ਹਿੰਦੋਸਤਾਨ ਗ਼ਦਰ ਪਾਰਟੀ ਦੀ ਵਿਰਾਸਤ ਦਾ ਸਨਮਾਨ ਕਰਨ ਦਾ ਮਤਲਬ ਹੈ ਇੱਕ ਅਜਿਹੇ ਹਿੰਦੋਸਤਾਨ ਦੇ ਲਈ ਅਣਥੱਕ ਮਿਹਨਤ ਕਰਨਾ ਜਿਸ ਵਿੱਚ ਮਿਹਨਤਕਸ਼ ਲੋਕ ਖੁਦ ਆਪਣੀ ਕਿਸਮਤ ਦੇ ਮਾਲਕ ਹੋਣਗੇ!

21 ਅਪ੍ਰੈਲ ਨੂੰ ਅਸੀਂ ਹਿੰਦੋਸਤਾਨ ਗ਼ਦਰ ਪਾਰਟੀ ਦੀ 108ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਉੱਤਰੀ ਅਮਰੀਕਾ ਵਿੱਚ ਰਹਿਣ ਵਾਲੇ ਹਿੰਦੋਸਤਾਨੀ ਮਿਹਨਤਕਸ਼ ਲੋਕਾਂ ਨੇ ਬਸਤੀਵਾਦੀ ਰਾਜ ਤੋਂ ਹਿੰਦੋਸਤਾਨ ਦੀ ਮੁਕਤੀ ਅਤੇ ਇੱਕ ਅਜਿਹੇ ਹਿੰਦੋਸਤਾਨ ਨੂੰ ਬਨਾਉਣ ਦੇ ਲਈ, ਜਿਸ ਵਿੱਚ ਸਾਡੇ ਲੋਕਾਂ ਦੀ ਮਿਹਨਤ ਅਤੇ ਸਾਧਨਾਂ ਦੀ ਲੁੱਟ ਨਹੀਂ ਹੋਵੇਗੀ, ਦੇ ਲਈ ਇਸ ਦਾ ਗਠਨ ਕੀਤਾ ਸੀ। ਅਜਿਹੇ ਸਮੇਂ, ਜਦ ਹਿੰਦੋਸਤਾਨੀ ਸਰਮਾਏਦਾਰਾਂ ਅਤੇ ਜਗੀਰਦਾਰਾਂ ਦਾ ਪ੍ਰਮੁੱਖ ਰਾਜਨੀਤਕ ਸੰਗਠਨ, ਭਾਰਤੀ ਰਾਸ਼ਟਰੀ ਕਾਂਗਰਸ, ਬਰਤਾਨਵੀ ਸਮਰਾਜ ਅਤੇ ਬਰਤਾਨਵੀ ਸੰਸਦਵਾਦ ਦਾ ਗੁਣਗਾਨ ਕਰ ਰਹੀ ਸੀ, ਗ਼ਦਰ ਪਾਰਟੀ ਨੇ ਇਸ ਬਸਤੀਵਾਦੀ ਰਾਜ, ਜਿਸਨੂੰ ਹਿੰਦੋਸਤਾਨੀ ਲੋਕ ਸਖ਼ਤ ਨਫ਼ਰਤ ਕਰਦੇ ਸਨ, ਅਜਿਹੀ ਰਾਜ ਸੱਤਾ ਨੂੰ ਉਖਾੜ ਦੇਣ ਦਾ ਆਪਣਾ ਸਪੱਸ਼ਟ ਨਿਸ਼ਾਨਾ, ਲੋਕਾਂ ਦੇ ਸਾਹਮਣੇ ਰੱਖਿਆ। ਇਸ ਨਿਸ਼ਾਨੇ ਵਿੱਚ ਉਹ 1857 ਦੇ ਗ਼ਦਰ ਦੇ ਇਨਕਲਾਬੀਆਂ ਤੋਂ ਪ੍ਰੇਰਤ ਸਨ। ਨਵੀਂ ਪਾਰਟੀ ਨੇ 1857 ਦੇ ਗ਼ਦਰ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦਾ ਸੰਕਲਪ ਲਿਆ। ਬਸਤੀਵਾਦੀਆਂ ਵਲੋਂ ਗ਼ਦਰ ਪਾਰਟੀ ਦੇ ਖ਼ਿਲਾਫ਼ ਕੀਤੇ ਗਏ ਕਰੂਰ ਅੱਤਿਆਚਾਰ ਦੇ ਬਾਵਜੂਦ, ਗ਼ਦਰ ਪਾਰਟੀ ਆਪਣੇ ਇਸ ਉਦੇਸ਼ ਤੋਂ ਕਦੇ ਵੀ ਨਹੀਂ ਉੱਕੀ।

ਵਿਦੇਸ਼ੀ ਹਕੂਮਤ ਦੇ ਖ਼ਿਲਾਫ਼ ਉਹਦੇ ਅਟੁੱਟ ਅਤੇ ਦ੍ਰਿੜ ਨਿਸ਼ਚੇ ਦੇ ਲਈ, ਇੱਕ ਨਵੇਂ ਹਿੰਦੋਸਤਾਨ ਦੇ ਲਈ ਉਹਦੀ ਬੁਲੰਦ ਕਲਪਣਾ ਅਤੇ ਦੂਰਦਰਸ਼ਿਤਾ ਦੇ ਲਈ ਅਤੇ ਉਹਦੇ ਯੋਧਿਆਂ ਦੀ ਦ੍ਰਿੜ ਬਹਾਦਰੀ ਅਤੇ ਬਲੀਦਾਨ ਦੇ ਲਈ, ਹਿੰਦੋਸਤਾਨੀ ਲੋਕਾਂ ਨੇ ਹਮੇਸ਼ਾ ਹਿੰਦੋਸਤਾਨੀ ਗ਼ਦਰ ਪਾਰਟੀ ਦੀ ਯਾਦ ਨੂੰ ਬਹੁਤ ਇੱਜ਼ਤ ਨਾਲ ਸਨਮਾਨ ਦਿੱਤਾ ਹੈ।

