ਇਰਾਨ ਦੀ ਪ੍ਰਮਾਣੂੰ ਊਰਜਾ ਦੇ ਪਲਾਂਟ ਉਪਰ ਇਜ਼ਰਾਈਲੀ ਸਾਈਬਰ ਹਮਲਾ ਇੱਕ ਜੰਗੀ ਹਰਕਤ ਹੈ

11 ਅਪਰੈਲ ਨੂੰ ਇਰਾਨ ਦੇ ਇੱਕ ਬੜੇ ਪ੍ਰਮਾਣੂੰ ਪਲਾਂਟ ਉੱਤੇ ਇੱਕ ਤਬਾਹਕੁੰਨ ਹਮਲੇ ਦੇ ਕਾਰਨ ਇਸ ਪਲਾਂਟ ਨੂੰ ਬੰਦ ਕਰਨਾ ਪਿਆ। ਇਰਾਨ ਦੀ ਸਰਕਾਰ ਨੇ ਇਸ ਨੂੰ ਇੱਕ “ਅੱਤਵਾਦੀ ਹਮਲਾ” ਕਿਹਾ ਹੈ ਅਤੇ ਇਹਦੇ ਵਾਸਤੇ ਇਜ਼ਰਾਈਲ ਉਤੇ ਦੋਸ਼ ਲਾਇਆ ਹੈ। ਇਹ ਹਮਲਾ ਇਰਾਨ ਦੇ ਸਾਇੰਸਦਾਨਾਂ ਵਲੋਂ ਜ਼ਰਖੇਜ਼-ਸ਼ੁਦਾ ਯੂਰੇਨੀਅਮ ਦਾ ਉਤਪਾਦਨ ਤੇਜ਼ ਕਰਨ ਲਈ ਨਾਟਾਂਜ਼ ਵਿਖੇ ਸਥਿਤ ਉੱਨਤ ਵਿਕੇਂਦਰੀ ਮਸ਼ੀਨਾਂ ਨੂੰ ਦੁਬਾਰਾ ਚਾਲੂ ਕੀਤਿਆਂ ਕੁੱਝ ਹੀ ਘੰਟਿਆਂ ਬਾਦ ਕੀਤਾ ਗਿਆ ਸੀ।

ਹਮਲੇ ਤੋਂ ਕੁੱਝ ਕੁ ਘੰਟਿਆਂ ਬਾਦ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਿਆਹੂ ਨੇ ਅੰਤਰਰਾਸ਼ਟਰੀ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਆਖਿਆ ਕਿ “ਇਰਾਨ ਅਤੇ ਉਹਦੇ ਸਹਿਯੋਗੀਆਂ ਅਤੇ ਇਰਾਨ ਵਲੋਂ ਹਥਿਆਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਸੰਘਰਸ਼ ਇੱਕ ਬਹੁਤ ਬੜਾ ਕਾਰਜ ਹੈ”। ਇਜ਼ਰਾਈਲੀ ਮੀਡੀਆ ਨੇ ਇਸ ਹਮਲੇ ਦਾ ਬਹੁਤ ਬੜੇ ਪੱਧਰ ਉਤੇ ਪ੍ਰਚਾਰ ਕੀਤਾ ਅਤੇ ਬੜੀ ਹੈਂਕੜਬਾਜ਼ੀ ਨਾਲ ਦਾਅਵਾ ਕੀਤਾ ਕਿ ਇਸ ਹਮਲੇ ਦੇ ਪਿੱਛੇ ਇਜ਼ਰਾਈਲ ਦੀ ਖੁਫੀਆ ਏਜੰਸੀ, ਮੋਸਾਦ ਦਾ ਹੱਥ ਹੈ।

