ਪੈਰਿਸ ਕਮਿਊਨ ਦੀ 150ਵੀਂ ਵਰ੍ਹੇਗੰਢ: ਪੈਰਿਸ ਕਮਿਊਨ ਨੇ ਮੁਕਤੀ ਲਈ ਮਾਨਵ ਜਾਤੀ ਦੇ ਸੰਘਰਸ਼ ਦੇ ਇੱਕ ਨਵੇਂ ਦੌਰ ਦਾ ਅਗਾਜ਼ ਕੀਤਾ

150 ਸਾਲ ਪਹਿਲਾਂ ਫਰਾਂਸ ਦੀ ਰਾਜਧਾਨੀ, ਪੈਰਿਸ ਦੇ ਮਜ਼ਦੂਰ ਕੌਮੀ ਸੰਕਟ ਦੇ ਹਾਲਾਤਾਂ ਵਿੱਚ ਉਠ ਖਲ੍ਹੋਏ। ਉਨ੍ਹਾਂ ਨੇ ਇੱਕ ਨਵੀਂ ਰਾਜ ਸੱਤਾ – ਮਜ਼ਦੂਰਾਂ ਦੇ ਰਾਜ – ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਬੁਰਜੂਆਜ਼ੀ ਦੀ ਰਾਜ ਮਸ਼ੀਨਰੀ ਨੂੰ ਤਹਿਸ਼-ਨਹਿਸ਼ ਕਰ ਦਿੱਤਾ। ਉਨ੍ਹਾਂ ਨੇ ਰਾਜ ਸੱਤਾ ਦੀਆਂ ਨਵੀਂਆਂ ਸੰਸਥਾਵਾਂ ਕਾਇਮ ਕਰ ਦਿੱਤੀਆਂ। ਪੁਰਾਣੀ ਸਥਾਈ ਫੌਜ ਦੀ ਥਾਂ ਲੋਕ ਖੁਦ ਹਥਿਆਰਬੰਦ ਹੋ ਗਏ ਅਤੇ ਨਵੀਂ ਰਾਜ ਸੱਤਾ ਦੀ ਹਿਫਾਜ਼ਤ ਕਰਨ ਲਈ ਤਿਆਰ-ਬਰ-ਤਿਆਰ ਹੋ ਗਏ। ਇਹ ਦੁਨੀਆਂ ਵਿੱਚ ਪ੍ਰੋਲਤਾਰੀ ਜਮਾਤ ਦੀ ਸਭ ਤੋਂ ਪਹਿਲੀ ਰਾਜ ਸੱਤਾ ਸੀ ਅਤੇ ਮਜ਼ਦੂਰਾਂ ਨੇ ਸਾਬਤ ਕਰ ਦਿੱਤਾ ਕਿ ਉਹ ਤਾਕਤ ਆਪਣੇ ਹੱਥ ਵਿਚ ਲੈ ਕੇ ਕੀ ਕੁੱਝ ਕਰਨ ਦੇ ਕਾਬਲ ਹਨ। ਹੋਰ ਚੀਜ਼ਾਂ ਦੇ ਨਾਲ-ਨਾਲ, ਇੱਕ ਨਵੀਂ ਤਰ੍ਹਾਂ ਦੇ ਕਾਨੂੰਨ ਬਣਾਏ ਗਏ, ਮਜ਼ਦੂਰਾਂ ਅਤੇ ਔਰਤਾਂ ਦੇ ਹੱਕ ਯਕੀਨੀ ਬਣਾਉਣ ਲਈ ਕਦਮ ਲਏ ਗਏ ਅਤੇ ਪੜ੍ਹਾਈ, ਕਲਾ ਅਤੇ ਸੱਭਿਆਚਾਰ, ਜੋ ਪਹਿਲਾਂ ਕੇਵਲ ਅਮੀਰਾਂ ਦੇ ਵਾਸਤੇ ਹੀ ਸਨ, ਸਭਨਾਂ ਲਈ ਉਪਲਭਦ ਕਰ ਦਿੱਤੇ।

ਪੈਰਿਸ ਦੀਆਂ ਸੜਕਾਂ ਉਤੇ ਲੋਕ ਨਵੇਂ ਰਾਜ ਦੇ ਫੁਰਮਾਨ ਪੜ੍ਹਦੇ ਹੋਏ: ਚਰਚ ਅਤੇ ਰਾਜ ਦੀ ਅਲਹਿਦਗੀ, ਬੇਕਰੀਆਂ ਵਿੱਚ ਰਾਤ ਦੀ ਸ਼ਿਫਟ ਨਹੀਂ ਹੋਵੇਗੀ, ਗਰੀਬਾਂ ਦਾ ਪਿਛਲਾ ਕਿਰਾਇਆ ਮਾਫ, ਪਾਦਰੀਆਂ ਦੀ ਗ੍ਰਿਫਤਾਰੀ, ਬੰਦ ਪਈਆਂ ਫੈਕਟਰੀਆਂ ਨੂੰ ਖੋਲ੍ਹਿਆ ਜਾਵੇਗਾ, ਮਜ਼ਦੂਰਾਂ ਨੂੰ ਜ਼ੁਰਮਾਨੇ ਕਰਨੇ ਬੰਦ ਹਨ।

ਪੈਰਿਸ ਕਮਿਊਨ ਨੇ ਵੀਹਵੀਂ ਸਦੀ ਦੇ ਪ੍ਰੋਲਤਾਰੀ ਇਨਕਲਾਬਾਂ ਲਈ ਇੱਕ ਨਵਾਂ ਰਸਤਾ ਖੋਲ੍ਹ ਦਿੱਤਾ। ਜਿਸ ਵੇਲੇ ਇਹ ਸਭ ਕੁੱਝ ਵਾਪਰ ਰਿਹਾ ਸੀ, ਕਾਰਲ ਮਾਰਕਸ ਨੇ ਪੈਰਿਸ ਦੇ ਮਜ਼ਦੂਰਾਂ ਦੀ ਜੈ-ਜੈਕਾਰ ਕੀਤੀ ਕਿ ਉਨ੍ਹਾਂ ਨੇ “ਸਵਰਗ ਦੇ ਦਰਵਾਜ਼ੇ” ਖੋਲ੍ਹ ਕੇ ਰਾਜਸੀ ਸੱਤਾ ਦਾ ਇੱਕ ਨਵਾਂ ਰੂਪ ਈਜਾਦ ਕਰ ਦਿੱਤਾ ਹੈ, ਜਿਸ ਵਿੱਚ ਮਜ਼ਦੂਰਾਂ ਦੀ ਮੁਕਤੀ ਹੋ ਸਕਦੀ ਹੈ। ਏਂਗਲਜ਼ ਨੇ ਸਮਝਾਇਆ ਕਿ ਇਹ ਰਾਜਸੀ ਰੂਪ ਹੋਰ ਕੁੱਝ ਨਹੀਂ ਬਲਕਿ ਪ੍ਰੋਲਤਾਰੀ ਦੀ ਤਾਨਾਸ਼ਾਹੀ ਹੈ। ਕਾਰਲ ਮਾਰਕਸ ਦੇ ਮਸ਼ਹੂਰ ਦਸਤਾਵੇਜ਼, “ਫਰਾਂਸ ਵਿੱਚ ਗ੍ਰਹਿ ਯੁੱਧ (ਸਿਵਲ ਵਾਰ)” ਦੀ ਪ੍ਰਸਤਾਵਨਾ ਵਿੱਚ ਏਂਗਲਜ਼ ਨੇ ਲਿਿਖਆ ਕਿ “ਕੀ ਤੁਸੀਂ ਜਾਨਣਾ ਚਾਹੋਗੇ ਕਿ ਪ੍ਰੋਲਤਾਰੀ ਦੀ ਇਹ ਤਾਨਾਸ਼ਾਹੀ ਕਿਸ ਤਰ੍ਹਾਂ ਦੀ ਸੀ?” ਤਾਂ “ਪੈਰਿਸ ਕਮਿਊਨ ਨੂੰ ਦੇਖੋ। ਉਹ ਪ੍ਰੋਲਤਾਰੀ ਦੀ ਤਾਨਾਸ਼ਾਹੀ ਸੀ”।

