ਦੁਨੀਆਂਭਰ ਦੇ ਬਜ਼ਾਰ ਵਿੱਚ 20 ਫ਼ੀਸਦੀ ਦੀ ਹਿੱਸੇਦਾਰੀ ਸਦਕਾ, ਹਿੰਦੋਸਤਾਨ ਨੂੰ ਅਕਸਰ ‘ਦੁਨੀਆਂ ਦੀ ਫਾਰਮੇਸੀ’ ਕਿਹਾ ਜਾਂਦਾ ਹੈ, ਕਿਉਂਕਿ ਇਹ ਜੈਨੇਰਿਕ (ਜਿਨਸੀ) ਦਵਾਈਆਂ ਦਾ ਸਭ ਤੋਂ ਵੱਡਾ ਅਪੂਰਤੀ–ਕਰਤਾ ਹੈ।
ਇਹਨਾਂ ਜੈਨੇਰਿਕ ਦਵਾਈਆਂ ਦਾ ਮਤਲਬ ਹੈ ਕਿ ਇੱਕ ਅਜੇਹੀ ਦਵਾ ਜਿਸ ਵਿੱਚ ਉਹੀ ਰਸਾਇਣਿਕ ਪਦਾਰਥ ਹੁੰਦੇ ਹਨ, ਜੋ ਮੂਲ ਰੂਪ ਵਿੱਚ ਰਸਾਇਣਿਕ ਪੇਟੈਂਟ ਵਲੋਂ ਸੁਰੱਖਿਅਤ ਸਨ। ਮੂਲ ਦਵਾਈਆਂ ਦੇ ਪੇਟੈਂਟ ਸਮਾਪਤ ਹੋਣ ਤੋਂ ਬਾਦ, ਜੈਨੇਰਿਕ ਦਵਾਈਆਂ ਦੀ ਵਿਕਰੀ ਲਈ ਆਗਿਆ ਦਿੱਤੀ ਜਾਂਦੀ ਹੈ। ਬਰਤਾਨੀਆਂ ਵਿੱਚ ਵੇਚੀਆਂ ਜਾਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਵਿੱਚੋਂ ਇੱਕ–ਚੌਥਾਈ ਦਵਾਈਆਂ ਦੀ ਅਪੂਰਤੀ ਹਿੰਦੋਸਤਾਨੀ ਫ਼ਰਮਾ ਕੰਪਨੀਆਂ ਵਲੋਂ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਦਾ 40 ਫ਼ੀਸਦੀ ਹਿੱਸਾ ਹਿੰਦੋਸਤਾਨ ਤੋਂ ਆਉਂਦਾ ਹੈ। ਜਾਨ–ਲੇਵਾ ਬਿਮਾਰੀ ਏਡਜ਼ ਦੇ ਇਲਾਜ਼ ਦੇ ਲਈ ਦੁਨੀਆਂਭਰ ਵਿੱਚ ਪ੍ਰਯੋਗ ਕੀਤੀਆਂ ਜਾਣ ਵਾਲੀਆਂ 80 ਫ਼ੀਸਦੀ ਦਵਾਈਆਂ ਦੀ ਅਪੂਰਤੀ ਭਾਰਤੀ ਫ਼ਰਮਾ ਕੰਪਨੀਆਂ ਵਲੋਂ ਕੀਤੀ ਜਾਂਦੀ ਹੈ। ਚਾਰ ਹਿੰਦੋਸਤਾਨੀ ਫ਼ਾਰਮਾ ਕੰਪਨੀਆਂ – ਸਨਫਾਰਮਾਸਿਊਟੀਕਲਸ, ਲਿਊਪਿਨ, ਸਿਪਲਾ ਅਤੇ ਡਾ. ਰੈਡੀ ਲੈਬ – ਦੀ ਗਿਣਤੀ ਦੁਨੀਆਂ ਦੇ ਦਸ ਸਭ ਤੋਂ ਬੜੇ ਜੈਨੇਰਿਕ ਦਵਾ ਉਤਪਾਦਕਾਂ ਵਿੱਚ ਕੀਤੀ ਜਾਂਦੀ ਹੈ।
