ਚਾਰ ਰਾਜਾਂ ਅਤੇ ਇੱਕ ਕੇਂਦਰ ਸਾਸ਼ਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ:

ਚੋਣਾਂ ਲੋਕਾਂ ਨੂੰ ਧੋਖਾ ਦੇਣ ਅਤੇ ਗੁਮਰਾਹ ਕਰਨ ਦੇ ਸਰਮਾਏਦਾਰਾਂ ਦੇ ਹੱਥਕੰਡੇ ਹਨ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 6 ਅਪ੍ਰੈਲ 2021

ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਪੁਡੂਚਰੀ ਦੀਆਂ ਵਿਧਾਨ ਸਭਾਵਾਂ ਦੇ ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨ ਕੀਤੇ ਜਾਣਗੇ।

ਇਹ ਚੋਣਾਂ ਇੱਕ ਅਜਿਹੇ ਸਮੇਂ ‘ਤੇ ਹੋ ਰਹੀਆਂ ਹਨ, ਜਦੋਂ ਪੂਰਾ ਦੇਸ਼ ਸਭਤਰਫ਼ਾ ਸੰਕਟ ਵਿੱਚ ਫਸਿਆ ਹੋਇਆ ਹੈ। ਇਸ ਸੰਕਟ ਦਾ ਅਧਾਰ ਆਰਥਕ ਸੰਕਟ ਹੈ। ਖੇਤੀ ਆਮਦਨੀ, ਉਦਯੋਗਿਕ ਰੋਜ਼ਗਾਰ ਅਤੇ ਨਿਰਯਾਤ, ਇਹ ਸਭ ਕਰੋਨਾ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਦੇ ਹੀ ਘਟਦੇ ਜਾ ਰਹੇ ਸਨ। ਹਾਲ ਦੇ ਦਿਨਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਯੂਨੀਅਨਾਂ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਆ ਕੇ ਵਿਰੋਧ ਕਰ ਰਹੀਆਂ ਹਨ। ਲੌਕ ਡਾਊਨ ਦੀਆਂ ਪਾਬੰਦੀਆਂ ਦੇ ਬਾਵਜੂਦ, ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਔਰਤਾਂ ਅਤੇ ਨੌਜਵਾਨ ਬੜੀ ਤਦਾਦ ਵਿੱਚ ਸ਼ਾਮਲ ਹੋ ਰਹੇ ਹਨ।

ਨਾ ਸਿਰਫ਼ ਸ਼ੋਸ਼ਕਾਂ ਅਤੇ ਸੋਸ਼ਤਾਂ ਦੇ ਵਿਚਾਲੇ, ਬਲਕਿ ਸ਼ੋਸ਼ਕਾਂ ਦੇ ਆਪਸ ਵਿੱਚ ਵੀ, ਅੰਤਰਵਿਰੋਧ ਹੋਰ ਤੇਜ਼ ਹੁੰਦੇ ਜਾ ਰਹੇ ਹਨ। ਦੇਸ਼ ਉੱਤੇ ਰਾਜ ਕਿਸ ਤਰ੍ਹਾਂ ਕੀਤਾ ਜਾਵੇ, ਉਦਾਰੀਕਰਣ, ਨਿੱਜੀਕਰਣ ਅਤੇ ਭੂਮੰਡਲੀਕਰਣ ਦੇ ਪ੍ਰੋਗਰਾਮ ਨੂੰ ਲਾਗੂ ਕਿਵੇਂ ਕੀਤਾ ਜਾਵੇ, ਇਨ੍ਹਾਂ ਮੁੱਦਿਆਂ ‘ਤੇ ਤਿੱਖੇ ਝਗੜੇ ਚੱਲ ਰਹੇ ਹਨ। ਇਨ੍ਹਾਂ ਸਭ ਤਿੱਖੇ ਅੰਤਰਵਿਰੋਧਾਂ ਦੇ ਵਿੱਚ ਹੀ ਇਹ ਚੋਣਾਂ ਹੋ ਰਹੀਆਂ ਹਨ।

ਮੌਜੂਦਾ ਵਿਵਸਥਾ ਦੇ ਅੰਦਰ ਚੋਣਾਂ ਸਰਮਾਰੇਦਾਰ ਵਰਗ ਨੂੰ ਲੋਕਾਂ ਦੇ ਵਿੱਚ ਜਾ ਕੇ ਖੂਬ ਸਾਰਾ ਝੂਠਾ ਪ੍ਰਚਾਰ ਕਰਨ ਦਾ ਮੌਕਾ ਮੁਹੱਈਆ ਕਰਦੀਆਂ ਹਨ।

