ਲੈਨਿਨ ਦੇ 151ਵੇਂ ਜਨਮ ਦਿਹਾੜੇ ਉਤੇ:

ਕਿਸਾਨਾਂ ਨਾਲ ਭਾਈਵਾਲੀ ਵਿੱਚ ਮਜ਼ਦੂਰ ਜਮਾਤ ਨੂੰ ਹਾਕਮ ਜਮਾਤ ਬਣਾਉਣ ਲਈ ਜਥੇਬੰਦ ਕਰੋ!

22 ਅਪਰੈਲ 2021, ਵੀਹਵੀਂ ਸਦੀ ਦੀ ਇੱਕ ਮਹਾਨ ਸਖਸ਼ੀਅਤ, ਵਲਾਦੀਮੀਰ ਇਲੀਚ ਲੈਨਿਨ ਹੁਰਾਂ ਦੇ ਜਨਮ ਦੀ 151ਵੀਂ ਸਾਲਗਿਰ੍ਹਾ ਹੈ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਨੇ ਇਹ ਦਿਨ ਮਨਾਉਣ ਲਈ ਲੈਨਿਨ ਅਤੇ ਲੈਨਿਨਵਾਦ ਉੱਤੇ ਕੁੱਝ ਲੇਖ ਛਾਪਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿਚੋਂ ਪਹਿਲਾ ਹੇਠਾਂ ਦਿੱਤਾ ਗਿਆ ਹੈ।

ਲੈਨਿਨ ਅਤੇ ਅਕਤੂਬਰ ਇਨਕਲਾਬ

ਲੈਨਿਨ ਨੇ ਰੂਸ ਦੇ ਸ਼ਹਿਰ ਸਿਮਬਰਸਕ ਵਿੱਚ, ਇਕ ਪੜੇ੍ਹ ਲਿਖੇ ਮਾਤਾ-ਪਿਤਾ ਦੇ ਘਰ ਜਨਮ ਲਿਆ ਸੀ। ਉਸਦੇ ਪਿਤਾ ਜੀ ਇੱਕ ਸਕੂਲ ਦਾ ਅਧਿਆਪਕ ਸਨ। ਲੈਨਿਨ ਨੂੰ ਛੋਟੀ ਉਮਰ ਤੋਂ ਹੀ ਪੜ੍ਹਨ, ਸਿਖਣ ਵਿੱਚ ਬਹੁਤ ਦਿਲਚਸਪੀ ਸੀ। ਉਸਨੇ ਕਾਨੂੰਨੀ ਪੇਸ਼ੇ ਦੀ ਪੜ੍ਹਾਈ ਕਰਨ ਲਈ ਕਾਜ਼ਾਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਬਹੁਤ ਜਲਦ ਹੀ ਉਹ ਵਿਦਿਆਰਥੀਆਂ ਦੀ ਇਨਕਲਾਬੀ ਲਹਿਰ ਵਿਚ ਸ਼ਾਮਲ ਹੋ ਗਿਆ ਅਤੇ ਮਾਰਕਸੀ ਵਿਚਾਰ-ਵਟਾਂਦਰਾ ਕਰਨ ਵਾਲੇ ਗਰੁੱਪਾਂ (ਸਟੱਡੀ ਸਰਕਲ) ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

ਮਾਰਕਸ ਅਤੇ ਏਂਗਲਜ਼ ਨੇ ਸਰਮਾਏਦਾਰਾ ਸਮਾਜ ਦੇ ਵਿਕਾਸ ਦੇ ਨਿਯਮਾਂ ਦੀ ਖੋਜ ਕੀਤੀ ਸੀ। ਉਨ੍ਹਾਂ ਨੇ ਵਿਿਗਆਨਕ ਤੌਰ ਉੱਤੇ ਇਹ ਸਾਬਤ ਕੀਤਾ ਕਿ ਸਰਮਾਏਦਾਰਾ ਸਮਾਜ ਦੇ ਵਿਕਾਸ ਦੇ ਅੰਦਰ ਚੱਲਦਾ ਜਮਾਤੀ ਸੰਘਰਸ਼ ਲਾਜ਼ਮੀ ਹੀ ਇੱਕ ਦਿਨ ਸਰਮਾਏਦਾਰੀ ਨੂੰ ਖਤਮ ਕਰ ਦੇਵੇਗਾ ਅਤੇ ਮਜ਼ਦੂਰਾਂ ਦੀ ਜਿੱਤ ਹੋਵੇਗੀ। ਮਜ਼ਦੂਰਾਂ ਦੀ ਜਿੱਤ ਨਾਲ ਮਜ਼ਦੂਰ ਜਮਾਤ ਦੀ ਤਾਨਸ਼ਾਹੀ ਕਾਇਮ ਹੋਵੇਗੀ ਅਤੇ ਜਮਾਤੀ ਤਾਕਤ ਦਾ ਇਹ ਆਖਰੀ ਰੂਪ ਹੋਵੇਗਾ ਅਤੇ ਇਸਦਾ ਨਿਸ਼ਾਨਾ ਤਮਾਮ ਜਮਾਤੀ ਵਖਰੇਵਿਆਂ ਨੂੰ ਹਮੇਸ਼ਾ ਲਈ ਖਤਮ ਕਰਕੇ ਇੱਕ ਜਮਾਤਾਂ ਰਹਿਤ ਕਮਿਉਨਿਸਟ ਸਮਾਜ ਦਾ ਆਗਾਜ਼ ਹੋਵੇਗਾ। ਇਸ ਇਤਿਹਾਸਿਕ ਮੰਜ਼ਿਲ ‘ਤੇ ਲੈ ਜਾਣ ਲਈ ਮਜ਼ਦੂਰ ਜਮਾਤ ਨੂੰ ਇੱਕ ਹਰਾਵਲ ਦਸਤਾ ਪਾਰਟੀ ਦੀ ਜ਼ਰੂਰਤ ਹੈ।

ਉਸ ਵੇਲੇ ਇਨਕਲਾਬੀ ਨੌਜਵਾਨਾਂ ਵਿਚ ਨਰੋਧਨਿਕ ਆਖੇ ਜਾਂਦੇ ਇੱਕ ਗਰੁੱਪ ਦਾ ਬਹੁਤ ਪ੍ਰਭਾਵ ਸੀ। ਉਹ ਇਨਹਾਂ ਵਿਚਾਰਾਂ ਦਾ ਪ੍ਰਚਾਰ ਕਰਦੇ ਸਨ ਕਿ ਇਨਕਲਾਬ ਵਿੱਚ ਕਿਸਾਨੀ ਮੁੱਖ ਭੂਮਿਕਾ ਨਿਭਾਏਗੀ ਨਾ ਕਿ ਮਜ਼ਦੂਰ ਜਮਾਤ। ਉਹ ਧਨੀ ਕਿਸਾਨਾਂ ਦੀ ਪ੍ਰਤੀਨਿਧਤਾ ਕਰਦੇ ਸਨ, ਜਿਨ੍ਹਾਂ ਨੂੰ ਕੂਲਕ ਕਿਹਾ ਜਾਂਦਾ ਸੀ। ਨਰੋਧਨਿਕਾਂ ਵਿਚੋਂ ਕੁੱਝ ਇਹ ਵਿਚਾਰ ਫੈਲਾਉਂਦੇ ਸਨ ਕਿ ਵਿਅਕਤੀਗਤ ਨਾਇਕ (ਹੀਰੋ) ਆਪਣੇ ਖਿਆਲਾਂ ਅਤੇ ਬਹਾਦਰਾਨਾ ਕਾਰਨਾਮਿਆਂ ਰਾਹੀਂ ਸਮਾਜ ਦੇ ਵਿਕਾਸ ਵਿੱਚ ਕੁੰਜੀਵਤ ਭੂਮਿਕਾ ਨਿਭਾਉਂਦੇ ਹਨ। ਉਹ ਆਮ ਜਨਤਾ ਦੀ ਭੂਮਿਕਾ ਨੂੰ ਨਿਗੂਣਾ ਸਮਝਦੇ ਸਨ। ਉਨ੍ਹਾਂ ਨੇ ਰੂਸ ਦੇ ਬਾਦਸ਼ਾਹ, ਜ਼ਾਰ ਅਤੇ ਕੁਲੀਨ ਵਰਗ ਦੇ ਵਿਅਕਤੀਗਤ ਬੰਦਿਆਂ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ ਵੀ ਬਣਾਈਆਂ ਸਨ।

ਲੈਨਿਨ ਨੇ ਮਾਰਕਸਵਾਦ ਦੇ ਬੁਨਿਆਦੀ ਨਿਰਨੇ ਉੱਤੇ ਡਟ ਕੇ ਪਹਿਰਾ ਦਿੱਤਾ ਅਤੇ ਉਸਦੀ ਵਿਆਖਿਆ ਕੀਤੀ ਕਿ ਜਮਾਤਾਂ ਵਿਚਕਾਰ ਸੰਘਰਸ਼ ਹੀ ਸਮਾਜ ਵਿੱਚ ਗੁਣਾਤਮਿਕ ਤਬਦੀਲੀ ਲਿਆ ਸਕਦਾ ਹੈ ਨਾ ਕਿ ਵਿਅਕਤੀਗਤ ਨਾਇਕਾਂ ਦੇ ਕੋਈ ਕਾਰਨਾਮੇ। ਮਜ਼ਦੂਰ, ਜਿਨ੍ਹਾਂ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹਨ ਅਤੇ ਆਪਣੀ ਕਿਰਤ ਸ਼ਕਤੀ ਵੇਚ ਕੇ ਹੀ ਗੁਜ਼ਾਰਾ ਕਰ ਸਕਦੇ ਹਨ, ਉਹ ਇੱਕ ਅਜੇਹੀ ਜਮਾਤ ਹਨ ਜੋ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆ ਸਕਦੀ ਹੈ। ਇਸ ਜਮਾਤ ਦੀ ਗਿਣਤੀ ਵਧ ਰਹੀ ਹੈ ਅਤੇ ਇਸਦਾ ਭਵਿੱਖ ਉਜਲਾ ਹੈ, ਜਦ ਕਿ ਕਿਸਾਨੀ ਬਿੱਖਰ ਰਹੀ ਹੈ, ਜਿਨ੍ਹਾਂ ਵਿਚੋਂ ਕੋਈ ਵਿਰਲਾ ਵਿਰਲਾ ਹੀ ਸਰਮਾਏਦਾਰ ਬਣਦਾ ਹੈ, ਪਰ ਬਹੁਗਿਣਤੀ ਨੂੰ  ਮਜ਼ਦੂਰ ਬਣਨਾ ਪੈਂਦਾ ਹੈ।

ਲੈਨਿਨ ਨੇ ਵਿਅਕਤੀਗਤ ਕਤਲਾਂ ਦੀ ਅਤੇ ਇਸ ਵਿਚਾਰ ਦੀ ਵਿਰੋਧਤਾ ਕੀਤੀ ਕਿ ਸਮਾਜ ਦੇ ਵਿਕਾਸ ਲਈ ਨਾਇਕਾਂ ਦੀ ਭੂਮਿਕਾ ਫੈਸਲਾਕੁੰਨ ਹੈ। ਸਿਰਕੱਢਵੇਂ ਵਿਅਕਤੀ ਦੀ ਭੂਮਿਕਾ ਦੀ ਕੋਈ ਵੀ ਵੁਕੱਤ ਨਹੀਂ ਰਹਿੰਦੀ, ਜੇਕਰ ਉਹਦੇ ਵਿਚਾਰ ਅਤੇ ਖਾਹਿਸ਼ਾਂ ਸਮਾਜ ਦੇ ਵਿਕਾਸ ਅਤੇ ਇਨਕਲਾਬੀ ਤਬਦੀਲੀਆਂ ਲਿਆਉਣ ਵਾਲੀ ਸਿਰਮੌਰ ਜਮਾਤ ਦੀਆਂ ਜ਼ਰੂਰਤਾਂ ਦੇ ਉਲਟ ਹੋਣਗੇ। ਪਰ ਜੇਕਰ ਉਸਦੇ ਵਿਚਾਰ ਅਤੇ ਖਾਹਿਸ਼ਾਂ ਸਮਾਜ ਅਤੇ ਅਗਲੀਆਂ ਸਫਾਂ ਵਾਲੀ ਜਮਾਤ ਦੀਆਂ ਜ਼ਰੂਰਤਾਂ ਦੀ ਸਹੀ ਤਰਜਮਾਨੀ ਕਰਦੇ ਹੋਣ ਤਾਂ ਉਹ ਇੱਕ ਉੱਘਾ ਵਿਅਕਤੀ ਬਣ ਸਕਦਾ ਹੈ।

ਲੈਨਿਨ ਸਮਝਦਾ ਸੀ ਇੱਕ ਵਿਅਕਤੀ ਇਹ ਭੂਮਿਕਾ ਨਿਭਾ ਸਕਦਾ ਹੈ ਕਿ ਉਹ ਆਪਣੀ ਯੋਗਤਾ ਦੀ ਸਹੀ ਵਰਤੋਂ ਕਰਕੇ ਪ੍ਰੋਲਤਾਰੀ ਨੂੰ ਆਪਣਾ ਮਿਸ਼ਨ ਪੂਰਾ ਕਰਨ ਨੂੰ ਅਗਵਾਈ ਦੇਣ ਵਾਲੀ ਪਾਰਟੀ ਬਣਾਉਣ ਦੇ ਕੰਮ ਵਿੱਚ ਆਪਣਾ ਵਧੀਆ ਯੋਗਦਾਨ ਪਾ ਸਕਦਾ ਹੈ। ਲੈਨਿਨ ਵਲੋਂ ਨਿਭਾਈ ਗਈ ਭੂਮਿਕਾ ਇੱਕ ਮਿਸਾਲ ਬਣ ਗਈ ਸੀ।

