ਇਹ ਧਰਮ-ਯੁੱਧ ਹੈ ਮਜ਼ਦੂਰਾਂ ਅਤੇ ਕਿਸਾਨਾਂ ਦਾ, ਅਧਰਮੀ ਰਾਜ ਦੇ ਖ਼ਿਲਾਫ਼

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 10 ਜਨਵਰੀ 2021

ਸਾਡੇ ਦੇਸ਼ ਅਤੇ ਸਾਰੀ ਦੁਨੀਆਂ ਨੂੰ, ਹਿੰਦੋਸਤਾਨ ਦੀ ਸਰਕਾਰ ਅਤੇ ਦੇਸ਼ ਦੀ ਬਹੁ-ਸੰਖਿਅਕ ਆਬਾਦੀ – ਕਿਸਾਨਾਂ ਤੇ ਮਜ਼ਦੂਰਾਂ – ਦੇ ਵਿਚਾਲੇ ਇੱਕ ਅਜਿਹੀ ਲੜਾਈ ਦਾ ਦ੍ਰਿਸ਼ ਦੇਖਣ ਨੂੰ ਮਿਲ਼ ਰਿਹਾ ਹੈ, ਜਿਸ ਵਿੱਚ ਕੋਈ ਸਮਝੌਤਾ ਨਹੀਂ ਹੋ ਸਕਦਾ। ਪਿਛਲੀ 26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ ਉੱਤੇ, ਜਨਤਕ ਵਿਰੋਧ ਦਾ ਇੱਕ ਅਦੁੱਤੀ ਪ੍ਰਦਰਸ਼ਨ ਚੱਲ ਰਿਹਾ ਹੈ। ਮੁਜਾਹਰਾਕਾਰੀਆਂ ਦੀਆਂ ਫੌਰੀ ਮੰਗਾਂ ਵਿੱਚ ਪਿੱਛੇ ਜਿਹੇ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਰੱਦ ਕਰਨਾ ਹੈ, ਜਿਹੜੇ ਸੰਸਦ ਨੇ ਖੇਤੀ ਉੱਤੇ ਹਾਵੀ ਹੋਣ ਵਿੱਚ ਸਰਮਾਏਦਾਰਾ ਕਾਰਪੋਰੇਸ਼ਨਾਂ ਦੀ ਮੱਦਦ ਕਰਨ ਖ਼ਾਤਰ ਬਣਾਏ ਸਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ, ਰੋਜ਼ਾਨਾ ਨਵੇਂ ਜਥੇ ਆ ਕੇ ਇਸ ਵਿੱਚ ਸ਼ਾਮਲ ਹੋ ਰਹੇ ਹਨ। ਕਿਸਾਨ, ਮਜ਼ਦੂਰ, ਔਰਤਾਂ ਅਤੇ ਨੌਜਵਾਨ ਆ ਕੇ ਇਨ੍ਹਾਂ ਪ੍ਰਦਰਸ਼ਨ ਕੈਂਪਾਂ ਵਿੱਚ ਮਿਲ ਰਹੇ ਹਨ। ਕੈਂਪਾਂ ਵਿੱਚ ਆ ਚੁੱਕੇ ਲੋਕ ਪੂਰੀ ਤਰ੍ਹਾਂ ਦ੍ਰਿੜ ਹਨ ਕਿ ਉਹ ਓਨਾ ਚਿਰ ਇਥੋਂ ਵਾਪਸ ਨਹੀਂ ਜਾਣਗੇ, ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ। ਹਿੰਦੋਸਤਾਨ ਅੰਦਰ ਪਿਛਲੇ 73 ਸਾਲਾਂ ਵਿੱਚ ਅਜੇਹੇ ਹਾਲਾਤ ਕਦੇ ਵੀ ਦੇਖਣ ਵਿੱਚ ਨਹੀਂ ਆਏ।

ਦਿੱਲੀ ਅਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚਕਾਰ ਹੱਦਾਂ – ਸਿੰਘੂ, ਟਿਕਰੀ, ਗ਼ਾਜ਼ੀਪੁਰ, ਚਿੱਲਾ, ਧਾਸਣਾ, ਔਚੰਡੀ, ਪਿਆਉ ਮਨਿਆਰੀ, ਸਬੋਲੀ ਅਤੇ ਮੰਗੇਸ਼ – ਉੱਤੇ ਅਤੇ ਰਾਜਸਥਾਨ-ਹਰਿਆਣਾ ਹੱਦ ਉੱਤੇ ਸ਼ਾਹਜਹਾਨਪੁਰ, ਆਦਿ ਥਾਵਾਂ ‘ਤੇ ਨਿੱਕੇ ਨਿੱਕੇ ਕਸਬੇ ਖੜ੍ਹੇ ਕਰ ਲਏ ਗਏ ਹਨ। ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਦਿਨ-ਰਾਤ ਇੱਥੇ ਹੀ ਬਿਤਾਉਂਦੇ ਹਨ। ਸੰਘਰਸ਼ ਨੂੰ ਅਗਵਾਈ ਦੇਣ ਵਾਲੀਆਂ ਕਿਸਾਨ ਯੂਨੀਅਨਾਂ ਨੇ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਸਭ ਲੋਕਾਂ ਲਈ ਰੋਟੀ-ਪਾਣੀ ਅਤੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਹੈ।

ਲੋਕਾਂ ਨੇ ਆਪਣੇ ਸਾਧਨਾਂ ਦੇ ਸਹਾਰੇ ਉਥੇ ਅਨੇਕਾਂ ਲੰਗਰ ਖੋਲ੍ਹੇ ਹੋਏ ਹਨ, ਜਿੱਥੇ ਮਰਦ ਅਤੇ ਔਰਤਾਂ ਰਲ਼ ਕੇ ਖਾਣਾ ਬਣਾਉਂਦੇ ਹਨ। ਕਿਸੇ ਦੇ ਧਰਮ, ਜ਼ਾਤ ਜਾਂ ਬੋਲੀ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਨੇੜਲੇ ਪਿੰਡਾਂ ਦੇ ਲੋਕ ਰੋਜ਼ਾਨਾ ਖਾਣਾ ਅਤੇ ਹੋਰ ਸਮਾਨ ਲੈ ਕੇ ਆਉਂਦੇ ਹਨ। ਦੇਸ਼ ਭਰ ਤੋਂ ਡਾਕਟਰਾਂ ਅਤੇ ਨਰਸਾਂ ਨੇ ਆ ਕੇ ਮੈਡੀਕਲ ਕੈਂਪ ਲਾ ਦਿੱਤੇ ਹਨ। ਵਿਿਦਆਰਥੀਆਂ ਨੇ ਕਿਤਾਬਾਂ ਵੰਡਣ ਲਈ ਲਾਇਬਰੇਰੀਆਂ ਸਥਾਪਤ ਕਰ ਦਿੱਤੀਆਂ ਹਨ। ਉਹ ਬੱਚਿਆਂ ਨੂੰ ਪੜ੍ਹਾਉਣ ਲਈ ਕਲਾਸਾਂ ਦਾ ਇੰਤਜ਼ਾਮ ਵੀ ਕਰਦੇ ਹਨ।

