ਓਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ:

ਰਾਜ ਵਲੋਂ ਜ਼ਮੀਰ ਦੇ ਹੱਕ ਉੱਤੇ ਇੱਕ ਮੁਜਰਮਾਨਾ ਹਮਲਾ

37 ਸਾਲ ਪਹਿਲਾਂ, 6 ਜੂਨ 1984 ਨੂੰ ਇਹ ਭਰਮ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਕਿ ਹਿੰਦੋਸਤਾਨੀ ਰਾਜ ਇੱਕ ਧਰਮ-ਨਿਰਪੇਖ ਅਤੇ ਜਮਹੂਰੀ ਗਣਤੰਤਰ ਹੈ, ਜੋ ਸਭ ਲੋਕਾਂ ਦੇ ਜ਼ਮੀਰ ਦੇ ਹੱਕ ਦੀ ਰਖਵਾਲੀ ਕਰਦਾ ਹੈ। ਉਸ ਦਿਨ, ਹਿੰਦੋਸਤਾਨ ਦੀ ਸਰਕਾਰ ਵਲੋਂ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ, ਹਰਿਮੰਦਰ ਸਾਹਬ ਅਮ੍ਰਿਤਸਰ ਉੱਤੇ ਤਾਬੜਤੋੜ ਹਮਲਾ ਕਰਨ ਲਈ ਫੌਜ ਦੇ 70,000 ਤੋਂ ਵੱਧ ਸੈਨਿਕਾਂ ਨੂੰ ਹੁਕਮ ਦਿੱਤਾ ਗਿਆ ਸੀ। ਇੱਕ ਧਾਰਮਿਕ ਅਸਥਾਨ ਉੱਤੇ ਹਮਲਾ ਕਰਨ ਲਈ ਟੈਂਕਾਂ, ਹੈਲੀਕੌਪਟਰਾਂ, ਬਖਤਰਬੰਦ ਗੱਡੀਅ, ਤੋਪਾਂ ਅਤੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਇਸਨੂੰ ਓਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਸੀ।

3 ਜੂਨ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ, ਇਸ ਲਈ ਗੋਲਡਨ ਟੈਂਪਲ ਕੰਪਲੈਕਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਹੀ ਸਿੱਖ ਸ਼ਰਧਾਲੂ ਆਏ ਹੋਏ ਸਨ। ਫੌਜ ਦਾ ਇਹ ਹਮਲਾ ਲਗਾਤਾਰ ਤਿੰਨ ਦਿਨ ਚੱਲਦਾ ਰਿਹਾ। ਓਪਰੇਸ਼ਨ ਬਲੂ ਸਟਾਰ ਤੋਂ ਬਾਅਦ ਓਪਰੇਸ਼ਨ ਵੁੱਡਰੋਜ਼ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਅਣਗਿਣਤ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਸਿੱਖਾਂ ਦੇ ਇਸ ਪੂਜਨੀਕ ਗੁਰਦਵਾਰੇ ਉੱਤੇ ਰਾਜ ਵਲੋਂ ਜਥੇਬੰਦ ਕੀਤੇ ਹਮਲੇ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਇੱਕ ਦੇਸ਼-ਭਗਤੀ ਦਾ ਕਾਰਜ ਦਰਜ ਕੀਤਾ ਗਿਆ ਹੈ! ਕਥਿਤ ਤੌਰ ਉੱਤੇ ਇਹ ਹਮਲਾ “ਅੱਤਵਾਦੀਆਂ ਨੂੰ ਬਾਹਰ ਕੱਢਣ” ਲਈ ਅਤੇ “ਹਿੰਦੋਸਤਾਨ ਦੀ ਕੌਮੀ ਏਕਤਾ ਅਤੇ ਇਲਾਕਾਈ ਅਖੰਡਤਾ” ਦੀ ਹਿਫਾਜ਼ਤ ਕਰਨ ਲਈ ਕੀਤਾ ਗਿਆ ਸੀ। ਉਸ ਵੇਲੇ ਦੇ ਸਰਕਾਰੀ ਪ੍ਰਾਪੇਗੰਡੇ ਨੇ ਇਹ ਪ੍ਰਭਾਵ ਪੈਦਾ ਕਰ ਦਿੱਤਾ ਸੀ ਕਿ ਅਚਾਨਕ ਹੀ ਬਹੁਤ ਖਤਰਨਾਕ ਹਾਲਾਤ ਪੈਦਾ ਹੋ ਗਏ ਹਨ ਅਤੇ ਪ੍ਰਧਾਨ ਮੰਤਰੀ ਕੋਲ ਜਲਦਬਾਜ਼ੀ ਨਾਲ ਹਕਰਤ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ। ਉਸ ਤੋਂ ਬਾਅਦ ਇਹ ਕਹਾਣੀ ਪੂਰੀ ਤਰ੍ਹਾਂ ਝੂਠੀ ਸਾਬਤ ਹੋ ਚੁੱਕੀ ਹੈ।