ਦੂਸਰੀ ਅੰਤਰਰਾਸ਼ਟਰੀ ਦਾ ਇੱਕ ਹਿੱਸਾ ਯੂਰਪੀਨ ਪਾਰਟੀਆਂ, ਸੰਸਦੀ ਸੰਘਰਸ਼ ਚਲਾਉਣ ਦੇ ਨਿਸ਼ਾਨੇ ਨਾਲ ਬਣਾਈਆਂ ਗਈਆਂ ਸਨ। ਉਹ ਪਾਰਟੀਆਂ ਮਜ਼ਦੂਰ ਜਮਾਤ ਨੂੰ ਆਪਣੇ ਬਲਬੂਤੇ ਸਿਆਸੀ ਤਾਕਤ ਆਪਣੇ ਹੱਥਾਂ ਵਿੱਚ ਲੈਣ ਲਈ ਅਗਵਾਈ ਦੇਣ ਦੇ ਕਾਬਲ ਨਹੀਂ ਸਨ। ਲੈਨਿਨ ਨੇ ਪੇਸ਼ਾਵਰ ਇਨਕਲਾਬੀਆਂ ਦੀ ਪਾਰਟੀ ਬਣਾਉਣ ਲਈ ਜਦੋ-ਜਹਿਦ ਕੀਤੀ। ਅਜੇਹੀ ਪਾਰਟੀ ਦੇ ਮੈਂਬਰ ਸਭ ਤੋਂ ਖਾੜਕੂ ਅਤੇ ਜਮਾਤੀ ਚੇਤਨਤਾ ਰੱਖਣ ਵਾਲੇ ਹੋਣੇ ਚਾਹੀਦੇ ਹਨ। ਉਸ ਪਾਰਟੀ ਨੂੰ ਆਪਣੇ ਸਭ ਕੰਮ, ਸਭ ਤੋਂ ਵਿਕਸਿਤ ਸਿਧਾਂਤ ਤੋਂ ਸੇਧ ਲੈ ਕੇ ਕਰਨੇ ਚਾਹੀਦੇ ਹਨ। ਉਸਨੂੰ ਮਜ਼ਦੂਰ ਜਮਾਤ ਨੂੰ ਸਿਆਸੀ ਤਾਕਤ ਆਪਣੇ ਹੱਥਾਂ ਵਿੱਚ ਲੈਣ ਲਈ ਅਗਵਾਈ ਦੇਣ ਦੇ ਨਿਸ਼ਾਨੇ ਤੋਂ ਕਦੇ ਵੀ ਲਾਂਭੇ ਨਹੀਂ ਜਾਣਾ ਚਾਹੀਦਾ।

ਲੈਨਿਨ ਨੇ ਰੂਸ ਵਿੱਚ ਅਜੇਹੀ ਪਾਰਟੀ ਸਥਾਪਤ ਕਰਨ ਅਤੇ ਉਸਨੂੰ ਮਜ਼ਬੂਤ ਕਰਨ ਲਈ ਇੱਕ ਦ੍ਰਿੜ ਅਤੇ ਲਮਕਮਾ ਸੰਘਰਸ਼ ਚਲਾਇਆ। ਸ਼ੁਰੂ ਵਿੱਚ ਇਹ ਪਾਰਟੀ ਰੂਸੀ ਸੋਸ਼ਲ ਡੈਮੋਕ੍ਰੈਟਿਕ ਲੇਬਰ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਸੀ। ਬਾਅਦ ਵਿੱਚ ਉਹ ਸੋਵੀਅਤ ਯੂਨੀਅਨ ਦੀ ਕਮਿਉਨਿਸਟ ਪਾਰਟੀ (ਬਾਲਸ਼ਵਿਕ), ਜਾਂ ਛੋਟੇ ਰੂਪ ਵਿੱਚ ਬਾਲਸ਼ਵਿਕ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਸੀ।

ਬਾਲਸ਼ਵਿਕ ਪਾਰਟੀ

19ਵੀਂ ਸਦੀ ਦੇ ਅਖੀਰ ਵਿੱਚ, ਮਜ਼ਦੂਰ ਜਮਾਤ ਦੀਆਂ ਸਥਾਨਕ ਜਥੇਬੰਦੀਆਂ, ਸਥਾਨਕ ਕਮੇਟੀਆਂ, ਸਮਾਜਵਾਦੀ ਗਰੁੱਪ ਅਤੇ ਮਾਰਕਸਵਾਦੀ ਸਟੱਡੀ ਸਰਕਲ ਸਿਧਾਂਤਕ ਤੌਰ ਉੱਤੇ ਉਲਝੇ ਹੋਏ ਸਨ ਅਤੇ ਉਨ੍ਹਾਂ ਵਿੱਚ ਕੋਈ ਜਥੇਬੰਦਕ ਏਕਤਾ ਨਹੀਂ ਸੀ। ਇਨ੍ਹਾਂ ਦਾਇਰਿਆਂ ਵਿੱਚ ਪ੍ਰਭਾਵਸ਼ਾਲੀ ਲੋਕਾਂ ਦਾ ਇੱਕ ਗਰੁੱਪ ਸੀ, ਜਿਸ ਕੋਲ ਆਪਣੀ ਪਰੈਸ ਸੀ ਅਤੇ ਉਹ ਜਥੇਬੰਦਕ ਏਕਤਾ ਅਤੇ ਵਿਚਾਰਧਾਰਕ ਉਲਝਣਾਂ ਨੂੰ ਸਿਧਾਂਤਕ ਬੁਨਿਆਦ ਉਤੇ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਗਰੁੱਪ ਮਜ਼ਦੂਰਾਂ ਦੀ ਇੱਕ ਇਕਮੁੱਠ ਅਤੇ ਕੇਂਦਰੀ ਸਿਆਸੀ ਪਾਰਟੀ ਬਣਾਉਣਾ ਗੈਰਜ਼ਰੂਰੀ ਅਤੇ ਨਕਲੀ ਸਮਝਦਾ ਸੀ। ਉਹ ਮਜ਼ਦੂਰ ਜਮਾਤ ਨੂੰ ਇਹ ਉਪਦੇਸ਼ ਦਿੰਦੇ ਸਨ ਕਿ ਉਨ੍ਹਾਂ ਨੂੰ ਕੇਵਲ ਆਪਣੀਆਂ ਆਰਥਿਕ ਮੰਗਾਂ ਉੱਤੇ ਹੀ ਧਿਆਨ ਦੇਣਾ ਚਾਹੀਦਾ ਹੈ। ਉਹ ਕਹਿੰਦੇ ਸਨ ਕਿ ਸਿਆਸੀ ਮੁੱਦੇ ਸਰਮਾਏਦਾਰੀ ਅਤੇ ਉਨ੍ਹਾਂ ਦੀ ਉਦਾਰਵਾਦੀ ਜਮਹੂਰੀ ਸਿਆਸੀ ਪਾਰਟੀ ਉੱਤੇ ਛੱਡ ਦੇਣੇ ਚਾਹੀਦੇ ਹਨ। ਮਜ਼ਦੂਰ ਜਮਾਤ ਦੀ ਇੱਕ ਇਕਮੁੱਠ ਅਤੇ ਕੇਂਦਰੀਕ੍ਰਿਤ ਪਾਰਟੀ ਬਣਾਉਣ ਲਈ ਆਰਥਿਕਤਾਵਾਦ ਦੇ ਝੁਕਾਅ ਨੂੰ ਹਰਾਉਣਾ ਜ਼ਰੂਰੀ ਸੀ।

1902 ਵਿੱਚ ਪ੍ਰਕਾਸ਼ਿਤ ਹੋਈ ਆਪਣੀ ਕਿਤਾਬ “ਕੀ ਕਰਨਾ ਲੋੜੀਏ?” ਵਿੱਚ ਲੈਨਿਨ ਨੇ ਸਮਝਾਇਆ ਕਿ ਆਰਥਿਕਤਾਵਾਦ ਸਰਮਾਏਦਾਰੀ ਦੀ ਕਿਵੇਂ ਸੇਵਾ ਕਰਦਾ ਹੈ। ਇਹ ਝੁਕਾਅ ਮਜ਼ਦੂਰਾਂ ਨੂੰ ਵਿਿਗਆਨਿਕ ਸਮਾਜਵਾਦ ਅਤੇ ਇਨਕਲਾਬੀ ਸਿਆਸੀ ਚੇਤਨਤਾ ਤੋਂ ਸੱਖਣੇ ਰੱਖ ਕੇ, ਮਜ਼ਦੂਰ ਜਮਾਤ ਲਹਿਰ ਵਿੱਚ ਸਰਮਾਏਦਾਰਾ ਵਿਚਾਰਧਾਰਾ ਨੂੰ ਫੈਲਾਉਣ ਵਿਚ ਮੱਦਦ ਕਰਦਾ ਸੀ।

ਲੈਨਿਨ ਨੇ ਮਜ਼ਦੂਰਾਂ ਨੂੰ ਸਿਆਸੀ ਤਾਕਤ ਆਪਣੇ ਹੱਥਾਂ ਵਿੱਚ ਲੈਣ ਲਈ ਅਗਵਾਈ ਦੇਣ ਦੇ ਸਮਰੱਥ ਨਵੀਂ ਕਿਸਮ ਦੀ ਪਾਰਟੀ ਬਣਾਉਣ ਦੇ ਵਿਚਾਰਾਂ ਦਾ ਵਿਸਥਾਰ ਕੀਤਾ। ਇਹ ਪਾਰਟੀ ਮਜ਼ਦੂਰਾਂ ਦਾ ਜਮਾਤੀ ਤੌਰ ਉਤੇ ਚੇਤੰਨ ਅਤੇ ਜਥੇਬੰਦ ਹਰਾਵਲ ਦਸਤਾ ਹੋਣੀ ਚਾਹੀਦੀ ਹੈ, ਜੋ ਸਮੁੱਚੀ ਜਮਾਤ ਨੂੰ ਅਗਵਾਈ ਦੇਵੇ। ਉਸਨੇ ਅਜੇਹੀ ਪਾਰਟੀ ਬਣਾਉਣ ਲਈ ਪਹਿਲੇ ਕਦਮ ਬਤੌਰ ਕੁੱਲ-ਰੂਸ ਸਿਆਸੀ ਅਖਬਾਰ ਸਥਾਪਤ ਕਰਨ ਦਾ ਸੁਝਾਅ ਰੱਖਿਆ।

ਰੂਸ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਪਹਿਲੀ ਕਾਂਗਰਸ 1898 ਵਿੱਚ ਹੋਈ, ਪਰ ਇਸ ਨਾਲ ਇਕਮੁੱਠ ਪ੍ਰੋਲਤਾਰੀ ਪਾਰਟੀ ਬਣਾਉਣ ਵੱਲ ਕੋਈ ਤਰੱਕੀ ਨਹੀਂ ਹੋਈ। ਇਸ ਵਿੱਚ ਕੋਈ ਸਾਂਝਾ ਪ੍ਰੋਗਰਾਮ ਜਾਂ ਜਥੇਬੰਦਕ ਅਸੂਲ ਨਾ ਅਪਣਾਏ ਗਏ। 1903 ਵਿੱਚ ਹੋਈ ਦੂਸਰੀ ਕਾਂਗਰਸ ਨੇ ਲੈਨਿਨ ਦੇ ਗਰੁੱਪ ਵਲੋਂ ਪ੍ਰੀਭਾਸ਼ਤ ਕੀਤਾ ਗਿਆ, ਇੱਕ ਇਨਕਲਾਬੀ ਪ੍ਰੋਗਰਾਮ ਅਪਣਾ ਲਿਆ। ਪ੍ਰੋਗਰਾਮ ਦਾ ਬੁਨਿਆਦੀ ਨਿਸ਼ਾਨਾ ਜ਼ਾਰਸ਼ਾਹੀ ਦਾ ਤਖਤਾ ਉਲਟਾਉਣਾ, ਬੁਰਜੂਆ ਜਮਹੂਰੀ ਇਨਕਲਾਬ ਨੂੰ ਪੂਰਾ ਕਰਨਾ ਅਤੇ ਸਮਾਜਵਾਦੀ ਇਨਕਲਾਬ ਵੱਲ ਅੱਗੇ ਵਧਣਾ ਸੀ। ਫੌਰੀ ਮੰਗਾਂ ਵਿੱਚ ਇੱਕ ਜਮਹੂਰੀ ਗਣਤੰਤਰ ਸਥਾਪਤ ਕਰਨਾ, ਕੰਮ ਦਿਹਾੜੀ 8 ਘੰਟੇ ਸੀਮਤ ਕਰਨਾ ਅਤੇ ਜਗੀਰਦਾਰਾਂ ਦੀ ਜ਼ਮੀਨ ਜ਼ਬਤ ਕਰਨਾ ਸ਼ਾਮਲ ਸੀ।

ਦੂਸਰੀ ਕਾਂਗਰਸ ਵਿੱਚ ਪਾਰਟੀ ਮੈਂਬਰਸ਼ਿਪ ਵਾਸਤੇ ਅਸੂਲਾਂ ਦੇ ਸਵਾਲ ਉਤੇ ਬਹੁਤ ਭਖਵੀਂ ਬਹਿਸ ਹੋਈ।

ਲੈਨਿਨ ਅਤੇ ਉਸਦੇ ਹਮਾਇਤੀ, ਇਸ ਸਵਾਲ ਉੱਤੇ ਅੜ ਗਏ ਕਿ ਇੱਕ ਮੈਂਬਰ ਵਾਸਤੇ ਪਾਰਟੀ ਦੇ ਪ੍ਰੋਗਰਾਮ ਨਾਲ ਸਹਿਮਤ ਹੋਣਾ ਅਤੇ ਚੰਦਾ ਦੇਣਾ ਕਾਫੀ ਨਹੀਂ ਹੈ। ਹਰ ਇੱਕ ਮੈਂਬਰ ਵਾਸਤੇ ਪਾਰਟੀ ਦੀ ਕਿਸੇ ਇੱਕ ਜਥੇਬੰਦੀ ਵਿੱਚ ਜ਼ਾਬਤੇ ਹੇਠ ਕੰਮ ਕਰਨਾ ਵੀ ਜ਼ਰੂਰੀ ਹੈ। ਕੇਵਲ ਇਸ ਤਰ੍ਹਾਂ ਹੀ ਉਹ ਇੱਕਸਮਾਨ ਜ਼ਾਬਤੇ ਹੇਠ ਆਉਣਗੇ ਅਤੇ ਇੱਕ ਇਕਮੁੱਠ ਤਾਕਤ ਬਤੌਰ ਕੰਮ ਕਰਨਗੇ।