ਨਾਟਾਂਜ਼ ਪਹਿਲਾਂ ਵੀ ਇਜ਼ਰਾਈਲੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ  ਜੁਲਾਈ 2020 ਵਿੱਚ ਵਿਕੇਂਦਰੀ ਮਸ਼ੀਨਾਂ ਬਣਾਉਣ ਵਾਲੇ ਪਲਾਂਟ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਧਮਾਕਾ ਵੀ ਇਜ਼ਰਾਈਲ ਦਾ ਹੀ ਕੰਮ ਸੀ। 2010 ਵਿੱਚ ਸੀ ਆਈ ਏ ਅਤੇ ਮੋਸਾਦ ਵਲੋਂ ਕੀਤੇ ਗਏ ਸਾਂਝੇ ਸਾਈਬਰ ਹਮਲੇ ਵਿੱਚ, ਸਟਕਸਨੈਟ ਨਾਮੀ ਕੰਪਿਊਟਰ ਵਾਇਰਸ ਨਾਲ ਇਰਾਨ ਦੇ ਪ੍ਰਮਾਣੂੰ ਪ੍ਰੋਗਰਾਮ ਵਿੱਚ ਬੜੇ ਪੈਮਾਨੇ ਉਤੇ ਖਲਲ ਪੈ ਗਿਆ ਸੀ ਅਤੇ ਇਹ ਕਈ ਸਾਲ ਪਿਛੇ ਪੈ ਗਿਆ ਸੀ। ਅਮਰੀਕਾ ਅਤੇ ਇਜ਼ਰਾਈਲ ਦੀਆਂ ਖੁਫੀਆ ਏਜੰਸੀਆਂ ਵਲੋਂ ਇਰਾਨ ਦੇ ਪ੍ਰਮਾਣੂੰ ਸਾਇੰਸਦਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਕਤਲ ਕੀਤਾ ਜਾ ਚੁੱਕਾ ਹੈ। ਨਵੰਬਰ 2020 ਵਿੱਚ, ਇਰਾਨ ਦੇ ਇੱਕ ਮੋਹਰੀ ਪ੍ਰਮਾਣੂੰ ਸਾਇੰਸਦਾਨ, ਮੋਹਸਿਨ ਫਖਰੂਜ਼ਾਦੇ ਨੂੰ ਇਜ਼ਰਾਈਲੀ ਖੁਫੀਆ ਏਜੰਸੀ ਨੇ ਕਤਲ ਕਰ ਦਿੱਤਾ ਸੀ।

ਇਰਾਨ ਦੇ ਪ੍ਰਮਾਣੂੰ ਪਲਾਂਟ ਉੱਤੇ ਤਾਜ਼ਾ ਹਮਲਾ ਇੱਕ ਅਜੇਹੇ ਵਕਤ ਉਤੇ ਹੋਇਆ ਹੈ, ਜਦੋਂ ਇਰਾਨ ਅਤੇ ਅਮਰੀਕਾ ਵਿਚਕਾਰ, 2015 ਵਿੱਚ ਅਮਰੀਕਾ, ਇਰਾਨ, ਯੂਰਪੀਨ ਯੂਨੀਅਨ, ਚੀਨ, ਰੂਸ, ਫਰਾਂਸ ਅਤੇ ਜਰਮਨੀ ਵਿਚਕਾਰ ਹੋਏ ਸਮਝੌਤੇ ਬਾਰੇ ਦੁਬਾਰਾ ਗੱਲਬਾਤ ਸ਼ੁਰੂ ਹੋ ਰਹੀ ਹੈ। 2018 ਵਿੱਚ ਅਮਰੀਕਾ ਇਸ ਸਮਝੌਤੇ ਤੋਂ ਮਨਮਰਜ਼ੀ ਨਾਲ ਬਾਹਰ ਨਿਕਲ ਗਿਆ ਸੀ ਅਤੇ ਉਸਨੇ ਇਰਾਨ ਉਤੇ ਨਵੀਆਂ ਬੰਦਸ਼ਾਂ ਠੋਸ ਦਿੱਤੀਆਂ ਸਨ, ਜਿਸ ਨਾਲ ਇਰਾਨੀ ਲੋਕਾਂ ਨੂੰ ਬਹੁਤ ਕਠਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕਾ ਦੇ ਪ੍ਰਧਾਨ, ਜੋ ਬਾਈਡਨ ਨੇ ਚੋਣਾਂ ਦੁਰਾਨ ਇਰਾਨ ਨਾਲ ਪ੍ਰਮਾਣੂੰ ਸਮਝੌਤਾ ਬਹਾਲ ਕਰਨ ਦਾ ਵਾਇਦਾ ਕੀਤਾ ਸੀ। ਇਜ਼ਰਾਈਲੀ ਪ੍ਰਧਾਨ ਮੰਤਰੀ, ਨੇਤਨਆਹੂ ਨੇ ਬੜੇ ਘੁਮੰਡ ਨਾਲ ਕਿਹਾ ਸੀ ਕਿ “… ਇਸ ਤਰ੍ਹਾਂ ਦਾ ਸਮਝੌਤਾ ਸਾਨੂੰ ਬੰਨ੍ਹ ਨਹੀਂ ਸਕਦਾ”।

