ਏਅਰ ਇੰਡੀਆ ਦੇ ਪਾਇਲਟਾਂ ਨੇ ਆਪਣੀ ਤਨਖ਼ਾਹ ਵਿੱਚ ਕਟੌਤੀ ਨੂੰ 5 ਫੀਸਦੀ ਘੱਟ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ

ਇਸ ਸਾਲ ਜੁਲਾਈ ਵਿੱਚ ਸਰਕਾਰ ਨੇ ਪਾਇਲਟਾਂ ਦੀ ਤਨਖਾਹ ਦੀ ਬਣਤਰ ਦਾ ਨਵਾਂ ਢਾਂਚਾ ਸ਼ੁਰੂ ਕੀਤਾ ਸੀ। ਇਸ ਢਾਂਚੇ ਦੇ ਮੁਤਾਬਿਕ ਏਅਰ ਇੰਡੀਆ ਦੇ ਪਾਇਲਟਾਂ ਦੀ ਤਨਖਾਹ ਵਿੱਚ 60 ਫੀਸਦੀ ਕਟੌਤੀ (40 ਫੀਸਦੀ ਕਟੌਤੀ ਤਨਖਾਹ ਵਿੱਚ ਅਤੇ 85 ਫੀਸਦੀ ਫਲਾਇੰਗ ਅਲਾਊਂਸ ਵਿੱਚ) ਸ਼ੁਰੂ ਕਰ ਦਿੱਤੀ ਸੀ, ਅਤੇ ਬਿਨ੍ਹਾਂ-ਤਨਖਾਹ ਛੁਟੀ ਦੀ ਨੀਤੀ ਵੀ ਲਾਗੂ ਕਰ ਦਿੱਤੀ ਸੀ। ਹੁਣ ਸਰਕਾਰ ਨੇ ਇਹ ਕਟੌਤੀ 5 ਫੀਸਦੀ ਘੱਟ ਕਰ ਦੇਣ ਦੀ ਪੇਸ਼ਕਸ਼ ਕੀਤੀ ਹੈ (ਜਾਣੀ ਕਿ 60 ਫੀਸਦੀ ਕਟੌਤੀ ਦੀ ਬਜਾਇ 55 ਫੀਸਦੀ)।

ਪਾਇਲਟਾਂ ਦੀਆਂ ਯੂਨੀਅਨਾਂ, ਇੰਡੀਅਨ ਪਾਇਲਟਸ ਗਿਲਡ ਅਤੇ ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ ਨੇ ਕਟੌਤੀ ਨੂੰ 5 ਫੀਸਦੀ ਘੱਟ ਕਰਨ ਦੀ ਸਰਕਾਰੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਸ ਢਾਂਚੇ ਨੂੰ ਬੇਹਤਰ ਨਾ ਬਣਾਇਆ ਤਾਂ ਉਹ ਹੜਤਾਲ਼ ਉਤੇ ਜਾਣ ਲਈ ਮਜਬੂਰ ਹੋ ਜਾਣਗੇ।

ਪਾਇਲਟਾਂ ਦੀਆਂ ਇਨ੍ਹਾਂ ਦੋਵਾਂ ਯੂਨੀਅਨਾਂ ਨੇ ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਨੂੰ 24 ਦਿਸੰਬਰ ਨੂੰ ਲਿਖੇ ਇੱਕ ਸਾਂਝੇ ਪੱਤਰ ਵਿੱਚ ਕਟੌਤੀ ਨੂੰ 5 ਫੀਸਦੀ ਘੱਟ ਕਰਨ ਦੀ ਪੇਸ਼ਕਸ਼ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਤਨਖਾਹ ਵਿੱਚ ਇਹ ਕਟੌਤੀ ਸਰਕਾਰ ਵਲੋਂ 6 ਮਹੀਨੇ ਪਹਿਲਾਂ ਠੋਸੀ ਗਈ ਸੀ। ਇਹ ਕਟੌਤੀ ਏਅਰ ਇੰਡੀਆ ਦੀਆਂ ਹੋਰ ਕੰਪਨੀਆਂ – ਏਅਰ ਇੰਡੀਆ ਐਕਸਪਰੈਸ ਅਤੇ ਅਲਾਇਐਂਸ ਏਅਰ – ਉੱਤੇ ਵੀ ਠੋਸੀ ਗਈ ਹੈ।

