ਅਸਾਮ ਦੇ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਦੇ ਲਈ ਝੂਠੇ ਚੁਣਾਵੀ ਵਾਅਦਿਆਂ ਦਾ ਇੱਕ ਹੋਰ ਦੌਰ

ਹਿੰਦੋਸਤਾਨ ਵਿੱਚ ਚੋਣਾਂ ਦਾ ਮੌਸਮ, ਇੱਕ ਅਜਿਹਾ ਮੌਸਮ ਹੁੰਦਾ ਹੈ, ਜਦੋਂ ਚੋਣਾਂ ਵਿੱਚ ਉੱਤਰੀਆਂ ਰਾਜਨੀਤਕ ਪਾਰਟੀਆਂ, ਲੋਕਾਂ ਨੂੰ ਬੇਵਕੂਫ਼ ਬਨਾਉਣ ਦੇ ਲਈ ਹਰ ਇੱਕ ਤਰ੍ਹਾਂ ਦੇ ਕਪਟ ਅਤੇ ਧੋਖਿਆਂ ਦਾ ਇਸਤੇਮਾਲ ਕਰਦੀਆਂ ਹਨ। ਅਸਾਮ ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਥੇ ਚਾਹ ਦੇ ਬਾਗ਼ਾਂ ਦੇ ਮਜ਼ਦੂਰਾਂ ਨੂੰ ਮਿਲਣ ਵਾਲੀ ਤਨਖ਼ਾਹ ਇੱਕ ਚੁਣਾਵੀ ਮੁੱਦਾ ਬਣ ਗਿਆ ਹੈ ਅਤੇ ਹਰ ਇੱਕ ਪਾਰਟੀ ਇਸਨੂੰ ਵਧਾਉਣ ਦਾ ਇੱਕ ਤੋਂ ਵਧ ਕੇ ਇੱਕ ਵਾਅਦੇ ਕਰ ਰਹੀ ਹੈ।

ਭਾਜਪਾ ਨੇ 2016 ਦੀਆਂ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਜੇਕਰ ਉਹ ਚੋਣਾਂ ਜਿੱਤ ਜਾਂਦੀ ਹੈ ਤਾਂ ਘੱਟੋ-ਘੱਟ ਮਜ਼ਦੂਰੀ 352 ਰੁਪਏ ਪ੍ਰਤੀ ਦਿਨ ਤੱਕ ਵਧਾ ਦੇਵੇਗੀ। ਲੇਕਿਨ ਚੋਣ ਜਿੱਤਣ ਅਤੇ ਸੱਤਾ ਵਿੱਚ ਆਉਣ ਤੋਂ ਬਾਦ, ਉਹ ਆਪਣੇ ਉਸ ਕੀਤੇ ਵਾਅਦੇ ਤੋਂ ਮੁੱਕਰ ਗਈ। 19 ਮਾਰਚ 2021 ਨੂੰ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਕਿ ਜੇ ਉਸਦੀ ਪਾਰਟੀ ਚੁਣ ਕੇ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਰਾਜ ਵਿੱਚ ਚਾਹ ਦੇ ਬਾਗ਼ਾਂ ਦੇ ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ ਨੂੰ 365 ਰੁਪਏ ਪ੍ਰਤੀ ਦਿਨ ਤੱਕ ਵਧਾ ਦੇਵੇਗੀ। ਅੱਗੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਚਾਹ ਦੇ ਬਾਗ਼ਾਂ ਦੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਉਹ ਇੱਕ ਵਿਸੇਸ਼ ਮੰਤਰਾਲੇ ਦਾ ਗਠਨ ਕਰੇਗੀ।

ਲੇਕਿਨ ਰਾਜ ਦੇ ਚਾਹ ਦੇ ਬਾਗ਼ਾਂ ਦੇ 8 ਲੱਖ ਤੋਂ ਵੀ ਵੱਧ ਮਜ਼ਦੂਰਾਂ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਚੋਣਾਂ ਦੇ ਵਾਅਦੇ ਕੇਵਲ ਤੋੜਨ ਦੇ ਲਈ ਹੀ ਕੀਤੇ ਜਾਂਦੇ ਹਨ। ਇਹ ਵਾਅਦੇ ਕੇਵਲ ਲੋਕਾਂ ਨੂੰ ਬਹਿਕਾਉਣ ਅਤੇ ਬੇਵਕੂਫ਼ ਬਨਾਉਣ ਲਈ ਹੀ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਇਨ੍ਹਾਂ ਦਾ ਕੋਈ ਇਰਾਦਾ ਨਹੀਂ ਹੁੰਦਾ। ਚਾਹ ਦੇ ਬਾਗਾਂ ਦੇ ਮਜ਼ਦੂਰ ਬੇਹੱਦ ਘੱਟ ਮਜ਼ਦੂਰੀ ਉੱਤੇ ਅਣ-ਮਨੁੱਖੀ ਹਾਲਤਾਂ ਦੇ ਵਿੱਚ ਜੀਣ ਲਈ ਮਜ਼ਬੂਰ ਹਨ। ਨਿੱਤ-ਦਿਨ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਦ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਹੋਰ ਜਰੂਰੀ ਖ਼ਰਚਿਆ ਦੇ ਲਈ ਉਨ੍ਹਾਂ ਦੇ ਕੋਲ ਕੱੁਝ ਵੀ ਨਹੀਂ ਬਚਦਾ।

