ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਦੇਸ਼ ਭਰ ਵਿੱਚ ਥਾਂ ਥਾਂ ਪ੍ਰਦਰਸ਼ਨ

14 ਦਿਸੰਬਰ ਨੂੰ ਦੇਸ਼ ਭਰ ਵਿਚ ਲੱਖਾਂ ਹੀ ਕਿਸਾਨਾਂ ਵਲੋਂ ਆਪਣੇ ਆਪਣੇ ਜ਼ਿਲ੍ਹੇ ਅਤੇ ਸ਼ਹਿਰ ਵਿਚ, ਦਿੱਲੀ ਬਾਰਡਰ ਉਤੇ 26 ਨਵੰਬਰ ਤੋਂ ਧਰਨਾ ਦੇ ਰਹੇ ਆਪਣੇ ਕਿਸਾਨ ਭਰਾਵਾਂ ਅਤੇ ਭੈਣਾਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਮੁਜ਼ਾਹਰੇ ਕੀਤੇ ਗਏ।

ਰਾਜਸਥਾਨ ਦੀਆਂ ਕਿਸਾਨ ਯੂਨੀਅਨਾਂ ਨੇ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ 14 ਦਿਸੰਬਰ ਨੂੰ ਇੱਕ ਦਿਨ ਦੀ ਭੁੱਖ-ਹੜਤਾਲ਼ ਕੀਤੀ। ਰਾਜਸਥਾਨ ਅਤੇ ਹਰਿਆਣੇ ਦੇ ਕਿਸਾਨ, ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਲੀ-ਜੈਪੂਰ ਐਕਸਪਰੈਸ ਮਾਰਗ ਉੱਤੇ ਪਹੁੰਚ ਗਏ। ਉਨ੍ਹਾਂ ਨੇ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਨਾਅਰੇ ਲਾਏ ਅਤੇ ਹੱਥਾਂ ਵਿੱਚ ਕਾਨੂੰਨਾਂ ਦੀ ਵਿਰੋਧਤਾ ਵਾਲੇ ਪਲੇਕਾਰਡ ਫੜੇ ਹੋਏ ਸਨ। ਉਨ੍ਹਾਂ ਨੇ ਦਿੱਲੀ ਵੱਲ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ। ਪੂਰਾ ਦਿਨ ਆਲ ਇੰਡੀਆ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਮੁਜ਼ਾਹਰਕਾਰੀਆਂ ਦੇ ਸਾਹਮਣੇ ਤਕਰੀਰਾਂ ਹੁੰਦੀਆਂ ਰਹੀਆਂ। ਦਿੱਲੀ ਵੱਲ ਜਾ ਰਹੇ ਕਿਸਾਨਾਂ ਉਤੇ ਪੁਲੀਸ ਵਲੋਂ ਵਹਿਸ਼ੀ ਹਮਲੇ ਕੀਤੇ ਗਏ। ਪੁਲੀਸ ਨੇ ਉਨ੍ਹਾਂ ਦਾ ਰਸਤਾ ਰੋਕਣ ਲਈ ਦੋ ਪਣ-ਤੋਪਾਂ, ਇੱਕ ਕਰੇਨ, ਬੜੇ ਬੜੇ ਪੱਥਰਾਂ, ਟਰੱਕਾਂ ਆਦਿ ਦੀ ਵਰਤੋਂ ਕੀਤੀ।

ਪੱਛਮੀ ਉੱਤਰ ਪ੍ਰਦੇਸ਼ ਵਿਚ ਲੱਖਨਊ ਅਤੇ ਮਹਾਂਰਾਸ਼ਟਰ ਵਿੱਚ ਨਾਸ਼ਿਕ ਵਿੱਚ ਤਿੰਨ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਬਹੁਤ ਬੜੇ ਪ੍ਰਦਰਸ਼ਨ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਪ੍ਰਦਰਸ਼ਨ, ਭਾਰਤੀ ਕਿਸਾਨ ਯੂਨੀਅਨ ਅਤੇ ਕਿਸਾਨ-ਮਜ਼ਦੂਰ ਸੰਗਠਨ ਦੇ ਬੈਨਰ ਹੇਠ ਹੋਏ।

ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਹੈਡਕੁਆਟਰਾਂ ਉੱਤੇ ਇਕੱਠੇ ਹੋ ਕੇ 8 ਵਜੇ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤਕ ਇੱਕ-ਦਿਨਾ ਭੁੱਖ ਹੜਤਾਲ਼ ਕੀਤੀ। ਹਜ਼ਾਰਾਂ ਹੀ ਲੋਕਾਂ ਨੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਅਤੇ ਨਵੇਂ ਕਿਸਾਨ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ। ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਿਆ। ਕਿਸਾਨ ਬਿਜਨੌਰ, ਸ਼ਾਮਲੀ ਅਤੇ ਸਹਾਰਨਪੁਰ ਜ਼ਿਿਲ੍ਹਆਂ ਵਿੱਚ ਬੜੇ ਬੜੇ ਪੱਥਰਾਂ ਨਾਲ ਕੀਤੀ ਹੋਈ ਨਾਕਾਬੰਦੀ ਨੂੰ ਤੋੜ ਕੇ ਡੀ ਸੀ ਦੇ ਦਫਤਰਾਂ ਤਕ ਪਹੁੰਚਣ ਵਿੱਚ ਕਾਮਯਾਬ ਹੋਏ। ਕਈਆਂ ਥਾਵਾਂ ਉੱਤੇ ਪੁਲੀਸ ਨੇ ਡੰਡਿਆਂ ਅਤੇ ਪਣ-ਤੋਪਾਂ ਦੀ ਵਰਤੋਂ ਵੀ ਕੀਤੀ, ਪਰ ਕਿਸਾਨਾਂ ਨੂੰ ਰੋਕਿਆ ਨਾ ਜਾ ਸਕਿਆ।

ਦਿੱਲੀ-ਗਾਜ਼ੀਪੁਰ ਹੱਦ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵਿਖਾਵੇ ਵਿੱਚ 14 ਦਿਸੰਬਰ ਨੂੰ ਉੱਤਰਾਖੰਡ ਦੇ ਕਿਸਾਨ ਵੀ ਆ ਕੇ ਸ਼ਾਮਲ ਹੋ ਗਏ। ਮੱਧ-ਪ੍ਰਦੇਸ਼ ਅਤੇ ਗੁਜਰਾਤ ਤੋਂ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੇ ਹਰਿਆਣੇ ਵਿੱਚ ਇੱਕ ਮੁੱਖ ਮਾਰਗ ਨੂੰ ਪਲਵਲ ਸ਼ਹਿਰ ਨੇੜੇ ਬੰਦ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਪੁਰਾਣੇ ਤਜਰਬੇ ਨੂੰ ਦੇਖਦਿਆਂ ਸੜਕਾਂ ਉੱਤੇ ਉਤਰੇ ਹਨ ਅਤੇ ਉਨ੍ਹਾਂ ਦਾ ਇਹ ਪੱਕਾ ਯਕੀਨ ਹੈ ਕਿ ਨਵੇਂ ਫਾਰਮ ਕਾਨੂੰਨ ਉਨ੍ਹਾਂ ਨੂੰ ਮੂਲੋਂ ਹੀ ਖਤਮ ਕਰ ਦੇਣਗੇ।

