ਜੀ-7 ਦੇਸ਼ਾਂ ਦੇ ਬਦੇਸ਼ ਮੰਤਰੀਆਂ ਦੀ ਲੰਡਨ ਵਿੱਚ ਮੀਟਿੰਗ:

ਅਮਰੀਕਾ ਅਤੇ ਉਹਦੇ ਮਿੱਤਰਾਂ ਵਲੋਂ ਆਪਣੀ ਸਾਮਰਾਜਵਾਦੀ ਰਣਨੀਤੀ ‘ਚ ਤਾਲਮੇਲ

ਜੀ-7 ਦੇਸ਼ਾਂ (7 ਦੇਸ਼ਾਂ ਦਾ ਗਰੁੱਪ) ਦੇ ਬਦੇਸ਼ ਅਤੇ ਵਿਕਾਸ ਮੰਤਰੀਆਂ ਨੇ 3 ਤੋਂ 5 ਮਈ ਵਿਚਕਾਰ ਲੰਡਨ ਵਿੱਚ ਮੀਟਿੰਗ ਕੀਤੀ। ਇਹ ਮੀਟਿੰਗ ਇਨ੍ਹਾਂ 7 ਦੇਸ਼ਾਂ ਦੇ ਲੀਡਰਾਂ ਦੇ ਜੂਨ ਵਿੱਚ ਹੋ ਰਹੇ ਸਿਖਰ ਸੰਮੇਲਨ ਦੀਆਂ ਤਿਆਰੀਆਂ ਦਾ ਹਿੱਸਾ ਸੀ।

ਜੀ-7 ਵਿੱਚ ਅਮਰੀਕਾ, ਬਰਤਾਨੀਆਂ, ਫਰਾਂਸ, ਜਰਮਨੀ, ਜਪਾਨ, ਇਟਲੀ ਅਤੇ ਕੈਨੇਡਾ ਸ਼ਾਮਲ ਹਨ ਅਤੇ ਅਮਰੀਕਾ ਇਹਦਾ ਮੁੱਖੀ ਹੈ। ਕਿਉਂਕਿ ਇਹ ਮੀਟਿੰਗ ਡੌਨਲਡ ਟਰੰਪ ਦੀ ਥਾਂ ਜੋ ਬਾਈਡਨ ਦੇ ਅਮਰੀਕਾ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਹੋਈ ਹੈ, ਇਸ ਲਈ ਅੰਤਰਰਾਸ਼ਟਰੀ ਤੌਰ ਉੱਤੇ ਅਮਰੀਕਾ ਦੇ ਦੋਸਤ ਅਤੇ ਦੁਸ਼ਮਣ ਸਭ ਇਹ ਜਾਣਨ ਲਈ ਉਤਸੁਕ ਸਨ ਕਿ ਬਾਈਡਨ ਦੀ ਪ੍ਰਧਾਨਗੀ ਹੇਠ ਅਮਰੀਕਾ ਦੀ ਬਦੇਸ਼ ਨੀਤੀ ਕੀ ਹੋਵੇਗੀ?