ਹੁਣ ਤੋਂ ਕੁੱਝ ਸਾਲ ਪਹਿਲਾਂ, ਬਰਤਾਨਵੀ ਸਰਕਾਰ ਦੇ ਜਨਤਕ ਹੋਏ ਗੁਪਤ ਦਸਤਾਵੇਜ਼, ਜਿਨ੍ਹਾਂ ਉੱਤੇ 23 ਫਰਵਰੀ 1984 ਦੀ ਤਰੀਕ ਹੈ, ਉਨ੍ਹਾਂ ਵਿੱਚ ਕਿਹਾ ਗਿਆ ਹੈ ਕਿ “ਹਿੰਦੋਸਤਾਨੀ ਅਧਿਕਾਰੀਆਂ ਨੇ ਪਿੱਛੇ ਜਿਹੇ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਵਿਚੋਂ ਸਿੱਖ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਬਰਤਾਨੀਆ ਦੀ ਸਲਾਹ ਪੁੱਛੀ ਸੀ … ਪ੍ਰਧਾਨ ਮੰਤਰੀ ਦੀ ਮਨਜ਼ੂਰੀ ਨਾਲ ਸਪੈਸ਼ਲ ਏਅਰ ਸਰਵਿਸਜ਼ (ਐਸ ਏ ਐਸ) ਦਾ ਇੱਕ ਅਫਸਰ ਹਿੰਦੋਸਤਾਨ ਗਿਆ ਸੀ, ਜਿਸਨੇ ਇੱਕ ਪਲੈਨ ਤਿਆਰ ਕੀਤੀ ਸੀ ਜੋ ਸ਼੍ਰੀਮਤੀ ਗਾਂਧੀ ਵਲੋਂ ਮਨਜ਼ੂਰ ਕਰ ਲਈ ਗਈ ਹੈ … ਐਸ ਏ ਐਸ ਦੇ ਅਫਸਰ ਦੇ ਦੌਰੇ ਅਤੇ ਪਲੈਨ ਬਾਰੇ ਜਾਣਕਾਰੀ ਦਿੱਲੀ ਅਤੇ ਲੰਡਨ, ਦੋਵਾਂ ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਗੁਪਤ ਰੱਖੀ ਗਈ ਹੈ”। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਹਿੰਦੋਸਤਾਨੀ ਹਾਕਮ ਜਮਾਤ ਨੇ ਬਰਤਾਨਵੀ ਸਾਮਰਾਜਵਾਦੀਆਂ ਦੀ ਗੁਪਤ ਤਕਨੀਕੀ ਸਹਾਇਤਾ ਨਾਲ ਹਰਿਮੰਦਰ ਸਾਹਬ ਉਪਰ ਫੌਜੀ ਹਮਲਾ ਕਰਨ ਦੀ ਯੋਜਨਾ ਕਈ ਮਹੀਨੇ ਅਗਾਊਂ ਤਿਆਰ ਕੀਤੀ ਹੋਈ ਸੀ।

