ਕੋਵਿਡ-19 ਦੇ ਲਾਕਡਾਊਨ ਦਾ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ ਉਪਰ ਬੁਰਾ ਅਸਰ

ਦੇਸ਼ ਦੇ ਕਈ ਭਾਗਾਂ ਵਿਚ ਕੋਵਿਡ-19 ਦੀ ਵਜ੍ਹਾ ਨਾਲ ਲਾਏ ਗਏ ਲਾਕਡਾਊਨਾਂ ਨੇ ਕਈ ਖੇਤਰਾਂ ਵਿੱਚ ਮਜ਼ਦੂਰ ਜਮਾਤ ਲਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਕਈ ਖੇਤਰਾਂ ਦੀਆਂ ਕੰਪਨੀਆਂ ਨੇ ਆਪਣੇ ਮਜ਼ਦੂਰਾਂ ਨੂੰ ਘਰੋਂ ਕੰਮ ਕਰਨ ਲਈ ਕਹਿ ਦਿੱਤਾ ਹੈ। ਜਿਨ੍ਹਾਂ ਥਾਵਾਂ ਉੱਤੇ ਮਹਾਂਮਾਰੀ ਅਤੇ ਲਾਕਡਾਊਨ ਦੇ ਕਾਰਨ ਮਜ਼ਦੂਰਾਂ ਲਈ ਉਨ੍ਹਾਂ ਦੇ ਨਿਯਮਿਤ ਘੰਟਿਆਂ ਦੁਰਾਨ ਕੰਮ ‘ਤੇ ਆਉਣਾ ਜਾਣਾ ਸੰਭਵ ਨਹੀਂ, ਉਥੇ ਘਰੋਂ ਕੰਮ ਕਰਨਾ ਇੱਕ ਕਿਸਮ ਦਾ ਨਵਾਂ ਨੇਮ ਬਣ ਗਿਆ ਹੈ।

25 ਮਾਰਚ 2020 ਨੂੰ ਲਾਏ ਗਏ ਦੇਸ਼-ਵਿਆਪੀ ਲਾਕਡਾਊਨ ਤੋਂ ਲੈ ਕੇ ਆਈ ਟੀ ਦੀਆਂ ਵੱਡੀਆਂ ਅਤੇ ਦਰਮਿਆਨੀਆਂ ਕੰਪਨੀਆਂ ਅਤੇ ਆਈ ਟੀ ਉੱਤੇ ਨਿਰਭਰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਮਾਲਕਾਂ ਨੇ ਆਪਣੇ 90–95 ਫੀਸਦੀ ਮਜ਼ਦੂਰਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੋਇਆ ਹੈ। ਉਸ ਤੋਂ ਬਾਅਦ ਦੇਸ਼ ਦੇ ਕਈ ਭਾਗਾਂ ਵਿੱਚ ਲਾਕਡਾਊਨ ਨਰਮ ਕਰ ਦਿੱਤੇ ਜਾਣ ਦੁਰਾਨ ਇਨ੍ਹਾਂ ਵਿਚੋਂ ਕੁੱਝ ਕੰਪਨੀਆਂ ਦੇ ਕੁੱਝ ਭਾਗ ਖੋਲ੍ਹ ਦਿੱਤੇ ਗਏ ਸਨ। ਲੇਕਿਨ ਅਪ੍ਰੈਲ 2021 ਤੋਂ ਲੈ ਕੇ ਮਹਾਂਮਾਰੀ ਦੇ ਚੱਲਦੇ ਤਬਾਹਕੁੰਨ ਹੱਲੇ ਨੇ ਇਨ੍ਹਾਂ ਮਜ਼ਦੂਰਾਂ ਦੀ ਬਹੁਤ ਬੜੀ ਗਿਣਤੀ ਨੂੰ ਇੱਕ ਵਾਰ ਫਿਰ ਘਰੋਂ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਹੈ।