ਜਦਕਿ ਬਹੁਤੇ ਪ੍ਰਦਰਸ਼ਨਕਾਰੀ ਆਪਣੀਆਂ ਟਰਾਲੀਆਂ ਵਿੱਚ ਸੌਂਦੇ ਹਨ, ਪਰ ਜਿਨ੍ਹਾਂ ਕੋਲ ਆਪਣਾ ਕੋਈ ਪ੍ਰਬੰਧ ਹੈ ਵੀ ਨਹੀਂ, ਉਨ੍ਹਾਂ ਨੂੰ ਚਿੰਤਾ ਦੀ ਲੋੜ ਨਹੀਂ – ਜਥੇਬੰਦਕਾਂ ਨੇ ਇਸ ਠੰਡ ਅਤੇ ਮੀਂਹ ਦੇ ਮੌਸਮ ਵਿੱਚ ਸਭ ਜ਼ਰੂਰਤਮੰਦਾਂ ਲਈ ਸੌਣ ਦਾ ਪ੍ਰਬੰਧ ਕੀਤਾ ਹੋਇਆ ਹੈ। ਲੋੜਵੰਦਾਂ ਨੂੰ ਕੰਬਲ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਆਰਜ਼ੀ ਪਖਾਨਿਆਂ ਅਤੇ ਗਰਮ ਪਾਣੀ ਦਾ ਵੀ ਪ੍ਰਬੰਧ ਕਰ ਰੱਖਿਆ ਹੈ। ਉਥੇ ਸਾਫ-ਸਫਾਈ ਰੱਖਣ ਵਾਸਤੇ ਉਹ ਦਿਨ-ਰਾਤ ਕੰਮ ਕਰ ਰਹੇ ਹਨ।

ਕਿਸਾਨ ਅੰਦੋਲਨ ਦੇ ਜਥੇਬੰਦਕਾਂ ਨੇ ਹਰ ਥਾਂ ਉੱਚੇ ਦਰਜੇ ਦਾ ਜ਼ਾਬਤਾ ਅਤੇ ਸਮਾਜ-ਪ੍ਰਤੀ ਜ਼ਿਮੇਵਾਰ ਰਵੱਈਆ ਕਾਇਮ ਕਰ ਦਿੱਤਾ ਹੈ। ਉੱਥੇ ਹਾਜ਼ਰ ਸੇਵਾਦਾਰ ਯਕੀਨੀ ਬਣਾਉਂਦੇ ਹਨ ਕਿ ਕੋਈ ਵੀ ਭਾੜੇ ਦਾ ਟੱਟੂ ਉਥੇ ਆ ਕੇ ਅਮਨ ਭੰਗ ਨਾ ਕਰ ਸਕੇ। ਆਪਣੀ ਹਮਾਇਤ ਜਤਾਉਣ ਲਈ ਆਉਣ ਵਾਲਿਆਂ ਦਾ ਤਹਿ-ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਹਰ ਪਾਸੇ ਆਜ਼ਾਦ ਅਤੇ ਦੋਸਤਾਨਾ ਮਹੌਲ ਹੈ। ਹਰ ਕੋਈ ਬਿਨਾ ਕਿਸੇ ਡਰ ਜਾਂ ਦਬਾਅ ਤੋਂ, ਨਿਡੱਰ ਹੋ ਕੇ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ। ਜੇਕਰ ਕੋਈ ਹਜ਼ਾਰਾਂ ਲੋਕਾਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਆਪਣਾ ਨਾਮ ਦਰਜ ਕਰਾ ਦਿੰਦਾ ਹੈ ਅਤੇ ਬੋਲਣ ਵਾਸਤੇ ਵਾਰੀ ਆਉਣ ਦੀ ਉਡੀਕ ਕਰਦਾ ਹੈ।

ਮੁਜ਼ਾਹਰਿਆਂ ਵਾਲੀਆਂ ਥਾਂਵਾਂ ਉੱਤੇ ਔਰਤਾਂ ਅਤੇ ਲੜਕੀਆਂ ਆਪਣੇ ਆਪਨੂੰ ਪੂਰੀ ਤਰ੍ਹਾਂ ਮਹਿਫ਼ੂਜ਼ ਮਹਿਸੂਸ ਕਰਦੀਆਂ ਹਨ। ਜਦਕਿ ਬਾਕੀ ਪੂਰੇ ਦੇਸ਼ ਵਿੱਚ ਹੋਰ ਥਾਵਾਂ ਉੱਤੇ ਔਰਤਾਂ ਬਹੁਤ ਹੀ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ; ਐਥੇ ਦਾ ਮਹੌਲ ਉਸਦੇ ਬਿੱਲਕੁਲ ਓਲਟ ਹੈ।

ਰੋਸ-ਮੁਜ਼ਾਹਰਿਆਂ ਦੇ ਜਥੇਬੰਦਕਾਂ ਨੇ ਸੋਸ਼ਲ ਮੀਡੀਏ ਰਾਹੀਂ ਆਪਣਾ ਹੀ ਸੰਚਾਰ ਨੈਟਵਰਕ ਸਥਾਪਤ ਕਰ ਲਿਆ ਹੈ। ਉਨ੍ਹਾਂ ਨੇ ਇੱਕ ਫੈਸਲਾਕੁੰਨ ਢੰਗ ਨਾਲ ਮੁੱਖ-ਧਾਰਾ ਟੀ.ਵੀ. ਮੀਡੀਏ ਨੂੰ ਨਕਾਰ ਦਿੱਤਾ ਹੈ, ਜੋ ਉਨ੍ਹਾਂ ਦੇ ਸੰਘਰਸ਼ ਬਾਰੇ ਝੂਠ ਫੈਲਾਉਂਦਾ ਹੈ ਅਤੇ ਸਰਕਾਰੀ ਪ੍ਰਾਪੇਗੰਡੇ ਦਾ ਹੱਥਠੋਕਾ ਬਣਿਆਂ ਹੋਇਆ ਹੈ।