ਹਿੰਦੋਸਤਾਨ ਦੀਆਂ ਫ਼ਰਮਾ ਕੰਪਨੀਆਂ, ਭਿੰਨ–ਭਿੰਨ ਟੀਕਿਆਂ (ਵੈਕਸੀਨ) ਦੀ ਦੁਨੀਆਂ ਦੀ ਮੰਗ ਦਾ ਸਭ ਤੋਂ ਵੱਡਾ ਵੈਕਸੀ ਉਤਪਾਦਕ, ਪੂਨੇ ਵਾਲਿਆਂ ਦਾ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ.ਆਈ.ਆਈ.) ਹੈ, ਜੋ ਮਹਾਂਰਾਸ਼ਟਰ ਦੇ ਪੂਨਾ ਸ਼ਹਿਰ ਵਿੱਚ ਸਥਿੱਤ ਹੈ। ਪੂਨਾ ਵਾਲਾ ਦੀ ਗ਼ਿਣਤੀ ਦੇਸ਼ ਦੇ 10 ਸਭ ਤੋਂ ਅਮੀਰ ਸਰਮਾਏਦਾਰਾਂ ਵਿੱਚ ਹੁੰਦੀ ਹੈ। ਬਿਲ ਐਂਡ ਮਲੰਿਡਾ ਗੇਟਸ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਦੁਨੀਆਂ ਵਿੱਚ ਕੋਵਿਡ ਵੈਕਸੀਨ ਦਾ ਸਭ ਤੋਂ ਬੜਾ ਅਪੂਰਤੀ ਕਰਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।
ਫੋ੍ਰਬਸ ਦੀ 2020 ਦੀ ਸਭ ਤੋਂ ਅਮੀਰ ਹਿੰਦੋਸਤਾਨੀਆਂ ਦੀ ਸੂਚੀ ਵਿੱਚ ਸਭ ਤੋਂ ਅਮੀਰ 50 ਹਿੰਦੋਸਤਾਨੀਆਂ ਵਿੱਚੋਂ 13 ਅਤੇ ਸਭ ਤੋਂ ਅਮੀਰ 100 ਹਿੰਦੋਸਤਾਨੀਆਂ ਵਿੱਚੋਂ 19 ਫ਼ਰਮਾ ਕੰਪਨੀਆਂ ਦੇ ਮਾਲਕ ਹਨ। ਪਿਛਲੇ ਇੱਕ ਸਾਲ ਵਿੱਚ ਜ਼ਿਆਦਾ ਫ਼ਾਰਮਾ ਕੰਪਨੀਆਂ ਨੇ ਆਪਣੀਆਂ ਸੰਪਤੀਆਂ ਵਿੱਚ ਕਾਫ਼ੀ ਵਾਧਾ ਕੀਤਾ ਹੈ।