ਚੋਣਾਂ ਦੇ ਜਰੀਏ ਇਹ ਬਹੁਤ ਬੜਾ ਸਪਨਾ ਦਿਖਾਇਆ ਜਾਂਦਾ ਹੈ ਕਿ ਲੋਕ ਆਪਣੀ ਪਸੰਦ ਦੀ ਸਰਕਾਰ ਚੁਣਦੇ ਹਨ। ਪਰ ਸੱਚਾਈ ਤਾਂ ਇਹ ਹੈ ਕਿ ਅਜਾਰੇਦਾਰ ਸਰਮਾਏਦਾਰ ਚੋਣਾਂ ਦਾ ਇਸਤੇਮਾਲ ਕਰਕੇ, ਇਹ ਤੈਅ ਕਰ ਲੈਂਦੇ ਹਨ ਕਿ ਉਨ੍ਹਾਂ ਦੀ ਕਿਹੜੀ ਪਾਰਟੀ ਉਨ੍ਹਾਂ ਦੇ ਪ੍ਰੋਗਰਾਮ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਲਾਗੂ ਕਰ ਸਕਦੀ ਹੈ ਅਤੇ ਇਸਦੇ ਨਾਲ-ਨਾਲ ਲੋਕਾਂ ਨੂੰ ਵੀ ਸਭ ਤੋਂ ਬਿਹਤਰ ਤਰੀਕੇ ਨਾਲ ਬੁੱਧੂ ਬਣਾ ਸਕਦੀ ਹੈ। ਅਜਾਰੇਦਾਰ ਸਰਮਾਏਦਾਰਾ ਵਰਗ – ਜਿਸਦੀ ਅਗਵਾਈ ਟਾਟਾ, ਅੰਬਾਨੀ, ਬਿਰਲਾ, ਅਦਾਨੀ ਅਤੇ ਦੂਸਰੇ ਅਜਾਰੇਦਾਰ ਸਰਮਾਏਦਾਰ ਘਰਾਣੇ ਕਰ ਰਹੇ ਹਨ – ਚੋਣ ਮੁਹਿੰਮ ਦਾ ਅਜੰਡਾ ਤੈਅ ਕਰਦਾ ਹੈ। ਅਜਾਰੇਦਾਰ ਸਰਮਾਏਦਾਰਾਂ ਦੇ ਇਸ ਅਜੰਡੇ ਨੂੰ ਫੈਲਾਉਣ ਵਿੱਚ ਟੀ.ਵੀ. ਮੀਡੀਆ ਦੀ ਬਹੁਤ ਬੜੀ ਭੁਮਿਕਾ ਹੈ। ਜਿਨ੍ਹਾਂ ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਚੋਣਾਂ ਹੋ ਰਹੀਆਂ ਹਨ, ਉੱਥੇ ਕਾਰਪੋਰੇਟ ਮੀਡੀਆ ਨੇ ਚੋਣਾਂ ਨੂੰ ਖੁਦਗਰਜ਼ ਪਾਰਟੀਆਂ ਅਤੇ ਲੀਡਰਾਂ ਦੇ ਦੋ ਮੁਕਾਬਲੇ ਦੇ ਦਲਾਂ ਦੇ ਵਿੱਚ ਆਪਸੀ ਝਗੜੇ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਕਿਤੇ-ਕਿਤੇ ਤਿੰਨ ਗਠਜੋੜ ਵੀ ਹਨ। ਬਾਕੀ ਸਾਰੇ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ, ਮੋਦੀ ਅਤੇ ਮਮਤਾ ਦੇ ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ ਹੈ। ਅਸਾਮ ਵਿੱਚ ਭਾਜਪਾ ਨੀਤ ਗੱਠਜੋੜ ਅਤੇ ਕਾਂਗਰਸ ਪਾਰਟੀ ਨੀਤ ਗੱਠਜੋੜ ਦੇ ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ ਹੈ। ਕੇਰਲ ਵਿੱਚ ਇਹ ਕਾਂਗਰਸ ਪਾਰਟੀ ਅਤੇ ਮਾਰਕਸੀ ਪਾਰਟੀ ਦੇ ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ ਹੈ; ਏਥੇ ਭਾਜਪਾ ਤੀਸਰਾ ਪੱਖ ਹੈ।