ਤਾਮਿਲਨਾਡੂ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਹਜ਼ਾਰਾਂ ਕਿਸਾਨਾਂ ਨੇ ਜ਼ਿਲ੍ਹਾ ਕੁਲੈਕਟਰਾਂ ਦੇ ਦਫਤਰਾਂ ਤਕ ਮਾਰਚ ਕੀਤਾ। ਕਿਸਾਨਾਂ ਅਤੇ ਟਰੇਡ ਯੂਨੀਅਨਾਂ ਦੇ ਹਜ਼ਾਰਾਂ ਮਜ਼ਦੂਰਾਂ ਨੇ ਜ਼ਿਲ੍ਹਾ ਕੁਲੈਕਟਰਾਂ ਦੇ ਦਫਤਰਾਂ ਨੂੰ ਘੇਰ ਲਿਆ ਅਤੇ ਪੂਰਾ ਦਿਨ ਧਰਨਾ ਦਿੱਤਾ। ਬਹੁਤ ਸਾਰੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਰਿਹਾ ਕਰਾਉਣ ਲਈ ਉਨ੍ਹਾਂ ਥਾਣਿਆਂ ਅੱਗੇ ਆਪਣੇ ਧਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਆਲ ਇੰਡੀਆ ਕਿਸਾਨ ਸਭਾ ਦੀ ਤਾਮਿਲਨਾਡੂ ਦੀ ਇਕਾਈ ਦੇ ਉਪ-ਪ੍ਰਧਾਨ ਨੇ ਕਿਹਾ ਹੈ ਕਿ “ਤਾਮਿਲਨਾਡੂ ਦੀ ਸਰਕਾਰ ਨੇ ਸੰਸਦ ਵਿੱਚ ਪਾਸ ਕੀਤੇ ਗਏ ਤਿੰਨ ਕਿਸਾਨ-ਵਿਰੋਧੀ ਬਿੱਲਾਂ ਦੀ ਹਮਾਇਤ ਕਰਨ ਤੋਂ ਬਾਅਦ, ਹੁਣ ਕਿਸਾਨਾਂ ਦੇ ਵਿਖਾਵਿਆਂ ਨੂੰ ਦਬਾਉਣ ਲਈ ਵਹਿਸ਼ੀ ਤਾਕਤ ਦੀ ਵਰਤੋਂ ਕੀਤੀ ਹੈ। ਪੂਰੇ ਰਾਜ ਦੀ ਪੁਲੀਸ ਨੇ ਕਿਸਾਨਾਂ ਦੇ ਸ਼ਾਂਤਮਈ ਮੁਜ਼ਾਹਰਿਆਂ ਦੀ ਇਜ਼ਾਜ਼ਤ ਦੇਣ ਤੋਂ ਇਨਕਾਰ ਕੀਤਾ ਸੀ”। ਥੰਜਾਵੁਰ ਜ਼ਿਲ੍ਹੇ ਵਿੱਚ ਪੁਲੀਸ ਨੇ ਮੁਜ਼ਾਹਰੇ ਵਾਲੀ ਥਾਂ ਉਤੇ ਪਹੁੰਚਣ ਤੋਂ ਰੋਕਣ ਲਈ ਪੰਜਾਂ ਥਾਵਾਂ ਉੱਤੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਹਨ।

ਕੇਰਲਾ ਦੀ ਰਾਜਧਾਨੀ ਵਿਖੇ ਸ਼ਹੀਦੀ ਸਥਲ ਉੱਤੇ ਪੂਰੇ ਸੂਬੇ ਤੋਂ ਆ ਕੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਹੜਤਾਲ਼ ਕੇਰਲਾ ਸੰਯੁਕਤ ਕਾਰਸ਼ਕਾ ਸਮਿਤੀ, ਜੋ ਕਿ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦਾ ਹਿੱਸਾ ਹੈ, ਦੇ ਬੈਨਰ ਹੇਠ ਕੀਤੀ ਗਈ ਹੈ। ਕੇਰਲਾ ਸੰਯੁਕਤ ਕਰਸ਼ਕਾ ਸੰਮਤੀ ਵਿੱਚ ਕੇਰਲਾ ਕਰਸ਼ਕਾ ਸੰਗਮ, ਕਰਸ਼ਕਾ ਕਾਂਗਰਸ ਅਤੇ ਹੋਰ ਕਈ ਇੱਕ ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਕੇਰਲਾ ਸਟੇਟ ਕਰਸ਼ਕਾ ਦੋਜ਼ੀਲਾਲੀ ਯੂਨੀਅਨ, ਜੋ ਕਿ ਖੇਤ ਮਜ਼ਦੂਰਾਂ ਦੀ ਜਥੇਬੰਦੀ ਹੈ, ਵੀ ਦੇਸ਼ ਭਰ ਵਿੱਚ ਚਲ ਰਹੇ ਮੁਜ਼ਾਹਰਿਆਂ ਦਾ ਹਿੱਸਾ ਹੈ। 14 ਦਿਸੰਬਰ ਨੂੰ ਕੇਰਲਾ ਰਾਜ ਦੇ ਤਮਾਮ ਜ਼ਿਲ੍ਹਾ ਹੈਡਕੁਆਟਰਾਂ ਉੱਤੇ ਕਿਸਾਨਾਂ ਦੇ ਵਿਸ਼ਾਲ ਪ੍ਰਦਰਸ਼ਨ ਹੋਏ। ਇਨ੍ਹਾਂ ਵਿੱਚ ਵਿੱਦਿਆਰਥੀ, ਨੌਜਵਾਨ, ਮਜ਼ਦੂਰ, ਟਰੇਡ ਯੂਨੀਅਨ ਕਾਰਕੁੰਨ, ਕਲਾਕਾਰ ਅਤੇ ਹੋਰ ਤਬਕਿਆਂ ਦੇ ਲੋਕ ਵੀ ਸ਼ਾਮਲ ਹੋਏ।

