ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਕਰਮਚਾਰੀਆਂ ਵਲੋਂ ਏਅਰਪੋਰਟਾਂ ਦੇ ਨਿੱਜੀਕਰਣ ਦੇ ਖ਼ਿਲਾਫ਼ ਮੁਜ਼ਾਹਰਾ

ਏ ਏ ਆਈ (ਏਅਰਪੋਰਟਸ ਅਥਾਰਟੀ ਆਫ ਇੰਡੀਆ) ਦੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੀ ਸਾਂਝੇ ਮੰਚ (ਜਾਇੰਟ ਫੋਰਮ) ਅਤੇ ਏਅਰਪੋਰਟਸ ਅਥਾਰਟੀ ਐਮਪਲਾਈਜ਼ ਯੂਨੀਅਨ (ਏ ਏ ਈ ਯੂ) ਨੇ ਮਿਲਕੇ 31 ਮਾਰਚ 2021 ਨੂੰ ਹਿੰਦੋਸਤਾਨ ਦੇ ਸਾਰੇ ਏਅਰਪੋਰਟਾਂ ਵਿਚ ਇੰਡਸਟਰੀਅਨ ਐਕਸ਼ਨ ਲੈਣ ਦਾ ਸੱਦਾ ਦਿੱਤਾ ਸੀ। ਇਹ ਐਕਸ਼ਨ ਸਰਕਾਰ ਵਲੋਂ ਏਅਰਪੋਰਟਸ ਅਥਾਰਟੀ ਵਲੋਂ ਚਲਾਏ ਜਾ ਰਹੇ ਛੇ ਹੋਰ ਏਅਰਪੋਰਟ ਸਰਮਾਏਦਾਰਾ ਅਜਾਰੇਦਾਰੀਆਂ ਦੇ ਹੱਥ ਸੌਂਪ ਦੇਣ ਦੇ ਫੈਸਲੇ ਦੇ ਖ਼ਿਲਾਫ਼ ਆਪਣੀ ਵਿਰੋਧਤਾ ਜ਼ਾਹਿਰ ਕਰਨ ਲਈ ਧਰਨਿਆਂ ਦੇ ਰੂਪ ਵਿੱਚ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ।

ਯੂਨੀਅਨਾਂ ਦੇ ਇਸ ਸੱਦੇ ਉਤੇ ਹਿੰਦੋਸਤਾਨ ਭਰ ਵਿੱਚ 123 ਏਅਰਪੋਰਟਾਂ ਉੱਤੇ ਧਰਨੇ ਦਿੱਤੇ ਗਏ ਸਨ।

Demonstration of pilots in Chennai
ਚੇਨੰਈ ਵਿੱਚ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਬਹੁਤ ਸਾਰੇ ਕਰਮਚਾਰੀਆਂ ਨੇ 31 ਮਾਰਚ ਨੂੰ ਇੱਕ ਮੁਜ਼ਾਹਰਾ ਕੀਤਾ।