ਮਾਰਤੋਵ ਅਤੇ ਉਸਦੇ ਹਮਾਇਤੀ, ਜਿਨ੍ਹਾਂ ਵਿੱਚ ਟਰਾਟਸਕੀ ਵੀ ਸ਼ਾਮਲ ਸੀ, ਨੇ ਇਸ ਸ਼ਰਤ ਦਾ ਵਿਰੋਧ ਕੀਤਾ ਕਿ ਹਰ ਮੈਂਬਰ ਲਈ ਪਾਰਟੀ ਦੀ ਕਿਸੇ ਇੱਕ ਜਥੇਬੰਦੀ ਦੇ ਜ਼ਾਬਤੇ ਹੇਠ ਕੰਮ ਕਰਨਾ ਲਾਜ਼ਮੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੂਰਤ ਵਿੱਚ ਬਹੁਤ ਸਾਰੇ ਬੁਰਜੂਆ ਬੁੱਧੀਜੀਵੀ ਪਾਰਟੀ ਵਿੱਚ ਨਹੀਂ ਸ਼ਾਮਲ ਹੋਣਗੇ। ਲੈਨਿਨ ਅਤੇ ਉਸਦੇ ਹਮਾਇਤੀਆਂ ਦਾ ਜਵਾਬ ਸੀ ਕਿ ਚੰਗਾ ਹੀ ਹੈ ਕਿ ਡਿਸਿਪਲਿਨ ਦਾ ਵਿਰੋਧ ਕਰਨ ਵਾਲੇ ਬੰਦੇ ਪਾਰਟੀ ਦੇ ਮੈਂਬਰ ਨਾ ਬਣਨ।

ਪਾਰਟੀ ਦੀ ਮੈਂਬਰਸ਼ਿਪ ਦੇ ਨਿਯਮਾਂ ਉੱਤੇ ਵਿਵਾਦ ਨੇ ਦੂਸਰੀ ਕਾਂਗਰਸ ਦੇ ਡੈਲੀਗੇਟਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਦਿੱਤਾ। ਲੈਨਿਨ ਦੀ ਅਗਵਾਈ ਵਾਲੇ ਗਰੁੱਪ ਨੂੰ ਬਾਲਸ਼ਵਿਕ (ਬਹੁਮੱਤ) ਅਤੇ ਵਿਰੋਧੀ ਗਰੁੱਪ ਨੂੰ ਮੈਨਸ਼ਵਿਕ (ਘਟ ਗਿਣਤੀ) ਕਿਹਾ ਜਾਣ ਲੱਗ ਪਿਆ। ਲੈਨਿਨ ਨੇ ਆਪਣੀ ਕਿਤਾਬ “ਇੱਕ ਕਦਮ ਅੱਗੇ ਅਤੇ ਦੋ ਕਦਮ ਪਿੱਛੇ” ਵਿੱਚ ਉਨ੍ਹਾਂ ਜਥੇਬੰਦਕ ਅਸੂਲਾਂ ਦਾ ਵਿਸਥਾਰ ਕੀਤਾ ਜਿਨ੍ਹਾਂ ਵਾਸਤੇ ਬਾਲਸ਼ਵਿਕਾਂ ਨੇ ਲੜਾਈ ਕੀਤੀ ਸੀ।

ਬਾਲਸ਼ਵਿਕਾਂ ਅਤੇ ਮੈਨਸ਼ਵਿਕਾਂ ਵਿਚਕਾਰ ਕੇਵਲ ਜਥੇਬੰਦਕ ਅਸੂਲਾਂ ਬਾਰੇ ਹੀ ਨਹੀਂ ਬਲਕਿ ਸਿਆਸੀ ਲਾਈਨ ਬਾਰੇ ਵੀ ਮੱਤਭੇਦ ਸਨ। ਜ਼ਾਰਸ਼ਾਹੀ ਵਾਲੇ ਰੂਸ, ਜਿੱਥੇ ਹਾਲੇ ਕੋਈ ਵੀ ਜਮਹੂਰੀ ਇਨਕਲਾਬ ਨਹੀਂ ਸੀ ਹੋਇਆ, ਵਿੱਚ ਇਨਕਲਾਬ ਦੀ ਰਣਨੀਤੀ ਅਤੇ ਦਾਅ-ਪੇਚਾਂ ਬਾਰੇ ਉਨ੍ਹਾਂ ਦੀਆਂ ਪ੍ਰਸਪਰ ਵਿਰੋਧੀ ਧਾਰਨਾਵਾਂ ਸਨ। ਉਥੇ ਬਹੁਤਗਿਣਤੀ ਲੋਕ ਕਿਸਾਨ ਸਨ, ਜਿਨ੍ਹਾਂ ਉਤੇ ਜਗੀਰਦਾਰਾਂ ਵਲੋਂ ਜ਼ਾਰਸ਼ਾਹੀ ਰਾਜ ਦੀ ਹਮਾਇਤ ਨਾਲ ਅੱਤਿਆਚਾਰ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਲੁੱਟਿਆ ਜਾਂਦਾ ਸੀ। ਵੱਡੇ ਪੈਮਾਨੇ ਦੀ ਸਰਮਾਏਦਾਰਾ ਇੰਡਸਟਰੀ ਦੇ ਤੇਜ਼ ਵਿਕਾਸ ਨਾਲ ਮਜ਼ਦੂਰ ਜਮਾਤ ਦਾ ਅਕਾਰ ਵੀ ਤੇਜ਼ੀ ਨਾਲ ਵਧ ਰਿਹਾ ਸੀ। ਜ਼ਾਰਸ਼ਾਹੀ ਰਾਜ ਵਿੱਚ ਮਜ਼ਦੂਰਾਂ ਜਾਂ ਕਿਸਾਨਾਂ ਨੂੰ ਕੋਈ ਵੀ ਹੱਕ ਪ੍ਰਾਪਤ ਨਹੀਂ ਸਨ।

ਮੈਨਸ਼ਵਿਕਾਂ ਦੀ ਦਲੀਲ ਸੀ ਕਿ ਜਮਹੂਰੀ ਇਨਕਲਾਬ ਦੀ ਅਗਵਾਈ ਬੁਰਜੂਆਜ਼ੀ ਵਲੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਬੁਰਜੂਆ ਜਮਹੂਰੀ ਗਣਤੰਤਰ ਸਥਾਪਤ ਹੋ ਜਾਣ ਤੋਂ ਬਾਅਦ ਹੀ ਪ੍ਰੋਲਤਾਰੀ ਦੀ ਹਕੂਮਤ ਅਤੇ ਸਮਾਜਵਾਦ ਲਿਆਉਣਾ ਸੰਭਵ ਹੋ ਸਕੇਗਾ। ਉਨ੍ਹਾਂ ਨੇ ਪ੍ਰੋਲਤਾਰੀ ਨੂੰ ਇਨਕਲਾਬ ਲਈ ਜਦੋ-ਜਹਿਦ ਕਰਨ ਦੇ ਖ਼ਿਲਾਫ਼ ਸਲਾਹ ਦਿੱਤੀ, ਕਿਉਂਕਿ ਅਜੇਹਾ ਕਰਨ ਨਾਲ ਉਦਾਰਵਾਦੀ ਬੁਰਜੂਆਜ਼ੀ ਇਨਕਲਾਬ ਲਿਆਉਣ ਤੋਂ ਡਰ ਜਾਵੇਗੀ।

ਇਹਦੇ ਉਲਟ, ਲੈਨਿਨ ਅਤੇ ਬਾਲਸ਼ਵਿਕਾਂ ਦੀ ਦਲੀਲ ਸੀ ਕਿ ਜਮਹੂਰੀ ਇਨਕਲਾਬ ਦੀ ਅਗਵਾਈ ਪ੍ਰੋਲਤਾਰੀ ਨੂੰ ਹੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਕਿਸਾਨਾਂ ਨਾਲ ਗਠਜੋੜ ਕਰਕੇ ਬੁਰਜੂਆਜ਼ੀ ਨੂੰ ਨਿਖੇੜਨਾ ਚਾਹੀਦਾ ਹੈ। ਬੁਰਜੂਆਜ਼ੀ, ਜ਼ਾਰਸ਼ਾਹੀ ਹਕੂਮਤ ਨਾਲੋਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਦੇ ਵਧੇਰੇ ਖ਼ਿਲਾਫ਼ ਹੈ। ਪ੍ਰੋਲਤਾਰੀ ਨੂੰ ਜਗੀਰਦਾਰਾਂ ਦੇ ਜ਼ੁਲਮ ਅਤੇ ਜ਼ਾਰਸ਼ਾਹੀ ਹਕੂਮਤ ਦੇ ਜ਼ੁਲਮ ਦੇ ਖ਼ਿਲਾਫ਼ ਜਮਹੂਰੀ ਸੰਘਰਸ਼ ਵਿੱਚ ਆਗੂ ਭੂਮਿਕਾ ਅਦਾ ਕਰਕੇ ਬਹੁ-ਗਿਣਤੀ ਲੋਕਾਂ ਦੀ ਹਮਾਇਤ ਜਿੱਤਣੀ ਚਾਹੀਦੀ ਹੈ। ਇਹ ਅਸੂਲੀ ਇਨਕਲਾਬੀ ਦਾਅ-ਪੇਚ ਲੈਨਿਨ ਦੀ ਕਿਤਾਬ “ਜਮਹੂਰੀ ਇਨਕਲਾਬ ਵਿੱਚ ਸੋਸ਼ਲ ਡੈਮੋਕ੍ਰੇਸੀ ਦੇ ਦੋ ਦਾਅ-ਪੇਚ” (ਜੁਲਾਈ, 1905) ਵਿਚ ਵਿਸਤਾਰ ਨਾਲ ਸਮਝਾਏ ਗਏ ਹਨ।

ਰੂਸ ਵਿਚ 1905 ਤੋਂ 1907 ਤਕ ਦਾ ਦੌਰ ਇੱਕ ਇਨਕਲਾਬੀ ਦੌਰ ਸੀ। 1900-03 ਦੇ ਆਰਥਿਕ ਸੰਕਟ ਨੇ ਮੇਹਨਤਕਸ਼ ਜਨਤਾ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਸਨ। 1904 ਵਿੱਚ ਜਪਾਨ ਨਾਲ ਹੋਈ ਜੰਗ ਨੇ ਲੋਕਾਂ ਦੀਆਂ ਮੁਸੀਬਤਾਂ ਉਸ ਨਾਲੋਂ ਵੀ ਵਧਾ ਦਿੱਤੀਆਂ। ਉਸ ਜੰਗ ਵਿੱਚ ਜ਼ਾਰ ਦੀ ਫੌਜ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ 1,20,000 ਤੋਂ ਵੱਧ ਪੁੱਤਰਾਂ ਦੀਆਂ ਜਾਨਾਂ ਚਲੇ ਗਈਆਂ ਜਾਂ ਫਿਰ ਉਹ ਜ਼ਖਮੀ ਹੋ ਗਏ ਅਤੇ ਦੁਸ਼ਮਣ ਵਲੋਂ ਕੈਦ ਕਰ ਲਏ ਗਏ ਸਨ। ਇਸਨੇ ਜਨਤਾ ਦੀ ਬੇਚੈਨੀ ਉੱਤੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ।

9 ਜਨਵਰੀ 1905 ਨੂੰ, ਮਜ਼ਦੂਰ ਜਨਤਾ ਜ਼ਾਰ ਦੇ ਨਾਮ ਇੱਕ ਪਟੀਸ਼ਨ ਲੈ ਕੇ ਵਿੰਟਰ ਪੈਲੇਸ ਤਕ ਮਾਰਚ ਕਰਕੇ ਗਏ। ਉਨ੍ਹਾਂ ਵਿਚੋਂ ਕਈਆਂ ਨੇ ਚਰਚ ਦੇ ਬੈਨਰ ਅਤੇ ਜ਼ਾਰ ਦੀਆਂ ਫੋਟੋ ਚੁੱਕੀਆਂ ਹੋਈਆਂ ਸਨ। ਜ਼ਾਰ ਨੇ ਆਪਣੇ ਫੌਜੀਆਂ ਨੂੰ ਮਜ਼ਦੂਰਾਂ ਦੇ ਜਲੂਸ ਉਪਰ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ। ਉਸ ਦਿਨ ਇੱਕ ਹਜ਼ਾਰ ਤੋਂ ਜ਼ਿਆਦਾ ਮਜ਼ਦੂਰ ਮਾਰੇ ਗਏ ਅਤੇ ਦੋ ਹਜ਼ਾਰ ਤੋਂ ਵੱਧ ਜ਼ਖਮੀ ਹੋ ਗਏ। ਸੇਂਟ ਪੀਟਰਜ਼ਬਰਗ ਦੀਆਂ ਗਲੀਆਂ ਵਿੱਚ ਮਜ਼ਦੂਰਾਂ ਦਾ ਖੂਨ ਵਹਿ ਤੁਰਿਆ। ਉਸ ਖੂਨੀ ਐਤਵਾਰ ਦੇ ਕਤਲੇਆਮ ਨੇ, ਜ਼ਾਰਸ਼ਾਹੀ ਰੂਸ ਦੇ ਲੋਕਾਂ ਨੂੰ ਜਗਾ ਦਿੱਤਾ। ਉਸ ਕਤਲੇਆਮ ਨਾਲ ਦੇਸ਼ਭਰ ਵਿੱਚ ਇਨਕਲਾਬੀ ਉਭਾਰ ਫੁੱਟ ਨਿਕਲਿਆ। ਮਜ਼ਦੂਰਾਂ ਵਲੋਂ ਕੀਤੀਆਂ ਸਿਆਸੀ ਹੜਤਾਲਾਂ ਤੋਂ ਬਾਦ ਕਿਸਾਨਾਂ ਨੇ ਬੜੇ ਬੜੇ ਮੁਜ਼ਾਹਰੇ ਕੀਤੇ। ਨੇਵੀ ਦੇ ਇੱਕ ਜੰਗੀ ਜਹਾਜ਼ ਦੇ ਸਿਪਾਹੀਆਂ ਨੇ ਜ਼ਾਰਸ਼ਾਹੀ ਨਿਜ਼ਾਮ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਉਹ ਇਨਕਲਾਬੀ ਮਜ਼ਦੂਰਾਂ ਨਾਲ ਮਿਲ ਗਏ।