ਇੱਕ ਹੋਰ ਸੂਬਾ, ਜਿੱਥੇ ਇੱਕ ਹਨੇਰੀ ਵਾਂਗ ਕਿਸਾਨ ਸੜਕਾਂ ਉਤੇ ਛਾ ਗਏ, ਉਹ ਸੀ ਪੱਛਮੀ ਬੰਗਾਲ। 16 ਦਿਸੰਬਰ ਨੂੰ ਸੂਬੇ ਭਰ ਤੋਂ 50,000 ਦੇ ਕਰੀਬ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਰਾਜ ਭਵਨ ਦੇ ਨਜ਼ਦੀਕ ਇੱਕ ਵੱਡੀ ਸੜਕ, ਰਾਣੀ ਰਸ਼ਮੋਨੀ ਐਵੇਨਿਊ ਨੂੰ ਚੌਂਹ ਘੰਟਿਆਂ ਤਕ ਬੰਦ ਰੱਖਿਆ। ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ਜਿਵੇਂ, ਸਿਆਲਦਾ ਰੇਲਵੇ ਸਟੇਸ਼ਨ, ਹਾਵੜਾ ਰੇਲਵੇ ਸਟੇਸ਼ਨ ਵਿੱਚ ਭਾਰੀ ਰੈਲੀਆਂ ਕੀਤੀਆਂ ਗਈਆਂ। ਦੋ ਰੈਲੀਆਂ ਐਸਪਲਾਨੇਡ ਅਤੇ ਰਾਜ ਭਵਨ ਦੇ ਇਲਾਕਿਆਂ ਵਿੱਚ ਹੋਈਆਂ। ਰੈਲੀਆਂ ਵਿੱਚ ਆਲ ਇੰਡੀਆ ਕਿਸਾਨ ਸਭਾ ਦੇ ਲਾਲ ਫੁਰੇਰੇ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਸਨ। ਵਿੱਦਿਆਰਥੀ, ਨੌਜਵਾਨ ਅਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ), ਈਸਟਰਨ ਰੇਲਵੇ ਮੈਨਜ਼ ਯੂਨੀਅਨ ਅਤੇ ਬੀ ਐਸ ਐਨ ਐਲ ਦੇ ਮਜ਼ਦੂਰਾਂ ਦੀ ਯੂਨੀਅਨ ਵਲੋਂ ਕਿਸਾਨਾਂ ਦੀ ਹਮਾਇਤ ਵਿੱਚ ਲਗਾਤਾਰ ਸ਼ਮੂਲੀਅਤ ਕੀਤੀ ਜਾ ਰਹੀ ਸੀ।

Share and Enjoy !

0Shares
0

Leave a Reply

Your email address will not be published. Required fields are marked *