ਚੌਹਾਂ ਪਾਸਿਆਂ ਤੋਂ ਘਿਰਿਆ ਹੋਇਆ ਅਤੇ ਸਰਮਾਏਦਾਰੀ ਦੀ ਪੂਰੀ ਤਾਕਤ ਦਾ ਸਾਹਮਣਾ ਕਰਦਾ ਹੋਇਆ, ਪੈਰਿਸ ਕਮਿਊਨ 28 ਮਾਰਚ ਤੋਂ ਲੈ ਕੇ 30 ਮਈ 1871 ਤਕ, ਕੇਵਲ ਦੋ ਮਹੀਨੇ ਹੀ ਟਿਕ ਸਕਿਆ। ਪਰ ਉਹ ਆਪਣੇ ਪਿੱਛੇ ਇੱਕ ਅਜੇਹੀ ਵਿਰਾਸਤ ਛੱਡ ਗਿਆ, ਜਿਸਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਉਸ ਦੀਆਂ ਪ੍ਰਾਪਤੀਆਂ ਅਤੇ ਉਸ ਦੀ ਹਾਰ ਤੋਂ ਅੰਤਰਰਾਸ਼ਟਰੀ ਮਜ਼ਦੂਰ ਜਮਾਤ ਨੇ ਬਹੁਤ ਹੀ ਮਹੱਤਵਪੂਰਣ ਸਬਕ ਸਿੱਖੇ। ਪੈਰਿਸ ਕਮਿਊਨ ਦਾ ਤਜਰਬਾ, ਲੈਨਿਨ ਅਤੇ ਬਾਲਸ਼ਵਿਕ ਪਾਰਟੀ ਲਈ ਬਹੁਤ ਫਾਇਦੇਮੰਦ ਸਾਬਤ ਹੋਇਆ, ਜਦੋਂ ਰੂਸ ਦੀ ਮਜ਼ਦੂਰ ਜਮਾਤ ਨੇ 1917 ਵਿੱਚ ਅਕਤੂਬਰ ਇਨਕਲਾਬ ਲਿਆਂਦਾ ਅਤੇ ਦੁਸ਼ਮਣਾਂ ਤੋਂ ਇਨਕਲਾਬ ਦੀ ਹਿਫਾਜ਼ਤ ਕਰਨ ਲਈ ਸੰਘਰਸ਼ ਚਲਾਇਆ।

ਪੈਰਿਸ ਕਮਿਊਨ ਦੀ 150ਵੀਂ ਵਰ੍ਹੇਗੰਢ ਉੱਤੇ ਹਿੰਦੋਸਤਾਨ ਦੀ ਮਜ਼ਦੂਰ ਜਮਾਤ, ਮੌਤ ਨੂੰ ਚੁਣੌਤੀ ਦੇਣ ਵਾਲੇ ਕਮਿਉਨਾਰਡਾਂ ਦੇ ਜਜ਼ਬੇ ਨੂੰ ਸਲਾਮ ਕਰਦੀ ਹੈ ਅਤੇ ਉਨ੍ਹਾਂ ਦੇ ਤਜਰਬੇ ਤੋਂ ਸਬਕ ਲੈ ਕੇ ਆਪਣੇ ਦੇਸ਼ ਵਿੱਚ ਮਜ਼ਦੂਰਾਂ ਦਾ ਰਾਜ ਕਾਇਮ ਕਰਨ ਦਾ ਪ੍ਰਣ ਕਰਦੀ ਹੈ।

ਪੈਰਿਸ ਕਮਿਊਨ ਦੀਆਂ ਘਟਨਾਵਾਂ

ਪੈਰਿਸ ਕਮਿਊਨ ਇੱਕ ਗਹਿਰੇ ਸੰਕਟ ਦੁਰਾਨ ਸਥਾਪਤ ਕੀਤਾ ਗਿਆ ਸੀ, ਜਦੋਂ ਪਰੂਸ਼ੀਆ (ਜੋ ਬਾਦ ਵਿੱਚ ਜਰਮਨੀ ਦਾ ਹਿੱਸਾ ਬਣ ਗਿਆ) ਦੀਆਂ ਫੌਜਾਂ ਨੇ ਪੈਰਿਸ ਸ਼ਹਿਰ ਨੂੰ ਘੇਰਿਆ ਹੋਇਆ ਸੀ ਅਤੇ ਇਹ ਘੇਰਾਬੰਦੀ ਦੋ ਮਹੀਨਿਆਂ ਤਕ ਜਾਰੀ ਰਹੀ ਸੀ। ਇਸ ਤੋਂ ਇੱਕ ਸਾਲ ਪਹਿਲਾਂ ਫਰਾਂਸ ਦੇ ਬਾਦਸ਼ਾਹ ਨਿਪੋਲੀਅਨ ਤੀਸਰੇ ਨੇ ਪਰੂਸ਼ੀਆ ਦੇ ਖ਼ਿਲਾਫ਼ ਪਸਾਰਵਾਦੀ ਜੰਗ ਛੇੜ ਦਿੱਤੀ ਸੀ, ਪਰ ਉਸ ਜੰਗ ਵਿੱਚ ਉਸ ਦੀ ਹਾਰ ਹੋ ਗਈ ਸੀ ਅਤੇ ਪਰੂਸ਼ੀਅਨ ਫੌਜ ਨੇ ਸਤੰਬਰ 1870 ਵਿੱਚ, ਉਸ ਨੂੰ ਕੈਦੀ ਬਣਾ ਲਿਆ ਸੀ। ਫਰਾਂਸ ਦੀ ਨੈਸ਼ਨਲ ਅਸੰਬਲੀ ਨੇ ਨਿਪੋਲੀਅਨ ਤੀਸਰੇ ਨੂੰ ਗੱਦੀ ਤੋਂ ਲਾਹ ਦਿੱਤਾ ਅਤੇ ਫਰਾਂਸੀਸੀ ਗਣਤੰਤਰ ਅਤੇ ਕੌਮੀ ਸੁਰੱਖਿਆ ਦੀ ਨਵੀਂ ਸਰਕਾਰ ਦਾ ਐਲਾਨ ਕਰ ਦਿੱਤਾ। ਲੇਕਿਨ ਅਡੋਲਫ ਥੀਅਰਜ਼ ਦੀ ਅਗਵਾਈ ਵਿੱਚ ਬਣੀ ਨਵੀਂ ਸਰਕਾਰ, ਅੱਗੇ ਵਧ ਰਹੀਆਂ ਦੁਸ਼ਮਣ ਫੌਜਾਂ ਦਾ ਸਾਹਮਣਾ ਕਰਨ ਦੀ ਬਜਾਇ ਪੈਰਿਸ ਤੋਂ ਬਾਹਰ ਵਰਸੇਲਸਜ਼ ਨੂੰ ਭੱਜ ਗਈ ਅਤੇ ਫਿਰ ਉਨ੍ਹਾਂ ਨੇ ਫਰਾਂਸ ਦੇ ਲੋਕਾਂ ਦੀ ਪਿੱਠ ਪਿੱਛੇ ਪਰੂਸ਼ੀਆ ਦੇ ਅੱਗੇ ਹਥਿਆਰ ਸੁੱਟ ਦੇਣ ਅਤੇ ਸਮਝੌਤਾ ਕਰਨ ਦੀ ਕੋੱਿਸ਼ਸ਼ ਕੀਤੀ, ਜਦਕਿ ਪੈਰਿਸ ਦੇ ਲੋਕ ਆਪਣੇ ਦੇਸ਼ ਦੀ ਰਖਵਾਲੀ ਕਰਨ ਲਈ ਲਾਮਬੰਦ ਹੋ ਚੁੱਕੇ ਸਨ। ਪਰੂਸ਼ੀਆ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਪੈਰਿਸ ਦੇ ਲੋਕਾਂ ਨੂੰ ਭੁੱਖਮਰੀ ਅਤੇ ਬੰਬਾਰੀ ਦੇ ਸਾਹਮਣੇ ਝੁੱਕ ਜਾਣ ਲਈ ਮਜਬੂਰ ਕਰਨ ਵਾਸਤੇ, ਪੈਰਿਸ ਦੀ ਘੇਰਾਬੰਦੀ ਕਰ ਦਿੱਤੀ।