ਸਿੱਖ ਧਰਮ ਦੇ ਬਹੁ-ਗਿਣਤੀ ਲੋਕਾਂ ਨੂੰ ਪਤਾ ਹੈ ਕਿ ਇਹ ਉਨ੍ਹਾਂ ਦੇ ਜ਼ਮੀਰ ਦੇ ਹੱਕ ਅਤੇ ਧਾਰਮਿਕ ਆਸਥਾਵਾਂ ਉੱਤੇ ਨੰਗਾ ਚਿੱਟਾ ਹਮਲਾ ਸੀ। ਸਰਕਾਰ ਦੇ ਦਾਅਵੇ ਮੁਤਾਬਿਕ ਉਸ ਓਪਰੇਸ਼ਨ ਵਿੱਚ ਮਾਰੇ ਜਾਣ ਵਾਲੇ ਲੋਕ ਬਹੁਤ ਹੀ ਖਤਰਨਾਕ ਅੱਤਵਾਦੀ ਸਨ। ਹਰਿਮੰਦਰ ਸਾਹਬ ਦੇ ਅਹਾਤੇ ਅੰਦਰ ਖਤਰਨਾਕ ਹਥਿਆਰਾਂ ਦੇ ਬੜੇ-ਬੜੇ ਅੰਬਾਰਾਂ ਦਾ ਕੋਈ ਵੀ ਸਬੂਤ ਨਹੀਂ ਮਿਿਲਆ। ਫੌਜ ਨੂੰ ਉਥੋਂ ਮਿਲੇ ਹਥਿਆਰ 1940 ਦੀਆਂ ਬਣੀਆਂ ਹੋਈਆਂ ਕੁੱਝ ਰਫਲਾਂ ਸਨ, ਜੋ ਆਮ ਤੌਰ ਉੱਤੇ ਰਿਟਾਇਰ ਹੋਏ ਫੌਜੀਆਂ ਕੋਲ ਹੁੰਦੀਆਂ ਹਨ।

ਆਫੀਸ਼ਲ ਕਹਾਣੀ ਪੂਰੀ ਤਰ੍ਹਾਂ ਝੂਠ ਸਾਬਤ ਹੋਈ ਹੈ, ਜਿਸਦਾ ਮਕਸਦ ਲੋਕਾਂ ਨੂੰ ਧੋਖੇ ਵਿੱਚ ਰੱਖਣਾ ਸੀ। ਸੱਚ ਤਾਂ ਇਹ ਹੈ ਕਿ ਓਪਰੇਸ਼ਨ ਬਲੂ ਸਟਾਰ ਰਾਜਕੀ ਅੱਤਵਾਦ ਦੀ ਹਰਕਤ ਸੀ, ਜਿਸ ਨਾਲ ਸਿੱਖਾਂ ਨੂੰ ਪੜਤਾੜਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਧਰਮ ਦੀ ਬੇਇਜ਼ਤੀ ਕੀਤੀ ਗਈ ਸੀ। ਆਧੁਨਿਕ ਜਮਹੂਰੀਅਤ ਦੇ ਮਾਪਦੰਡਾਂ ਮੁਤਾਬਿਕ, ਇਹ ਇੱਕ ਮੁਜਰਮਾਨਾ ਅਤੇ ਫਿਰਕਾਪ੍ਰਸਤ ਹਰਕਤ ਸੀ। ਹਿੰਦੋਸਤਾਨੀ ਉਪ-ਮਹਾਂਦੀਪ ਦੇ ਲੋਕਾਂ ਵਲੋਂ ਸਥਾਪਤ ਕੀਤੇ ਗਏ ਰਾਜ-ਧਰਮ ਦੇ ਮਾਪਦੰਡਾਂ ਅਨੁਸਾਰ ਇਹ ਅਧਰਮ ਦੀ ਸਿਖਰ ਸੀ।

1980ਵਿਆਂ ਦੇ ਸ਼ੁਰੂ ਵਿੱਚ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਅਧਿਕਾਰਾਂ, ਅਤੇ ਵੱਖ ਵੱਖ ਕੌਮਾਂ ਦੇ ਲੋਕਾਂ ਦੇ ਅਧਿਕਾਰਾਂ ਵਾਸਤੇ ਸੰਘਰਸ਼ ਵਧ ਰਹੇ ਸਨ। ਪੰਜਾਬ ਦੇ ਕ੍ਰੋੜਾਂ ਲੋਕ ਆਪਣੇ ਕੌਮੀ ਅਧਿਕਾਰ ਲੈਣ ਖਾਤਰ ਇੱਕ ਲਹਿਰ ਵਿੱਚ ਸ਼ਾਮਲ ਹੋ ਗਏ ਸਨ। ਉਹ ਦਰਿਆਵਾਂ ਦੇ ਪਾਣੀਆਂ ਵਿੱਚ ਆਪਣਾ ਬਣਦਾ ਹਿੱਸਾ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ। ਇਹ ਇੱਕ ਅਜੇਹਾ ਸਮਾਂ ਸੀ, ਜਦੋਂ ਅਜਾਰੇਦਾਰ ਸਰਮਾਏਦਾਰਾਂ ਦੀ ਅਗਵਾਈ ਵਿੱਚ ਹਿੰਦੋਸਤਾਨੀ ਹਾਕਮ ਜਮਾਤ ਦੁਨੀਆਂ ਵਿੱਚ ਇੱਕ ਮਹਾਂਸ਼ਕਤੀ ਬਣਨ ਦੀਆਂ ਯੋਜਨਾਵਾਂ ਬਣਾ ਰਹੀ ਸੀ। ਉਹ ਹਿੰਦੋਸਤਾਨੀ ਸੰਘ ਦੇ ਅੰਦਰ ਮਜ਼ਦੂਰਾਂ ਅਤੇ ਕਿਸਾਨਾਂ ਅਤੇ ਵੱਖ-ਵੱਖ ਕੌਮਾਂ ਅਤੇ ਕੌਮੀਅਤਾਂ ਦੇ ਸੰਘਰਸ਼ਾਂ ਨੂੰ ਦਬਾਉਣਾ ਜ਼ਰੂਰੀ ਸਮਝਦੇ ਸਨ।

