ਇੱਕ ਨਵਾਂ ਹਿੰਦ-ਅਮਰੀਕਾ ਫੌਜੀ ਸਮਝੌਤਾ:

ਹਿੰਦੋਸਤਾਨ ਦੀ ਪ੍ਰਭੂਸੱਤਾ ਨੂੰ ਖਤਰੇ ਪਾਉਂਦਾ ਹੈ ਅਤੇ ਜੰਗ ਦੇ ਖਤਰੇ ਨੂੰ ਵਧਾਉਂਦਾ ਹੈ

ਹਿੰਦੋਸਤਾਨ ਅਤੇ ਅਮਰੀਕਾ ਨੇ ਆਪਣੇ ਰਣਨੀਤਿਕ ਫੌਜੀ ਗਠਜੋੜ ਨੂੰ ਹੋਰ ਪੱਕਿਆਂ ਕਰਨ ਲਈ ਇੱਕ ਹੋਰ ਵੱਡੇ ਸਮਝੌਤੇ ਨੂੰ ਅੰਜਾਮ ਦਿੱਤਾ ਹੈ। ਦੋਵਾਂ ਦੇਸ਼ਾਂ ਨੇ ਬੇਸਿਕ ਐਕਸਚੇਂਜ ਐਂਡ ਕੋਅਪਰੇਸ਼ਨ ਐਗਰੀਮੈਂਟ ਫਾਰ ਜੀਓ-ਸਪੇਟੀਅਲ ਕੋਅਪਰੇਸ਼ਨ (ਬੈਕਾ) ਨਾਮ ਦੇ ਸਮਝੌਤੇ ਉੱਤੇ ਦਸਖਤ ਕੀਤੇ ਹਨ। ਇਹ ਸੂਚਨਾ ਦੋਵਾਂ ਸਰਕਾਰਾਂ ਵਲੋਂ 28 ਅਕਤੂਬਰ ਨੂੰ ਇੱਕ ਸਾਂਝਾ ਸਰਕਾਰੀ ਐਲਾਨ ਕਰਕੇ ਦਿੱਤੀ ਗਈ ਹੈ।

ਹਿੰਦੋਸਤਾਨ ਵਲੋਂ ਬੈਕਾ ਉੱਤੇ ਦਸਖਤ ਕਰਨ ਨਾਲ ਅਮਰੀਕੀ ਸਾਮਰਾਜਵਾਦ ਦੀ ਏਸ਼ੀਆ ਵਿੱਚ ਆਪਣੀ ਸਰਦਾਰੀ ਕਾਇਮ ਕਰਨ ਦੇ ਰਣਨੀਤਿਕ ਉਦੇਸ਼ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ। ਅਮਰੀਕਾ ਏਸ਼ੀਆ ਦੀਆਂ ਦੋ ਵੱਡੀਆਂ ਤਾਕਤਾਂ ਨੂੰ ਇੱਕ-ਦੂਸਰੇ ਦੇ ਖ਼ਿਲਾਫ਼ ਕਰਕੇ ਅਤੇ ਆਪਣੇ ਮੁੱਖ ਦੁਸ਼ਮਣ, ਚੀਨ ਦਾ ਘੇਰਾਓ ਕਰਕੇ ਅਤੇ ਉਸ ਨੂੰ ਨਿਖੇੜ ਕੇ, ਆਪਣਾ ਇਹ ਉਦੇਸ਼ ਪ੍ਰਾਪਤ ਕਰਨ ਦੀ ਉਮੀਦ ਰੱਖਦਾ ਹੈ।

