ਖੇਤੀਬਾੜੀ ਬਾਰੇ ਤਿੰਨ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵਲੋਂ ਦੇਸ਼-ਵਿਆਪੀ ਮੁਜਾਹਰੇ ਕੀਤੇ ਗਏ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਖੇਤੀਬਾੜੀ ਬਾਰੇ ਕੇਂਦਰ ਸਰਕਾਰ ਵਲੋਂ ਤਾਜ਼ਾ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਦੇ ਵਿਰੁੱਧ, 5 ਨਵੰਬਰ ਨੂੰ ਦੇਸ਼ਭਰ ਵਿੱਚ “ਚੱਕਾ ਜਾਮ” ਕਰਨ ਦਾ ਸੱਦਾ ਦਿੱਤਾ ਸੀ। ਇਹ ਕਾਨੂੰਨ ਖੇਤੀਬਾੜੀ ਖੇਤਰ ਵਿੱਚ ਵੱਡੇ ਅਜਾਰੇਦਾਰ ਸਰਮਾਏਦਾਰਾਂ ਦੇ ਹਿੱਤਾਂ ਵਿੱਚ ਹਨ, ਜੋ ਕਿਸਾਨਾਂ ਨੂੰ ਹੋਰ ਵੀ ਜ਼ਿਆਦਾ ਤਬਾਹ ਕਰ ਦੇਣਗੇ। ਅੰਦੋਲਨਕਾਰੀ ਕਿਸਾਨ ਇਹ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ। ਵਿਰੋਧ ਵਿਖਾਵੇ ਕਰਨ ਦਾ ਸੱਦਾ 200 ਤੋਂ ਜ਼ਿਆਦਾ ਕਿਸਾਨ ਸੰਗਠਨਾਂ ਦੀ ਪ੍ਰਤੀਨਿਧਤਾ ਕਰਨ ਵਾਲੀ ‘ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ’ ਵਲੋਂ ਦਿੱਤਾ ਗਿਆ ਸੀ।

ਕਿਸਾਨ ਜਥੇਬੰਦੀਆਂ ਨੇ, ਸੂਬੇ ਵਿੱਚ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਬੰਦ ਕੀਤੇ ਜਾਣ ਦੇ ਖ਼ਿਲਾਫ਼ ਵੀ ਆਵਾਜ਼ ਉਠਾਈ, ਕਿਉਂਕਿ ਮਾਲ ਗੱਡੀਆਂ ਦੇ ਬੰਦ ਕੀਤੇ ਜਾਣ ਕਰਕੇ ਸੂਬੇ ਵਿੱਚ ਕੋਲਾ, ਰਸਾਇਣਕ ਖਾਦ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਥੁੜ੍ਹ ਪੈਦਾ ਹੋ ਗਈ ਹੈ, ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ।

ਅੰਦੋਲਨਕਾਰੀ ਕਿਸਾਨਾਂ ਨੇ ‘ਚੱਕਾ ਜਾਮ’ ਕਰਨ ਲਈ ਪੰਜਾਬ ਵਿੱਚ ਸੰਗਰੂਰ, ਬਠਿੰਡਾ, ਮਾਨਸਾ, ਪਟਿਆਲਾ, ਲੁਧਿਆਣਾ ਸਮੇਤ ਕਈਆਂ ਥਾਂਵਾਂ ਉੱਤੇ ਸੂਬਾਈ ਅਤੇ ਕੌਮੀ ਮਾਰਗਾਂ ਨੂੰ ਬੰਦ ਕਰ ਦਿੱਤਾ। ਪੰਜਾਬ ਦੇ 10 ਜ਼ਿਿਲ੍ਹਆਂ ਵਿੱਚ 45 ਤੋਂ ਜ਼ਿਆਦਾ ਥਾਵਾਂ ਉੱਤੇ ਸੜਕਾਂ ਬੰਦ ਰਹੀਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ (ਭੁਪਿੰਦਰ ਸਿੰਘ ਲੋਂਗੋਵਾਲ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਹੋਰ ਕਈ ਸੰਗਠਨਾਂ ਨੇ ਲੁਧਿਆਣਾ-ਫਿਰੋਜ਼ਪੁਰ ਸੜਕ ਅਤੇ ਜੀ.ਟੀ. ਰੋਡ ਵਰਗੇ ਮੁੱਖ ਮਾਰਗਾਂ ਨੂੰ ਬਹੁਤ ਸਾਰੀਆਂ ਥਾਵਾਂ ਉੱਤੇ ਬੰਦ ਕਰ ਦਿੱਤਾ ਸੀ। ਔਰਤਾਂ ਅਤੇ ਬੱਚਿਆਂ ਨੇ ਵੀ ਵੱਡੀ ਗਿਣਤੀ ਵਿੱਚ ਇਸ ਅੰਦੋਲਨ ਵਿੱਚ ਹਿੱਸਾ ਲਿਆ।

ਪਟਿਆਲੇ ਵਿੱਚ ਅੰਦੋਲਨਕਾਰੀ ਕਿਸਾਨਾਂ ਨੇ, ਸ਼ਹਿਰ ਦੇ ਆਲੇ-ਦੁਅਲੇ ਦੇ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ਵੀ ਬੰਦ ਰੱਖੀਆਂ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਸ਼ੁਤਰਾਣਾ ਅਤੇ ਪੱਸੀਆਣਾ ਦੇ ਟੋਲ ਪਲਾਜ਼ਿਆਂ, ਸਮਾਣਾ ਵਿੱਚ ਬੰਦਾ ਬਹਾਦਰ ਚੌਂਕ ਅਤੇ ਕਲਿਆਣ ਪਿੰਡ ਦੇ ਨੇੜਲੇ ਟੋਲ ਪਲਾਜ਼ੇ ਅਤੇ ਸ਼ੰਭੂ ਵਿਖੇ ਵਿਖਾਵੇ ਕੀਤੇ।