ਪ੍ਰਧਾਨਗੀ ਪਦ ਦੀ ਸਹੁੰ ਚੁਕਣ ਤੋਂ ਜਲਦੀ ਹੀ ਬਾਅਦ, ਬਾਈਡਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਵਾਤਾਵਰਣ ਤਬਦੀਲੀ ਉੱਤੇ ਸਮਝੌਤੇ ਵਿੱਚ ਮੁੜ ਕੇ ਸ਼ਾਮਲ ਹੋ ਜਾਵੇਗਾ। ਟਰੰਪ ਦੀ ਪ੍ਰਧਾਨਗੀ ਹੇਠ ਅਮਰੀਕਾ ਇਸ ਸਮਝੌਤੇ ਵਿਚੋਂ ਨਿਕਲ ਗਿਆ ਸੀ। ਆਪਣੀ ਚੋਣ ਮੁਹਿੰਮ ਦੁਰਾਨ ਬਾਈਡਨ ਨੇ ਇਰਾਨ ਨਾਲ ਇੱਕ ਨਵਾਂ ਪ੍ਰਮਾਣੂੰ ਸਮਝੌਤਾ ਕਰਨ ਲਈ ਗਲਬਾਤ ਕਰਨ ਦਾ ਸੁਝਾਅ ਵੀ ਦਿੱਤਾ ਸੀ। ਯਾਦ ਰਹੇ ਕਿ 2015 ਵਿੱਚ ਅਮਰੀਕਾ, ਇਰਾਨ, ਜਰਮਨੀ, ਰੂਸ, ਚੀਨ ਅਤੇ ਬਰਤਾਨੀਆਂ ਨੇ ਇੱਕ ਸਮਝੌਤਾ ਕੀਤਾ ਸੀ, ਜਿਸ ਨਾਲ ਇਰਾਨ ਉੱਤੇ ਲਾਈਆਂ ਮਾਰੂ ਬੰਦਸ਼ਾਂ ਚੁੱਕ ਦਿੱਤੀਆਂ ਜਾਣਗੀਆਂ। ਬਦਲੇ ਵਿੱਚ, ਇਰਾਨ ਨੇ ਸੰਪੰਨ ਬਣਾਏ ਪ੍ਰਮਾਣੂੰ ਇੰਧਨ (ਬਾਲਣ) ਦੀ ਮਾਤਰਾ ਘਟਾ ਦੇਣਾ ਮੰਨ ਲਿਆ ਸੀ। ਲੇਕਿਨ, 2017 ਵਿੱਚ ਟਰੰਪ ਦੀ ਪ੍ਰਧਾਨਗੀ ਹੇਠ ਅਮਰੀਕਾ ਇੱਕਪਾਸੜ ਤੌਰ ਉੱਤੇ ਇਸ ਸਮਝੌਤੇ ਵਿਚੋਂ ਬਾਹਰ ਆ ਗਿਆ ਅਤੇ ਇਰਾਨ ਉੱਤੇ ਦੁਬਾਰਾ ਬੰਦਸ਼ਾਂ ਲਾ ਦਿੱਤੀਆਂ।

ਜੀ-7 ਬਦੇਸ਼ ਮੰਤਰੀਆਂ ਦੀ ਮੀਟਿੰਗ ਦਾ ਮਕਸਦ ਆਪਸ-ਵਿੱਚ ਤਾਲਮੇਲ ਕਰਕੇ ਵੱਖ-ਵੱਖ ਦੇਸ਼ਾਂ ਅਤੇ ਖਿੱਤਿਆਂ ਬਾਰੇ ਇੱਕ ਸਾਂਝੀ ਰਣਨੀਤੀ ਬਣਾਉਣਾ ਸੀ, ਖਾਸ ਕਰਕੇ ਇਰਾਨ, ਸੀਰੀਆ, ਲਿਬੀਆ, ਮਿਆਂਨਮਾਰ, ਇਥੋਪੀਆ ਅਤੇ ਸੁਮਾਲੀਆ ਬਾਰੇ, ਜਿੱਥੇ ਅੰਤਰ-ਸਾਮਰਾਜਵਾਦੀ ਖਹਿਬਾਜ਼ੀ ਅਤੇ ਝਗੜੇ ਤਿੱਖੇ ਹੋ ਰਹੇ ਹਨ। ਰੂਸ ਅਤੇ ਚੀਨ ਨੂੰ ਨਿਖੇੜਨਾ ਅਤੇ ਘੇਰਨਾ ਅਮਰੀਕਾ ਦੇ ਅਜੰਡੇ ਵਿੱਚ ਸਭ ਤੋਂ ਉੱਤੇ ਸੀ। ਅਮਰੀਕਾ ਨੇ ਜੀ-7 ਮੰਚ ਦੇ ਬਾਕੀ ਦੇ ਮੈਂਬਰ ਦੇਸ਼ਾਂ ਨੂੰ ਥਾਂ ਸਿਰ ਰੱਖਣ ਅਤੇ ਰੂਸ ਤੇ ਚੀਨ ਨਾਲ ਵੱਖਰੇ ਸਮਝੌਤੇ ਕਰਨ ਤੋਂ ਵਰਜਣ ਲਈ ਵਰਤਿਆ।

