ਹਿੰਦੋਸਤਾਨ ਦੇ ਨਵ-ਨਿਰਮਾਣ ਦੇ ਸੰਘਰਸ਼ ਵਿੱਚ ਔਰਤਾਂ ਸਭ ਤੋਂ ਮੋਹਰਲੀਆਂ ਸਫਾਂ ਵਿੱਚ ਹਨ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਸਮਿਤੀ ਦਾ ਬਿਆਨ, 8 ਮਾਰਚ 2021

ਅੰਤਰਰਾਸ਼ਟਰੀ ਇਸਤਰੀ ਦਿਵਸ 2021 ‘ਤੇ, ਹਿੰਦੋਸਤਾਨੀ ਸਮਾਜ ਵਿੱਚ ਬੜਾ ਉਭਾਰ ਦੇਖਣ ਨੂੰ ਮਿਲ ਰਿਹਾ ਹੈ। ਸਦੀਆਂ ਤੋਂ ਚੱਲ ਰਹੀਆਂ ਪਿਛਲੀਆਂ ਧਾਰਨਾਵਾਂ ਅਤੇ ਬੇੜੀਆਂ ਨੂੰ ਤੋੜਦੀਆਂ ਹੋਈਆਂ, ਦਹਿ-ਹਜ਼ਾਰਾਂ ਇਸਤਰੀਆਂ ਸੜਕਾਂ ‘ਤੇ ਉੱਤਰ ਕੇ, ਸੰਸਦ ਵਿੱਚ ਪਾਸ ਕੀਤੇ ਗਏ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ।

ਸਾਲ 2019 ਦੇ ਅਖ਼ੀਰ ਵਿੱਚ, ਜਦੋਂ ਧਰਮ ਦੇ ਅਧਾਰ ‘ਤੇ ਨਾਗਰਿਕਤਾ ਦੇ ਮੁੱਦੇ ਨੂੰ ਲੈ ਕੇ ਸੀ.ਏ.ਏ.-ਵਿਰੋਧੀ ਅਤੇ ਐਨ.ਆਰ.ਸੀ.-ਵਿਰੋਧੀ ਸੰਘਰਸ਼ ਚੱਲ ਰਿਹਾ ਸੀ ਤਾਂ ਉਸ ਵਿੱਚ ਔਰਤਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ।

ਆਂਗਣਵਾੜੀ ਅਤੇ ਆਸ਼ਾ ਵਰਕਰ, ਨਰਸਾਂ, ਕੱਪੜਾ ਮਜ਼ਦੂਰ ਅਤੇ ਅਲੱਗ-ਅਲੱਗ ਖੇਤਰਾਂ ਦੀਆਂ ਔਰਤਾਂ ਮਜ਼ਦੂਰ ਟ੍ਰੈਡ ਯੂਨੀਅਨਾਂ ਵਿੱਚ ਸੰਗਠਤ ਹੋ ਕੇ, ਵਧ-ਚੜ੍ਹ ਕੇ ਸੰਘਰਸ਼ਾਂ ਵਿੱਚ ਹਿੱਸਾ ਲੈ ਰਹੀਆਂ ਹਨ। ਬੀਤੇ ਨਵੰਬਰ ਤੋਂ, ਜਦੋਂ ਤੋਂ ਕਿਸਾਨ ਅੰਦੋਲਨ ਨੇ ਦਿੱਲੀ ਦੀਆਂ ਹੱਦਾਂ ਉੱਤੇ ਆਪਣਾ ਧਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਇਸ ਜਨ ਅੰਦੋਲਨ ਵਿੱਚ ਔਰਤਾਂ ਦੀ ਹਿੱਸੇਦਾਰੀ ਨਵੀਆਂ ਉਚਾਈਆਂ ਛੂਹਣ ਲੱਗੀ ਹੈ। ਦੇਸ਼ ਭਰ ਵਿੱਚੋਂ ਪੂਰੇ-ਪੂਰੇ ਪਿੰਡਾਂ ਦੀਆਂ ਔਰਤਾਂ ਅਤੇ ਆਦਮੀ, ਜਾਤ ਅਤੇ ਲੰਿਗ ਦੇ ਭੇਦ-ਭਾਵ ਤੋਂ ਮੁਕਤ, ਇੱਕਜੁੱਟ ਹੋ ਕੇ ਇਸ ਸੰਘਰਸ਼ ਵਿੱਚ ਅੱਗੇ ਆ ਰਹੇ ਹਨ।