ਦੇਸ਼ਭਰ ਵਿੱਚ 10,500 ਤੋਂ ਜ਼ਿਆਦਾ ਛੋਟੀਆਂ ਅਤੇ ਬੜੀਆਂ ਫ਼ਰਮਾ ਕੰਪਨੀਆਂ ਹਨ। ਹਾਲਾਂਕਿ, ਕੇਵਲ ਚੋਟੀ ਦੀਆਂ 10 ਕੰਪਨੀਆਂ ਦੇਸ਼ ਵਿੱਚ ਦਵਾਈਆਂ ਦੀ ਕੱੁਲ ਵਿੱਕਰੀ ਦਾ ਲੱਗਭਗ ਇੱਕ–ਤਿਹਾਈ ਹਿੱਸਾ ਵੇਚਦੀਆਂ ਹਨ। (ਚਿੱਤਰ ਇੱਕ ਦੇਖੋ) ਦਲੀਪ ਸ਼ਾਂਘਵੀ ਦੀ ਮਾਲਕੀ ਵਾਲੀ ਸਭ ਤੋਂ ਬੜੀ ਹਿੰਦੋਸਤਾਨੀ ਫ਼ਰਮਾ ਕੰਪਨੀ ਸਨ ਫ਼ਰਮਾ ਦੀ ਸਲਾਨਾ ਵਿੱਕਰੀ 33,000 ਕਰੋੜ ਰੁਪਏ ਹੈ, ਜੋ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਦਵਾਈਆਂ ਦੀ ਅਪੂਰਤੀ ਕਰਦੀ ਹੈ, ਜਿਹਦੇ ਕੋਲ ਦਵਾਈਆਂ ਬਨਾਉਣ ਦੇ 43 ਪਲਾਂਟ ਹਨ, ਜਿਨ੍ਹਾਂ ਵਿੱਚੋਂ 17 ਪਲਾਂਟ ਦੇਸ਼ ਦੇ ਬਾਹਰ ਹਨ ਅਤੇ ਪੂਰੀ ਦੁਨੀਆਂ ਵਿੱਚ ਸਨ ਫ਼ਰਮਾ ਦੀਆਂ ਕੰਪਨੀਆਂ ਵਿੱਚ ਲਗਭਗ 36,000 ਮਜ਼ਦੂਰ ਕੰਮ ਕਰਦੇ ਹਨ।
ਹਿੰਦੋਸਤਾਨੀ ਫ਼ਰਮਾ ਉਦਯੋਗ ਦੀ ਚੋਟੀ ‘ਤੇ ਬੜੀਆਂ ਕੰਪਨੀਆਂ ਦੀ ਪ੍ਰਧਾਨਤਾ ਹੋਣ ਦੇ ਬਾਵਜੂਦ, ਇਸ ਵਿੱਚ ਸੂਖਮ, ਲਘੂ ਅਤੇ ਮੱਧਿਅਮ ਅਕਾਰ ਦੇ ਉਦਯੋਗਾਂ (ਐਮ.ਐਸ.ਐਮ.ਈ.) ਦਾ ਵੀ ਇੱਕ ਬੜਾ ਯੋਗਦਾਨ ਹੈ, ਜਿਨ੍ਹਾਂ ਦੀ ਗ਼ਿਣਤੀ 20,000 ਇਕਾਈਆਂ ਤੋਂ ਵੀ ਵੱਧ ਹੈ। ਉਨ੍ਹਾਂ ਵਿੱਚੋਂ ਵੱਡੀ ਗ਼ਿਣਤੀ ਵਿੱਚ ਐਮ.ਐਸ.ਐਮ.ਈ. ਕੰਪਨੀਆਂ, ਬੜੀਆਂ ਫ਼ਰਮਾ ਕੰਪਨੀਆਂ ਦੇ ਲਈ ਕੰਟ੍ਰੈਕਟ ਮੈਨੂਫ਼ੈਕਚਰਿੰਗ ਅਤੇ ਜਾਬ ਵਰਕ ਕਰਦੀਆਂ ਹਨ। ਵੱਡੀਆਂ ਫ਼ਰਮਾ ਕੰਪਨੀਆਂ, ਛੋਟੀਆਂ ਕੰਪਨੀਆਂ ਵਲੋਂ ਮਜ਼ਦੂਰਾਂ ਨੂੰ ਬਹੁਤ ਹੀ ਘੱਟ ਮਜ਼ਦੂਰੀ ਦੇਕੇ ਕੰਮ ਕਰਾਉਣ ਦਾ ਲਾਭ ਉਠਾਉਂਦੀਆਂ ਹਨ ਅਤੇ ਇਸ ਲਈ ਆਪਣੇ ਉਤਪਾਦਨ ਉਨ੍ਹਾਂ ਤੋਂ ਕਰਵਾਉਂਦੀਆਂ ਹਨ। ਹਾਲਾਂ ਕਿ ਐਮ.