸ਼ਾਹਤ ਹੋ ਰਹੇ ਹਨ।

ਇਜ਼ਰਾਈਲ ਨੇ ਇਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਦੀ ਖੁੱਲ੍ਹੇ ਤੌਰ ‘ਤੇ ਵਿਰੋਧਤਾ ਕੀਤੀ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਇਰਾਨ ਅਤੇ ਅਮਰੀਕਾ ਅਤੇ ਹੋਰ ਵੈਸ਼ਵਿਕ ਤਾਕਤਾਂ ਵਿਚਕਾਰ ਸਮਝੌਤਾ ਬਹਾਲ ਹੋਵੇ। ਅਜੇਹੇ ਹਾਲਾਤਾਂ ਵਿੱਚ, ਲੱਗਦਾ ਹੈ ਕਿ ਇਹ ਹਮਲੇ ਅਮਰੀਕਾ ਦੀ ਸ਼ਹਿ ਨਾਲ ਇਜ਼ਰਾਈਲ ਨੇ ਕੀਤੇ ਹਨ।

ਇਜ਼ਰਾਈਲ ਨੇ 11 ਅਪ੍ਰੈਲ ਨੂੰ ਨਾਟਾਨਜ਼ ਵਿੱਚ ਯੂਰੇਨੀਅਮ ਨੂੰ ਗਾੜਾ ਕਰਨ ਦੇ ਪਲਾਂਟ ਉੱਤੇ ਹਮਲੇ ਵਾਸਤੇ ਅਤੇ ਪਿਛਲੇ ਸਾਲ ਨਵੰਬਰ ਵਿੱਚ ਇਰਾਨ ਦੇ ਪ੍ਰਮਾਣੂੰ ਸਾਇੰਸਦਾਨ ਦੇ ਕਤਲ ਦਾ ਇਕਬਾਲ ਕੀਤਾ ਸੀ। ਨਟਾਨਜ਼ ਦੇ ਹਮਲੇ ਤੋਂ ਕੇਵਲ 5 ਦਿਨ ਪਹਿਲਾਂ ਇਜ਼ਰਾਈਲ ਨੇ ਲਾਲ ਸਾਗਰ ਵਿੱਚ ਮਾਲ ਢੋਣ ਵਾਲੇ ਇਰਾਨੀ ਜਹਾਜ਼ ਉੱਤੇ ਵੀ ਹਮਲਾ ਕੀਤਾ ਸੀ। ਪਰ 2 ਜੂਨ ਨੂੰ ਹੋਣ ਵਾਲਾ ਤਾਜ਼ਾ ਹਮਲਾ ਇਰਾਨੀ ਜਹਾਜ਼ ੳੱਤੇ ਸਭ ਤੋਂ ਤਾਜ਼ਾ ਹਮਲਾ ਸੀ।

ਇਰਾਨ ਦੀ ਬੰਦਰਗਾਹ, ਜਸਕ, ਖਾੜੀ ਗਲਫ ਵਿੱਚ ਹੌਰਮੁਜ਼ ਦੇ ਜਲਡਮਰੂ ਦੇ ਨਜ਼ਦੀਕ ਹੈ, ਜੋ ਖਾੜੀ ਫਾਰਸ ਨੂੰ ਜਾਣ ਲਈ ਅਹਿਮ ਸਮੂੰਦਰੀ ਰਸਤਾ ਹੈ। ਇਰਾਨ ਨੂੰ ਧਮਕਾਉਣ ਅਤੇ ਦੂਸਰੇ ਦੇਸ਼ਾਂ ਨੂੰ ਇਰਾਨੀ ਤੇਲ ਦੀ ਸਪਲਾਈ ਰੋਕਣ ਲਈ, ਇਸ ਇਲਾਕੇ ਵਿੱਚ ਨਿਯਮਿਤ ਤੌਰ ਉਤੇ ਹਥਿਆਰਬੰਦ ਅਮਰੀਕੀ ਸਮੁੰਦਰੀ ਜੰਗੀ ਬੇੜੇ ਤਾਇਨਾਤ ਕੀਤੇ ਜਾਂਦੇ ਹਨ। ਅਮਰੀਕੀ ਸਾਮਰਾਜਵਾਦ ਅਤੇ ਇਜ਼ਰਾਈਲ ਸਮੇਤ ਉਸਦੇ ਭਾਈਵਾਲ ਕਈ ਬਾਰ ਝੂਠੇ ਝੰਡੇ ਹੇਠ ਫਾਰਸ ਖਾੜੀ ਵਿੱਚ ਮਾਈਨਾਂ ਵਿਛਾ ਕੇ ਜਹਾਜ਼ਾਂ ਅਤੇ ਟੈਂਕਰਾਂ ਵਿੱਚ ਬੰਬ ਧਮਾਕੇ ਕਰ ਚੁੱਕੇ ਹਨ। ਇਰਾਨ ਉਤੇ ਆਪਣੇ ਹਮਲਿਆਂ ਅਤੇ ਬੰਦਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਉਹ ਝੂਠਾ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਇਰਾਨ ਅੱਤਵਾਦ ਦਾ ਸਰਪ੍ਰਸਤ ਹੈ। ਪਰ ਤੱਥ ਸਾਬਤ ਕਰਦੇ ਹਨ ਕਿ ਇਸ ਇਲਾਕੇ ਵਿੱਚ ਬਹੁ-ਗਿਣਤੀ ਅੱਤਵਾਦੀ ਹਰਕਤਾਂ ਵਿੱਚ ਇਰਾਨ ਨਹੀਂ, ਬਲਕਿ ਅਮਰੀਕਾ ਅਤੇ ਉਸਦੇ ਭਾਈਵਾਲਾਂ ਦਾ ਹੱਥ ਹੁੰਦਾ ਹੈ।

ਇਜ਼ਰਾਈਲ, ਪੱਛਮੀ ਏਸ਼ੀਆ ਵਿੱਚ ਅਮਰੀਕਾ ਦਾ ਰਣਨੀਤਿਕ ਭਾਈਵਾਲ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਇਰਾਨੀ ਜੰਗੀ ਜਹਾਜ਼ ਅਤੇ ਤੇਲ ਸਾਫ ਕਰਨ ਦੀ ਫੈਕਟਰੀ ਉੱਤੇ ਹਮਲਾ ਕੀਤਾ ਹੈ। ਇਸ ਦੇ ਪਿੱਛੇ ਉਨ੍ਹਾਂ ਦਾ ਨਿਸ਼ਾਨਾ ਇਰਾਨ ਨੂੰ ਭੜਕਾ ਕੇ ਇਰਾਨ ਦੇ ਖ਼ਿਲਾਫ਼ ਲਾਈਆਂ ਆਰਥਿਕ ਬੰਦਸ਼ਾਂ ਹਟਾਉਣ ਲਈ ਹੋਣ ਵਾਲੀ ਗੱਲਬਾਤ ਨੂੰ ਬੰਦ ਕਰਾਉਣਾ ਹੈ। ਇਰਾਨ ਉਪਰ ਬੇਹੱਦ ਦਬਾ ਪਾਇਆ ਜਾ ਰਿਹਾ ਹੈ।

close

Share and Enjoy !

0Shares
0

Leave a Reply

Your email address will not be published. Required fields are marked *