ਸਾਡੀ ਸਰਕਾਰ ਔਰਤ ਸਸ਼ਕਤੀਕਰਣ ਦੇ ਬਾਰੇ ਵਿੱਚ ਬੜੀਆਂ-ਬੜੀਆਂ ਡੀਂਗਾ ਮਾਰਦੀ ਹੈ, ਪਰ ਅਸਲ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਪੈਰਾਂ ਹੇਠ ਲਿਤਾੜ ਦਿੱਤਾ ਜਾਂਦਾ ਹੈ। ਹਿੰਦੋਸਤਾਨੀ ਸਮਾਜ ਵਿੱਚ ਅੱਜ ਵੀ ਔਰਤਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਅਤੇ ਸੋਸ਼ਣ ਹੁੰਦਾ ਹੈ, ਜਿਸ ਵਿੱਚ ਜਾਤੀਵਾਦੀ ਦਮਨ ਵੀ ਸ਼ਾਮਲ ਹੈ। ਜਵਾਨ ਔਰਤਾਂ ਨੂੰ ਆਪਣਾ ਜੀਵਨ-ਸਾਥੀ ਚੁਣਨ ਦੀ ਅਜ਼ਾਦੀ ਨਹੀਂ ਦਿੱਤੀ ਜਾਂਦੀ ਹੈ। ਅੱਜ 21ਵੀਂ ਸਦੀ ਵਿੱਚ ਵੀ, ਆਪਣੀ ਪਸੰਦ ਦਾ ਵਿਆਹ ਕਰਨ ਵਾਲੀਆਂ ਔਰਤਾਂ ਦੇ ਨਾਲ ਅਜਿਹਾ ਵਿਹਾਰ ਕੀਤਾ ਜਾਂਦਾ ਹੈ ਜਿਵੇਂ ਕਿ ਉਹ ਕੋਈ ਅਪਰਾਧੀ ਹੋਵੇ। ਔਰਤਾਂ ਨੂੰ ਕੰਮ ਦੀ ਜਗ੍ਹਾ ਉੱਤੇ ਜਿਨਸੀ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰ ਤੋਂ ਕੰਮ ਦੇ ਰਸਤੇ ਵਿੱਚ ਉਨ੍ਹਾਂ ਉੱਤੇ ਸ਼ਰੀਰਕ ਹਮਲਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਔਰਤਾਂ ਅਗਲੀ ਪੀੜ੍ਹੀ ਨੂੰ ਜਨਮ ਦਿੰਦੀਆਂ ਹਨ, ਪ੍ਰੰਤੂ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਜ਼ਾਰਾਂ ਮਿਹਨਤਕਸ਼ ਔਰਤਾਂ ਨੂੰ ਬੱਚਾ ਪੈਦਾ ਕਰਨ ਦੀਆਂ ਸੁਰੱਖਿਅਤ ਹਾਲਤਾਂ ਹੀ ਨਹੀਂ ਮਿਲਦੀਆਂ। ਸਰਕਾਰੀ ਸਿਹਤ ਸੇਵਾਵਾਂ ਦੀ ਘੋਰ ਅਣਗਹਿਲੀ ਦੇ ਹੁੰਦਿਆਂ, ਸਾਡੀਆਂ ਭੈਣਾਂ ਬਾਰ-ਬਾਰ ਅਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ, ਅਤੇ ਜਵਾਨ ਉਮਰ ਵਿੱਚ ਹੀ ਮਰ ਜਾਂਦੀਆਂ ਹਨ।

ਸਰਕਾਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਬਹੁਤ ਤਰੱਕੀ ਕਰ ਲਈ ਹੈ, ਕਿ ਅਸੀਂ ਜਲਦੀ ਹੀ ਦੁਨੀਆਂ ਦੀ ਇੱਕ ਵੱਡੀ ਤਾਕਤ ਬਣਦੇ ਜਾ ਰਹੇ ਹਾਂ। ਪਰ, ਹਿੰਦੋਸਤਾਨ ਵਿੱਚ ਅੱਜ ਵੀ ਔਰਤਾਂ ਦੀ ਮਿਹਨਤ ਦਾ ਮੁੱਲ ਆਦਮੀਆਂ ਦੀ ਮਿਹਨਤ ਦੇ ਮੁੱਲ ਬਰਾਬਰ ਨਹੀਂ ਹੈ। ਔਰਤ ਹੋਣ ਦੇ ਨਾਤੇ, ਸਾਡਾ ਦੋਹਰਾ ਸੋਸ਼ਣ ਅਤੇ ਦਮਨ ਹੁੰਦਾ ਹੈ। ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚ ਔਰਤ ਕਿਸਾਨਾਂ ਦਾ ਉਸ ਜ਼ਮੀਨ ਉੱਤੇ ਕੋਈ ਹੱਕ ਨਹੀਂ ਹੈ, ਜਿਸ ‘ਤੇ ਉਹ ਖੇਤੀ ਕਰਦੀਆਂ ਹਨ। ਜਦੋਂ ਉਨ੍ਹਾਂ ਦੇ ਪਤੀ ਖੁਦਕਸ਼ੀ ਕਰਨ ਲਈ ਮਜ਼ਬੂਰ ਹੁੰਦੇ ਹਨ ਜਾਂ ਕਿਸੇ ਹੋਰ ਕਾਰਣ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਔਰਤਾਂ ਨੂੰ ਅਕਸਰ ਉਸ ਜ਼ਮੀਨ ਦੀ ਮਾਲਕੀ ਤੋਂ ਪਰ੍ਹੇ ਕਰ ਦਿੱਤਾ ਜਾਂਦਾ ਹੈ। ਇਸ ਹਾਲਤ ਵਿੱਚ ਉਨ੍ਹਾਂ ਨੂੰ ਸਾਰੀ ਉਮਰ ਅਜਿਹੀ ਜ਼ਮੀਨ ਤੋਂ ਬਿਨਾ ਅਤੇ ਮੁਕੱਦਮੇਬਾਜ਼ੀ ਦੀ ਖ਼ੱਜਲ-ਖ਼ੁਆਰੀ ਵਿੱਚ ਜੀਣਾ ਪੈਂਦਾ ਹੈ। ਔਰਤਾਂ ਬਤੌਰ ਮਜ਼ਦੂਰ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੀਆਂ ਹਨ, ਮਜ਼ਦੂਰ ਬਤੌਰ, ਕਿਸਾਨ ਬਤੌਰ ਅਤੇ ਇੱਕ ਇਨਸਾਨ ਬਤੌਰ। ਔਰਤਾਂ ਖੇਤੀ ਦੀ ਜ਼ਮੀਨ ਉੱਤੇ ਮਾਲਕੀ ਦਾ ਆਪਣਾ ਹੱਕ ਮੰਗਦੀਆਂ ਹਨ ਅਤੇ ਆਪਣੀ ਪੈਦਾਵਾਰ ਦੇ ਲਈ ਲਾਭਕਾਰੀ ਮੁੱਲ ਦੀ ਮੰਗ ਕਰਦੀਆਂ ਹਨ। ਔਰਤਾਂ ਇਸ ਖੇਤੀ ਸੰਕਟ ਦੇ ਪੱਕੇ ਹੱਲ ਦੀ ਮੰਗ ਕਰਦੀਆਂ ਹਨ, ਜਿਸਦੇ ਚੱਲਦਿਆ ਲੱਖਾਂ ਕਿਸਾਨ ਮੌਤ ਦੇ ਰਾਹ ਜਾ ਚੁੱਕੇ ਹਨ।

ਔਰਤਾਂ ਇਹ ਮੰਗ ਕਰਦੀਆਂ ਹਨ ਕਿ ਇਨਸਾਨ ਹੋਣ ਦੇ ਨਾਤੇ ਅਤੇ ਨਵੀਂ ਪੀੜ੍ਹੀ ਦੀ ਜਨਮਦਾਤਾ ਹੋਣ ਦੇ ਨਾਤੇ ਜੋ ਅਧਿਕਾਰ ਉਨ੍ਹਾਂ ਨੂੰ ਮਿਲਣੇ ਚਾਹੀਦੀ ਹਨ, ਉਨ੍ਹਾਂ ਅਧਿਕਾਰਾਂ ਨੂੰ ਸਮਾਜ ਅਤੇ ਰਾਜ, ਮੁਹੱਈਆ ਕਰਾਵੇ ਅਤੇ ਯਕੀਨੀ ਵੀ ਬਣਾਏ।

ਜੋ ਔਰਤਾਂ ਆਪਣੇ ਅਧਿਕਾਰਾਂ ਦੇ ਲਈ ਅਤੇ ਸਰਕਾਰ ਦੀ ਨਾ-ਇਨਸਾਫ਼ੀ ਦੇ ਖ਼ਿਲਾਫ਼ ਆਪਣੀ ਅਵਾਜ਼ ਉਠਾਉਣ ਦੀ ਜ਼ੁਰਅਤ ਕਰਦੀਆਂ ਹਨ, ਉਨ੍ਹਾਂ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਰਾਜ ਧ੍ਰੋਹ ਦੇ ਝੂਠੇ ਕੇਸ ਦੇ ਅਧਾਰ ‘ਤੇ, ਯੂ.ਏ.ਪੀ.ਏ. ਜਾਂ ਕਿਸੇ ਦੂਸਰੇ ਕਾਨੂੰਨ ਦੇ ਤਹਿਤ ਗ਼੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਅਣਮਿਥੇ ਸਮੇਂ ਦੇ ਲਈ ਜ਼ੇਲ੍ਹ ਵਿੱਚ ਬੰਦ ਰੱਖਿਆ ਜਾਂਦਾ ਹੈ।