ਮਜ਼ਦੂਰਾਂ ਅਤੇ ਕਿਸਾਨਾਂ ਦੇ ਆਪਣੇ ਹੱਕਾਂ ਵਾਸਤੇ ਅਤੇ ਸਰਮਾਏਦਾਰਾ-ਪੱਖੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼, ਆਪਸ-ਵਿੱਚ ਜੁੜ ਕੇ ਇੱਕ ਸ਼ਕਤੀਸ਼ਾਲੀ ਤਾਕਤ ਬਣ ਗਏ ਹਨ। ਇਹ ਸੰਘਰਸ਼, ਜਿਸਦਾ ਕੇਂਦਰ-ਬਿੰਦੂ ਦਿੱਲੀ ਦੀਆਂ ਹੱਦਾਂ ਹਨ, ਦੇਸ਼ ਦੇ ਤਮਾਮ ਜ਼ਿਲ੍ਹਆਂ ਅਤੇ ਪਿੰਡਾਂ ਤਕ ਫੈਲ ਰਿਹਾ ਹੈ। “ਮਜ਼ਦੂਰ-ਕਿਸਾਨ ਏਕਤਾ ਜ਼ਿੰਦਾਬਾਦ!” ਦਾ ਨਾਅਰਾ ਪੂਰੇ ਦੇਸ਼ ਵਿੱਚ ਗੂੰਜ ਉੁਠਿਆ ਹੈ। ਅਮਰੀਕਾ, ਕੈਨੇਡਾ, ਬਰਤਾਨੀਆਂ, ਅਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਰਹਿ ਰਹੇ ਹਿੰਦੋਸਤਾਨੀ, ਇਸ ਸੰਘਰਸ਼ ਦੀ ਹਮਾਇਤ ਵਿੱਚ, ਆਪੋ-ਆਪਣੇ ਥਾਂਈਂ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ। ਉਹ ਵੱਖ-ਵੱਖ ਤਰੀਕਿਆਂ ਨਾਲ ਐਥੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰ ਰਹੇ ਹਨ।

ਕਿਸਾਨ ਅੰਦੋਲਨ, ਸਰਮਾਏਦਾਰਾ-ਪੱਖੀ ਕਾਨੂੰਨ ਰੱਦ ਕੀਤੇ ਜਾਣ ਅਤੇ ਇੱਕ ਅਜੇਹਾ ਨਵਾਂ ਕਾਨੂੰਨ ਬਣਾਏ ਜਾਣ ਦੀ ਮੰਗ ਕਰ ਰਿਹਾ ਹੈ, ਕਿ ਸਰਕਾਰ ਇਸ ਗੱਲ ਦੀ ਸ਼ਾਹਦੀ ਭਰੇ ਕਿ ਉਨ੍ਹਾਂ ਦੀਆਂ ਤਮਾਮ ਫਸਲਾਂ ਨਿਊਨਤਮ ਸਮਰਥਨ ਮੁੱਲ ਉੱਤੇ ਖ੍ਰੀਦੀਆਂ ਜਾਣਗੀਆਂ ਅਤੇ ਇਹ (ਨਿਊਨਤਮ ਸਮਰੱਥਨ ਮੁੱਲ) ਉਨ੍ਹਾਂ ਦੀ ਲਾਗਤ ਦਾ ਡੇੜ੍ਹ ਗੁਣਾ ਹੋਵੇਗਾ। ਕੇਂਦਰ ਸਰਕਾਰ ਵਲੋਂ ਇਨ੍ਹਾਂ ਮੰਗਾਂ ਨੂੰ ਠੁਕਰਾਇਆ ਜਾਣਾ ਲੋਕਾਂ ਦੇ ਗੁੱਸੇ ਨੂੰ ਹੋਰ ਵੀ ਵਧਾ ਰਿਹਾ ਹੈ। ਰੋਜ਼ਾਨਾ ਹਜ਼ਾਰਾਂ ਹੋਰ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਦਿੱਲੀ ਦੀਆਂ ਸੀਮਾਵਾਂ ਉੱਤੇ ਵਿਰੋਧ-ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ।

ਅੱਠ ਬਾਰ ਗੱਲਬਾਤ ਹੋ ਚੁੱਕਣ ਤੋਂ ਬਾਅਦ ਵੀ, ਕੇਂਦਰ ਸਰਕਾਰ ਬੜੀ ਹੈਂਕੜ ਨਾਲ ਐਲਾਨ ਕਰ ਰਹੀ ਹੈ ਕਿ ਤਿੰਨਾਂ ‘ਚੋਂ ਕੋਈ ਵੀ ਕਾਨੂੰਨ ਵਾਪਸ ਨਹੀਂ ਲਿਆ ਜਾਵੇਗਾ। ਇਹ ਅਸਾਂ ਮਜ਼ਦੂਰਾਂ ਤੇ ਕਿਸਾਨਾਂ ਦੇ ਹੌਸਲੇ ਢਾਹੁਣਾ ਚਾਹੁੰਦੀ ਹੈ। ਇਹ ਆਸਾਂ ਲਾਈ ਬੈਠੀ ਹੈ ਕਿ ਕੜਾਕੇ ਦੀ ਠੰਡ ਅਤੇ ਜੋਰਾਂ ਦਾ ਮੀਂਹ ਸਾਨੂੰ ਆਪਣਾ ਸੰਘਰਸ਼ ਛੱਡ ਦੇਣ ਲਈ ਮਜਬੂਰ ਕਰ ਦੇਵੇਗਾ। ਰਾਜ ਦੀਆਂ ਏਜੰਸੀਆਂ, ਕਿਸਾਨ ਅੰਦੋਲਨ ਨੂੰ ਅੱਡੋ-ਫਾੜ ਕਰਨ ਦਾ ਆਪਣਾ ਪਰਖਿਆ ਹੋਇਆ ਢੰਗ ਵਰਤ ਰਹੀਆਂ ਹਨ। ਇਨ੍ਹਾਂ ਨੀਚ ਕੋਸ਼ਿਸ਼ਾਂ ਦੇ ਸਾਹਮਣੇ, ਕਿਸਾਨ ਜਥੇਬੰਦੀਆਂ ਨੇ ਆਪਣੀ ਏਕਤਾ ਨੂੰ ਮਹਿਫੂਜ਼ ਰੱਖਿਆ ਹੈ ਅਤੇ ਆਪਣਾ ਸੰਘਰਸ਼ ਜਾਰੀ ਰੱਖਿਆ ਹੈ। ਇਸ ਸੰਘਰਸ਼ ਦੇ ਦੁਰਾਨ 70 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੇ ਲੋਕਾਂ ਦੇ ਹੌਸਲੇ ਨੂੰ ਹੋਰ ਵੀ ਮਜਬੂਤ ਬਣਾ ਦਿੱਤਾ ਹੈ। ੳਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ: “ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਸੰਘਰਸ਼ ਜਾਰੀ ਰਹੇਗਾ!”