ਐਸ.ਐਮ.ਈ. ਇਕਾਈਆਂ ਦਾ ਉਤਪਾਦਨ ਮਾਤਰਾ ਦੇ ਅਧਾਰ ‘ਤੇ ਕੁਲ ਉਤਪਾਦਨ ਦਾ 70 ਫ਼ੀਸਦੀ ਹੈ, ਲੇਕਿਨ ਉਨ੍ਹਾਂ ਦੇ ਉਤਪਾਦਨ ਦਾ ਮੁੱਲ, ਕੁੱਲ ਉਤਪਾਦਨ ਮੁੱਲ ਦਾ ਕੇਵਲ 50 ਫ਼ੀਸਦੀ ਹੈ। ਫ਼ਰਮਾ ਉਦਯੋਗ ਨਾਲ ਜੁੜੇ ਮਜ਼ਦੂਰਾਂ ਦੀ ਗ਼ਿਣਤੀ, ਪਿਛਲੇ ਦਹਾਕੇ ਵਿੱਚ 4 ਲੱਖ ਤੋਂ ਵਧ ਕੇ 8 ਲੱਖ ਤੋਂ ਜ਼ਿਆਦਾ ਹੋ ਗਈ ਹੈ। ਲੇਕਿਨ ਉਦਯੋਗ ਦਾ ਤੇਜ਼ੀ ਨਾਲ ਵਿਕਾਸ ਅਤੇ ਇਸ ਵਿੱਚ ਬਹੁਤ ਜ਼ਿਆਦਾ ਵਧੇ ਮੁਨਾਫ਼ੇ ਨਾਲ ਮਜ਼ਦੂਰਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਪੈਕਿੰਗ ਅਤੇ ਡਿਸਪੈਚ ਦੇ ਲਈ ਜ਼ਰੂਰੀ ਮਜ਼ਦੂਰਾਂ ਦੀ ਵੱਡੀ ਗ਼ਿਣਤੀ, ਪੀਸ ਰੇਟ ‘ਤੇ ਰੱਖੇ ਗਏ ਠੇਕਾ ਮਜ਼ਦੂਰ ਹਨ; ਜਿਨ੍ਹਾਂ ਨੂੰ ਘੱਟੋ–ਘੱਟ ਮਜ਼ਦੂਰੀ ਵੀ ਨਸੀਬ ਨਹੀਂ ਹੁੰਦੀ ਹੈ। ਫ਼ਰਮਾ ਉਦਯੋਗ ਨੂੰ “ਇੱਕ ਉਦਯੋਗ” ਦੇ ਰੂਪ ਵਿੱਚ ਸੂਚੀਬੱਧ ਨਹੀਂ ਕੀਤਾ ਗਿਆ ਹੈ, ਇਸ ਲਈ “ਘੱਟੋ–ਘੱਟ ਮਜ਼ਦੂਰੀ” ਦੇਣ ਦਾ ਕਾਨੂੰਨ ਉਨ੍ਹਾਂ ਦੇ ਲਈ ਲਾਗੂ ਕਰਨਾ ਜ਼ਰੂਰੀ ਨਹੀਂ ਹੈ।
ਇਸ ਤਾਲਾਬੰਦੀ ਦੇ ਦੌਰਾਨ ਆਪਣੇ ਮਜ਼ਦੂਰਾਂ ਦੇ ਪ੍ਰਤੀ ਸਰਮਾਏਦਾਰਾਂ ਦੇ ਖ਼ੁਦਗਰਜ਼ ਅਤੇ ਘਿਨਾਉਣੇ ਰਵੱਈਏ ਦਾ ਪਰਦਾ ਇੱਕਦਮ ਫਾਸ਼ ਹੋ ਗਿਆ ਹੈ। ਆਪਣੇ ਭਾਰੀ ਮੁਨਾਫ਼ਿਆਂ ਨੂੰ ਜਾਰੀ ਰੱਖਣ ਦੇ ਬਾਵਜੂਦ, ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੇ ਲਾਕ–ਡਾਊਨ ਦੇ ਕਾਰਨ ਆਪਣੇ ਕੰਟਰੈਕਟ ਅਤੇ ਪੀਸ ਰੇਟ ਦੇ ਮਜ਼ਦੂਰਾਂ ਵਲੋਂ ਸਾਹਮਣਾ ਕੀਤੇ ਜਾਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਕੁਛ ਵੀ ਨਹੀਂ ਕੀਤਾ ਹੈ। ਇਸ ਲਈ ਫ਼ਰਮਾ ਉਦਯੋਗ ਨਾਲ ਜੁੜੇ ਜ਼ਿਆਦਾਤਰ ਮਜ਼ਦੂਰ ਆਪਣੇ ਪਿੰਡਾਂ ਨੂੰ ਜਾਣ ਲਈ ਮਜ਼ਬੂਰ ਸਨ।
ਫ਼ਰਮਾ ਕੰਪਨੀਆਂ ਆਪਣੇ ਉਤਪਾਦਾਂ ਦੀ ਵਿਕਰੀ ਨੂੰ ਵਧਾਉਣ ਦੇ ਲਈ ਲੱਗਭਗ 3 ਤੋਂ 3.5 ਲੱਖ ਮੈਡੀਕਲ ਪ੍ਰਤੀਨਿਧੀਆਂ ਨੂੰ ਨਿਯੁਕਤ ਕਰਦੀਆਂ ਹਨ। ਕੁਛ ਕੰਪਨੀਆਂ ਵਿੱਚ ਤਾਂ ਇਨ੍ਹਾਂ ਦੀ ਗ਼ਿਣਤੀ ਕੁੱਲ ਰੈਗੂਲਰ ਕਰਮਚਾਰੀਆਂ ਦੀ ਗ਼ਿਣਤੀ ਦੇ 70-80 ਫ਼ੀਸਦੀ ਦੇ ਬਰਾਬਰ ਹੈ। ਉਨ੍ਹਾਂ ਨੂੰ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ, ਉਨ੍ਹਾਂ ਦਾ ਕੋਈ ਪ੍ਰਭਾਸ਼ਿਤ ਕੰਮ ਸਮਾਂ ਨਹੀਂ ਹੈ ਅਤੇ ਨੌਕਰੀ ਦੀ ਕੋਈ ਸੁਰੱਖਿਆ ਨਹੀਂ ਹੈ। ਜੇਕਰ ਮਾਸਕ ਵਿਕਰੀ ਦੇ ਨਿਰਧਾਰਤ ਲਕਸ਼ ਪੂਰੇ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਇੱਕ ਦਿਨ ਦੇ ਨੋਟਿਸ ‘ਤੇ ਨੌਕਰੀ ਛੱਡਣ ਲਈ ਕਹਿ ਦਿੱਤਾ ਜਾਂਦਾ ਹੈ।