ਅਮਰੀਕਾ ਦੇ ਸਟੇਟ ਸਕੱਤਰ ਮਾੲਕਿ ਪੰਪੇਓ ਅਤੇ ਡੀਫੈਂਸ ਸਕੱਤਰ ਮਾਰਕ ਐਸਪਰ, ਅਮਰੀਕਾ ਵਿੱਚ ਪ੍ਰਧਾਨਗੀ ਪਦ ਲਈ ਚੋਣਾਂ ਤੋਂ ਇੱਕ ਹਫਤਾ ਪਹਿਲਾਂ ਆਪਣੇ ਬਰਾਬਰ ਦੇ ਹਿੰਦੋਸਤਾਨੀ ਅਧਿਕਾਰੀਆਂ, ਡੀਫੈਂਸ ਮਨਿਸਟਰ ਰਾਜਨਾਥ ਸਿੰਘ ਅਤੇ ਬਦੇਸ਼ ਮੰਤਰੀ ਐਸ ਜੈਸ਼ੰਕਰ, ਨਾਲ ਮੁਲਾਕਾਤ ਲਈ ਆਏ ਸਨ। ਇਸਨੂੰ ਦੋਵਾਂ ਦੇਸ਼ਾਂ ਵਿਚਕਾਰ ਦੋ ਜਮ੍ਹਾਂ ਦੋ ਕਾਨਫਰੰਸ ਦਾ ਨਾਮ ਦਿੱਤਾ ਗਿਆ ਹੈ।

ਆਪਣੇ ਹਿੰਦੋਸਤਾਨ ਦੇ ਸਰਕਾਰੀ ਦੌਰੇ ਦੁਰਾਨ, ਮਾਈਕ ਪੰਪੇਓ ਨੇ ਚੀਨ ਉੱਤੇ, ਉਹਦੇ ਪ੍ਰਧਾਨ ਅਤੇ ਸਰਕਾਰ ਉੱਤੇ ਸ਼ਰ੍ਹੇਆਮ ਹਮਲਾ ਕੀਤਾ। ਉਸਨੇ ਜਨਤਕ ਤੌਰ ਉਤੇ ਐਲਾਨ ਕੀਤਾ ਕਿ ਹਿੰਦ-ਅਮਰੀਕੀ ਫੌਜੀ ਗਠਜੋੜ ਦਾ ਉਦੇਸ਼ ਚੀਨ ਨੂੰ ਘੇਰਨਾ ਅਤੇ ਰੋਕ ਕੇ ਰੱਖਣਾ ਹੈ। ਹਿੰਦੋਸਤਾਨ ਦੀ ਸਰਕਾਰ ਨੇ, ਹਿੰਦੋਸਤਾਨ ਦੀ ਧਰਤੀ ਤੋਂ ਚੀਨ ਦੇ ਖ਼ਿਲਾਫ਼ ਅਜੇਹੇ ਭੜਕਾਊ ਬਿਆਨ ਦੇਣ ਤੋਂ ਬਿੱਲਕੁਲ ਨਹੀਂ ਵਰਜਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਭੜਕਾਊ ਬਿਆਨ ਹਿੰਦੋਸਤਾਨੀ ਰਾਜ ਦੀ ਸਹਿਮਤੀ ਨਾਲ ਦਿੱਤੇ ਗਏ ਹਨ। ਚੀਨੀ ਸਰਕਾਰ ਨੇ ਪੰਪੇਓ ਦੇ ਇਨ੍ਹਾਂ ਬਿਆਨਾਂ ਦੀ ਨਿਖੇਧੀ ਕੀਤੀ ਹੈ। ਉਸਨੇ ਧਿਆਨ ਦੁਆਇਆ ਕਿ ਅਮਰੀਕਾ ਹਿੰਦੋਸਤਾਨ ਅਤੇ ਚੀਨ ਵਿਚਕਾਰ ਉਸ ਵਕਤ ਝਗੜੇ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਦੋਵੇਂ ਦੇਸ਼ ਆਪਣੇ ਸੀਮਾਵਾਂ ਬਾਰੇ ਝਗੜੇ ਨੂੰ ਅਮਨਪੂਰਬਕ ਅਤੇ ਦੋ-ਧਿਰੀ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰੀਕਾ ਨੇ ਚੀਨ ਨੂੰ ਘੇਰਨ ਅਤੇ ਨਿਖੇੜਨ ਲਈ ਚਾਰ ਦੇਸ਼ਾਂ – ਅਮਰੀਕਾ, ਜਪਾਨ, ਅਸਟਰੇਲੀਆ ਅਤੇ ਹਿੰਦੋਸਤਾਨ – ਦਾ ਫੌਜੀ ਗਠਜੋੜ ਬਣਾਉਣ ਲਈ ਬੜੇ ਗਿਣੇਮਿੱਥੇ ਢੰਗ ਨਾਲ ਕਦਮ ਉਠਾਏ ਹਨ। ਇਹ ਗਠਜੋੜ, ਜਿਸਨੂੰ ਕੁਆਡ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਨੂੰ 2017 ਤੋਂ ਲੈ ਕੇ ਦੁਬਾਰਾ ਜੀਵਤ ਕੀਤਾ ਜਾ ਰਿਹਾ ਹੈ। ਹਿੰਦੋਸਤਾਨ ਇਸ ਵਿੱਚ ਸਰਗਰਮ ਭੂਮਿਕਾ ਅਦਾ ਕਰਦਾ ਆ ਰਿਹਾ ਹੈ।