ਅਸੀਂ ਮਿਹਨਤਕਸ਼ ਲੋਕ, ਸਮਾਜ ਦੀਆਂ ਪਦਾਰਥਕ ਲੋੜਾਂ ਪੂਰੀਆਂ ਕਰਨ ਵਾਸਤੇ ਸਭ ਕੁੱਝ ਪੈਦਾ ਕਰਕੇ ਆਪਣਾ ਕਰਤੱਵ ਨਿਭਾਉਂਦੇ ਹਾਂ। ਮੌਜੂਦਾ ਰਾਜ, ਕੰਮ ਕਰਨ ਵਾਲਿਆਂ ਵਾਸਤੇ ਸੁਰੱਖਿਅਤ ਰੋਜ਼ਗਾਰ ਯਕੀਨੀ ਬਣਾਉਣ ਦਾ ਆਪਣਾ ਕਰਤੱਵ ਨਹੀਂ ਨਿਭਾ ਰਿਹਾ। ਸਗੋਂ ਉਲਟਾ, ਇਹ ਸਾਡੇ ਰੋਜ਼ਗਾਰ ਦੀ ਬਲ਼ੀ ਚੜ੍ਹਾ ਕੇ, ਅਜਾਰੇਦਾਰ ਸਰਮਾਏਦਾਰੀ ਦੀ ਮੁਨਾਫਿਆਂ ਦੀ ਭੁੱਖ ਪੂਰੀ ਕਰਨ ਪ੍ਰਤੀ ਵਚਨਬੱਧ ਹੈ। ਕਾਨੂੰਨ, ਮੁੱਠੀਭਰ ਮਹਾਂ ਧਨਾਢ ਘਰਾਣਿਆਂ ਅਤੇ ਉਨ੍ਹਾਂ ਦੇ ਬਦੇਸ਼ੀ ਜੋਟੀਦਾਰਾਂ ਦੇ ਲਾਲਚਾਂ ਨੂੰ ਪੂਰੇ ਕਰਨ ਵਾਸਤੇ ਬਣਾਏ ਜਾਂਦੇ ਹਨ। ਅਸੀਂ ਇਸ ਅਧਰਮੀ ਰਾਜ ਨੂੰ ਖ਼ਤਮ ਕਰਨ ਲਈ ਲੜ ਰਹੇ ਹਾਂ। ਅਸੀਂ ਧਰਮ ਵਾਸਤੇ, ਜਾਣੀ ਕਿ ਇੱਕ ਅਜਿਹਾ ਰਾਜ ਸਥਾਪਤ ਕਰਨ ਵਾਸਤੇ ਲੜ ਰਹੇ ਹਾਂ, ਜਿਹੜਾ ਸਭਨਾਂ ਲਈ ਸੁੱਖ ਅਤੇ ਸੁਰੱਖਿਆ ਯਕੀਨੀ ਬਣਾਵੇ।

ਸ਼ਹੀਦ ਭਗਤ ਸਿੰਘ ਨੇ ਕਿਹਾ ਸੀ:

“ਸਾਡਾ ਸੰਘਰਸ਼ ਉਤਨੀ ਦੇਰ ਜਾਰੀ ਰਹੇਗਾ ਜਿਤਨੀ ਦੇਰ ਮੁੱਠੀਭਰ ਲੋਕ, ਭਾਵੇਂ ਉਹ ਬਦੇਸ਼ੀ ਹੋਣ ਜਾਂ ਦੇਸੀ, ਜਾਂ ਦੋਵਾਂ ਦਾ ਮਿਲਗੋਭਾ, ਸਾਡੇ ਦੇਸ਼ ਦੀ ਮੇਹਨਤ ਅਤੇ ਕੁਦਰਤੀ ਸਾਧਨਾਂ ਦੀ ਲੁੱਟ ਜਾਰੀ ਰੱਖਣਗੇ। ਕੋਈ ਵੀ ਤਾਕਤ ਸਾਨੂੰ ਇਸ ਸੰਘਰਸ਼ ਤੋਂ ਮੋੜ ਨਹੀਂ ਸਕੇਗੀ”।

ਅਜ਼ਾਦੀ ਸੰਘਰਸ਼ ਦੇ ਦੁਰਾਨ, ਸਾਡੇ ਦੇਸ਼ਭਗਤ ਅਤੇ ਇਨਕਲਾਬੀ ਸ਼ਹੀਦਾਂ ਨੇ, ਬਰਤਾਨਵੀ ਸਰਮਾਏਦਾਰੀ ਦੇ ਬਸਤੀਵਾਦੀ ਰਾਜ ਦੀ ਥਾਂ ‘ਤੇ ਮਜ਼ਦੂਰ-ਕਿਸਾਨ ਹਕੂਮਤ ਸਥਾਪਤ ਕਰਨ ਵਾਸਤੇ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਬਰਤਾਨਵੀਆਂ ਵਲੋਂ ਸਥਾਪਤ ਕੀਤੇ ਸਿਆਸੀ ਸੰਸਥਾਨਾਂ ਅਤੇ ਕਾਨੂੰਨਾਂ ਨੂੰ ਅਪਣਾਉਣ ਦੇ ਖਿਆਲ ਠੁਕਰਾ ਦਿੱਤੇ ਸਨ। ਉਨ੍ਹਾਂ ਦਾ ਅਟੱਲ ਵਿਸ਼ਵਾਸ਼ ਸੀ ਕਿ ਇਸ ਸਾਰੇ ਢਾਂਚੇ ਨੂੰ ਜੜ੍ਹੋਂ ਉਖਾੜ ਕੇ ਬਾਹਰ ਸੁੱਟ ਦੇਣਾ ਅਤੇ ਇੱਕ ਨਵੇਂ ਢਾਂਚੇ ਦੀ ਬੁਨਿਆਦ ਰੱਖਣੀ ਜ਼ਰੂਰੀ ਹੈ। ਇਸ ਵਿਸ਼ਵਾਸ਼ ਨੂੰ ਅਧਾਰ ਮੰਨ ਕੇ, ਉਨ੍ਹਾਂ ਨੇ ਸਰਮਾਏਦਾਰ ਜਮਾਤਾਂ ਵਲੋਂ ਵਕਾਲਤ ਕੀਤੇ ਜਾਣ ਵਾਲੇ ਰਾਹ ਨੂੰ ਠੁਕਰਾ ਦਿੱਤਾ, ਜੋ ਕਿ ਬਰਤਾਨਵੀ ਹਾਕਮਾਂ ਤੋਂ ਬਸਤੀਵਾਦੀ ਢਾਂਚੇ ਦੇ ਅੰਦਰ ਹੀ ਕੱੁਝ ਹਿੰਦੋਸਤਾਨੀਆਂ ਵਾਸਤੇ ਥਾਂ ਬਣਾਏ ਜਾਣ ਲਈ ਭੀਖ ਮੰਗਣ ਦਾ ਰਾਹ ਸੀ।