ਅਸਾਮ ਦੇ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਨੂੰ 167 ਰੁਪਏ ਪ੍ਰਤੀ ਦਿਨ ਦੇ ਲਈ ਬਹੁਤ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ ਅਤੇ ਰਾਜ ਦੇ ਦੱਖਣੀ ਇਲਾਕਿਆਂ ਵਿੱਚ ਤਾਂ ਇਸ ਤੋਂ ਵੀ ਘੱਟ 145 ਰੁਪਏ ਪ੍ਰਤੀ ਦਿਨ ਮਜ਼ਦੂਰੀ ਦਿੱਤੀ ਜਾਂਦੀ ਹੈ। ਇਨ੍ਹਾਂ ਮਜ਼ਦੂਰਾਂ ਦੀ ਮਜ਼ਦੂਰੀ, ਮਜ਼ਦੂਰ ਯੂਨੀਅਨਾਂ ਅਤੇ ਚਾਹ ਉਦਯੋਗ ਦੇ ਮਾਲਕਾਂ ਵਿਚਕਾਰ ਸਮਝੌਤੇ  ਦੇ ਅਧੀਨ ਤੈਅ ਕੀਤੀ ਜਾਂਦੀ ਹੈ, ਲੇਕਿਨ ਪਲਾਂਟਰਸ ਅਸੋਸੀਏਸ਼ਨ, ਜੋ ਕਿ ਚਾਹ ਦੇ ਬਾਗਾਂ ਦੇ ਪ੍ਰਬੰਧਨ ਦੀ ਪ੍ਰਤੀਨਿਧੀ ਹੈ, ਉਹ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਰਾਜ ਵਿੱਚ ਲਾਗੂ ਘੱਟੋ-ਘੱਟ ਮਜ਼ਦੂਰੀ ਤੋਂ ਵੀ ਹੇਠਾਂ ਵੱਲ ਧੱਕਦੀ ਹੈ।