ਬੁਰਜੂਆਜ਼ੀ ਇਨਕਲਾਬ ਤੋਂ ਭੈਅ-ਭੀਤ ਹੋ ਗਈ ਅਤੇ ਉਸਨੇ ਜ਼ਾਰ ਨੂੰ ਇੱਕ ਡੂਮਾ (ਸੰਸਦ) ਸਥਾਪਤ ਕਰਨ ਲਈ ਅਤੇ ਹੋਰ ਕਈ ਰਿਆਇਤਾਂ ਦੇਣ ਲਈ ਮਨਾ ਲਿਆ। ਜਪਾਨ ਨਾਲ ਜੰਗ ਖਤਮ ਹੋਣ ਤੋਂ ਪਿਛੋਂ, ਰੂਸੀ ਰਾਜ ਦੁਬਾਰਾ ਮਜ਼ਬੂਤ ਹੋ ਗਿਆ ਅਤੇ ਜ਼ਾਰ ਨੇ ਇਨਕਲਾਬੀਆਂ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ। ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਸੈਂਕੜੇ ਵਿਅਕਤੀਆਂ ਨੂੰ ਗ੍ਰਿਫਤਾਰ, ਟਾਰਚਰ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਕੰਮ 1908 ਵਿੱਚ ਸ਼ੁਰੂ ਕੀਤਾ ਗਿਆ ਸੀ। ਲੈਨਿਨ ਨੂੰ ਦੇਸ਼ ਛੱਡ ਕੇ ਬਦੇਸ਼ਾਂ ਵਿੱਚ ਜਾ ਕੇ ਰਹਿਣਾ ਪਿਆ।

1905 ਦੇ ਇਨਕਲਾਬ ਦੀ ਹਾਰ ਦਾ ਵਿਸ਼ਲੇਸ਼ਣ ਕਰਦਿਆਂ, ਬਾਲਸ਼ਵਿਕ ਇਸ ਨਤੀਜੇ ਉੱਤੇ ਪਹੁੰਚੇ ਕਿ ਮਜ਼ਦੂਰਾਂ ਅਤੇ ਕਿਸਾਨਾਂ ਵਿਚਕਾਰ ਗਠਜੋੜ ਦੀ ਅਣਹੋਂਦ ਇਸਦਾ ਮੁੱਖ ਕਾਰਨ ਸੀ। ਹਰਾਵਲ ਦਸਤਾ ਪਾਰਟੀ ਵਿਚ ਬਾਲਸ਼ਵਿਕਾਂ ਅਤੇ ਮੈਨਸ਼ਵਿਕਾਂ ਵਿਚਕਾਰ ਫੁੱਟ ਦੇ ਕਾਰਨ ਇਹ ਪ੍ਰੋਲਤਾਰੀ ਇਨਕਲਾਬ ਦੀ ਆਗੂ ਨਾ ਬਣ ਸਕੀ। ਹੋਰ ਕਾਰਨਾਂ ਵਿੱਚ, ਜ਼ਾਰ ਦੀ ਹਕੂਮਤ ਨੂੰ ਪੱਛਮੀ-ਯੂਰਪੀ ਸਾਮਰਾਜਵਾਦ ਵਲੋਂ ਦਿੱਤੀ ਗਈ ਸਹਾਇਤਾ ਵੀ ਸ਼ਾਮਲ ਹੈ। ਬਦੇਸ਼ੀ ਸਰਮਾਏਦਾਰ ਅਜਾਰੇਦਾਰਾਂ ਨੂੰ ਰੂਸ ਵਿੱਚ ਆਪਣੇ ਨਿਵੇਸ਼ਾਂ ਅਤੇ ਬੜੇ ਬੜੇ ਮੁਨਾਫਿਆਂ ਦੇ ਖੁੱਸ ਜਾਣ ਦਾ ਡਰ ਪੈ ਗਿਆ ਸੀ। ਉਹ ਇਸ ਲਈ ਵੀ ਡਰਦੇ ਸਨ ਕਿ ਰੂਸ ਵਿੱਚ ਇਨਕਲਾਬ ਆਉਣ ਨਾਲ ਹੋਰ ਦੇਸ਼ਾਂ ਵਿੱਚ ਇਨਕਲਾਬਾਂ ਨੂੰ ਉਤਸ਼ਾਹ ਮਿਲੇਗਾ।

1905 ਤੋਂ 1908 ਦੀਆਂ ਗਤੀਵਿਧੀਆਂ ਨੇ ਬਾਲਸ਼ਵਿਕਾਂ ਨੂੰ ਅਹਿਸਾਸ ਦੁਆ ਦਿੱਤਾ ਕਿ ਸਾਜ਼ਗਾਰ ਹਾਲਤਾਂ ਵਿੱਚ ਅੱਗੇ ਕਿਵੇਂ ਵਧਣਾ ਹੈ। ਉਨ੍ਹਾਂ ਨੂੰ ਮੂਹਰਲੀਆਂ ਸਫਾਂ ਵਿੱਚ ਆਉਣ ਅਤੇ ਹਮਲੇ ਦੁਰਾਨ ਤਮਾਮ ਲੋਕਾਂ ਨੂੰ ਅਗਵਾਈ ਦੇਣ ਦੀ ਸੋਝੀ ਪੈ ਗਈ। ਉਨ੍ਹਾਂ ਨੇ ਪਿੱਛੇ ਹਟਣਾ ਵੀ ਸਿੱਖ ਲਿਆ।

ਉਸ ਦੌਰ ਵਿੱਚ ਪ੍ਰਤੀਕ੍ਰਮ ਅਤੇ ਜਬਰ ਦੀਆਂ ਹਾਲਤਾਂ ਦੁਰਾਨ, ਬਾਲਸ਼ਵਿਕਾਂ ਨੇ ਟਰੇਡ ਯੂਨੀਅਨਾਂ, ਬੀਮਾਰੀ ਦੁਰਾਨ ਮੱਦਦ ਕਰਨ ਵਾਲੀਆਂ ਸੁਸਾਇਟੀਆਂ, ਅਤੇ ਡੂਮਾ ਦੇ ਮੰਚ ਰਾਹੀਂ ਨਿੱਕੇ ਜਿਹੇ ਵੀ ਲਾ-ਕਨੂੰਨੀ ਮੌਕਿਆਂ ਨੂੰ ਲੋਕਾਂ ਨਾਲ ਆਪਣਾ ਸੰਪਰਕ ਕਾਇਮ ਰੱਖਣ ਲਈ ਵਰਤਿਆ। ਬਾਲਸ਼ਵਿਕਾਂ ਨੇ ਇਹ ਵੀ ਸਿੱਖ ਲਿਆ ਕਿ ਪ੍ਰਤੀਕੂਲ ਹਾਲਤਾਂ ਵਿੱਚ ਬਿਨਾਂ ਹੜਬੜਾਹਟ ਕਿਵੇਂ ਪਿੱਛੇ ਹਟਣਾ ਹੈ ਤਾਂ ਕਿ ਆਪਣੇ ਕੇਡਰਾਂ ਨੂੰ ਬਚਾ ਕੇ ਰੱਖਿਆ ਜਾਵੇ ਅਤੇ ਦੁਸ਼ਮਣ ਦੇ ਖ਼ਿਲਾਫ਼ ਹਮਲਾ ਮੁੜ ਤੋਂ ਕਰਨ ਲਈ ਤਿਆਰੀ ਕੀਤੀ ਜਾਵੇ।

ਜਦੋਂ ਇਨਕਲਾਬ ਦੇ ਖ਼ਿਲਾਫ਼ ਦੁਸ਼ਮਣ ਦਾ ਪਲੜਾ ਭਾਰੀ ਹੋ ਗਿਆ ਤਾਂ ਮੈਨਸ਼ਵਿਕਾਂ ਨੇ ਘਬਰਾਹਟ ਫੈਲਾ ਦਿੱਤੀ। ਉਨ੍ਹਾਂ ਨੇ ਪਾਰਟੀ ਦੀਆਂ ਤਮਾਮ ਗੈਰ-ਕਾਨੂੰਨੀ ਜਥੇਬੰਦੀਆਂ ਨੂੰ ਤੋੜ ਦੇਣ ਵਾਸਤੇ ਅਵਾਜ਼ੇ ਕੱਸਣੇ ਸ਼ੁਰੂ ਕਰ ਦਿੱਤੇ। ਕਈ ਮਾਰਕਸਵਾਦੀ ਬੱੁਧੀਜੀਵੀ ਅਖਵਾਉਣ ਵਾਲਿਆਂ ਨੇ, ਮਾਰਕਸਵਾਦ ਦੇ ਕਈ ਬੁਨਿਆਦੀ ਅਸੂਲਾਂ ਨੂੰ ਤਿਆਗ ਦੇਣ ਦੀਆਂ ਸਲਾਹਾਂ ਦਿੱਤੀਆਂ। ਇਸ ਰੁਝਾਨ ਦਾ ਨਿਸ਼ਾਨਾ ਪਾਰਟੀ ਦੀਆਂ ਸਫਾਂ ਵਿੱਚ ਉਤਸ਼ਾਹ-ਹੀਣਤਾ ਪੈਦਾ ਕਰਨਾ ਸੀ। ਕੁੱਝ ਬੁੱਧੀਜੀਵੀ, ਜਿਨ੍ਹਾਂ ਨੇ ਮਾਰਕਸਵਾਦ ਤੋਂ ਕਿਨਾਰਾ ਕਰ ਲਿਆ ਸੀ, ਏਨੇ ਗਿਰ ਗਏ ਸਨ ਕਿ ਉਨ੍ਹਾਂ ਨੇ ਇੱਕ ਨਵੇਂ ਧਰਮ ਦੀ ਬੁਨਿਆਦ ਰੱਖਣ ਦੀ ਵਕਾਲਤ ਕੀਤੀ। ਮਾਰਕਸਵਾਦ ਤੋਂ ਭਗੌੜੇ ਹੋਇਆਂ ਨੂੰ ਇੱਕ ਢੁੱਕਵਾਂ ਜਵਾਬ ਦੇਣਾ ਅਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰਨਾ ਅਤੇ ਇਸ ਤਰ੍ਹਾਂ ਮਾਰਕਸਵਾਦੀ ਪਾਰਟੀ ਦੇ ਬੁਨਿਆਦੀ ਸਿਧਾਂਤ ਦੀ ਹਿਫਾਜ਼ਤ ਕਰਨਾ, ਬੇਹੱਦ ਜ਼ਰੂਰੀ ਬਣ ਗਿਆ ਸੀ। ਇਸ ਜ਼ਰੂਰਤ ਨੂੰ 1909 ਵਿਚ ਪ੍ਰਕਾਸ਼ਿਤ ਹੋਈ ਲੈਨਿਨ ਦੀ ਕਿਤਾਬ “ਪਦਾਰਥਵਾਦ ਅਤੇ ਪ੍ਰਤੀਯੋਗੀ-ਪੜਚੋਲ” ਨੇ ਪੂਰਾ ਕੀਤਾ।

1911 ਦੇ ਅੰਤ ਤਕ ਬਾਲਸ਼ਵਿਕਾਂ ਨੇ ਭਾਂਪ ਲਿਆ ਸੀ ਕਿ ਇੱਕ ਹੋਰ ਇਨਕਲਾਬੀ ਉਭਾਰ ਆਉਣ ਵਾਲਾ ਹੈ। ਲੈਨਿਨ ਵਲੋਂ ਇੱਕ ਇਕਮੁੱਠ ਹਰਾਵਲ-ਦਸਤਾ ਪਾਰਟੀ ਬਣਾਉਣ ਦੇ ਸੰਘਰਸ਼ ਨੇ ਲੱਗਭਗ ਸਾਰੇ ਹੀ ਇਨਕਲਾਬੀ ਕਮਿਉਨਿਸਟਾਂ ਨੂੰ ਬਾਲਸ਼ਵਿਕਾਂ ਦੇ ਪ੍ਰੋਗਰਾਮ ਅਤੇ ਯੋਜਨਾ ਨਾਲ ਸਹਿਮਤ ਕਰ ਲਿਆ। ਲੇਕਿਨ ਪਾਰਟੀ ਦੇ ਅੰਦਰ ਮੈਨਸ਼ਵਿਕਾਂ ਵਰਗੇ ਕੱਟੜ ਮੌਕਾਪ੍ਰਸਤਾਂ ਦੀ ਜ਼ਿੱਦ, ਮੌਕਾਪ੍ਰਸਤ ਅੰਸਰਾਂ ਤੋਂ ਮੁਕਤ ਅਤੇ ਪ੍ਰੋਲਤਾਰੀ ਨੂੰ ਸਿਆਸੀ ਤਾਕਤ ਲੈਣ ਲਈ ਸੰਘਰਸ਼ ਨੂੰ ਅਗਵਾਈ ਦੇਣ ਦੇ ਕਾਬਲ, ਨਵੀਂ ਪਾਰਟੀ ਬਣਾਉਣ ਵਿੱਚ ਅੜਿੱਕਾ ਬਣੀ ਹੋਈ ਸੀ।

ਜਨਵਰੀ 1912 ਦੀ ਪਰਾਗ ਵਿੱਚ ਹੋਈ ਸਰਬ-ਰੂਸ ਪਾਰਟੀ ਦੀ ਛੇਵੀਂ ਕਾਨਫਰੰਸ ਨੇ ਮੈਨਸ਼ਵਿਕਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਇਸਨੇ ਜਮਹੂਰੀ ਕੇਂਦਰੀਵਾਦ ਉੱਤੇ ਅਧਾਰਿਤ ਅਤੇ ਆਪਣੀਆਂ ਸਫਾਂ ਵਿੱਚ ਸਟੀਲ ਵਰਗੀ ਏਕਤਾ ਵਾਲੀ ਨਵੀਂ ਪਾਰਟੀ ਬਣਾਉਣ ਅਤੇ ਮਜ਼ਬੂਤ ਕਰਨ ਦਾ ਰਸਤਾ ਖੋਲ੍ਹ ਦਿੱਤਾ।

ਮਜ਼ਦੂਰਾਂ ਦੇ ਦੂਰ ਦੂਰ ਤਕ ਪੜ੍ਹੇ ਜਾਣ ਵਾਲੇ ਸ਼ਾਨਦਾਰ ਅਖਬਾਰ, ‘ਪ੍ਰਾਵਦਾ’ ਨਾਲ ਲੈਸ, ਬਾਲਸ਼ਵਿਕ ਪਾਰਟੀ ਨੇ ਇਨਕਲਾਬੀ ਮਜ਼ਦੂਰਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਭਰਤੀ ਕੀਤਾ ਅਤੇ ਸਿਖਲਾਈ ਦਿੱਤੀ। 1917 ਤਕ ਇਹ ਪਾਰਟੀ, ਇਨਕਲਾਬੀ ਲਾਈਨ ਦੁਆਲੇ, ਆਪਣੀਆਂ ਸਫਾਂ ਵਿੱਚ ਸਟੀਲ ਵਰਗੀ ਏਕਤਾ ਵਾਲੀ ਇੱਕ (ਪਾਰਟੀ), ਮਜ਼ਦੂਰ ਜਮਾਤ ਦੇ ਸਭ ਤੋਂ ਉੱਨਤ ਅਤੇ ਸਭ ਤੋਂ ਜਥੇਬੰਦ ਦਸਤੇ ਬਤੌਰ, ਉਭਰ ਕੇ ਅੱਗੇ ਆ ਚੁੱਕੀ ਸੀ।