ਗ਼ਦਰ ਪਾਰਟੀ ਅਤੇ ਹਿੰਦੋਸਤਾਨੀ ਲੋਕਾਂ ਦੇ ਹੋਰ ਦੇਸ਼ ਭਗਤ ਸੰਗਠਨਾਂ ਵਲੋਂ ਕੀਤੀਆਂ ਗਈਆਂ ਮਹਾਨ ਕੁਰਬਾਨੀਆਂ ਦੇ ਬਾਵਜੂਦ, ਕੌੜਾ ਸੱਚ ਇਹ ਹੈ ਕਿ ਅੱਜ ਵੀ ਸਾਡੇ ਲੋਕ, ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਦੱਬੇ-ਕੁਚਲੇ ਅਤੇ ਲੁੱਟੇ ਜਾਂਦੇ ਲੋਕਾਂ ਵਿੱਚੋਂ ਇੱਕ ਹਨ। ਅੱਜ, ਸੱਤਾ ਵਿੱਚ ਬੈਠੇ ਹਿੰਦੋਸਤਾਨੀ ਸਰਮਾਏਦਾਰ ਵਰਗ ਦੇ ਪ੍ਰਤੀਨਿਧੀਆਂ ਨੇ, ਮਿਹਨਤਕਸ਼ ਲੋਕਾਂ ਦੇ ਸੋਸ਼ਣ ਨੂੰ ਉਸ ਪੱਧਰ ਤੱਕ ਪਹੁੰਚਾ ਦਿੱਤਾ ਹੈ, ਜੋ ਬਸਤੀਵਾਦਵਾਦੀ ਰਾਜ ਦੇ ਸਮੇਂ ਵੀ ਨਹੀਂ ਦੇਖਿਆ ਗਿਆ ਸੀ। ਜੋ ਵੀ ਇਨ੍ਹਾਂ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਸਬਕ ਸਿਖਾਉਣ ਦੇ ਲਈ ਉਹ ਇੰਨੇ ਕਰੂਰ ਢੰਗ-ਤਰੀਕੇ ਅਪਣਾਉਂਦੇ ਹਨ, ਜਿਨ੍ਹਾਂ ਦੀ ਕਲਪਣਾ ਬਸਤੀਵਾਦੀ ਹਕੂਮਤ ਨੇ ਵੀ ਨਹੀਂ ਕੀਤੀ ਸੀ। ਇਨ੍ਹਾਂ ਹਾਲਤਾਂ ਵਿੱਚ, ਅੱਜ ਗ਼ਦਰੀ ਬਾਬਿਆਂ ਦੀ ਵਿਰਾਸਤ ਦਾ ਸਨਮਾਨ ਕਰਨ ਦਾ ਅਰਥ ਹੈ ਕਿ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ, ਉਨ੍ਹਾਂ ਵਾਂਗ ਹੀ ਕੰਮ ਕਰਨਾ, ਜਿਹਾ ਉਨ੍ਹਾਂ ਨੇ ਆਪਣੇ ਸਮੇਂ ਵਿੱਚ ਕੀਤਾ ਸੀ – ਜਾਣੀ ਆਪਣੇ ਬਾਰੇ ਵਿੱਚ ਸੋਚੇ ਬਿਨਾਂ, ਅਥੱਕ ਯਤਨ ਕਰਨਾ, ਉਨ੍ਹਾਂ ਤਾਕਤਾਂ ਦੇ ਖ਼ਿਲਾਫ਼ ਜੋ ਲੋਕਾਂ ਨੂੰ ਵੰਡਣ ਅਤੇ ਅਤੇ ਉਨ੍ਹਾਂ ਦੀ ਲੁੱਟ-ਖ਼ਸੁੱਟ ਨੂੰ ਹੋਰ ਵੀ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਅੱਤਿਆਚਾਰੀਆਂ ਅਤੇ ਉਨ੍ਹਾਂ ਦੇ ਏਜੰਟਾਂ ਦੇ ਸਾਹਮਣੇ ਦਰਿੜ ਰਹਿਣਾ ਅਤੇ ਬਿੱਲਕੁਲ ਨਿਡਰ ਹੋ ਕੇ ਪੇਸ਼ ਹੋਣਾ। ਇਸਦਾ ਮਤਲਬ ਹੈ ਕਿ ਆਪਣੇ ਦੇਸ਼, ਹਿੰਦੋਸਤਾਨ ਦੇ ਨਵ-ਨਿਰਮਾਣ ਦੇ ਲਈ ਪੂਰੀ ਤਾਕਤ ਅਤੇ ਲਗਨ ਨਾਲ ਕੰਮ ਕਰਨਾ।

ਹਿੰਦੋਸਤਾਨ ਗ਼ਦਰ ਪਾਰਟੀ ਨੇ, ਹਿੰਦੋਸਤਾਨ ਅਤੇ ਵਿਦੇਸ਼ਾਂ ਵਿੱਚ ਆਪਣੇ ਲੋਕਾਂ ਦੇ ਸੋਸ਼ਣ ਅਤੇ ਦਮਨ ਨੂੰ ਖ਼ਤਮ ਕਰਨ ਦੇ ਲਈ ਸੰਘਰਸ਼ ਕੀਤਾ

ਉਨੀਵੀਂ ਸਦੀ ਵਿੱਚ ਜਿਵੇਂ-ਜਿਵੇਂ ਬਰਤਾਨਵੀ ਬਸਤੀਵਾਦੀਆਂ ਨੇ ਹਿੰਦੋਸਤਾਨ ਦੀ ਲੁੱਟ ਨੂੰ ਤੇਜ਼ ਕੀਤਾ, ਦੇਸ਼ ਦੇ ਬੜੇ ਹਿੱਸੇ ਨੂੰ ਆਰਥਕ ਤਬਾਹੀ ਦਾ ਸਾਹਮਣਾ ਕਰਨਾ ਪਿਆ। ਏਸ ਕਰਕੇ ਸਾਡੇ ਦੇਸ਼ ਵਾਸੀਆਂ ਨੂੰ ਆਪਣੀ ਅਜੀਵਕਾ ਕਮਾਉਣ ਦੀ ਕੋਸ਼ਿਸ਼ ਵਿੱਚ, ਵੱਡੇ ਪੱਧਰ ‘ਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਣਾ ਪਿਆ। ਬਸਤੀਵਾਦੀਆਂ ਨੇ ਇਸਨੂੰ ਉਤਸ਼ਾਹਿਤ ਕੀਤਾ, ਕਿਉਂਕਿ ਉਨ੍ਹਾਂ ਨੂੰ ਆਪਣੇ ਬਾਗਾਂ ਵਿੱਚ ਕੰਮ ਕਰਨ, ਨਵੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਦੇ ਲਈ, ਜੰਗਲਾਂ ਨੂੰ ਸਾਫ਼ ਕਰਨ, ਰੇਲਾਂ ਵਿਛਾਉਣ ਅਤੇ ਆਪਣੇ ਕਾਰਖਾਨਿਆਂ ਵਿੱਚ ਕੰਮ ਕਰਨ ਦੇ ਲਈ ਸਸਤੀ ਜਾਂ ਬੰਧੂਆ ਕਿਰਤ ਦੀ ਲੋੜ ਸੀ। ਲੇਕਿਨ ਸਾਡੇ ਲੋਕ, ਜਿੱਥੇ ਵੀ ਗਏ ਉਨ੍ਹਾਂ ਨੂੰ ਬਸਤੀਵਾਦੀਆਂ ਅਤੇ ਸਾਮਰਾਜਵਾਦੀਆਂ ਦੇ ਹੱਥੋਂ ਨਸਲੀ ਭੇਦਭਾਵ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਗ਼ੁਲਾਮ ਦੇਸ਼ ਦੇ ਲੋਕਾਂ ਬਤੌਰ, ਉਨ੍ਹਾਂ ਨੂੰ ਹਰ ਜਗ੍ਹਾ ਬੇਇੱਜ਼ਤ ਹੋਣਾ ਪਿਆ।