ਦੂਸਰੀ ਵਿਸ਼ਵ ਜੰਗ ਦੇ ਅੰਤ ਤੋਂ ਬਾਅਦ, ਬਰਤਾਨਵੀ ਹਾਕਮਾਂ ਦੇ ਸਾਹਮਣੇ ਇਹ ਦ੍ਰਿਸ਼ ਉਗਮ ਚੁੱਕਾ ਸੀ ਕਿ ਹੁਣ ਹਿੰਦੋਸਤਾਨ ਵਿੱਚ ਇਨਕਲਾਬ ਆਵੇਗਾ। ਇਸ ਸੰਭਾਵਨਾ ਨੂੰ ਰੋਕਣ ਲਈ ਉਨ੍ਹਾਂ ਨੇ ਗ਼ੱਦਾਰ ਹਿੰਦੋਸਤਾਨੀ ਸਰਮਾਏਦਾਰੀ ਨਾਲ ਸੌਦਾ ਕੀਤਾ ਅਤੇ ਉਸਨੂੰ ਸੱਤਾ ਸੌਂਪ ਦਿੱਤੀ। ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਲੋਟੂ ਢਾਂਚੇ ਦਾ ਖਾਤਮਾ ਕਰਨ ਦੀਆਂ ਤਾਂਘਾਂ ਨਾਲ ਇੱਕ ਬਹੁਤ ਵੱਡੀ ਗ਼ੱਦਾਰੀ ਹੋਈ।

ਪਿਛਲੇ 73 ਸਾਲਾਂ ਵਿੱਚ ਇਸ ਗ਼ੱਦਾਰ ਸਰਮਾਏਦਾਰ ਜਮਾਤ ਨੇ, ਬਦੇਸ਼ੀ ਸਰਮਾਏਦਾਰਾਂ ਨਾਲ ਸਹਿਯੋਗ ਕਰਦਿਆਂ ਅਤੇ ਉਨ੍ਹਾਂ ਦਾ ਮੁਕਾਬਲਾ ਕਰਦਿਆਂ, ਆਪਣਾ ਅਜੰਡਾ ਲਾਗੂ ਕੀਤਾ ਹੈ। ਆਪਣੇ ਸਮਾਜ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ਦੇ ਫੈਸਲੇ ਲਏ ਜਾਣ ਵਿੱਚ ਸਾਨੂੰ ਬਿੱਲਕੁਲ ਹੀ ਨਹੀਂ ਪੁਛਿਆ ਜਾਂਦਾ।

ਆਰਥਿਕਤਾ ਦੀ ਦਿਸ਼ਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵੱਲ ਨਹੀਂ ਹੈ। ਇਸ ਦੇ ਉਲਟ, ਇਹ ਦਿਸ਼ਾ 150 ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੇ ਅਮਿੱਟ ਲਾਲਚਾਂ ਨੂੰ ਪੂਰੇ ਕਰਨ ਵੱਲ ਹੈ, ਜਿਹੜੇ ਸਰਮਾਏਦਾਰ ਜਮਾਤ ਦੇ ਮੁਖੀ ਹਨ। ਆਪਣੀਆਂ ਨਿੱਜੀ ਜਾਇਦਾਦਾਂ ਨੂੰ ਕੰਟਰੋਲ ਕਰਨ ਦੇ ਨਾਲ ਨਾਲ, ਅਜਾਰੇਦਾਰ ਸਰਮਾਏਦਾਰ, ਰਾਜ ਦੀ ਮਾਲਕੀ (ਸਰਕਾਰੀ) ਵਾਲੇ ਅਦਾਰਿਆਂ ਨੂੰ ਵੀ ਸਾਂਝੇ ਤੌਰ ਉੱਤੇ ਕੰਟਰੋਲ ਕਰਦੇ ਹਨ। ਜਦੋਂ ਉਨ੍ਹਾਂ ਨੂੰ ਆਪਣੇ ਨਿੱਜੀ ਕਾਰੋਬਾਰਾਂ ਦਾ ਵਿਕਾਸ ਕਰਨ ਲਈ ਲੋੜ ਸੀ, ਤਾਂ ਉਨ੍ਹਾਂ ਨੇ ਸਰਬਜਨਕ ਖੇਤਰ ਸਥਾਪਤ ਕਰਨ ਲਈ ਸਰਕਾਰੀ ਫੰਡਾਂ ਦੀ ਵਰਤੋਂ ਕੀਤੀ; ਹੁਣ ਉਹ ਆਪਣੇ ਮੁਨਾਫੇ ਵੱਧ ਤੋਂ ਵੱਧ ਕਰਨ ਲਈ ਇਨ੍ਹਾਂ ਸਰਬਜਨਕ ਅਸਾਸਿਆਂ ਦਾ ਨਿੱਜੀਕਰਣ ਕਰਵਾ ਰਹੇ ਹਨ।