ਇੱਕ ਲੰਬੇ ਅਰਸੇ ਤੋਂ, ਅਸਾਮ ਵਿੱਚ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਦੀ ਮਜ਼ਦੂਰੀ ਬਹੁਤ ਘੱਟ ਰਹੀ ਹੈ। ਪਿਛਲੇ ਦੋ ਦਹਾਕਿਆਂ ਤੋਂ ਮਜ਼ਦੂਰ ਯੂਨੀਅਨਾਂ ਪੂਰੇ ਰਾਜ ਵਿੱਚ ਇੱਕ ਬਰਾਬਰ ਘੱਟੋ-ਘੱਟ ਮਜ਼ਦੂਰੀ ਦੀ ਮੰਗ ਕਰਦੀਆਂ ਆਈਆਂ ਹਨ। ਕਿਉਂਕਿ ਪਲਾਂਟਰਸ ਅਸੋਸੀਏਸ਼ਨਾਂ ਦੇ ਨਾਲ ਚਰਚਾ ਵਿੱਚ ਤੈਅ ਕੀਤਾ ਗਿਆ ਮਜ਼ਦੂਰੀ ਦਾ ਰੇਟ ਬਹੁਤ ਹੀ ਘੱਟ ਹੁੰਦਾ ਹੈ। ਮਜ਼ਦੂਰ ਆਪਣੀ ਮਜ਼ਦੂਰੀ ਦੇ ਰੇਟ ਨੂੰ ਘੱਟ ਤੋਂ ਘੱਟ 350 ਰੁਪਏ ਪ੍ਰਤੀ ਦਿਨ ਦੇ ਪੱਧਰ ‘ਤੇ ਨਿਰਧਾਰਤ ਕਰਨ ਦੀ ਮੰਗ ਕਰ ਰਹੇ ਹਨ। ਲੇਕਿਨ ਚਾਹ ਦੇ ਬਾਗਾਂ ਦੇ ਸਰਮਾਏਦਾਰ ਮਾਲਕਾਂ ਨੇ ਘੱਟੋ-ਘੱਟ ਮਜ਼ਦੂਰੀ ਦਿੱਤੇ ਜਾਣ ਦਾ ਹਮੇਸ਼ਾਂ ਵਿਰੋਧ ਕੀਤਾ ਹੈ। ਉਹ ਦਾਅਵਾ ਕਰਦੇ ਹਨ ਕਿ ਉਹ ਮਜ਼ਦੂਰਾਂ ਨੂੰ ਕਈ ਹੋਰ ਸਹੂਲਤਾਂ ਵੀ ਦਿੰਦੇ ਹਨ ਅਤੇ ਇਹ ਸਹੂਲਤਾਂ ਘੱਟੋ-ਘੱਟ ਮਜ਼ਦੂਰੀ ਦੇ ਬਦਲੇ ਦਿੱਤੀਆਂ ਜਾਂਦੀਆਂ ਹਨ। ਦਸੰਬਰ 2018 ਨੂੰ ਜੋਆਇੰਟ ਐਕਸ਼ਨ ਕਮੇਟੀ ਫ਼ਾਰ ਟੀ ਵਰਕਰਜ (ਜੇ.ਏ.ਸੀ.ਟੀ.ਡਬਲਯੂ) ਜੋ ਕਿ ਅੱਠ ਸੰਗਠਨਾਂ ਦੀ ਪ੍ਰਤੀਨਿੱਧਤਾ ਕਰਦੀ ਹੈ, ਉਸਨੇ ਘੱਟੋ-ਘੱਟ ਮਜ਼ਦੂਰੀ ਦੀ ਮੰਗ ਨੂੰ ਲੈ ਕੇ ਸਮੁੱਚੇ ਰਾਜ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ। ਚਾਹ ਦੇ ਬਾਗਾਂ ਦੇ ਮਜ਼ਦੁਰਾਂ ਦੀ ਮਜ਼ਦੂਰੀ ਨੂੰ ਹਰ ਤਿੰਨ ਸਾਲ ਬਾਦ ਨਿਰਧਾਰਤ ਕੀਤਾ ਜਾਂਦਾ ਹੈ। ਪਿਛਲੀ ਵਾਰ ਇਹ 2017 ਵਿੱਚ ਨਿਰਧਾਰਤ ਕੀਤੀ ਗਈ ਸੀ। ਉਸਤੋਂ ਬਾਦ ਫ਼ਰਵਰੀ 2021 ਤੱਕ ਮਿਲਣ ਵਾਲੀ ਇਸ ਮਜ਼ਦੂਰੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।

ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਾਮ ਸਰਕਾਰ ਨੇ 20 ਫ਼ਰਵਰੀ 2021 ਨੂੰ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ 50 ਰੁਪਏ ਪ੍ਰਤੀ ਦਿਨ ਦੇ ਵਾਧੇ ਦਾ ਐਲਾਨ ਕੀਤਾ ਹੈ। ਇੱਕ ਸਰਕਾਰੀ ਹੁਕਮ ਦੇ ਨਾਲ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਦੀ ਮਜ਼ਦੂਰੀ ਨੂੰ 50 ਰੁਪਏ ਪ੍ਰਤੀ ਦਿਨ ਜਾਣੀ 167 ਰੁਪਏ ਤੋਂ ਵਧਾ ਕੇ 217 ਰੁਪਏ ਪ੍ਰਤੀ ਦਿਨ ਕਰਨ ਦਾ ਐਲਾਨ ਕੀਤਾ ਹੈ। ਲੇਕਿਨ ਇੰਡੀਆ ਟੀ. ਅਸੋਸੀਏਸ਼ਨ ਨੇ ਸਰਕਾਰ ਦੇ ਇਸ ਐਲਾਨ ਨੂੰ ਕੋਰਟ ਵਿੱਚ ਚੁਣੌਤੀ ਦਿੰਦੇ ਹੋਏ, ਗੁਹਾਟੀ ਹਾਈਕੋਰਟ ਵਿੱਚ ਇੱਕ ਜਾਚਿਕਾ ਦਾਇਰ ਕੀਤੀ ਹੈ ਅਤੇ ਹਾਈ ਕੋਰਟ ਨੇ ਇਸ ਸਰਕਾਰੀ ਐਲਾਨ ਉੱਤੇ ਰੋਕ ਲਗਾ ਦਿੱਤੀ ਹੈ। ਇਸਦਾ ਮਤਲਬ ਹੈ ਕਿ 17 ਚਾਹ ਕੰਪਣੀਆਂ, ਜੋ ਅਸਾਮ ਵਿੱਚ 90 ਫ਼ੀਸਦੀ ਚਾਹ ਦੇ ਬਾਗਾਂ ਦੀਆਂ ਮਾਲਕ ਹਨ, ਉਨ੍ਹਾਂ ਦੇ ਖ਼ਿਲਾਫ਼ ਮਜ਼ਦੂਰਾਂ ਨੂੰ ਵਾਧੇ ਦੇ ਨਾਲ ਜ਼ਿਆਦਾ ਮਜ਼ਦੂਰੀ ਨਾ ਦੇਣ ਦੇ ਜ਼ੁਰਮ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਸ ਤੋਂ ਬਾਦ ਲੋਕਾਂ ਦੇ ਵਿਰੋਧ ਨੂੰ ਰੋਕਣ ਦੇ ਲਈ ਚਾਹ ਦੇ ਬਾਗਾਂ ਦੇ ਸਰਮਾਏਦਾਰ ਮਾਲਕਾਂ ਨੇ ਬੜੀ ਚਲਾਕੀ ਨਾਲ ਮਜ਼ਦੂਰੀ ਵਿੱਚ 26 ਰੁਪਏ ਪ੍ਰਤੀ ਦਿਨ ਦੇ ਵਾਧੇ ਦਾ ਐਲਾਨ ਕਰ ਦਿੱਤਾ ਹੈ।