ਆਪਣੇ ਅਪਮਾਨ ਅਤੇ ਮਾਤਭੂਮੀ ਦੀ ਗੁਲਾਮੀ ਤੋਂ ਨਰਾਜ਼, ਅਮਰੀਕਾ ਦੇ ਪੱਛਮੀ ਤੱਟ ਉੱਤੇ ਵਸੇ ਦੇਸ਼ਭਗਤ ਹਿੰਦੋਸਤਾਨੀਆਂ ਨੇ, 1913 ਵਿੱਚ ਇਕੱਠੇ ਹੋ ਕੇ ਹਿੰਦੋਸਤਾਨ ਗ਼ਦਰ ਪਾਰਟੀ ਬਨਾਉਣ ਦਾ ਬੀੜਾ ਚੁੱਕਿਆ। ਸ਼ੁਰੂ ਤੋਂ ਹੀ ਗ਼ਦਰ ਪਾਰਟੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹਦਾ ਉਦੇਸ਼ ਹਿੰਦੋਸਤਾਨ ਵਿੱਚੋਂ ਬਰਤਾਨਵੀ ਸਾਸ਼ਨ ਨੂੰ ਪੂਰੀ ਤਰ੍ਹਾਂ ਨਾਲ ਉਖਾੜ ਦੇਣਾ ਸੀ। ਆਪਣੇ ਪ੍ਰਸਿੱਧ ਅਖ਼ਬਾਰ ‘ਗ਼ਦਰ’ ਦੇ ਮੁੱਖ ਪੰਨੇ ਉੱਤੇ, ਉਨ੍ਹਾਂ ਨੇ ਬੜੀ ਬਹਾਦਰੀ ਨਾਲ, ਖੁਦ ਨੂੰ “ਅੰਗਰੇਜ਼ੀ ਰਾਜ ਦਾ ਦੁਸ਼ਮਣ” ਦੇ ਰੂਪ ਵਿੱਚ ਪਹਿਚਾਣ ਦਿੱਤੀ। ਗ਼ਦਰ ਦਾ ਪਹਿਲਾ ਅੰਕ ਹੀ ਇਨ੍ਹਾਂ ਪ੍ਰੇਰਣਾਦਾਇਕ ਸ਼ਬਦਾਂ ਨਾਲ ਸ਼ੁਰੂ ਹੋਇਆ।

ਸਾਡਾ ਨਾਂ ਕੀ ਹੈ? ਗ਼ਦਰ!
ਸਾਡਾ ਕੰਮ ਕੀ ਹੈ? ਗ਼ਦਰ!
ਇਨਕਲਾਬ ਕਿੱਥੇ ਹੋਵੇਗਾ? ਹਿੰਦੋਸਤਾਨ ਵਿੱਚ!

ਗ਼ਦਰ ਦੇ ਵਰਕਿਆਂ ਦੇ ਨਾਲ-ਨਾਲ, ਗ਼ਦਰ ਪਾਰਟੀ ਵਲੋਂ ਕੱਢੇ ਜਾਣ ਵਾਲੇ ਹੋਰ ਸਾਹਿਤ ਨੇ, ਦੇਸ਼ਭਗਤ ਹਿੰਦੋਸਤਾਨੀਆਂ ਨੂੰ ਸਿੱਖਿਅਤ ਅਤੇ ਪ੍ਰੇਰਤ ਕੀਤਾ। ਗ਼ਦਰ ਪਾਰਟੀ ਨੇ, ਹਿੰਦੋਸਤਾਨ ਉੱਤੇ ਜ਼ਬਰਦਸਤੀ ਕਬਜ਼ਾ ਜਮਾ ਕੇ ਬੈਠੀ ਬਰਤਾਨਵੀ ਬਸਤੀਵਾਦੀ ਹਕੂਮਤ ਦੇ ਜ਼ੁਲਮਾਂ ਦਾ ਪਰਦਾਫ਼ਾਸ਼ ਕੀਤਾ ਅਤੇ ਲੋਕਾਂ ਨੂੰ ਸਮਝਾਇਆ ਕਿ ਸੋਸ਼ਣ ਦੀ ਸਾਮਰਾਜਵਾਦੀ ਵਿਵਸਥਾ ਕਿਵੇਂ ਕੰਮ ਕਰਦੀ ਹੈ ਅਤੇ ਇੱਕ ਨਵੇਂ ਹਿੰਦੋਸਤਾਨ ਦੇ ਉੱਜਲ ਭਵਿੱਖ ਦੀ ਕਲਪਨਾ ਅਤੇ ਉਸਨੂੰ ਹਕੀਕਤ ਵਿੱਚ ਹਾਸਲ ਕਰਨ ਦੀ ਯੋਜਨਾ ਪੇਸ਼ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਗ਼ਦਰੀ ਨਾ ਕੇਵਲ ਬਰਤਾਨਵੀ ਸਾਸ਼ਨ ਦੇ ਵਿਰੁੱਧ ਜੁਝਾਰੂ ਕਾਰਵਾਈ ਦੇ ਹਮਾਇਤੀ ਸਨ, ਬਲਕਿ ਆਪਣੀ ਸੋਚ ਵਿੱਚ ਵੀ ਬਹੁਤ ਉੱਤਮ ਸਨ। ਉਨ੍ਹਾਂ ਨੇ ਸੰਯੁਕਤ ਰਾਜ  ਹਿੰਦੋਸਤਾਨ (ਯੁਨਾਈਟਡ ਸਟੇਟਸ ਆਫ਼ ਇੰਡੀਆ) ਦਾ ਇੱਕ ਸੰਘੀ ਗਣਰਾਜ ਸਥਾਪਤ ਕਰਨ ਦਾ ਪ੍ਰਸਤਾਵ ਸਾਹਮਣੇ ਰੱਖਿਆ, ਜਿਸ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦਰਜਾ ਮਿਲੇਗਾ। ਉਨ੍ਹਾਂ ਨੇ ਲੋਟੂਆਂ ਦੇ ਖ਼ਿਲਾਫ਼ ਸੰਘਰਸ਼ ਵਿੱਚ, ਹਿੰਦੋਸਤਾਨ ਵਿੱਚ ਵੱਖ-ਵੱਖ ਭਾਸ਼ਾਵਾਂ, ਧਰਮਾਂ ਅਤੇ ਸਮੁਦਾਇਆਂ ਦੇ ਬਾਵਜੂਦ, ਸਾਰੇ ਹਿੰਦੋਸਤਾਨੀ ਲੋਕਾਂ ਦੀ ਏਕਤਾ ਨੂੰ ਬਰਕਰਾਰ ਰੱਖਿਆ। ਉਨ੍ਹਾਂ ਦਾ ਲਕਸ਼ ਸੀ – ਸਮਾਜਕ ਅਤੇ ਰਾਸ਼ਟਰੀ ਮੁਕਤੀ ਅਤੇ ਇੱਕ ਅਜੇਹੇ ਨਵੇਂ ਸਮਾਜ ਦੀ ਰਚਨਾ, ਜਿਸ ਵਿੱਚ ਗਰੀਬੀ ਅਤੇ ਨਾਬਰਾਬਰੀ ਹਮੇਸ਼ਾ ਲਈ ਖ਼ਤਮ ਕਰ ਦਿੱਤੀ ਜਾਵੇਗੀ।

