ਅੱਜ, ਜਦ ਸਾਰੀ ਦੁਨੀਆਂ ਵਿੱਚ ਲੋਕ ਕੋਵਿਡ-19 ਅਤੇ ਲਾਕਡਾਊਨ ਦੇ ਭਿਆਨਕ ਅਸਰ ਤੋਂ ਪੀੜਤ ਹਨ, ਦੇਸ਼ ਅਤੇ ਦੁਨੀਆਂ ਵਿੱਚ ਦਵਾਈਆਂ ਦੀਆਂ ਕੰਪਨੀਆਂ ਦੇ ਸਰਮਾਏਦਾਰ ਮਾਲਕ ਭਾਰੀ ਮੁਨਾਫ਼ੇ ਲੁੱਟ ਰਹੇ ਹਨ। ਇਹ ਦਵਾਈ ਕੰਪਨੀਆਂ ਲੋਕਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾ ਕੇ ਭਾਂਤ-ਭਾਂਤ ਦੀਆਂ ਦਵਾਈਆਂ ਨੂੰ ਭਾਰੀ ਕੀਮਤ ‘ਤੇ ਬਜ਼ਾਰ ਵਿੱਚ ਵੇਚ ਰਹੀਆਂ ਹਨ।
ਇਹ ਦਵਾ ਕੰਪਨੀਆਂ ਕੋਵਿਡ ਦੇ ਇਲਾਜ਼ ਦੇ ਨਾਂ ‘ਤੇ ਫਰਜ਼ੀ ਦਵਾਈਆਂ ਵੇਚ ਕੇ ਭਾਰੀ ਮੁਨਾਫ਼ੇ ਬਟੋਰ ਰਹੀਆਂ ਹਨ। ਉਦਾਹਰਣ ਦੇ ਲਈ ਰੈਮੇਡੇਸੀਵਰ ਦੀ ਦਵਾਈ 4800-5400 ਰੁਪਏ ਪ੍ਰਤੀ ਡੋਜ਼ ‘ਤੇ ਵੇਚੀ ਜਾ ਰਹੀ ਹੈ, ਜਦਕਿ ਉਸ ਦੀ ਉਤਪਾਦਨ ਕੀਮਤ ਕੇਵਲ 750 ਰੁਪਏ ਹੈ। ਇਸ ਦਵਾਈ ‘ਤੇ ਇੱਕ ਅਮਰੀਕੀ ਦਵਾ ਕੰਪਨੀ, ਜਿਲੇਦ ਸਾਇੰਸੇਜ, ਦੀ ਅਜਾਰੇਦਾਰੀ ਹੈ। ਭਾਰਤ ਦੀ ਸਰਕਾਰ ਨੇ ਕੇਵਲ ਦੋ ਹਿੰਦੋਸਤਾਨੀ ਕੰਪਨੀਆਂ, ਸਿਪਲਾ ਅਤੇ ਹੇਟੇਰੋ, ਨੂੰ ਹੀ ਦੇਸ਼ ਵਿੱਚ ਇਸ ਦਵਾਈ ਦੀ ਵਿਕਰੀ ਦੀ ਆਗਿਆ ਦਿੱਤੀ ਹੈ।
ਤੋਸਿਲੀਜੁਮਾਬ ਟੀਕੇ ਦਾ ਕਿੱਸਾ ਤਾਂ ਇਸਤੋਂ ਵੀ ਜ਼ਿਆਦਾ ਹੈਰਾਨੀਜਨਕ ਹੈ। ਇਸ ਦਵਾਈ ‘ਤੇ ਇੱਕ ਸਵਿਸ ਬਹੁਕੌਮੀ ਕੰਪਨੀ, ਰੋਚੇ, ਦੀ ਦੁਨੀਆਂ ਭਰ ਵਿੱਚ ਅਜਾਰੇਦਾਰੀ ਹੈ। ਰੋਚੇ ਨੇ ਕੇਵਲ ਇੱਕ ਹਿੰਦੋਸਤਾਨੀ ਕੰਪਨੀ, ਸਿਪਲਾ, ਨੂੰ ਹੀ ਇਸਦੀ ਦਰਾਮਦ ਅਤੇ ਵਿਤਰਣ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਵਜ੍ਹਾ ਕਰਕੇ ਇਸਦੀ ਅਪੂਰਤੀ ਬਹੁਤ ਸੀਮਤ ਹੈ ਅਤੇ ਕੀਮਤ ਬਹੁਤ ਜ਼ਿਆਦਾ। ਇਸ ਦੀ ਕੀਮਤ 40,000 