ਜੀ-7 ਦੇ ਮੌਜੂਦਾ ਮੁੱਖੀ ਹੋਣ ਦੇ ਨਾਤੇ, ਬਰਤਾਨੀਆਂ ਨੇ ਹਿੰਦੋਸਤਾਨ, ਅਸਟਰੇਲੀਆ, ਦੱਖਣੀ ਕੋਰੀਆ ਅਤੇ ਦੱਖਣੀ ਅਫਰੀਕਾ ਨੂੰ ਮਹਿਮਾਨਾਂ ਬਤੌਰ ਮੀਟਿੰਗ ਲਈ ਬੁਲਾ ਲਿਆ। ਇਹ ਚਾਰ ਦੇਸ਼ ਜੂਨ ਵਿੱਚ ਹੋ ਰਹੇ ਜੀ-7 ਦੇਸ਼ਾਂ ਦੇ ਮੁੱਖੀਆਂ ਦੇ ਸਿਖਰ ਸੰਮੇਲਨ ਵਿੱਚ ਵੀ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ, ਏ.ਐਸ.ਈ.ਏ.ਐਨ. ਦੇ ਮੌਜੂਦਾ ਪ੍ਰਧਾਨ, ਬਰੂਨਾਈ ਨੂੰ ਵੀ ਮਹਿਮਾਨ ਦੇ ਤੌਰ ‘ਤੇ ਬੁਲਾਇਆ ਗਿਆ ਹੈ। ਏ.ਐਸ.ਈ.ਏ.ਐਨ ਦੇ 10 ਮੈਂਬਰ ਹਨ ਅਤੇ ਇਹ ਦੱਖਣ-ਪੂਰਬੀ ਦੇਸ਼ਾਂ ਦੇ ਸਿਆਸੀ ਅਤੇ ਆਰਥਿਕ ਸਥਿਰਤਾ ਕਾਇਮ ਰੱਖਣ ਲਈ ਬਣਾਈ ਗਈ ਐਸੋਸੀਏਸ਼ਨ ਹੈ। ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੇ ਬਦੇਸ਼ ਮੰਤਰੀਆਂ ਨੂੰ ਮਹਿਮਾਨ ਬਤੌਰ ਜੀ-7 ਦੀ ਮੀਟਿੰਗ ਵਿੱਚ ਬੁਲਾਇਆ ਜਾਣਾ ਦੱਸਦਾ ਹੈ ਕਿ ਐਂਗਲੋ-ਅਮਰੀਕਣ ਸਾਮਰਾਜਵਾਦ ਇਸ ਖਿੱਤੇ ਉੱਤੇ ਚੌਧਰ ਜਮਾਉਣ ਨੂੰ ਕਿੰਨੀ ਅਹਿਮੀਅਤ ਦਿੰਦਾ ਹੈ।

ਜੀ-7 ਅਤੇ ਰੂਸ

ਜੀ-7 ਬਦੇਸ਼ ਮੰਤਰੀਆਂ ਨੇ ਰੂਸ ਤੋਂ ਮੰਗ ਕੀਤੀ ਕਿ ਉਹ ਯੂਕਰੇਨ ਵਿੱਚ ਦਖਲ-ਅੰਦਾਜ਼ੀ ਬੰਦ ਕਰੇ ਅਤੇ ਕਰੀਮੀਆਂ ਉੱਤੇ ਆਪਣਾ ਕਬਜ਼ਾ ਛੱਡ ਦੇਵੇ। ਉਨ੍ਹਾਂ ਨੇ ਰੂਸ ਦੀ ਸਰਕਾਰ ਉੱਤੇ ਵਿਰੋਧੀ ਆਗੂ ਨੂੰ ਜ਼ਹਿਰ ਦੇਣ ਅਤੇ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਵੀ ਦੋਸ਼ ਲਾਏ। ਰੂਸ ਦੇ ਮਿੱਤਰ ਦੇਸ਼, ਬੈਲਾਰੂਸ ਦੀ ਸਰਕਾਰ ਉੱਤੇ ਵਿਰੋਧੀ ਪਾਰਟੀਆਂ ਦੇ ਮੁਜ਼ਾਹਰਿਆਂ ਉੱਤੇ ਜਬਰ ਕਰਨ ਦੇ ਦੋਸ਼ ਲਾਏ। ਜੀ-7 ਨੇ ਰੂਸ ਖ਼ਿਲਾਫ਼ ਲਾਈਆਂ ਬੰਦਸ਼ਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ।