ਹਾਕਮ ਜਮਾਤ ਨੇ ਆਪਣੀਆਂ ਮੁੱਖ ਸਿਆਸੀ ਪਾਰਟੀਆਂ, ਕਾਂਗਰਸ ਅਤੇ ਭਾਜਪਾ, ਤੋਂ ਫਿਰਕੂ ਜਜ਼ਬਾਤ ਭੜਕਾਉਣ ਅਤੇ ਮੇਹਨਤਕਸ਼ ਲੋਕਾਂ ਦੀ ਏਕਤਾ ਨੂੰ ਤੋੜਨ ਦੀ ਮੰਗ ਕੀਤੀ। ਦੇਸ਼ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤਕ ਸਿੱਖਾਂ ਦੇ ਖ਼ਿਲਾਫ਼ ਜਨੂੰਨੀ ਜ਼ਹਿਰ ਉਗਲਿਆ ਗਿਆ। ਸਿੱਖ ਧਰਮ ਦੇ ਲੋਕਾਂ ਨੂੰ ਦੇਸ਼ ਦੀ ਕੌਮੀ ਏਕਤਾ ਅਤੇ ਇਲਾਕਾਈ ਅਖੰਡਤਾ ਦੇ ਦੁਸ਼ਮਣ ਬਤੌਰ ਭੰਡਿਆ ਗਿਆ। ਪੰਜਾਬ ਦੇ ਲੋਕਾਂ ਦੀਆਂ ਸਿਆਸੀ ਮੰਗਾਂ ਨੂੰ “ਅਮਨ ਕਾਨੂੰਨ” ਦੀ ਸਮੱਸਿਆ ਬਣਾ ਦਿੱਤਾ ਗਿਆ। ਮਜ਼ਦੂਰ ਜਮਾਤ ਨੂੰ ਹਿੰਦੋਸਤਾਨ ਦੀ ਏਕਤਾ ਅਤੇ ਅਖੰਡਤਾ ਦੇ ਦੁਸ਼ਮਣਾਂ ਨੂੰ ਕੁਚਲਣ ਦੇ ਨਾਮ ਉਤੇ ਰਾਜਕੀ ਅੱਤਵਾਦ ਦੀ ਨੀਤੀ ਦੀ ਹਮਾਇਤ ਕਰਨ ਲਈ ਕਿਹਾ ਗਿਆ।

ਜੂਨ 1984 ਵਿੱਚ ਸਧਾਰਨ ਨਾਗਰਿਕਾਂ ਅਤੇ ਸ਼ਰਧਾਲੂਆਂ ਦੇ ਵਹਿਸ਼ੀ ਕਤਲਾਂ ਵਾਸਤੇ ਹੁਣ ਤਕ ਕਿਸੇ ਨੂੰ ਵੀ ਜ਼ਿਮੇਵਾਰ ਨਹੀਂ ਠਹਿਰਾਇਆ ਗਿਆ ਹੈ। ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਕਤਲਾਂ ਜਾਂ ਹਰਿਮੰਦਰ ਸਾਹਬ ਦੇ ਅਹਾਤੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਲੁੱਟ ਕਰਨ ਅਤੇ ਤਬਾਹੀ ਵਾਸਤੇ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਇਸਦੇ ਉਲਟ, ਪਿਛਲੇ 37 ਸਾਲਾਂ ਵਿੱਚ ਲੋਕਾਂ ਦੇ ਹੱਕਾਂ ਵਾਸਤੇ ਜਾਇਜ਼ ਸੰਘਰਸ਼ਾਂ ਨੂੰ “ਅਮਨ ਕਾਨੂੰਨ” ਦੀ ਸਮੱਸਿਆ ਬਣਾ ਦੇਣ ਲਈ, ਰਾਜਕੀ ਅੱਤਵਾਦ ਅਤੇ ਵਿਅਕਤੀਗਤ ਅੱਤਵਾਦ ਦੇ ਹਥਿਆਰ ਹੋਰ ਵੀ ਨਿਪੁੰਨ ਬਣਾ ਲਏ ਗਏ ਹਨ।