ਫ਼ਰਮਾ ਉਦਯੋਗ, ਪੁਰਾਣੀਆਂ ਬਿਮਾਰੀਆਂ ਦਾ ਪੱਕੇ ਤੌਰ ‘ਤੇ ਇਲਾਜ਼ ਕਰਨ ਵਿੱਚ ਵਿਸਵਾਸ਼ ਨਹੀਂ ਰੱਖਦਾ ਅਤੇ ਇਸ ਉਦੇਸ਼ ਦੇ ਲਈ ਜ਼ਰੂਰੀ ਅਨੂਸੰਧਾਨ ਵਿੱਚ ਵੀ ਨਿਵੇਸ਼ ਨਹੀਂ ਕਰਦਾ ਹੈ। ਬਲੱਡ ਪ੍ਰੈਸ਼ਰ ਅਤੇ ਸ਼ੁਗਰ ਜਿਹੀਆਂ ਬਿਮਾਰੀਆਂ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਜਿੰਦਗੀ ਭਰ ਦਵਾਈਆਂ ਲੈਣੀਆਂ ਪੈਂਦੀਆਂ ਹਨ। ਇਹ ਦਵਾਈਆਂ ਦੇ ਲਈ ਬਹੁਤ ਬੜਾ ਬਜ਼ਾਰ ਹੈ।
1970 ਤੱਕ ਭਾਰਤੀ ਫ਼ਰਮਾ ਬਜ਼ਾਰ ਵਿੱਚ ਵਿਦੇਸ਼ੀ ਕੰਪਨੀਆਂ ਦਾ ਦਬਦਬਾ ਕਾਇਮ ਸੀ। ਸਾਲ 1911 ਦੇ ਪੇਟੈਂਟ ਕਾਨੂੰਨ ਨੂੰ 1970 ਵਿੱਚ ਬਦਲਿਆ ਗਿਆ, ਉਤਪਾਦ ਪੇਟੈਂਟ ਦੀ ਬਜਾਇ ਪ੍ਰੋਸੈਸ ਪੇਟੈਂਟ (ਦਵਾਈ ਬਨਾਉਣ ਦੀ ਪ੍ਰਕ੍ਰਿਆ) ਦੀ ਆਗਿਆ ਦਿੱਤੀ ਜਾਣ ਲੱਗੀ ਅਤੇ ਪੇਟੈਂਟ ਦੀ ਸਮਾਂ–ਸੀਮਾ ਵੀ ਘੱਟ ਕਰ ਦਿੱਤੀ ਗਈ। ਉਤਪਾਦ ਪੈਟੈਂਟ ਦੇ ਤਹਿਤ, ਉਸ ਉਤਪਾਦ ਨੂੰ ਪੇਟੈਂਟਧਾਰਕ ਨੂੰ ਛੱਡ ਕੇ ਕਿਸੇ ਹੋਰ ਦੇ ਵਲੋਂ ਉਤਪਾਦਨ ਨਹੀਂ ਕੀਤਾ ਜਾ ਸਕਦਾ ਹੈ, ਜਦਕਿ (ਪ੍ਰੋਸੈਸ) ਪ੍ਰਕ੍ਰਿਆ ਪੇਟੈਂਟ, ਉਤਪਾਦ ਨੂੰ ਇੱਕ ਵੱਖਰੀ ਵਿਧੀ ਰਾਹੀਂ, ਉਸ ਉਤਪਾਦ ਨੂੰ ਬਨਾਉਣ ਦੀ ਆਗਿਆ ਦਿੰਦਾ ਹੈ।
ਹਿੰਦੋਸਤਾਨੀ ਸਰਮਾਏਦਾਰਾਂ ਨੇ ਆਪਣੀ ਮੰਗ ‘ਤੇ ਪੇਟੈਂਟ ਕਾਨੂੰਨ ਵਿੱਚ ਲਿਆਂਦੇ ਗਏ ਇਸ ਬਦਲਾਅ ਦਾ ਪੂਰਾ ਫ਼ਾਇਦਾ ਉਠਾਇਆ। ਉਨ੍ਹਾਂ ਨੇ ਦੇਸ਼ ਵਿੱਚ ਵਿਦੇਸ਼ੀ ਕੰਪਨੀਆਂ ਵਲੋਂ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੇ ਉਤਪਾਦਨ ਦੇ ਬਦਲਵੇਂ ਤਰੀਕਿਆਂ ਨੂੰ ਲੱਭਿਆ ਅਤੇ ਇਸ ਤਰ੍ਹਾਂ ਨਾਲ ਵਿਦੇਸ਼ੀ ਕੰਪਨੀਆਂ ਦੀ ਅਜਾਰੇਦਾਰੀ ਖ਼ਤਮ ਕਰ ਦਿੱਤੀ। 