ਅਕਤੂਬਰ ਇਨਕਲਾਬ ਦੀ 103ਵੀਂ ਵਰ੍ਹੇਗੰਢ:

ਪ੍ਰੋਲੇਤਾਰੀ ਇਨਕਲਾਬ ਅੱਜ ਸਮੇਂ ਦੀ ਲੋੜ ਹੈ

7 ਨਵੰਬਰ 1917 ਨੂੰ, ਰੂਸ ਦੀ ਮਜ਼ਦੂਰ ਜਮਾਤ ਨੇ ਆਪਣੇ ਦੇਸ਼ ਵਿੱਚ ਰਾਜਨੀਤਕ ਸੱਤਾ ਉੱਤੇ ਕਬਜ਼ਾ ਕੀਤਾ। ਇਸ ਘਟਨਾ ਨਾਲ ਪੂਰੀ ਦੁਨੀਆਂ ਹਿੱਲ ਗਈ। ਇਸ ਪ੍ਰੋਲੇਤਾਰੀ ਇਨਕਲਾਬ ਨਾਲ ਦੁਨੀਆਂਭਰ ਦੇ ਸਰਮਾਏਦਾਰਾਂ ਦੇ ਦਿੱਲ ਵਿੱਚ ਦਹਿਸ਼ਤ ਫ਼ੈਲ ਗਈ। ਲੇਕਿਨ, ਇਸ ਇਨਕਲਾਬ ਨੇ ਦੁਨੀਆਂਭਰ ਦੇ ਤਮਾਮ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਪ੍ਰੇਰਤ ਕੀਤਾ ਅਤੇ ਉਨ੍ਹਾਂ ਨੂੰ ਇੱਕ ਨਵੀਂ ਉਮੀਦ ਦਿੱਤੀ।

ਅੱਜ, ਪੂਰੀ ਦੁਨੀਆਂ ਇੱਕ ਗ਼ਹਿਰੇ ਸੰਕਟ ਦੀ ਜਕੜ੍ਹ ਵਿੱਚ ਹੈ। ਜੰਗ ਅਤੇ ਜਨ-ਸੰਹਾਰ ਦਾ ਨੰਗਾ ਨਾਚ ਚੱਲ ਰਿਹਾ ਹੈ। ਹਰ ਦੇਸ਼ ਵਿੱਚ ਮਿਹਨਤਕਸ਼ ਲੋਕ ਗੁਰਬਤ ਵਿੱਚ ਜੀਅ ਰਹੇ ਹਨ। ਦੂਜੇ ਪਾਸੇ, ਸਮਾਜ ਦਾ ਇੱਕ ਬਹੁਤ ਹੀ ਛੋਟਾ ਤਬਕਾ ਮਿਹਨਤਕਸ਼ਾਂ ਦੇ ਖੂਨ-ਪਸੀਨੇ ਨਾਲ ਪੈਦਾ ਹੋਈ ਸਾਰੀ ਸਮਾਜਕ ਦੌਲਤ ਨੂੰ ਹੜੱਪ ਰਿਹਾ ਹੈ। ਸਮਾਜ ਦੀ ਦਿਸ਼ਾ ਨੂੰ ਤੈਅ ਕਰਨ ਵਿੱਚ ਮਿਹਨਤਕਸ਼ਾਂ ਦੀ ਕੋਈ ਸੁਣਵਾਈ ਨਹੀਂ ਹੈ। ਮੌਜੂਦਾ ਰਾਜਨੀਤਕ ਪ੍ਰਕਿਆ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਹਾਸ਼ੀਏ ‘ਤੇ ਖੜ੍ਹਾ ਕਰ ਦਿੱਤਾ ਹੈ।

ਵਿਵਸਥਾ ਵਿੱਚ ਬੁਨਿਆਦੀ ਅਤੇ ਗਹਿਰੀ ਤਬਦੀਲੀ ਦੇ ਲਈ ਅੱਜ ਸਮਾਜ ਪੁਕਾਰ ਰਿਹਾ ਹੈ। ਏਸੇ ਕਰਕੇ ਰੂਸ ਵਿੱਚ ਆਏ ਅਕਤੂਬਰ ਇਨਕਲਾਬ ਅਤੇ ਪ੍ਰੋਲੇਤਾਰੀ ਲੋਕਤੰਤਰ ਅਤੇ ਸਮਾਜਵਾਦ ਦੇ ਨਿਰਮਾਣ ਵਿੱਚ ਸਾਡੇ ਲਈ ਬਹੁਮੁੱਲੇ ਸਬਕ ਨਿਿਹਤ ਹਨ।