ਸੋਵੀਅਤ ਯੂਨੀਅਨ ਦੇ ਟੋਟੇ-ਟੋਟੇ ਹੋ ਜਾਣ ਤੋਂ ਬਾਅਦ ਅਤੇ ਯੁਕਰੇਨ, ਬੈਲਾਰੂਸ ਅਤੇ ਸਾਬਕਾ ਗਣਤੰਤਰਾਂ ਦੇ ਅਜ਼ਾਦ ਦੇਸ਼ ਬਣ ਜਾਣ ਤੋਂ ਬਾਅਦ, ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ ਇਨ੍ਹਾਂ ਦੇਸ਼ਾਂ ਉੱਤੇ ਆਪਣੀ ਚੌਧਰ ਜਮਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ। ਅਮਰੀਕਾ ਨੇ 2014 ਵਿੱਚ ਯੂਕਰੇਨ ਦੀ ਰਾਜਧਾਨੀ ਕਾਈਵ ਵਿੱਚ ਫਾਸ਼ੀ ਗਰੁੱਪਾਂ ਦੀ ਖੁੱਲ੍ਹੇਆਮ ਹਮਾਇਤ ਨਾਲ ਅਰਾਜਕਤਾ ਅਤੇ ਹਿੰਸਾ ਫੈਲਾ ਕੇ, ਉਥੋਂ ਦੀ ਚੁਣੀ ਹੋਈ ਸਰਕਾਰ ਦਾ ਤਖਤਾਪਲਟ ਕਰਵਾਇਆ ਅਤੇ ਆਪਣੇ ਫਾਸ਼ੀ ਮਿੱਤਰਾਂ ਨੂੰ ਸੱਤਾ ਵਿੱਚ ਲਿਆਂਦਾ। ਇਹ ਅਮਰੀਕਾ ਵਲੋਂ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾ ਕੇ ਰੂਸ ਦੀ ਫੌਜੀ ਘੇਰਾਬੰਦੀ ਕਰਨ ਦੀ ਯੋਜਨਾ ਦਾ ਹਿੱਸਾ ਸੀ। ਇਸ ਨਾਲ ਯੂਕਰੇਨ ਵਿੱਚ ਗ੍ਰਹਿ ਯੁੱਧ ਲੱਗ ਗਿਆ, ਜੋ ਅਜੇ ਵੀ ਜਾਰੀ ਹੈ। ਕਰੀਮੀਆ, ਜੋ ਉਸ ਵਕਤ ਯੂਕਰੇਨ ਦਾ ਹਿੱਸਾ ਸੀ, ਨੇ ਉਥੇ ਰਾਇਸ਼ੁਮਾਰੀ ਕਰਵਾਈ ਅਤੇ ਰੂਸੀ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ। ਅਮਰੀਕਾ ਅਤੇ ਉਸਦੇ ਮਿੱਤਰ ਬੈਲਾਰੂਸ ਦੀ ਮੌਜੂਦਾ ਹਕੂਮਤ ਦੇ ਖ਼ਿਲਾਫ਼ ਮੁਜ਼ਾਹਰੇ ਕਰਵਾਕੇ, ਉਥੇ ਅਮਰੀਕਾ ਪੱਖੀ ਹਕੂਮਤ ਲਿਆਉਣਾ ਚਾਹੁੰਦੇ ਹਨ। ਯਾਦ ਰਹੇ ਕਿ ਬੈਲਾਰੂਸ ਦੀ ਸਰਹੱਦ ਵੀ ਰੂਸ ਨਾਲ ਲੱਗਦੀ ਹੈ।

ਯੂਰਪ ਦੇ ਵੱਡੇ ਅਜਾਰੇਦਾਰ ਸਰਮਾਏਦਾਰ, ਯੂਰਪੀਨ ਯੂਨੀਅਨ ਅਤੇ ਰੂਸ ਵਿਚਕਾਰ ਸਬੰਧ ਮਜ਼ਬੂਤ ਕਰਨਾ ਚਾਹੁੰਦੇ ਹਨ, ਖਾਸ ਕਰਕੇ ਊਰਜਾ ਦੇ ਖੇਤਰ ਵਿੱਚ। ਪਰ ਅਮਰੀਕਾ ਉੱਤਰੀ ਸਮੁੰਦਰ ਰਾਹੀਂ ਰੂਸ ਤੋਂ ਜਰਮਨੀ ਅਤੇ ਯੂਰਪ ਤਕ ਪਾਈਪਲਾਈਨ ਵਿਛਾ ਕੇ ਗੈਸ ਸਪਲਾਈ ਦੀਆਂ ਯੋਜਨਾਵਾਂ ਨੂੰ ਸਾਬੋਤਾਜ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਵਕਤ ਇਹ ਸਪਲਾਈ ਯੂਕਰੇਨ ਥਾਣੀ ਆ ਰਹੀ ਹੈ। ਅਮਰੀਕਾ, ਜਰਮਨੀ ਨੂੰ ਰੂਸ ਨਾਲ ਗਠਜੋੜ ਬਣਾਉਣ ਤੋਂ ਰੋਕਣ ਲਈ, ਰੂਸ ਅਤੇ ਯੂਰਪੀਨ ਯੂਨੀਅਨ ਵਿਚਕਾਰ ਦੁਫਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਜੀ-7 ਅਤੇ ਚੀਨ

ਜੀ-7 ਦੇ ਬਦੇਸ਼ ਮੰਤਰੀਆਂ ਨੇ ਚੀਨ ਉੱਤੇ, ਜ਼ਿਨਜਿਆਂਗ ਉਈਗੁਰ ਖੁਦਮੁਖਤਿਆਰ ਇਲਾਕੇ ਵਿੱਚ ਉਈਗ਼ਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਊਈਗ਼ਰ ਚੀਨ ਦੀ ਇੱਕ ਕੌਮੀਅਤ ਹੈ। ਉਨ੍ਹਾਂ ਨੇ ਚੀਨ ਵਲੋਂ ਹਾਂਗਕਾਂਗ ਦੀ ਜਮਹੂਰੀਅਤ ਨੂੰ ਦਬਾਉਣ ਲਈ ਚੀਨ ਦੀ ਨਿੰਦਿਆ ਕੀਤੀ। ਜੀ-7 ਨੇ ਸਮੁੰਦਰੀ ਰਸਤੇ ਖੁੱਲ੍ਹੇ ਰੱਖਣ ਵੱਲ ਆਪਣੀ ਬਚਨਬੱਧਤਾ ਦੀ ਗਲਬਾਤ ਕੀਤੀ ਅਤੇ ਜਹਾਜ਼ਰਾਨੀ ਦੀ ਅਜ਼ਾਦੀ ਦੇ ਨਾਮ ਹੇਠ, ਅਮਰੀਕੀ ਜੰਗੀ ਬੇੜਿਆਂ ਦੇ ਚੀਨ ਦੇ ਇਲਾਕਾਈ ਪਾਣੀਆਂ ਥਾਣੀ ਆਉਣਾ-ਜਾਣਾ ਸਹੀ ਠਹਿਰਾਇਆ।

ਅਮਰੀਕਾ ਅਤੇ ਉਸਦੇ ਯੂਰਪੀ ਮਿੱਤਰ ਦੇਸ਼, ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਅਤੇ ਜਮਹੂਰੀਅਤ ਦੀ ਉਲੰਘਣਾ ਨੂੰ ਉਨ੍ਹਾਂ ਦੇਸ਼ਾਂ ਉੱਤੇ ਹਮਲੇ ਕਰਨ ਲਈ ਵਰਤਦੇ ਹਨ, ਜਿਹੜੇ ਉਨ੍ਹਾਂ ਦੀ ਦਾਦਾਗਿਰੀ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਆਪਣਾ ਖੁਦ ਦਾ ਸਿਆਸੀ ਅਤੇ ਆਰਥਿਕ ਰਸਤਾ ਅਖਤਿਆਰ ਕਰਨਾ ਚਾਹੁੰਦੇ ਹਨ। ਅਮਰੀਕਾ ਇੱਕ ਸਾਮਰਾਜੀ ਤਾਕਤ ਬਤੌਰ ਆਪਣੇ ਬੋਲਬਾਲੇ ਨੂੰ ਚੀਨ ਤੋਂ ਖਤਰਾ ਸਮਝਦਾ ਹੈ। ਚੀਨ ਨੂੰ ਕਮਜ਼ੋਰ ਕਰਨ ਲਈ, ਉਹ ਹਾਂਗਕਾਂਗ ਵਿੱਚ ਜਮਹੂਰੀਅਤ ਲਈ ਮੁਜ਼ਾਹਰੇ ਕਰਨ ਵਾਲਿਆਂ ਦੀ ਖੁੱਲ੍ਹੇਆਮ ਅਤੇ ਲੁਕਵੀਂ ਹਮਾਇਤ ਕਰਦਾ ਹੈ। ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਅਰਾਜਕਤਾ ਅਤੇ ਹਿੰਸਾ ਫੈਲਾਉਣ, ਵੱਡੇ ਪੱਧਰ ਉੱਤੇ ਗੜਬੜ ਪੈਦਾ ਕਰਕੇ ਚੀਨ ਦੀ ਸਰਕਾਰ ਨੂੰ ਫੌਜੀ ਤਾਕਤ ਵਰਤਣ ਲਈ ਭੜਕਾਉਣ ਲਈ ਸਿਖਲਾਈ ਦਿੱਤੀ ਗਈ ਹੈ। ਅਜੇ ਤਕ ਚੀਨ ਦੀ ਸਰਕਾਰ ਇਸ ਚੁੰਗਲ ਵਿੱਚ ਫਸਣ ਤੋਂ ਬਚੀ ਹੋਇਆ ਹੈ।