ਇਹਦੇ ਨਾਲ ਨਾਲ, ਇਸੇ ਹੀ ਮਕਸਦ ਨਾਲ, ਅਮਰੀਕਾ ਹਿੰਦੋਸਤਾਨ ਨਾਲ ਦੋ-ਧਿਰਾ ਫੌਜੀ ਗਠਜੋੜ ਮਜ਼ਬੂਤ ਕਰਨ ਲਈ ਵੀ ਕਦਮ ਉਠਾਉਂਦਾ ਆ ਰਿਹਾ ਹੈ। ਉਹ ਹਿੰਦੋਸਤਾਨ ਦੀ ਹਾਕਮ ਜਮਾਤ ਦੇ ਸਾਮਰਾਜਵਾਦੀ ਮਨਸੂਬਿਆਂ ਨੂੰ ਹਵਾ ਦਿੰਦਾ ਆ ਰਿਹਾ ਹੈ ਅਤੇ ਹਿੰਦੋਸਤਾਨ ਤੇ ਚੀਨ ਵਿਚਕਾਰ ਝਗੜਾ ਭੜਕਾ ਰਿਹਾ ਹੈ।

ਬੈਕਾ ਸਮਝੌਤੇ ਨੂੰ ਇਸ ਰੌਸ਼ਨੀ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਇਸ ਸਮਝੌਤੇ ਵਿੱਚ ਉਪਗਰੈਹ ਤੋਂ ਖਿੱਚੀਆਂ ਹੋਈਆਂ ਫੌਜੀ ਅੱਡਿਆਂ ਅਤੇ ਗਤੀਵਿਧੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਬਾਰੇ ਸਹਿਮਤੀ ਕੀਤੀ ਗਈ ਹੈ। ਚੀਨ, ਪਾਕਿਸਤਾਨ, ਆਦਿ ਦੀਆਂ ਫੌਜਾਂ ਦੀ ਤਾਇਨਾਤੀ ਅਤੇ ਗਤੀਵਿਧੀਆਂ ਬਾਰੇ ਉਸੇ ਵਕਤ ਹੀ ਜਾਣਕਾਰੀ ਮਿਲਣ ਦੇ ਖਿਆਲ ਨਾਲ ਹਿੰਦੋਸਤਾਨ ਦੀ ਸਰਕਾਰ ਬਹੁਤ ਹੀ ਖੁਸ਼ ਹੋ ਰਹੀ ਹੈ। ਪਰ ਸਵਾਲ ਇਹ ਹੈ ਕਿ ਅਮਰੀਕਾ ਇਹ ਜਾਣਕਾਰੀ ਹਿੰਦੋਸਤਾਨ ਨਾਲ ਕਿਉਂ ਸਾਂਝੀ ਕਰੇਗਾ, ਅਤੇ ਹਿੰਦੋਸਤਾਨੀ ਰਾਜ ਪਿਛਲੇ ਇੱਕ ਦਹਾਕੇ ਤੋਂ ਅਜੇਹਾ ਸਮਝੌਤਾ ਕਰਨ ਤੋਂ ਗੁਰੇਜ਼ ਕਿਉਂ ਕਰਦਾ ਆ ਰਿਹਾ ਸੀ?