ਅਕਤੂਬਰ ਇਨਕਲਾਬ ਨੇ ਇੱਕ ਨਵੇਂ ਰਾਜ ਅਤੇ ਨਵੇਂ ਸਮਾਜ ਨੂੰ ਜਨਮ ਦਿੱਤਾ, ਜਿਹਨੇ ਮਜ਼ਦੂਰ ਵਰਗ ਨੂੰ ਕੇਂਦਰ ਵਿੱਚ ਰੱਖਿਆ ਸੀ। ਸੋਵੀਅਤ ਰਾਜ ਨੇ ਸਭ ਤੋਂ ਵੱਡੇ ਸਰਮਾਏਦਾਰਾਂ ਦੀ ਦੌਲਤ ਉਨ੍ਹਾਂ ਤੋਂ ਖੋਹ ਕੇ, ਉਨ੍ਹਾਂ ਦੇ ਵੱਡੇ ਉਦਯੋਗਾਂ, ਆਵਾਜਾਈ, ਬੈਂਕਿੰਗ ਅਤੇ ਵਪਾਰ ਨੂੰ ਸਮਾਜਕ ਉਦਮਾਂ ਵਿੱਚ ਬਦਲ ਦਿੱਤਾ ਅਤੇ ਉਨ੍ਹਾਂ ਨੂੰ ਸਰਵਜਨਕ ਸੰਪਤੀ ਬਣਾ ਦਿੱਤਾ। ਸੋਵੀਅਤ ਰਾਜ ਦੇ ਇਸ ਕਦਮ ਨਾਲ ਗਰੀਬ ਕਿਸਾਨਾਂ ਨੂੰ ਪ੍ਰੇਰਣਾ ਮਿਲੀ ਅਤੇ ਉਨ੍ਹਾਂ ਨੇ ਸਵੈ-ਇੱਛਾ ਨਾਲ ਆਪਣੇ ਛੋਟੇ-ਛੋਟੇ ਜ਼ਮੀਨ ਦੇ ਟੁਕੜਿਆਂ ਨੂੰ ਮਿਲਾ ਕੇ ਵਿਸ਼ਾਲ ਸਮੂਹਕ ਖੇਤੀ ਦਾ ਨਿਰਮਾਣ ਕੀਤਾ। ਭਿੰਨ-ਭਿੰਨ ਚੀਜ਼ਾਂ ਅਤੇ ਸੇਵਾਵਾਂ ਦੀ ਪੈਦਾਵਾਰ ਅਤੇ ਵਰਤੋਂ ਨੂੰ ਸਾਰੇ ਮਿਹਨਤਕਸ਼ ਲੋਕਾਂ ਦੀਆਂ ਜ਼ਰੂਰਤ ਨੂੰ ਪੂਰਾ ਕਰਨ ਦੇ ਟੀਚੇ ਨਾਲ ਇੱਕ ਯੋਜਨਾ ਦੇ ਤਹਿਤ ਲਿਆਂਦਾ ਗਿਆ। ਇਨ੍ਹਾਂ ਸਾਰੇ ਕਦਮਾਂ ਨਾਲ ਇੱਕ ਨਵੀਂ ਸਮਾਜਵਾਦੀ ਵਿਵਸਥਾ ਦਾ ਜਨਮ ਹੋਇਆ, ਜਿੱਥੇ ਨਾ ਕੋਈ ਬੇਰੁਜ਼ਗਾਰੀ ਸੀ ਅਤੇ ਨਾ ਹੀ ਮਹਿੰਗਾਈ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਸੰਕਟ।