ਹੁਕਮਰਾਨ ਵਰਗ ਇਹ ਪ੍ਰਚਾਰ ਕਰਦਾ ਹੈ ਕਿ ਹਰ ਮਾਮਲੇ ਵਿੱਚ, ਮੁਕਾਬਲੇ ਵਾਲੇ ਦਲਾਂ ਵਿਚਾਲੇ ਦੌੜ ਕਾਫੀ ਹੱਦ ਤੱਕ ਬਰਾਬਰ ਹੈ। ਲੋਕਾਂ ਉੱਤੇ ਇਹ ਦਬਾਅ ਹੁੰਦਾ ਹੈ ਕਿ ਇਸ ਜਾਂ ਉਸ ਜਿੱਤਣ ਵਾਲੇ ਘੋੜੇ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਿਆਂ ਜਾਵੇ। ਅਖ਼ੀਰ ਵਿੱਚ ਜਿੱਤ ਕਿਸਦੀ ਹੋਵੇਗੀ, ਇਹ ਹੁਕਮਰਾਨ ਵਰਗ ਤੈਅ ਕਰਦਾ ਹੈ। ਹੁਕਮਰਾਨ ਵਰਗ ਦੇ ਕੋਲ ਜਰੂਰੀ ਵੋਟ ਗਿਣਤੀ ਤਿਆਰ ਕਰਨ ਅਤੇ ਮਨਚਾਹਿਆ ਨਤੀਜਾ ਹਾਸਲ ਕਰਨ ਦੇ ਬਹੁਤ ਸਾਰੇ ਤਰੀਕੇ ਹਨ।

ਪਿਛਲੇ ਕੁੱਝ ਦਹਾਕਿਆਂ ਵਿੱਚ, ਇਸ ਸੰਸਦੀ ਲੋਕਤੰਤਰ ਦੀ ਵਿਵਸਥਾ ਦਾ ਕਰੂਪ ਚਿਹਰਾ ਪਹਿਲਾਂ ਤੋਂ ਕਿਤੇ ਜ਼ਿਆਦਾ ਸਾਫ-ਸਾਫ ਸਾਹਮਣੇ ਆਉਣ ਲੱਗਾ ਹੈ। ਆਧੁਨਿਕ ਪ੍ਰਚਾਰ ਦੇ ਤੌਰ-ਤਰੀਕੇ ਅਤੇ ਇਸਦੇ ਨਾਲ ਕਰੋੜਾਂ ਕਰੋੜਾਂ ਲੋਕਾਂ ਦੇ ਵਟਸ-ਅੱਪ ਅਤੇ ਈ ਮੇਲ ਵਰਗੇ ਨਿਰਣਾਇਕ ਡਾਟੇ ਉੱਤੇ ਅਜਾਰੇਦਾਰ ਸਰਮਾਏਦਾਰਾਂ ਦੇ ਕੰਟਰੋਲ ਦੇ ਚੱਲਦਿਆ, ਚੋਣਾਂ ਦੇ ਨਤੀਜਿਆਂ ਨੂੰ ਤੈਅ ਕਰਨ ਵਿੱਚ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੇ ਹੱਥਕੰਡੇ ਬਹੁਤ ਵਧ ਗਏ ਹਨ। ਭਾਜਪਾ ਨੂੰ ਚੋਣ ਬਾਂਡ ਅਤੇ ਹੋਰ ਤਰੀਕਿਆਂ ਨਾਲ, ਹਿੰਦੋਸਤਾਨੀ ਅਤੇ ਵਿਦੇਸ਼ੀ ਅਜਾਰੇਦਾਰ ਕੰਪਣੀਆਂ ਤੋਂ ਆਪਣੀ ਪ੍ਰਚਾਰ ਮੁਹਿੰਮ ਨੂੰ ਚਲਾਉਣ ਦੇ ਲਈ ਬਹੁਤ ਸਾਰਾ ਪੈਸਾ ਮਿਿਲਆ ਹੈ, ਇਸ ਲਈ ਇਸ ਸਮੇਂ ਇਹ ਇਸ ਮਾਮਲੇ ਵਿੱਚ ਆਪਣੇ ਵਿਰੋਧੀਆਂ ਤੋਂ ਅੱਗੇ ਹੈ। ਕੇਂਦਰ ਸਰਕਾਰ ਵੀ ਭਾਜਪਾ ਦੇ ਹੱਥ ਵਿੱਚ ਹੈ, ਇਸ ਲਈ ਉਸ ਨੂੰ ਇਹ ਫਾਇਦਾ ਹੈ ਕਿ ਰਾਜ ਸਰਕਾਰਾਂ ਦੀਆਂ ਤਿਜ਼ੌਰੀਆਂ ਉੱਤੇ ਵੀ ਉਸ ਦਾ ਕੰਟਰੋਲ ਹੈ। ਭਾਜਪਾ ਦਾ ਇਹ ਨਾਅਰਾ ਕਿ “ਕੇਂਦਰ ਅਤੇ ਰਾਜਾਂ ਦੇ ਵਿੱਚ ਇੱਕ ਹੀ ਪਾਰਟੀ ਦੀ ਸਰਕਾਰ ਹੋਵੇ”, ਇਹ ਰਾਜ ਨੂੰ ਖੁਸ਼ ਕਰਨ ਦੇ ਲਈ ਇੱਕ ਰਿਸ਼ਵਤ ਹੈ, ਇੱਕ ਵਾਅਦਾ ਹੈ ਕਿ ਅਗਰ ਉੱਥੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਸਨੂੰ ਕੇਂਦਰ ਤੋਂ ਜ਼ਿਅਦਾ ਧਨ ਮਿਲੇਗਾ।

ਇਸ ਮਹਾਂਯੁੱਧ ਵਿੱਚ ਦੋਵੇਂ ਧੜੇ ਸੱਚਾਈ ਤੋਂ ਲੋਕਾਂ ਦਾ ਧਿਆਨ ਭਟਕਾਉਂਦੇ ਹਨ। ਪੱਛਮੀ ਬੰਗਾਲ ਵਿੱਚ ਭਾਜਪਾ ਕਹਿੰਦੀ ਹੈ ਕਿ ਤ੍ਰਿਣਾਮੂਲ ਕਾਂਗਰਸ ਹਿੰਦੂ-ਵਿਰੋਧੀ ਹੈ, ਜਦ ਕਿ ਤ੍ਰਿਣਾਮੂਲ ਕਾਂਗਰਸ ਕਹਿੰਦੀ ਹੈ ਕਿ ਭਾਜਪਾ ਬੰਗਾਲੀ-ਵਿਰੋਧੀ ਹੈ। ਦੋਵੇਂ ਧੜੇ ਇਸ ਸੱਚਾਈ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਰਥਕ ਅਤੇ ਰਾਜਨੀਤਕ ਵਿਵਸਥਾ ਅਤੇ ਸਰਕਾਰੀ ਨੀਤੀਆਂ ਸਰਮਾਏਦਾਰ-ਪ੍ਰਸਤ ਅਤੇ ਲੋਕ-ਵਿਰੋਧੀ ਹਨ। ਇਸ ਦੇ ਚੱਲਦਿਆਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਬੇਰਹਿਮ ਸੋਸ਼ਣ-ਦਮਨ ਹੁੰਦਾ ਹੈ, ਚਾਹੇ ਉਹ ਹਿੰਦੂ ਹੋਣ ਜਾਂ ਮੁਸਲਮਾਨ, ਬੰਗਾਲੀ ਹੋਣ ਜਾਂ ਬਿਹਾਰੀ ਜਾਂ ਕਿਸੇ ਹੋਰ ਪਹਿਚਾਣ ਦੇ। ਚੋਣ ਮੁਹਿੰਮ ਦੇ ਦੌਰਾਨ ਸਾਰੀਆਂ ਵਿਰੋਧੀ ਪਾਰਟੀਆਂ ਜਾਂ ਗਠਜੋੜ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕਰਦੇ ਹਨ। ਪਰ ਸਰਕਾਰ ਵਿੱਚ ਜਾ ਕੇ ਸਾਰੀਆਂ ਪਾਰਟੀਆਂ ਪੂਰੇ ਭਰੋਸੇ ਦੇ ਨਾਲ ਟਾਟਾ, ਅੰਬਾਨੀ, ਬਿਰਲਾ, ਅਦਾਨੀ ਅਤੇ ਦੂਸਰੇ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀਆਂ ਮੰਗਾਂ ਨੂੰ ਹੀ ਪੂਰਾ ਕਰਦੇ ਹਨ।

ਸਾਡਾ ਸਮਾਜ ਵਰਗਾਂ ਵਿੱਚ ਵੰਡਿਆ ਹੋਇਆ ਹੈ, ਇਸ ਲਈ ਵੱਖੋ-ਵੱਖ ਵਰਗਾਂ ਦੇ ਲੋਕ ਆਪਣੇ-ਆਪਣੇ ਵਰਗ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਆਪਣੀਆਂ-ਆਪਣੀਆਂ ਰਾਜਨੀਤਕ ਪਾਰਟੀਆਂ ਬਣਾਉਂਦੇ ਹਨ।

ਆਧੁਨਿਕ ਸਰਮਾਏਦਾਰਾ ਵਰਗ, ਪ੍ਰਸਪਰ-ਵਿਰੋਧੀ ਵਿਅਕਤੀਗਤ ਅਤੇ ਗੁੱਟਵਾਦੀ ਹਿੱਤਾਂ ਦੇ ਅਧਾਰ ‘ਤੇ ਵੰਡਿਆ ਹੋਇਆ ਹੈ। ਅਜਿਹੀ ਰਾਜਨੀਤਕ ਵਿਵਸਥਾ, ਜਿਸ ਵਿੱਚ ਸਰਮਾਏਦਾਰ ਦੀ ਸੇਵਾ ਕਰਨ ਵਿੱਚ ਮਾਹਰ ਮੁਕਾਬਲੇਬਾਜ ਪਾਰਟੀਆਂ ਰਾਜ ਦੀ ਮਸ਼ੀਨਰੀ ਉੱਤੇ ਕੰਟਰੋਲ ਕਰਨ ਦੇ ਇਰਾਦੇ ਨਾਲ ਆਪਸ-ਵਿੱਚ ਲੜਦੀਆਂ ਹਨ, ਇਹ ਸਰਮਾਏਦਾਰਾਂ ਦੀ ਹਕੂਮਤ ਨੂੰ ਹੀ ਬਰਕਰਾਰ ਰੱਖਦੀਆਂ ਹਨ। ਇਸ ਵਿੱਚ ਲੋਕਾਂ ਨੂੰ ਸਰਮਾਏਦਾਰਾਂ ਦੇ ਮੁਕਾਬਲਾ ਕਰਨ ਵਾਲੇ ਦਲਾਂ ਦੀ ਪੂਛ ਬਣਾ ਕੇ ਰੱਖਿਆ ਜਾਂਦਾ ਹੈ।