ਪੈਰਿਸ ਦੀ ਮਜ਼ਦੂਰ ਜਮਾਤ ਵਾਲੇ ਇਲਾਕਿਆਂ ਦੇ ਨੈਸ਼ਨਲ ਗਾਰਡ ਦੀਆਂ ਟੁੱਕੜੀਆਂ ਨੇ, ਸਰਮਾਏਦਾਰੀ ਦੀ ਗ਼ੱਦਾਰੀ ਦਾ ਪਤਾ ਲੱਗਣ ਉੱਤੇ ਬਗ਼ਾਵਤ ਕਰ ਦਿੱਤੀ ਅਤੇ ਰਾਜ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ। ਸ਼ਹਿਰ ਵਿੱਚ ਲੋਕਾਂ ਦੇ ਨਵੇਂ ਪ੍ਰਤੀਨਿਧ ਚੁਣਨ ਲਈ, ਉਨ੍ਹਾਂ ਨੇ ਚੋਣਾਂ ਕਰਵਾਈਆਂ ਅਤੇ 28 ਮਾਰਚ ਨੂੰ ਕਮਿਊਨ ਦੀ ਸਥਾਪਨਾ ਹੋ ਗਈ। ਪੈਰਿਸ ਦੇ ਲੋਕਾਂ ਨੇ, ਆਪਣੀ ਰਾਜ ਸੱਤਾ ਸਥਾਪਤ ਹੋਣ ਦਾ ਬਹੁਤ ਖੁਸ਼ੀ ਅਤੇ ਉਮੀਦ ਨਾਲ ਸਵਾਗਤ ਕੀਤਾ। ਕਮਿਊਨ ਨੇ ਬਿਨਾਂ ਕੋਈ ਦੇਰ ਕੀਤਿਆਂ, ਇਤਿਹਾਸ ਵਿੱਚ ਪਹਿਲੀ ਬਾਰ ਲੋਟੂ ਜਮਾਤ ਦੀ ਰਾਜ ਮਸ਼ੀਨਰੀ ਖਤਮ ਕਰ ਦੇਣ ਅਤੇ ਮੇਹਨਤਕਸ਼ਾਂ ਦਾ ਸੁੱਖ ਅਤੇ ਕਲਿਆਣ ਸੁਨਿਸ਼ਚਿਤ ਕਰਨ ਅਤੇ ਸ਼ਹਿਰ ਦੀ ਹਿਫਾਜ਼ਤ ਕਰਨ ਲਈ ਕਦਮ ਉਠਾਏ।

ਬਰਸਲਜ਼ ਵਿੱਚ ਬੈਠੀ ਸਰਮਾਏਦਾਰਾਂ ਦੀ ਸਰਕਾਰ ਨੇ, ਆਪਣੇ ਹੀ ਦੇਸ਼ ਦੇ ਲੋਕਾਂ ਵਲੋਂ ਸਥਾਪਤ ਕੀਤੀ ਮਜ਼ਦੂਰ ਜਮਾਤ ਦੀ ਨਵੀਂ ਰਾਜ ਸੱਤਾ ਨੂੰ ਬਦੇਸ਼ੀ ਹਮਲਾਵਰ ਫੌਜਾਂ ਤੋਂ ਵੀ ਵੱਧ ਖਤਰਨਾਕ ਸਮਝਿਆ। ਉਨ੍ਹਾਂ ਨੇ ਜਲਦੀ ਹੀ ਪਰੂਸ਼ੀਆ ਦੀ ਸਰਕਾਰ ਨਾਲ ਸਮਝੌਤਾ ਕਰ ਲਿਆ ਅਤੇ ਦੁਸ਼ਮਣਾਂ ਵਲੋਂ ਕੈਦੀ ਬਣਾਏ ਆਪਣੇ ਅਨੇਕਾਂ ਫੌਜੀਆਂ ਨੂੰ ਛੁਡਾ ਲਿਆ। ਪਰੂਸ਼ੀਆ ਨੇ ਫਰਾਂਸੀਸੀ ਸਰਮਾਏਦਾਰਾ ਸਰਕਾਰ ਨੂੰ ਇਸ ਸ਼ਰਤ ਉੱਤੇ ਫੌਜ ਦਾ ਪੁਨਰਗਠਨ ਕਰਨ ਦੀ ਇਜਾਜ਼ਤ ਦਿੱਤੀ ਕਿ ਉਹ ਫੌਜ ਪੈਰਿਸ ਦੇ ਖ਼ਿਲਾਫ਼ ਵਰਤੀ ਜਾਵੇਗੀ ਅਤੇ ਇਸ ਸ਼ਰਮਨਾਕ ਸਮਝੌਤੇ ਦੇ ਤਹਿਤ ਫਰਾਂਸ ਨੂੰ ਆਪਣੇ ਕਈ ਇਲਾਕੇ ਛੱਡਣੇ ਪਏ ਅਤੇ ਭਾਰੀ ਹਰਜਾਨਾ ਜਰਮਨੀ ਨੂੰ ਦੇਣਾ ਮੰਨ ਲਿਆ।

ਇਸ ਤੋਂ ਬਾਅਦ ਪੈਰਿਸ ਉੱਤੇ ਦੁਬਾਰਾ ਕਬਜ਼ਾ ਕਰਨ ਲਈ, ਫਰਾਂਸ ਅਤੇ ਜਰਮਨੀ ਦੀਆਂ ਫੌਜਾਂ ਨੇ ਰਲ਼ ਕੇ ਵਹਿਸ਼ੀ ਮੁਹਿੰਮ ਛੇੜ ਦਿੱਤੀ। ਪੈਰਿਸ ਦੀ ਮਜ਼ਦੂਰ ਜਮਾਤ, ਆਦਮੀ ਅਤੇ ਔਰਤਾਂ, ਸਭ ਬੜੀ ਬਹਾਦਰੀ ਨਾਲ ਲੜੇ। ਇੱਕ ਹਫਤਾ ਭਿਅੰਕਰ ਲੜਾਈ ਤੋਂ ਬਾਅਦ , ਜਿਸਨੂੰ “ਖੂਨੀ ਹਫਤਾ” ਕਿਹਾ ਜਾਂਦਾ ਹੈ, ਆਖਰਕਾਰ 30 ਮਈ 1870 ਨੂੰ ਕਮਿਊਨ ਹਾਰ ਗਿਆ। ਫਰਾਂਸ ਦੇ ਸਰਮਾਏਦਾਰਾਂ ਦੀ ਫੌਜ ਨੇ ਲੱਗਭਗ 25,000 ਆਦਮੀ, ਔਰਤਾਂ ਅਤੇ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਅਤੇ ਹਜ਼ਾਰਾਂ ਹੀ ਹੋਰ ਗ੍ਰਿਫਤਾਰ ਕਰਕੇ ਜੇਹਲਾਂ ਵਿਚ ਬੰਦ ਕਰ ਦਿੱਤੇ ਜਾਂ ਦੇਸ਼ ਨਿਕਾਲਾ ਦੇ ਦਿੱਤਾ।