ਲੁਧਿਆਣੇ ਵਿੱਚ ਸ਼ਹਿਰ ਦੇ ਆਸ ਪਾਸ ਦੇ ਤਿੰਨੋਂ ਹੀ ਮੁੱਖ ਮਾਰਗ ਬੰਦ ਕਰ ਦਿਤੇ; ਲੁਧਿਆਣਾ-ਚੰਡੀਗੜ੍ਹ ਰੋਡ ਨੂੰ ਕੋਹਾੜਾ, ਜਲੰਧਰ-ਲੁਧਿਆਣਾ ਜੀ.ਟੀ. ਰੋਡ ਨੂੰ ਲਾਢੋਵਾਲ ਟੌਲ ਪਲਾਜ਼ਾ ਵਿਖੇ ਅਤੇ ਲੁਧਿਆਣਾ-ਫਿਰੋਜ਼ਪੁਰ ਮਹਾਂਮਾਰਗ ਨੂੰ ਜਗਰਾਓਂ ਨੇੜੇ ਚੌਂਕੀ ਮਾਨ ਵਿਖੇ ਬੰਦ ਕਰ ਰੱਖਿਆ। ਇਨ੍ਹਾਂ ਧਰਨਿਆਂ ਵਿੱਚ ਸੈਂਕੜੇ ਹੀ ਕਿਸਾਨਾਂ ਨੇ ਭਾਗ ਲਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ 1000 ਤੋਂ ਵਧੇਰੇ ਆਦਮੀ ਅਤੇ ਔਰਤ ਕਾਰਕੁੰਨਾਂ ਨੇ ਡਗਰੂ ਪਿੰਡ ਵਿਖੇ ਅਦਾਨੀ ਗਰੁੱਪ ਦੇ ਸਾਇਲੋ (ਗੁਦਾਮ) ਦੇ ਮੂਹਰੇ ਵਿਖਾਵਾ ਕੀਤਾ ਅਤੇ ਮੋਗਾ-ਫਿਰੋਜ਼ਪੁਰ ਮਹਾਂਮਾਰਗ ਨੂੰ ਬੰਦ ਕਰ ਦਿੱਤਾ। ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਆੜ੍ਹਤੀਆ ਐਸੋਸੀਏਸ਼ਨ (ਬਾਘਾਪੁਰਾਣਾ ਬਲਾਕ) ਨੇ ਬਾਘਾਪੁਰਾਣਾ ਕਸਬੇ ਦੇ ਮੁੱਖ ਚੌਂਕ ਉੱਤੇ ਮੁਜ਼ਾਹਰਾ ਕੀਤਾ ਅਤੇ ਮੋਗਾ-ਬਠਿੰਡਾ ਮਹਾਂ-ਮਾਰਗ ਨੂੰ ਬੰਦ ਕਰ ਦਿੱਤਾ। ਬਹੁਤ ਸਾਰੇ ਜ਼ਿਿਲ੍ਹਆਂ ਵਿੱਚ ਮਨਰੇਗਾ ਮਜ਼ਦੂਰ ਯੂਨੀਅਨ, ਆਲ ਇੰਡੀਆ ਆਂਗਨਵਾੜੀ ਵਰਕਰਜ਼/ਹੈਲਪਰਜ਼  ਯੂਨੀਅਨ ਅਤੇ ਹੋਰ ਕਈ ਟਰੇਡ ਯੂਨੀਅਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਕੁੱਲ ਹਿੰਦ ਕਿਸਾਨ ਸਭਾ (ਸੀ ਪੀ ਆਈ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਭਾਰਤੀ ਕਿਸਾਨ ਯੂਨੀਅਨ (ਮਾਨ) ਨੇ ਧਰਮਕੋਟ ਕਸਬੇ ਨਜ਼ਦੀਕ ਬਾਬਾ ਗੇਂਦੀ ਰਾਮ ਵਿਖੇ ਵਿਖਾਵਾ ਕੀਤਾ ਅਤੇ ਮੋਗਾ-ਜਲੰਧਰ ਸੜਕ ਨੂੰ ਬੰਦ ਕਰ ਦਿੱਤਾ। ਸੂਬੇ ਵਿੱਚ ਇਸੇ ਤਰ੍ਹਾਂ ਦੇ ਵਿਖਾਵੇ ਸੈਂਕੜੇ ਹੀ ਥਾਵਾਂ ਉੱਤੇ ਕੀਤੇ ਗਏ, ਜਿਨ੍ਹਾਂ ਵਿੱਚ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਭਾਗ ਲਿਆ।

ਹਰਿਆਣਾ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਅੰਦੋਲਨਕਾਰੀ ਕਿਸਾਨਾਂ ਨੇ, ਕਰਨਾਲ ਨੇੜੇ ਰਾਇਪੁਰ ਪਿੰਡ ਵਿਖੇ ਕਿਸਾਨ-ਵਿਰੋਧੀ ਕਾਨੂੰਨਾਂ ਦੇ ਵਿਰੋਧ ਲਈ ਹਾਈਵੇਅ ਨੰਬਰ 44 ਨੂੰ ਬੰਦ ਰੱਖਿਆ। ਕਰਨਾਲ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ ਅਤੇ ਪੰਜਕੁਲਾ ਦੇ ਕਿਸਾਨਾਂ ਨੇ ਵੀ ਵਿਰੋਧ ਵਿਖਾਵਿਆਂ ਵਿੱਚ ਹਿੱਸਾ ਲਿਆ।

close

Share and Enjoy !

Shares

Leave a Reply

Your email address will not be published.