ਮੀਡੀਆ ਅਤੇ ਪੱਤਰਕਾਰੀ, ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਾਈ, ਬੈਂਕਾਂ ਅਤੇ ਫਾਈਨਾਂਸ ਆਦਿ ਖੇਤਰਾਂ ਦੇ ਕਰਮਚਾਰੀਆਂ ਨੂੰ ਵੀ ਲਾਕਡਾਊਨ ਦੁਰਾਨ ਘਰੋਂ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਦੁਨੀਆਂਭਰ ਵਿੱਚ ਅਤੇ ਹਿੰਦੋਸਤਾਨ ਵਿੱਚ ਕੀਤੇ ਗਏ ਅਧਿਐਨਾਂ ਨੇ ਇਸ ਸੱਚਾਈ ਨੂੰ ਸਾਹਮਣੇ ਲਿਆਂਦਾ ਹੈ ਕਿ ਘਰੋਂ ਕੰਮ ਕਰਨ ਨੇ ਮਜ਼ਦੂਰਾਂ ਦੀ ਸੇਹਤ ਅਤੇ ਮਾਨਸਿਕ ਅਵਸਥਾ ਅਤੇ ਉਨ੍ਹਾਂ ਦੇ ਸਮਾਜਿਕ ਰਿਸ਼ਤਿਆਂ ਉੱਤੇ ਬਹੁਤ ਭੈੜਾ ਅਸਰ ਕੀਤਾ ਹੈ। ਕਈਆਂ ਖੇਤਰਾਂ ਦੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਸੰਗਠਨਾਂ ਨੇ ਮਜ਼ਦੂਰਾਂ ਦੀ ਵਧੇਰੇ ਲੁੱਟ ਕੀਤੇ ਜਾਣ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਕਿ ਕੰਪਨੀਆਂ ਵਲੋਂ ਮਜ਼ਦੂਰਾਂ ਤੋਂ 8-12 ਘੰਟੇ ਕੰਮ ਦੀ ਥਾਂ 20 ਘੰਟਿਆਂ ਤਕ ਕੰਮ ਲਿਆ ਜਾਂਦਾ ਹੈ। ਉਨ੍ਹਾਂ ਨੇ ਅਜੇਹੇ ਮੁੱਦੇ ਵੀ ਉਠਾਏ ਹਨ ਕਿ ਜ਼ਿਆਦਾ ਘੰਟੇ ਕੰਮ ਕਰਾਉਣ ਲਈ ਓਵਰਟਾਈਮ ਤਨਖਾਹ ਨਹੀਂ ਦਿੱਤੀ ਜਾਂਦੀ, ਮਜ਼ਦੂਰਾਂ ਦੇ ਬੱਚਿਆਂ ਦੀ ਦੇਖ-ਭਾਲ ਲਈ ਆਂਗਨਵਾੜੀਆਂ ਨਹੀਂ ਹਨ, ਆਪਣੇ ਸਹਿਕਰਮੀਆਂ ਨਾਲ ਮਿਲਣਾ ਜੁਲਣਾ ਬੰਦ ਹੋ ਗਿਆ ਹੈ, ਕੰਮ ਦੀ ਕੋਈ ਸੁਰੱਖਿਆ ਨਹੀਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਜਥੇਬੰਦ ਕਰਨਾ ਮੁਸ਼ਕਲ ਹੋ ਗਿਆ ਹੈ।

ਇਨ੍ਹਾਂ ਵਿਚੋਂ ਕੁੱਝ ਸਮੱਸਿਆਵਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ.

ਮਜ਼ਦੂਰਾਂ ਦੀ ਸੇਹਤ ਅਤੇ ਮਾਨਸਿਕ ਅਵਸਥਾ ਉੱਤੇ ਪ੍ਰਭਾਵ

ਮਜ਼ਦੂਰਾਂ ਨੂੰ ਅਕਸਰ ਹੀ ਲੈਪਟਾਪ ਸਾਹਮਣੇ ਜਾਂ ਮੋਬਾਈਲ ਫੋਨ ਫੜ ਕੇ ਲਗਾਤਾਰ ਅੱਠ ਦਸ ਘੰਟਿਆਂ ਤਕ ਇੱਕ ਹੀ ਥਾਂ ਬੈਠਣਾ ਪੈਂਦਾ ਹੈ। ਹੋਰ ਲੋਕਾਂ ਨਾਲ ਕੋਈ ਮੀਟਿੰਗ ਜਾਂ ਆਹਮਣੇ ਸਾਹਮਣੇ ਗੱਲਬਾਤ ਨਹੀਂ ਹੁੰਦੀ।

