ਰਾਜਸਥਾਨ ਵਿੱਚ ਰਾਮਗੜ੍ਹ ਕਸਬੇ ਦੀ ਘੁਮਾਰ ਧਰਮਸ਼ਾਲਾ ਵਿੱਚ, 23 ਦਸੰਬਰ ਨੂੰ ਕਿਸਾਨ ਦਿਵਸ ਦੇ ਮੌਕੇ ‘ਤੇ, ਕੇਂਦਰ ਸਰਕਾਰ ਦੇ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ ਵਿੱਚ, ਲੋਕ ਰਾਜ ਸੰਗਠਨ ਵਲੋਂ ਕਿਸਾਨ ਸਭਾ ਕੀਤੀ ਗਈ। ਇਸ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਦੁਰਾਨ ਸ਼ਹੀਦ ਹੋਏ 35 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸਤੋਂ ਬਾਦ ਕਿਸਾਨਾਂ ਦੀ ਦਸ਼ਾ ਅਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਦਾ ਅਯੋਜਨ ਕੀਤਾ ਗਿਆ।
ਵਿਚਾਰ ਗੌਸ਼ਟੀ ਵਿੱਚ, ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਹਾਲ ਹੀ ਵਿੱਚ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਨੇ ਸਮਝਾਇਆ ਕਿ ਬਸਤੀਬਾਦੀ ਅੰਗ੍ਰੇਜ਼ਾਂ ਤੋਂ ਅਜ਼ਾਦੀ ਮਿਲਣ ਤੋਂ ਬਾਦ, ਜੋ ਵੀ ਸਰਕਾਰ ਸੱਤਾ ਵਿੱਚ ਆਈ ਹੈ, ਉਹ ਬੜੇ-ਬੜੇ ਅਜਾਰੇਦਾਰ ਸਰਮਾਏਦਾਰਾਂ ਦੇ ਹਿੱਤਾਂ ਦੇ ਲਈ ਅਤੇ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹੀ ਕੰਮ ਕਰਦੀ ਆਈ ਹੈ। ਇਸ ਲਈ ਕਿਸਾਨਾਂ ਦੀ ਦਸ਼ਾ ਨਹੀਂ ਸੁਧਰੀ ਹੈ। ਅਨੇਕਾਂ ਪ੍ਰਕਾਰ ਦੀਆਂ ਸਮਿਤੀਆਂ ਗਠਿਤ ਕੀਤੀਆਂ ਗਈਆਂ, ਪ੍ਰੰਤੂ ਕਿਸਾਨਾਂ ਦੇ ਨਾਂ ‘ਤੇ ਕਾਰਪੋਰੇਟ ਘਰਾਣਿਆਂ ਦੀਆਂ ਤਜ਼ੌਰੀਆਂ ਭਰਨ ਦਾ ਕੰਮ ਹੀ ਹੁੰਦਾ ਰਿਹਾ ਹੈ, ਕਿਉਂਕਿ ਰਾਜ ਸੱਤਾ ਵਿੱਚ ਬੈਠੇ ਲੋਕ ਇਸ ਸਰਮਾਏਦਾਰ ਵਿਵਸਥਾ ਦੀ ਹੀ ਸੇਵਾ ਕਰਦੇ ਰਹੇ। ਆਮ ਲੋਕਾਂ ਦੇ ਲਈ ਰਾਜ ਸੱਤਾ ਵਿੱਚ ਕੋਈ ਜਗ੍ਹਾ ਨਹੀਂ ਹੈ।