ਨਾ ਤਾਂ ਕੋਈ ਲੁੱਟੇਰਾ ਵਰਗ ਸੀ ਅਤੇ ਨਾ ਹੀ ਕਿਸੇ ਲਈ ਕੋਈ ਵਿਸ਼ੇਸ਼ ਅਧਿਕਾਰ ਸਨ। ਹਰੇਕ ਮਜ਼ਦੂਰ, ਕਿਸਾਨ ਅਤੇ ਸਿਪਾਹੀ ਨੂੰ ਕਿਸੇ ਵੀ ਅਦਾਰੇ ਦੇ ਪ੍ਰਤੀਨਿੱਧੀ ਚੁਣਨ ਅਤੇ ਚੁਣੇ ਜਾਣ ਦਾ ਅਧਿਕਾਰ ਸੀ। ਉਨ੍ਹਾਂ ਨੂੰ ਚੁਣੇ ਗਏ ਪ੍ਰਤੀਨਿਧੀਆਂ ਨੂੰ ਕਿਸੇ ਵੀ ਸਮੇਂ ਵਾਪਸ ਬੁਲਾਉਣ ਦਾ ਵੀ ਅਧਿਕਾਰ ਸੀ। ਸੋਵੀਅਤ ਰਾਜ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ, ਜਿਸ ਨਾਲ ਔਰਤਾਂ ਹਰ ਤਰ੍ਹਾਂ ਦੇ ਭੇਦ-ਭਾਵ ਦੀਆਂ ਜੰਜੀਰਾਂ ਨੂੰ ਤੋੜਨ ਵਿੱਚ ਅਤੇ ਸਰਵਜਨਕ ਜਿੰਦਗੀ ਦੇ ਸਾਰੇ ਖ਼ੇਤਰਾਂ ਵਿੱਚ ਬਰਾਬਰੀ ਦੇ ਨਾਲ ਹਿੱਸਾ ਲੈਣ ਵਿੱਚ ਕਾਮਯਾਬ ਹੋ ਸਕੀਆਂ। ਸੋਵੀਅਤ ਰਾਜ ਨੇ ਸਾਰੇ ਲੋਕਾਂ ਦੇ ਲਈ ਸ਼ਾਂਤੀ, ਸਮਰਿੱਧੀ ਅਤੇ ਸੁਰੱਖਿਆ ਦੀ ਗਰੰਟੀ ਦਿੱਤੀ। ਉਸਨੇ ਵਿਿਭੰਨ ਰਾਸ਼ਟਰਾਂ ਅਤੇ ਲੋਕਾਂ ਦੀ ਏਕਤਾ ਨੂੰ ਮਜ਼ਬੂਤ ਕੀਤਾ, ਜਿਨ੍ਹਾਂ ਨੇ ਇੱਕ ਸਮਾਜਵਾਦੀ ਸਮਾਜ ਦਾ ਨਿਰਮਾਣ ਕਰਨ ਦੇ ਲਈ ਹੱਥ ਮਿਲਾਇਆ ਸੀ।

ਸੋਵੀਅਤ ਸੰਘ ਵਿੱਚ ਇਨਕਲਾਬ ਅਤੇ ਸਮਾਜਵਾਦ ਦੀਆਂ ਤਮਾਮ ਪ੍ਰਾਪਤੀਆਂ ਇਸ ਲਈ ਸੰਭਵ ਹੋ ਸਕੀਆਂ ਕਿ ਕਿਉਂਕਿ ਉਨ੍ਹਾਂ ਦੀ ਅਗਵਾਈ ਬਾਲਸ਼ਵਿਕ ਪਾਰਟੀ ਬਿਹਤਰੀਨ ਢੰਗ ਨਾਲ ਕਰ ਰਹੀ ਸੀ, ਜਿਸ ਵਿੱਚ ਮਜ਼ਦੂਰ ਵਰਗ ਵਿੱਚੋਂ ਸਭ ਤੋਂ ਅਗਾਂਹਵਧੂ ਅਤੇ ਸੁਚੇਤ ਲੋਕ ਸ਼ਾਮਲ ਸਨ। ਲੈਨਿਨ ਦੀ ਅਗਵਾਈ ਵਿੱਚ ਬਾਲਸ਼ਵਿਕ ਪਾਰਟੀ, ਇੱਕ ਇਨਕਲਾਬੀ ਚੇਤਨਾ ਅਤੇ ਸੰਗਠਨ ਦਾ ਨਿਰਮਾਣ ਕਰਨ ਵਿੱਚ ਕਾਮਯਾਬ ਰਹੀ, ਜਿਸ ਦੇ ਜ਼ੋਰ ‘ਤੇ ਮਜ਼ਦੂਰ ਵਰਗ, ਲੁਟੇਰੇ ਵਰਗਾਂ ਨੂੰ ਉਖਾੜ ਕੇ ਖੁਦ ਸੱਤਾਧਾਰੀ ਬਣ ਸਕਿਆ। ਸਰਮਾਏਦਾਰਾ ਜਨਤੰਤਰ ਦੇ ਤਮਾਮ ਭਰਮਾਂ ਨੂੰ ਤੋੜਦੇ ਹੋਏ, ਬਾਲਸ਼ਵਿਕ ਪਾਰਟੀ ਨੇ ਮਜ਼ਦੂਰਾਂ, ਕਿਸਾਨਾਂ ਅਤੇ ਸਿਪਾਹੀਆਂ ਨੂੰ ਜਨਤੰਤਰ ਕਾਇਮ ਕਰਨ ਵਿੱਚ ਅਗਵਾਈ ਦਿੱਤੀ, ਜੋ ਕਿ ਪ੍ਰੋਲੇਤਾਰੀ ਜਨਤੰਤਰ ਦਾ ਇੱਕ ਰੂਪ ਹੈ। ਕਿਉਂਕਿ ਮਜ਼ਦੂਰ ਵਰਗ ਅਤੇ  ਮਿਹਨਤਕਸ਼ ਲੋਕ, ਪਾਰਟੀ ਵਲੋਂ ਬਣਾਏ ਰਸਤੇ ‘ਤੇ ਇੱਕ ਵਿਸ਼ਾਲ ਇੱਕਜੁੱਟ ਤਾਕਤ ਬਣ ਕੇ ਅੱਗੇ ਵਧੇ, ਇਸ ਵਜ੍ਹਾ ਨਾਲ ਉਹ ਸਰਮਾਏਦਾਰਾਂ ਦੀ ਹਕੂਮਤ ਨੂੰ ਉਖ਼ਾੜ ਦੇਣ ਵਿੱਚ ਕਾਮਯਾਬ ਰਹੇ।