ਕਮਿਊਨ ਵਲੋਂ ਲਏ ਗਏ ਇਨਕਲਾਬੀ ਕਦਮ

ਕਿਉਂਕਿ ਕਮਿਊਨ ਮਜ਼ਦੂਰ ਜਮਾਤ ਦੀ ਸਭ ਤੋਂ ਪਹਿਲੀ ਰਾਜ ਸੱਤਾ ਸੀ, ਇਸ ਲਈ ਉਹਦੇ ਸਾਹਮਣੇ ਕੋਈ ਉਦਾਹਰਣ ਨਹੀਂ ਸੀ। ਫਿਰ ਭੀ, ਉਸ ਵਲੋਂ ਏਨੇ ਥੋੜੇ੍ਹ ਵਕਤ ਵਿੱਚ ਜੋ ਕਦਮ ਉਠਾਏ ਗਏ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਮਾਤੀ ਸੰਘਰਸ਼ ਵਿੱਚ ਜੇਤੂ ਮਜ਼ਦੂਰ ਜਮਾਤ ਨੂੰ ਕਿਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੀ ਜਿਸ ਤਰ੍ਹਾਂ ਕਿ ਮਾਰਕਸ ਅਤੇ ਏਂਗਲਜ਼ ਨੇ ਬਾਅਦ ਵਿੱਚ ਲਿਖਿਆ ਕਿ ਕਮਿਊਨ ਨੂੰ ਇੱਕ ਗੱਲ ਬਿੱਲਕੁਲ ਸਪੱਸ਼ਟ ਪਤਾ ਸੀ ਕਿ ਉਹ “ਮੌਜੂਦਾ ਬਣੇ ਬਣਾਏ ਰਾਜ ਤੰਤਰ ਨੂੰ ਹੱਥ ਵਿੱਚ ਲੈ ਕੇ, ਆਪਣੇ ਉਦੇਸ਼ ਲਈ ਇਸਤੇਮਾਲ ਨਹੀਂ ਕਰ ਸਕਦਾ”। ਮੌਜੂਦਾ ਰਾਜ ਤੰਤਰ ਨੂੰ, ਸਰਮਾਏਦਾਰੀ ਅਤੇ ਉਸ ਤੋਂ ਪਹਿਲਾਂ ਵਾਲੀਆਂ ਲੋਟੂ ਜਮਾਤਾਂ, ਸਦੀਆਂ ਤੋਂ ਲੋਕਾਂ ਦਾ ਦਮਨ ਕਰਨ ਅਤੇ ਉਨ੍ਹਾਂ ਦੀ ਲੁੱਟ ਨੂੰ ਹੀ ਹੋਰ ਸੌਖਾ ਬਣਾਉਣ ਵਾਸਤੇ ਨਿਪੁੰਨ ਬਣਾਉਂਦੀਆਂ ਆਈਆਂ ਹਨ। ਇਸ ਲਈ ਇਸ ਰਾਜ ਤੰਤਰ ਨੂੰ ਪੂਰੀ ਤਰ੍ਹਾਂ ਤਹਿਸ਼-ਨਹਿਸ਼ ਕਰਨਾ, ਮਜ਼ਦੂਰ ਜਮਾਤ ਵਲੋਂ ਸੱਤਾ ਨੂੰ ਆਪਣੇ ਹਿੱਤ ਵਿੱਚ ਚਲਾਉਣ ਲਈ ਨਵੇਂ ਸੰਸਥਾਨਾਂ ਦਾ ਨਿਰਮਾਣ ਕਰਨਾ ਜ਼ਰੂਰੀ ਹੈ।

ਸਭ ਤੋਂ ਪਹਿਲਾ ਕਦਮ, ਜੋ ਕਮਿਊਨ ਨੇ ਉਠਾਇਆ ਉਹ ਸੀ, ਸਰਮਾਏਦਾਰਾ ਰਾਜ ਦੀ ਪੁਰਾਣੀ ਫੌਜ ਨੂੰ ਖਤਮ ਕਰਨਾ। ਕਮਿਊਨ ਦਾ ਐਲਾਨ ਕੀਤੇ ਜਾਣ ਤੋਂ ਕੇਵਲ ਦੋ ਹੀ ਦਿਨਾਂ ਬਾਅਦ 30 ਮਾਰਚ 1871 ਨੂੰ ਕਮਿਊਨ ਨੇ ਫੁਰਮਾਨ ਜਾਰੀ ਕੀਤਾ ਕਿ ਪੁਰਾਣੀ ਫੌਜ ਦੀ ਥਾਂ ਨੈਸ਼ਨਲ ਗਾਰਡ ਲੈ ਲਵੇਗਾ, ਜਿਸ ਵਿੱਚ ਸਰੀਰਕ ਤੌਰ ਉੱਤੇ ਕਾਬਲ ਹਰ ਵਿਅਕਤੀ ਨੂੰ ਭਰਤੀ ਕੀਤਾ ਜਾਵੇਗਾ। ਇਸ ਤਰ੍ਹਾਂ ਲੋਟੂ ਜਮਾਤ ਦੀ ਸੱਤਾ ਦੇ ਸਭ ਤੋਂ ਬੜੇ ਥੰਮ, ਸਥਾਈ ਫੌਜ ਨੂੰ ਇੱਕੋ ਹੀ ਝਟਕੇ ਨਾਲ ਖਤਮ ਕਰ ਦਿੱਤਾ ਗਿਆ।