ਬਹੁਤੇ ਮਾਮਲਿਆਂ ਵਿੱਚ ਕੰਮ ਚੋਖਾ ਵਧ ਗਿਆ ਹੈ, ਕਿਉਂਕਿ ਬੰਨ੍ਹੇ ਹੋਏ ਸਮੇਂ ਲਈ ਕੰਮ ਦੀ ਥਾਂ ਇਸਨੂੰ “ਲਚਕੀਲਾ” ਬਣਾ ਦਿੱਤਾ ਗਿਆ ਹੈ। ਬਹੁਤ ਸਾਰੇ ਔਰਤਾਂ ਅਤੇ ਆਦਮੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਕਿੱਤਾਕਾਰੀ ਜ਼ਿੰਦਗੀ ਵਿੱਚ ਫਰਕ ਅਲੋਪ ਹੋ ਗਿਆ ਹੈ। ਉਨ੍ਹਾਂ ਦੇ ਖਾਣ-ਪੀਣ, ਸੌਣ ਜਾਂ ਕਸਰਤ ਵਗੈਰਾ ਦਾ ਕੋਈ ਪੱਕਾ ਸਮਾਂ ਹੀ ਨਹੀਂ ਰਿਹਾ।

ਆਪਣੀਆਂ ਘਰੇਲੂ ਅਤੇ ਪ੍ਰਵਾਰਿਕ ਜ਼ਿਮੇਵਾਰੀਆਂ ਨੂੰ ਕੰਮ ਦੇ ਮੁਤਾਬਿਕ ਬਦਲਨਾ ਪੈਂਦਾ ਹੈ। ਲਾਕਡਾਊਨ ਕਾਰਨ ਪ੍ਰਵਾਰ ਦੇ ਬਹੁਤੇ ਮੈਂਬਰ ਘਰ ਵਿੱਚ ਹੀ ਹੋਣ ਕਾਰਨ, ਘਰ ਵਿੱਚ ਕੰਮ ਲਈ ਜਗ੍ਹਾ ਬਣਾਉਣ ਲਈ ਸਮਾਨ ਇੱਧਰ ਉਧਰ ਕਰਨ ਦੀ ਸਾਰੀ ਸਿਰਦਰਦੀ ਮਜ਼ਦੂਰਾਂ ਨੂੰ ਹੀ ਲੈਣੀ ਪੈਂਦੀ ਹੈ।

ਲਗਾਤਾਰ ਲੰਬਾ ਸਮਾਂ ਘਰੋਂ ਕੰਮ ਕਰਨ ਦੇ ਕਾਰਨ ਨੀਂਦ ਨਾ ਆਉਣਾ, ਸਿਰ ਦਰਦ, ਕਮਰ ਵਿੱਚ ਦਰਦ, ਮਾਨਸਿਕ ਤਣਾਓ ਅਤੇ ਚਿੰਤਾ ਆਦਿ ਰੋਗ ਮਜ਼ਦੂਰਾਂ ਵਿੱਚ ਆਮ ਹੋ ਗਏ ਹਨ। ਬਹੁਤ ਸਾਰੇ ਖੇਤਰਾਂ ਵਿੱਚ ਕੰਮ ਬੰਦ ਹੋ ਜਾਣ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀਆਂ ਛਾਂਟੀਆਂ ਕੀਤੇ ਜਾਣ ਦੇ ਕਾਰਨ, ਨੌਕਰੀ ਦੀ ਅਸੁਰੱਖਿਆ ਨਾਲ ਮਜ਼ਦੂਰਾਂ ਵਿੱਚ ਚਿੰਤਾ ਅਤੇ ਮਾਨਸਿਕ ਤਣਾਓ ਵਧ ਰਿਹਾ ਹੈ। ਮਾਨਸਿਕ ਰੋਗਾਂ ਦੇ ਡਾਕਟਰਾਂ ਕਹਿ ਰਹੇ ਹਨ ਕਿ ਕਰੋਨਾ ਵਾਇਰਸ ਨਾਲ ਸਬੰਧਤ ਚਿੰਤਾਜਨਕ ਖਬਰਾਂ ਨਾਲ ਲੋਕਾਂ ਨੂੰ ਆਪਣੀ ਅਤੇ ਆਪਣੇ ਪ੍ਰਵਾਰ ਦੀ ਸੇਹਤ ਬਾਰੇ ਡਰ ਅਤੇ ਚਿੰਤਾ ਵਧ ਗਈ ਹੈ ਅਤੇ ਮਾਨਸਿਕ ਸਮੱਸਿਆਵਾਂ ਹੋਰ ਗੰਭੀਰ ਹੋ ਗਈਆਂ ਹਨ।