ਇਸ ਹਿੰਦੋਸਤਾਨੀ ਗਣਰਾਜ ਵਿੱਚ ਅਗਰ ਆਪ ਸੱਤਾ ਦਾ ਵਿਰੋਧ ਕਰਦੇ ਹੋ, ਤਾਂ ਆਪਨੂੰ ਦਬਾਇਆ ਜਾਵੇਗਾ ਅਤੇ ਬੰਦ ਕਰ ਦਿੱਤਾ ਜਾਵੇਗਾ, ਚਾਹੇ ਆਪ ਔਰਤ ਹੋ ਜਾਂ ਆਦਮੀ। ਹਿੰਦੋਸਤਾਨੀ ਸਮਾਜ ਦੇ ਸਭਤਰਫ਼ਾ ਸੰਕਟ ਦਾ ਅਧਾਰ ਸਰਮਾਏਦਾਰ ਆਰਥਕ ਵਿਵਸਥਾ ਦਾ ਸੰਕਟ ਹੈ। ਇਹ ਵਿਵਸਥਾ ਮਨੁੱਖੀ ਕਿਰਤ ਦੇ ਸੋਸ਼ਣ ਅਤੇ ਔਰਤਾਂ ਦੇ ਅਤੀ-ਸੋਸ਼ਣ ਉੱਤੇ ਅਧਾਰਤ ਹੈ। ਆਪਣੇ ਘਰਾਂ ਦੇ ਅੰਦਰ ਔਰਤਾਂ ਦੇ ਬਿਨਾਂ ਤਨਖ਼ਾਹ ਮਿਹਨਤ ਕਰਨ ਦਾ ਫ਼ਾਇਦਾ ਉਠਾ ਕੇ, ਸਰਮਾਏਦਾਰ ਵਰਗ ਸਾਰੇ ਮਜ਼ਦੂਰਾਂ ਦੀਆਂ ਤਨਖ਼ਾਹਾਂ ਨੂੰ ਘੱਟ ਤੋਂ ਘੱਟ ਰੱਖਦਾ ਹੈ। ਸਰਮਾਏਦਾਰਾ ਰਾਜ ਦੇ ਚੱਲਦਿਆਂ ਇੱਕ ਪਾਸੇ ਬੇਸ਼ੁਮਾਰ ਦੌਲਤ ਪੈਦਾ ਹੁੰਦੀ ਹੈ ਅਤੇ ਦੂਜੇ ਪਾਸੇ ਵਧਦੀ ਹੋਈ ਗ਼ਰੀਬੀ। ਇਸ ਲਈ ਪੂੰਜੀਵਾਦ ਬਾਰ-ਬਾਰ ਸੰਕਟ ਵਿੱਚ ਫ਼ਸਿਆ ਰਹਿੰਦਾ ਹੈ, ਕਿਉਂਕਿ ਪੈਦਾ ਕੀਤੀਆਂ ਗਈਆਂ ਚੀਜ਼ਾਂ ਨੂੰ ਖਰੀਦਣ ਲਈ ਮਜ਼ਦੂਰਾਂ ਅਤੇ ਕਿਸਾਨਾਂ ਦੇ ਕੋਲ ਪੈਸੇ ਨਹੀਂ ਹੁੰਦੇ। ਅਜਾਰੇਦਾਰ ਸਰਮਾਏਦਾਰ ਚਾਰੇ ਪਾਸੇ ਮੌਤ ਅਤੇ ਤਬਾਹੀ ਫੈਲਾਏ ਬਿਨਾਂ ਜ਼ਿਆਦਾ ਤੋਂ ਜ਼ਿਆਦਾ ਮੁਨਾਫ਼ੇ ਨਹੀਂ ਬਣਾ ਸਕਦੇ ਹਨ।