ਕਮਿਊਨ ਦੇ ਤਮਾਮ ਪ੍ਰਤੀਨਿਧ ਸਰਬਜਨਕ ਮੱਤ-ਅਧਿਕਾਰ ਦੇ ਅਧਾਰ ਉੱਤੇ ਚੁਣੇ ਗਏ। ਇਹ ਪ੍ਰਤੀਨਿਧ ਮੱਤਦਾਤਾਵਾਂ ਦੇ ਸਾਹਮਣੇ ਜਵਾਬਦੇਹ ਸਨ ਅਤੇ ਇਨ੍ਹਾਂ ਨੂੰ ਕਿਸੇ ਵੀ ਵਕਤ ਵਾਪਸ ਬੁਲਾਇਆ ਜਾ ਸਕਦਾ ਸੀ। ਇਹਦੇ ਨਾਲ ਇਹ ਯਕੀਨੀ ਬਣ ਸਕਿਆ ਕਿ ਸੱਤਾ ਦੇ ਮਾਲਕ ਹਮੇਸ਼ਾ ਲਈ ਲੋਕ ਹੀ ਰਹਿਣਗੇ। ਕਮਿਊਨ ਦੀ ਇੱਕ ਹੋਰ ਖਾਸੀਅਤ ਇਹ ਸੀ ਕਿ ਕਾਨੂੰਨ ਬਣਾਉਣਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ, ਦੋਵੇਂ ਹੀ, ਕਮਿਊਨ ਦੇ ਪ੍ਰਤੀਨਿਧਾਂ ਦੀ ਜ਼ਿਮੇਵਾਰੀ ਸਨ। ਇਸ ਨਾਲ ਇਹ ਯਕੀਨੀ ਬਣਿਆ ਕਿ ਬੁਰਜੂਆ ਵਿਧਾਨ ਸਭਾਵਾਂ ਵਾਂਗ ਕਮਿਊਨ ਕੇਵਲ ਭਾਸ਼ਣਬਾਜ਼ੀ ਦਾ ਅੱਡਾ ਨਹੀਂ ਬਣ ਸਕਦਾ ਸੀ। ਜੱਜਾਂ ਨੂੰ ਵੀ ਲੋਕਾਂ ਵਲੋਂ ਚੁਣਿਆਂ ਜਾਂਦਾ ਸੀ ਅਤੇ ਉਨ੍ਹਾਂ ਨੂੰ ਕਿਸੇ ਵੀ ਸਮੇਂ ਵਾਪਸ ਬੁਲਾਇਆ ਜਾ ਸਕਦਾ ਸੀ।

ਪੁਲੀਸ ਸਮੇਤ ਸਭ ਸਰਬਜਨਕ ਅਧਿਕਾਰੀਆਂ ਨੂੰ ਕਮਿਊਨ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਨਾ ਪੈਂਦਾ ਸੀ। ਇਹ ਫੈਸਲਾ ਲਿਆ ਗਿਆ ਕਿ ਅਧਿਕਾਰੀਆਂ ਨੂੰ ਵੀ ਇੱਕ ਮਜ਼ਦੂਰ ਦੇ ਬਾਰਬਾਰ ਵੇਤਨ ਦਿੱਤਾ ਜਾਵੇਗਾ। ਵਿਸ਼ੇਸ਼ ਅਧਿਕਾਰਾਂ ਵਾਲੇ ਕੁਲੀਨ ਅਧਿਕਾਰੀਆਂ ਵਾਲੀ ਇੱਕ ਬੇਹੱਦ ਪੇਚੀਦਾ ਅਤੇ ਪਰਜੀਵੀ ਰਾਜ ਮਸ਼ੀਨਰੀ ਨੂੰ ਖਤਮ ਕਰਨ ਨਾਲ ਇਹ ਯਕੀਨੀ ਬਣ ਗਿਆ ਕਿ ਰਾਜ ਦੀ ਆਰਥਿਕਤਾ ਅਤੇ ਉਸਦੇ ਸਾਧਨਾਂ ਉੱਤੇ ਬੋਝ ਹਟ ਗਿਆ। ਸਾਦਾ, ਸਸਤੀ ਅਤੇ ਅਸਰਦਾਇਕ ਸਰਕਾਰ ਅਸੂਲੀ ਸ਼ਬਦ ਬਣ ਗਏ।

ਘੇਰਾਬੰਦੀ ਅਤੇ ਉਸ ਨਾਲ ਪੈਦਾ ਹੋਈਆਂ ਤਮਾਮ ਤਕਲੀਫਾਂ ਦੇ ਬਾਵਯੂਦ ਕਮਿਊਨ ਨੇ ਸਭ ਮੇਹਨਤਕਸ਼ ਔਰਤਾਂ ਅਤੇ ਆਦਮੀਆਂ ਦੇ ਸੁੱਖ ਅਤੇ ਸੁਰੱਖਿਆ ਲਈ ਅਮਲੀ ਕਦਮ ਉਠਾਏ। ਬੰਦ ਹੋਈਆਂ ਫੈਕਟਰੀਆਂ ਅਤੇ ਜਿਨ੍ਹਾਂ ਫੈਕਟਰੀਆਂ ਦੇ ਮਾਲਕ ਛੱਡ ਕੇ ਭੱਜ ਗਏ ਸਨ, ਉਨ੍ਹਾਂ ਨੂੰ ਚਲਾਉਣ ਲਈ ਮਜ਼ਦੂਰਾਂ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਸੌਂਪ ਦਿੱਤਾ ਗਿਆ। ਮਾਲਕਾਂ ਵਲੋਂ ਮਜ਼ਦੂਰਾਂ ਨੂੰ ਕੀਤੇ ਜਾਣ ਵਾਲੇ ਜ਼ੁਰਮਾਨੇ ਅਤੇ ਹੋਰ ਚੰਦੇ ਆਦਿ ਉਗਰਾਹੁਣਾ ਬੰਦ ਕਰ ਦਿੱਤਾ ਗਿਆ। ਗਿਰਵੀ ਰੱਖਣ ਵਾਲੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਬੇਕਰੀ ਮਜ਼ਦੂਰਾਂ ਦੀਆਂ ਰਾਤ ਦੀਆਂ ਸ਼ਿਫਤਾਂ ਖਤਮ ਕਰ ਦਿੱਤੀਆਂ ਗਈਆਂ। ਖਾਲੀ ਪਏ ਮਕਾਨ ਬੇਘਰ ਲੋਕਾਂ ਨੂੰ ਦੇ ਦਿੱਤੇ ਗਏ। ਮਕਾਨਾਂ ਲਈ ਕਿਰਾਏ ਕੁੱਝ ਸਮੇਂ ਲਈ ਬੰਦ ਕਰ ਦਿੱਤੇ ਗਏ।

ਵਿਅਕਤੀਗਤ ਕਾਨੂੰਨਾਂ ਦੇ ਮਾਮਲੇ ਵਿੱਚ, ਕਮਿਊਨ ਨੇ ਔਰਤਾਂ ਦੇ ਹਿੱਤ ਵਿੱਚ ਪ੍ਰਗਤੀਸ਼ੀਲ ਕਦਮ ਉਠਾਏ। ਕਾਨੂੰਨ ਦੇ ਸਾਹਮਣੇ ਹੋਏ ਵਿਆਹ ਅਤੇ ਤਲਾਕ ਨੂੰ ਮਾਨਤਾ ਦੇ ਦਿੱਤੀ ਗਈ। ਬੱਚਿਆਂ ਦੇ ਮੱਥੇ ਤੋਂ ਅਵੈਧਤਾ ਦਾ ਕਲੰਕ ਮਿਟਾ ਦਿੱਤਾ ਗਿਆ ਅਤੇ ਵਿਆਹੁਤਾ ਜਾਂ ਅਣਵਿਹਾਈਆਂ ਮਾਂਵਾਂ ਦੇ ਬੱਚਿਆਂ ਨਾਲ ਬਰਾਬਰਤਾ ਦਾ ਸਲੂਕ ਕੀਤਾ ਗਿਆ।

ਇੱਕ ਬਹੁਤ ਹੀ ਮਹੱਤਵਪੂਰਣ ਅਤੇ ਇਨਕਲਾਬੀ ਕਦਮ ਸੀ, ਚਰਚ (ਧਰਮ) ਅਤੇ ਰਾਜ ਨੂੰ ਅੱਡੋ-ਅੱਡ ਰੱਖਣਾ। ਚਰਚ ਨੂੰ ਰਾਜ ਵਲੋਂ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਖਤਮ ਕਰ ਦਿੱਤੀ ਗਈ ਅਤੇ ਚਰਚ ਦੀ ਜਾਇਦਾਦ ਨੂੰ ਰਾਜ ਦੀ ਜਾਇਦਾਦ ਬਣਾ ਦਿੱਤਾ ਗਿਆ। ਪੜ੍ਹਾਈ ਸਣੇ ਸਰਬਜਨਕ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਚਰਚ ਦੀ ਭੂਮਿਕਾ ਖਤਮ ਕਰ ਦਿੱਤੀ ਗਈ। ਧਰਮ ਅਤੇ ਆਸਥਾ ਨੂੰ ਹਰ ਵਿਅਕਤੀ ਦੀ ਜ਼ਮੀਰ ਦਾ ਨਿੱਜੀ ਮਾਮਲਾ ਸਮਝਿਆ ਗਿਆ।