ਕਿਸੇ ਖਾਸ ਧਰਮ ਦੇ ਲੋਕਾਂ ਨੂੰ ਹਿੰਦੋਸਤਾਨ-ਵਿਰੋਧੀ ਬਤੌਰ ਪੇਸ਼ ਕਰਨਾ ਅਤੇ ਇਸਨੂੰ ਰਾਜਕੀ ਤਸ਼ੱਦਦ ਅਤੇ ਕਤਲਾਂ ਨੂੰ ਜਾਇਜ਼ ਠਹਿਰਾਉਣ ਲਈ ਵਰਤਣਾ, ਦੇਸ਼ ਦਾ ਪ੍ਰਸ਼ਾਸਣ ਚਲਾਉਣ ਦਾ ਪਸੰਦੀਦਾ ਤਰੀਕਾ ਬਣ ਗਿਆ ਹੈ। ਜਦੋਂ ਕਿਸਾਨ ਅੰਦੋਲਨ ਦਿੱਲੀ ਵੱਲ ਕੂਚ ਕਰਕੇ, ਨਵੰਬਰ 2020 ਵਿੱਚ ਦਿੱਲੀ ਦੇ ਬਾਰਡਰ ਉੱਤੇ ਪਹੁੰਚ ਗਿਆ ਸੀ ਤਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵਲੋਂ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਇਹ ਪ੍ਰਚਾਰ ਕੀਤਾ ਗਿਆ ਕਿ ਇਸ ਵਿੱਚ “ਖਾਲਿਸਤਾਨੀ ਅੱਤਵਾਦੀਆਂ” ਨੇ ਘੁਸਪੈਂਠ ਕਰ ਲਈ ਹੈ।

ਹਾਕਮ ਜਮਾਤ ਵਲੋਂ ਆਪਣੇ ਹੱਕ ਮੰਗਣ ਵਾਲੇ ਲੋਕਾਂ ਦੇ ਖ਼ਿਲਾਫ਼ ਜੋ ਇਕ ਖਾਸ ਹਥਿਆਰ ਵਰਤਿਆ ਜਾਂਦਾ ਹੈ, ਉਹ ਇਹ ਝੂਠਾ ਪ੍ਰਚਾਰ ਹੈ ਕਿ ਉਹ ਹਿੰਦੋਸਤਾਨ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਹਨ। ਪੰਜਾਬ, ਕਸ਼ਮੀਰ, ਨਾਗਾਲੈਂਡ ਅਤੇ ਮਨੀਪੁਰ ਦੇ ਤਮਾਮ ਲੋਕਾਂ ਦੀਆਂ ਮੰਗਾਂ ਨੂੰ “ਹਿੰਦੋਸਤਾਨ ਦੀ ਏਕਤਾ ਅਤੇ ਅਖੰਡਤਾ” ਲਈ ਖਤਰੇ ਬਤੌਰ ਪੇਸ਼ ਕੀਤਾ ਗਿਆ ਹੈ। ਸੱਚਾਈ ਇਹ ਹੈ ਕਿ ਹਿੰਦੋਸਤਾਨੀ ਲੋਕਾਂ ਦੀ ਏਕਤਾ ਨੂੰ ਅਸਲੀ ਖਤਰਾ ਹਾਕਮ ਸਰਮਾਏਦਾਰ ਜਮਾਤ ਕੋਲੋਂ ਹੈ। ਇਹ ਖਤਰਾ ਜਾਇਜ਼ ਆਰਥਿਕ ਅਤੇ ਸਿਆਸੀ ਮੰਗਾਂ ਨੂੰ ਕੁਚਲਣ ਲਈ ਵਹਿਸ਼ੀ ਤਾਕਤ ਵਰਤਣ ਦੀ ਸਰਕਾਰੀ ਨੀਤੀ ਤੋਂ ਪੈਦਾ ਹੁੰਦਾ ਹੈ। ਮਸਲਾ ਇਹ ਹੈ ਕਿ ਹਿੰਦੋਸਤਾਨ ਦੀਆਂ ਵੱਖ ਵੱਖ ਕੌਮਾਂ, ਕੌਮੀਅਤਾਂ ਅਤੇ ਲੋਕ ਹਿੰਦੋਸਤਾਨੀ ਸੰਘ ਨੂੰ ਇਸ ਤਰ੍ਹਾਂ ਸੰਗਠਿਤ ਕਰਨ ਦੀ ਮੰਗ ਕਰ ਰਹੇ ਹਨ ਕਿ ਸਭਨਾਂ ਦੇ ਅਧਿਕਾਰ ਮਹਿਫੂਜ਼ ਹੋਣ, ਪਰ ਰਾਜ ਵਲੋਂ ਇਸ ਨੂੰ ਜ਼ੁਰਮ ਕਰਾਰ ਦਿੱਤਾ ਜਾਂਦਾ ਹੈ।