ਇਸਦੇ ਨਾਲ ਹੀ, ਹਿੰਦੋਸਤਾਨ ਗ਼ਦਰ ਪਾਰਟੀ ਨੇ ਵਿਦੇਸ਼ਾਂ ਵਿੱਚ ਵਸੇ ਹਿੰਦੋਸਤਾਨੀਆਂ ਨੂੰ ਨਸਲੀ ਵਿਤਕਰੇ ਅਤੇ ਦੁਰਵਿਵਹਾਰ ਦੇ ਖ਼ਿਲਾਫ਼, ਜੁਝਾਰੂ ਰੂਪ ਵਿੱਚ, ਆਪਣਾ ਬਚਾਅ ਕਰਨ ਦੇ ਲਈ ਸੰਗਠਿਤ ਕੀਤਾ। ਪਾਰਟੀ ਨੇ, ਉਨ੍ਹਾਂ ਨੂੰ ਸਮਝਾਇਆ ਕਿ ਕਿਵੇਂ ਵਿਦੇਸ਼ਾਂ ਵਿੱਚ ਹੋ ਰਹੇ ਉਨ੍ਹਾਂ ਦੇ ਸੋਸ਼ਣ ਦਾ ਉਨ੍ਹਾਂ ਦੀ ਮਾਤਭੂਮੀ ਦੀ ਗ਼ੁਲਾਮੀ ਨਾਲ ਸਿੱਧਾ ਸਬੰਧ ਹੈ। 1914 ਵਿੱਚ ‘ਕਾਮਾਗਾਟਾ ਮਾਰੂ’ ਦੀ ਘਟਨਾ ਦੁਰਾਨ, ਗ਼ਦਰ ਪਾਰਟੀ ਦੇ ਕਾਰਜਕਰਤਾਵਾਂ ਨੇ ਇੱਕ ਬਹੁਤ ਬੜੀ ਭੂਮਿਕਾ ਨਿਭਾਈ। ਕਨੇਡਾ ਦੇ ਸ਼ਹਿਰ ਵੈਨਕੂਵਰ ਨੂੰ ਜਾ ਰਹੇ, ਕਾਮਾਗਾਟਾ ਮਾਰੂ ਨਾਂ ਦੇ ਇੱਕ ਜਪਾਨੀ ਜਹਾਜ ਉੱਤੇ ਸੈਂਕੜੇ ਹਿੰਦੋਸਤਾਨੀ ਯਾਤਰੀਆਂ ਨੂੰ ਇੰਨੀ ਲੰਬੀ ਯਾਤਰਾ ਕਰਨ ਤੋਂ ਬਾਦ ਵੀ, ਜਹਾਜ਼ ਤੋਂ ਉੱਤਰਨ ਦੀ ਆਗਿਆ ਨਾ ਦਿੱਤੀ ਗਈ। ਇਸਦਾ ਕਾਰਨ ਸੀ – ਕਨੇਡਾ ਦੀ ਰਾਜ ਸੱਤਾ ਨੇ ਹਿੰਦੋਸਤਾਨੀਆਂ ਦੇ ਖ਼ਿਲਾਫ਼, ਨਸਲਵਾਦੀ ਕਾਨੂੰਨ ਬਣਾਏ ਹੋਏ ਸਨ। ਦੋ ਮਹੀਨਿਆਂ ਦੀ ਅਵਧੀ ਦੇ ਦੌਰਾਨ, ਜਿਸ ਵਿੱਚ ਹਿੰਦੋਸਤਾਨੀ ਯਾਤਰੀਆਂ ਨੂੰ, ਹਿੰਦੋਸਤਾਨ ਵਾਪਸ ਜਾਣ ਦੇ ਲਈ ਅਤੇ ਜਹਾਜ਼ ‘ਤੇ ਹੀ ਠਹਿਰਨ ਲਈ ਮਜ਼ਬੂਰ ਕੀਤਾ ਗਿਆ ਸੀ, ਗ਼ਦਰ ਪਾਰਟੀ ਦੇ ਕਾਰਜਕਰਤਾਵਾਂ ਨੇ, ਕਨੇਡਾ ਵਿੱਚ ਹਿੰਦੋਸਤਾਨੀ ਸਮੂਹ ਭਾਈਚਾਰੇ ਦੇ ਲੋਕਾਂ ਵਿੱਚੋਂ, ਕਾਮਾਗਾਟਾ ਮਾਰੂ ‘ਚ ਫ਼ਸੇ ਹਿੰਦੋਸਤਾਨੀਆਂ ਦੇ ਲਈ ਸਮੱਗਰੀ, ਨੈਤਿਕ ਅਤੇ ਕਾਨੂੰਨੀ ਮੱਦਦ ਦਾ ਪ੍ਰਬੰਧ ਕੀਤਾ।

ਹਿੰਦੋਸਤਾਨੀ ਗ਼ਦਰ ਪਾਰਟੀ ਦੇ ਕਾਰਜਕਰਤਾਵਾਂ ਨੇ, ਹਿੰਦੋਸਤਾਨ ਦੀ ਮੁਕਤੀ ਦੇ ਲਈ ਹਰ ਜਗ੍ਹਾ, ਹਿੰਦੋਸਤਾਨੀਆਂ ਨੂੰ ਇੱਕਜੁੱਟ ਕਰਨ ਲਈ ਅਣਥੱਕ ਮਿਹਨਤ ਅਤੇ ਕੁਸ਼ਲਤਾ ਨਾਲ ਕੰਮ ਕੀਤਾ। ਗ਼ਦਰ ਪਾਰਟੀ ਦੇ ਇਨਕਲਾਬੀ ਨੈੱਟਵਰਕ  ਕਈ ਥਾਵਾਂ ਦੇ ਸਰਗਰਮ ਸਨ, ਜਿੱਥੇ-ਜਿੱਥੇ ਹਿੰਦੋਸਤਾਨੀ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਸਨ। ਇਸ ਵਿੱਚ ਚੀਨ, ਜਪਾਨ, ਸਿਆਮ, ਮਲਾਇਆ, ਫ਼ਿਲੀਪੀਨਜ਼, ਸਿੰਘਾਪੁਰ, ਇਰਾਨ, ਅਫ਼ਗਾਨਿਸਤਾਨ ਦੇ ਨਾਲ-ਨਾਲ ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਵੀ ਸ਼ਾਮਲ ਸਨ। ‘ਗ਼ਦਰ’ ਅਖ਼ਬਾਰ ਦੀਆਂ ਦਹਿ-ਹਜ਼ਾਰਾਂ ਕਾਪੀਆਂ ਇਨ੍ਹਾਂ ਥਾਵਾਂ ‘ਤੇ, ਹਿੰਦੋਸਤਾਨੀਆਂ ਦੇ ਵਿੱਚ, ਨਿਯਮਤ ਰੂਪ ਵਿੱਚ ਵੰਡੀਆਂ ਜਾਂਦੀਆਂ ਸਨ ਅਤੇ ਗੁਪਤ ਤਰੀਕੇ ਨਾਲ, ਹਿੰਦੋਸਤਾਨ ਵਿੱਚ ਵੀ ਵਾਪਸ ਲਿਆਈਆਂ ਜਾਂਦੀਆਂ ਸਨ। ਇਹ ਜਾਣਦੇ ਹੋਏ ਕਿ ਬਰਤਾਨਵੀ ਸਾਮਰਾਜਵਾਦ, ਹਿੰਦੋਸਤਾਨ ਵਿੱਚ ਅਤੇ ਹੋਰ ਦੇਸ਼ਾਂ ਵਿੱਚ ਵੀ, ਲੋਕਾਂ ਦੀ ਗ਼ੁਲਾਮੀ ਕਾਇਮ ਰੱਖਣ ਦੇ ਲਈ ਹਿੰਦੋਸਤਾਨੀਆਂ ਦਾ ਇਸਤੇਮਾਲ ਕਰਨ ਉੱਤੇ ਨਿਰਭਰ ਸੀ, ਹਿੰਦੋਸਤਾਨ ਗ਼ਦਰ ਪਾਰਟੀ ਨੇ ਵਿਸੇਸ਼ ਰੂਪ ਨਾਲ, ਹਿੰਦੋਸਤਾਨੀ ਫੌਜੀਆਂ ਅਤੇ ਪੁਲਿਸ ਕਰਮੀਆਂ ਨੂੰ ਉਨ੍ਹਾਂ ਦੇ ਬਰਤਾਨਵੀ ਮਾਲਕਾਂ ਦੇ ਖ਼ਿਲਾਫ਼ ਲਾਮਬੰਦ ਕਰਨ ਦੇ ਵੀ ਯਤਨ ਕੀਤੇ। ਉਨ੍ਹਾਂ ਦਾ ਇਹ ਕੰਮ ਇੰਨਾ ਕਾਮਯਾਬ ਰਿਹਾ ਕਿ ਅੰਗਰੇਜ਼ਾਂ ਨੂੰ, ਕਈ ਸੈਨਾਂ ਟੁਕੜੀਆਂ ਨੂੰ, ਗ਼ਦਰ ਪ੍ਰਚਾਰ ਰਾਹੀਂ ਭ੍ਰਸ਼ਟ ਹੋ ਜਾਣ ਦੇ ਕਾਰਨ, ਪੂਰੀ ਦੀ ਪੂਰੀ ਰਜਮੈਂਟ ਨੂੰ ਵੀ ਭੰਗ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ। 1914 ਵਿੱਚ ਹਿੰਦੋਸਤਾਨ ਗ਼ਦਰ ਪਾਰਟੀ ਦੀ ਪ੍ਰੇਰਣਾ ਨਾਲ, ਸਿੰਘਾਪੁਰ ਵਿੱਚ ਤੈਨਾਤ 5ਵੀਂ ਲਾਈਟ ਇਂਫੈਨਟਰੀ ਦੇ ਸੈਂਕੜੈ ਹੀ ਸੈਨਕਾਂ ਨੇ ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਵਿਦਰੋਹ ਕਰ ਦਿੱਤਾ। 1857 ਦੇ ਮਹਾਨ ਗ਼ਦਰ ਤੋਂ ਬਾਦ, ਹਿੰਦੋਸਤਾਨੀ ਸੈਨਕਾਂ ਵਲੋਂ ਇਹ ਪਹਿਲਾ ਵਿਦਰੋਹ ਸੀ।