ਇਰਾਨੀ ਪ੍ਰਮਾਣੂੰ ਪਲਾਂਟ ਉੱਤੇ ਹਮਲੇ ਤੋਂ ਇੱਕਦਮ ਬਾਅਦ ਅਮਰੀਕੀ ਡੀਫੈਂਸ ਸਕੱਤਰ, ਲੋਇਡ ਅਸਟਨ, ਇਜ਼ਰਾਈਲ ਨਾਲ ਤਾਲਮੇਲ ਕਰਨ ਲਈ ਤੈਲ ਅਵੀਵ ਪਹੁੰਚ ਗਿਆ। ਅਮਰੀਕੀ ਡੀਫੈਂਸ ਸਕੱਤਰ ਦੇ ਮੂਹੋਂ ਇਰਾਨ ਉਤੇ ਇਜ਼ਰਾਈਲੀ ਹਮਲੇ ਦੀ ਨਿਖੇਧੀ ਕਰਨ ਦਾ ਇੱਕ ਵੀ ਸ਼ਬਦ ਨਹੀਂ ਨਿਕਲਿਆ।

ਇਜ਼ਰਾਈਲ ਵਲੋਂ ਨਾਟਾਂਜ਼ ਵਿਖੇ ਇਰਾਨ ਉਤੇ ਕੀਤੇ ਹਮਲੇ ਤੋਂ ਮਸਾਂ 5 ਦਿਨ ਪਹਿਲਾਂ, ਇਜ਼ਰਾਈਲ ਨੇ ਲਾਲ ਸਾਗਰ ਵਿੱਚ ਇਰਾਨ ਦੇ ਮਾਲ ਢੋਣ ਵਾਲੇ ਸਮੰੁਦਰੀ ਜਹਾਜ਼ ਉੱਤੇ ਮਾਈਨ ਨਾਲ ਹਮਲਾ ਕੀਤਾ ਸੀ। ਇਰਾਨ ਦੇ ਸਮੁੰਦਰੀ ਜਹਾਜ਼ ਉੱਤੇ ਇਹ ਸਭ ਤੋਂ ਨਵਾਂ ਹਮਲਾ ਸੀ। ਉਸ ਤੋਂ ਬਾਦ ਇਜ਼ਰਾਈਲ ਨੇ ਸੀਰੀਆ ਉੱਤੇ ਕਈ ਹਵਾਈ ਹਮਲੇ ਕੀਤੇ ਅਤੇ ਦਮਸਕਸ ਦੇ ਨੇੜੇ ਇੱਕ ਫੌਜੀ ਅੱਡੇ ਨੂੰ ਨੁਕਸਾਨ ਪਹੁੰਚਿਆ। ਪਿਛਲੇ ਸਾਲ ਇਜ਼ਰਾਈਲ ਨੇ ਇਹ ਮੰਨਿਆ ਸੀ ਕਿ ਪਿਛਲੇ 8 ਸਾਲਾਂ ਵਿੱਚ ਇਜ਼ਰਾਈਲ ਨੇ ਸੀਰੀਆ ਉੱਤੇ 800 ਤੋਂ ਵੱਧ ਹਵਾਈ ਹਮਲੇ ਕੀਤੇ ਸਨ।