ਓਪਰੇਸ਼ਨ ਬਲੂ ਸਟਾਰ ਤੋਂ ਲੈ ਕੇ ਪਿਛਲੇ 37 ਸਾਲਾਂ ਦੇ ਤਜਰਬੇ ਤੋਂ ਨਿਕਲੇ ਸਭ ਤੋਂ ਅਹਿਮ ਸਬਕਾਂ ਵਿਚੋਂ ਇੱਕ ਇਹ ਹੈ ਕਿ ਹਿੰਦੋਸਤਾਨੀ ਸੰਘ ਦਾ ਗਣਰਾਜ ਅਤੇ ਇਸਦਾ ਸੰਵਿਧਾਨ ਜ਼ਮੀਰ ਦੇ ਅਧਿਕਾਰ ਦੀ ਗਰੰਟੀ ਨਹੀਂ ਦਿੰਦਾ। ਉਹ ਦੇਸ਼ ਦੀਆਂ ਵੱਖ ਵੱਖ ਕੌਮਾਂ ਅਤੇ ਕੌਮੀਅਤਾਂ ਦੇ ਅਧਿਕਾਰਾਂ ਦੀ ਗਰੰਟੀ ਨਹੀਂ ਦਿੰਦੇ। ਸਮੁੱਚਾ ਰਾਜ ਟਾਟਾ, ਬਿਰਲਾ, ਅੰਬਾਨੀ, ਅਦਾਨੀ ਅਤੇ ਹੋਰ ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਰਮਾਏਦਾਰੀ ਦੀ ਤਾਨਾਸ਼ਾਹੀ ਦਾ ਔਜ਼ਾਰ ਹੈ। ਇਹ ਲੋਕਾਂ ਨੂੰ ਅੱਡੋਫਾੜ ਕਰਨ ਅਤੇ ਉਨ੍ਹਾਂ ਦੇ ਸੰਘਰਸ਼ਾਂ ਨੂੰ ਖੂਨ ਵਿੱਚ ਡੁਬੋਣ ਦਾ ਔਜ਼ਾਰ ਹੈ। ਅੱਜ ਦਾ ਸੰਘਰਸ਼ ਇਸ ਅਧਰਮੀ ਸਥਿਤੀ ਦਾ ਖਾਤਮਾ ਕਰਨ ਦਾ ਸੰਘਰਸ਼ ਹੈ। ਸੰਘਰਸ਼ ਇੱਕ ਅਜੇਹਾ ਰਾਜ ਸਥਾਪਤ ਕਰਨ ਦਾ ਹੈ, ਜਿਸ ਅੰਦਰ ਜ਼ਮੀਰ ਦੇ ਅਧਿਕਾਰ ਅਤੇ ਤਮਾਮ ਮਾਨਵ ਅਤੇ ਜਮਹੂਰੀ ਅਧਿਕਾਰਾਂ ਸਮੇਤ, ਇਸ ਬਹੁ-ਕੌਮੀ ਦੇਸ਼ ਦੇ ਤਮਾਮ ਲੋਕਾਂ ਦੇ ਕੌਮੀ ਅਧਿਕਾਰਾਂ ਦੀ ਗਰੰਟੀ ਹੋਵੇ।

close

Share and Enjoy !

0Shares
0

Leave a Reply

Your email address will not be published. Required fields are marked *