ਅੰਤਰਰਾਸ਼ਟਰੀਵਾਦ ਦੇ ਸੱਚੇ ਜਜ਼ਬੇ ਨਾਲ ਕਮਿਊਨ ਦੀ ਫੌਜ ਵਿੱਚ ਦੂਸਰੇ ਦੇਸ਼ਾਂ ਦੇ ਲੜਾਕੂ ਲੋਕਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਕਮਿਊਨ ਨੇ ਫਰਾਂਸੀਸੀ ਸਰਮਾਏਦਾਰਾ ਕੌਮੀ ਸ਼ਾਵਨਵਾਦ ਦੇ ਚਿੰਨ੍ਹ ਵਿਕਟਰੀ ਕਾਲਮ (ਜਿੱਤ ਦਾ ਸਤੰਭ) ਨੂੰ ਤੋੜ ਦਿੱਤਾ, ਜਿਸਦਾ ਲੋਕਾਂ ਨੇ ਸਵਾਗਤ ਕੀਤਾ। ਕਮਿਊਨ ਨੇ ਕਰੂਰ ਅਤਿਆਚਾਰ ਦੇ ਚਿੰਨ੍ਹ, ਗਿਲੋਟੀਨ (ਗਰਦਨ ਕੱਟਣ ਦਾ ਇੱਕ ਜੁਗਾੜ) ਨੂੰ ਵੀ ਨਸ਼ਟ ਕਰ ਦਿੱਤਾ, ਜਿਸ ਨੂੰ ਲੋਕ ਨਫਰਤ ਕਰਦੇ ਸਨ।

ਇਹ ਸਾਰੇ ਕਦਮ ਕੇਵਲ ਦੋ ਮਹੀਨੇ ਦੇ ਛੋਟੇ ਜਿਹੇ ਅਰਸੇ ਵਿੱਚ ਉਠਾਏ ਗਏ, ਜਦੋਂ ਕਮਿਊਨ ਅਤੇ ਮਜ਼ਦੂਰ ਜਮਾਤ ਨੂੰ ਘੇਰਾਬੰਦੀ ਨਾਲ ਪੈਦਾ ਹੋਈਆਂ ਤਕਲੀਫਾਂ ਸਹਾਰਨੀਆਂ ਪੈ ਰਹੀਆਂ ਸਨ ਅਤੇ ਨਾਲ ਹੀ ਦੁਸ਼ਮਣ ਦੇ ਖ਼ਿਲਾਫ਼ ਸਿੱਧੀ ਜੰਗ ਵੀ ਲੜਨੀ ਪਈ ਸੀ। ਹੁਕਮਰਾਨ ਜਮਾਤ ਦੇ ਰੂਪ ਵਿੱਚ ਜਥੇਬੰਦ ਮਜ਼ਦੂਰ ਜਮਾਤ ਏਨੇ ਮੁਸ਼ਕਿਲ ਹਾਲਾਤਾਂ ਵਿਚ ਵੀ ਕੀ ਕੁੱਝ ਹਾਸਲ ਕਰ ਸਕਦੀ ਹੈ, ਇਹ ਕਮਿਊਨ ਦੇ ਕੰਮ ਨੇ ਅਮਲ ਵਿੱਚ ਸਾਬਤ ਕਰ ਦਿੱਤਾ।

ਪੈਰਿਸ ਕਮਿਊਨ ਦੇ ਸਬਕ

ਪੈਰਿਸ ਕਮਿਊਨ ਦੀਆਂ ਪ੍ਰਾਪਤੀਆਂ ਦੁਨੀਆਂਭਰ ਦੇ ਪ੍ਰੋਲਤਾਰੀ ਇਨਕਲਾਬੀਆਂ ਲਈ ਇੱਕ ਮਸ਼ਾਲ ਬਣ ਗਈਆਂ। ਕਾਰਲ ਮਾਰਕਸ ਨੇ ਆਪਣੀ ਰਚਨਾ “ਫਰਾਂਸ ਵਿੱਚ ਗ੍ਰਹਿ ਯੁੱਧ” ਵਿੱਚ ਮਜ਼ਦੂਰ ਜਮਾਤ ਦੇ ਮੁਕਤੀ ਸੰਘਰਸ਼ ਵਿੱਚ ਕਮਿਊਨ ਦੀਆਂ ਮਹਾਨ ਪ੍ਰਾਪਤੀਆਂ ਦੇ ਯੋਗਦਾਨ ਦਾ ਵਿਸਤਾਰਪੂਰਬਕ ਵਿਸ਼ਲੇਸ਼ਣ ਕੀਤਾ ਹੈ। ਰੂਸ ਵਿੱਚ 1917 ਦੇ ਸਮਾਜਵਾਦੀ ਇਨਕਲਾਬ ਦੀ ਪੂਰਵ-ਸੰਧਿਆ ਉੱਤੇ ਲਿਖੀ ਆਪਣੀ ਰਚਨਾ “ਰਾਜ ਅਤੇ ਇਨਕਲਾਬ” ਵਿੱਚ ਵੀ.ਆਈ. ਲੈਨਿਨ ਨੇ ਕਮਿਊਨ ਵਲੋਂ ਲਏ ਗਏ ਨਿਰਣਾਇਕ ਕਦਮਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਕਮਿਊਨ ਦੇ ਇਸ ਤਜਰਬੇ ਨੇ ਸਾਬਤ ਕਰ ਦਿੱਤਾ ਹੈ ਕਿ ਮਜ਼ਦੂਰ ਜਮਾਤ ਨੂੰ ਸਰਮਾਏਦਾਰਾਂ ਦੇ ਪੁਰਾਣੇ ਰਾਜ ਤੰਤਰ ਨੂੰ ਨਸ਼ਟ ਕਰਨ ਅਤੇ ਹਾਰੀ ਹੋਈ ਲੋਟੂ ਜਮਾਤ ਉਤੇ ਆਪਣੀ ਤਾਨਾਸ਼ਾਹੀ ਕਾਇਮ ਕਰਨ ਦੀ ਜ਼ਰੂਰਤ ਹੈ।

ਇਸਦੇ ਨਾਲ-ਨਾਲ ਪੈਰਿਸ ਕਮਿਊਨ ਦੀ ਹਾਰ ਅਤੇ ਉਸਦੀਆਂ ਕਮਜ਼ੋਰੀਆਂ ਤੋਂ ਭੀ ਅੰਤਰਰਾਸ਼ਟਰੀ ਮਜ਼ਦੂਰ ਜਮਾਤ ਨੂੰ ਕਈ ਅਹਿਮ ਸਬਕ ਸਿਖਣ ਲਈ ਮਿਲਦੇ ਹਨ।