2010 ਤੱਕ ਹਿੰਦੋਸਤਾਨੀ ਸਰਮਾਏਦਾਰਾਂ ਨੇ ਦੇਸ਼ ਦੇ ਫ਼ਰਮਾ ਬਜ਼ਾਰ ਦੇ 70 ਫ਼ੀਸਦ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਸਮੇਂ ਤੋਂ ਅੱਜ ਤੱਕ ਉਨ੍ਹਾਂ ਦਾ ਆਪਣਾ ਦਬਦਬਾ ਕਾਇਮ ਹੈ। ਅੱਜ ਵੀ ਦੇਸ਼ ਦੇ ਚੋਟੀ ਦੇ ਦਸ ਉਤਪਾਦਕਾਂ ਅਤੇ ਵਿਕਰੇਤਾਵਾਂ ਦੀ ਸੂਚੀ ਵਿੱਚ ਕੋਈ ਵੀ ਵਿਦੇਸ਼ੀ ਅਜਾਰੇਦਾਰ ਕੰਪਨੀ ਨਹੀਂ ਹੈ।
1980 ਦੇ ਦਹਾਕੇ ਤੋਂ ਹੀ ਹਿੰਦੋਸਤਾਨੀ ਸਰਮਾਏਦਾਰਾਂ ਨੇ ਜੈਨੇਰਿਕ ਦਵਾਈਆਂ ਦਾ ਨਿਰਯਾਤ ਸ਼ੁਰੂ ਕਰ ਦਿੱਤਾ ਸੀ। ਵਿਦੇਸ਼ੀ ਬਜ਼ਾਰਾਂ ਵਿੱਚ ਦਵਾਈਆਂ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਨਿਰਯਾਤ ਬਜ਼ਾਰ ਬਹੁਤ ਜ਼ਿਆਦਾ ਲਾਭਦਾਇਕ ਸੀ। 2000 ਦੇ ਅੰਤ ਤੱਕ ਪ੍ਰਮੁੱਖ ਹਿੰਦੋਸਤਾਨੀ ਫ਼ਰਮਾ ਕੰਪਣੀਆਂ ਲੱਗਭਗ 1,45,000 ਕਰੋੜ ਰੁਪਏ ਦੀ ਕੀਮਤ ਦੀਆਂ ਦਵਾਈਆਂ ਨਿਰਯਾਤ ਕਰਦੀਆਂ ਸਨ। ਦਸ ਸਭ ਤੋਂ ਵੱਡੀਆਂ ਹਿੰਦੋਸਤਾਨੀ ਫ਼ਰਮਾ ਕੰਪਨੀਆਂ ਦੇ ਲਈ ਘਰੇਲੂ ਵਿਕਰੀ ਦਾ ਹਿੱਸਾ, ਉਨ੍ਹਾਂ ਦੀ ਕੱੁਲ ਵਿਕਰੀ ਦਾ ਕੇਵਲ ਇੱਕ–ਤਿਹਾਈ ਹੈ। ਕੁਛ ਹਿੰਦੋਸਤਾਨੀ ਫ਼ਰਮਾ ਕੰਪਨੀਆਂ ਦੀ ਵਿਦੇਸ਼ੀ ਵਿਕਰੀ ਉਨ੍ਹਾਂ ਦੀ ਕੱੁਲ ਵਿਕਰੀ ਦਾ 80 ਫ਼ੀਸਦੀ ਹੈ।