ਅਕਤੂਬਰ ਇਨਕਲਾਬ

ਬਾਲਸ਼ਵਿਕ ਪਾਰਟੀ ਨੇ ਮਾਨਵਤਾ ਦੇ ਇਤਿਹਾਸ ਵਿੱਚ ਸਭ ਤੋਂ ਪਹਿਲੇ ਕਾਮਯਾਬ ਸਮਾਜਵਾਦੀ ਇਨਕਲਾਬ ਨੂੰ ਅਗਵਾਈ ਦਿੱਤੀ। ਉਸ ਨੇ ਨਵੰਬਰ 1917 ਵਿੱਚ (ਰੂਸ ਦ ਉਸ ਵਕਤ ਦੇੇ ਕਲੰਡਰ ਮੁਤਾਬਕ ਅਕਤੂਬਰ) ਰੂਸ ਦੇ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਨੂੰ ਬੁਰਜੂਆਜ਼ੀ ਦਾ ਤਖਤਾ ਉਲਟਾਉਣ ਅਤੇ ਇੱਕ ਸੋਵੀਅਤ ਰਾਜ ਸਥਾਪਤ ਕਰਨ ਵਿੱਚ ਅਗਵਾਈ ਕੀਤੀ।

7 ਨਵੰਬਰ 1917 ਨੂੰ, ਇਨਕਲਾਬੀ ਮਜ਼ਦੂਰਾਂ, ਫੌਜ ਅਤੇ ਨੇਵੀ ਦੇ ਸਿਪਾਹੀਆਂ ਨੇ ਵਿੰਟਰ ਪੈਲੇਸ ਉਪਰ ਧਾਵਾ ਬੋਲ ਕੇ ਉਸ ਉਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਆਰਜ਼ੀ ਸਰਕਾਰ ਦੇ ਪ੍ਰਤੀਨਿਧਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਮੰਤਰਾਲੇ, ਸਟੇਟ ਬੈਂਕ, ਰੇਲਵੇ ਸਟੇਸ਼ਨਾਂ ਅਤੇ ਡਾਕ-ਤਾਰ ਦੇ ਦਫਤਰਾਂ ਨੂੰ ਕਬਜ਼ੇ ਵਿੱਚ ਕਰ ਲਿਆ। ਬਾਲਸ਼ਵਿਕ ਪਾਰਟੀ ਨੇ ਰੂਸ ਵਿੱਚ ਸਿਆਸੀ ਤਾਕਤ ਉੱਤੇ ਕਬਜ਼ਾ ਕਰਨ ਵਿੱਚ ਮਜ਼ਦੂਰ ਜਮਾਤ ਦੀ ਅਗਵਾਈ ਕੀਤੀ।

ਅਗਲੇ ਦਿਨ, ਮਜ਼ਦੂਰਾਂ ਅਤੇ ਸੈਨਿਕਾਂ ਦੀਆਂ ਸੋਵੀਅਤਾਂ ਦੇ ਪ੍ਰਤੀਨਿਧਾਂ ਦੀ ਦੂਸਰੀ ਸਰਬ-ਰੂਸ ਕਾਂਗਰਸ ਨੇ ਮਜ਼ਦੂਰਾਂ, ਫੌਜੀਆਂ ਅਤੇ ਕਿਸਾਨਾਂ ਦੇ ਨਾਮ ਇੱਕ ਅਪੀਲ ਨੂੰ ਪ੍ਰਵਾਨਗੀ ਦਿੱਤੀ, ਜਿਸ ਵਿੱਚ ਐਲਾਨ ਕੀਤਾ ਗਿਆ ਕਿ ਸੋਵੀਅਤਾਂ ਦੀ ਕਾਂਗਰਸ ਨੇ ਸਿਆਸੀ ਤਾਕਤ ਆਪਣੇ ਹੱਥਾਂ ਵਿੱਚ ਲੈ ਲਈ ਹੈ। ਕਾਂਗਰਸ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਰੂਸ ਦੀ ਸ਼ਮੂਲੀਅਤ ਨੂੰ ਖਤਮ ਕਰਨ ਲਈ, ਇੱਕ ਫੁਰਮਾਨ ਨੂੰ ਵੀ ਪ੍ਰਵਾਨਗੀ ਦਿੱਤੀ। ਉਸਨੇ ਜ਼ਮੀਨ ਸਬੰਧੀ ਵੀ ਇੱਕ ਫੁਰਮਾਨ ਨੂੰ ਪ੍ਰਵਾਨਗੀ ਦਿੱਤੀ, ਜਿਸ ਵਿਚ ਜਗੀਰਦਾਰਾਂ ਦੀ ਜ਼ਮੀਨ ਜ਼ਬਤ ਕਰਕੇ ਵਾਹੀ ਵਾਲੀ ਜ਼ਮੀਨ ਦੇ ਸੈਂਕੜੇ ਕ੍ਰੋੜਾਂ ਏਕੜ ਕਿਸਾਨਾਂ ਦੀਆਂ ਕਮੇਟੀਆਂ ਨੂੰ ਸੌਂਪ ਦੇਣ ਦਾ ਫੈਸਲਾ ਹੋਇਆ। ਕਾਂਗਰਸ ਨੇ ਕਾਮਰੇਡ ਲੈਨਿਨ ਦੀ ਅਗਵਾਈ ਵਿੱਚ ਪਹਿਲੀ ਸੋਵੀਅਤ ਸਰਕਾਰ ਸਥਾਪਤ ਕੀਤੀ। ਲੈਨਿਨ ਨੂੰ ਲੋਕਾਂ ਦੇ ਕੌਮੀਸਾਰਾਂ ਦੀ ਕੌਂਸਲ ਦਾ ਚੇਅਰਮੈਨ ਚੁਣਿਆਂ ਗਿਆ। ਸੋਵੀਅਤ ਸਰਕਾਰ ਨੇ ਖਾਨਾਂ, ਸਟੀਲ ਪਲਾਂਟ, ਫੈਕਟਰੀਆਂ ਅਤੇ ਬੈਂਕਾਂ ਨੂੰ ਸਰਮਾਏਦਾਰਾਂ ਦੀ ਨਿੱਜੀ ਜਾਇਦਾਦ ਤੋਂ ਬਦਲ ਕੇ ਲੋਕਾਂ ਦੀ ਸਮਾਜਿਕ ਜਾਇਦਾਦ ਬਣਾ ਦਿੱਤਾ।

ਅਕਤੂਬਰ ਇਨਕਲਾਬ ਨੇ ਦੁਨੀਆਂ ਨੂੰ ਹਿੱਲਾ ਦਿੱਤਾ ਅਤੇ ਸਮੁੱਚੀ ਸਰਮਾਏਦਾਰ ਜਮਾਤ ਵਿੱਚ ਹੜਬੜਾਹਟ ਪੈਦਾ ਕਰ ਦਿੱਤੀ। ਇਤਿਹਾਸ ਵਿੱਚ ਪਹਿਲੀ ਬਾਰੀ ਅਜੇਹਾ ਹੋਇਆ ਕਿ ਇੱਕ ਲੋਟੂ ਅਲਪਸੰਖਿਆ ਦੇ ਰਾਜ ਦੀ ਥਾਂ ਲੋਟੂਆਂ ਦੀ ਇੱਕ ਹੋਰ ਅਲਪਸੰਖਿਆ ਤਾਕਤ ਵਿੱਚ ਨਹੀਂ ਆਈ, ਜਿਸ ਤਰ੍ਹਾਂ ਕਿ 18ਵੀਂ ਅਤੇ 19ਵੀਂ ਸਦੀ ਵਿੱਚ ਯੂਰਪੀ ਦੇਸ਼ਾਂ ਵਿੱਚ ਹੋਏ ਬੁਰਜੂਆ ਜਮਹੂਰੀ ਇਨਕਲਾਬਾਂ ਵਿਚ ਹੋਇਆ ਸੀ। ਬੁਜੂਆਜ਼ੀ ਦੇ ਰਾਜ ਨੂੰ ਬਦਲ ਕੇ, ਪ੍ਰੋਲਤਾਰੀ ਦੀ ਅਗਵਾਈ ਵਿੱਚ, ਹੁਣ ਤਕ ਲੁੱਟੀ ਜਾਂਦੀ ਬਹੁਗਿਣਤੀ ਦਾ ਰਾਜ ਹੋਂਦ ਵਿੱਚ ਆਇਆ। ਉਤਪਾਦਨ ਦੇ ਸਾਧਨ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਜਾਇਦਾਦ ਤੋਂ ਬਦਲ ਕੇ ਸਮੁੱਚੇ ਲੋਕਾਂ ਜਾਂ ਸਮੂਹਾਂ ਦੀ ਸਾਂਝੀ ਜਾਇਦਾਦ ਬਣਾ ਦਿੱਤੇ ਗਏ।

ਅਕਤੂਬਰ ਇਨਕਲਾਬ ਨੇ ਇੱਕ ਨਵੇਂ ਰਾਜ ਨੂੰ ਜਨਮ ਦਿੱਤਾ, ਜਿਸਦਾ ਕੰਮ ਇਹ ਯਕੀਨੀ ਬਣਾਉਣਾ ਸੀ ਕਿ ਹਰ ਤਰ੍ਹਾਂ ਦੀ ਲੁੱਟ ਅਤੇ ਲੋਟੂ ਜਮਾਤਾਂ ਦਾ ਸਦਾ ਲਈ ਖਾਤਮਾ ਕਰ ਦਿੱਤਾ ਜਾਵੇ। ਸੋਵੀਅਤ ਯੂਨੀਅਨ, ਜਿੱਥੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਜੀਵਨ ਮਿਆਰ ਲਗਾਤਾਰ ਉਚਾ ਹੋ ਰਿਹਾ ਸੀ, ਨੇ ਸਭ ਦੇਸ਼ਾਂ ਦੀ ਪ੍ਰੋਲਤਾਰੀ ਅਤੇ ਦੱਬੇ-ਕੁਚਲੇ ਲੋਕਾਂ ਨੂੰ ਇਨਕਲਾਬ ਅਤੇ ਸਮਾਜਵਾਦ ਲਿਆਉਣ ਲਈ ਉਤਸ਼ਾਹਤ ਕੀਤਾ।

ਸਰਮਾਏਦਾਰਾ ਦੌਰ ਦਾ ਵਿਸ਼ਲੇਸ਼ਣ

ਜਦੋਂ ਬਾਲਸ਼ਵਿਕ ਪਾਰਟੀ ਆਪਣਾ ਇਨਕਲਾਬੀ ਕੰਮ ਕਰ ਰਹੀ ਸੀ, ਉਸ ਵੇਲੇ ਦੁਨੀਆਂ ਦੇ ਪੱਧਰ ਉੱਤੇ ਅਚਨਚੇਤ ਹੀ ਵੱਡੇ ਬਦਲਾਅ ਆ ਰਹੇ ਸਨ। ਪੂੰਜੀਵਾਦ ਦਾ ਵਿਕਾਸ ਹੋ ਕੇ ਸਾਮਰਾਜਵਾਦ ਦਾ ਰੂਪ ਧਾਰਨ ਕਰ ਗਿਆ ਸੀ, ਜੋ ਅਜਾਰੇਦਾਰਾ ਵਿੱਤ ਪੂੰਜੀ ਵਲੋਂ ਲੁੱਟ-ਖਸੁੱਟ ਅਤੇ ਡਕੈਤੀ ਦਾ ਇੱਕ ਵੈਸ਼ਵਿਕ ਢਾਂਚਾ ਬਣ ਗਿਆ ਸੀ। ਵੈਸ਼ਵਿਕ ਪੱਧਰ ੳਤੇ ਉਪਭੋਗੀ ਵਸਤਾਂ ਦੇ ਮੁੱਖ ਬਜ਼ਾਰਾਂ ਅਤੇ ਵਿੱਤਪੂੰਜੀ ਬਜ਼ਾਰਾਂ ਉੱਤੇ ਕੁੱਝ-ਇੱਕ ਅਜਾਰੇਦਾਰੀਆਂ ਦੇ ਗਲਬੇ ਨੇ ਪੂੰਜੀਵਾਦ ਦੇ ਕੰਮ ਦੇ ਨਿਯਮ ਬਦਲ ਦਿੱਤੇ ਸਨ। ਤਮਾਮ ਮਹਾਂਦੀਪਾਂ ਦੇ ਇਲਾਕਿਆਂ ਉੱਤੇ ਇਸ ਜਾਂ ਉਸ ਸਾਮਰਾਜੀ ਤਾਕਤ ਨੇ ਕਬਜ਼ਾ ਕਰ ਲਿਆ ਸੀ, ਅਤੇ ਹੁਣ ਇੱਕ ਦੂਜੇ ਤੋਂ ਇਲਾਕੇ ਖੋਹ ਕੇ ਹੀ ਇਹ ਤਾਕਤਾਂ ਆਪਣੀਆਂ ਮੰਡੀਆਂ ਵਧਾ ਸਕਦੀਆਂ ਸਨ।