ਪੈਰਿਸ ਕਮਿਊਨ ਇੱਕ ਆਪ-ਮੁਹਾਰਾ ਬਗ਼ਾਵਤ ਦਾ ਨਤੀਜਾ ਸੀ, ਇਸ ਕਰਕੇ ਜਥੇਬੰਦਕ ਕਮਜ਼ੋਰੀਆਂ ਦਾ ਸ਼ਿਕਾਰ ਸੀ। ਸੰਘਰਸ਼ ਦੁਰਾਨ ਕਈ ਮੌਕਿਆਂ ਉੱਤੇ ਉਹ ਆਪਣੀ ਹਿਫਾਜ਼ਤ ਸਫਲਤਾਪੂਰਵਕ ਲਈ ਨਿਰਣਾਇਕ ਕਦਮ ਨਹੀਂ ਲੈ ਸਕਿਆ। ਦੁਸ਼ਮਣ ਸਰਮਾਏਦਾਰਾਂ ਦੀ ਤਾਕਤ ਅਤੇ ਉਸਦੇ ਤਜਰਬੇ ਨਾਲ ਟੱਕਰ ਲੈਣ ਲਈ ਅਤੇ ਉਸ ਦੀਆਂ ਸ਼ਾਤਰ ਚਾਲਾਂ ਨੂੰ ਸਮਝਣ ਲਈ ਅਤੇ ਆਪਣੀਆਂ ਸਫਾਂ ਵਿੱਚ ਫੌਲਾਦੀ ਏਕਤਾ ਬਣਾਈ ਰੱਖਣ ਲਈ ਮਜ਼ਦੂਰ ਜਮਾਤ ਨੂੰ ਆਪਣਾ ਹਰਾਵਲ ਦਸਤਾ, ਪੇਸ਼ਾਵਾਰ ਇਨਕਲਾਬੀਆਂ ਦੀ ਪਾਰਟੀ ਦੀ ਜ਼ਰੂਰਤ ਹੈ। ਇਹ ਇੱਕ ਬਹੁਤ ਹੀ ਅਹਿਮ ਸਬਕ ਸੀ, ਜੋ ਲੈਨਿਨ ਨੇ ਰੂਸ ਦੇ ਸਮਾਜਵਾਦੀ ਇਨਕਲਾਬੀਆਂ ਨੂੰ ਚੰਗੀ ਤਰ੍ਹਾਂ ਸਮਝਾਇਆ ਅਤੇ ਬਾਲਸ਼ਵਿਕ ਪਾਰਟੀ ਦਾ ਨਿਰਮਾਣ ਕੀਤਾ, ਜਿਸ ਨੇ 1917 ਵਿੱਚ ਅਕਤੂਬਰ ਇਨਕਲਾਬ ਨੂੰ ਅਗਵਾਈ ਦਿੱਤੀ।

ਕਮਿਊਨ ਦੀ ਹਾਰ ਤੋਂ ਇੱਕ ਹੋਰ ਸਬਕ ਇਹ ਮਿਲਦਾ ਹੈ ਕਿ ਮਜ਼ਦੂਰ ਜਮਾਤ ਆਪਣੇ ਦੁਸ਼ਮਣ ਪ੍ਰਤੀ ਕੋਈ ਨਰਮੀ ਨਹੀਂ ਦਿਖਾ ਸਕਦੀ। ਮਾਰਕਸ ਅਤੇ ਏਂਗਲਜ਼ ਨੇ ਦੱਸਿਆ ਹੈ ਕਿ ਕਮਿਊਨ ਨੇ ਬੈਂਕ ਆਫ ਫਰਾਂਸ ਉੱਤੇ ਕਬਜ਼ਾ ਕਰਨ ਅਤੇ ਸਰਮਾਏਦਾਰਾਂ ਨੂੰ ਆਪਣੇ ਸਾਧਨਾਂ (ਪੈਸੇ) ਤੋਂ ਵੰਚਿਤ ਕਰਨ ਵਿੱਚ ਹਿਚਕਿਚਾਹਟ ਕੀਤੀ, ਜੋ ਕਿ ਇੱਕ ਬਹੁਤ ਬੜੀ ਗਲਤੀ ਸੀ। ਇਸ ਤੋਂ ਇਲਾਵਾ, ਖੁਨ ਖਰਾਬਾ ਹੋਣ ਤੋਂ ਬਚਾਅ ਕਰਨ ਦੀ ਉਮੀਦ ਵਿੱਚ, ਉਨ੍ਹਾਂ ਨੇ ਬਰਸਲਜ਼ ਦੀ ਸਰਕਾਰ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਤਰ੍ਹਾਂ ਬਰਸਲਜ਼ ਦੀ ਸਰਕਾਰ ਨੂੰ ਆਪਣੀ ਫੌਜ ਨੂੰ ਫਿਰ ਤੋਂ ਹਥਿਆਰਬੰਦ ਕਰਨ ਅਤੇ ਉਸ ਦਾ ਪੁਨਰਗਠਨ ਕਰਨ ਲਈ ਸਮਾਂ ਮਿਲ ਗਿਆ ਅਤੇ ਇਸ ਨੂੰ ਉਸਨੇ ਕਮਿਊਨਾਰਡਾਂ ਦੇ ਖ਼ਿਲਾਫ਼ ਝੋਕ ਦਿੱਤਾ। ਜਦੋਂ ਸਰਮਾਏਦਾਰੀ ਦੀ ਫੌਜ ਨੇ ਪੈਰਿਸ ਵਿਚ ਪ੍ਰਵੇਸ਼ ਕੀਤਾ ਤਾਂ ਉਨ੍ਹਾਂ ਨੇ ਕਮਿਊਨਾਰਡਾਂ ਜਾਂ ਲੋਕਾਂ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ ਅਤੇ ਪੂਰੀ ਨਿਰਦੈਤਾ ਨਾਲ ਬਦਲਾ ਲਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਜੇਤੂ ਮਜ਼ਦੂਰ ਜਮਾਤ ਨੂੰ ਹਾਰੀ ਹੋਈ ਦੁਸ਼ਮਣ ਫੌਜ ਪ੍ਰਤੀ ਤਾਨਾਸ਼ਾਹੀ ਵਰਤਣਾ ਬਹੁਤ ਜ਼ਰੂਰੀ ਹੈ।

ਕਮਿਊਨ ਦੀ ਹਾਰ ਦਾ ਇੱਕ ਹੋਰ ਵੱਡਾ ਕਾਰਨ ਇਹ ਸੀ ਕਿ ਸਰਮਾਏਦਾਰਾ ਤਾਕਤਾਂ ਪੈਰਿਸ ਦੀ ਮਜ਼ਦੂਰ ਜਮਾਤ ਨੂੰ ਕਿਸਾਨੀ ਅਤੇ ਦੇਸ਼ ਦੇ ਹੋਰ ਮੇਹਨਤਕਸ਼ਾਂ ਤੋਂ ਅਲੱਗ ਕਰਨ ਵਿੱਚ ਕਾਮਯਾਬ ਹੋ ਗਈ। ਕਿਉਂਕਿ ਕਮਿਊਨਾਰਡ ਹੋਰ ਮੇਹਨਤਕਸ਼ਾਂ ਤਕ ਪਹੁੰਚ ਨਹੀਂ ਸਕੇ, ਇਸ ਲਈ ਦੁਸ਼ਮਣ ਨੂੰ ਕਮਿਊਨ ਦੇ ਖ਼ਿਲਾਫ਼ ਹਰ ਤਰ੍ਹਾਂ ਦਾ ਝੂਠ ਫੈਲਾਉਣ ਅਤੇ ਉਸ ਨੂੰ ਕੁਚਲਣ ਲਈ ਅਸਾਨ ਹੋ ਗਿਆ। ਪੈਰਿਸ ਕਮਿਊਨ ਦੇ ਤਜਰਬੇ ਤੋਂ ਇੱਕ ਹੋਰ ਸਬਕ ਇਹ ਮਿਲਦਾ ਹੈ ਕਿ ਲੋਟੂ ਜਮਾਤ ਦੀ ਹਕੂਮਤ ਦਾ ਖਾਤਮਾ ਕਰਨ ਲਈ ਮਜ਼ਦੂਰ ਜਮਾਤ ਨੂੰ ਕਿਸਾਨਾਂ ਅਤੇ ਹੋਰ ਮੇਹਨਤਕਸ਼ਾਂ ਦੇ ਨਾਲ ਇੱਕ ਅਟੁੱਟ ਏਕਤਾ ਬਣਾਉਣ ਦੀ ਸਖਤ ਜ਼ਰੂਰਤ ਹੈ।