ਅਮਰੀਕਾ ਚੀਨ ਨੂੰ ਘੇਰਨ ਅਤੇ ਨਿਖੇੜਨ ਦੇ ਇਰਾਦੇ ਨਾਲ ਬਣਾਏ ਗਏ ਗਠਜੋੜ ਵਿੱਚ ਹਿੰਦੋਸਤਾਨ ਦੀ ਸ਼ਮੂਲੀਅਤ ਦੇ ਬਦਲੇ ਉਪਗਰੈਹ ਤੋਂ ਪ੍ਰਾਪਤ ਜਾਣਕਾਰੀ (ਬਹੁਤ ਹੀ ਨਾਜ਼ੁਕ ਜਾਣਕਾਰੀ) ਸਾਂਝੀ ਕਰਨ ਲਈ ਤਿਆਰ ਸੀ। ਦੂਸਰੀ ਸ਼ਰਤ ਇਹ ਸੀ ਕਿ ਹਿੰਦੋਸਤਾਨ ਨੂੰ ਆਪਣੀਆਂ ਫੌਜਾਂ ਦੀ ਤਾਇਨਾਤੀ ਦੇ ਨਕਸ਼ੇ, ਚਾਰਟ ਅਤੇ ਹੋਰ ਜਾਣਕਾਰੀ ਅਮਰੀਕਾ ਨਾਲ ਸਾਂਝੀ ਕਰਨੀ ਪਏਗੀ। ਇਸਦਾ ਮਤਲਬ ਹੈ ਸਾਡੀ ਰਾਸ਼ਟਰੀ ਪ੍ਰਭੂਸੱਤਾ ਬਾਰੇ ਨਰਮੀ ਕਰਨਾ ਹੈ। ਇਨ੍ਹਾਂ ਦੋਵਾਂ ਕਾਰਨਾਂ ਕਰਕੇ ਹਿੰਦੋਸਤਾਨ ਬਹੁਤ ਸਾਰੇ ਸਾਲਾਂ ਤੋਂ ਬੈਕਾ ਸਮਝੌਤਾ ਕਰਨ ਤੋਂ ਗੁਰੇਜ਼ ਕਰਦਾ ਆ ਰਿਹਾ ਸੀ।