ਚੀਨ ਨੂੰ ਨਿਖੇੜਨ ਅਤੇ ਘੇਰਨ ਲਈ ਅਮਰੀਕਾ ਹਿੰਦੋਸਤਾਨ, ਜਪਾਨ, ਦੱਖਣੀ ਕੋਰੀਆ ਅਤੇ ਅਸਟਰੇਲੀਆ ਸਮੇਤ ਏਸ਼ੀਆ ਪ੍ਰਸ਼ਾਂਤ ਇਲਾਕੇ ਦੇ ਦੇਸ਼ਾਂ ਨਾਲ ਸੈਨਿਕ ਗਠਜੋੜ ਬਣਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਅਮਰੀਕਾ ਹਿੰਦੋਸਤਾਨ ਨਾਲ ਇੱਕ ਰਣਨੀਤਿਕ ਸੈਨਿਕ ਗਠਜੋੜ ਬਣਾ ਰਿਹਾ ਹੈ ਅਤੇ ਜਾਣ-ਬੱੁਝਕੇ ਹਿੰਦੋਸਤਾਨ ਨੂੰ ਚੀਨ ਦੇ ਖ਼ਿਲਾਫ਼ ਉਕਸਾ ਰਿਹਾ ਹੈ।

ਚੀਨ ਇਸ ਘੇਰਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਚੀਨ ਨੇ ਹੁਣੇ ਹੁਣੇ ਯੂਰਪੀਨ ਯੂਨੀਅਨ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਦਸਖਤ ਕੀਤਾ ਹੈ। ਇਟਲੀ ਅਤੇ ਕਈ ਹੋਰ ਦੇਸ਼ਾਂ ਨਾਲ ਚੀਨ ਦੇ ਅੱਛੇ ਸਬੰਧ ਹਨ।

ਜੀ-7 ਬਦੇਸ਼ ਮੰਤਰੀਆਂ ਦੀ ਮੀਟਿੰਗ ਦੇ ਉਦੇਸ਼ਾਂ ਵਿੱਚ ਇੱਕ ਖਾਸ ਉਦੇਸ਼ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਸਬੰਧ ਵਿੱਚ ਅਮਰੀਕਾ ਅਤੇ ਬਾਕੀ ਜੀ-7 ਦੇਸ਼ਾਂ ਦੀ ਰਣਨੀਤੀ ਨੂੰ ਇੱਕਸੁਰ ਕਰਨਾ ਸੀ। ਹਿੰਦੋਸਤਾਨ, ਅਸਟਰੇਲੀਆ, ਦੱਖਣੀ ਕੋਰੀਆ ਅਤੇ ਸਾਊਥ ਅਫਰੀਕਾ ਨੂੰ ਮਹਿਮਾਨਾਂ ਬਤੌਰ ਸੱਦਣ ਦਾ ਵੀ ਇਹੀ ਮਕਸਦ ਸੀ।

ਗੌਰ ਕਰਨ ਵਾਲੀ ਗੱਲ ਹੈ ਕਿ ਜੀ-7 ਦੇ ਬਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਤੁਰੰਤ ਬਾਅਦ, ਯੂਰਪੀਨ ਯੂਨੀਅਨ ਨੇ ਚੀਨ ਨਾਲ ਜਰਮਨੀ ਦੇ ਸਮਝੌਤੇ ਦੀ ਪੁਸ਼ਟੀ ਨਾ ਕਰਨ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਹੈ। ਜ਼ਾਹਰਾ ਤੌਰ ਉੱਤੇ ਇਹ ਜਰਮਨੀ ਨੂੰ ਕਮਜ਼ੋਰ ਕਰਨ ਅਤੇ ਚੀਨ ਨੂੰ ਨਿਖੇੜਨ ਦੀ ਅਮਰੀਕੀ ਰਣਨੀਤੀ ਦੀ ਜਿੱਤ ਹੈ।