ਮਿਹਨਤਕਸ਼ ਵਰਗ ਜਾਣੀ ਮਜ਼ਦੂਰ ਵਰਗ, ਜਿਸਦੇ ਕੋਲ ਆਪਣੀ ਕਿਰਤ ਸ਼ਕਤੀ ਤੋਂ ਇਲਾਵਾ ਵੇਚਣ ਲਈ ਹੋਰ ਕੁਛ ਨਹੀਂ ਹੈ, ਉਹ ਜ਼ਮੀਨੀ ਪੱਧਰ ‘ਤੇ ਸਮਾਜਵਾਦ ਵੱਲ ਨੂੰ ਝੁਕਿਆ ਹੁੰਦਾ ਹੈ। ਅਗਰ ਮਿਹਨਤਕਸ਼ ਵਰਗ ਨੂੰ ਮਨੁੱਖੀ ਕਿਰਤ ਦੀ ਹਰ ਤਰ੍ਹਾਂ ਦੀ ਆਪਣੀ ਲੁੱਟ ਨੂੰ ਖ਼ਤਮ ਕਰਨ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ ਤਾਂ ਉਸਨੂੰ ਖ਼ੁਦ ਨੂੰ ਇੱਕ ਇੱਕਜੁੱਟ ਰਾਜਨੀਤਕ ਤਾਕਤ ਦੇ ਰੂਪ ਵਿੱਚ ਬਦਲਣਾ ਹੋਵੇਗਾ। ਮਿਹਨਤਕਸ਼ ਵਰਗ ਦੇ ਆਗੂ ਹਿੱਸੇ ਨੂੰ ਹਰਿਆਵਲ ਕਮਿਉਨਿਸਟ ਪਾਰਟੀ ਵਿੱਚ ਸੰਗਠਿਤ ਹੋਣਾ ਹੋਵੇਗਾ। ਮਿਹਨਤਕਸ਼ ਵਰਗ ਦੇ ਬਾਕੀ ਵੱਡੇ ਵਿਆਪਕ ਹਿੱਸੇ ਨੂੰ ਇੱਕ ਸਾਂਝੇ ਮੋਰਚੇ ਵਿੱਚ ਸੰਗਠਤ ਹੋਣਾ ਹੋਵੇਗਾ, ਜਿਸਨੂੰ ਸਾਰੇ ਮਿਹਨਤਕਸ਼ ਅਤੇ ਦਬੇ-ਕੁਚਲੇ ਲੋਕਾਂ ਦੇ ਨਾਲ ਅਟੁੱਟ ਏਕਤਾ ਬਨਾਉਣੀ ਹੋਵੇਗੀ।