ਸਾਡੇ ਦੇਸ਼ ਦੇ ਸਰਮਾਏਦਾਰੀ ਨੇ, ਬਰਤਾਨਵੀਆਂ ਵਲੋਂ ਪਿੱਛੇ ਛੱਡੇ ਗਏ ਸਿਆਸੀ ਢਾਂਚੇ ਨੂੰ ਬਰਕਰਾਰ ਰੱਖਿਆ ਅਤੇ ਇਸਨੂੰ ਹੋਰ ਨਿਪੁੰਨ ਬਣਾਇਆ, ਜੋ (ਢਾਂਚਾ) ਸੰਸਦ ਦੇ ਵੈਸਟਮਨਿਸਟਰ ਨਮੂਨੇ ਦੀ ਨਕਲ ਹੈ। ਇਹ ਢਾਂਚਾ, ਲੋਕਾਂ ਦੀ ਇੱਕ ਬਹੁਤ ਬੜੀ ਬਹੁਗਿਣਤੀ ਨੂੰ ਸਿਆਸੀ ਸੱਤਾ ਤੋਂ ਲਾਂਭੇ ਰੱਖਦਾ ਹੈ। ਲੋਕਾਂ ਦੀ ਭੂਮਿਕਾ ਸਿਰਫ ਉਨ੍ਹਾਂ ਉਮੀਦਵਾਰਾਂ ਵਿਚੋਂ ਕਿਸੇ ਇੱਕ ਨੂੰ ਪੰਜਾਂ ਸਾਲਾਂ ਵਿੱਚ ਇੱਕ ਬਾਰ ਵੋਟ ਪਾਉਣ ਤਕ ਸੀਮਤ ਹੈ, ਜਿਹੜੇ (ਉਮੀਦਵਾਰ) ਮੁੱਖ ਤੌਰ ਉੱਤੇ ਸਰਮਾਏਦਾਰਾਂ ਦੀਆਂ ਪਾਰਟੀਆਂ ਵਲੋਂ ਖੜ੍ਹੇ ਕੀਤੇ ਜਾਂਦੇ ਹਨ। ਜਦੋਂ ਉਹ ਚੁਣੇ ਜਾਂਦੇ ਹਨ ਤਾਂ “ਲੋਕਾਂ ਦੇ ਪ੍ਰਤੀਨਿਧ” ਉਨ੍ਹਾਂ ਲੋਕਾਂ ਪ੍ਰਤੀ ਜਵਾਬਦੇਹ ਨਹੀਂ ਰਹਿੰਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆਂ ਹੁੰਦਾ ਹੈ।

ਸੱਤਾ ਉੱਤੇ ਕਾਬਜ਼, ਸਰਮਾਏਦਾਰ ਜਮਾਤ ਇਸ ਵਕਤ ਉਦਾਰੀਕਰਣ ਅਤੇ ਨਿੱਜੀਕਰਣ ਦਾ ਆਪਣਾ ਲੋਕ-ਵਿਰੋਧੀ ਅਜੰਡਾ ਲਾਗੂ ਕਰਨ ਲਈ ਭਾਜਪਾ ਉਪਰ ਨਿਰਭਰ ਕਰ ਰਹੀ ਹੈ। ਜਦੋਂ ਭਾਜਪਾ ਬਦਨਾਮ ਹੋ ਗਈ ਤਾਂ ਉਹ ਇਸੇ ਰਾਹ ਉੱਤੇ ਚੱਲਦੇ ਰਹਿਣ ਲਈ ਕਿਸੇ ਹੋਰ ਪਾਰਟੀ ਦੀ ਵਰਤੋਂ ਕਰਨਗੇ। ਮੌਜੂਦਾ ਢਾਂਚੇ ਦੇ ਅੰਦਰ ਚੋਣਾਂ ਨੂੰ ਸਰਮਾਏਦਾਰੀ ਦੀ ਤਾਨਾਸ਼ਾਹੀ ਨੂੰ ਜਾਇਜ਼ ਠਹਿਰਾਉਣ ਲਈ ਵਰਤਿਆ ਜਾਂਦਾ ਹੈ। ਜਿਸ ਵੀ ਪਾਰਟੀ ਦੀ ਸਰਕਾਰ ਬਣਦੀ ਹੈ, ਉਹ ਅਜਾਰੇਦਾਰ ਘਰਾਣਿਆਂ ਵਲੋਂ ਪਹਿਲਾਂ ਹੀ ਤੈਅ ਕੀਤੇ ਗਏ ਅਜੰਡੇ ਨੂੰ ਲਾਗੂ ਕਰਦੀ ਹੈ। ਇਸ ਲਈ ਸਾਨੂੰ ਆਪਣਾ ਸੰਘਰਸ਼ ਕੇਵਲ ਭਾਜਪਾ ਨੂੰ ਹਟਾਉਣ ਦੇ ਮਕਸਦ ਨਾਲ ਹੀ ਨਹੀਂ, ਬਲਕਿ ਸਰਮਾਏਦਾਰੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਮਕਸਦ ਨਾਲ ਚਲਾਉਣਾ ਚਾਹੀਦਾ ਹੈ।

ਸਰਮਾਏਦਾਰੀ ਦੇ ਵਿਕਾਸ ਨੇ ਪਹਿਲਾਂ ਹੀ ਕ੍ਰੋੜਾਂ ਹੀ ਲੋਕਾਂ ਨੂੰ ਵੇਤਨਭੋਗੀ ਮਜ਼ਦੂਰ ਬਣਾ ਦਿੱਤਾ ਹੈ, ਜਿਨ੍ਹਾਂ ਦੇ ਕੋਲ ਉਤਪਾਦਨ ਦੇ ਆਪਣੇ ਕੋਈ ਸਾਧਨ ਨਹੀਂ ਹਨ। ਹੁਣ, ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰ ਕੰਪਨੀਆਂ ਦੀਆਂ ਲਾਲਚੀ ਨਜ਼ਰਾਂ ਕਿਸਾਨਾਂ ਦੀ ਉਪਜ ਅਤੇ ਜ਼ਮੀਨ ਉੱਤੇ ਹਨ। ਇਸ ਇੱਕ ਬਹੁਤ ਹੀ ਬੜੀ ਮੰਡੀ ਵਿਚੋਂ ਵੱਧ ਤੋਂ ਵੱਧ ਮੁਨਾਫੇ ਬਣਾਉਣ ਲਈ, ਉਹ ਖੇਤੀ ਉਤਪਾਦਾਂ ਦੀ ਪੈਦਾਵਾਰ, ਵਪਾਰ ਅਤੇ ਭੰਡਾਰਨ ਨੂੰ ਆਪਣੇ ਕੰਟਰੋਲ ਹੇਠ ਲਿਆਉਣਾ ਚਾਹੁੰਦੇ ਹਨ।