ਇਰਾਨ ਉੱਤੇ ਹਮਲੇ ਕਰਨ ਅਤੇ ਬੰਦਸ਼ਾਂ ਲਾਉਣਾ ਜਾਇਜ਼ ਠਹਿਰਾਉਣ ਲਈ ਅਮਰੀਕਾ ਅਤੇ ਇਜ਼ਰਾਈਲ ਇਹ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਇਰਾਨ ਇੱਕ “ਦੁਸ਼ਟ ਰਾਜ (ਦੇਸ਼)” ਹੈ। ਪਰ ਜ਼ਿੰਦਗੀ ਦਾ ਤਜਰਬਾ ਇਹ ਦਿਖਾਉਂਦਾ ਹੈ ਕਿ ਸੱਚਾਈ ਇਸਦੇ ਉਲਟ ਹੈ। ਤੱਥ ਇਹੀ ਸਾਬਤ ਕਰਦੇ ਹਨ ਕਿ ਬਹੁਤੇ ਅੱਤਵਾਦੀ ਹਮਲਿਆਂ ਪਿੱਛੇ ਇਜ਼ਰਾਈਲ ਅਤੇ ਅਮਰੀਕਾ ਅਤੇ ਉਨ੍ਹਾਂ ਦੇ ਸਹਿਯੋਗੀ ਹੀ ਹੁੰਦੇ ਹਨ।

ਇਜ਼ਰਾਈਲੀ ਰਾਜ 1948 ਵਿੱਚ ਇੱਕ ਹਥਿਆਰਬੰਦ ਹਮਲਾ ਕਰਕੇ 7,50,000 ਫਲਸਤੀਨੀ ਲੋਕਾਂ ਦੇ ਕਤਲ ਅਤੇ ਨਸਲਕੁਸ਼ੀ ਕਰਕੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਉਜਾੜ ਕੇ ਬਣਾਇਆ ਗਿਆ ਸੀ। ਇਹ ਰਾਜ ਫਲਸਤੀਨੀ ਲੋਕਾਂ ਉਤੇ ਜ਼ੁਲਮ ਕਰਦਾ ਹੈ ਅਤੇ ਉਨ੍ਹਾਂ ਨਾਲ ਵਿਤਕਰਾ ਕਰਦਾ ਹੈ ਅਤੇ ਉਨ੍ਹਾਂ ਨੂੰ ਮਾਨਵ ਅਧਿਕਾਰਾਂ ਤੋਂ ਵੰਚਿਤ ਰੱਖਦਾ ਹੈ। ਇਜ਼ਰਾਈਲ, ਅਮਰੀਕਾ ਦੀ ਪੂਰੀ ਹਮਾਇਤ ਨਾਲ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਦਾ ਹੈ ਅਤੇ ਇ ਨੂੰ ਜਾਇਜ਼ ਠਹਿਰਾਉਂਦਾ ਹੈ। ਉਹ ਫਲਸਤੀਨੀ ਲੋਕਾਂ ਦੇ ਕੌਮੀ ਅਧਿਕਾਰਾਂ ਦੇ ਸੰਘਰਸ਼ ਨੂੰ “ਅੱਤਵਾਦੀ” ਕਰਾਰ ਦਿੰਦਾ ਹੈ। ਅਮਰੀਕਾ ਅਤੇ ਇਜ਼ਰਾਈਲ, ਉਸ ਇਲਾਕੇ ਦੇ ਉਨ੍ਹਾਂ ਦੇਸ਼ਾਂ ਉਤੇ ਫੌਜੀ ਹਮਲੇ ਕਰਦੇ ਹਨ, ਜਿਹੜੇ ਅਮਰੀਕੀ ਸਾਮਰਾਜਵਾਦੀ ਦਬਦਬੇ ਦੀ ਵਿਰੋਧਤਾ ਕਰਦੇ ਹਨ ਅਤੇ ਫਲਸਤੀਨੀ ਲੋਕਾਂ ਦੇ ਆਪਣੀ ਮਾਤਭੂਮੀ ਦੇ ਅਧਿਕਾਰ ਦੀ ਹਿਫਾਜ਼ਤ ਕਰਦੇ ਹਨ।