ਲੈਨਿਨ ਨੇ ਬਾਲਸ਼ਵਿਕਾਂ ਨੂੰ ਮਾਰਕਸਵਾਦ ਦੀ ਸਾਇੰਸ ਦੀ ਰੌਸ਼ਨੀ ਵਿੱਚ, ਹੋ ਚੁੱਕੀਆਂ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਨ ਵਿੱਚ ਅਗਵਾਈ ਦਿੱਤੀ। ਉਸਨੇ ਉਸ ਵੇਲੇ ਦੇ ਅਖੌਤੀ ਮਾਰਕਸਵਾਦੀ ਮਾਹਰਾਂ ਦੇ ਮਾਰਕਸਵਾਦ-ਵਿਰੋਧੀ ਨਜ਼ਰੀਏ ਦੇ ਖ਼ਿਲਾਫ਼ ਇੱਕ ਬੇਕ੍ਰਿਕ ਘੋਲ ਚਲਾਇਆ। ਜਰਮਨੀ ਦੀ ਸੋਸ਼ਲ-ਡੈਮੋਕ੍ਰੈਟਿਕ ਪਾਰਟੀ ਦੇ ਇੱਕ ਆਗੂ ਕਾਰਲ ਕਾਟਸਕੀ, ਜਿਸਨੂੰ ਮਾਰਕਸੀ ਸਿਧਾਂਤ ਉੱਤੇ ਇੱਕ ਅਥਾਰਟੀ ਸਮਝਿਆ ਜਾਂਦਾ ਸੀ, ਨੇ ਦਾਅਵਾ ਕੀਤਾ ਕਿ ਸਰਮਾਏਦਾਰਾਂ ਵਿਚਕਾਰ ਮੁਕਾਬਲੇਬਾਜ਼ੀ ਦੇ ਵਿਕਸਿਤ ਹੋਣ ਕਰਕੇ, ਇਸਦਾ ਅਜਾਰੇਦਾਰੀ ਵਿੱਚ ਬਦਲ ਜਾਣਾ ਦੱਸਦਾ ਹੈ ਕਿ ਪੂੰਜੀਵਾਦ ਨੂੰ ਸ਼ਾਂਤਮਈ ਢੰਗ ਨਾਲ ਸਮਾਜਵਾਦ ਅਤੇ ਕਮਿਉਨਿਜ਼ਮ ਵਿੱਚ ਬਦਲਿਆ ਜਾ ਸਕਦਾ ਹੈ।

ਲੈਨਿਨ ਨੇ ਕਾਟਸਕੀ ਦੇ ਇਸ ਅਖੌਤੀ, ਫਰੇਬੀ ਸਿਧਾਂਤ ਦਾ ਪਰਦਾਫਾਸ਼ ਕੀਤਾ। ਉਸਨੇ ਮਾਰਕਸਵਾਦ ਦੇ ਇਸ ਸਿਧਾਂਤ ਨੂੰ ਸਹੀ ਠਹਿਰਾਇਆ ਕਿ ਬੁਰਜੂਆਜ਼ੀ ਅਤੇ ਪ੍ਰੋਲਤਾਰੀ ਵਿਚਕਾਰ ਟੱਕਰ ਨੂੰ ਸ਼ਾਂਤਮਈ ਢੰਗ ਨਾਲ ਨਹੀਂ ਹੱਲ ਕੀਤਾ ਜਾ ਸਕਦਾ। ਇਸ ਦਾ ਹੱਲ ਕੇਵਲ ਇਨਕਲਾਬ ਰਾਹੀਂ ਹੀ ਹੋ ਸਕਦਾ ਹੈ, ਜਦੋਂ ਬੁਰਜੂਆਜ਼ੀ ਦੀ ਹਕੂਮਤ ਦਾ ਤਖਤਾਪਲਟ ਕਰਕੇ ਪ੍ਰੋਲਤਾਰੀ ਦੀ ਹਕੂਮਤ ਕਾਇਮ ਕੀਤੀ ਜਾਵੇਗੀ। ਇਨਕਲਾਬ ਲਈ ਬਾਹਰਮੁੱਖੀ ਹਾਲਾਤ ਸਾਮਰਾਜਵਾਦ ਖੁਦ ਤਿਆਰ ਕਰਦਾ ਹੈ।

ਲੈਨਿਨ ਵਲੋਂ ਕੀਤੇ ਗਏ ਮਾਰਕਸਵਾਦੀ ਸਾਇੰਸ ਦੀ ਰੌਸ਼ਨੀ ਵਿੱਚ ਸਾਮਰਾਜਵਾਦ ਦੇੇ ਵਿਸ਼ਲੇਸ਼ਣ ਨਾਲ ਉਸ ਸਾਇੰਸ ਦਾ ਹੋਰ ਵਿਕਾਸ ਹੋਇਆ। ਇਸ ਵਿਸ਼ਲੇਸ਼ਣ ਨਾਲ ਸਾਮਰਾਜਵਾਦ ਦੀ ਪ੍ਰੀਭਾਸ਼ਾ ਬਣੀ ਕਿ ਸਾਮਰਾਜਵਾਦ ਪੂੰਜੀਵਾਦ ਦਾ ਆਖਰੀ ਪੜਾਅ ਹੈ. ਜਦੋਂ ਇਸ ਦੀਆਂ ਤਮਾਮ ਵਿਰੋਧਤਾਈਆਂ ਸਿਖਰ ਉਤੇ ਪਹੁੰਚ ਚੁੱਕੀਆਂ ਹਨ। ਪੂੰਜੀਵਾਦ ਦੇ ਅਸਾਵੇਂ ਵਿਕਾਸ ਨਾਲ ਆਪਸੀ-ਵਿਰੋਧੀ ਸਾਮਰਾਜਵਾਦੀ ਦੇਸ਼ਾਂ ਦੀ ਤਾਕਤ ਬਾਰ-ਬਾਰ ਘਟਦੀ ਵਧਦੀ ਰਹਿੰਦੀ ਹੈ। ਇਸ ਕਰਕੇ ਸਾਮਰਾਜਵਾਦੀ ਦੇਸ਼ਾਂ ਵਿਚਕਾਰ ਦੁਨੀਆਂ ਵਿੱਚ ਇੱਕ ਦੂਸਰੇ ਤੋਂ ਮੰਡੀਆਂ ਖੋਹਣ ਲਈ ਜੰਗਾਂ ਲੱਗਦੀਆਂ ਹਨ। ਇਹਦੇ ਨਾਲ ਸਾਮਰਾਜਵਾਦ ਦੇ ਵੈਸ਼ਵਿਕ ਮੁਹਾਜ਼ ਵਿੱਚ ਕਮਜ਼ੋਰੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਸਾਮਰਾਜਵਾਦ ਦੀ ਸਭ ਤੋਂ ਕਮਜ਼ੋਰ ਕੜੀ ਵਿੱਚ ਇਨਕਲਾਬ ਦੀਆਂ ਸੰਭਾਨਾਵਾਂ ਵਧ ਜਾਂਦੀਆਂ ਹਨ।

ਲੈਨਿਨ ਅਤੇ ਬਾਲਸ਼ਵਿਕਾਂ ਨੇ ਇਹ ਪਹਿਚਾਣ ਲਿਆ ਕਿ ਪੂੰਜੀਵਾਦ ਦੇ ਸਾਮਰਾਜਵਾਦੀ ਪੜਾਅ ਦਾ ਸਭ ਤੋਂ ਉਭਰਵਾਂ ਖਾਸਾ ਇਹ ਹੈ ਕਿ ਇਸ ਪੜਾਅ ਉੱਤੇ ਦੁਨੀਆਂਭਰ ਦੀ ਬੁਰਜੂਆਜ਼ੀ ਦਾ ਰੋਮ ਰੋਮ ਪਿਛਾਂਹ-ਖਿਚੂ ਹੈ। ਮਾਰਕਸ ਅਤੇ ਏਂਗਲਜ਼ ਨੇ ਕਮਿਉਨਿਸਟ ਮੈਨੀਫੈਸਟੋ ਵਿੱਚ ਬੁਰਜੂਆਜ਼ੀ ਵਲੋਂ ਪੂੰਜੀਵਾਦ ਦੇ ਸ਼ੁਰੂਆਤੀ ਦੌਰ ਵਿੱਚ ਨਿਭਾਏ ਅਗਾਂਹਵਧੂ ਖਾਸੇ ਉਤੇ ਚਾਨਣਾ ਪਾਇਆ ਹੈ, ਜਦੋਂ ਉਸ (ਬੁਰਜੂਆਜ਼ੀ) ਨੇ ਰਜਵਾੜਾਸ਼ਾਹੀ ਦੇ ਵਿਸ਼ੇਸ਼ ਅਧਿਕਾਰਾਂ ਦੇ ਖ਼ਿਲਾਫ਼ ਅਤੇ ਸ਼ਹਿਰੀ ਅਜ਼ਾਦੀਆਂ ਦੇ ਹੱਕ ਵਿੱਚ ਲੜਾਈ ਕੀਤੀ ਸੀ। ਪਰ ਪੂੰਜੀਵਾਦ ਦੇ ਸਾਮਰਾਜਵਾਦੀ ਦੌਰ ਵਿੱਚ, ਬੁਰਜੂਆਜ਼ੀ ਪ੍ਰੋਲਤਾਰੀ ਇਨਕਲਾਬ ਦਾ ਰਸਤਾ ਬੰਦ ਕਰਨ ਲਈ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਨਾਲ ਏਕਤਾ ਕਰ ਲੈਂਦੀ ਹੈ। ਉਹ ਸਿਆਸੀ ਹੱਕਾਂ ਅਤੇ ਸ਼ਹਿਰੀ ਆਜ਼ਾਦੀਆਂ ਉਤੇ ਬੰਦਸ਼ਾਂ ਲਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ।

ਜ਼ਾਰਸ਼ਾਹੀ ਦੇ ਨਿਰਕੁੰਸ਼ ਰਾਜ ਨੂੰ ਬਦਲ ਕੇ ਕਿਸ ਤਰ੍ਹਾਂ ਦਾ ਸਿਆਸੀ ਢਾਂਚਾ ਅਤੇ ਰਾਜ ਸਥਾਪਤ ਕੀਤਾ ਜਾਵੇ?: ਇਸ ਸਵਾਲ ਉਤੇ ਬਾਲਸ਼ਵਿਕਾਂ ਅਤੇ ਮੈਨਸ਼ਵਿਕਾਂ ਦੇ ਜਵਾਬ ਇੱਕ-ਦੂਜੇ ਦੇ ਉਲਟ ਸਨ। ਮੈਨਸ਼ਵਿਕ ਬਰਤਾਨੀਆਂ, ਫਰਾਂਸ ਅਤੇ ਹੋਰ ਸਰਮਾਏਦਾਰਾ ਦੇਸ਼ਾਂ ਵਰਗੀ ਜਮਹੂਰੀਅਤ ਚਾਹੁੰਦੇ ਸਨ। ਪਰ ਬਾਲਸ਼ਵਿਕਾਂ ਨੇ ਇੱਕ ਨਵੇਂ ਤਰ੍ਹਾਂ ਦੀ ਤਾਕਤ, ਜਾਣੀ ਪ੍ਰੋਲਤਾਰੀ ਦੀ ਤਾਨਾਸ਼ਾਹੀ ਸਥਾਪਤ ਕਰਨ ਦੀ ਜ਼ਰੂਰਤ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ, ਜੋ ਸਰਮਾਏਦਾਰ ਲੋਟੂਆਂ ਉੱਤੇ ਤਾਨਾਸ਼ਾਹੀ ਵਰਤੇਗੀ।

ਸਾਮਰਾਜਵਾਦੀ ਜੰਗ ਬਾਰੇ ਪ੍ਰਤੀਕ੍ਰਮ

ਪੂੰਜੀਵਾਦ ਦੇ ਸਾਮਰਾਜਵਾਦੀ ਦੌਰ ਵਿੱਚ, ਬੁਰਜੂਆਜ਼ੀ ਇੱਕ-ਦੂਜੇ ਤੋਂ ਮੰਡੀਆਂ ਖੋਹਣ ਲਈ ਜੰਗਾਂ ਲਾਉਂਦੀਆਂ ਹਨ – ਇਹ ਵਿਸ਼ਲੇਸ਼ਣ 1914 ਵਿੱਚ ਪਹਿਲੇ ਵਿਸ਼ਵ ਯੁੱਧ ਨੇ ਸਹੀ ਸਾਬਤ ਕਰ ਦਿੱਤਾ।

ਯੂਰਪ ਵਿੱਚ ਮਜ਼ਦੂਰ ਜਮਾਤ ਦੀਆਂ ਵੱਡੀਆਂ ਪਾਰਟੀਆਂ ਵਲੋਂ ਅੰਤਰਰਾਸ਼ਟਰੀ ਪ੍ਰੋਲਤਾਰੀ ਨਾਲ ਗ਼ਦਾਰੀ ਨੇ ਬਾਲਸ਼ਵਿਕ ਪਾਰਟੀ ਦੀ ਸਥਿਤੀ ਮੁਸ਼ਕਲ ਬਣਾ ਦਿੱਤੀ। ਬਾਲਸ਼ਵਿਕ ਪਾਰਟੀ ਨੇ ਇਸ ਗ਼ਦਾਰੀ ਦੇ ਖ਼ਿਲਾਫ਼ ਅਤੇ ਸਾਮਰਾਜਵਾਦ ਤੇ ਬੁਰਜੂਆਜ਼ੀ ਦੇ ਖ਼ਿਲਾਫ਼ ਦੁਨੀਆਂਭਰ ਦੇ ਮਜ਼ਦੂਰਾਂ ਦੀ ਏਕਤਾ ਬਣਾਏ ਰੱਖਣ ਲਈ ਇੱਕ ਦ੍ਰਿੜ ਸੰਘਰਸ਼ ਚਲਾਇਆ।

ਜੰਗ ਸ਼ੁਰੂ ਹੋਣ ਤੋਂ ਪਹਿਲਾਂ, 24-25 ਨਵੰਬਰ 1912 ਨੂੰ, ਬੇਜ਼ਲ ਵਿੱਚ ਇੱਕ ਅਸਾਧਾਰਨ/ਵਿਸ਼ੇਸ਼ ਅੰਤਰਰਾਸ਼ਟਰੀ ਸਮਾਜਵਾਦੀ ਕਾਂਗਰਸ ਕੀਤੀ ਗਈ ਸੀ। ਇਸ ਵਿੱਚ ਬਰਤਾਨੀਆਂ ਦੀ ਲੇਬਰ ਪਾਰਟੀ ਅਤੇ ਫਰਾਂਸ ਤੇ ਜਰਮਨੀ ਦੀਆਂ ਸੋਸ਼ਲ-ਡੈਮੋਕ੍ਰੈਟਿਕ ਪਾਰਟੀਆਂ ਨੇ ਹਿੱਸਾ ਲਿਆ। ਬੇਜ਼ਲ ਕਾਂਗਰਸ ਨੇ ਸਭਨਾਂ ਦੇਸ਼ਾਂ ਦੇ ਮਜ਼ਦੂਰਾਂ ਨੂੰ ਆਉਣ ਵਾਲੀ ਅੰਤਰ-ਸਾਮਰਾਜੀ ਜੰਗ ਦੀ ਵਿਰੋਧਤਾ ਕਰਨ ਲਈ ਅਸੂਲ ਨਿਰਧਾਰਤ ਕਰਦਾ ਇਕ ਮੈਨੀਫੈਸਟੋ ਪ੍ਰਕਾਸ਼ਿਤ ਕੀਤਾ।

ਬੇਜ਼ਲ ਮੈਨੀਫੈਸਟੋ ਵਿੱਚ ਕਿਹਾ ਗਿਆ ਕਿ ਜੰਗ ਵਿੱਚ ਸ਼ਾਮਲ ਹੋਣ ਵਾਲੇ ਦੇਸ਼ਾਂ ਦੀਆਂ ਮਜ਼ਦੂਰ ਜਮਾਤਾਂ ਅਤੇ ਉਨ੍ਹਾਂ ਦੇ ਸੰਸਦੀ ਪ੍ਰਤੀਨਿਧਾਂ ਨੂੰ “ਜੰਗ ਲੱਗਣ ਤੋਂ ਰੋਕਣ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ”। ਉਸ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਜੰਗ ਲੱਗ ਹੀ ਜਾਂਦੀ ਹੈ ਤਾਂ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ “ਜੰਗ ਲੱਗਣ ਨਾਲ ਪੈਦਾ ਹੋਏ ਆਰਥਿਕ ਅਤੇ ਸਿਆਸੀ ਸੰਕਟ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਜਾਗਰਿਤ ਕਰਕੇ, ਪੂੰਜੀਵਾਦੀ ਜਮਾਤ ਦੇ ਰਾਜ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਲਈ ਵਰਤਿਆ ਜਾਵੇ”।

ਜਦੋਂ 1914 ਵਿੱਚ ਜੰਗ ਲੱਗੀ ਤਾਂ ਪੱਛਮੀ ਯੂਰਪ ਵਿੱਚ ਮਜ਼ਦੂਰ ਜਮਾਤ ਦੀਆਂ ਪਾਰਟੀਆਂ ਦੇ ਲੀਡਰ ਬੇਜ਼ਲ ਮੈਨੀਫੈਸਟੋ ਉਤੇ ਕਾਇਮ ਨਾ ਰਹੇ। ਉਨ੍ਹਾਂ ਨੇ ਆਪਣੀਆਂ ਸਾਮਰਾਜੀ ਸਰਕਾਰਾਂ ਦੇ ਜੰਗੀ ਹੰਭਲਿਆਂ ਦੀ ਹਮਾਇਤ ਕੀਤੀ। ਉਨ੍ਹਾਂ ਨੇ “ਪਿਤਰ-ਭੂਮੀ ਦੀ ਹਿਫਾਜ਼ਤ” ਕਰਨ ਦੇ ਨਾਮ ਉੱਤੇ, ਮਜ਼ਦੂਰ ਜਮਾਤ ਨੂੰ ਆਪਣੇ ਆਪਣੇ ਦੇਸ਼ ਦੀ ਬੁਰਜੂਆਜ਼ੀ ਦੀ ਹਮਾਇਤ ਕਰਨ ਲਈ ਕਿਹਾ।

ਬਰਤਾਨਵੀ ਅਤੇ ਫਰਾਂਸੀਸੀ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੇ ਜਰਮਨ ਜਮਾਤੀ ਭਰਾਵਾਂ ਦੇ ਖ਼ਿਲਾਫ਼ ਲੜਨ ਲਈ ਤਿਆਰ ਕੀਤਾ ਗਿਆ। ਜਰਮਨੀ ਦੀ ਪਾਰਟੀ ਦੇ ਲੀਡਰਾਂ ਨੇ, ਉਥੋਂ ਦੇ ਮਜ਼ਦੂਰਾਂ ਨੂੰ ਕਿਹਾ ਕਿ ਰੂਸੀ ਤੁਹਾਡੇ ਦੁਸ਼ਮਣ ਹਨ।

ਬਾਲਸ਼ਵਿਕ ਪਾਰਟੀ ਨੇ ਦੂਸਰੀ ਅੰਤਰਰਾਸ਼ਟਰੀ ਦੇ ਲੀਡਰਾਂ ਵਲੋਂ ਬੇਜ਼ਲ ਮੈਨੀਫੈਸਟੋ ਨਾਲ ਗ਼ਦਾਰੀ ਦੇ ਖ਼ਿਲਾਫ਼ ਇੱਕ ਸਖਤ ਅਤੇ ਬੇਕ੍ਰਿਕ ਸੰਘਰਸ਼ ਚਲਾਇਆ। ਬਾਲਸ਼ਵਿਕ ਪਾਰਟੀ ਨੇ, ਉਨ੍ਹਾਂ ਦਾ ਸਮਾਜਿਕ-ਸ਼ਾਵਨਵਾਦੀਆਂ ਬਤੌਰ ਪਰਦਾਫਾਸ਼ ਕੀਤਾ, ਜਿਸਦਾ ਮਤਲਬ ਹੈ ਕਿ ਉਹ ਗੱਲਾਂ ਵਿਚ ਸਮਾਜਵਾਦੀ ਹਨ ਪਰ ਕਾਰਨਾਮਿਆਂ ਵਿੱਚ ਕੌਮੀ-ਸ਼ਾਵਨਵਾਦ ਅਤੇ ਸਾਮਰਾਜਵਾਦੀ ਜੰਗ ਦੇ ਹਮਾਇਤੀ ਹਨ। ਬਾਲਸ਼ਵਿਕ ਪਾਰਟੀ ਨੇ, ਸਾਮਰਾਜੀ ਜੰਗ ਨੂੰ ਬੁਰਜੂਆਜ਼ੀ ਦੇ ਰਾਜ ਦਾ ਤਖਤਾ ਉਲਟਾਉਣ ਲਈ, ਇੱਕ ਗ੍ਰਹਿ-ਯੁੱਧ ਵਿੱਚ ਬਦਲਣ ਦੇ ਫੈਸਲੇ ਨੂੰ ਲਾਗੂ ਕੀਤਾ।

ਪਹਿਲੇ ਵਿਸ਼ਵ ਯੁੱਧ ਨੇ ਰੂਸੀ ਮਜ਼ਦੂਰਾਂ, ਕਿਸਾਨਾਂ ਅਤੇ ਜ਼ਾਰਸ਼ਾਹੀ ਦੀ ਫੌਜ ਵਿੱਚ ਉਨ੍ਹਾਂ ਦੇ ਪੁੱਤਰਾਂ ਲਈ ਡਾਢੇ ਦੁੱਖ ਸਹੇੜੇ। ਰੋਟੀ-ਪਾਣੀ ਦੀ ਡਾਢੀ ਥੁੜ੍ਹ ਅਤੇ ਲੋਹੜੇ ਦੀ ਬੇਰੁਜ਼ਗਾਰੀ ਨੇ ਲੋਕਾਂ ਵਿੱਚ ਬੇਚੈਨੀ ਫੈਲਾ ਦਿੱਤੀ। ਬਾਲਸ਼ਵਿਕ ਪਾਰਟੀ ਨੇ ਲੋਕਾਂ ਦੀ ਬੇਚੈਨੀ ਨੂੰ ਜ਼ਾਰਵਾਦੀ ਹਕੂਮਤ ਅਤੇ ਬੁਰਜੁਆਜ਼ੀ ਅਤੇ ਸਾਮਰਾਜੀ ਉਦੇਸ਼ਾਂ ਖਾਤਰ ਲਾਈ ਗਈ ਬੇਇਨਸਾਫ ਜੰਗ ਦੇ ਖ਼ਿਲਾਫ਼ ਢਾਲਣ ਲਈ ਕੰਮ ਕੀਤਾ।

ਫਰਵਰੀ 1917 ਵਿੱਚ, ਇੱਕ ਇਨਕਲਾਬੀ ਜਨਤਕ ਉਭਾਰ ਨੇ ਜ਼ਾਰ ਦੀ ਹਕੂਮਤ ਦਾ ਤਖਤਾ ਉਲਟਾ ਦਿੱਤਾ ਅਤੇ ਇੱਕ ਆਰਜ਼ੀ ਸਰਕਾਰ ਸਥਾਪਤ ਕਰ ਦਿੱਤੀ। ਬਾਲਸ਼ਵਿਕ ਪਾਰਟੀ ਨੇ ਚੱਲ ਰਹੀਆਂ ਗਤੀਵਿਧੀਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਇਹ ਸਿੱਟਾ ਕੱਢਿਆ ਕਿ ਪ੍ਰੋਲਤਾਰੀ ਅਤੇ ਉਸਦੇ ਭਾਈਵਾਲਾਂ ਦੀ ਨਾਕਾਫੀ ਤਿਆਰੀ ਦੀ ਵਜ੍ਹਾ ਦੇ ਕਾਰਨ ਇਨਕਲਾਬੀ ਉਭਾਰ ਨੇ ਸਿਆਸੀ ਤਾਕਤ ਬੁਰਜੂਆਜ਼ੀ ਦੇ ਹੱਥ ਦੇ ਦਿੱਤੀ ਹੈ। ਸੋਵੀਅਤਾਂ ਅਜੇਹੇ ਲੀਡਰਾਂ ਦੇ ਪ੍ਰਭਾਵ ਹੇਠ ਸਨ, ਜਿਨ੍ਹਾਂ ਨੇ ਲੋਕਾਂ ਨੂੰ ਬੁਰਜੂਆਜ਼ੀ ਦੇ ਜਮਹੂਰੀ ਭਾਗ ਵਿੱਚ ਵਿਸ਼ਵਾਸ਼ ਰੱਖਣ ਲਈ ਆਖਿਆ। ਇਨਕਲਾਬ ਦੇ ਟੀਚਿਆਂ ਉੱਤੇ ਪਹੁੰਚਣ ਲਈ ਸਿਆਸੀ ਤਾਕਤ ਕਿਸਾਨਾਂ ਅਤੇ ਹੋਰ ਦੱਬੇ-ਕੁਚਲੇ ਵਰਗਾਂ ਨਾਲ ਭਾਈਵਾਲੀ ਵਿੱਚ ਮਜ਼ਦੂਰ ਜਮਾਤ ਦੇ ਹੱਥ ਵਿੱਚ ਆਉਣੀ ਚਾਹੀਦੀ ਸੀ। ਬਾਲਸ਼ਵਿਕ ਪਾਰਟੀ ਨੇ ਬੜੇ ਧੀਰਜ ਅਤੇ ਹੱਠਕਰਮੀ ਨਾਲ ਸੋਵੀਅਤਾਂ ਵਿੱਚ ਜਥੇਬੰਦ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਮੁੱਚੀ ਤਾਕਤ ਆਪਣੇ ਹੱਥਾਂ ਵਿੱਚ ਲੈਣ  ਲਈ ਪ੍ਰੇਰਿਤ ਕਰਨ ਲਈ ਕੰਮ ਕੀਤਾ।

ਸਮੁੱਚੀ ਤਾਕਤ ਸੋਵੀਅਤਾਂ ਦੇ ਹੱਥ ਵਿੱਚ ਸੌਂਪ ਕੇ ਅਕਤੂਬਰ ਇਨਕਲਾਬ ਨੇ ਇੱਕ ਬਿੱਲਕੁਲ ਨਵੇਂ ਰਾਜ, ਸੋਵੀਅਤ ਰਾਜ ਦੀ ਨੀਂਹ ਰੱਖ ਦਿੱਤੀ।

ਰਾਜ ਦੇ ਮਾਰਕਸਵਾਦੀ ਸਿਧਾਂਤ ਦਾ ਲਾਗੂ ਕੀਤਾ ਜਾਣਾ

ਅਕਤੂਬਰ ਇਨਕਲਾਬ, ਰਾਜ ਅਤੇ ਇਨਕਲਾਬ ਦੇ ਮਾਰਕਸੀ ਸਿਧਾਂਤ ਨੂੰ ਲਾਗੂ ਕਰਨ ਵਾਲੇ ਸਮਾਜਿਕ ਇਨਕਲਾਬ ਦੀ ਪਹਿਲੀ ਮਿਸਾਲ ਸੀ। ਇਸਨੇ ਮਾਰਕਸਵਾਦ ਦੇ ਬੁਨਿਆਦੀ ਨਿਰਨੇ ਦੀ ਜਿਉਂਦੀ ਜਾਗਦੀ ਤਸਵੀਰ ਅਤੇ ਸਬੂਤ ਪੇਸ਼ ਕਰ ਦਿੱਤਾ ਕਿ ਜਮਾਤੀ ਘੋਲ ਦੇ ਨਤੀਜੇ ਵਜੋਂ ਪ੍ਰੋਲਤਾਰੀ ਦੀ ਤਾਨਾਸ਼ਾਹੀ ਦੀ ਸਥਾਪਨਾ ਹੋਣੀ ਨਿਸ਼ਚਿਤ ਹੈ। ਅਤੇ ਉਸਦਾ ਕਾਰਜ ਇਹ ਯਕੀਨੀ ਬਣਾਉਣਾ ਹੈ ਕਿ ਸਮਾਜ ਵਿਚੋਂ ਲੁੱਟ-ਖਸੁੱਟ ਦੇ ਤਮਾਮ ਰੂਪਾਂ ਅਤੇ ਜਮਾਤੀ ਵਖਰੇਵੇਂ ਖਤਮ ਕੀਤੇ ਜਾਣ।

ਪ੍ਰੋਲਤਾਰੀ ਜਮਾਤ ਦੀ ਸਿਆਸੀ ਤਾਕਤ ਹਥਿਆਉਣ ਦੀ ਪਹਿਲੀ ਕੋਸ਼ਿਸ਼ 1871 ਵਿੱਚ ਕੀਤੀ ਗਈ ਸੀ। ਮਜ਼ਦੂਰਾਂ ਨੇ ਪੈਰਿਸ ਕਮਿਊਨ ਦੇ ਨਾਮ ਨਾਲ ਮਸ਼ਹੂਰ ਰਾਜ ਸੱਤਾ ਕਾਇਮ ਕੀਤੀ ਸੀ। ਬੇਸ਼ੱਕ ਪੈਰਿਸ ਦੇ ਮਜ਼ਦੂਰ ਸੱਤਾ ਉਤੇ ਬਹੁਤਾ ਚਿਰ ਕਾਬਜ਼ ਨਾ ਰਹਿ ਸਕੇ, ਪਰ ਉਨ੍ਹਾਂ ਦੇ ਤਜਰਬੇ ਦੇ ਵਿਸ਼ਲੇਸ਼ਣ ਵਿਚੋਂ ਇਨਕਲਾਬੀ ਸਿਧਾਂਤ ਦਾ ਹੋਰ ਵਿਕਾਸ ਹੋਇਆ। ਮਾਰਕਸ ਅਤੇ ਏਂਗਲਜ਼ ਨੇ ਇੱਕ ਮਹੱਤਵਪੂਰਣ ਸਿਧਾਂਤਕ ਸਿੱਟਾ ਕੱਢਿਆ ਕਿ ਮਜ਼ਦੂਰ ਜਮਾਤ ਬੁਰਜੂਆ ਜਮਾਤ ਦੇ ਬਣੇ ਬਣਾਏ ਰਾਜ ਉੱਤੇ ਕਬਜ਼ਾ ਕਰਕੇ, ਉਸ ਨੂੰ ਆਪਣੇ ਮਨੋਰਥ ਲਈ ਨਹੀਂ ਵਰਤ ਸਕਦੀ। ਮਜ਼ਦੂਰ ਜਮਾਤ ਨੂੰ ਬੁਰਜੂਆ ਰਾਜ ਦਾ ਖਹਿੜਾ ਛੱਡ ਕੇ ਇੱਕ ਨਵੀਂ ਰਾਜ ਸੱਤਾ ਸਥਾਪਤ ਕਰਨੀ ਪਏਗੀ, ਜੋ ਉਨ੍ਹਾਂ ਲੋਕਾਂ ਦੀ ਹਕੂਮਤ ਦਾ ਹਥਿਆਰ ਹੋਵੇਗੀ, ਜਿਹੜੇ ਕੰਮ ਕਰਦੇ ਹਨ। ਲੈਨਿਨ ਨੇ ਮਾਰਕਸਵਾਦ ਦੇ ਇਸ ਸਭ ਤੋਂ ਅਹਿਮ ਥੀਸਸ ਦੀ ਰਖਵਾਲੀ ਕਰਨ ਅਤੇ ਇਸ ਨੂੰ ਲਾਗੂ ਕਰਨ ਵਿੱਚ ਬਾਲਸ਼ਵਿਕਾਂ ਨੂੰ ਅਗਵਾਈ ਦਿੱਤੀ।

ਬਾਲਸ਼ਵਿਕ ਪਾਰਟੀ ਨੇ ਅਜੇਹੀ ਸੰਸਥਾ ਦਾ ਨਿਰਮਾਣ ਅਤੇ ਵਿਕਾਸ ਕੀਤਾ ਜਿਸਨੂੰ 1905 ਵਿੱਚ ਇਨਕਲਾਬੀ ਜਨਤਾ ਨੇ ਜਨਮ ਦਿੱਤਾ ਸੀ, ਜਾਣੀ ਕਿ ਮਜ਼ਦੂਰਾਂ ਦੇ ਡਿਪਟੀਆਂ/ਪ੍ਰਤੀਨਿਧਾਂ ਦੀਆਂ ਸੋਵੀਅਤਾਂ। ਮਜ਼ਦੂਰ ਦੇ ਡਿਪਟੀਆਂ ਦੀ ਸੋਵੀਅਤ ਸਨਅਤੀ/ਫੈਕਟਰੀ ਮਜ਼ਦੂਰਾਂ ਦੀ ਹਰਮਨ ਪਿਆਰੀ ਸਿਆਸੀ ਜਥੇਬੰਦੀ ਸੀ। ਇਹ ਮਜ਼ਦੂਰ ਜਮਾਤ ਦੇ ਹੰਢੇ ਵਰਤੇ ਅਤੇ ਪਰਖੇ ਹੋਏ ਲੜਾਕੂਆਂ ਦੀ ਇੱਕ ਕੌਂਸਲ ਸੀ, ਜਿਨ੍ਹਾਂ ਦੀ ਚੋਣ ਮਜ਼ਦੂਰ ਆਪਣੇ ਹਮਜੋਲੀਆਂ ਵਿਚੋਂ ਕਰਦੇ ਸਨ। ਮਜ਼ਦੂਰਾਂ ਦੇ ਮਨਾਂ ਵਿੱਚ ਸੋਵੀਅਤਾਂ ਦਾ ਅਕਸ ਵਸਿਆ ਹੋਇਆ ਸੀ ਅਤੇ ਫਰਵਰੀ 1917 ਵਿੱਚ, ਇਨ੍ਹਾਂ ਨੂੰ ਫਿਰ ਸੁਰਜੀਤ ਕੀਤਾ ਗਿਆ, ਜਦੋਂ ਇਨਕਲਾਬੀ ਉਭਾਰ ਨੇ ਜ਼ਾਰ ਦਾ ਤਖਤਾ ਉਲਟਾ ਦਿੱਤਾ ਸੀ।

ਫਰਵਰੀ 1917 ਦੇ ਉਭਾਰ ਤੋਂ ਪਿਛੋਂ ਬਾਲਸ਼ਵਿਕ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਦੀਆਂ ਸੋਵੀਅਤਾਂ ਨੂੰ ਮਜ਼ਬੂਤ ਕਰਨ ਦੇ ਕੰਮ ਵਿੱਚ ਜੁੱਟ ਗਏ। ਉਨ੍ਹਾਂ ਨੇ ਸੋਵੀਅਤਾਂ ਦੇ ਮੰਚ ਰਾਹੀਂ ਲੋਕਾਂ ਨੂੰ ਸਮਝਾਇਆ ਕਿ ਉਨ੍ਹਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਜ਼ਾਰ ਦੇ ਰਾਜ ਦੇ ਬਾਅਦ ਆਈ ਆਰਜ਼ੀ ਬੁਰਜੂਆ ਸਰਕਾਰ ਨੇ ਨਹੀਂ ਕਰਨਾ। ਅਮਨ, ਜ਼ਮੀਨ ਅਤੇ ਰੋਟੀ ਦੀ ਗਰੰਟੀ ਕਰਨ ਲਈ ਮਜ਼ਦੂਰਾਂ ਕਿਸਾਨਾਂ ਦਾ ਗਠਜੋੜ ਬਣਾ ਕੇ ਸਿਆਸੀ ਤਾਕਤ ਆਪਣੇ ਹੱਥ ਲੈਣੀ ਹੋਵੇਗੀ। ਫਰਵਰੀ ਤੋਂ ਲੈ ਕੇ ਅਕਤੂਬਰ ਤਕ ਸਖਤ ਕੰਮ ਕਰਕੇ ਬਾਲਸ਼ਵਿਕ ਪਾਰਟੀ ਨੇ “ਸਾਰੀ ਤਾਕਤ ਸੋਵੀਅਤਾਂ ਦੇ ਹੱਥ ਲਵੋ” ਦੇ ਨਾਅਰੇ ਵਾਸਤੇ ਹਮਾਇਤ ਜਿੱਤ ਲਈ।

ਅਕਤੂਬਰ ਇਨਕਲਾਬ ਤੋਂ ਬਾਦ, ਸੋਵੀਅਤਾਂ ਪ੍ਰੋਲਤਾਰੀ ਦੀ ਤਾਨਾਸ਼ਾਹੀ ਦੇ ਔਜ਼ਾਰ ਬਣ ਗਈਆਂ। ਸੋਵੀਅਤਾਂ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਲਈ ਸਮਾਜ ਦਾ ਅਜੰਡਾ ਤੈਅ ਕਰਨ ਦਾ ਸਾਧਨ ਬਣ ਗਈਆਂ। ਜੇਕਰ ਨਾਗਰਿਕਾਂ ਦੀ ਸਰਬਜਨਕ ਫੈਸਲਿਆਂ ਵਿੱਚ ਹਿੱਸਾ ਲੈਣ ਦੀ ਮਿਕਦਾਰ ਨੂੰ ਦੇਖਿਆ ਜਾਵੇ ਤਾਂ ਸੋਵੀਅਤ ਜਮਹੂਰੀਅਤ ਬੁਰਜੂਆ ਜਮਹੂਰੀਅਤ ਤੋਂ ਉੱਤਮ ਹੈ। ਸਮਾਜਵਾਦ ਇੱਕ ਉੱਤਮ ਢਾਂਚੇ ਦੇ ਤੌਰ ਉਤੇ ਉਜਾਗਰ ਹੋਇਆ, ਜਿਸ ਵਿੱਚ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਕਿਸਮ ਦੀ ਲੁੱਟ-ਖਸੁੱਟ, ਜ਼ੁਲਮ ਜਾਂ ਵਿਤਕਰੇ ਤੋਂ ਮੁਕਤ ਆਪਣੀ ਮੇਹਨਤ ਦੇ ਫਲ ਦਾ ਅਨੰਦ ਮਾਨਣਾ ਸੰਭਵ ਹੈ। ਇੱਕ ਅਜੇਹੇ ਦੌਰ ਜਦ ਪੂੰਜੀਵਾਦ ਡੂੰਘੇ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਸੀ, ਦੁਨੀਆਂਭਰ ਦੇ ਲੋਕ ਇਸ ਨਵੇਂ ਰਾਜ ਅਤੇ ਆਰਥਿਕ ਢਾਂਚੇ ਵੱਲ ਖਿਚੇ ਗਏ।

ਲੈਨਿਨਵਾਦ

1924 ਵਿੱਚ ਲੈਨਿਨ ਦਾ ਦੇਹਾਂਤ ਹੋਣ ਤੋਂ ਬਾਅਦ ਬਾਲਸ਼ਵਿਕ ਪਾਰਟੀ ਨੇ ਸਾਮਰਾਜਵਾਦ ਪੂੰਜੀਵਾਦ ਦਾ ਸਭ ਤੋਂ ਸਿਖਰਲਾ ਅਤੇ ਪੂੰਜੀਵਾਦ ਦਾ ਆਖਰੀ ਪੜਾਅ ਹੈ ਅਤੇ ਇਹ ਪ੍ਰੋਲਤਾਰੀ ਇਨਕਲਾਬ ਦੀ ਪੂਰਵਸੰਧਿਆ ਹੈ; ਸਾਮਰਾਜਵਾਦ ਹੇਠ ਪ੍ਰੋਲਤਾਰੀ ਜਮਾਤ ਦੇ ਸੰਘਰਸ਼ ਨੂੰ ਅਗਵਾਈ ਦੇਣ ਵਿਚ ਮਾਰਕਸਵਾਦ ਨੂੰ ਲਾਗੂ ਕਰਨ ਦੇ ਤਜਰਬੇ; ਅਕਤੂਬਰ ਇਨਕਲਾਬ, ਸੋਵੀਅਤ ਜਮਹੂਰੀਅਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਸਮਾਜਵਾਦ ਦੀ ਉਸਾਰੀ ਦੇ ਤਜਰਬੇ – ਬਾਲਸ਼ਵਿਕ ਪਾਰਟੀ ਨੇ ਇਨ੍ਹਾਂ ਸਭ ਮੁੱਦਿਆਂ ਨੂੰ ਘੋਖਿਆ। ਸੋਵੀਅਤ ਯੂਨੀਅਨ ਦੀ ਕਮਿਉਨਿਸਟ ਪਾਰਟੀ, ਜਿਸ ਦਾ ਮੁੱਖੀ ਸਟਾਲਿਨ ਸੀ, ਇਸ ਸਿੱਟੇ ਉੱਤੇ ਪਹੁੰਚੀ ਕਿ ਲੈਨਿਨਵਾਦ ਨੇ ਮਾਰਕਸਵਾਦ ਦੀ ਸਾਇੰਸ ਦਾ ਅਗਾਂਹ ਵਿਕਾਸ ਕੀਤਾ ਹੈ।

ਲੈਨਿਨਵਾਦ ਨੂੰ ਇਉਂ ਪ੍ਰੀਭਾਸ਼ਤ ਕੀਤਾ ਗਿਆ ਕਿ ਇਹ ਸਾਮਰਾਜਵਾਦ ਅਤੇ ਪ੍ਰੋਲਤਾਰੀ ਇਨਕਲਾਬ ਦੇ ਦੌਰ ਦਾ ਮਾਰਕਸਵਾਦ ਹੈ। ਲੈਨਿਨਵਾਦ ਪ੍ਰੋਲਤਾਰੀ ਇਨਕਲਾਬ ਦੇ ਸਿਧਾਂਤ ਅਤੇ ਦਾਅ-ਪੇਚ ਹੈ, ਅਤੇ ਖਾਸ ਤੌਰ ਉਤੇ ਇਹ ਪ੍ਰੋਲਤਾਰੀ ਦੀ ਤਾਨਾਸ਼ਾਹੀ ਦੇ ਸਿਧਾਂਤ ਅਤੇ ਦਾਅ-ਪੇਚ ਹੈ।

ਸਾਮਰਾਜਵਾਦ ਦੀ ਵਿਰੋਧਤਾ ਕਰਨ ਵਾਲਿਆਂ ਅਤੇ ਮਜ਼ਦੂਰ ਜਮਾਤ ਤੇ ਹੋਰ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਚਾਹੁਣ ਵਾਲਿਆਂ ਲਈ ਲੈਨਿਨਵਾਦ ਤੋਂ ਦਿਸ਼ਾ ਲੈਣੀ ਲਾਜ਼ਮੀ ਹੈ। ਹਿੰਦੋਸਤਾਨ ਵਿੱਚ ਅਤੇ ਦੁਨੀਆਂ ਦੇ ਪੱਧਰ ਉੱਤੇ ਮਜ਼ਦੂਰ ਜਮਾਤ ਵਲੋਂ ਕਿਸਾਨਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਬੁਰਜੂਆਜ਼ੀ ਦੀ ਤਾਨਾਸ਼ਾਹੀ ਦਾ ਤਖਤਾ ਉਲਟਾਉਣ ਅਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਹੇਠ ਸਮਾਜਵਾਦੀ ਢਾਂਚਾ ਉਸਾਰਨ ਦੇ ਸੰਘਰਸ਼ ਵਿੱਚ ਅਗਵਾਦੀ ਦੇਣ ਲਈ ਅਕਤੂਬਰ ਇਨਕਲਾਬ ਦਾ ਰਾਹ ਹੀ ਇੱਕੋ-ਇਕ ਸਹੀ ਰਾਹ ਹੈ।

close

Share and Enjoy !

0Shares
0

Leave a Reply

Your email address will not be published. Required fields are marked *