ਇਹ ਕਟੌਤੀ ਮੁੱਖ ਤੌਰ ‘ਤੇ ਫਲਾਇੰਗ ਅਲਾਊਂਸਾਂ ਉੱਤੇ ਲਾਗੂ ਕੀਤੀ ਗਈ ਹੈ। ਸੀਨੀਅਰ ਪਾਇਲਟਾਂ ਦੀ ਤਨਖਾਹ ਦਾ 70 ਫੀਸਦੀ ਅਤੇ ਜੂਨੀਅਰ ਪਾਇਲਟਾਂ ਦੀ ਤਨਖਾਹ ਦਾ 50 ਫੀਸਦੀ ਫਲਾਇੰਗ ਅਲਾਊਂਸ ਹੁੰਦੇ ਹਨ। ਅੰਤਿਮ ਨਤੀਜਾ ਉਨ੍ਹਾਂ ਦੀ ਤਨਖਾਹ ਵਿੱਚ 60-65 ਫੀਸਦੀ ਕਟੌਤੀ ਹੈ। ਪਾਇਲਟਾਂ ਦੀ ਕੁੱਲ ਤਨਖਾਹ ਦੇ ਤਿੰਨ ਅੰਗ ਹਨ – ਜਾਣੀ ਬੁਨਿਆਦੀ ਵੇਤਨ, ਫਲਾਇੰਗ ਅਲਾਉਂਸ ਅਤੇ ਅੰਤਰਰਾਸ਼ਟਰੀ ਲੇਓਵਰ ਅਲਾਉਂਸ। ਜਦੋਂ 25 ਮਾਰਚ 2020 ਨੂੰ ਤਮਾਮ ਕਮਰਸ਼ੀਅਲ ਉੜਾਨਾ ਬੰਦ ਕਰ ਦਿੱਤੀਆਂ ਗਈਆਂ ਸਨ ਤਾਂ ਉਸ ਵਕਤ ਪਾਇਲਟਾਂ ਨੂੰ ਫਰਵਰੀ ਅਤੇ ਮਾਰਚ ਮਹੀਨਿਆਂ ਦਾ ਇੰਟਰਨੈਸ਼ਨਲ ਲੇਓਵਰ ਅਲਾਊਂਸ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ।

ਪਾਇਲਟ ਤਨਖਾਹ ਵਿੱਚ ਇਸ ਕਟੌਤੀ ਨੂੰ ਬੇਇਨਸਾਫੀ ਸਮਝਦੇ ਹਨ। ਉਨ੍ਹਾਂ ਦਾ ਇਹ ਵਿਚਾਰ ਹੋਰ ਵੀ ਪੱਕਾ ਹੋ ਜਾਂਦਾ ਹੈ, ਜਦੋਂ ਉਹ ਦੇਖਦੇ ਹਨ ਕਿ ਏਅਰ ਇੰਡੀਆ ਦੀ ਉੱਚ ਮੈਨੇਜਮੈਂਟ ਨੇ ਖੁਦ ਬਹੁਤ ਥੋੜ੍ਹੀ ਕਟੌਤੀ ਕਰਾਈ ਹੈ। ਸੀਨੀਅਰ ਮੈਨੇਜਮੈਂਟ ਨੇ ਆਪਣੇ ਕੁੱਝ ਭੱਤਿਆਂ ਵਿਚ ਹੀ 20 ਫੀਸਦੀ ਕਟੌਤੀ ਕਰਵਾਈ ਹੈ, ਅਤੇ ਕੁੱਲ ਮਿਲਾ ਕੇ ਉਨ੍ਹਾਂ ਦੀ ਤਨਖਾਹ 3-5 ਫੀਸਦੀ ਤਕ ਘਟੀ ਹੈ। ਏਅਰਲਾਈਨ ਦੇ ਪਾਇਲਟ, ਸਾਰੇ ਕਰਮਚਾਰੀਆਂ ਲਈ ਇਕੋ ਜਿਹੀ ਕਟੌਤੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਸਿਤੰਬਰ ਵਿੱਚ ਉਨ੍ਹਾਂ ਨੇ ਸ਼ਹਿਰੀ ਉੜਾਨ ਮੰਤਰੀ ਨੂੰ ਮਿਲਕੇ ਆਪਣੀਆਂ ਸ਼ਿਕਾਇਤਾਂ ਦੱਸੀਆਂ ਸਨ ਅਤੇ ਉਨ੍ਹਾਂ ਨੂੰ ਰਾਹਤ ਦੇਣ ਦਾ ਵਾਇਦਾ ਕੀਤਾ ਗਿਆ ਸੀ। ਨਵੰਬਰ ਵਿੱਚ ਉਨ੍ਹਾਂ ਨੇ ਦੁਬਾਰਾ ਮੰਤਰੀ ਨੂੰ ਮਿਲਣ ਲਈ ਪੱਤਰ ਲਿਖਿਆ, ਪਰ ਉਨ੍ਹਾਂ ਦੀ ਕੋਸ਼ਿਸ਼ ਵਿਅਰਥ ਰਹੀ। ਅਕਤੂਬਰ ਤਕ ਹੋਰਨਾਂ ਏਅਰਲਾਈਨਾਂ ਨੇ ਤਨਖਾਹ ਵਿੱਚ ਕਟੌਤੀਆਂ ਨੂੰ ਵਾਪਸ ਲੈਣਾ ਸ਼ੁਰੂ ਕਰ ਦਿੱਤਾ, ਪਰ ਏਅਰ ਇੰਡੀਆ ਦੇ ਪਾਇਲਟਾਂ ਉਤੇ ਹੋਰ ਕਟੌਤੀਆਂ ਲਾਗੂ ਕਰ ਦਿੱਤੀਆਂ ਗਈਆਂ, ਜਿਸ ਨਾਲ ਉਨ੍ਹਾਂ ਦੀ ਤਨਖਾਹ ਵਿੱਚ ਕੁੱਲ ਮਿਲਾ ਕੇ 70 ਫੀਸਦੀ ਕਟੌਤੀ ਹੋ ਗਈ।