ਚੇਨੰਈ ਏਅਰਪੋਰਟ ਵਿੱਚ ਏਅਪੋਰਟਸ ਅਥਾਰਟੀ ਆਫ ਇੰਡੀਆ ਦੇ ਕਰਮਚਾਰੀਆਂ ਦੀ ਇੱਕ ਬਹੁਤ ਬੜੀ ਗਿਣਤੀ ਨੇ ਵਿਚ ਪ੍ਰਸ਼ਾਸਣੀ ਦਫਤਰ ਦੇ ਅੱਗੇ ਧਰਨਾ ਦਿੱਤਾ। ਏ ਏ ਆਈ ਦੇ (ਜਾਇੰਟ ਫੋਰਮ) ਦੇ ਕਨਵੀਨਰ ਕਾਮਰੇਡ ਡਾ. ਐਲ ਜੌਰਜ ਅਤੇ ਏ ਏ ਈ ਯੂ ਦੇ ਮੈਟਰੋ ਰੀਜਨਲ ਸਕੱਤਰ ਨੇ ਸਭ ਕਰਮਚਾਰੀਆਂ ਦਾ ਸਵਾਗਤ ਕੀਤਾ ਅਤੇ ਧਰਨੇ ਦੇ ਟੀਚੇ ਬਾਰੇ ਗੱਲਬਾਤ ਕੀਤੀ। ਏ ਏ ਈ ਯੂ ਦੇ ਦੱਖਣੀ ਇਲਾਕੇ ਦੇ ਪ੍ਰਧਾਨ ਕਾਮਰੇਡ ਗੁਹਾਨ, ਏ ਏ ਆਈ ਜਾਇੰਟ ਫੋਰਮ ਦੇ ਕਨਵੀਨਰ ਕਾਮਰੇਡ ਭਾਸਕਰਣ, ਏ ਏ ਈ ਯੂ ਦੇ ਕਾਮਰੇਡ ਸੁਬਾਰੇਅਨ, ਅਤੇ ਵਰਕਰਜ਼ ਯੂਨਿਟੀ ਮੂਵਮੈਂਟ ਦੇ ਕਾਮਰੇਡ ਭਾਸਕਰ ਨੇ ਤਮਾਮ ਕਰਮਚਾਰੀਆਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਸਭ ਨੇ ਧਿਆਨ ਦੁਆਇਆ ਕਿ ਏਅਰਪੋਰਟਸ ਅਥਾਰਟੀ ਦੇ ਕਰਮਚਾਰੀਆਂ ਅਤੇ ਮੁਸਾਫਿਰ ਜਨਤਾ ਵਲੋਂ ਸਖਤ ਵਿਰੋਧਤਾ ਦੇ ਬਾਵਯੂਦ ਕੇਂਦਰ ਸਰਕਾਰ ਏਅਰਪੋਰਟਾਂ ਦਾ ਨਿੱਜੀਕਰਣ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਨੇ ਹੁਣੇ ਜਿਹੇ ਛੇ ਏਅਰਪੋਰਟ ਸਰਮਾਏਦਾਰਾਂ ਨੂੰ ਸੌਂਪ ਦੇਣ ਦਾ ਐਲਾਨ ਕੀਤਾ ਹੈ ਅਤੇ ਛੇਤੀਂ ਹੀ ਹੋਰ ਏਅਰਪੋਰਟ ਵੀ ਉਨ੍ਹਾਂ ਨੂੰ ਸੌਂਪ ਦੇਣ ਦੀ ਯੋਜਨਾ ਹੈ। ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਕਰਮਚਾਰੀ ਸ਼ੁਰੂ ਤੋਂ ਲੈ ਕੇ ਹੀ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਹਨ। ਬੁਲਾਰਿਆਂ ਨੇ ਦੱਸਿਆ ਕਿ ਮੋਟੀ ਆਮਦਨੀ ਕਮਾਉਣ ਵਾਲੇ ਇਹ ਏਅਰਪੋਰਟ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਮਜ਼ਦੂਰਾਂ ਦੇ ਖੂਨ-ਪਸੀਨੇ ਨਾਲ ਬਣਾਏ ਗਏ ਹਨ। ਇਹ ਹਿੰਦੋਸਤਾਨ ਦੇ ਲੋਕਾਂ ਦੇ ਹਨ ਅਤੇ ਸਰਕਾਰ ਨੂੰ ਇਹ ਏਅਰਪੋਰਟ ਸਰਮਾਏਦਾਰਾਂ ਨੂੰ ਸੋਂਪਣ ਦਾ ਕੋਈ ਅਧਿਕਾਰ ਨਹੀਂ ਹੈ। ਏਅਰਪੋਰਟਾਂ ਦੇ ਨਿੱਜੀਕਰਣ ਨਾਲ ਨੌਕਰੀਆਂ ਦੀ ਸੁਰੱਖਿਆ ਅਤੇ ਕਰਮਚਾਰੀਆਂ ਦੇ ਹੱਕਾਂ ਲਈ ਖਤਰਾ ਪੈਦਾ ਹੋ ਜਾਵੇਗਾ। ਬੁਲਾਰਿਆਂ ਨੇ, ਵੱਖ ਵੱਖ ਸਰਕਾਰਾਂ ਵਲੋਂ ਕੀਤੇ ਗਏ ਸਾਰੇ ਵਾਇਦਿਆਂ ਦੇ ਬਾਵਯੂਦ, ਮੁੰਬਈ, ਦਿੱਲੀ, ਹੈਦਰਾਬਾਦ ਅਤੇ ਬੈਂਗਲੂਰੂ ਦੇ ਪਹਿਲਾਂ ਨਿੱਜੀਕਰਣ ਕੀਤੇ ਜਾ ਚੁੱਕੇ ਏਅਰਪੋਰਟਾਂ ਵਿੱਚ ਮਜ਼ਦੂਰਾਂ ਦੇ ਹੋਏ ਭੈੜੇ ਹਸ਼ਰ ਬਾਰੇ ਦੱਸਿਆ।  ਅਧਿਕਾਰੀਆਂ ਵਲੋਂ ਏਅਰਪੋਰਟਾਂ ਉੱਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਵੱਖ-ਵੱਖ ਕਰਕੇ, ਉਨ੍ਹਾਂ ਦਾ ਨਿੱਜੀਕਰਣ ਕੀਤਾ ਜਾ ਰਿਹਾ ਹੈ ਅਤੇ ਇਹ ਸੇਵਾਵਾਂ ਬਾਹਰੋਂ (ਆਊਟਸੋਰਸਿੰਗ) ਵੱਖ-ਵੱਖ ਕੰਪਨੀਆਂ ਤੋਂ ਲਈਆਂ ਜਾ ਰਹੀਆਂ ਹਨ।