ਜਿਨ੍ਹਾਂ ਕਿਸਾਨਾਂ ਦੇ ਕੋਲ ਆਪਣੀ ਜ਼ਮੀਨ ਹੈ ਅਤੇ ਦੂਸਰੇ ਛੋਟੀਆਂ-ਮੋਟੀਆਂ ਜਿਣਸਾਂ ਦੇ ਉਤਪਾਦਕ ਵੀ ਆਪਣੀਆਂ ਰਾਜਨੀਤਕ ਪਾਰਟੀਆਂ ਬਣਾਉਂਦੇ ਹਨ। ਲੇਕਿਨ ਇਨ੍ਹਾਂ ਵਿਚਕਾਰਲੇ ਤਬਕਿਆਂ ਦੇ ਆਪਣੇ ਕੋਈ ਅਜਿਹੇ ਹਿੱਤ ਨਹੀਂ ਹੁੰਦੇ, ਜਿਨ੍ਹਾਂ ਨੂੰ ਉਹ ਜਾਂ ਤਾਂ ਸਮਾਜਵਾਦ ਵੱਲ ਜਾਂ ਫਿਰ ਸਰਮਾਏਦਾਰੀ ਵੱਲ ਗਏ ਬਿਨਾਂ, ਵੱਖਰੇ ਤੌਰ ‘ਤੇ ਪੂਰਾ ਕਰ ਸਕਣ। ਸਮਾਜ ਦੇ ਮੌਜੂਦਾ ਪੜਾਅ ਉੱਤੇ, ਅੱਗੇ ਵਧਣ ਦੇ ਲਈ ਸਿਰਫ ਦੋ ਹੀ ਰਸਤੇ ਮੁਮਕਿਨ ਹਨ – ਸਰਮਾਏਦਾਰਾਂ ਦਾ ਸਾਮਰਾਜਵਾਦੀ ਰਸਤਾ ਜਾਂ ਮਿਹਨਤਕਸ਼ ਵਰਗ ਦਾ ਸਮਾਜਵਾਦੀ ਰਸਤਾ। ਇਨ੍ਹਾਂ ਵਿਚਕਾਰਲੇ ਤਬਕਿਆਂ ਚੋਂ ਉਭਰਨ ਵਾਲੀਆਂ ਪਾਰਟੀਆਂ ਸਰਮਾਏਦਾਰ ਵਰਗ ਅਤੇ ਮਿਹਨਤਕਸ਼ ਵਰਗ ਦੇ ਵਿਚਕਾਰ ਇੱਧਰ ਤੋਂ ਉੱਧਰ ਭਟਕਦੀਆਂ ਰਹਿੰਦੀਆਂ ਹਨ। ਅਖ਼ੀਰ ਵਿੱਚ ਉਹ ਇੱਕ ਜਾਂ ਦੂਜੇ ਪਾਸੇ ਦੇ ਨਾਲ ਮਿਲ ਜਾਂਦੀਆਂ ਹਨ।

ਮੌਜੂਦਾ ਵਿਵਸਥਾ ਦੇ ਅੰਸਰ ਕਿਸ ਦੀ ਸਰਕਾਰ ਬਣਦੀ ਹੈ, ਇਹ ਕਿਹੜਾ ਪ੍ਰੋਗਰਾਮ ਲਾਗੂ ਕਰਦੀ ਹੇ ਅਤੇ ਕਿਹੜੇ ਕਾਨੂੰਨ ਪਾਸ ਕਰਦੀ ਹੈ, ਇਨ੍ਹਾਂ ਸਾਰੀਆਂ ਗੱਲਾਂ ਦਾ ਫੈਸਲਾ ਕਰਨ ਵਿੱਚ ਜ਼ਿਆਦਾਤਰ ਲੋਕਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ। ਫੈਸਲੇ ਲੈਣ ਦੀ ਤਾਕਤ ਉਸ ਪਾਰਟੀ ਦੇ ਹੱਥਾਂ ਵਿੱਚ ਕੇਂਦਰਤ ਹੁੰਦੀ ਹੈ, ਜਿਸਦਾ ਸੰਸਦ ਜਾਂ ਵਿਧਾਨ ਸਭਾ ਵਿੱਚ ਬਹੁਮੱਤ ਹੁੰਦਾ ਹੈ। ਸਰਕਾਰ ਚਲਾਉਣ ਵਾਲੀ ਪਾਰਟੀ ਸੱਤਾਰੂੜ ਸਰਮਾਏਦਾਰ ਵਰਗ ਦੇ ਪ੍ਰਬੰਧਕੀ ਦਲ ਦਾ ਕੰਮ ਕਰਦੀ ਹੈ। ਸਾਰੇ ਤੱਥਾਂ ਅਤੇ ਗਤੀਵਿਧੀਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਵਿਵਸਥਾ ਵਿੱਚ ਚੋਣਾਂ ਦਾ ਜਨ-ਮੱਤ ਜਾਂ ਲੋਕ-ਮੱਤ ਨਾਲ ਕੋਈ ਲੈਣ ਦੇਣ ਨਹੀਂ ਹੈ। ਚੋਣਾਂ ਦੇ ਜਰੀਏ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਰਮਾਏਦਾਰ ਵਰਗ ਦਾ ਮੱਤ ਹੀ ਸਾਰੇ ਸਮਾਜ ਉੱਤੇ ਥੋਪ ਦਿੱਤਾ ਜਾਂਦਾ ਹੈ।