ਪਾਇਲਟ ਧਿਆਨ ਦੁਆਉਂਦੇ ਰਹੇ ਹਨ ਕਿ ਉਹ ਦੇਸ਼ ਪ੍ਰਤੀ ਆਪਣੀ ਜ਼ਿਮੇਵਾਰੀ ਪੂਰੀ ਬਚਨਬੱਧਤਾ ਨਾਲ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਨੇ ਨਾ ਕੇਵਲ ਬਦੇਸ਼ਾਂ ਵਿੱਚ ਫਸੇ ਹੋਏ ਹਿੰਦੋਸਤਾਨੀਆਂ ਨੂੰ ਵਾਪਸ ਲਿਆਉਣ ਲਈ ਉੜਾਨਾਂ ਭਰੀਆਂ ਹਨ, ਬਲਕਿ ਲਾਕਡਾਊਨ ਦੁਰਾਨ ਵਿਅਕਤੀਗਤ ਬਚਾਓ ਦਾ ਸਮਾਨ (ਪੀ ਪੀ ਈ) ਅਤੇ ਦਵਾਈਆਂ ਢੋਣ ਲਈ ਵੀ ਕੰਮ ਕਰਦੇ ਆਏ ਹਨ। ਉਨ੍ਹਾਂ ਨੇ ਇਹ ਕੰਮ ਵਾਇਰਸ ਲੱਗਣ ਦੇ ਖਤਰੇ ਦੇ ਬਾਵਯੂਦ ਨਿਭਾਇਆ ਅਤੇ ਤਨਖਾਹ ਤੋਂ ਬਗੈਰ ਆਪਣੇ ਰੋਟੇ ਬਦਲੇ ਹਨ।

ਕੋਵਿਡ-19 ਦੀ ਵਜ੍ਹਾ ਨਾਲ ਉਨ੍ਹਾਂ ਦੇ ਫੇਫੜਿਆਂ, ਦਿਮਾਗ ਅਤੇ ਦਿਲ ਨਾਲ ਸਬੰਧਤ ਅਸਰ ਕਾਰਨ, ਉਨ੍ਹਾਂ ਨੂੰ ਵਿੱਤੀ ਨੁਕਸਾਨ ਵੀ ਹੋਇਆ ਹੈ। 171 ਪਾਇਲਟ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਦੂਸਰੇ ਪਾਇਲਟ, ਜਿਹੜੇ ਇਸ ਬਿਮਾਰੀ ਤੋਂ ਬਚੇ ਰਹੇ, ਉਨ੍ਹਾਂ ਨੇ ਓਵਰਟਾਈਮ ਕੰਮ ਕਰਕੇ ਅਤੇ ਔਖੇ ਹੋ ਕੇ ਇਹ ਯਕੀਨੀ ਬਣਾਇਆ ਕਿ ਮਹਾਂਮਾਰੀ ਦੁਰਾਨ ਕੰਮ ਨਿਰਵਿਘਨ ਜਾਰੀ ਰਹੇ।

Share and Enjoy !

0Shares
0

Leave a Reply

Your email address will not be published. Required fields are marked *