ਹਿੰਦੋਸਤਾਨ ਦੇ ਅਜਾਰੇਦਾਰ ਸਰਮਾਏਦਾਰ ਅਮਰੀਕਾ, ਚੀਨ, ਅਤੇ ਹੋਰ ਦੇਸ਼ਾਂ ਦੇ ਅਜਾਰੇਦਾਰ ਸਰਮਾਏਦਾਰਾਂ ਦੇ ਨਾਲ ਮੁਕਾਬਲੇ ਅਤੇ ਸਹਿਯੋਗ ਕਰਨ ਵਿੱਚ ਮਸ਼ਰੂਫ ਹਨ। ਉਹ ਉਮੀਦ ਕਰ ਰਹੇ ਹਨ ਕਿ ਉਦਾਰੀਕਰਣ, ਨਿੱਜੀਕਰਣ ਅਤੇ ਭੂਮੰਡਲੀਕਰਣ ਦੇ ਬੇਹੱਦ ਸਮਾਜ-ਵਿਰੋਧੀ ਪ੍ਰੋਗਰਾਮ ਨੂੰ ਤੇਜ਼ ਗ਼ਤੀ ਨਾਲ ਲਾਗੂ ਕਰਕੇ, ਉਹ ਆਪਣੇ ਸਾਮਰਾਜਵਾਦੀ ਮਨਸੂਬਿਆਂ ਨੂੰ ਪੂਰਾ ਕਰ ਸਕਣਗੇ। ਇਸ ਪ੍ਰੋਗਰਾਮ ਦੇ ਚੱਲਦਿਆਂ, ਸਾਰੀਆਂ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ – ਖਾਧ ਪਦਾਰਥ, ਸਿਹਤ, ਸਿੱਖਿਆ ਆਦਿ – ਨੂੰ ਸਰਕਾਰੀ ਜਿੰਮੇਵਾਰੀ ਤੋਂ ਵੱਖ ਕੀਤਾ ਜਾਂਦਾ ਹੈ ਅਤੇ ਦੇਸੀ-ਵਿਦੇਸ਼ੀ ਵਿਸ਼ਾਲ ਅਜਾਰੇਦਾਰ ਸਰਮਾਏਦਾਰ ਕੰਪਨੀਆਂ ਦੇ ਜ਼ਿਆਦਾ ਤੋਂ ਜ਼ਿਆਦਾ ਨਿੱਜੀ ਮੁਨਾਫ਼ਿਆਂ ਦੇ ਸਰੋਤ ਵਿੱਚ ਬਦਲ ਦਿੱਤਾ ਜਾਂਦਾ ਹੈ। ਇਸ ਸਮਾਜ-ਵਿਰੋਧੀ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਔਰਤਾਂ ਦੀਆਂ ਸਮੱਸਿਆਵਾਂ ਹੋਰ ਵੀ ਵਧ ਗਈਆਂ ਹਨ। ਇੰਟਰਨੈੱਟ ਅਤੇ ਸੋਸ਼ਲ ਮੀਡੀਏ ਦੇ ਜ਼ਰੀਏ ਅਸ਼ਲੀਲ ਸਾਮਰਾਜਵਾਦੀ ਵਿਚਾਰਧਾਰਾ ਦਾ ਬੇਰੋਕ-ਟੋਕ ਪ੍ਰਚਾਰ ਅਤੇ ਪ੍ਰਸਾਰ ਹੁੰਦਾ ਹੈ, ਜਿਸਦੇ ਚੱਲਦਿਆ ਔਰਤਾਂ ਨੂੰ ਯੌਨ ਸੁੱਖ ਦਾ ਸਾਧਨ ਮਾਤਰ ਮੰਨਿਆਂ ਜਾਂਦਾ ਹੈ। ਔਰਤਾਂ ਖ਼ਿਲਾਫ਼ ਹਿੰਸਾ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਲੋਕਤੰਤਰ ਦੀ ਮੌਜੂਦਾ ਵਿਵਸਥਾ ਵਿੱਚ ਅਪਰਾਧੀ ਪਾਰਟੀਆਂ ਰਾਜਨੀਤਕ ਪ੍ਰਕ੍ਰਿਆ ਉੱਤੇ ਹਾਵੀ ਹਨ, ਇਸ ਲਈ ਔਰਤਾਂ ਦੇ ਖ਼ਿਲਾਫ਼ ਅਪਰਾਧ ਜਾਰੀ ਹਨ ਅਤੇ ਵਧਦੇ ਜਾ ਰਹੇ ਹਨ। ਇੱਕ-ਦੂਜੇ ਦੀਆਂ ਵਿਰੋਧੀ ਸਰਮਾਏਦਾਰ ਪਾਰਟੀਆਂ ਪੈਸੇ ਦੇ ਜ਼ੋਰ ਦੇ ਨਾਲੋ-ਨਾਲ ਤਰ੍ਹਾਂ-ਤਰ੍ਹਾਂ ਦੇ ਅਪਰਾਧੀ ਤੱਤਾਂ ਨੂੰ ਪਾਲਦੀਆਂ ਹਨ ਅਤੇ ਉਨ੍ਹਾਂ ਦੇ ਬਾਹੂ-ਬਲ ਦਾ ਪ੍ਰਯੋਗ ਕਰਕਦਆਂ ਹਨ। ਅਜਿਹੇ ਤੱਤ ਅਤੇ ਰਾਜਨੀਤਕ ਤੌਰ ‘ਤੇ ਪ੍ਰਭਾਵਸ਼ਾਲੀ ਮਾਂ-ਬਾਪ ਦੇ ਬੇਟੇ ਨਿਯਮਤ ਰੂਪ ਨਾਲ ਜਵਾਨ ਲੜਕੀਆਂ ਅਤੇ ਔਰਤਾਂ ਦਾ ਬਲਾਤਕਾਰ ਅਤੇ ਕਤਲ ਕਰਦੇ ਹਨ।