ਜੀ-7 ਅਤੇ ਇਰਾਨ

ਇਰਾਨ ਦੇ ਮੁੱਦੇ ਬਾਰੇ ਜੀ-7 ਦੇ ਦੇਸ਼ਾਂ ਵਿਚਕਾਰ ਖਾਸ ਤੌਰ ਉੱਤੇ ਗੱਲਬਾਤ ਹੋਈ। ਇਜ਼ਰਾਈਲ ਵਲੋਂ ਇਰਾਨ ਦੇ ਪ੍ਰਮਾਣੂੰ ਪਲਾਂਟ ਉੱਤੇ ਅਪ੍ਰੈਲ ਵਿੱਚ ਕੀਤੇ ਹਮਲੇ ਦੀ ਨਿੰਦਿਆ ਨਹੀਂ ਕੀਤੀ ਗਈ। ਅਮਰੀਕਾ ਵਲੋਂ ਇਰਾਨ ਨਾਲ ਪ੍ਰਮਾਣੂੰ ਸਮਝੌਤੇ ਵਿਚੋਂ ਨਿਕਲ ਜਾਣ ਅਤੇ ਇਰਾਨ ਦੇ ਸਮੁੰਦਰੀ ਜਹਾਜ਼ਾਂ ਉੱਤੇ ਅਮਰੀਕੀ ਹਮਲਿਆਂ ਦੀ ਕੋਈ ਨਿਖੇਧੀ ਨਹੀਂ ਕੀਤੀ ਗਈ। ਇਸਦੇ ਉਲਟ, ਇਰਾਨ ਵਲੋਂ ਪ੍ਰਮਾਣੂੰ ਸੰਪੰਨਤਾ ਵਧਾਉਣ, ਮਾਨਵ ਅਧਿਕਾਰਾਂ ਦੀ ਅਖੌਤੀ ਉਲੰਘਣਾ ਅਤੇ ਕਈ ਦੇਸ਼ਾਂ ਉੱਤੇ ਹੋਰਨਾਂ ਕੋਲੋਂ ਹਮਲੇ ਕਰਵਾਉਣ ਦੀ ਨਿੰਦਿਆ ਕੀਤੀ ਗਈ।

ਇਰਾਨ ਬਾਰੇ ਗੱਲਬਾਤ ਨੇ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਅਤੇ ਉਸਦੇ ਮੁੱਖ ਯੂਰਪੀ ਮਿੱਤਰਾਂ ਦੀ ਇਰਾਨ-ਵਿਰੋਧੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਅਮਰੀਕਾ ਦਾ ਬਾਈਡਨ ਪ੍ਰਸ਼ਾਸਨ ਇਰਾਨ ਨਾਲ ਇੱਕ ਨਵਾਂ ਸਮਝੋਤਾ ਕਰਨ ਦਾ ਸੁਝਾਅ ਦੇ ਰਿਹਾ ਹੈ। ਪਰ, ਇਸਦੇ ਨਾਲ-ਨਾਲ ਉਹ ਆਰਥਿਕ ਬੰਦਸ਼ਾਂ ਅਤੇ ਫੌਜੀ ਘੇਰਾਬੰਦੀ ਜਾਰੀ ਰੱਖ ਕੇ ਇਰਾਨ ਦਾ ਗਲ਼ਾ ਵੀ ਘੁੱਟ ਰਿਹਾ ਹੈ। ਅਮਰੀਕਾ ਅਤੇ ਉਸਦੇ ਮਿੱਤਰਾਂ ਵਲੋਂ ਅਪਣਾਇਆ ਹੋਇਆ ਰਸਤਾ, ਪੱਛਮੀ ਏਸ਼ੀਆ ਵਿੱਚ ਝਗੜਿਆਂ ਅਤੇ ਤਣਾਅ ਨੂੰ ਹੋਰ ਤੀਬਰ ਕਰੇਗਾ।

