14 ਦਸੰਬਰ 2020 ਨੂੰ ਰਾਜਸਥਾਨ ਵਿੱਚ ਹਨੂਮਾਨ ਜ਼ਿਲ੍ਹੇ ਦੀ ਨੋਹਰ ਤਹਿਸੀਲ ਸਾਹਮਣੇ, ਇਲਾਕੇ ਦੇ ਹਜ਼ਾਰਾਂ ਹੀ ਕਿਸਾਨਾਂ ਨੇ ਜੋਰਦਾਰ ਧਰਨਾ ਪ੍ਰਦਰਸ਼ਨ ਕੀਤਾ। ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੇ ਅਧੀਨ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਸਮਿਤੀ ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸੇ ਤਰਤੀਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਬੈਨਰ ਹੇਠਾਂ ਅਯੋਜਤ ਇਸ ਧਰਨਾ ਪ੍ਰਦਰਸ਼ਨ ਵਿੱਚ, ਲੋਕ ਰਾਜ ਸੰਗਠਨ ਦੇ ਸੈਂਕੜੇ ਹੀ ਵਰਕਰਾਂ ਨੇ ਹਿੱਸਾ ਲਿਆ। ਇਸ ਵਿੱਚ, ਇਸ ਇਲਾਕੇ ਦੇ ਸਾਰੇ ਮਜ਼ਦੂਰ ਅਤੇ ਕਿਸਾਨ ਸੰਗਠਨ ਵੀ ਸ਼ਾਮਲ ਹੋਏ। ਸਵੇਰ ਤੋਂ ਹੀ ਕਿਸਾਨ ਧਰਨੇ ਵਾਲੀ ਜਗ੍ਹਾ ‘ਤੇ ਬਣੇ ਪੰਡਾਲ ਵਿੱਚ ਆਪਣੇ-ਆਪਣੇ ਟ੍ਰੇਕਟਰ ਟਰਾਲੀਆਂ ਲੈ ਕੇ ਪਹੁੰਚਣ ਲੱਗੇ। ਦੁਪਹਿਰ ਹੁੰਦੇ-ਹੁੰਦੇ ਇੱਥੇ ਹਜ਼ਾਰਾਂ ਗਿਣਤੀ ‘ਚ ਕਿਸਾਨ ਇਕੱਠੇ ਹੋ ਗਏ ਅਤੇ ਜੋਸ਼-ਭਰਪੂਰ ਸਭਾ ਕੀਤੀ ਗਈ। ਹੱਥਾਂ ਵਿੱਚ ਹਰੇ ਰੰਗ ਦੇ ਝੰਡੇ ਲਏ ਕਿਸਾਨਾਂ ਦਾ ਜੋਸ਼ ਦੇਖਦੇ ਹੀ ਬਣ ਰਿਹਾ ਸੀ।
ਪ੍ਰਦਰਸ਼ਨ ਦੇ ਦੌਰਾਨ ਕੁਲੇਕਟਰੇਟ ਦੇ ਮੁੱਖ ਗੇਟ ‘ਤੇ ਕਿਸਾਨਾਂ ਨੇ ਜ਼ੋਰਦਾਰ ਨਅਰੇਬਾਜ਼ੀ ਕੀਤੀ ਅਤੇ ਕਿਸਾਨ-ਵਿਰੋਧੀ ਤਿੰਨਾਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅਪਣਾ ਗੁੱਸਾ ਪ੍ਰਗਟ ਕੀਤਾ। ਪ੍ਰਦਰਸ਼ਨ ਤੋਂ ਬਾਦ ਕਿਸਾਨਾਂ ਨੇ ਰਾਸ਼ਟਰਪਤੀ ਦੇ ਨਾਂ ਏ ਡੀ ਐਮ ਨੂੰ ਮੰਗ-ਪੱਤਰ ਦਿੱਤਾ।
ਸਭਾ ਨੂੰ ਸੰਬੋਧਿਤ ਕਰਦੇ ਹੋਏ ਸਾਰੇ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫ਼ਸਲਾਂ ਦੇ ਸਮਰਥਨ ਮੁੱਲ ਦੀ ਗਰੰਟੀ ਦਿੱਤੀ ਜਾਵੇ ਅਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਫ਼ੌਰਨ ਰੱਦ ਕੀਤਾ ਜਾਵੇ। ਇਸਦੇ ਨਾਲ ਹੀ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਨੂੰ ਬਣਾ ਕੇ ਰੱਖਣ ਦੀ ਲੋੜ ਹੈ। ਸਰਕਾਰ ਸਾਡੀ ਏਕਤਾ ਨੂੰ ਤੋੜਨ ਲਈ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੇ ਲਈ ਕਾਨੂੰਨਾਂ ਵਿੱਚ ਸੋਧਾਂ ਦਾ ਰਾਗ ਅਲਾਪ ਰਹੀ ਹੈ। ਕਿਸਾਨ ਆਗੂਆ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਸਾਨੂੰ ਕਾਨੂੰਨਾਂ ਵਿੱਚ ਸੋਧਾਂ ਨਹੀਂ ਚਾਹੀਦੀਆਂ, ਬਲਕਿ ਇਨ੍ਹਾਂ ਨੂੰ ਰੱਦ ਕਰਨਾ ਹੋਵੇਗਾ। ਦਿੱਲੀ ਵਿੱਚ ਚਾਲ ਰਹੇ ਅੰਦੋਲਨ ਨੂੰ ਮਜ਼ਬੂਤ ਕਰਨ ਨਾਲ ਹੀ ਗੱਲ ਬਣੇਗੀ। ਸਾਰੇ ਕਿਸਾਨਾਂ ਨੇ ਕਿਹਾ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੱਕ ਇਹ ਅੰਦੋਲਨ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ‘ਤੇ ਲੋਕ ਰਾਜ ਸੰਗਠਨ ਦੇ ਕੁੱਲ ਹਿੰਦ ਉਪ-ਪ੍ਰਧਾਨ ਹਨੂਮਾਨ ਪ੍ਰਸਾਦ ਸ਼ਰਮਾ, ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ ਦੇ ਆਗੂ ਰਾਮੇਸ਼ਵਰ ਵਰਮਾ ਅਤੇ ਚੰਦਰਕਲਾ ਵਰਮਾ, ਮਜ਼ਦੂਰ ਆਗੂ ਰਾਜਕੁਮਾਰ, ਕਿਸਾਨ ਆਗੂ ਓਮ ਜਾਂਗੂ ਅਤੇ ਸੁਰੇਂਦਰ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹੰਮਦ ਹੁਸੈਨ ਖੋਖਰ, ਕਾਂਗਰਸ ਆਗੂ ਮਨੀਸ਼ ਧਾਰਣੀਆਂ, ਸੌਰਭ ਰਠੌਰ, ਗੁਰਦੀਪ ਸਿੰਘ ਚਾਹਲ, ਗੁਰਮੀਤ ਚੰਦੜਾ, ਰਿਸ਼ਪਾਲ ਸਿੰਘ ਮਾਨ, ਨਗਰਾਣਾ ਦੇ ਵਿਜੇਪਾਲ ਪੂਨੀਆਂ, ਮੁਕੇਸ਼ ਭਾਰਗਵ, ਬਲਦੇਵ ਮੱਕਾਸਰ ਸਮੇਤ ਹੋਰ ਆਗੂ ਮੌਜੂਦ ਰਹੇ।
ਹਾਂਸਲੀਆ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ
ਗੋਲੂਵਾਲਾ ਪਿੰਡ ਹਾਂਸਲੀਆਂ ਤੋਂ 14 ਦਸੰਬਰ ਨੂੰ ਲੱਗਭਗ ਇੱਕ ਦਰਜਣ ਕਿਸਾਨ ਦਿੱਲੀ ਵਿੱਚ ਚੱਲ ਰਹੇ ਕਿਸਾਨ ਧਰਨੇ ਵੱਲ ਰਵਾਨਾ ਹੋਏ। ਟ੍ਰੈਕਟਰ ਟਰਾਲੀਆਂ ਲੈ ਕੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਪੂਰੇ ਜ਼ੋਸ਼ ਅਤੇ ਦਮ-ਖਮ ਨਾਲ ਏਕਤਾ ਦਾ ਸਬੂਤ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਕਿਸਾਨਾਂ ਦੇ ਨਾਲ ਸਹੀ ਸਲੂਕ ਨਹੀਂ ਕਰ ਰਹੀ ਹੈ। ਜ਼ਰੂਰਤ ਪਈ ਤਾਂ ਕਿਸਾਨ ਪਰਿਵਾਰਾਂ ਦਾ ਹਰ ਬੱਚਾ ਦਿੱਲੀ ਦੀਆਂ ਸੜਕਾਂ ‘ਤੇ ਮਿਲੇਗਾ। ਇਸ ਦੌਰਾਨ ਸਾਬਕਾ ਸਰਪੰਚ ਇਸਮਾਈਲ ਖਾਨ, ਸਾਬਕਾ ਪੰਚਾਇਤ ਸੰਮਤੀ ਮੈਂਬਰ ਜਗਜੀਤ ਸਿੰਘ, ਸਰਵਣ ਸਿੰਘ, ਫੂਲ ਸਿੰਘ, ਗੁਰਚਰਣ ਸਿੰਘ, ਗੁਰਸੇਵਕ ਸਿੰਘ ਨੇ ਕਿਸਾਨਾਂ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਰਵਾਨਾ ਕੀਤਾ।