ਰੁਪਏ ਹੈ। ਹਿੰਦੋਸਤਾਨ ਵਿੱਚ ਕਿੰਨੇ ਲੋਕ ਇਸ ਦਵਾਈ ਨੂੰ ਖ਼ਰੀਦ ਸਕਦੇ ਹਨ? ਇਹੀ ਟੀਕਾ ਅਮਰੀਕਾ ਵਿੱਚ ਇਸ ਤੋਂ ਵੀ ਜ਼ਿਆਦਾ ਮੁਨਾਫ਼ਾ ਕਮਾਏਗਾ, ਜਿੱਥੇ ਇਸ ਦੀ ਕੀਮਤ 2100 ਅਮਰੀਕੀ ਡਾਲਰ (1,55,000 ਰੁਪਏ) ਹੈ।
ਹੁਣ ਤੱਕ ਕੋਈ ਵੀ ਦਵਾਈ ਕਰੋਨਾ ਵਾਇਰਸ ਦੇ ਲਈ ਕਾਰਗਾਰ ਸਿੱਧ ਨਹੀਂ ਹੋਈ ਹੈ। ਦੇਸ਼ ਦਾ ਸਿਹਤ ਮੰਤਰਾਲਿਆ ਲੋਕਾਂ ਨੂੰ ਇਹ ਨਹੀਂ ਦੱਸ ਰਿਹਾ ਕਿ ਰੈਮੇਡੇਸੀਵਰ ਅਤੇ ਤੋਸਿਲੀਜਮਾਬ ਹਾਲੇ ਤੱਕ ਕਰੋਨਾ ਵਾਇਰਸ ਦੇ ਲਈ ਕਾਰਗਾਰ ਸਿੱਧ ਨਹੀਂ ਹੋਈਆਂ ਹਨ। ਲੋਕਾਂ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਦਵਾਈਆਂ ਸਿਰਫ਼ ਪ੍ਰਯੋਗ ਲਈ ਹੀ ਵੇਚੀਆਂ ਜਾ ਰਹੀਆਂ ਹਨ। ਇਨ੍ਹਾਂ ਦਵਾਈਆਂ ਦੇ ਵਰਤਣ ਦੇ ਲਈ ਮਰੀਜ਼ ਜਾਂ ਉਸਦੇ ਵਾਰਸਾਂ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਹੈ। ਕੇਂਦਰੀ ਸਰਕਾਰ ਇਨ੍ਹਾਂ ਦਵਾਈਆਂ ਦੀ ਅਪੂਰਤੀ ਦੀ ਨਾ ਤਾਂ ਨਿਗਰਾਨੀ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀ ਕੀਮਤ ਨੂੰ ਕੰਟਰੋਲ ਕਰ ਰਹੀ ਹੈ।
ਵੈਸੇ ਤਾਂ ਮਹਾਂਮਾਰੀ ਦੇ ਬਹਾਨੇ ਪੀ.ਪੀ.ਈ. ਕਿੱਟ, ਹੋਰ ਉਪਕਰਣ ਅਤੇ ਸੈਨਟਾਈਜ਼ਰ ਆਦਿ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਲੋਕਾਂ ਨੂੰ ਲੁੱਟ ਹੀ ਰਹੀਆਂ ਹਨ, ਲੇਕਿਨ ਕੋਵਿਡ ਟੀਕੇ ਨਾਲ ਦਵਾ ਅਤੇ ਟੀਕਾ ਬਨਾਉਣ ਵਾਲੀਆਂ ਕੰਪਨੀਆਂ ਨੂੰ ਭਾਰੀ ਮੁਨਾਫ਼ੇ ਦੀ ਉਮੀਦ ਹੈ। ਕਿਸੇ ਦਵਾ ਅਤੇ ਟੀਕੇ ਵਿੱਚ ਬਹੁਤ ਫ਼ਰਕ ਹੈ। ਦਵਾਈ ਬਿਮਾਰ ਆਦਮੀ ਨੂੰ ਦਿੱਤੀ ਜਾਂਦੀ ਹੈ, ਟੀਕਾ ਸਿਹਤਮੰਦ ਆਦਮੀ ਨੂੰ ਲਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਟੀਕਾ ਲਗਵਾਉਣ ਵਾਲਿਆਂ ਦੀ ਗ਼ਿਣਤੀ ਕਈ ਗੁਣਾ ਵੱਧ ਹੋਵੇਗੀ। ਇਸਤੋਂ ਇਲਾਵਾ ਅਜਿਹੇ ਵੀ ਟੀਕੇ ਹਨ, ਜੋ ਕੇਵਲ ਇੱਕ ਸੀਮਤ ਸਮੇਂ ਦੇ ਲਈ ਅਸਰਦਾਰ ਰਹਿੰਦੇ ਹਨ। ਇਸਦਾ ਮਤਲਬ ਹੈ ਕਿ ਇਹ ਟੀਕੇ ਦੁਨੀਆਂ ਭਰ ਵਿੱਚ ਅਰਬਾਂ ਲੋਕਾਂ ਨੂੰ ਬਾਰ-ਬਾਰ ਵੇਚੇ ਜਾਣ ਦੀ ਸੰਭਾਵਨਾ ਹੈ।
ਇਸ ਸਮੇਂ ਦੁਨੀਆਂ ਵਿੱਚ ਇਹ ਵੱਖ-ਵੱਖ ਤਰ੍ਹਾਂ ਦੇ ਕਰੀਬ 200 ਟੀਕਿਆਂ ‘ਤੇ ਕੰਮ ਚੱਲ ਰਿਹਾ ਹੈ, ਜਿਸ ਵਿੱਚ ਸੱਤ ਹਿੰਦੋਸਤਾਨ ਵਿੱਚ ਹਨ। ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹਰ ਸਾਲ ਕਈ ਅਰਬ ਡੋਜ਼ ਪੈਦਾ ਕਰਨ ਦੀ ਕਪੈਸਟੀ ਵਾਲੀਆਂ ਸਹੂਲਤਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਟੀਕਾ ਬਨਾਉਣ ਵਾਲੀਆਂ ਕੰਪਣੀਆਂ ਸਾਫ਼ ਤੌਰ ‘ਤੇ ਇਹ ਚਾਹੁੰਦੀਆਂ ਹਨ ਕਿ ਦੁਨੀਆਂ ਵਿੱਚ ਹਰ ਇੱਕ ਆਦਮੀ ਨੂੰ ਟੀਕਾ ਲਗਾਇਆ ਜਾਵੇ। ਇਸ ਕੰਮ ਵਿੱਚ ਦੁਨੀਆਂ ਭਰ ਦੀਆਂ ਦਵਾ ਅਤੇ ਟੀਕਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਸ਼ਾਮਲ ਹਨ। ਜਦਕਿ ਟੀਕੇ ‘ਤੇ ਹਾਲੇ ਕੰਮ ਚਲ ਹੀ ਰਿਹਾ ਹੈ, ਲੇਕਿਨ ਉਸਦੇ ਲਈ ਪੈਦਾਵਾਰ ਦੀਆਂ ਸਹੂਲਤਾਂ ਪਹਿਲਾਂ ਹੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਸੀਰਮ ਇੰਸਟੀਚਿਊਟ ਆਫ਼ ਇੰਡੀਆ, ਜੋ ਕਿ ਦੁਨੀਆਂ ਭਰ ਵਿੱਚ ਟੀਕਾ ਉਤਪਾਦਨ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਹੈ, ਇਹ ਮੰਨਿਆਂ ਜਾਂਦਾ ਹੈ ਕਿ ਇਹ ਘੱਟ ਆਮਦਨੀ ਵਾਲੇ ਦੇਸ਼ਾਂ ਨੂੰ ਘੱਟ ਕੀਮਤ ‘ਤੇ ਜਾਣੀ ਕਿ 3 ਅਮਰੀਕਣ ਡਾਲਰ (220 ਰੁਪਏ) ਦੀ ਕੀਮਤ ‘ਤੇ ਟੀਕਾ ਵੇਚੇਗੀ। ਇਹ ਕੰਪਨੀ ਹਰ ਸਾਲ ਟੀਕੇ ਦੇ ਦੋ ਅਰਬ ਡੋਜ਼ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਜਿਨ੍ਹਾਂ ਲੋਕਾਂ ਨੂੰ ਸਰਕਾਰ ਤੋਂ ਕੋਈ ਮੱਦਦ ਨਹੀਂ ਮਿਲਦੀ, ਉਨ੍ਹਾਂ ਨੂੰ ਘੱਟ ਤੋਂ ਘੱਟ ਛੇ ਅਮਰੀਕੀ ਡਾਲਰ (440 ਰੁਪਏ) ਹਰ ਆਦਮੀ ਲਈ ਖ਼ਰਚ ਕਰਨੇ ਹੋਣਗੇ।
ਜੇਕਰ ਹਿੰਦੋਸਤਾਨ ਦੀ ਸਰਕਾਰ ਦੇਸ਼ ਦੀ ਤੀਜਾ ਹਿੱਸਾ ਅਬਾਦੀ ਜਾਣੀ 45 ਕਰੋੜ ਲੋਕਾਂ ਨੂੰ ਟੀਕਾ ਲਾਉਣ ਦਾ ਖ਼ਰਚ ਕਰਦੀ ਹੈ ਅਤੇ ਬਾਕੀ ਲੋਕਾਂ ਨੂੰ ਖ਼ੁਦ ਆਪਣਾ ਪੈਸਾ ਖ਼ਰਚ ਕਰਨ ਲਈ ਕਹਿੰਦੀ ਹੈ ਤਾਂ ਅਗਲੇ ਤਿੰਨ ਸਾਲਾਂ ਵਿੱਚ ਇਸ ਤੋਂ 45,000 ਕਰੋੜ ਰੁਪਏ ਦਾ ਕਾਰੋਬਾਰ ਪੈਦਾ ਹੋਵੇਗਾ।
ਅਮਰੀਕੀ ਸਰਕਾਰ ਨੇ ਦੁਨੀਆਂ ਦੀ ਸਭ ਤੋਂ ਵੱਡੀ ਦਵਾ ਕੰਪਨੀ, ਪਿਕਜੇਰ, ਵਲੋਂ ਵਿਕਸਤ ਟੀਕੇ ਦੇ ਲਈ ਪ੍ਰਤੀ ਆਦਮੀ 40 ਅਮਰੀਕੀ ਡਾਲਰ (ਕਰੀਬ 3000 ਰੁਪਏ) ਖ਼ਰਚ ਕਰਨ ਦੀ ਮਨਜੂਰੀ ਦਿੱਤੀ ਹੈ, ਜਦਕਿ ਇਸਦੀ ਅਸਲ ਕੀਮਤ ਕੇਵਲ ਦੋ ਡਾਲਰ ਪ੍ਰਤੀ ਖੁਰਾਕ ਤੋਂ ਵੀ ਘੱਟ ਹੋਵੇਗੀ। ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਅਗਲੇ ਦੋ ਤਿੰਨ ਸਾਲਾਂ ਵਿੱਚ ਦੁਨੀਆਂ ਭਰ ਵਿੱਚ ਕੋਵਿਡ ਦੇ ਟੀਕੇ ਦੀ ਵਿਕਰੀ 40-50 ਅਰਬ ਅਮਰੀਕੀ ਡਾਲਰ (3-3.5 ਲੱਖ ਕਰੋੜ ਰੁਪਏ) ਦੀ ਹੋਵੇਗੀ।
ਇਸਦਾ ਮਤਲਬ ਹੈ ਕਿ ਟੀਕੇ ਬਨਾਉਣ ਵਾਲੀਆਂ ਕੰਪਨੀਆਂ ਦੁਨੀਆਂ ਦੇ ਸਾਰੇ ਲੋਕਾਂ ਤੋਂ ਔਸਤ 370 ਰੁਪਏ ਪ੍ਰਤੀ ਆਦਮੀ ਦੀ ਵਸੂਲੀ ