ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਾ ਦਿਨ, ਮਈ ਦਿਵਸ ਜ਼ਿੰਦਾਬਾਦ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦਾ ਸੱਦਾ, 1 ਮਈ 2021

ਮਜ਼ਦੂਰ ਸਾਥੀਓ,

ਅੱਜ ਮਈ ਦਿਵਸ ਹੈ, ਜੋ ਕਿ ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਾ ਦਿਨ ਹੈ। ਇਸ ਤਿਉਹਾਰ ਨੂੰ ਪਿਛਲੇ 131 ਸਾਲਾਂ ਤੋਂ ਆਪਣੀ ਜਮਾਤ ਦੇ ਮਜ਼ਦੂਰ ਮਨਾਉਂਦੇ ਆ ਰਹੇ ਹਨ। ਇਸ ਦਿਨ ਉਤੇ ਅਸੀਂ ਆਪਣੀਆਂ ਜਿੱਤਾਂ ਦੇ ਜਸ਼ਨ ਮਨਾਉਂਦੇ ਹਾਂ, ਆਪਣੀਆਂ ਹਾਰਾਂ ਤੋਂ ਸਬਕ ਸਿੱਖਦੇ ਹਾਂ, ਤਾਂ ਕਿ ਅਸੀਂ ਆਪਣੀ ਮੰਜ਼ਿਲ ਵੱਲ ਅੱਗੇ ਵਧ ਸਕੀਏ। ਆਪਣੀਆਂ ਫੌਰੀ ਆਰਥਿਕ ਅਤੇ ਸਿਆਸੀ ਮੰਗਾਂ ਦੇ ਨਾਲ ਨਾਲ, ਆਪਾਂ ਕਿਸੇ ਇੱਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਦੀ ਹਰ ਪ੍ਰਕਾਰ ਦੀ ਲੁੱਟ ਤੋਂ ਮੁਕਤ ਸਮਾਜ ਉਸਾਰਨ ਲਈ ਸੰਘਰਸ਼ ਵੀ ਚਲਾਉਂਦੇ ਹਾਂ।

ਇਹ ਦੂਸਰਾ ਸਾਲ ਹੈ, ਜਦੋਂ ਸਾਨੂੰ ਮਜ਼ਦੂਰਾਂ ਨੂੰ ਜਨਤਕ ਮਈ ਦਿਵਸ ਰੈਲੀਆਂ ਕਰਨ ਤੋਂ ਮਨਾਹ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਬਹਾਨੇ ਪਿਛਲੇ 14 ਮਹੀਨਿਆਂ ਤੋਂ ਮਜ਼ਦੂਰਾਂ ਨੂੰ ਰੈਲੀਆਂ ਅਤੇ ਮੁਜ਼ਾਹਰੇ ਕਰਨ ਤੋਂ ਮਨਾਹ ਕੀਤਾ ਹੋਇਆ ਹੈ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਆਪਣੇ ਦੇਸ਼ ਅਤੇ ਦੁਨੀਆਂ ਦੇ ਹੋਰ ਮਜ਼ਦੂਰਾਂ ਨੂੰ ਸਲਾਮ ਕਰਦੀ ਹੈ, ਜਿਹੜੇ ਬਹੁਤ ਹੀ ਕਠਿਨ ਹਾਲਾਤਾਂ ਵਿੱਚ ਸਰਮਾਏਦਾਰਾਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੇ ਹਮਲਿਆਂ ਦੇ ਖ਼ਿਲਾਫ਼ ਬਹਾਦਰੀ ਨਾਲ ਸੰਘਰਸ਼ ਕਰ ਰਹੇ ਹਨ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਰੇਲਵੇ, ਰੋਡਵੇਜ਼, ਕੋਲਾ, ਪੈਟਰੌਲ ਇੰਡਸਟਰੀ, ਡੀਫੈਂਸ ਇੰਡਸਟਰੀ, ਬਿਜਲੀ ਪੈਦਾ ਅਤੇ ਵਿਤਰਣ ਕਰਨ ਵਾਲੇ ਅਤੇ ਬੈਂਕ ਅਤੇ ਬੀਮਾ ਕੰਪਨੀਆਂ ਦੇ ਮਜ਼ਦੂਰਾਂ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਚਲਾਏ ਹਨ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਲੱਖਾਂ ਹੀ ਕਿਸਾਨਾਂ ਨੂੰ ਸਲਾਮ ਕਰਦੀ ਹੈ, ਜਿਹੜੇ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਸਭ ਕਿਸਾਨਾਂ ਦੇ ਰੁਜ਼ਗਾਰ ਦੀ ਸੁਰੱਖਿਆ ਦੀ ਗਾਰੰਟੀ ਕੀਤੇ ਜਾਣ ਦੀ ਮੰਗ ਲਈ ਪਿਛਲੇ ਛੇਆਂ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉਤੇ ਮੁਜ਼ਾਹਰਿਆਂ ਵਿਚ ਹਿੱਸਾ ਲੈ ਰਹੇ ਹਨ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਸਰਕਾਰੀ ਸਵਾਸਥ ਸੇਵਾ ਢਾਂਚੇ ਦੇ ਪੂਰੀ ਤਰ੍ਹਾਂ ਫੇਲ੍ਹ ਹੋ ਜਾਣ ਲਈ ਕੇਂਦਰ ਸਰਕਾਰ ਨੂੰ ਲਾਹਣਤ ਪਾਉਂਦੀ ਹੈ। ਹਰ ਰੋਜ਼ ਹਜ਼ਾਰਾਂ ਲੋਕ ਮਰ ਰਹੇ ਹਨ। ਇੱਕ ਸਾਲ ਪਹਿਲਾਂ, ਸਰਕਾਰ ਨੇ ਇੱਕ ਜ਼ਾਲਮਾਨਾ ਲੌਕਡਾਊਨ ਲਾਇਆ ਸੀ ਅਤੇ ਵਾਇਦਾ ਕੀਤਾ ਸੀ ਕਿ ਇਹ ਵਕਤ ਸਵਾਸਥ ਸੇਵਾ ਦੇ ਢਾਂਚੇ ਨੂੰ ਇਸ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਤਿਆਰ ਕਰਨ ਲਈ ਵਰਤੇਗੀ। ਪਰ ਉਸਨੇ ਸਰਕਾਰੀ ਸਵਾਸਥ ਸੇਵਾ ਦੇ ਢਾਂਚੇ ਵਿਚਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੱੁਝ ਵੀ ਨਹੀਂ ਕੀਤਾ। ਉਸਨੇ ਭਾਰੀ ਜਨਤਕ ਧਾਰਮਿਕ ਇਕੱਤਰਤਾਵਾਂ ਅਤੇ ਚੋਣ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ, ਜਿਸ ਨਾਲ ਵਾਇਰਸ ਹੋਰ ਫੈਲਿਆ। ਨਤੀਜਾ ਇਹ ਹੋਇਆ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਬੜੀਆਂ ਤਰਾਸਦੀਆਂ ਹੋ ਰਹੀਆਂ ਹਨ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਉਨ੍ਹਾਂ ਸਭ ਪ੍ਰਵਾਰਾਂ ਲਈ ਅਫਸੋਸ ਜ਼ਾਹਿਰ ਕਰਦੀ ਹੈ, ਜਿਨ੍ਹਾਂ ਦੇ ਪ੍ਰਵਾਰ ਦੇ ਜੀਆਂ ਦੀ ਮੌਤ ਹੋਈ ਹੈ। ਗ਼ਦਰ ਪਾਰਟੀ ਨਰਸਾਂ, ਡਾਕਟਰਾਂ, ਸਫਾਈ ਕਰਮਚਾਰੀਆਂ, ਐਂਬੂਲੈਂਸ ਡਰਾਈਵਰਾਂ ਅਤੇ ਆਂਗਨਵਾੜੀ ਮਜ਼ਦੂਰਾਂ ਅਤੇ ਹੋਰ ਸਭ ਨੂੰ ਸਲਾਮ ਕਰਦੀ ਹੈ, ਜਿਹੜੇ ਮਨੁੱਖਤਾ ਦੀ ਸੇਵਾ ਵਾਸਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ।

ਲੌਕਡਾਊਨ ਦੀ ਵਜ੍ਹਾ ਨਾਲ ਕ੍ਰੋੜਾਂ ਹੀ ਫੈਕਟਰੀ ਮਜ਼ਦੂਰਾਂ, ਦਫਤਰੀ ਮਜ਼ਦੂਰਾਂ ਅਤੇ ਉਸਾਰੀ ਮਜ਼ਦੂਰਾਂ ਨੂੰ ਵਾਪਸ ਆਪਣੇ ਪਿੰਡਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕੋਲ ਆਪਣਾ ਜਾਂ ਆਪਣੇ ਪ੍ਰਵਾਰ ਦਾ ਢਿੱਡ ਭਰਨ ਅਤੇ ਮਕਾਨ ਮਾਲਕਾਂ ਨੂੰ ਕਿਰਾਏ ਦੇਣ ਦਾ ਕੋਈ ਵਸੀਲਾ ਨਹੀਂ ਹੈ। ਸਰਕਾਰ ਉਨ੍ਹਾਂ ਨਾਲ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕਰਦੀ ਹੈ, ਜਿਨ੍ਹਾਂ ਦੇ ਕੋਈ ਹੱਕ ਹੀ ਨਹੀਂ। ਕੇਂਦਰ ਸਰਕਾਰ ਦੇ ਸਭ ਮਜ਼ਦੂਰਾਂ ਨੂੰ ਸਮਾਜਿਕ ਸੁਰੱਖਿਆ ਦਿੱਤੇ ਜਾਣ ਦੀ ਗਾਰੰਟੀ ਦੇ ਵਾਇਦੇ ਝੂਠੇ ਨਿਕਲੇ ਹਨ।

ਮਜ਼ਦੂਰ ਸਾਥੀਓ,

ਕਿਹਾ ਜਾ ਰਿਹਾ ਹੈ ਕਿ ਹਿੰਦੋਸਤਾਨ ਦੇ ਅਜ਼ਾਦ ਹੋਣ ਤੋਂ ਬਾਅਦ, ਅਸੀਂ, ਇਸ ਦੇਸ਼ ਦੇ ਲੋਕ, ਇਸਦੇ ਮਾਲਕ ਬਣ ਗਏ ਹਾਂ। ਪਰ ਸੱਚਾਈ ਇਹ ਨਹੀਂ ਹੈ। ਸੱਚਾਈ ਇਹ ਹੈ ਕਿ ਮੁੱਠੀਭਰ ਮਹਾਂ-ਅਮੀਰ ਦੇਸ਼ ਉਤੇ ਹਕੂਮਤ ਕਰ ਰਹੇ ਹਨ। ਉਤਪਾਦਨ ਦੇ ਸਾਧਨਾਂ ਦੇ ਮਾਲਕ ਅਤੇ ਇਸ ਉਤੇ ਕੰਟਰੋਲ ਕਰਨ ਵਾਲੇ ਅਤੇ ਵਿੱਤੀ ਲੈਣ-ਦੇਣ ਦੇ ਮਾਲਕ ਸਰਮਾਏਦਾਰ, ਹਿੰਦੋਸਤਾਨ ਦੇ ਮਾਲਕ ਹਨ, ਜਾਣੀ ਫੈਕਟਰੀਆਂ, ਖਾਨਾਂ, ਬੈਂਕਾਂ, ਰੇਲਵੇ ਆਦਿ ਦੇ ਮਾਲਕ ਅਤੇ ਕੰਟਰੋਲ ਰੱਖਣ ਵਾਲੇ। ਉਹ ਸਰਮਾਏਦਾਰ ਜਮਾਤ ਹੈ, ਜਿਸ ਦੇ ਮੁੱਖੀ ਟਾਟੇ, ਅੰਬਾਨੀ, ਬਿਰਲੇ, ਅਦਾਨੀ ਅਤੇ ਹੋਰ ਅਜਾਰੇਦਾਰ ਘਰਾਣੇ ਹਨ। ਉਹ ਆਪਣੇ ਵੱਧ ਤੋਂ ਵੱਧ ਮੁਨਾਫੇ ਬਣਾਉਣ ਲਈ ਸਾਡਾ ਖੂਨ ਨਿਚੋੜ ਰਹੇ ਹਨ। ਜਦੋਂ ਉਨ੍ਹਾਂ ਨੂੰ ਸਾਡੀ ਲੋੜ ਨਹੀਂ ਹੁੰਦੀ ਤਾਂ ਉਹ ਸਾਨੂੰ ਨਿਚੋੜੇ ਹੋਏ ਨਿੰਬੂ ਵਾਂਗ ਬਾਹਰ ਸੁੱਟ ਦਿੰਦੇ ਹਨ।

ਅਸੀਂ ਮਜ਼ਦੂਰ ਉਤਪਾਦਨ ਦੇ ਸਾਧਨਾਂ ਦੇ ਮਾਲਕ ਨਹੀਂ ਹਾਂ ਅਤੇ ਨਾ ਹੀ ਸਾਡਾ ਉਨ੍ਹਾਂ ਉਤੇ ਕੰਟਰੋਲ ਹੈ। ਜਿਊਂਦੇ ਰਹਿਣ ਵਾਸਤੇ ਸਾਨੂੰ ਸਰਮਾਏਦਾਰ ਜਮਾਤ ਕੋਲ ਆਪਣੀ ਕਿਰਤ ਸ਼ਕਤੀ ਵੇਚਣੀ ਪੈਂਦੀ ਹੈ। ਸਾਡੇ ਵਿਚੋਂ ਬਹੁਤਿਆਂ ਨੂੰ ਗੁਜ਼ਾਰਾ ਚਲਾਉਣ ਲਈ ਦਿਨ ਵਿੱਚ 12-14 ਘੰਟੇ ਅਤੇ ਹਫਤੇ ਦੇ ਛੇ ਦਿਨ ਜਾਂ ਸੱਤੇ ਹੀ ਦਿਨ ਵੀ ਕੰਮ ਕਰਨਾ ਪੈਂਦਾ ਹੈ। ਮਜ਼ਦੂਰਾਂ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੇ ਕਾਨੂੰਨ, ਮਜ਼ਦੂਰ ਜਮਾਤ ਦੇ ਬਹੁਤ ਛੋਟੇ ਜਿਹੇ ਹਿੱਸੇ ਉੱਤੇ ਹੀ ਲਾਗੂ ਹੁੰਦੇ ਹਨ ਅਤੇ ਉਨੂਾਂ ਲਈ ਵੀ ਇਹ ਹੱਕ ਕੇਵਲ ਕਾਜ਼ਗ ਉਤੇ ਹੀ ਹਨ। ਇਹ ਕਾਨੂੰਨ ਘੱਟ ਹੀ ਲਾਗੂ ਕੀਤੇ ਜਾਂਦੇ ਹਨ। ਰਾਜ ਮਸ਼ੀਨਰੀ ਸਰਮਾਏਦਾਰਾਂ ਦੇ ਹਿੱਤਾਂ ਦੀ ਰਖਵਾਲੀ ਕਰਦੀ ਹੈ, ਮਜ਼ਦੂਰਾਂ ਦੇ ਹੱਕਾਂ ਦੀ ਨਹੀਂ।

ਪਿੰਡਾਂ ਵਿੱਚ ਰਹਿਣ ਵਾਲੇ ਸਾਡੇ ਭਰਾ ਭੈਣਾਂ ਵੀ ਚੰਗੀ ਜ਼ਿੰਦਗੀ ਨਹੀਂ ਬਸਰ ਕਰਦੇ। ਬਹੁਤਿਆਂ ਕੋਲ ਕੋਈ ਜ਼ਮੀਨ ਨਹੀਂ ਹੈ ਜਾਂ ਫਿਰ ਛੋਟੇ ਪਲਾਟਾਂ ਉੱਤੇ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਪ੍ਰਵਾਰ ਦਾ ਢਿੱਡ ਭਰਨ ਲਈ ਉਹ ਦੂਸਰੇ ਲੋਕਾਂ ਦੀ ਜ਼ਮੀਨ ਉੱਤੇ ਵੀ ਕੰਮ ਕਰਦੇ ਹਨ ਜਾਂ ਫਿਰ ਮਨਰੇਗਾ ਵਰਗੀਆਂ ਸਕੀਮਾਂ ਰਾਹੀਂ ਕੰਮ ਕਰਦੇ ਹਨ। ਹਰੇਕ ਸਾਲ ਹੋਰ ਜ਼ਿਆਦਾ ਕਿਸਾਨ ਬਰਬਾਦ ਹੋ ਜਾਂਦੇ ਹਨ ਅਤੇ ਹਰੇਕ ਸਾਲ ਸਾਡੇ ਇਹ ਭੈਣ ਭਰਾ ਉਸਾਰੀ ਜਾਂ ਕੋਈ ਹੋਰ ਕੰਮ ਲੱਭਣ ਲਈ ਸ਼ਹਿਰਾਂ ਵਿੱਚ ਆ ਰਹੇ ਹਨ।

ਮੁੰਬਈ ਦੇ ਧਰਾਵੀ ਇਲਾਕੇ ਵਿੱਚ ਕੇਵਲ ਦੋ ਵਰਗ ਕਿਲੋਮੀਟਰ ਵਿੱਚ 10 ਲੱਖ ਤੋਂ ਵੱਧ ਮਜ਼ਦੂਰ ਅਤੇ ਉਨ੍ਹਾਂ ਦੇ ਪ੍ਰਵਾਰ ਰਹਿ ਰਹੇ ਹਨ। ਪੌਂਗਲ ਕਹੇ ਜਾਣ ਵਾਲੇ ਘਰਾਂ ਵਿੱਚ ਕਈ-ਕਈ ਮਜ਼ਦੂਰ ਬਿਸਤਰਿਆਂ ਵਿੱਚ ਸ਼ਿਫਟਾਂ ਵਿੱਚ ਸੌਂਦੇ ਹਨ। ਦਿੱਲੀ ਦੇ ਸੰਗਮ ਵਿਹਾਰ ਵਿੱਚ ਲੱਗਭਗ 15 ਲੱਖ ਲੋਕ ਰਹਿੰਦੇ ਹਨ। ਇਸ ਕਾਲੋਨੀ ਦੇ 75 ਫੀਸਦੀ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੈ। ਲੋਕਾਂ ਨੂੰ ਪਾਣੀ ਵਾਸਤੇ ਪਾਣੀ ਟੈਂਕਰ ਮਾਫੀਆ (ਗੁੰਡੇ) ਉਤੇ ਨਿਰਭਰ ਹੋਣਾ ਪੈਂਦਾ ਹੈ। ਕਾਲੋਨੀ ਦੀਆਂ ਭੀੜੀਆਂ ਗਲੀਆਂ ਵਿਚ ਗੰਦਗੀ ਦਾ ਵਹਾ ਹੈ, ਕਿਉਂਕ ਗੰਦਗੀ ਸੁੱਟਣ ਲਈ ਕੋਈ ਪ੍ਰਬੰਧ ਨਹੀਂ ਹੈ।

ਸਾਡੇ ਦੇਸ਼ ਦੇ ਬਹੁਗਿਣਤੀ ਮਜ਼ਦੂਰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਰਹਿ ਰਹੇ ਹਨ। ਮਜ਼ਦੂਰਾਂ ਨੂੰ ਅਤੀ ਗੰਦੇ ਅਤੇ ਕੈਦਖਾਨਿਆਂ ਵਰਗੇ ਭੀੜੇ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਮਜ਼ਦੂਰਾਂ ਦੀਆਂ ਕਾਲੋਨੀਆਂ ਨੂੰ  ਕਈ ਤਰ੍ਹਾਂ ਦੇ ਬੁਰੇ ਨਾਮ ਦਿੱਤੇ ਹੋਏ ਹਨ, ਜਿਵੇਂ ਗੰਦੀ ਬਸਤੀ, ਗੈਰਕਾਨੂੰਨੀ ਕਾਲੋਨੀ, ਝੁੱਗੀ ਝੌਂਪੜੀ – ਜਿਵੇਂ ਕਿ ਅਸੀਂ ਮਜ਼ਦੂਰ ਇਨ੍ਹਾਂ ਭੈੜੀਆਂ ਹਾਲਤਾਂ ਵਾਸਤੇ ਖੁਦ ਜ਼ਿਮੇਵਾਰ ਹੋਈਏ। ਸਾਨੂੰ ਦੱਸਿਆ ਜਾ ਰਿਹਾ ਹੈ ਕਿ ਅਸੀਂ “ਗੈਰਕਾਨੂੰਨੀ” ਹਾਂ ਅਤੇ ਸਾਨੂੰ ਸਰਕਾਰ ਦੀਆਂ ਨਿੱਕੀਆਂ ਨਿੱਕੀਆਂ ਮੇਹਰਬਾਨੀਆਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸਾਡੇ ਕੋਲ ਪੀਣ, ਖਾਣਾ ਬਣਾਉਣ ਜਾਂ ਪਖਾਨਾ-ਘਰਾਂ ਲਈ ਪਾਣੀ ਨਹੀਂ ਹੈ। ਸਾਡੇ ਬੱਚਿਆਂ ਨੂੰ ਪਾਣੀ ਦੇ ਟੈਂਕਰ ਦੇ ਆਉਣ ਦੀ ਉਡੀਕ ਵਿੱਚ ਬਾਲਟੀਆਂ ਲੈ ਕੇ ਕਈ-ਕਈ ਘੰਟੇ ਕਤਾਰ ਵਿੱਚ ਖੜੇ ਰਹਿਣਾ ਪੈਂਦਾ ਹੈ। ਸਰਕਾਰ ਵਲੋਂ ਅਜੇਹੀ ਹਾਲਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੋ ਗਜ਼ ਦੀ ਦੂਰੀ ਰੱਖਣ ਅਤੇ ਸਾਬਣ ਨਾਲ ਹੱਥ ਧੋਣ ਦੀ ਨਸੀਹਤ ਦੇਣਾ, ਮਜ਼ਦੂਰਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ। ਜਦੋਂ ਤੁਸੀਂ ਪਾਣੀ ਦੀ ਬਾਲਟੀ ਲੈਣ ਲਈ ਇੱਕ-ਦੂਜੇ ਨਾਲ ਲੜਦੇ ਹੋਵੇ ਤਾਂ ਦੋ ਗਜ਼ ਦੀ ਦੂਰੀ ਕਿਵੇਂ ਰੱਖੀ ਜਾ ਸਕਦੀ ਹੈ? ਬਹੁਤ ਹੀ ਨਿੱਕੇ ਜਿਹੇ ਘਰ ਵਿੱਚ ਦੋ ਗਜ਼ ਦੀ ਦੂਰੀ ਕਿਵੇਂ ਰੱਖੀ ਜਾ ਸਕਦੀ ਹੈ?

ਜ਼ਿੰਦਾ ਰਹਿਣ ਲਈ ਹਰ ਦਿਨ ਹੀ ਇੱਕ ਸੰਘਰਸ਼ ਹੈ। ਬਹੁਤੇ ਮਜ਼ਦੂਰਾਂ ਨੂੰ ਸਵੇਰੇ ਉ੍ੱਠਣ ਵੇਲੇ ਇਹ ਨਹੀਂ ਪਤਾ ਹੁੰਦਾ ਕਿ ਉਹ ਰਾਤ ਨੂੰ ਆਪਣੇ ਬੱਚਿਆਂ ਦਾ ਢਿੱਡ ਭਰ ਸਕਣਗੇ ਜਾਂ ਨਹੀਂ। ਉਨ੍ਹਾਂ ਨੂੰ ਫੈਕਟਰੀਆਂ ਦੇ ਗੇਟਾਂ ਉੱਤੇ ਜਾ ਕੇ ਕੰਮ ਲਈ ਪੁੱਛਣਾ ਪੈਂਦਾ ਹੈ ਜਾਂ ਕੰਮ ਲੱਭਣ ਲਈ ਲੇਬਰ ਮਾਰਕੀਟ ਵਿੱਚ ਜਾ ਕੇ ਖੜ੍ਹੇ ਹੋਣਾ ਪੈਂਦਾ ਹੈ।

ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਮਨੁੱਖ ਨਹੀਂ ਸਮਝਦੀ। ਉਹ ਕੇਵਲ ਸਰਮਾਏਦਾਰ ਜਮਾਤ ਦੇ ਹਿੱਤਾਂ ਦੀ ਹਿਫਾਜ਼ਤ ਕਰਨ ਲਈ ਕੰਮ ਕਰਦੀ ਹੈ। ਉਨ੍ਹਾਂ ਨੂੰ ਸਾਡੇ ਬੱਚਿਆਂ ਦੇ ਕੁਪੋਸ਼ਣ ਅਤੇ ਬੀਮਾਰੀ ਦਾ ਕੋਈ ਫਿਕਰ ਨਹੀਂ। ਅਸੀਂ ਜਿਊਂਦੇ ਰਹੀਏ ਜਾਂ ਮਰ ਜਾਈਏ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ (ਸਾਡੇ ਬੱਚੇ) ਪੜ੍ਹਦੇ ਹਨ ਜਾਂ ਨਹੀਂ, ਉਨ੍ਹਾਂ ਨੂੰ ਸੁਰਖਿਅਤ ਕੰਮ ਮਿੱਲਦਾ ਹੈ ਜਾਂ ਨਹੀਂ।

ਮਜ਼ਦੂਰ ਸਾਥੀਓ,

ਹਾਕਮ ਸਾਡੇ ਦੁੱਖਾਂ ਲਈ ਸਾਨੂੰ ਹੀ ਕਸੂਰਵਾਰ ਕਹਿੰਦੇ ਹਨ। ਬਚਪਨ ਤੋਂ ਹੀ ਸਾਨੂੰ ਦੱਸਿਆ ਜਾਂਦਾ ਹੈ ਕਿ ਅਸੀਂ ਇਸ ਲਈ ਦੁਖੀ ਹਾਂ ਕਿਉਂਕਿ ਪਿਛਲੇ ਜਨਮ ਵਿੱਚ ਅਸੀਂ ਪਾਪ ਕੀਤੇ ਸਨ। ਇਸ ਤੋਂ ਉਤੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਟਾਟਾ, ਬਿਰਲਾ, ਅੰਬਾਨੀ ਅਤੇ ਹੋਰ ਸਰਮਾਏਦਾਰ ਬਹੁਤ ਮੇਹਨਤੀ ਲੋਕ ਹਨ, ਉਨ੍ਹਾਂ ਨੇ ਆਪਣਾ ਖੁਨ-ਪਸੀਨਾ ਵਹਾ ਕੇ ਆਪਣੇ ਅਰਬਾਂ ਰੁਪਏ ਬਣਾਏ ਹਨ। ਪਰ ਸੱਚਾਈ ਕੁੱਝ ਹੋਰ ਹੀ ਹੈ। ਸਰਮਾਏਦਾਰਾਂ ਨੇ ਆਪਣੀ ਅਥਾਹ ਦੌਲਤ ਸਾਡੀ ਮੇਹਨਤ ਨੂੰ ਲੁੱਟ ਕੇ, ਸਾਡੇ ਕਿਸਾਨ ਭਰਾਵਾਂ ਉਤੇ ਡਾਕੇ ਮਾਰ ਕੇ, ਸਾਡੇ ਦੇਸ਼ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਕੇ ਬਣਾਈ ਹੈ। ਉਨ੍ਹਾਂ ਨੇ ਸੌ ਸਾਲ ਪਹਿਲਾਂ, ਬਰਤਾਨਵੀ ਬਸਤੀਵਾਦੀ ਰਾਜ ਵੇਲੇ ਦੀਆਂ ਮਿੱਲਾਂ, ਫੈਕਟਰੀਆਂ ਅਤੇ ਖਾਨਾਂ ਸਥਾਪਤ ਕੀਤੀਆਂ ਹੋਈਆਂ ਹਨ। ਬਸਤੀਵਾਦੀਆਂ ਨੇ ਕਿਸਾਨਾਂ ਕੋਲੋਂ ਭਾਰੀ ਟੈਕਸ ਉਗਰਾਹ ਕੇ ਉਨ੍ਹਾਂ ਨੂੰ ਬਰਬਾਦ ਕੀਤਾ ਸੀ। ਕਿਸਾਨਾਂ ਨੂੰ ਉਨ੍ਹਾਂ ਦੇ ਖਾਣ ਦੀਆਂ ਫਸਲਾਂ ਉਗਾਉਣ ਦੀ ਜਗ੍ਹਾ, ਨੀਲ ਅਤੇ ਅਫੀਮ ਉਗਾਉਣ ਲਈ ਮਜਬੂਰ ਕੀਤਾ ਗਿਆ। ਇਸ ਲਈ ਬਸਤੀਵਾਦੀ ਹਕੂਮਤ ਹੇਠ ਲਗਾਤਾਰ ਕਾਲ ਪੈਂਦੇ ਰਹੇ। ਬਰਬਾਦ ਹੋਏ ਕਿਸਾਨਾਂ ਨੂੰ ਹਿੰਦੋਸਤਾਨੀਆਂ ਅਤੇ ਬਰਤਾਨਵੀਆਂ ਦੀਆਂ ਮਿੱਲਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਲਈ ਸ਼ਹਿਰਾਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੂੰ ਰਾਤ-ਦਿਨ ਭੈੜੀਆਂ ਹਾਲਤਾਂ ਵਿੱਚ ਕੰਮ ਕਰਨਾ ਪਿਆ ਅਤੇ ਉਨ੍ਹਾਂ ਨੂੰ ਕੋਈ ਹੱਕ ਪ੍ਰਾਪਤ ਨਹੀਂ ਸਨ। ਹਿੰਦੋਸਤਾਨੀ ਅਤੇ ਬਰਤਾਨਵੀ ਸਰਮਾਏਦਾਰਾਂ ਨੇ ਹਿੰਦੋਸਤਾਨ ਦੇ ਬੜੇ ਜਗੀਰਦਾਰਾਂ ਨਾਲ ਭਾਈਵਾਲੀ ਗੰਢ ਲਈ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਬੇਤਹਾਸ਼ਾ ਲੁੱਟ ਕਰਕੇ ਆਪਣੀ ਅਮੀਰੀ ਵਧਾਈ।

ਅਜ਼ਾਦੀ ਦੇ ਸੰਘਰਸ਼ ਦੁਰਾਨ, ਸਰਮਾਏਦਾਰ ਜਮਾਤ ਅਤੇ ਮਜ਼ਦੂਰ ਜਮਾਤ ਦੇ ਦੋ ਵੱਖ-ਵੱਖ ਨਿਸ਼ਾਨੇ ਸਨ। ਸਰਮਾਏਦਾਰ, ਬਰਤਾਨਵੀਆਂ ਦੀ ਥਾਂ ਖੁਦ ਲੈ ਕੇ ਲੁੱਟ-ਖਸੁੱਟ ਦਾ ਢਾਂਚਾ ਜਾਰੀ ਰੱਖਣਾ ਚਾਹੁੰਦੇ ਸਨ। ਮਜ਼ਦੂਰ ਜਮਾਤ ਨੇ ਹਰ ਤਰ੍ਹਾਂ ਦੀ ਲੁੱਟ-ਖਸੁੱਟ ਤੋਂ ਮੁਕਤ, ਮਜ਼ਦੂਰ-ਕਿਸਾਨ ਰਾਜ ਸਥਾਪਤ ਕਰਨ ਲਈ ਲੜਾਈ ਕੀਤੀ ਸੀ।

ਜਦੋਂ ਹਿੰਦੋਸਤਾਨ ਅਜ਼ਾਦ ਹੋਇਆ ਤਾਂ ਸਿਆਸੀ ਤਾਕਤ ਸਰਮਾਏਦਾਰਾਂ ਅਤੇ ਜਗੀਰਦਾਰਾਂ ਨੇ ਸਾਂਭ ਲਈ। ਕਾਂਗਰਸ ਪਾਰਟੀ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਪ੍ਰਤੀਨਿਧ ਸੀ, ਅਤੇ ਇਸ ਪਾਰਟੀ ਰਾਹੀਂ ਉਨ੍ਹਾਂ ਨੇ ਅਜੇਹਾ ਸੰਵਿਧਾਨ ਅਤੇ ਸੰਸਦੀ ਜਮਹੂਰੀਅਤ ਸਥਾਪਤ ਕਰ ਲਈ, ਜਿਸ ਨਾਲ ਅਜ਼ਾਦ ਹਿੰਦੋਸਤਾਨ ਵਿੱਚ ਉਨ੍ਹਾਂ ਦੀ ਹਕੂਮਤ ਨੂੰ ਵੈਧਤਾ ਮਿਲੇ। ਉਨ੍ਹਾਂ ਨੇ ਇੱਕ ਅਜੇਹਾ ਕਾਨੂੰਨੀ ਢਾਂਚਾ ਸਥਾਪਤ ਕਰ ਲਿਆ, ਜਿਸ ਨਾਲ ਯਕੀਨੀ ਬਣੇ ਕਿ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਹਮੇਸ਼ਾ ਸਰਮਾਏਦਾਰ ਜਮਾਤ ਲਈ ਗੁਲਾਮਾਂ ਵਾਂਗ ਮੁਸ਼ੱਕਤ ਕਰਨੀ ਪਵੇ ਅਤੇ ਜੇਕਰ ਉਹ ਵਿਰੋਧ ਕਰਨ ਤਾਂ ਉਨ੍ਹਾਂ ਨਾਲ ਮੁਜਰਮਾਂ ਵਰਗਾ ਸਲੂਕ ਕੀਤਾ ਜਾਵੇ।

ਮਜ਼ਦੂਰ ਸਾਥੀਓ,

ਬਰਤਾਨਵੀ ਹਕੂਮਤ ਦਾ ਰਾਜ ਖਤਮ ਹੋਣ ਤੋਂ ਲੈ ਕੇ ਹਿੰਦੋਸਤਾਨ ਦਾ ਅਜੰਡਾ ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਰਮਾਏਦਾਰ ਜਮਾਤ ਤੈਅ ਕਰਦੀ ਆ ਰਹੀ ਹੈ। ਸਰਕਾਰੀ ਨੀਤੀ ਉਹ ਆਪਣੇ ਹਿੱਤਾਂ ਮੁਤਾਬਿਕ ਘੜਦੇ ਆ ਰਹੇ ਹਨ, ਪਰ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ, ਹਰ ਤਰ੍ਹਾਂ ਦੇ ਵਧੀਆ ਲੱਗਣ ਵਾਲੇ ਨਾਅਰੇ ਲਾਉਂਦੇ ਆ ਰਹੇ ਹਨ।

1947 ਤੋਂ ਬਾਅਦ ਦੇ ਪਹਿਲੇ ਦਹਾਕਿਆਂ ਵਿਚ, ਅਜਾਰੇਦਾਰ ਘਰਾਣਿਆਂ ਨੇ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਰਾਹੀਂ, ਅਖੌਤੀ ਸਮਾਜਵਾਦੀ ਨਮੂਨੇ ਦਾ ਸਮਾਜ ਉਸਾਰਨ ਦੇ ਨਾਅਰੇ ਹੇਠ ਪੂੰਜੀਵਾਦ ਵਿਕਸਤ ਕਰਨ ਦੀ ਯੋਜਨਾ ਲਾਗੂ ਕਰਵਾਈ। ਟਾਟਾ, ਬਿਰਲਾ ਅਤੇ ਹੋਰ ਬੜੇ ਕਾਰੋਬਾਰੀ ਘਰਾਣਿਆਂ ਦੇ ਫਾਇਦੇ ਲਈ ਸੱਨਅਤ ਅਤੇ ਅਧਾਰਕ ਸੰਰਚਨਾ ਕਰਨ ਲਈ ਇੱਕ ਜਨਤਕ ਖੇਤਰ ਉਸਾਰਿਆ। ਜਿਨ੍ਹਾਂ ਖੇਤਰਾਂ ਉਤੇ ਹਿੰਦੋਸਤਾਨੀ ਕਾਰੋਬਾਰੀ ਘਰਾਣੇ ਭਾਰੂ ਹੋਣਾ ਚਾਹੁੰਦੇ ਸਨ, ਉਨ੍ਹਾਂ ਵਿੱਚ ਬਦੇਸ਼ੀ ਪੂੰਜੀ ਨਿਵੇਸ਼ ਉਤੇ ਬੰਦਸ਼ਾਂ ਲਾਈਆਂ ਗਈਆਂ। ਅਜੇਹਾ ਭਰਮ ਫੈਲਾਇਆ ਗਿਆ ਕਿ ਲੋਟੂ ਸਰਮਾਏਦਾਰਾ ਢਾਂਚੇ ਦੇ ਚੱਲਦਿਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾ ਸਕਦਾ ਹੈ।

1980ਵਿਆਂ ਦੇ ਦਹਾਕੇ ਤਕ, ਹਿੰਦੋਸਤਾਨ ਵਿੱਚ ਪੂੰਜੀਵਾਦ ਦਾ ਪਸਾਰਾ ਕਰਨ ਅਤੇ ਇਸ ਨੂੰ ਤੇਜ਼ ਕਰਨ ਲਈ ਰਾਜ ਅਤੇ ਸਰਕਾਰੀ ਫੰਡਾਂ ਉਤੇ ਨਿਰਭਰ ਹੋਣ ਦੇ ਤਰੀਕੇ ਦਾ ਸਮਾਂ ਪੁੱਗ ਚੁੱਕਾ ਸੀ। 1991 ਵਿੱਚ ਸੋਵੀਅਤ ਯੂਨੀਅਨ ਦੇ ਬਿੱਖਰ ਜਾਣ ਤੋਂ ਬਾਅਦ, ਹਿੰਦੋਸਤਾਨ ਦੇ ਅਜਾਰੇਦਾਰ ਸਰਮਾਏਦਾਰਾਂ ਨੇ ਇਸ ਨਵੇਂ ਦੌਰ ਵਿੱਚ ਆਪਣੇ ਵਿਸ਼ਵ ਸਾਮਰਾਜਵਾਦੀ ਬਣਨ ਦੇ ਪ੍ਰੋਗਰਾਮ ਅਨੁਸਾਰ ਆਪਣਾ ਢੰਗ ਬਦਲ ਲੈਣ ਦਾ ਫੈਸਲਾ ਕਰ ਲਿਆ। ਉਨ੍ਹਾਂ ਨੇ ਉਦਾਰੀਕਰਣ ਅਤੇ ਨਿੱਜੀਕਰਣ ਰਾਹੀਂ ਵੈਸ਼ਵੀਕਰਣ ਕਰਨ ਦਾ ਫੈਸਲਾ ਕਰ ਲਿਆ।

ਪਿਛਲੇ ਤੀਹ ਸਾਲਾਂ ਵਿੱਚ, ਹਰੇਕ ਸਰਕਾਰ, ਬੇਸ਼ੱਕ ਉਹ ਕਾਂਗਰਸ ਪਾਰਟੀ ਦੀ ਸੀ ਜਾਂ ਭਾਜਪਾ ਦੀ, ਮਜ਼ਦੂਰਾਂ ਦੇ ਕੇਵਲ ਕੁੱਝ ਹਿੱਸਿਆਂ ਨੂੰ ਪ੍ਰਾਪਤ ਸੀਮਤ ਕਾਨੂੰਨੀ ਅਧਿਕਾਰ ਘੱਟ ਕਰਨ ਲਈ ਕੰਮ ਕਰਦੀ ਆਈ ਹੈ। ਉਨ੍ਹਾਂ ਨੇ ਬੜੀ ਦਿਆਨਤਦਾਰੀ ਨਾਲ ਸਰਮਾਏਦਾਰ ਅਜਾਰੇਦਾਰ ਘਰਾਣਿਆਂ ਦੀ ਦੌਲਤ ਦੇ ਤੇਜ਼ ਤੋਂ ਤੇਜ਼ ਰਫਤਾਰ ਨਾਲ ਵਧਣ ਦੇ ਸਾਹਮਣੇ ਹਰ ਅੜਿਕੇ ਨੂੰ ਹਟਾ ਦੇਣ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਰਤ ਕਾਨੂੰਨਾਂ ਨੂੰ ਅਖੌਤੀ ਤੌਰ ਉਤੇ “ਸੁਧਾਰਨ” ਦੇ ਨਾਮ ਉਤੇ, ਕੰਮ ਦਿਹਾੜੀ ਦੇ ਘੰਟਿਆਂ ਉਤੇ ਕਾਨੂੰਨੀ ਸੀਮਾ ਨੂੰ ਹਟਾਉਣ, ਸਭ ਮਾਲਕਾਂ ਨੂੰ ਮਨਮਰਜ਼ੀ ਨਾਲ ਕੰਮ ਉਤੇ ਰਾਖਣ ਜਾਂ ਕੱਢਣ ਦੀ ਖੁੱਲ੍ਹ ਦੇਣ ਅਤੇ ਮਜ਼ਦੂਰਾਂ ਦੀ ਲੁੱਟ ਨੂੰ ਤੀਬਰ ਬਣਾਉਣ ਦੇ ਹੋਰ ਢੰਗ ਵਰਤਣ ਦੀ ਆਗਿਆ ਦੇਣ ਦੇ ਨਿਸ਼ਾਨੇ ਨਾਲ ਕੰਮ ਕੀਤਾ ਹੈ। ਮਜ਼ਦੂਰਾਂ ਦੇ ਸੰਗਠਿਤ ਹਿੱਸੇ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਕੰਮ ਦੀਆਂ ਹਾਲਤਾਂ ਉਤੇ ਹਮਲੇ ਕਰਕੇ, ਸਰਮਾਏਦਾਰ ਜਮਾਤ ਸਮੱੁਚੀ ਮਜ਼ਦੂਰ ਜਮਾਤ ਦੀਆਂ ਹਾਲਤਾਂ ਭੈੜੀਆਂ ਬਣਾ ਦੇਣ ਦੀ ਉਮੀਦ ਕਰਦੀ ਹੈ।

ਸਰਮਾਏਦਾਰ ਜਮਾਤ ਇੱਕ ਅਜੇਹੇ ਸਿਆਸੀ ਢਾਂਚੇ ਅਤੇ ਚੋਣ ਪ੍ਰੀਕ੍ਰਿਆ ਰਾਹੀਂ ਕੰਮ ਕਰਦੀ ਹੈ, ਜਿਸ ਨਾਲ ਮਜ਼ਦੂਰ ਜਮਾਤ ਅਤੇ ਲੋਕਾਂ ਨੂੰ ਪਾੜ ਕੇ ਰੱਖਿਆ ਜਾਵੇ ਅਤੇ ਧੋਖਾ ਦਿੱਤਾ ਜਾ ਸਕੇ। ਇਸ ਢਾਂਚੇ ਰਾਹੀਂ ਇੱਕ ਭੁਲੇਖਾ ਖੜ੍ਹਾ ਕੀਤਾ ਜਾਂਦਾ ਹੈ ਕਿ ਲੋਕਾਂ ਦੇ ਹਾਲਾਤ ਇਸ ਗੱਲ ਉਤੇ ਨਿਰਭਰ ਕਰਦੇ ਹਨ ਕਿ ਕੇਹੜੀ ਪਾਰਟੀ ਦੀ ਸਰਕਾਰ ਹੈ। ਲੋਕਾਂ ਉਤੇ ਰੋਜ਼ਾਨਾ ਪ੍ਰਾਪੇਗੰਡੇ ਦੀ ਬੁਛਾੜ ਕੀਤੀ ਜਾਂਦੀ ਹੈ ਕਿ ਉਹ ਸਰਮਾਏਦਾਰ ਜਮਾਤ ਦੀ ਇਸ ਜਾਂ ਉਸ ਪਾਰਟੀ ਦਾ ਪਾਸਾ ਲੈ ਲੈਣ।

ਚੋਣਾਂ ਸਰਮਾਏਦਾਰ ਜਮਾਤ ਦਾ ਇੱਕ ਔਜ਼ਾਰ ਹਨ, ਜਿਸ ਨਾਲ ਉਹ ਆਪਣੀ ਇੱਕ ਜਾਂ ਦੂਸਰੀ ਪਾਰਟੀ ਨੂੰ ਅਗਲੇ ਕੁੱਝ ਸਾਲਾਂ ਲਈ ਸਰਕਾਰ ਚਲਾਉਣ ਲਈ ਅੱਗੇ ਲਿਆਉਂਦੇ ਹਨ। ਜਿਸ ਤਰ੍ਹਾਂ ਕਿ ਇੱਕ ਇਕੱਲਾ ਸਰਮਾਏਦਾਰ ਸਮੇਂ-ਸਮੇਂ ਉਤੇ ਆਪਣੀ ਫੈਕਟਰੀ ਦੇ ਮੈਨੇਜਰ ਨੂੰ ਬਦਲ ਦਿੰਦਾ ਹੈ, ਸਰਮਾਏਦਾਰ ਜਮਾਤ ਉਸ ਪਾਰਟੀ ਨੂੰ ਸਰਕਾਰ ਚਲਾਉਣ ਦਾ ਕੰਮ ਸੌਂਪਦੀ ਹੈ ਜਿਸਨੂੰ ਉਹ ਲੋਕਾਂ ਨੂੰ ਬੁੱਧੂ ਬਣਾਉਣ ਅਤੇ ਵੈਸ਼ਵਿਕਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦਾ ਲੋਕ-ਵਿਰੋਧੀ ਅਜੰਡਾ ਲਾਗੂ ਕਰਨ ਲਈ ਠੀਕ ਸਮਝਦੀ ਹੈ। ਕਾਂਗਰਸ, ਭਾਜਪਾ ਜਾਂ ਕਿਸੇ ਹੋਰ ਪਾਰਟੀ ਦੀ ਸਰਕਾਰ, ਸਰਮਾਏਦਾਰ ਜਮਾਤ ਦੀ ਮੈਨੇਜਮੈਂਟ ਟੀਮ ਹੁੰਦੀ ਹੈ। ਅਜੇਹੀ ਇੱਕ ਪਾਰਟੀ ਨੂੰ ਦੂਸਰੀ ਨਾਲ ਬਦਲਣ ਨਾਲ ਲੋਕਾਂ ਦੇ ਹਾਲਾਤ ਨਹੀਂ ਬਦਲਦੇ।

ਕਹਿਰਾਂ ਦੀ ਲੁੱਟ, ਬੇਰੁਜ਼ਗਾਰੀ, ਅਸੁਰੱਖਿਆ ਅਤੇ ਦੁੱਖਾਂ ਦਾ ਖਾਤਮਾ ਕਰਨ ਲਈ, ਸਰਮਾਏਦਾਰਾ ਢਾਂਚਾ ਅਤੇ ਉਸ ਦੇ ਰਾਜ ਦਾ ਖਾਤਮਾ ਕਰਨਾ ਜ਼ਰੂਰੀ ਹੈ।

ਸਾਨੂੰ ਮਜ਼ਦੂਰਾਂ ਨੂੰ ਕਿਸਾਨਾਂ ਨਾਲ ਭਾਈਵਾਲੀ ਵਿੱਚ ਆਪਣੇ ਦੇਸ਼ ਦੇ ਮਾਲਕ ਬਣਨ ਦੇ ਸਿਆਸੀ ਨਿਸ਼ਾਨੇ ਨਾਲ ਸੰਘਰਸ਼ ਕਰਨਾ ਪਏਗਾ। ਕੇਵਲ ਫਿਰ ਹੀ ਅਸੀਂ ਸਹੀ ਤੌਰ ਉਤੇ ਸਮਾਜਵਾਦੀ ਹਿੰਦੋਸਤਾਨ ਉਸਾਰ ਸਕਦੇ ਹਾਂ, ਜਿਸ ਵਿਚ ਮੇਹਨਤਕਸ਼ ਲੋਕਾਂ ਨੂੰ ਲੁੱਟਿਆ ਨਹੀਂ ਜਾ ਸਕੇਗਾ ਅਤੇ ਜ਼ੁਲਮ ਬੰਦ ਹੋ ਜਾਵੇਗਾ।

ਮਜ਼ਦੂਰ ਸਾਥੀਓ,

ਤਾਜ਼ਾ ਸਾਲਾਂ ਵਿੱਚ ਆਪਾਂ ਆਪਣੀਆਂ ਸਾਂਝੀਆਂ ਮੰਗਾਂ ਲਈ ਕਈ ਬਾਰ ਜਨਤਕ ਮੁਜ਼ਾਹਰਿਆਂ ਅਤੇ ਸਰਬ-ਹਿੰਦ ਹੜਤਾਲਾਂ ਵਿੱਚ ਹਿੱਸਾ ਲਿਆ ਹੈ। ਕਿਸਾਨ ਤਿੰਨ ਕਿਸਾਨ-ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਹਨ। ਸਾਨੂੰ ਆਪਣੇ-ਆਪਨੂੰ ਇਹ ਪੁੱਛਣਾ ਪਏਗਾ ਕਿ ਕੀ ਇਨ੍ਹਾਂ ਐਕਸ਼ਨਾਂ ਦਾ ਕੋਈ ਅਸਰ ਹੋਇਆ ਹੈ? ਕੀ ਇਸ ਨੇ ਸਰਮਾਏਦਾਰ ਜਮਾਤ ਨੂੰ ਸਾਡੀ ਕਿਸੇ ਇੱਕ ਵੀ ਮੰਗ ਨੂੰ ਮੰਨਣ ਲਈ ਮਜਬੂਰ ਕੀਤਾ ਹੈ? ਜੇ ਅਸੀਂ ਇਮਾਨਦਾਰ ਹਾਂ ਤਾਂ ਜਵਾਬ ਹੈ, ਨਹੀਂ। ਸਾਡੇ ਮੁਜ਼ਾਹਰਿਆਂ ਨਾਲ ਸਰਮਾਏਦਾਰ ਜਮਾਤ ਨੂੰ ਕੋਈ ਫਰਕ ਨਹੀਂ ਪਿਆ।

ਕੀ ਕਾਰਨ ਹੈ ਕਿ ਸਾਡੇ ਐਕਸ਼ਨਾਂ ਦਾ ਸਰਮਾਏਦਾਰਾਂ ਅਤੇ ਉਨ੍ਹਾਂ ਦੀ ਸਰਕਾਰ ਉਤੇ ਕੋਈ ਅਸਰ ਨਹੀਂ ਹੋਇਆ? ਇਹ ਇਸ ਕਰਕੇ ਹੈ ਕਿਉਂਕਿ ਜਿੰਨਾ ਚਿਰ ਸਾਡੇ ਵਿਰੋਧ ਦਾ ਸਿਆਸੀ ਨਿਸ਼ਾਨਾ ਪਾਰਟੀਆਂ ਦੀ ਸ਼ਰੀਕੇਬਾਜ਼ੀ ਦੇ ਸੰਸਦੀ ਢਾਂਚੇ ਦੇ ਅੰਦਰ ਰਹਿਣ ਤਕ ਸੀਮਤ ਰਹਿੰਦਾ ਹੈ, ਓਨਾ ਚਿਰ ਸਰਮਾਏਦਾਰ ਜਮਾਤ ਨੂੰ ਕੋਈ ਡਰ ਜਾਂ ਖਤਰਾ ਮਹਿਸੂਸ ਨਹੀਂ ਹੁੰਦਾ।

ਸਰਮਾਏਦਾਰ ਜਮਾਤ ਦੀ ਨੀਂਦ ਹਰਾਮ ਕਰਨ ਲਈ ਸਾਨੂੰ ਸੰਸਦੀ ਪਾਰਟੀਆਂ ਵਲੋਂ ਫੈਲਾਏ ਭਰਮਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਸਾਨੂੰ ਇਸ ਖਸਤਾ ਹੋਏ ਨਾਅਰੇ ਤੋਂ ਕਿਨਾਰਾ ਕਰਨਾ ਪਏਗਾ: “ਜੋ ਸਰਕਾਰ ਨਿਕੰਮੀ ਹੈ, ਵੋਹ ਸਰਕਾਰ ਬਦਲਨੀ ਹੈ”। ਮੋਦੀ ਸਰਕਾਰ ਦੀ ਥਾਂ ਉਸੇ ਹੀ ਸਰਮਾਏਦਾਰ ਜਮਾਤ ਦੀ ਕਿਸੇ ਹੋਰ ਪਾਰਟੀ ਨੂੰ ਲਿਆਉਣ ਨਾਲ ਸਾਡੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਜ਼ਿੰਦਗੀ ਵਿਚ ਕੋਈ ਸੁਧਾਰ ਨਹੀਂ ਆਉਣਾ।

ਸਾਨੂੰ ਆਪਣਾ ਸੰਘਰਸ਼ ਬੜੇ ਪੈਮਾਨੇ ਦੇ ਉਤਪਾਦਨ ਦੇ ਸਾਧਨ, ਜਿਵੇਂ ਫੈਕਟਰੀਆਂ, ਖਾਨਾਂ, ਬੈਂਕਾਂ, ਰੇਲਵੇ ਆਦਿ, ਦੀ ਮਾਲਕੀ ਅਤੇ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਦੇ ਨਿਸ਼ਾਨੇ ਨਾਲ ਚਲਾਉਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਸਰਮਾਏਦਾਰ ਜਮਾਤ ਕੋਲੋਂ ਖੋਹ ਕੇ ਸਮਾਜ ਦੀ ਮਾਲਕੀ ਅਤੇ ਕੰਟਰੋਲ ਵਿਚ ਦੇਣਾ ਚਾਹੀਦਾ ਹੈ। ਅਸੀਂ ਮਜ਼ਦੂਰ ਇਹ ਕੰਮ ਇਕਮੁੱਠ ਸਿਆਸੀ ਤਾਕਤ ਬਣ ਕੇ ਅਤੇ ਕਿਸਾਨਾਂ ਨਾਲ ਮਜ਼ਬੂਤ ਗਠਜੋੜ ਬਣਾ ਕੇ ਹੀ ਕਰ ਸਕਾਂਗੇ।

ਹਿੰਦੋਸਤਾਨ ਸਰਮਾਏਦਾਰ ਜਮਾਤ ਦੀ ਜਗੀਰ ਨਹੀਂ ਹੈ. ਬਲਕਿ ਇਹਦੇ ਮਾਲਕ ਅਸੀਂ ਮਜ਼ਦੂਰ ਅਤੇ ਕਿਸਾਨ ਹਾਂ। ਪਰ ਅੱਜ ਹਿੰਦੋਸਤਾਨ ਸਰਮਾਏਦਾਰ ਜਮਾਤ ਅਤੇ ਉਸਦੇ ਸਾਮਰਾਜਵਾਦੀ ਭਾਈਵਾਲਾਂ ਦੇ ਹੱਥ ਵਿਚ ਹੈ। ਸਰਮਾਏਦਾਰ ਸਾਡੇ ਦੇਸ਼ ਨੂੰ ਆਪਣੀ ਜਗੀਰ ਸਮਝਦੇ ਹਨ। ਸਾਨੂੰ ਸਰਮਾਏਦਾਰਾ ਹਕੂਮਤ ਦੀ ਜਗ੍ਹਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਸਥਾਪਤ ਕਰਨੀ ਪਏਗੀ। ਅਜੇਹਾ ਕਰਨ ਨਾਲ ਹੀ ਅਸੀਂ ਸਮਾਜ ਨੂੰ ਸਭਨਾਂ ਦੀ ਖੁਸ਼ਹਾਲੀ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਫਿਰ ਤੋਂ ਜਥੇਬੰਦ ਕਰ ਸਕਾਂਗੇ।

ਜਦੋਂ ਅਸੀਂ ਹਿੰਦੋਸਤਾਨ ਦੇ ਮਾਲਕ ਬਣਨ ਦੇ ਨਿਸ਼ਾਨੇ ਨਾਲ ਸੰਘਰਸ਼ ਕਰਾਂਗੇ ਤਾਂ ਅਸੀਂ ਆਪਣੀਆਂ ਕੁੱਝ ਫੌਰੀ ਮੰਗਾਂ ਵੀ ਮਨਵਾ ਸਕਾਂਗੇ ਅਤੇ ਨਿੱਜੀਕਰਣ ਅਤੇ ਉਦਾਰੀਕਰਣ ਦੇ ਸਮਾਜ-ਵਿਰੋਧੀ ਹਮਲੇ ਦੇ ਖ਼ਿਲਾਫ਼ ਸੰਘਰਸ਼ ਨੂੰ ਅੱਗੇ ਵਧਾ ਸਕਾਂਗੇ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, 2021 ਦੇ ਮਈ ਦਿਵਸ ਉਤੇ ਮਜ਼ਦੂਰਾਂ ਨੂੰ ਉਦਾਰੀਕਰਣ ਅਤੇ ਨਿੱਜੀਕਰਣ ਰਾਹੀਂ ਵਿਸ਼ਵੀਕਰਣ ਕਰਨ ਦੇ ਸਰਮਾਏਦਾਰਾ ਅਜੰਡੇ ਦੇ ਖ਼ਿਲਾਫ਼ ਸੰਘਰਸ਼ ਅਤੇ ਸਭਨਾਂ ਦੇ ਅਧਿਕਾਰਾਂ ਦੀ ਹਿਫਾਜ਼ਤ ਕਰਨ ਦੇ ਸੰਘਰਸ਼ ਨੂੰ ਵੀ ਅੱਗੇ ਵਧਾਉਣ ਦਾ ਸੱਦਾ ਦਿੰਦੀ ਹੈ। ਸਾਡੇ ਲਈ ਮਜ਼ਦੂਰ-ਕਿਸਾਨ ਏਕਤਾ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣਾ ਸੰਘਰਸ਼ ਅਵੱਸ਼ ਹੀ ਪੂੰਜੀਵਾਦ ਦੀ ਥਾਂ ਸਮਾਜਵਾਦ ਲਿਆਉਣ ਦੇ ਨਿਸ਼ਾਨੇ ਨਾਲ ਚਲਾਉਣ ਦੀ ਜ਼ਰੂਰਤ ਹੈ – ਇੱਕ ਅਜੇਹਾ ਸਮਾਜ ਜਿਸ ਵਿਚ ਉਤਪਾਦਨ ਦੇ ਸਾਧਨ ਸਮਾਜ ਦੀ ਮਾਲਕੀ ਅਤੇ ਕੰਟਰੋਲ ਹੇਠ ਹੋਣਗੇ ਅਤੇ ਮਨੁੱਖ ਦੀ ਮੁਨੱਖ ਹੱਥੋਂ ਲੁੱਟ ਦਾ ਖਾਤਮਾ ਹੋਵੇਗਾ।

close

Share and Enjoy !

0Shares
0

Leave a Reply

Your email address will not be published. Required fields are marked *