ਜਦੋਂ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਨੇ ਹਿੰਦੋਸਤਾਨ ਅਤੇ ਹੋਰ ਦੇਸ਼ਾਂ ਨੂੰ ਬੌਧਕ ਸੰਪਤੀ ਅਧਿਕਾਰ (ਟ੍ਰਿਪਸ) ਦੇ ਵਪਾਰ–ਸਬੰਧੀ ਪਹਿਲੂਆਂ ‘ਤੇ ਸਮਝੌਤੇ ਦੀਆਂ ਧਾਰਾਵਾਂ ਦਾ ਪਾਲਣ ਕਰਨ ਦੇ ਲਈ ਮਜ਼ਬੂਰ ਕੀਤਾ ਤਾਂ ਉਤਪਾਦ ਪੇਟੈਂਟ ਦੀ ਆਗਿਆ ਦੇਣ ਦੇ ਲਈ 2005 ਵਿੱਚ ਦੇਸ਼ ਦੇ ਪੇਟੈਂਟ ਕਾਨੂੰਨ ਨੂੰ ਫਿਰ ਤੋਂ ਬਦਲਿਆ ਗਿਆ। ਹਿੰਦੋਸਤਾਨੀ ਫ਼ਰਮਾ ਕੰਪਨੀਆਂ ਨੂੰ ਹੁਣ ਨਵੀਆਂ ਦਵਾਈਆਂ ਦੇ ਮੂਲ ਪੇਟੈਂਟ ਦੀ ਸਮਾਪਤੀ ਤੱਕ, ਬਰਾਬਰ ਜੈਨੇਰਿਕ ਦਵਾਈਆਂ ਦੇ ਵਿਕਾਸ ਅਤੇ ਉਤਪਾਦਨ ਦੇ ਲਈ ਇੰਤਜ਼ਾਰ ਕਰਨਾ ਹੋਵੇਗਾ। ਹਾਲਾਂਕਿ, ਸਾਲਾਂ ਤੋਂ ਵਿਕਸਤ ਕੀਤੀ ਗਈ ਉਤਪਾਦਨ ਤਕਨੀਕ ਅਤੇ ਉਤਪਾਦਨ ਪੈਮਾਨੇ ਨੇ ਹਿੰਦੋਸਤਾਨੀ ਫ਼ਰਮਾ ਸਰਮਾਏਦਾਰਾਂ ਨੂੰ ਵਿਸ਼ਵ ਪੱਧਰ ‘ਤੇ ਜੈਨੇਰਿਕ ਦਵਾਈਆਂ ਦੇ ਬਜ਼ਾਰ ਉੱਤੇ ਭਾਰੂ ਰਹਿਣ ਦੇ ਕਾਬਲ ਬਣਾਇਆ ਹੈ।
ਹਿੰਦੋਸਤਾਨੀ ਫ਼ਰਮਾ ਉਦਯੋਗ ਨੇ ਘੱਟ ਤਨਖ਼ਾਹ ਵਾਲੇ ਮਜ਼ਦੂਰਾਂ ਦੇ ਸੋਸ਼ਣ ਅਤੇ ਕੇਂਦਰ ਸਰਕਾਰ ਦੇ ਲਗਾਤਾਰ ਸਹਿਯੋਗ ਦੇ ਦਮ ‘ਤੇ ਖੁਦ ਨੂੰ ਦੁਨੀਆਂ ਦੀ ਫ਼ਾਰਮੇਸੀ ਬਣਾ ਲਿਆ ਹੈ। ਦੁਨੀਆਂਭਰ ਵਿੱਚ ਦਵਾਈਆਂ ਦੀ ਅਪੂਰਤੀ ਕਰਨ ਦੇ ਲਈ ਦੇਸ਼ ਵਿੱਚ ਭਾਰੀ ਦਵਾ ਯੋਗਤਾ ਹੋਣ ਦੇ ਵਾਬਜੂਦ, ਹਾਲੇ ਵੀ ਦੇਸ਼ ਦੇ ਸਾਰੇ ਲੋਕਾਂ ਨੂੰ ਸਸਤੀਆਂ ਦਵਾਈਆਂ ਨਹੀਂ ਮਿਲਦੀਆਂ ਹਨ।