ਜਦਕਿ ਅਮਰੀਕਾ ਆਪਣੀ ਚੌਧਰ ਹੇਠ ਇੱਕ ਇੱਕ-ਧਰੁਵੀ ਦੁਨੀਆਂ ਚਾਹੁੰਦਾ ਹੈ ਅਤੇ ਦੂਸਰੀਆਂ ਤਾਕਤਾਂ ਇੱਕ ਬਹੁ-ਧਰੁਵੀ ਦੁਨੀਆਂ ਦੇ ਹੱਕ ਵਿੱਚ ਹਨ, ਇਸ ਮਹੌਲ ਵਿੱਚ ਹਿੰਦੋਸਤਾਨ ਦੀ ਹਾਕਮ ਜਮਾਤ ਆਪਣੇ ਹਿੱਤ ਅੱਗੇ ਵਧਾਉਣ ਦੀਆਂ ਚਾਲਬਾਜ਼ੀਆਂ ਕਰਦੀ ਆ ਰਹੀ ਹੈ। ਉਹ ਇੱਕ ਪਾਸੇ ਅਮਰੀਕਾ ਨਾਲ ਆਪਣੇ ਸਬੰਧ ਮਜ਼ਬੂਤ ਕਰਦੀ ਆ ਰਹੀ ਹੈ ਅਤੇ ਦੂਸਰੇ ਪਾਸੇ ਰੂਸ ਅਤੇ ਚੀਨ ਨਾਲ ਦੋ-ਧਿਰੇ ਅਤੇ ਬਹੁ-ਧਿਰੇ ਸਬੰਧ ਬਣਾਉਂਦੀ ਰਹੀ ਹੈ। ਚੀਨ ਅਤੇ ਰੂਸ ਦੋਵਾਂ ਨੂੰ ਪਤਾ ਹੈ ਕਿ ਅਮਰੀਕਾ ਹਿੰਦੋਸਤਾਨ ਨੂੰ ਉਨ੍ਹਾਂ ਦੇ ਖ਼ਿਲਾਫ਼, ਆਪਣੇ ਨਾਲ ਨਜ਼ਦੀਕੀ ਫੌਜੀ ਰਣਨੀਤਿਕ ਗਠਜੋੜ ਬਣਾਉਣ ਲਈ ਲਾਲਚ ਦੇ ਰਿਹਾ ਹੈ। ਹਿੰਦੋਸਤਾਨ ਨੂੰ ਵੀ ਇਹ ਪਤਾ ਹੈ ਕਿ ਜਿੰਨਾ ਜ਼ਿਆਦਾ ਉਹ ਅਮਰੀਕਾ ਦੇ ਨੇੜੇ ਹੋਵੇਗਾ ਓਨਾ ਜ਼ਿਆਦਾ ਉਸਦੇ ਸਬੰਧ ਰੂਸ ਅਤੇ ਚੀਨ ਨਾਲ ਤਣਾਓ ਪੂਰਨ ਬਣਨਗੇ। ਇਨ੍ਹਾਂ ਕਾਰਨਾਂ ਕਰਕੇ, ਹਿੰਦੋਸਤਾਨ ਬਹੁਤ ਸਾਲਾਂ ਤੋਂ ਅਮਰੀਕਾ ਨਾਲ ਚੀਨ-ਵਿਰੋਧੀ ਗਠਜੋੜ ਵਿੱਚ ਖੁੱਲੇ ਤੌਰ ਉਤੇ ਸ਼ਾਮਲ ਹੋਣ ਤੋਂ ਗੁਰੇਜ਼ ਕਰਦਾ ਆ ਰਿਹਾ ਹੈ।