ਮਜ਼ਦੂਰਾਂ ਦੀ ਲੁੱਟ ਵਧ ਗਈ ਹੈ

ਜਿਨ੍ਹਾਂ ਵੀ ਖੇਤਰਾਂ ਵਿੱਚ ਘਰੋਂ ਕੰਮ ਕਰਾਉਣ ਦਾ ਢੰਗ ਅਪਣਾਇਆ ਗਿਆ ਹੈ, ਉਨ੍ਹਾਂ ਵਿੱਚ ਕੰਮ ਕਰਨ ਵਾਲੇ ਤਕਰੀਬਨ ਸਭ ਮਜ਼ਦੂਰਾਂ ਦੀ ਸ਼ਿਕਾਇਤ ਹੈ ਕਿ ਜ਼ਿਆਦਾ ਕੰਮ ਕਰਾ ਕੇ ਅਤੇ ਘੰਟੇ ਵਧਾ ਕੇ ਉਨ੍ਹਾਂ ਦੀ ਲੁੱਟ ਵਧ ਗਈ ਹੈ। ਬਹੁਤੀਆਂ ਕੰਪਨੀਆਂ ਨੇ ਮਜ਼ਦੂਰਾਂ ਨੂੰ ਆਪਣੀ ਜ਼ਿੰਦਗੀ ਨੂੰ ਕੰਮ ਦੇ ਮੁਤਾਬਿਕ ਢਾਲ ਲੈਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਮਜ਼ਦੂਰਾਂ ਦੇ ਜਾਗਦੇ ਰਹਿਣ ਦਾ ਪੂਰਾ ਸਮਾਂ ਕੰਮ ਮੁਕਾਉਣ ਲਈ ਨਵੀਆਂ ਅੰਤਿਮ ਹੱਦਾਂ ਮਿੱਥਣ ਅਤੇ ਨਵੇਂ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ ਵਰਤਣ ਲਈ ਨਵੇਂ ਕਦਮ ਉਠਾ ਰਹੇ ਹਨ। ਆਈ ਟੀ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਦੇ ਕਰਮਚਾਰੀਆਂ ਅਨੁਸਾਰ, ਜਿਹੜੇ ਪ੍ਰਾਜੈਕਟ ਅਜੇ ਤਿੰਨ ਮਹੀਨਿਆਂ ਤੋਂ ਬਾਅਦ ਸ਼ੁਰੂ ਹੋਣੇ ਸਨ, ਉਹ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ, ਤਾਂ ਕਿ “ਕੰਪਨੀ ਦਾ ਬਿਜ਼ਨਿਸ ਚੱਲਦਾ ਰਹੇ”। ਇਹਦੇ ਨਾਲ ਮਜ਼ਦੂਰਾਂ ਉੱਤੇ ਕੰਮ ਦਾ ਭਾਰ ਵਧ ਗਿਆ ਹੈ। ਮਜ਼ਦੂਰਾਂ ਨੂੰ ਅਕਸਰ ਹੀ 16-18 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਬਰੇਕ ਬਹੁਤ ਘੱਟ ਜਾਂ ਬਿੱਲਕੁਲ ਹੀ ਨਹੀਂ ਦਿੱਤੀ ਜਾਂਦੀ। ਕੰਮ ਦੇ ਨਿਯਮਿਤ ਘੰਟੇ ਪੂਰੇ ਹੋ ਜਾਣ ਤੋਂ ਬਾਅਦ ਕੰਮ ਕਰਨ ਲਈ ਓਵਰਟਾਈਮ ਵੇਤਨ ਦੇਣਾ ਬਿੱਲਕੁਲ ਹੀ ਖਤਮ ਕਰ ਦਿੱਤਾ ਗਿਆ ਹੈ। ਅਜੇਹੇ ਹਾਲਾਤ ਸਵੀਕਾਰ ਕਰਾਉਣ ਲਈ ਮਜ਼ਦੂਰਾਂ ਨੂੰ ਕੰਪਨੀ ਬੰਦ ਕਰ ਦੇਣ ਅਤੇ ਛਾਂਟੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਕੰਪਨੀਆਂ ਵਲੋਂ ਉੱਚ ਰਫਤਾਰ ਇੰਟਰਨੈਟ ਅਤੇ ਹੋਰ ਸਮਾਨ ਅਤੇ ਸਾਫਟ ਵੇਅਰ ਵੀ ਨਹੀਂ ਮੁਹੱਈਆ ਕੀਤਾ ਜਾਂਦਾ ਅਤੇ ਨਾ ਹੀ ਕੰਮ ਕਰਨ ਲਈ ਕੋਈ ਜਗ੍ਹਾ ਦਿੱਤੀ ਜਾਂਦੀ ਹੈ। ਇਸ ਨਾਲ ਮਜ਼ਦੂਰਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਨਵੇਂ ਹਾਲਾਤਾਂ ਨਾਲ ਨਿਪਟਣ ਲਈ ਨਾ ਤਾਂ ਰਾਜ ਅਤੇ ਨਾ ਹੀ ਕੰਪਨੀਆਂ ਮਜ਼ਦੂਰਾਂ ਨੂੰ ਕੋਈ ਸਵਾਸਥ ਸੇਵਾ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ।