ਭਾਜਪਾ ਜਾ ਕਿਸੇ ਦੂਸਰੀ ਪਾਰਟੀ ਦੀ ਚੋਣਾਂ ਵਿੱਚ ਜਿੱਤ ਜਨ-ਮੱਤ/ਲੋਕ-ਮੱਤ ਨਹੀਂ ਦਰਸਾਉਂਦੀ ਹੈ। ਚੋਣਾਂ ਦੇ ਨਤੀਜੇ ਲੋਕ ਨਿਰਧਾਰਤ ਨਹੀਂ ਕਰਦੇ ਹਨ। ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਰਮਾਏਦਾਰ ਵਰਗ ਹੀ ਚੋਣਾਂ ਦੇ ਨਤੀਜ਼ੇ ਨਿਰਧਾਰਤ ਕਰਦਾ ਹੈ। ਚੋਣਾਂ ਦੇ ਨਤੀਜਿਆਂ ਨੂੰ ਨਿਰਧਾਰਤ ਕਰਨ ਦੇ ਲਈ ਸਰਮਾਏਦਾਰ ਵਰਗ ਦੇ ਕੋਲ ਬਹੁਤ ਸਾਰੇ ਹੱਥਕੰਡੇ ਹਨ – ਵੱਡੇ ਪੈਮਾਨੇ ਤੇ ਧੋਖਾ-ਧੜੀ, ਭਟਕਾਓਵਾਦੀ ਹਰਕਤਾਂ, ਲੋਕਾਂ ਨੂੰ ਵੰਡਣਾ, ਵੋਟਾਂ ਵਿੱਚ ਹੇਰਾਫੇਰੀ, ਈ.ਵੀ.ਐਮ. ਦੀ ਚੋਰੀ ਅਤੇ ਈ.ਵੀ.ਐਮ. ਨਾਲ ਹੇਰਾਫੇਰੀ, ਆਦਿ।

ਅਗ਼ਰ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਫੈਸਲੇ ਲੈਣ ਦੀ ਤਾਕਤ ਨੂੰ ਆਪਣੇ ਹੱਥਾਂ ਵਿੱਚ ਲੈਣਾ ਹੈ ਤਾਂ ਮੌਜੂਦਾ ਸੰਸਦੀ ਲੋਕਤੰਤਰ ਦੀ ਵਿਵਸਥਾ ਨੂੰ ਖ਼ਤਮ ਕਰਨਾ ਹੋਵੇਗਾ, ਕਿਉਂਕਿ ਇਸ ਵਿਵਸਥਾ ਦਾ ਸਮਾਂ ਟੱਪ ਚੁੱਕਿਆ ਹੈ, ਇਹ ਲੋਕ-ਵਿਰੋਧੀ ਹੈ ਅਤੇ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੀ ਹੈ। ਇਸਦੀ ਥਾਂ ‘ਤੇ ਆਧੁਨਿਕ ਲੋਕ ਤੰਤਰਿਕ ਵਿਵਸਥਾ ਸਥਾਪਤ ਕਰਨੀ ਹੋਵੇਗੀ, ਜਿਸਦੇ ਅੰਦਰ ਫ਼ੈਸਲੇ ਲੈਣ ਦੀ ਤਾਕਤ ਲੋਕਾਂ ਦੇ ਹੱਥਾਂ ਵਿੱਚ ਹੋਵੇਗੀ।

ਮਜ਼ਦੂਰਾਂ ਅਤੇ ਕਿਸਾਨਾਂ, ਜਾਣੀ ਬਹੁਗਿਣਤੀ ਅਬਾਦੀ, ਦੇ ਹੱਥਾਂ ਵਿੱਚ ਇਹ ਤਾਕਤ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਭਰੋਸੇਯੋਗ ਨੁਮਾਇੰਦਿਆਂ ਦੀ ਚੋਣ ਕਰਕੇ ਅਤੇ ਉਨ੍ਹਾਂ ਨੂੰ ਚੁਣ ਕੇ ਉੱਚੇ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿੱਚ ਬੈਠਾ ਸਕੇ। ਸਮਾਜ ਦਾ ਅਜੰਡਾ ਤੈਅ ਕਰਨ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਥਾਂ ਵਿੱਚ ਚੁਣੇ ਗਏ ਨੁਮਾਇੰਦਿਆਂ ਨੂੰ ਜਵਾਬਦੇਹ ਠਹਿਰਾਉਣ ਅਤੇ ਉਨ੍ਹਾਂ ਨੂੰ ਕਿਸੇ ਵੀ ਸਮੇਂ ਵਾਪਸ ਬੁਲਾਉਣ ਦੀ ਤਾਕਤ ਹੋਣੀ ਚਾਹੀਦੀ ਹੈ। ਲੋਕਾਂ ਦੇ ਹੱਥਾਂ ਵਿੱਚ ਕਾਨੂੰਨ ਬਨਾਉਣ ਜਾਂ ਬਦਲਣ, ਕਾਨੂੰਨਾਂ ਜਾਂ ਨੀਤੀਗਤ ਫੈਸਲਿਆਂ ਨੂੰ ਜਨਮਤ ਸੰਗ੍ਰਹਿ ਦੇ ਜਰੀਏ ਅਪਨਾਉਣ ਜਾਂ ਖਾਰਜ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਜਦੋਂ ਅਸਾਡੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਥਾਂ ਵਿੱਚ ਫ਼ੈਸਲੇ ਲੈਣ ਦੀ ਤਾਕਤ ਹੋਵੇਗੀ ਤਾਂ ਅਸੀਂ ਅਰਥਵਿਵਸਥਾ ਦਾ ਪੁਨਰਗਠਨ ਕਰਕੇ, ਇਸ ਨੂੰ ਇੱਕ ਨਵੀਂ ਦਿਸ਼ਾ ਵਿੱਚ ਚਲਾ ਸਕਾਂਗੇ, ਤਾਂ ਕਿ ਸਾਰਿਆਂ ਨੂੰ ਸੁੱਖ ਅਤੇ ਸੁਰੱਖਿਆ ਮੁਹੱਈਆ ਹੋਵੇ।

ਮੌਜੂਦਾ ਹਾਲਤਾਂ ਵਿੱਚ ਇਹ ਜਰੂਰੀ ਹੈ ਕਿ ਜੋ ਵੀ ਪਾਰਟੀ ਜਾਂ ਆਦਮੀ ਹਿੰਦੋਸਤਾਨੀ ਸਮਾਜ ਨੂੰ ਇਸ ਸੰਕਟ ‘ਚੋਂ ਬਾਹਰ ਕੱਢਣਾ ਚਾਹੁੰਦਾ ਹੈ, ਉਸਨੂੰ ਸਰਮਾਏਦਾਰਾਂ ਦੇ ਸਾਰੀਆਂ ਮੁਕਾਬਲਾ ਕਰਨ ਵਾਲੀਆਂ ਪਾਰਟੀਆਂ ਅਤੇ ਦਲਾਂ ਨੂੰ ਨਕਾਰਨਾ ਹੋਵੇਗਾ। ਸਾਨੂੰ ਇਨਕਲਾਬੀ ਮਜ਼ਦੂਰ-ਕਿਸਾਨ ਮੋਰਚੇ ਨੂੰ ਬਨਾਉਣ ਅਤੇ ਮਜ਼ਬੂਤ ਕਰਨ ਲਈ ਆਪਣੀ ਪੂਰੀ ਤਾਕਤ ਲਗਾਉਣੀ ਹੋਵੇਗੀ।

ਅਸੀਂ ਆਪਣੀ ਮਿਹਨਤ ਨਾਲ ਦੇਸ਼ ਦੀ ਸਾਰੀ ਦੌਲਤ ਨੂੰ ਪੈਦਾ ਕਰਦੇ ਹਾਂ। ਸਾਨੂੰ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਦੇਸ਼ ਦੇ ਮਾਲਕ ਬਣਨਾ ਹੋਵੇਗਾ। ਸਾਨੂੰ ਮਿਲ ਕੇ ਦੇਸ਼ ਦੇ ਭਵਿੱਖ ਦੇ ਬਾਰੇ ਫੈਸਲਾ ਲੈਣਾ ਹੋਵੇਗਾ। ਸਾਨੂੰ ਸਾਰਿਆਂ ਨੂੰ ਸੁੱਖ ਅਤੇ ਸੁਰੱਖਿਆ ਦੀ ਗਾਰੰਟੀ ਦੇਣ ਵਾਲੀ ਆਰਥਕ ਵਿਵਸਥਾ ਅਤੇ ਰਾਜ ਸਥਾਪਤ ਕਰਨਾ ਹੋਵੇਗਾ। ਇਸੇ ਲਕਸ਼ ਅਤੇ ਨਜ਼ਰੀਏ ਦੇ ਨਾਲ ਸਾਨੂੰ ਆਪਣੀਆਂ ਫੌਰੀ ਮੰਗਾਂ ਦੇ ਸੰਘਰਸ਼ ਨੂੰ ਅੱਗੇ ਵਧਾਉਣਾ ਹੋਵੇਗਾ।

ਅਜਾਰੇਦਾਰ ਸਰਮਾਏਦਾਰਾਂ ਦੇ ਹਮਲਿਆਂ ਦੇ ਖ਼ਿਲਾਫ਼ ਸੰਘਰਸ਼ ਦੇ ਦੌਰਾਨ ਸਾਨੂੰ ਉਸ ਇਨਕਲਾਬੀ ਸਾਂਝੇ ਮੋਰਚੇ ਨੂੰ ਬਨਾਉਣਾ ਅਤੇ ਮਜ਼ਬੂਤ ਕਰਨਾ ਹੋਵੇਗਾ, ਜੋ ਉਸ ਬੁਨਿਆਦੀ ਤਬਦੀਲੀ, ਉਸ ਸੱਤਾ ਤਬਦੀਲੀ, ਨੂੰ ਲਿਆਉਣ ਵਿੱਚ ਕਾਮਯਾਬ ਹੋਵੇਗਾ, ਜਿਸਦੀ ਅੱਜ ਹਿੰਦੋਸਤਾਨੀ ਸਮਾਜ ਮੰਗ ਕਰ ਰਿਹਾ ਹੈ।

close

Share and Enjoy !

Shares

Leave a Reply

Your email address will not be published.