ਅਮਰੀਕਾ ਨੇ ਪੱਛਮੀ ਏਸ਼ੀਆ ਉੱਤੇ ਚੌਧਰ ਜਮਾਉਣ ਲਈ ਇਜ਼ਰਾਈਲ ਨੂੰ ਆਪਣੇ ਰਣਨੀਤਕ ਭਾਈਵਾਲ ਦੇ ਤੌਰ ‘ਤੇ ਨੱਕੋ-ਨੱਕ ਹਥਿਆਰਬੰਦ ਕੀਤਾ ਹੋਇਆ ਹੈ। ਤੇਲ ਸੰਪੰਨ ਪੱਛਮੀ ਏਸ਼ੀਆ ਦੇ ਇਲਾਕੇ ਉਤੇ ਮੁਕੰਮਲ ਚੌਧਰ ਸਥਾਪਤ ਕਰਨ ਦੀਆਂ ਯੋਜਨਾਵਾਂ ਲਈ ਅਮਰੀਕਾ ਇਰਾਨ ਨੂੰ ਇੱਕ ਰੋੜਾ ਸਮਝਦਾ ਹੈ। ਏਸੇ ਲਈ ਅਮਰੀਕਾ ਲਗਾਤਾਰ ਇਰਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਮਰੀਕਾ ਇਰਾਨ ਨੂੰ ਆਪਣਾ ਖੁਦ ਦਾ ਆਰਥਿਕ ਅਤੇ ਸਿਆਸੀ ਰਾਹ ਛੱਡ ਦੇਣ ਲਈ ਦਬਾ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਹ ਇਰਾਨ ਉੱਤੇ ਹਮਲਾ ਕਰਨ ਲਈ, ਪੱਛਮੀ ਏਸ਼ੀਆ ਦੇ ਰਾਜਾਂ ਦਾ ਫੌਜੀ ਗਠਜੋੜ ਬਣਾ ਰਿਹਾ ਹੈ।

ਇਰਾਨ ਦੇ ਪ੍ਰਮਾਣੂੰ ਪਲਾਂਟ ਉੱਤੇ ਇਜ਼ਰਾਈਲੀ ਹਮਲਾ ਇੱਕ ਜੰਗੀ ਹਮਲਾ ਹੈ। ਇਸਦਾ ਮਕਸਦ ਇਰਾਨ ਨੂੰ ਭੜਕਾਉਣਾ ਅਤੇ ਇਰਾਨ ਉੇਤੇ ਲਾਈਆਂ ਆਰਥਿਕ ਬੰਦਸ਼ਾਂ ਹਟਾਉਣ ਬਾਰੇ ਹੋਣ ਵਾਲੀ ਗੱਲਬਾਤ ਨੂੰ ਤਾਰਪੀਡੋ ਕਰਨਾ ਹੈ। ਇਹ ਸੱਚਾਈ ਕਿ ਅਮਰੀਕਾ ਨੇ ਇਜ਼ਰਾਈਲੀ ਹਮਲੇ ਦੀ ਨਿੰਦਿਆ ਤਕ ਨਹੀਂ ਕੀਤੀ, ਇਸ ਤੋਂ ਸਾਬਤ ਹੁੰਦਾ ਹੈ ਕਿ ਨਵੇਂ ਪ੍ਰਮਾਣੂੰ ਸਮਝੌਤੇ ਬਾਰੇ ਹੋ ਰਹੀ ਗੱਲਬਾਤ ਵਿੱਚ ਇਰਾਨ ਉਤੇ ਦਬਾ ਪਾਉਣ ਦੀ ਅਮਰੀਕੀ ਰਣਨੀਤੀ ਲਈ ਇਹ ਹਮਲਾ ਮੁਆਫਿਕ ਬੈਠਦਾ ਹੈ।

ਪੱਛਮੀ ਏਸ਼ੀਆ ਵਿੱਚ ਚੱਲ ਰਹੇ ਖਤਰਨਾਕ ਹਾਲਾਤ ਵਾਸਤੇ ਅਮਰੀਕੀ ਸਾਮਰਾਜਵਾਦ ਅਤੇ ਇਜ਼ਰਾਈਲ ਜ਼ਿਮੇਵਾਰ ਹਨ। ਹਿਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਇਜ਼ਰਾਈਲ ਵਲੋਂ ਨਾਟਾਂਜ਼ ਵਿਖੇ ਪ੍ਰਮਾਣੂੰ ਪਲਾਂਟ ਉੱਤੇ ਕੀਤੇ ਗਏ ਤਬਾਹਕੁੰਨ ਹਮਲੇ ਦੀ ਨਿੰਦਿਆ ਕਰਦੀ ਹੈ।

close

Share and Enjoy !

Shares

Leave a Reply

Your email address will not be published.