ਵਿਚਾਰ ਗੋਸ਼ਟੀ ਵਿੱਚ, ਅਖਿਲ ਭਾਰਤੀ ਕਿਸਾਨ ਤਾਲਮੇਤਲ ਸਮਿਤੀ ਵਲੋਂ ਪੂਰੇ ਹਿੰਦੋਸਤਾਨ ਵਿੱਚ ਕੀਤੀ ਗਈ ਅਪੀਲ ਦੇ ਅਧਾਰ ‘ਤੇ ਇੱਕ ਦਿਨ ਦਾ ਵਰਤ ਰੱਖਿਆ ਗਿਆ। ਗ਼ੋਸ਼ਟੀ ਵਿੱਚ ਫ਼ੈਸਲਾ ਕੀਤਾ ਗਿਆ ਕਿ ਕਿਸਾਨ ਸੰਘਰਸ਼ ਤਾਲਮੇਲ ਸਮਿਤੀ ਨੂੰ, 27 ਦਸੰਬਰ ਨੂੰ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਮੌਕੇ ‘ਤੇ ਵਿਰੋਧ ਪ੍ਰਗਟ ਕਰਨ ਦੀ ਅਪੀਲ ਦੇ ਅਨੁਸਾਰ, ਕਾਲੀਆਂ ਪੱਟੀਆਂ ਬੰਨ੍ਹੀਆਂ ਜਾਣ ਅਤੇ ਥਾਲੀਆਂ ਖੜਕਾਈਆਂ ਜਾਣ। ਵਿਚਾਰ ਗੋਸ਼ਟੀ ਦੀ ਸਮਾਪਤੀ ਤੋਂ ਬਾਦ, ਸਰਵ ਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਤਿੰਨਾਂ ਹੀ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਬਿੱਲ ਦਾ ਡਟ ਕੇ ਵਿਰੋਧ ਕੀਤਾ ਜਾਵੇ ਅਤੇ ਫੌਰੀ ਮੰਗਾਂ ਦੇ ਸੰਘਰਸ਼ਾਂ ਵਿੱਚ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਦੀ ਅਪੀਲ ਕੀਤੀ ਜਾਵੇ। ਇਨ੍ਹਾਂ ਸੰਘਰਸ਼ਾਂ ਵਿੱਚ ਜਨਮਾਨਸ ਦੀ ਵਰਗ ਚੇਤਨਾ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਸਰਮਾਏਦਾਰੀ ਵਿਵਸਥਾ ਨੂੰ ਚੁਣੌਤੀ ਦਿੱਤੀ ਜਾ ਸਕੇ।
ਵਿਚਾਰ ਗ਼ੋਸ਼ਟੀ ਵਿੱਚ ਹਾਜ਼ਰ ਲੋਕਾਂ ਨੇ 27 ਦਸੰਬਰ ਤੋਂ ਬਾਦ ਦਿੱਲੀ ਦੇ ਸਿੰਘੂ ਬਾਰਡਰ ‘ਤੇ ਜਾ ਕੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਸੰਘਰਸ਼ ਦੇ ਲਈ ਸਮਰਥਨ ਪ੍ਰਗਟ ਕਰਨ ਦਾ ਵੀ ਨਿਰਣਾ ਲਿਆ।
ਵਿਚਾਰ ਗ਼ੋਸ਼ਟੀ ਨੂੰ ਸੰਬੋਧਨ ਕਰਨ ਵਾਲੇ ਬਲਾਰਿਆਂ ਵਿੱਚ ਪ੍ਰਮੁੱਖ ਸਨ – ਲੋਕਰਾਜ ਸੰਗਠਨ ਦੇ ਕੁੱਲ ਹਿੰਦ ਉਪ ਪ੍ਰਧਾਨ ਹਨੂਮਾਨ ਪ੍ਰਸਾਦ ਸ਼ਰਮਾ, ਡਾਕਟਰ ਕ੍ਰਿਸ਼ਣ ਨੋਖਵਾਲ, ਮਨੀ ਰਾਮ ਲਕੇਸ਼ਰ, ਓਮਸਾਗਰ, ਓਮਸ਼ਾਹੂ, ਸਾਬਕਾ ਸਰਪੰਚ ਸ਼ਲੈਂਦਰ ਕੁਮਾਰ, ਦਇਆ ਰਾਮ ਢੀਲ, ਖੇਤਾਰਾਮ ਸਿੰਗਾਠੀਆ, ਰਾਮ ਮੂਰਤੀ ਸਵਾਮੀ, ਨਰੇਸ਼ ਕੁਮਾਰ, ਆਦਿ।