ਸਿੱਟਾ

ਪੈਰਿਸ ਕਮਿਊਨ ਨੂੰ, ਮੇਹਨਤਕਸ਼ਾਂ ਦੇ ਮੁਕਤੀ ਸੰਘਰਸ਼ ਵਿੱਚ ਇੱਕ ਨਵੇਂ ਦੌਰ ਜਾਣੀ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਦੌਰ ਦਾ ਆਗਾਜ਼ ਕਰਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਸਨੇ ਦਿਖਾ ਦਿੱਤਾ ਕਿ ਮਜ਼ਦੂਰ ਜਮਾਤ ਕੋਲ ਅੱਗੇ ਵਧਣ ਦਾ ਇਕੋ-ਇੱਕ ਰਸਤਾ ਰਾਜਨੀਤਕ ਸੱਤਾ ਨੂੰ ਆਪਣੇ ਹੱਥਾਂ ਵਿਚ ਲੈਣਾ, ਲੋਟੂਆਂ ਦੀ ਰਾਜ ਮਸ਼ੀਨਰੀ ਨੂੰ ਤਹਿਸ਼-ਨਹਿਸ਼ ਕਰ ਦੇਣਾ ਅਤੇ ਜਮਾਤਾਂ ਉਤੇ ਅਧਾਰਿਤ ਸਮਾਜ ਦੀਆਂ ਆਰਥਿਕ ਬੁਨਿਆਦਾਂ ਨੂੰ ਜੜ੍ਹਾਂ ਤੋਂ ਉਖਾੜਨਾ ਹੈ।

ਪੈਰਿਸ ਕਮਿਊਨ ਨੇ ਦਿਖਾ ਦਿੱਤਾ ਕਿ ਮਜ਼ਦੂਰ ਜਮਾਤ ਆਪਣਾ ਇਤਿਹਾਸਿਕ ਰੋਲ ਨਿਭਾਉਣ ਲਈ ਤਿਆਰ ਵੀ ਹੈ ਅਤੇ ਕਾਬਲ ਵੀ। ਉਸ ਸਮੇਂ ਤੋਂ ਲੈ ਕੇ ਇਹ ਸਮਝ, ਅਕਤੂਬਰ ਇਨਕਲਾਬ ਅਤੇ ਹੋਰ ਪ੍ਰੋਲਤਾਰੀ ਇਨਕਲਾਬਾਂ ਦੇ ਅਧਾਰ ਉੱਤੇ ਕਈ ਕਦਮ ਅੱਗੇ ਵਧ ਗਈ ਹੈ। ਬਾਰ ਬਾਰ ਮਜ਼ਦੂਰ ਜਮਾਤ ਆਪਣੀ ਹਾਰ ਅਤੇ ਅਸਫਲਤਾ ਤੋਂ ਸਿੱਖਦੀ ਹੈ ਕਿ ਕਿਸ ਤਰ੍ਹਾਂ ਮੁੜ ਕੇ ਤਿਆਰੀ ਕਰਨੀ ਹੈ ਅਤੇ ਆਪਣੇ ਸੰਘਰਸ਼ ਨੂੰ ਬੇਹਤਰ ਤਰੀਕੇ ਨਾਲ ਜਥੇਬੰਦ ਕਰਨਾ ਹੈ।

ਅੱਜ ਮਜ਼ਦੂਰ ਜਮਾਤ ਵਿੱਚ ਨਿਰਾਸ਼ਾ ਫੈਲਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਮਾਏਦਾਰਾ ਢਾਂਚੇ ਅਤੇ ਸਰਮਾਏਦਾਰਾਂ ਦੀ ਹਕੂਮਤ ਨਾਲ ਸਮਝੌਤਾ ਕਰਨ ਤੋਂ ਇਲਾਵਾ ਮਜ਼ਦੂਰ ਜਮਾਤ ਦੇ ਕੋਲ ਕੋਈ ਹੋਰ ਰਾਹ ਨਹੀਂ ਹੈ।

ਲ਼ੇਕਿਨ ਇਸ ਸਵਾਲ ਦਾ ਫੈਸਲਾ 150 ਸਾਲ ਪਹਿਲਾਂ ਹੀ ਹੋ ਚੁੱਕਾ ਹੈ। ਪੂੰਜੀਵਾਦ ਅਤੇ ਸਾਮਰਾਜਵਾਦ ਨਾਲ ਸਮਝੌਤੇ ਦਾ ਰਾਹ ਕੇਵਲ ਹੋਰ ਵੱਧ ਲੁੱਟ, ਸੰਕਟ ਅਤੇ ਜੰਗ ਵੱਲ ਹੀ ਲੈ ਕੇ ਜਾਵੇਗਾ। ਮਜ਼ਦੂਰ ਜਮਾਤ ਨੂੰ ਇਹ ਰਸਤਾ ਰੱਦ ਕਰ ਦੇਣਾ ਚਾਹੀਦਾ ਹੈ। ਕਮਿਊਨਾਰਡਾਂ ਵਲੋਂ ਰੁਸ਼ਨਾਏ ਰਾਹ ਉੱਤੇ ਚਲਦਿਆਂ ਮਜ਼ਦੂਰ ਜਮਾਤ ਨੂੰ ਆਪਣੇ ਹੀ ਬੈਨਰ ਹੇਠ ਜਥੇਬੰਦ ਹੋਣਾ ਚਾਹੀਦਾ ਹੈ। ਬਾਲਸ਼ਵਿਕਾਂ ਅਤੇ ਵੀ.ਆਈ. ਲੈਨਿਨ ਦੀ ਉਦਾਹਰਣ ਉੱਤੇ ਚਲਦਿਆਂ ਮਜ਼ਦੂਰ ਜਮਾਤ ਨੂੰ ਆਪਣੀ ਪਾਰਟੀ ਵਿੱਚ ਇਕਮੁੱਠ ਹੋਣਾ ਪਏਗਾ ਅਤੇ ਸਰਮਾਏਦਾਰਾਂ ਉਤੇ ਸੰਪੂਰਨ ਜਿੱਤ ਪ੍ਰਾਪਤ ਕਰਨ ਲਈ ਅਤੇ ਮੇਹਨਤਕਸ਼ਾਂ ਦੀ ਲੁੱਟ ਅਤੇ ਦਮਨ ਦੇ ਢਾਂਚੇ ਨੂੰ ਖਤਮ ਕਰਨ ਲਈ ਜਥੇਬੰਦ ਤਰੀਕੇ ਨਾਲ ਸੰਘਰਸ਼ ਕਰਨਾ ਪਏਗਾ।

close

Share and Enjoy !

Shares

Leave a Reply

Your email address will not be published.