ਕੰਮ ਅਤੇ ਜ਼ਿੰਦਗੀ ਵਿਚਕਾਰ ਸੰਤੁਲਨ ਬਿੱਲਕੁਲ ਹੀ ਵਿਗੜ ਚੁੱਕਾ ਹੈ। ਮਜ਼ਦੂਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਵਕਤ ਕੰਮ ਤੋਂ ਆਉਣ ਵਾਲੀਆਂ ਟੈਲੀਫੋਨ ਕਾਲਾਂ ਅਤੇ ਈ-ਮੇਲਾਂ ਦਾ ਜਵਾਬ ਦੇਣ। ਘਰੋਂ ਕੰਮ ਕਰਨ ਨਾਲ ਮਜ਼ਦੂਰਾਂ ਉੱਤੇ ਦਬਾ ਏਨਾ ਵਧ ਗਿਆ ਹੈ ਕਿ ਉਨ੍ਹਾਂ ਕੋਲ ਘਰ ਦੇ ਕੰਮਾਂ ਅਤੇ ਬੱਚਿਆਂ ਤੇ ਬਜ਼ੁਰਗਾਂ ਦੀ ਦੇਖ-ਭਾਲ ਕਰਨ ਅਤੇ ਹੋਰ ਜ਼ਿਮੇਵਾਰੀਆਂ ਨਿਭਾਉਣ ਲਈ ਮੁਸ਼ਕਲ ਨਾਲ ਹੀ ਕੋਈ ਸਮਾਂ ਬਚਦਾ ਹੈ। ਕਿੰਡਰਗਾਰਟਨ, ਡੇ-ਕੇਅਰ ਸੈਂਟਰਾਂ ਅਤੇ ਸਕੂਲਾਂ ਦੇ ਬੰਦ ਹੋ ਜਾਣ ਨਾਲ ਕੰਮ ਕਰਨ ਵਾਲੀਆਂ ਮਾਵਾਂ ਅਤੇ ਪਿਤਾਵਾਂ ਲਈ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਵਿੱਚ ਮੱਦਦ ਦੇਣ, ਸਮਾਜਿਕ ਇਕੱਲਤਾ ਨਾਲ ਸਿਝਣ ਲਈ ਸਹਾਇਤਾ ਕਰਨ ਦੀਆਂ ਜ਼ਿਮੇਵਾਰੀਆਂ ਵਧ ਗਈਆਂ ਹਨ। ਉਨ੍ਹਾਂ ਵਿੱਚ ਸਾਹ-ਸੱਤ ਹੀ ਨਹੀਂ ਬਚਿਆ।

ਇਨ੍ਹਾਂ ਸਾਰੀਆਂ ਚੀਜ਼ਾਂ, ਨੀਂਦ ਨਾ ਆਉਣਾ ਅਤੇ ਚਿੰਤਾ ਨਾਲ ਸਬੰਧਤ ਬੀਮਾਰੀਆਂ, ਨਾਲ ਮਜ਼ਦੂਰਾਂ ਉੱਤੇ ਬੋਝ ਬਹੁਤ ਵਧ ਗਿਆ ਹੈ। ਪ੍ਰਵਾਰਿਕ ਅਤੇ ਸਮਾਜਿਕ ਰਿਸ਼ਤਿਆਂ ਵਿਚ ਤਨਾਓ ਵਧ ਗਿਆ ਹੈ।