ਅਸੀਂ ਉਨ੍ਹਾਂ ਅੰਸਰਾਂ ਨਾਲ ਆਪਣਾ ਹਿਸਾਬ-ਕਿਤਾਬ ਬਰਾਬਰ ਕਰ ਲਈਏ, ਜਿਨ੍ਹਾਂ ਨੇ ਸੱਤਾ ਉੱਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਸਾਨੂੰ ਸਭ ਨੂੰ ਲੁੱਟ ਰਹੇ ਹਨ। ਆਪਣੀ ਧਰਤ ਅਤੇ ਮੇਹਨਤ ਦੀ ਲੁੱਟ ਅਤੇ ਡਕੈਤੀ ਕਰ ਰਹੀ ਇਸ ਜਮਾਤ ਨੂੰ ਸੱਤਾ ਤੋਂ ਹਟਾਉਣ ਦਾ ਵਕਤ ਆ ਪਹੁੰਚਾ ਹੈ।

ਦਿੱਲੀ ਦੀਆਂ ਸੀਮਾਵਾਂ ਉੱਤੇ, ਨਵੇਂ ਹਿੰਦੋਸਤਾਨ ਦੀ ਝਲਕ ਦਿਖਾਈ ਦੇ ਰਹੀ ਹੈ। ਵਿਰੋਧ ਪ੍ਰਦਰਸ਼ਨਾਂ ਵਾਲੀਆਂ ਥਾਵਾਂ ਇਸ ਗੱਲ ਦੀ ਨਵੀਂ ਮਿਸਾਲ ਹਨ ਕਿ ਕਿਵੇਂ ਲੋਕ ਆਪਣਾ ਰਾਜ ਚਲਾ ਸਕਦੇ ਹਨ ਅਤੇ ਦੇਸ਼ ਦੀ ਸਰਮਾਏਦਾਰ ਜਮਾਤ ਅਤੇ ਉਸਦੇ ਸਿਆਸਤਦਾਨਾਂ ਨਾਲੋਂ ਕਿਤੇ ਵੱਧ ਵਧੀਆ ਢੰਗ ਨਾਲ ਚਲਾ ਰਹੇ ਹਨ।

ਪੂੰਜੀਵਾਦੀ ਅਰਥਸ਼ਾਸਤਰੀ ਅਤੇ ਸਾਮਰਾਜਵਾਦ ਦੇ ਹੋਰ ਸਿਧਾਂਤਕਾਰ ਇਹ ਵਿਚਾਰ ਫੈਲਾ ਰਹੇ ਹਨ ਕਿ ਪੂੰਜੀਵਾਦੀ ਬਜ਼ਾਰ ਵਿੱਚ ਹਰ ਇੱਕ ਨੂੰ ਆਪਣਾ ਖਿਆਲ ਆਪ ਰੱਖਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਵੱਧ ਤੋਂ ਵੱਧ ਨਿੱਜੀ ਮੁਨਾਫੇ ਬਣਾਉਣਾ, ਗਲ-ਕੱਟਵੀਂ ਮੁਕਾਬਲੇਬਾਜ਼ੀ ਅਤੇ ਸਿਰੇ ਦਾ ਸੁਆਰਥੀ ਵਰਤਾਓ “ਮਨੁੱਖੀ ਫਿਤਰਤ (ਖਾਸਾ)” ਹੈ। ਪਰ ਮਜ਼ਦੂਰ ਅਤੇ ਕਿਸਾਨ ਇੱਕ ਉੱਤਮ ਖਾਸੇ ਦੀ ਨੁਮਾਇਸ਼ ਕਰ ਰਹੇ ਹਨ। ਉਹ ਸਭਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਸੀ ਸਹਿਯੋਗ ਉੱਤੇ ਅਧਾਰਿਤ ਨਿਰ-ਸੁਆਰਥ ਸੇਵਾ ਦੇ ਜ਼ਿੰਦਾਦਿਲ ਸੁਭਾਅ ਦੀ ਨੁਮਾਇਸ਼ ਕਰ ਰਹੇ ਹਨ।

ਮਜ਼ਦੂਰ ਅਤੇ ਕਿਸਾਨ ਇਹ ਦਿਖਾ ਰਹੇ ਹਨ ਕਿ ਉਹ ਦੇਸ਼ ਦਾ ਰਾਜ ਚਲਾਉਣ ਦੀ ਕਾਬਲੀਅਤ ਰੱਖਦੇ ਹਨ। ਦੂਸਰੇ ਪਾਸੇ, ਸਰਮਾਏਦਾਰ ਜਮਾਤ ਨੇ ਦਿਖਾ ਦਿੱਤਾ ਹੈ ਕਿ ਉਹ ਰਾਜ ਕਰਨ ਦੇ ਨਕਾਬਲ ਹੈ। ਹਿੰਦੋਸਤਾਨੀ ਸਮਾਜ ਨੂੰ ਅੱਗੇ ਵਧਾਉਣ ਲਈ ਇਹ ਜਰੂਰੀ ਹੈ ਕਿ ਸਰਮਾਏਦਾਰਾ ਜਮਾਤ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕੀਤਾ ਜਾਵੇ।

ਸਾਨੂੰ, ਮਜ਼ਦੂਰਾਂ ਅਤੇ ਕਿਸਾਨਾਂ ਨੂੰ, ਲਾਜ਼ਮੀ ਹੀ ਉਤਪਾਦਨ ਅਤੇ ਲੈਣ ਦੇਣ ਦੇ ਪ੍ਰਮੁੱਖ ਸਾਧਨ ਸਰਮਾਏਦਾਰਾਂ ਦੇ ਹੱਥਾਂ ਵਿਚੋਂ ਆਪਣੇ ਹੱਥਾਂ ਵਿੱਚ ਲੈਣ ਲਈ ਜਥੇਬੰਦ ਕਰਨਾ ਚਾਹੀਦਾ ਹੈ। ਸਾਨੂੰ ਇਹ ਸਭ ਕੁਝ, ਸਮਾਜ ਦੀ ਮਾਲਕੀ ਅਤੇ ਕੰਟਰੋਲ ਹੇਠ, ਜਾਣੀ ਸਾਡੇ ਸਭ ਦੇ ਸਾਂਝੇ ਕੰਟਰੋਲ ਹੇਠ, ਲਿਆਉਣਾ ਚਾਹੀਦਾ ਹੈ।