ਗ਼ਦਰ ਪਾਰਟੀ ਦਾ ਰਾਸ਼ਟਰਵਾਦ ਬਿਲਕੁੱਲ ਹੀ ਸੰਕੀਰਣ ਨਹੀਂ ਸੀ, ਬਲਕਿ ਉਨ੍ਹਾਂ ਨੇ ਅਨਿਆਂ, ਲੁੱਟ ਅਤੇ ਦਮਨ ਦੇ ਖ਼ਿਲਾਫ਼, ਹਰ ਜਗ੍ਹਾ ਲੋਕਾਂ ਦੇ ਸੰਘਰਸ਼ਾਂ ਦਾ ਸਮਰਥਨ ਕੀਤਾ ਸੀ। ਉਦਾਹਰਣ ਦੇ ਲਈ ਗ਼ਦਰ ਪਾਰਟੀ ਦੇ ਕਾਰਜਕਰਤਾਵਾਂ ਨੇ, ਆਪਣੇ-ਆਪਨੂੰ ਬੜੇ ਜੋਖ਼ਿਮ ਵਿੱਚ ਪਾ ਕੇ, ਚੀਨ ਵਿੱਚ ਬਰਤਾਨਵੀ ਰੈਜਮੈਂਟ ਵਿੱਚ ਤੈਨਾਤ ਹਿੰਦੋਸਤਾਨੀ ਸਿਪਾਹੀਆਂ ਵਿੱਚ ਘੁਸ ਕੇ, ਪੂਰੀ ਦੀ ਪੂਰੀ ਸੈਨਾ ਅਤੇ ਪੁਲਿਸ ਦੀਆਂ ਟੁਕੜੀਆਂ ਨੂੰ, ਚੀਨ ਦੇ ਲੋਕਾਂ ਉੱਤੇ ਗੋਲੀ ਚਲਾਉਣ ਤੋਂ ਮਨ੍ਹਾ ਕਰਨ ਦੇ ਲਈ ਰਾਜੀ ਕਰ ਲਿਆ ਸੀ। “ਅਰੇ ਭਾਈ”, ਗ਼ਦਰ ਦੀ ਗੂੰਜ ਵਿੱਚ, ਇੱਕ ਕਵਿਤਾ ਦੇ ਸ਼ਬਦ ਹਨ,

“ਚੀਨੇ ਭਾਈ ਹਨ ਵੀਰਨੋ ਅਸਾਂ ਦੇ,
ਭਾਈਆਂ ਨਾਲ ਨਾ ਤੁਸਾਂ ਫਸਾ ਜਾਵੇ।
ਸਗੋਂ ਕਰਨੀ ਮਦਤ ਤੁਸਾਂ ਚੀਨਿਆਂ ਦੀ,
ਦੁਸ਼ਮਣ ਉਹਨਾਂ ਨੂੰ ਮਤਾਂ ਦਬਾ ਜਾਵੇ।
ਹਿੰਦ ਚੀਨ ਤੁਰਕੀ ਸਕੇ ਹੈਨ ਭਾਈ,
ਵੈਰੀ ਇਹਨਾਂ ਨੂੰ ਦਾਗ਼ ਨਾ ਲਾ ਜਾਵੇ।”

(ਚੀਨੀ ਲੋਕਾਂ ਦੇ ਖ਼ਿਲਾਫ਼ ਯੁੱਧ ਮਤ ਲੜੋ। ਦੁਸ਼ਮਣ ਤੋਂ ਸਾਵਧਾਨ ਰਹੋ, ਜਿਸ ਨਾਲ ਉਹ ਆਪ ਨੂੰ ਧੋਖੇ ਨਾਲ ਵੀ, ਆਪਣੇ ਚੀਨੀ ਭਰਾਵਾਂ ਨਾਲ ਲੜਨ ਦੇ ਲਈ ਉਕਸਾ ਨਾ ਸਕੇ। ਦੁਸ਼ਮਣ ਭਰਾਵਾਂ ਨੂੰ ਵੰਡਦਾ ਹੈ ਅਤੇ ਉਨ੍ਹਾਂ ਨੂੰ ਇੱਕ-ਦੂਜੇ ਨੂੰ ਮਾਰ ਦੇਣ ਤੱਕ ਦੇ ਲਈ ਮਜ਼ਬੂਰ ਕਰਦਾ ਹੈ। ਹਿੰਦ, ਚੀਨ ਅਤੇ ਤੁਰਕੀ ਦੇ ਲੋਕ ਸਕੇ-ਭਰਾ ਹਨ।)