ਮਜ਼ਦੂਰ ਜਥੇਬੰਦ ਹੋ ਰਹੇ ਹਨ ਅਤੇ ਇਸ ਘੋਰ ਲੁੱਟ ਨੂੰ ਖਤਮ ਕੀਤੇ ਜਾਣ ਦੀ ਮੰਗ ਕਰ ਰਹੇ ਹਨ

ਆਈ ਟੀ ਅਤੇ ਹੋਰ ਸੇਵਾਵਾਂ ਦੇ ਮਜ਼ਦੂਰ ਜਥੇਬੰਦ ਹੋ ਰਹੇ ਹਨ ਅਤੇ ਕੰਮ-ਭਾਰ ਅਤੇ ਕੰਮ ਦੇ ਘੰਟੇ ਵਧਾ ਦਿੱਤੇ ਜਾਣ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਰਹੇ ਹਨ। ਆਈ ਟੀ ਮਜ਼ਦੂਰਾਂ ਦੀ ਯੂਨੀਅਨ, ਯੂਨਾਈਟ ਨੇ ਖਾਸ ਤੌਰ ਉੱਤੇ ਇਹ ਮੰਗ ਉਠਾਈ ਹੈ ਕਿ ਲਾਕਡਾਊਨ ਦੁਰਾਨ ਕੰਮ ਦੇ ਘੰਟੇ ਘਟਾ ਕੇ 6 ਘੰਟੇ ਕਰ ਦੇਣੇ ਚਾਹੀਦੇ ਹਨ ਅਤੇ ਉਤਪਾਦਿਕਤਾ ਦਾ ਪਹਿਲਾਂ ਜਿੰਨਾ ਪੱਧਰ ਕਾਇਮ ਰੱਖਣ ਦੀ ਉਮੀਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਲਾਕਡਾਊਨ ਦੁਰਾਨ ਇੰਟਰਨੈਟ ਅਤੇ ਬਿਜਲੀ ਦਾ ਖਰਚਾ ਕੰਪਨੀਆਂ ਨੂੰ ਦੇਣਾ ਚਾਹੀਦਾ ਹੈ। ਮਜ਼ਦੂਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸਰਕਾਰ ਇਹ ਕਾਨੂੰਨ ਲਾਗੂ ਕਰੇ ਕਿ ਮਜ਼ਦੂਰਾਂ ਨੂੰ ਕੰਮ ਦੇ ਘੰਟੇ ਖਤਮ ਹੋਣ ਉਤੇ ਆਪਣਾ ਕੁਨੈਕਸ਼ਨ ਤੋੜ ਦੇਣ ਦਾ ਹੱਕ ਹੈ।

ਸਰਮਾਏਦਾਰ ਹਰ ਉਹ ਕਦਮ ਉਠਾ ਰਹੇ ਹਨ ਕਿ ਕੋਵਿਡ-19 ਲਾਕਡਾਊਨ ਕਾਰਨ ਉਨ੍ਹਾਂ ਦੇ ਮੁਨਾਫੇ ਉੱਤੇ ਘੱਟ ਤੋਂ ਘੱਟ ਅਸਰ ਹੋਵੇ, ਭਾਵੇਂ ਇਸ ਨਾਲ ਮਜ਼ਦੂਰਾਂ ਦੀ ਸੇਹਤ ਅਤੇ ਮਾਨਸਿਕ ਅਵੱਸਥਾ ਉੱਤੇ ਭੈੜਾ ਅਸਰ ਹੋ ਜਾਵੇ। ਸਰਮਾਏਦਾਰਾਂ ਵਲੋਂ ਕੋਵਿਡ 19 ਲਾਕਡਾਊਨ ਦੁਰਾਨ ਘਰੋਂ ਕੰਮ ਕਰਾਉਣ ਦੇ ਉਠਾਏ ਗਏ ਕਦਮ ਇੱਕ ਵਾਰੀ ਫਿਰ ਇਹ ਸਾਬਤ ਕਰਦੇ ਹਨ ਕਿ ਪੂੰਜੀਵਾਦ ਇੱਕ ਸਿਰੇ ਦਾ ਅਣਮਨੁੱਖੀ ਢਾਂਚਾ ਹੈ, ਜੋ ਕੇਵਲ ਸਰਮਾਏਦਾਰਾ ਜਮਾਤ ਦੇ ਮੁਨਾਫਿਆਂ ਦਾ ਖਿਆਲ ਰੱਖਦਾ ਹੈ। ਮਜ਼ਦੂਰ, ਜਿਨ੍ਹਾਂ ਦੀ ਲੁੱਟ ਸਰਮਾਏਦਾਰਾਂ ਦੇ ਮੁਨਾਫਿਆਂ ਦਾ ਸਰੋਤ ਹੈ, ਉਨ੍ਹਾਂ ਬਾਰੇ ਇਹ ਪੂੰਜੀਵਾਦੀ ਢਾਂਚਾ ਬਿੱਲਕੁਲ ਹੀ ਫਿਕਰਮੰਦ ਨਹੀਂ।

Share and Enjoy !

Shares

Leave a Reply

Your email address will not be published. Required fields are marked *