ਲੇਕਿਨ, ਪਿਛਲੇ ਕੁੱਝ ਸਾਲਾਂ ਦੀਆਂ ਗਤੀਵਿਧੀਆਂ ਤੋਂ ਨਜ਼ਰ ਆ ਰਿਹਾ ਹੈ ਕਿ ਹਿੰਦੋਸਤਾਨੀ ਹਾਕਮ ਜਮਾਤ ਇਸ ਹਿਚਕਿਚਾਹਟ ਨੂੰ ਛੱਡ ਰਹੀ ਹੈ ਅਤੇ ਸ਼ਰੇਆਮ ਹੀ ਅਮਰੀਕਾ ਨੂੰ ਜੱਫੀਆਂ ਪਾ ਰਹੀ ਹੈ। ਇਸ ਤਾਜ਼ਾ ਸਮਝੌਤੇ ਤੋਂ ਪਹਿਲਾਂ ਹਿੰਦੋਸਤਾਨ ਦੋ ਅਜੇਹੇ ਸਮਝੌਤੇ ਦਸਖਤ ਕਰ ਚੁੱਕਾ ਹੈ, ਜੋ ਹਿੰਦੋਸਤਾਨੀ ਫੌਜਾਂ ਨੂੰ ਅਮਰੀਕੀ ਫੌਜਾਂ ਨਾਲ ਨਰੜਦੇ ਹਨ। ਪਹਿਲਾ ਸਮਝੌਤਾ ਅਮਰੀਕੀ ਫੌਜਾਂ ਨੂੰ ਅਰਾਮ ਕਰਨ ਅਤੇ ਤੇਲ ਪਾਉਣ ਲਈ ਹਿੰਦੋਸਤਾਨ ਦੇ ਫੌਜੀ ਅੱਡਿਆਂ ਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ। ਦੂਸਰਾ ਸਮਝੌਤਾ ਇਹ ਯਕੀਨੀ ਬਣਾਉਂਦਾ ਹੈ ਕਿ ਹਿੰਦੋਸਤਾਨੀ ਅਤੇ ਅਮਰੀਕੀ ਫੌਜਾਂ ਦੇ ਸੰਪਰਕ (ਬਣਾਉਣ ਵਾਲੇ) ਢਾਂਚੇ ਇੱਕ-ਦੂਸਰੇ ਦੇ ਅਨੁਕੂਲ ਹੋਣ। ਬੈਕਾ ਉੱਤੇ ਦਸਖਤ ਕਰਕੇ ਹਿੰਦੋਸਤਾਨ ਨੇ ਅਮਰੀਕਾ ਨੂੰ ਹਿੰਦੋਸਤਾਨੀ ਫੌਜਾਂ ਦੀ ਜ਼ਮੀਨੀ ਅਤੇ ਸੰਮੁਦਰੀ ਤਾਇਨਾਤੀ ਬਾਰੇ ਸੂਖਮ ਜਾਣਕਾਰੀ ਪ੍ਰਦਾਨ ਕਰਨਾ ਸਵੀਕਾਰ ਕਰ ਲਿਆ ਹੈ। ਦੋਵਾਂ ਫੌਜਾਂ ਵਿਚਕਾਰ ਸਹਿਯੋਗ ਵਧਾਉਣ ਲਈ ਇੱਕ-ਦੂਸਰੇ ਦੀਆਂ ਫੌਜਾਂ ਦੇ ਹੈਡਕੁਆਟਰਾਂ ਵਿੱਚ ਰਾਬਤਾ ਰੱਖਣ ਵਾਲੇ ਅਫਸਰ ਹਾਜ਼ਰ ਰਹਿਣਗੇ।

ਹੌਲੀ ਹੌਲੀ ਕਰਕੇ, ਹਿੰਦੋਸਤਾਨੀ ਫੌਜਾਂ ਦਾ ਅਮਰੀਕੀ ਫੌਜਾਂ ਨਾਲ ਏਕੀਕਰਣ ਕੀਤਾ ਜਾ ਰਿਹਾ ਹੈ, ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਲਈ ਖਤਰਾ ਬਣ ਰਿਹਾ ਹੈ। ਅਮਰੀਕਾ ਨੇ ਕੋਈ ਓਹਲਾ ਨਹੀਂ ਰੱਖਿਆ ਹੋਇਆ ਕਿ ਉਹ ਹਿੰਦੋਸਤਾਨ ਨੂੰ ਆਪਣੇ ਨਾਲ ਉਸੇ ਕਿਸਮ ਨਾਲ ਜੋੜਨਾ ਚਾਹੁੰਦਾ ਹੈ, ਜਿਸ ਤਰ੍ਹਾਂ ਨਾਟੋ ਗਠਜੋੜ ਦੇ ਦੇਸ਼ ਅਮਰੀਕਾ ਨਾਲ ਜੁੜੇ ਹੋਏ ਹਨ। ਨਾਟੋ ਗਠਜੋੜ ਦੇ ਮੈਂਬਰ ਦੇਸ਼ਾਂ ਦੀਆਂ ਫੌਜਾਂ ਅਮਲੀ ਰੂਪ ਵਿੱਚ ਅਮਰੀਕਾ ਦੀ ਕਮਾਨ ਹੇਠ ਹਨ। ਇਸ ਗਠਜੋੜ ਦੇ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਸੀਮਤ ਹੋ ਜਾਂਦੀ ਹੈ।