1956 ਦੇ ਸ਼ੁਰੂ ਤੋਂ ਸੋਵੀਅਤ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੇ ਵਰਗ ਸੰਘਰਸ਼ ਦੇ ਇਨਕਲਾਬੀ ਰਸਤੇ ਨੂੰ ਛੱਡ ਦਿੱਤਾ ਅਤੇ ਉਸ ਦੀ ਜਗ੍ਹਾ ‘ਤੇ ਸਾਮਰਾਜਵਾਦੀ ਵਿਵਸਥਾ ਦੇ ਨਾਲ ਸ਼ਾਤੀ ਪੂਰਨ ਸਹਿਹੋਂਦ ਦੇ ਰਸਤੇ ਦੀ ਵਕਾਲਤ ਸ਼ੁਰੂ ਕਰ ਦਿੱਤੀ। ਇਸ ਵਜ੍ਹਾ ਨਾਲ ਸੋਵੀਅਤ ਸੰਘ ਵਿੱਚ ਸਾਮਰਾਜਵਾਦ ਦੀ ਮੁੜ-ਬਹਾਲੀ ਦਾ ਕੰਮ ਸ਼ੁਰੂ ਹੋ ਗਿਆ ਅਤੇ ਉਹ ਇੱਕ ਸਾਮਰਾਜਵਾਦੀ ਤਾਕਤ ਵਿੱਚ ਬਦਲ ਗਿਆ, ਜੋ ਪੂਰੀ ਦੁਨੀਆਂ ਉੱਤੇ ਆਪਣਾ ਕਬਜ਼ਾ ਕਾਇਮ ਕਰਨ ਦੇ ਲਈ, ਅਮਰੀਕੀ ਸਾਮਰਾਜਵਾਦ ਦੇ ਨਾਲ ਗੰਢਤੁਪ ਅਤੇ ਮੁਕਾਬਲਾ ਕਰਨ ਲੱਗਾ। ਇਸਦੇ ਚੱਲਦਿਆਂ ਦੁਨੀਆਂ ਵਿੱਚ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ ਅਤੇ ਪੂਰੀ ਦੁਨੀਆਂ ਦੋ ਆਪਸੀ ਦੁਸ਼ਮਣ ਮਹਾਂ ਸ਼ਕਤੀਆਂ ਦੇ ਅਸਰ-ਰਸੂਖ ਅਧੀਨ ਵੱਖ-ਵੱਖ ਖੇਤਰਾਂ ਵਿੱਚ ਵੰਡ ਦਿੱਤੀ ਗਈ।