ਚੋਣਾਂ ਦੇ ਜ਼ਰੀਏ ਇਸ ਜਾਂ ਉਸ ਅਪਰਾਧੀ ਪਾਰਟੀ ਦੇ ਸਾਸ਼ਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਆਪਣੇ ਵੋਟ-ਹਲਕੇ ਵਿੱਚੋਂ ਕੌਣ ਖੜ੍ਹਾ ਹੋਵੇਗਾ, ਇਸ ਨੂੰ ਤੈਅ ਕਰਨ ਵਿੱਚ ਲੋਕਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ। ਸਰਮਾਏਦਾਰਾਂ ਦੀਆਂ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵਿੱਚੋਂ ਕਿਸੇ ਇੱਕ ਨੂੰ ਹੀ ਚੁਣਨਾ ਪੈਂਦਾ ਹੈ। ਲੋਕ ਕਿਸੇ ਵੀ ਤਰੀਕੇ ਨਾਲ ਇਹ ਯਕੀਨੀ ਨਹੀਂ ਬਣਾ ਸਕਦੇ ਕਿ ਸੰਸਦ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਗੱਲ ਕੀਤੀ ਜਾਵੇਗੀ। ਵੋਟ ਪਾਉਣ ਤੋਂ ਪਹਿਲਾਂ, ਅਤੇ ਬਾਦ ਵਿੱਚ ਵੀ, ਲੋਕਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ। ਲੋਕ ਚੁਣੇ ਹੋਏ ਉਮੀਦਵਾਰ ਨੂੰ ਵਾਪਸ ਵੀ ਨਹੀਂ ਬੁਲਾ ਸਕਦੇ ਹਨ, ਚਾਹੇ ਉਹ ਕਿੰਨਾ ਵੀ ਲੋਕ-ਵਿਰੋਧੀ ਕੰਮ ਪਿਆ ਕਰਦਾ ਹੋਵੇ।

ਸੰਸਦ ਸਿਰਫ ਬਜ਼ਾਰੂ ਗੱਪਾਂ ਮਾਰਨ ਦੀ ਜਗ੍ਹਾ ਹੈ। ਉੱਥੇ ਜੋ ਵਾਦ-ਵਿਵਾਦ ਹੁੰਦੇ ਹਨ, ਉਨ੍ਹਾਂ ਦਾ ਆਖ਼ਰੀ ਫ਼ੈਸਲੇ ੳੱਤੇ ਬਹੁਤ ਹੀ ਘੱਟ ਅਸਰ ਪੈਂਦਾ ਹੈ। ਕਰੋੜਾਂ-ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪਾਉਣ ਵਾਲੇ ਫ਼ੈਸਲੇ ਸੱਤਾਧਾਰੀ ਪਾਰਟੀ ਦੇ ਮੰਤਰੀ ਮੰਡਲ ਵਲੋਂ ਕੀਤੇ ਜਾਂਦੇ ਹਨ, ਪ੍ਰਧਾਨ ਮੰਤਰੀ ਚੁਣੇ ਗਏ ਸਾਂਸਦਾਂ ਵਿੱਚੋਂ ਆਪਣਾ ਮੰਤਰੀ ਮੰਡਲ ਚੁਣਦਾ ਹੈ, ਅਤੇ ਇਹ ਮੰਤਰੀ ਮੰਡਲ ਹੀ ਸਰਮਾਏਦਾਰ ਵਰਗ ਦੇ ਹਿੱਤਾਂ ਦੇ ਅਨੁਸਾਰ ਸਾਰੇ ਫ਼ੈਸਲੇ ਕਰਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ, ਪੂਰੀ ਅਫ਼ਸਰਸ਼ਾਹੀ, ਨਿਆਂ ਪਾਲਿਕਾ ਅਤੇ ਸੱਤਾ ਦੇ ਸਾਰੇ ਹੋਰ ਸੰਸਥਾਨਾਂ ਉੱਤੇ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਰਮਾਏਦਾਰ ਵਰਗ ਦਾ ਪੂਰਾ ਕੰਟਰੋਲ ਹੁੰਦਾ ਹੈ। ਮੋਦੀ ਦੀ ਭਾਜਪਾ ਸਰਕਾਰ ਨੇ ਕਰੋਨਾ ਵਾਇਰਸ ਦੇ ਲਾਕ-ਡਾਊਨ ਦੇ ਕਾਰਨ ਪੈਦਾ ਹੋਏ ਖ਼ਤਰਨਾਕ ਸੰਕਟ ਦਾ ਫ਼ਾਇਦਾ ਉਠਾ ਕੇ, ਹੁਕਮਰਾਨਾ ਦੀ ਸੇਵਾ ਵਿੱਚ, ਸੰਸਦ ਦੇ ਜ਼ਰੀਏ ਮਜ਼ਦੂਰ-ਵਿਰੋਧੀ ਅਤੇ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਹੈ। ਪ੍ਰੰਤੂ ਆਂਸ਼ਿਕ ਲਾਕ-ਡਾਊਨ ਦੇ ਬਾਵਜੂਦ ਜਿਸ ਤਰ੍ਹਾਂ ਜਨ-ਵਿਰੋਧ ਵਧਦਾ ਦਿੱਸ ਰਿਹਾ ਹੈ, ਉਸ ਤੋਂ ਲੋਕ ਵੱਡੀ ਗ਼ਿਣਤੀ ਵਿੱਚ ਬਾਹਰ ਨਿਕਲ ਕੇ, ਆਪਣੀ ਰੋਟੀ-ਰੋਜ਼ੀ ਅਤੇ ਅਧਿਕਾਰਾਂ ਉੱਤੇ ਹੋ ਰਹੇ ਹਮਲਿਆਂ ਦਾ ਜਮ੍ਹ ਕੇ ਵਿਰੋਧ ਕਰ ਰਹੇ ਹਨ। ਅਸੀਂ ਇਸ ਦੇਸ਼ ਦੀਆਂ ਮਿਹਨਤਕਸ਼ ਔਰਤਾਂ ਅਤੇ ਆਦਮੀ, ਇਹ ਮੰਗ ਕਰ ਰਹੇ ਹਾਂ ਕਿ ਸਾਡੀ ਰੋਟੀ-ਰੋਜ਼ੀ ਅਤੇ ਅਧਿਕਾਰਾਂ ਉੱਤੇ ਅਸਰ ਪਾਉਣ ਵਾਲੇ ਮਾਮਲਿਆਂ ਬਾਰੇ ਫ਼ੈਸਲੇ ਲੈਣ ਦਾ ਅਧਿਕਾਰ ਸਾਨੂੰ ਹੋਣਾ ਚਾਹੀਦਾ ਹੈ। ਅਸੀਂ ਰਾਜਨੀਤਕ ਸੱਤਾ ਤੋਂ ਦਰਕਿਨਾਰ ਕੀਤੇ ਜਾਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਾਂ। ਅਸੀਂ ਆਪਣੇ ਹੱਥਾਂ ਦੇ ਵਿੱਚ ਰਾਜਨੀਤਕ ਸੱਤਾ ਦੇ ਲਈ ਸੰਘਰਸ਼ ਕਰ ਰਹੇ ਹਾਂ।