ਕਾਨੂੰਨ ਦੇ ਅਨੁਸਾਰ ਚਾਹ ਦੇ ਬਾਗਾਂ ਦੇ ਮਾਲਕਾਂ ਨੂੰ ਆਪਣੇ ਮਜ਼ਦੂਰਾਂ ਦੇ ਲਈ ਰਹਾਇਸ਼ ਅਤੇ ਸੌਚਾਲਿਆਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। ਲੇਕਿਨ ਅਸਲ ਵਿੱਚ ਮਜ਼ਦਰਾਂ ਦੇ ਘਰ ਬਹੁਤ ਹੀ ਖ਼ਸਤਾ ਹਾਲਤ ਵਿੱਚ ਹਨ ਅਤੇ ਅਕਸਰ ਉਨ੍ਹਾਂ ਦੇ ਘਰਾਂ ਵਿੱਚ ਗੰਦੀਆਂ ਨਾਲੀਆਂ ਦਾ ਪਾਣੀ ਵਹਿੰਦਾ ਰਹਿੰਦਾ ਹੈ। ਇਸ ਸਭ ਕੁੱਝ ਦੇ ਬਾਵਜੂਦ, ਚਾਹ ਦੇ ਬਾਗਾਂ ਦੇ ਮਾਲਕ ਦਾਅਵਾ ਕਰਦੇ ਹਨ ਕਿ ਉਹ ਮਜ਼ਦੂਰਾਂ ਨੂੰ ਇਸ ਲਈ ਘੱਟ ਮਜ਼ਦੂਰੀ ਦਿੰਦੇ ਹਨ ਕਿ ਉਹ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਇੰਤਜ਼ਾਮ ਕਰਦੇ ਹਨ। ਰਹਿਣ ਦੇ ਲਈ ਗੰਦੀ ਅਤੇ ਸਿਹਤ ਦੇ ਲਈ ਹਾਨੀਕਾਰਕ ਹਾਲਤ ਅਤੇ ਬੇਹੱਦ ਘੱਟ ਮਜ਼ਦੂਰੀ ਦੇ ਚੱਲਦਿਆਂ, ਚਾਹ ਦੇ ਬਾਗਾਂ ਦੇ ਮਜ਼ਦੂਰ ਕੁਪੋਸ਼ਿਤ ਅਤੇ ਬਿਮਾਰ ਰਹਿੰਦੇ ਹਨ। ਲਗਾਤਾਰ ਅਜਿਹੇ ਹਾਲਤਾਂ ਵਿੱਚ ਰਹਿਣ ਕਰਕੇ ਉਹ ਦਸਤ, ਟੀ.ਬੀ., ਦਿਮਾਗੀ ਬੁਖ਼ਾਰ ਅਤੇ ਚਮੜੀ ਦੇ ਰੋਗ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਰਹਿੰਦੀਆਂ ਹਨ। ਲੇਕਿਨ ਚਾਹ ਦੇ ਬਾਗਾਂ ਦੇ ਮਜ਼ਦੁਰਾਂ ਦੀ ਹਾਲਤ ਜਿਉਂ ਦੀ ਤਿਉਂ ਹੀ ਰਹਿੰਦੀ ਹੈ। ਕੇਵਲ ਇੱਕਜੁੱਟ ਅਤੇ ਲਗਾਤਾਰ ਸੰਘਰਸ਼ ਨਾਲ ਹੀ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਹੋ ਸਕਦਾ ਹੈ।

close

Share and Enjoy !

0Shares
0

Leave a Reply

Your email address will not be published. Required fields are marked *