ਗ਼ਦਰ ਪਾਰਟੀ ਦੇ ਕਾਰਜਕਰਤਾਵਾਂ ਨੇ, ਹੋਰ ਦੇਸ਼ਾਂ ਵਿੱਚ ਸਾਮਰਾਜਵਾਦ-ਵਿਰੋਧੀ ਅਤੇ ਪ੍ਰਗਤੀਸ਼ੀਲ ਸੰਘਰਸ਼ਾਂ ਵਿੱਚ ਸਰਗਰਮ ਕਾਰਜਕਰਤਾਵਾਂ ਅਤੇ ਨੇਤਾਵਾਂ ਨਾਲ, ਸੰਪਰਕ ਕੀਤਾ ਅਤੇ ਉਨ੍ਹਾਂ ਦੇ ਨਾਲ ਮਿਲਕੇ ਕੰਮ ਕੀਤਾ।

ਹਿੰਦੋਸਤਾਨ ਗ਼ਦਰ ਪਾਰਟੀ ਨੂੰ, ਅੰਤਰਰਾਸ਼ਟਰੀ ਭੂ-ਰਾਜਨੀਤੀ ਦੀ ਚੰਗੀ ਸਮਝ ਸੀ। ਜਦੋਂ ਪਹਿਲੀ ਸੰਸਾਰ ਜੰਗ ਛਿੜੀ, ਤਾਂ ਉਨ੍ਹਾਂ ਨੇ ਤੁਰੰਤ ਐਸੇ ਸਮੇਂ, ਜਦੋਂ ਬਰਤਾਨਵੀ ਬਸਤੀਵਾਦੀ ਹੁਕਮਰਾਨ ਖੁਦ ਦਬਾ ਵਿੱਚ ਸਨ, ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਨ ਦੇ ਲਈ ਇੱਕ ਸੁਨਹਿਰੀ ਮੌਕੇ ਦੇ ਰੂਪ ਵਿੱਚ ਦੇਖਿਆ। ਉਨ੍ਹਾਂ ਨੇ, ਆਪਣੇ ਸਾਰੇ ਕਾਰਜਕਰਤਾਵਾਂ ਅਤੇ ਸਮਰਥਕਾਂ ਨੂੰ, ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਹਥਿਆਰਬੰਦ ਵਿਦਰੋਹ ਵਿੱਚ ਹਿੱਸਾ ਲੈਣ ਦੇ ਲਈ ਹਿੰਦੋਸਤਾਨ ਵਾਪਸ ਜਾਣ ਦਾ ਹੋਕਾ ਦਿੱਤਾ। ਕੁਛ ਹੀ ਸਮੇਂ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੋਸਤਾਨੀ ਵਿਦੇਸ਼ਾਂ ਤੋਂ ਵਾਪਸ ਆ ਗਏ। ਉਨ੍ਹਾਂ ਨੇ ਹਿੰਦੋਸਤਾਨ ਵਿੱਚ, ਹੋਰ ਬਸਤੀਵਾਦੀ-ਵਿਰੋਧੀ ਸੰਘਰਸ਼ਰਤ ਤਾਕਤਾਂ ਦੇ ਨਾਲ ਸੰਪਰਕ ਬਣਾਇਆ ਅਤੇ ਹਥਿਆਰਬੰਦ ਵਿਦਰੋਹ ਸ਼ੁਰੂ ਕਰਨ ਦੀ ਤਿਆਰੀ ਕੀਤੀ। ਬਦਕਿਸਮਤ ਨਾਲ, ਵਿਸ਼ਵਾਸਘਾਤ ਦੇ ਕਾਰਨ, ਬਰਤਾਨਵੀ ਬਸਤੀਵਾਦੀਆਂ ਨੂੰ, ਉਨ੍ਹਾਂ ਦੀਆਂ ਯੋਜਨਾਵਾਂ ਦੇ ਬਾਰੇ ਪਤਾ ਲੱਗ ਗਿਆ ਅਤੇ ਇਸ ਤਰ੍ਹਾਂ ਇਸ ਸੰਘਰਸ਼ ਵਿੱਚ ਸ਼ਾਮਲ ਲੋਕਾਂ ਦੇ ਖ਼ਿਲਾਫ਼, ਬਰਤਾਨਵੀ ਹਕੂਮਤ ਨੇ ਉਨ੍ਹਾਂ ਨੂੰ ਕੁਚਲਣ ਦੇ ਲਈ ਤੁਰੰਤ ਇੱਕ ਹਮਲਾ ਕੀਤਾ। 1915 ਅਤੇ 1917 ਦੇ ਵਿੱਚ, ਗ਼ਦਰ ਪਾਰਟੀ ਦੇ ਸੈਕੜੇ ਯੋਧਿਆਂ ਨੂੰ ਫੜ ਕੇ ਬਰਤਾਨਵੀ ਹਕੂਮਤ ਨੇ ਅੰਡੇਮਾਨ ਦੀਆਂ ਜੇਹਲਾਂ ਵਿੱਚ ਭੇਜ ਦਿੱਤਾ, ਉਨ੍ਹਾਂ ਨੂੰ ਜਾਂ ਤਾਂ ਸਖ਼ਤ ਜੇਹਲ ਦੀ ਸਜ਼ਾ ਦਿੱਤੀ ਗਈ ਜਾਂ ਉਨ੍ਹਾਂ ਨੂੰ ਜਾਨ ਤੋਂ ਹੀ ਮਾਰ ਦਿੱਤਾ ਗਿਆ।

ਅੰਗਰੇਜ਼ਾਂ ਨੂੰ ਲੱਗਿਆ ਕਿ ਉਨ੍ਹਾਂ ਨੇ ਗ਼ਦਰ ਪਾਰਟੀ ਨੂੰ ਕੁਚਲ ਕੇ ਖ਼ਤਮ ਕਰ ਦਿੱਤਾ ਹੈ। ਹਾਲਾਂ ਕਿ ਐਸਾ ਕੁੱਝ ਵੀ ਨਹੀਂ ਹੋਇਆ, ਉਨ੍ਹਾਂ ਦਾ ਸੰਘਰਸ਼ ਜਾਰੀ ਰਿਹਾ। ਪਾਰਟੀ ਦੇ ਮੈਂਬਰਾਂ ਅਤੇ ਕਾਰਜਕਰਤਾਵਾਂ ਨੇ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਲੜਨ ਦੇ ਲਈ ਹਿੰਦੋਸਤਾਨ ਅਤੇ ਦੁਨੀਆਂਭਰ ਵਿੱਚ, ਸਾਰੇ ਹਿੰਦੋਸਤਾਨੀਆਂ ਨੂੰ ਸਰਗਰਮ ਰੂਪ ਨਾਲ ਸੰਗਠਤ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਬਸਤੀਵਾਦੀ ਹਾਕਮਾਂ ਨੂੰ ਇੱਕ ਪਲ ਦੇ ਲਈ ਵੀ, ਚੈਨ ਦਾ ਸਾਹ ਨਹੀਂ ਲੈਣ ਦਿੱਤਾ।