ਔਰਤ, ਮਜ਼ਦੂਰ, ਕਿਸਾਨ ਬਤੌਰ ਸਾਡੇ ਹਿੱਤ ਟਾਟਾ, ਅੰਬਾਨੀ, ਬਿਰਲਾ, ਅਡਾਨੀ ਅਤੇ ਦੂਸਰੇ ਅਜਾਰੇਦਾਰ ਘਰਾਣਿਆ ਦੇ ਹਿੱਤਾਂ ਦੇ ਬਿਲਕੁਲ ਉਲਟ ਹਨ। ਸਾਨੂੰ ਅਜੇਹੀ ਵਿਵਸਥਾ ਮਨਜੂਰ ਨਹੀਂ, ਜਿਸ ਅੰਦਰ ਅਜਾਰੇਦਾਰ ਸਰਮਾਏਦਾਰਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਛੋਟਾ-ਜਿਹਾ ਗੁੱਟ ਹੀ ਸਾਰੇ ਫ਼ੈਸਲੇ ਲੈਂਦਾ ਹੈ।

ਔਰਤਾਂ ਦੀ ਮੁਕਤੀ ਸਿਰਫ਼ ਇੱਕ ਅਜੇਹੀ ਰਾਜਨੀਤਕ ਵਿਵਸਥਾ ਅੰਦਰ ਹੀ ਮੁਮਕਿਨ ਹੋਵੇਗੀ, ਜਿਸ ਵਿੱਚ ਮਿਹਨਤਕਸ਼ ਲੋਕ ਖੁਦ ਆਪਣੇ ਫ਼ੈਸਲੇ ਲੈਣਗੇ, ਨਾ ਕਿ ਉਨ੍ਹਾਂ ਉੱਤੇ ਰਾਜ ਕਰਨ ਵਾਲੇ ਪ੍ਰਜੀਵੀ ਅਤੇ ਲੁਟੇਰੇ। ਅਜਿਹੀ ਵਿਵਸਥਾ ਤਾਂ ਹੀ ਬਣਾਈ ਜਾ ਸਕਦੀ ਹੈ ਜਦੋਂ ਔਰਤਾਂ, ਜੋ ਸਮਾਜ ਦਾ ਅੱਧਾ ਹਿੱਸਾ ਹਨ, ਇਸਦੇ ਲਈ ਔਰਤ ਬਤੌਰ ਅਤੇ ਮਜ਼ਦੂਰ ਬਤੌਰ ਸੰਘਰਸ਼ ਕਰਦੀਆਂ ਹਨ। ਔਰਤਾਂ ਨੂੰ ਆਪਣੇ ਸੰਗਠਨ ਬਨਾਉਣੇ ਅਤੇ ਮਜ਼ਬੂਤ ਕਰਨੇ ਹੋਣਗੇ ਅਤੇ ਨਾਲ ਹੀ ਨਾਲ, ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਸਾਰੇ ਲੁਟੀਂਦੇ ਲੋਕਾਂ ਦੇ ਸੰਗਠਨਾਂ ਅਤੇ ਸਾਂਝੇ ਮੋਰਚਿਆਂ ਨੂੰ ਬਨਾਉਣ ਅਤੇ ਮਜ਼ਬੂਤ ਕਰਨ ਵਿੱਚ ਆਗੂ ਭੂਮਿਕਾ ਨਿਭਾਉਣੀ ਹੋਵੇਗੀ।