ਸਾਨੂੰ ਸਰਮਾਏਦਾਰੀ ਦੀ ਹਕੂਮਤ ਵਾਲੇ ਮੌਜੂਦਾ ਰਾਜ ਦੀ ਥਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਵਾਲਾ ਨਵਾਂ ਰਾਜ ਸਥਾਪਤ ਕਰਨ ਦੀ ਜ਼ਰੂਰਤ ਹੈ। ਸਾਨੂੰ ਜਮਹੂਰੀਅਤ ਦੇ ਮੌਜੂਦਾ ਢਾਂਚੇ ਦੀ ਥਾਂ ਇੱਕ ਆਧੁਨਿਕ ਢਾਂਚਾ ਸਥਾਪਤ ਕਰਨ ਦੀ ਜ਼ਰੂਰਤ ਹੈ, ਜਿਸ ਵਿੱਚ ਮੇਹਨਤਕਸ਼ ਬਹੁ-ਗਿਣਤੀ, ਸਿਆਸੀ ਤਾਕਤ ਦਾ ਇਸਤੇਮਾਲ ਕਰ ਸਕੇ। ਅਸੀਂ ਇਸ ਗੱਲ ਦੇ ਸਮਰੱਥ ਹੋਣੇ ਚਾਹੀਦੇ ਹਾਂ ਕਿ ਅਸੀਂ ਅਜੇਹੇ ਕਾਨੂੰਨ ਬਣਾ ਸਕੀਏ, ਜੋ ਕਿਸੇ ਵੀ ਨਿੱਜੀ ਹਿੱਤ ਵਲੋਂ, ਭਾਵੇਂ ਉਹ ਹਿੰਦੋਸਤਾਨੀ ਹੋਵੇ ਜਾਂ ਬਦੇਸ਼ੀ, ਸਾਡੇ ਕੁਦਰਤੀ ਸਾਧਨਾਂ ਦੀ ਲੁੱਟ ਅਤੇ ਡਕੈਤੀ ਦੀ ਮਨਾਹੀ ਕਰਨ। ਕੇਵਲ ਇਸ ਤਰ੍ਹਾਂ ਹੀ ਸਭਨਾਂ ਦੀ ਖੁਸ਼ਹਾਲੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਆਉਂਦੇ ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਆਪਣੇ ਸੰਘਰਸ਼ ਨੂੰ ਤੇਜ ਕਰਨ ਦਾ ਐਲਾਨ ਕੀਤਾ ਹੈ; ਉਨ੍ਹਾਂ ਨੇ ਐਲਾਨ ਕੀਤਾ ਹੈ ਉਹ ਗਣਤੰਤਰ ਦਿਵਸ ਦੇ ਮੌਕੇ, 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਉੱਤੇ ਇੱਕ ਟ੍ਰੈਕਟਰ ਰੈਲੀ ਜਥੇਬੰਦ ਕਰਨਗੇ। ਕਮਿਉਨਿਸਟ ਗ਼ਦਰ ਪਾਰਟੀ, ਦੇਸ਼ ਭਰ ਦੇ ਲੋਕਾਂ ਨੂੰ ਇਸ ਸੰਘਰਸ਼ ਦੀ ਸਫਲਤਾ ਵਾਸਤੇ ਕੰਮ ਕਰਨ ਦੀ ਅਪੀਲ ਕਰਦੀ ਹੈ।

ਅਸੀਂ, ਮਿਹਨਤਕਸ਼ ਬਹੁ-ਗਿਣਤੀ ਲੋਕ ਇੱਕ ਧਰਮ-ਯੁੱਧ ਲੜ ਰਹੇ ਹਾਂ। ਇਹ ਸੰਘਰਸ਼ ਮੌਜੂਦਾ ਅਧਰਮੀ ਰਾਜ ਦੇ ਖ਼ਿਲਾਫ਼ ਹੈ, ਜਿਹੜਾ ਸਿਰਫ ਇੱਕ ਛੋਟੀ ਜਿਹੀ ਅਲਪ-ਸੰਖਿਆ ਦੀ ਖੁਸ਼ਹਾਲੀ ਦੀ ਹੀ ਗਰੰਟੀ ਦਿੰਦਾ ਹੈ। ਇਹ ਸੰਘਰਸ਼ ਇੱਕ ਅਜਿਹਾ ਗਣਰਾਜ ਸਥਾਪਤ ਕਰਨ ਵਾਸਤੇ ਹੈ, ਜਿਹੜਾ ਧਰਮ ਦੀ ਪਾਲਣਾ ਕਰਦਾ ਹੈ ਅਤੇ ਸਮਾਜ ਦੇ ਸਭ ਮੈਂਬਰਾਂ ਦੇ ਸੁੱਖ ਅਤੇ ਸੁਰੱਖਿਆ ਦੀ ਗਰੰਟੀ ਦਿੰਦਾ ਹੈ।

ਤਿੰਨੋਂ ਕਿਸਾਨ-ਵਿਰੋਧੀ ਕਾਨੂੰਨ ਰੱਦ ਕਰੋ!

ਮਜ਼ਦੂਰ-ਕਿਸਾਨ ਏਕਤਾ ਜ਼ਿੰਦਾਬਾਦ!

ਮਜ਼ਦੂਰਾਂ-ਕਿਸਾਨਾਂ ਦਾ ਰਾਜ ਸਥਾਪਤ ਕਰਨ ਦੇ ਸੰਘਰਸ਼ ਨੂੰ ਅੱਗੇ ਵਧਾਓ!

ਇਨਕਲਾਬ ਜ਼ਿੰਦਾਬਾਦ!


ਇਸ ਬਿਆਨ ਦੀ ਪੀ.ਡੀ.ਐਫ. ਡਾਉਨਲੋਡ ਕਰਨ ਦੇ ਲਈ ਕਲਿਕ ਕਰੋ:
ਇਹ ਧਰਮ-ਯੁੱਧ ਹੈ ਮਜ਼ਦੂਰਾਂ ਅਤੇ ਕਿਸਾਨਾਂ ਦਾ, ਅਧਰਮੀ ਰਾਜ ਦੇ ਖ਼ਿਲਾਫ਼

Share and Enjoy !

0Shares
0

Leave a Reply

Your email address will not be published. Required fields are marked *