1917 ਵਿੱਚ ਰੂਸ ਵਿੱਚ ਅਕਤੂਬਰ ਇਨਕਲਾਬ ਦੀ ਜਿੱਤ ਤੋਂ ਬਾਦ, ਗ਼ਦਰ ਪਾਰਟੀ ਦੇ ਕਈ ਮੈਂਬਰ, ਸਮਾਜਵਾਦ ਅਤੇ ਸਾਮਵਾਦ ਦੇ ਆਦਰਸ਼ਾਂ ਤੋਂ ਬਹੁਤ ਪ੍ਰਭਾਵਤ ਅਤੇ ਪ੍ਰੇਰਤ ਹੋਏ। ਪਾਰਟੀ ਦੇ ਪ੍ਰੋਗਰਾਮ ਅਤੇ ਇਸਦੇ ਉਦੇਸ਼ਾਂ ਦਾ ਵਿਸਤਾਰ ਹੋਇਆ, ਹਰ ਤਰ੍ਹਾਂ ਦੇ ਸਰਮਾਏਦਾਰਾ ਅਤੇ ਸਾਮਰਾਜਵਾਦੀ ਸੋਸ਼ਣ ਤੋਂ ਮੁਕਤ ਇੱਕ ਨਵੇਂ ਹਿੰਦੋਸਤਾਨ ਦੀ ਕਲਪਣਾ ਅਪਣਾਈ ਗਈ, ਇੱਕ ਅਜਿਹੇ ਹਿੰਦੋਸਤਾਨ ਦੀ ਰਚਨਾ ਕਰਨਾ, ਜਿੱਥੇ ਲੋਕ ਆਪਣੀ ਮਿਹਨਤ ਅਤੇ ਸਾਧਨਾਂ ਦੇ ਮਾਲਕ ਖੁਦ ਹੋਣਗੇ। ਗ਼ਦਰ ਪਾਰਟੀ ਦੇ ਕੰਮ ਅਤੇ ਵਿਚਾਰਾਂ ਦਾ, ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀਆਂ ਅਤੇ ਹੋਰ ਇਨਕਲਾਬੀ ਸੰਗਠਨਾਂ ਉੱਤੇ ਬਹੁਤ ਅਸਰ ਪਿਆ। ਇਸ ਤਰ੍ਹਾਂ ਨਾਲ ਗ਼ਦਰ ਪਾਰਟੀ ਨੇ, ਹਿੰਦੋਸਤਾਨ ਵਿੱਚ ਬਰਤਾਨਵੀ ਹਕੂਮਤ ਦੇ ਖ਼ਿਲਾਫ਼ ਵਧਦੇ ਸੰਕਟ ਨੂੰ ਹੋਰ ਵੀ ਗਹਿਰਾ ਕਰਨ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਦਿੱਤਾ।

1947 ਵਿੱਚ ਸੱਤਾ ਵਿੱਚ ਆਈ ਸਰਮਾਏਦਾਰ ਜਮਾਤ ਨੇ ਸੱਚੀ ਅਜ਼ਾਦੀ ਦੇ ਲਈ ਲੜ ਰਹੇ ਹਿੰਦੋਸਤਾਨੀਆਂ ਦੀਆਂ ਆਸਾਂ-ਉਮੀਦਾਂ ਨਾਲ ਵਿਸਾਹਘਾਤ ਕੀਤਾ

ਹਿੰਦੋਸਤਾਨੀ ਗ਼ਦਰ ਪਾਰਟੀ ਦੇ ਕੰਮ ਵਿੱਚ ਇੱਕ ਗੱਲ ਜੋ ਸਭ ਤੋਂ ਅਲੱਗ, ਸਪੱਸ਼ਟ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਉਹ ਆਮ ਹਿੰਦੋਸਤਾਨੀ ਮਜ਼ਦੂਰਾਂ, ਕਿਸਾਨਾਂ, ਸੈਨਿਕਾਂ ਅਤੇ ਦੇਸ਼ਭਗਤ ਬੁੱਧੀਜੀਵੀਆਂ ਦੇ ਸਮਰਥਨ ਉੱਤੇ ਅਧਾਰਤ ਸੀ। ਦੂਜੀ ਗੱਲ ਜੋ ਵੀ ਸਪੱਸ਼ਟ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਉਸਨੇ ਲੁਟੇਰਿਆਂ ਦੇ ਨਾਲ ਸਮਝੌਤਾ ਕਰਨ, ਬਸਤੀਵਾਦੀ ਹਕੂਮਤ ਜਾਂ ਲੁੱਟ ਅਤੇ ਸੋਸ਼ਣ ਦੀ ਸਾਮਰਾਜਵਾਦੀ ਵਿਵਸਥਾ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ ਦੇ ਰਸਤੇ ਨੂੰ ਪੂਰੀ ਤਰ੍ਹਾਂ ਨਾਲ ਠੁਕਰਾ ਦਿੱਤਾ ਸੀ। ਪਾਰਟੀ ਨੇ, ਮੌਜੂਦਾ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਤਹਿਸ-ਨਹਿਸ ਕਰਕੇ, ਉਸ ਤੋਂ ਪੂਰੀ ਤਰ੍ਹਾਂ ਨਾਤਾ ਤੋੜ ਕੇ, ਇੱਕ ਨਵੀਂ ਨੀਂਹ ਉੱਤੇ ਬਣੇ ਇੱਕ ਨਵੇਂ ਹਿੰਦੋਸਤਾਨ ਦੀ ਸਥਾਪਨਾ ਦੇ ਲਈ ਸੰਘਰਸ਼ ਕੀਤਾ।

ਇਹ ਰਸਤਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਵਾਲੇ ਸਰਮਾਏਦਾਰਾ ਰਾਸ਼ਟਰਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਦੇ ਬਿੱਲਕੁਲ ਉਲਟ ਸੀ। ਹਿੰਦੋਸਤਾਨੀ ਸਰਮਾਏਦਾਰਾ ਵਰਗ ਨੇ, ਆਪਣੇ ਸੰਗਠਨਾਂ ਦੇ ਰਾਹੀਂ, ਹਰ ਸਮੇਂ ਬਸਤੀਵਾਦੀ ਵਿਵਸਥਾ ਦੇ ਨਾਲ ਅਤੇ ਉਸ ਦੇ ਅੰਦਰ ਕੰਮ ਕਰਨ ਦੇ ਤਰੀਕੇ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਸਰਮਾਏਦਾਰ ਵਰਗ ਦਾ ਬਸਤੀਵਾਦ ਅਤੇ ਬਸਤੀਵਾਦੀ ਰਾਜ ਦੇ ਖ਼ਿਲਾਫ਼ ਵਿਰੋਧ ਕੇਵਲ ਇੱਥੇ ਤੱਕ ਹੀ ਸੀਮਿਤ ਸੀ ਕਿ ਉਸ ਨੂੰ ਖੁਦ ਸੱਤਾ ਵਿੱਚ ਆਉਣਾ ਸੀ ਅਤੇ ਹਿੰਦੋਸਤਾਨੀ ਲੋਕਾਂ ਦੀ ਲੁੱਟ, ਸੋਸ਼ਣ ਅਤੇ ਦਮਨ ਨੂੰ ਆਪਣੀ ਰਾਜ ਸੱਤਾ ਦੇ ਰਾਹੀਂ ਜਾਰੀ ਰੱਖਣਾ ਸੀ। ਹਕੀਕਤ ਤਾਂ ਇਹ ਹੈ ਕਿ 1947 ਵਿੱਚ ਇਹੀ ਵਰਗ ਸੱਤਾ ਵਿੱਚ ਆਇਆ ਸੀ।