ਏਸ਼ੀਆ ਵਿੱਚ ਇੱਕ ਖਤਰਨਾਕ ਹਾਲਤ ਬਣ ਰਹੀ ਹੈ। ਅਮਰੀਕਾ ਇੱਕ ਧਾਵੀ ਢੰਗ ਨਾਲ ਚੀਨ ਦਾ ਫੌਜੀ ਅਤੇ ਆਰਥਿਕ ਘੇਰਾਓ ਕਰਨ ਅਤੇ ਉਸਨੂੰ ਨਿਖੇੜਨ ਲਈ ਜ਼ੋਰ ਲਾ ਰਿਹਾ ਹੈ। ਉਹ ਤਾਇਵਾਨ ਨੂੰ ਸਭ ਤੋਂ ਜਟਿਲ ਹਥਿਆਰਾਂ ਨਾਲ ਲੈਸ ਕਰ ਰਿਹਾ ਹੈ। ਉਹ ਚੀਨ ਦੇ ਖ਼ਿਲਾਫ਼ ਕੁਆਡ ਨਾਮ ਦੇ ਬਹੁ-ਦੇਸ਼ੀ ਫੌਜੀ ਗਠਜੋੜ ਨੂੰ ਮਜ਼ਬੂਤ ਕਰ ਰਿਹਾ ਹੈ। ਉਹ ਚੀਨ ਨੂੰ ਨਿਸ਼ਾਨਾ ਬਣਾਉਣ ਲਈ ਹਿੰਦੋਸਤਾਨ ਨਾਲ ਰਣਨੀਤਿਕ ਫੌਜੀ ਗਠਜੋੜ ਮਜ਼ਬੂਤ ਕਰ ਰਿਹਾ ਹੈ। ਹਿੰਦੋਸਤਾਨ ਨੇ ਐਲਾਨ ਕੀਤਾ ਹੈ ਕਿ ਨਵੰਬਰ ਵਿੱਚ ਕੁਆਡ ਦੇ ਚਾਰ ਦੇਸ਼ ਖਾੜੀ ਬੰਗਾਲ ਅਤੇ ਅਰਬ ਸਾਗਰ ਵਿੱਚ ਮਾਲਾਬਾਰ ਨੇਵਲ ਨਾਮ ਦੀਆਂ ਫੌਜੀ ਮਸ਼ਕਾਂ ਕਰਨਗੇ।

ਚੀਨ ਨਾਲ ਜੰਗ ਹਿੰਦੋਸਤਾਨ ਜਾਂ ਚੀਨ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਏਸ਼ੀਆ ਦੇ ਦੋ ਬੜੇ ਦੇਸ਼ਾਂ ਨੂੰ ਆਪਸ-ਵਿੱਚ ਲੜਾ ਕੇ ਕੇਵਲ ਅਮਰੀਕੀ ਸਾਮਰਾਜਵਾਦੀਆਂ ਨੂੰ ਫਾਇਦਾ ਹੋਵੇਗਾ।

ਹਿੰਦੋਸਤਾਨ ਦੇ ਲੋਕਾਂ ਨੂੰ ਹਿੰਦੋਸਤਾਨ ਅਤੇ ਅਮਰੀਕਾ ਵਿਚਕਾਰ ਮਜ਼ਬੂਤ ਕੀਤੇ ਜਾ ਰਹੇ ਫੌਜੀ ਗਠਜੋੜ ਦਾ ਵਿਰੋਧ ਕਰਨਾ ਚਾਹੀਦਾ ਹੈ।

close

Share and Enjoy !

Shares

Leave a Reply

Your email address will not be published. Required fields are marked *