1991 ਵਿੱਚ ਸੋਵੀਅਤ ਸੰਘ ਦੇ ਪਤਨ ਤੋਂ ਬਾਦ, ਪੂਰੀ ਦੁਨੀਆਂ ਵਿੱਚ ਭੂਮੰਡਲੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦੇ ਝੰਡੇ ਹੇਠਾਂ, ਦੁਨੀਆਂਭਰ ਦੇ ਸਰਮਾਏਦਾਰਾਂ ਵਲੋਂ ਲਾਮਿਸਾਲ ਸਮਾਜ-ਵਿਰੋਧੀ ਹਮਲੇ ਸ਼ੁਰੂ ਕੀਤੇ ਗਏ। ਲੋਕਾਂ ਦੇ ਵਿਰੋਧ ਦਾ ਬੇਰਹਿਮ ਦਮਨ, ਅੱਤਵਾਦ ਖ਼ਿਲਾਫ਼ ਜੰਗ ਦੇ ਨਾਂ ‘ਤੇ ਨਜਾਇਜ਼ ਜੰਗਾਂ, ਜਨ-ਤੰਤਰ ਨੂੰ ਬਚਾਉਣ ਦੇ ਨਾਂ ‘ਤੇ ਸਾਮਰਾਜਵਾਦੀ ਦਖ਼ਲਅੰਦਾਜ਼ੀ – ਇਹ ਸਭ ਅਮਰੀਕੀ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਸਾਥੀ ਦੇਸ਼ਾਂ ਦੀ ਸਥਾਪਤ ਕਾਰਜਸ਼ੈਲੀ ਦਾ ਅਭਿੰਨ ਹਿੱਸਾ ਬਣ ਗਏ। ਪਿਛਲੇ 30 ਸਾਲਾਂ ਵਿੱਚ ਮਜ਼ਦੂਰ ਵਰਗ ਅਤੇ ਤਮਾਮ ਦੱਬੇ-ਕੁਚਲੇ ਲੋਕਾਂ ਦੀ ਬਦ-ਤੋਂ-ਬਦਤਰ ਹੁੰਦੀ ਜਾ ਰਹੀ ਹਾਲਤ ਨੇ ਇਸ ਆਦਮਖੋਰ ਸਰਮਾਏਦਾਰਾ ਸਾਮਰਾਜਵਾਦੀ ਵਿਵਸਥਾ ਨੂੰ ਖ਼ਤਮ ਕਰਨ ਦੀ ਲੋੜ ਹੋਰ ਵਧਾ ਦਿੱਤੀ ਹੈ।

ਸਾਡੇ ਦੇਸ਼ ਵਿਚ ਸਰਮਾਏਦਾਰਾ ਵਿਵਸਥਾ ਦੇ ਬਾਰੇ ਵਿੱਚ ਭਰਮਾਂ ਨੂੰ ਚਕਨਾਚੂਰ ਕਰਨਾ ਬੇਹੱਦ ਜਰੂਰੀ ਹੋ ਗਿਆ ਹੈ, ਜਿਸਦੀ ਰਾਖੀ ਇਹ ਅਖੌਤੀ ਧਰਮ-ਨਿਰਪੇਖ ਅਤੇ ਜਨ-ਤੰਤਰਿਕ ਹਿੰਦੋਸਤਾਨੀ ਰਾਜ ਅਤੇ ਇਹਦਾ ਬਹੁ- ਪਾਰਟੀਵਾਦੀ ਪ੍ਰਤੀਨਿਧਤਵ ਉੱਤੇ ਅਧਾਰਤ ਜਨ-ਤੰਤਰ ਕਰਦਾ ਹੈ। ਕੇਵਲ ਇੱਕ ਸਫਲ ਪ੍ਰੋਲੇਤਾਰੀ ਇਨਕਲਾਬ ਹੀ ਮਜ਼ਦੂਰਾਂ, ਕਿਸਾਨਾਂ ਅਤੇ ਤਮਾਮ ਲੁਟੀਂਦੇ ਅਤੇ ਦੱਬੇ-ਕੁਚਲੇ ਲੋਕਾਂ ਦੇ ਲਈ ਮੁਕਤੀ ਦਾ ਰਸਤਾ ਖੋਲ੍ਹ ਸਕਦਾ ਹੈ। ਮਹਾਨ ਅਕਤੂਬਰ ਇਨਕਲਾਬ ਸਾਨੂੰ ਇਹੀ ਸਿਖਾਉਂਦਾ ਹੈ।

close

Share and Enjoy !

Shares

Leave a Reply

Your email address will not be published.