ਜੀ-7 ਅਤੇ ਕੋਵਿਡ ਵੈਕਸੀਨ ਪ੍ਰੋਗਰਾਮ

ਜੀ-7 ਨੇ ਮੌਜੂਦਾ ਅੰਤਰਰਾਸ਼ਟਰੀ ਹਾਲਾਤਾਂ ਬਾਰੇ ਗੱਲਬਾਤ ਕੀਤੀ, ਕੋਵਿਡ-19 ਦੀ ਰੋਕਥਾਮ ਦੀ ਵੈਕਸੀਨ ਦੀ, ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ਾਂ ਵਿੱਚ ਮਸਾਂ 1 ਫਸਿਦੀ ਵਰਤੋਂ ਹੋਈ ਹੈ। ਦੁਨੀਆਂ ਦੇ ਦੇਸ਼ਾਂ ਅਤੇ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਚਰਚਾ ਹੋਈ ਹੈ ਕਿ ਅਮਰੀਕਾ, ਬਰਤਾਨੀਆਂ ਅਤੇ ਜੀ-7 ਦੇ ਹੋਰ ਦੇਸ਼ ਵੈਕਸੀਨਾਂ ਦੀ ਜ਼ਖੀਰੇਬਾਜ਼ੀ ਕਰੀ ਬੈਠੇ ਹਨ ਅਤੇ ਦੁਨੀਆਂ ਦੇ ਬੁਹਗਿਣਤੀ ਦੇਸ਼ਾਂ ਦੇ ਲੋਕਾਂ ਨੂੰ ਵੈਕਸੀਨ ਤੋਂ ਵਾਂਝਿਆਂ ਰੱਖ ਰਹੇ ਹਨ। ਅਮਰੀਕਾ ਅਤੇ ਹੋਰ ਜੀ-7 ਦੇਸ਼, ਰੂਸ ਅਤੇ ਚੀਨ ਦੀ ਅਲੋਚਨਾ ਕਰ ਰਹੇ ਹਨ ਕਿ ਉਹ ਵੈਕਸੀਨ ਨਾਲ ਮੱਦਦ ਕਰਕੇ ਹੋਰਨਾਂ ਦੇਸ਼ਾਂ ਵਿੱਚ ਆਪਣਾ ਰਸੂਖ ਵਧਾ ਰਿਹਾ ਹੈ। ਵੈਕਸੀਨ ਉਤੇ ਚਰਚਾ ਨੇ ਦਿਖਾਇਆ ਹੈ ਕਿ ਜੀ-7 ਦੇਸ਼ਾਂ ਦਾ ਮੁੱਖ ਉਦੇਸ਼ ਵੈਕਸੀਨ ਨੂੰ ਚੀਨ ਅਤੇ ਰੂਸ ਨਾਲ ਖਹਿਬਾਜ਼ੀ ਵਿੱਚ ਆਪਣੇ ਸਾਮਰਾਜੀ ਹਿੱਤਾਂ ਨੂੰ ਅੱਗੇ ਵਧਾਉਣ ਵਾਸਤੇ ਵਰਤਣਾ ਹੈ।

ਨਿਚੋੜ

ਜੀ-7 ਮੀਟਿੰਗ, ਅਮਰੀਕਾ ਦੀ ਅਗਵਾਈ ਵਾਲੇ ਸਾਮਰਾਜੀ ਤਾਕਤਾਂ ਦੇ ਇਸ ਗਰੁੱਪ ਲਈ ਜਮਹੂਰੀਅਤ ਅਤੇ ਮਾਨਵ-ਅਧਿਕਾਰਾਂ ਦੀ ਹਿਫਾਜ਼ਤ ਕਰਨ ਦੇ ਨਾਮ ਉੱਤੇ ਦੁਨੀਆਂ ਦੇ ਹੋਰਨਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਅਤੇ ਉਨ੍ਹਾਂ ਦੀ ਪ੍ਰਭੂਸੱਤਾ ਨੂੰ ਭੰਗ ਕਰਨ ਨੂੰ ਜਾਇਜ਼ ਠਹਿਰਾਉਣਾ ਸੀ। ਅਮਰੀਕਾ ਨੇ ਇਸ ਮੀਟਿੰਗ ਨੂੰ ਹੋਰ ਮੈਂਬਰ ਦੇਸ਼ਾਂ ਦੀਆਂ ਨੀਤੀਆਂ ਨੂੰ ਰੂਸ ਅਤੇ ਚੀਨ ਨੂੰ ਘੇਰਨ ਅਤੇ ਕਮਜ਼ੋਰ ਕਰਨ ਦੀ ਆਪਣੀ ਰਣਨੀਤੀ ਨਾਲ ਇੱਕਸੁਰ ਕਰਨ ਲਈ ਇਸਤੇਮਾਲ ਕੀਤਾ।

ਹਿੰਦੋਸਤਾਨ ਦਾ ਜੀ-7 ਦੀ ਮੀਟਿੰਗ ਵਿੱਚ ਹਿੱਸਾ ਲੈਣਾ, ਹਿੰਦੋਸਤਾਨੀ ਲੋਕਾਂ ਜਾਂ ਇਸ ਖਿੱਤੇ ਵਿੱਚ ਅਮਨ ਦੇ ਹਿੱਤ ਵਿੱਚ ਨਹੀਂ ਹੈ।

close

Share and Enjoy !

0Shares
0

Leave a Reply

Your email address will not be published. Required fields are marked *