ਇਸ ਲਈ ਹਿੰਦੋਸਤਾਨ ਗ਼ਦਰ ਪਾਰਟੀ ਵਰਗੀ ਦੇਸ਼ਭਗਤ ਅਤੇ ਇਨਕਲਾਬੀ ਤਾਕਤ ਵਲੋਂ ਕੀਤੇ ਗਏ ਜ਼ਬਰਦਸਤ ਬਲੀਦਾਨਾਂ ਅਤੇ ਸੰਘਰਸ਼ਾਂ ਦੇ ਬਾਵਜੂਦ, ਹਿੰਦੋਸਤਾਨੀ ਲੋਕਾਂ ਦੀਆਂ ਆਪਣੀਆਂ ਹਾਲਤਾਂ ਵਿੱਚ ਬੁਨਿਆਦੀ ਤਬਦੀਲੀ ਦੀਆਂ ਖਾਹਿਸ਼ਾ ਪੂਰੀਆਂ ਨਹੀਂ ਹੋਈਆਂ। ਨਵੇਂ ਸਰਮਾਏਦਾਰਾ ਹੁਕਮਰਾਨ ਵਰਗ ਨੇ ਬਸਤੀਵਾਦੀ ਹਕੂਮਤ ਵਲੋਂ ਸਥਾਪਤ, ਮਿਹਨਤਕਸ਼ ਲੋਕਾਂ ਦੇ ਸੋਸ਼ਣ ਅਤੇ ਦਮਨ ਦੇ ਢਾਂਚੇ ਨੂੰ ਬਚਾ ਕੇ ਸੁਰੱਖਿਅਤ ਰੱਖਿਆ ਅਤੇ ਇਸਨੂੰ ਹੋਰ ਵੀ ਵਿਕਸਤ ਕੀਤਾ। ਉਨ੍ਹਾਂ ਨੇ ਹਿੰਦੋਸਤਾਨ ਦੇ ਨਵੇਂ ਗਣਰਾਜ ਦੀ ਕਾਨੂੰਨੀ ਪ੍ਰਣਾਲੀ ਅਤੇ ਸੰਵਿਧਾਨ ਵਿੱਚ, ਲੋਕਾਂ ਦੇ ਖ਼ਿਲਾਫ਼ ਸੋਸ਼ਣ ਅਤੇ ਦਮਨ ਦੇ ਲਈ ਬਣਾਏ ਗਏ, ਬਸਤੀਵਾਦੀ ਵਿਵਸਥਾ ਦੇ ਕਾਨੂੰਨਾਂ ਅਤੇ ਨਿਯਮਾਂ ਨੂੰ ਵੀ ਸ਼ਾਮਲ ਕੀਤਾ। ਵੈਸਟਮਨਿਸਟਰ ਸੰਸਦੀ ਪ੍ਰਣਾਲੀ, ਜਿਸ ਵਿੱਚ ਸਰਮਾਏਦਾਰ ਵਰਗ ਦੇ ਵਿਿਭੰਨ ਦਲ (ਪਾਰਟੀਆਂ) ਬਾਰੀ-ਬਾਰੀ ਸਾਸ਼ਨ ਕਰਦੇ ਹਨ ਅਤੇ ਲੋਕਾਂ ਉੱਤੇ ਸੋਸ਼ਣ ਦਮਨ ਅਤੇ ਅੱਤਿਆਚਾਰ ਦਾ ਦੌਰ ਜਾਰੀ ਰੱਖਦੇ ਹਨ, ਅਜਿਹੀ ਵਿਵਸਥਾ ਨੂੰ ਅਪਣਾਇਆ ਗਿਆ ਅਤੇ ਇਸਨੂੰ ਹੋਰ ਵੀ ਮਜ਼ਬੂਤ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।

ਸਮੇਂ ਦੀ ਮੰਗ ਹੈ ਕਿ ਅਸੀਂ ਗ਼ਦਰੀਆਂ ਦੇ ਆਦਰਸ਼ਾਂ ਦੇ ਪ੍ਰਤੀ, ਫਿਰ ਇੱਕ ਬਾਰ ਇੱਕ ਨਵੇਂ ਸਿਰੇ ਤੋਂ ਸਮਰਪਤ ਹੋਈਏ, ਉਨ੍ਹਾਂ ਨੂੰ ਹਾਸਲ ਕਰਨ ਦੇ ਲਈ ਸੰਘਰਸ਼ ਕਰੀਏ। ਸਾਨੂੰ ਸੋਸ਼ਣ ਅਤੇ ਦਮਨ ਦੀ ਇਸ ਗਲੀ-ਸੜੀ ਵਿਵਸਥਾ ਤੋਂ ਆਪਣਾ ਨਾਤਾ ਤੋੜਨ ਅਤੇ ਇੱਕ ਨਵੀਂ ਰਾਜਨੀਤਕ ਸੱਤਾ ਸਥਾਪਤ ਕਰਨ ਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ, ਜੋ ਹਕੀਕਤ ਵਿੱਚ, ਇਸ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਹੋਵੇ। ਸਾਡਾ ਭਵਿੱਖ, ਹਿੰਦੋਸਤਾਨੀ ਸਮਾਜ ਦੇ ਲਈ, ਇੱਕ ਨਵੀਂ ਨੀਂਹ ਰੱਖਣ ਵਿੱਚ ਨਿਿਹਤ ਹੈ, ਇੱਕ ਨਵਾਂ ਰਾਜ ਸਥਾਪਤ ਕਰਨ ਵਿੱਚ, ਜੋ ਲੋਕਾਂ ਦੇ ਹਿੱਤਾਂ ਵਿੱਚ ਦੂਰਗਾਮੀ ਸਮਾਜਕ ਅਤੇ ਆਰਥਕ ਪਰਿਵਰਤਨ ਲਿਆ ਸਕਣ ਦੇ ਕਾਬਲ ਹੋਵੇ, ਨਾ ਕਿ ਮੁੱਠੀਭਰ ਸੋਸ਼ਕਾਂ ਦੇ ਨਿੱਜੀ ਮੁਨਾਫਿਆਂ ਦੇ ਲਈ ਕੰਮ ਕਰੇ। ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਹਿੰਦੋਸਤਾਨੀ ਜਨਤਾ ਨੂੰ ਸੱਦਾ ਦਿੰਦੀ ਹੈ ਕਿ ਉਹ ਇਸ ਸੰਘਰਸ਼ ਨੂੰ, ਗ਼ਦਰ ਯੋਧਿਆਂ ਦੇ ਵਾਂਗ,  ਉਸੇ ਸਾਹਸ, ਹਠ ਅਤੇ ਹੌਸਲੇ ਨਾਲ ਲੜੇ, ਤਾਕਿ ਹਰ ਤਰ੍ਹਾਂ ਦੇ ਸੋਸ਼ਣ ਅਤੇ ਦਮਨ ਤੋਂ ਮੁਕਤ, ਇੱਕ ਨਵੇਂ ਹਿੰਦੋਸਤਾਨ ਦੇ ਸਪਨੇ ਨੂੰ ਸਕਾਰ ਕੀਤਾ ਜਾ ਸਕੇ।

close

Share and Enjoy !

0Shares
0

Leave a Reply

Your email address will not be published. Required fields are marked *