ਬੁਲਾਰਿਆਂ ਨੇ ਦੱਸਿਆ ਕਿ ਏਅਰਪੋਰਟਾਂ ਦੇ ਨਿੱਜੀਕਰਣ ਦੇ ਸਿੱੱਟੇ ਵਜੋਂ ਏਅਰਪੋਰਟ ਵਰਤਣ ਦੀ ਫੀਸ ਅਤੇ ਵਿਕਾਸ ਵਾਸਤੇ ਲਈ ਜਾਣ ਵਾਲੀ ਫੀਸ ਵਿੱਚ ਤਿੱਖਾ ਵਾਧਾ ਹੋਇਆ ਹੈ। ਇਹ ਫੀਸ ਹਰੇਕ ਏਅਰਲਾਈਨ ਦੀ ਟਿਕਟ ਦੀ ਕੀਮਤ ਵਿੱਚ ਜਮ੍ਹਾਂ ਕਰ ਦਿੱਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਮੁਸਾਫਿਰ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਏਅਰਪੋਰਟ ਚਲਾਉਣ ਵਾਲੇ ਸਰਮਾਏਦਾਰਾਂ ਦੇ ਮੁਨਾਫੇ ਵਧਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਕਮਾਂ ਵਲੋਂ ਦਿਨ-ਦਿਹਾੜੇ ਹੀ ਹਿੰਦੋਸਤਾਨੀ ਲੋਕਾਂ ਦੀ ਦੌਲਤ ਦੀ ਲੁੱਟ ਕਰਕੇ ਸਰਮਾਏਦਾਰਾਂ ਨੂੰ ਦਿੱਤੀ ਜਾ ਰਹੀ ਹੈ।

ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਚੇਨੰਈ ਏਅਰਪੋਰਟ ਦੇ ਮਜ਼ਦੂਰਾਂ ਨੇ ਪਹਿਲਾਂ ਵੀ ਚੇਨੰਈ ਏਅਰਪੋਰਟ ਦਾ ਨਿੱਜੀਕਰਨ ਕਰਨ ਦੀ ਹਰ ਕੋਸ਼ਿਸ਼ ਦੇ ਖ਼ਿਲਾਫ਼ ਬੜੇ ਬੜੇ ਧਰਨੇ ਲਾਏ ਹਨ। ਇਸੇ ਕਰਕੇ ਹੀ ਉਹ ਹੁਣ ਤਕ ਇਸ ਏਅਰਪੋਰਟ ਨੂੰ ਲਾਲਚੀ ਸਰਮਾਏਦਾਰਾਂ ਦੇ ਸ਼ਿਕੰਜੇ ਤੋਂ ਬਚਾਉਂਦੇ ਆ ਰਹੇ ਹਨ। ਮਜ਼ਦੂਰਾਂ ਨੇ “ਅਸੀਂ ਏਅਰਪੋਰਟਾਂ ਅਤੇ ਸਰਬਜਨਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਣ ਨਹੀਂ ਹੋਣ ਦਿਆਂਗੇ”, “ਸਰਕਾਰ ਦੀਆਂ ਮਜ਼ਦੂਰ-ਵਿਰੋਧੀ ਨੀਤੀਆਂ ਅਤੇ ਕਦਮਾਂ ਦੀ ਵਿਰੋਧਤਾ ਕਰੋ”, “ਮਜ਼ਦੂਰ ਏਕਤਾ ਜ਼ਿੰਦਾਬਾਦ” ਦੇ ਨਾਅਰੇ ਬੁਲੰਦ ਕੀਤੇ।

ਵਰਕਰਜ਼ ਯੂਨਿਟੀ ਮੂਵਮੈਂਟ ਦੇ ਪ੍ਰਤੀਨਿਧਾਂ ਨੇ ਨਿੱਜੀਕਰਣ ਦੇ ਖਿਲਾਫ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਮਜ਼ਦੂਰਾਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ। ਧਰਨੇ ਦੇ ਅਖੀਰ ਵਿੱਚ ਏਅਰਪੋਰਟਾਂ ਦਾ ਨਿੱਜੀਕਰਣ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਖਿਲਾਫ ਡਟ ਕੇ ਲੜਾਈ ਕਰਨ ਦਾ ਸੰਕਲਪ ਲਿਆ ਗਿਆ। ਕਰਮਚਾਰੀਆਂ ਨੇ ਆਉਣ ਵਾਲੇ ਸਾਰੇ ਬੁਧਵਾਰਾਂ ਨੂੰ ਦੁਪਹਿਰ ਵੇਲੇ ਏਅਰਪੋਰਟ ਉੱਤੇ ਵਿਰੋਧ ਅੰਦੋਲਨ ਚਲਾਉਣ ਦਾ ਫੈਸਲਾ ਲਿਆ।

close

Share and Enjoy !

0Shares
0

Leave a Reply

Your email address will not be published. Required fields are marked *