ਔਰਤਾਂ ਨੂੰ ਆਪਣੇ ਮੁਹੱਲੇ, ਬਸਤੀਆਂ, ਯੂਨੀਵਰਸਿਟੀਆਂ ਵਿੱਚ – ਜਿੱਥੇ ਜਿੱਥੇ ਵੀ ਉਹ ਰਹਿੰਦੀਆਂ ਹਨ, ਪੜ੍ਹਦੀਆਂ ਹਨ ਜਾਂ ਕੰਮ ਕਰਦੀਆਂ ਹਨ – ਕਿਸੇ ਤਰ੍ਹਾਂ ਦੇ ਵੀ ਮੱਤਭੇਦ ਤੋਂ ਬਿਨਾਂ ਅਤੇ ਹਰ ਤਰ੍ਹਾਂ ਦੀ ਬੇ-ਇਨਸਾਫੀ ਦੇ ਖ਼ਿਲਾਫ਼ ਅਤੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਵਿੱਚ ਸਮਿਤੀਆਂ ਬਨਾਉਣੀਆਂ ਹੋਣਗੀਆਂ।

ਔਰਤਾਂ ਨੂੰ ਸਭ ਦੱਬੇ-ਕੁਚਲੇ ਆਦਮੀਆਂ ਦੇ ਨਾਲ ਏਕਤਾ ਬਣਾ ਕੇ, ਆਪਣੇ ਹੱਥਾਂ ਵਿੱਚ ਰਾਜ-ਸੱਤਾ ਲੈਣ ਦੇ ਲਈ ਸੰਗਠਿਤ ਹੋਣਾ ਹੋਵੇਗਾ। ਸਾਨੂੰ ਇੱਕ ਨਵੇਂ ਰਾਜ ਅਤੇ ਸੰਵਿਧਾਨ ਦੀ ਨੀਂਹ ਰੱਖਣੀ ਹੋਵੇਗੀ, ਜਿਸ ਵਿੱਚ ਪ੍ਰਭੂਸੱਤਾ ਲੋਕਾਂ ਦੇ ਹੱਥਾਂ ਵਿੱਚ ਹੋਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਮਨੁੱਖੀ ਅਧਿਕਾਰਾਂ ਅਤੇ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਅਧਿਕਾਰਾਂ ਦਾ ਕੋਈ ਘਾਣ ਨਹੀਂ ਹੋਵੇਗਾ। ਅਰਥਵਿਵਸਥਾ ਨੂੰ ਸਾਰਿਆ ਦੀਆਂ ਲੋੜਾਂ ਪੂਰੀਆਂ ਕਰਨ ਦੀ ਦਿਸ਼ਾ ਵਿੱਚ ਚਲਾਇਆ ਜਾਵੇਗਾ, ਨਾ ਕਿ ਸਰਮਾਏਦਾਰਾਂ ਦੇ ਲਾਲਚ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ। ਕਿਸੇ ਨੂੰ ਵੀ ਦੂਸਰਿਆਂ ਦੀ ਲੁੱਟ ਕਰਕੇ ਨਿੱਜੀ ਧਨ ਜੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਓ, ਅਸੀਂ ਹਿੰਦੋਸਤਾਨੀ ਸਮਾਜ ਦੇ ਨਵ-ਨਿਰਮਾਣ ਦੇ ਸੰਘਰਸ਼ ਨੂੰ ਅੱਗੇ ਵਧਾਈਏ। ਮੁੱਠੀ-ਭਰ ਲੁਟੇਰਿਆਂ ਦੀ ਮੌਜੂਦਾ ਹਕੂਮਤ ਦੀ ਥਾਂ ‘ਤੇ ਮਿਹਨਤਕਸ਼ ਬਹੁ-ਗ਼ਿਣਤੀ ਦੀ ਹਕੂਮਤ ਸਥਾਪਤ ਕਰਨ ਦੇ ਸੰਘਰਸ਼ ਨੂੰ ਅੱਗੇ ਵਧਾਈਏ। ਇਹ ਹੀ ਮਹਿਲਾ ਮੁਕਤੀ ਦੇ ਲਈ ਜ਼ਰੂਰੀ ਸ਼ਰਤ ਹੈ।

Share and Enjoy !

Shares

Leave a Reply

Your email address will not be published. Required fields are marked *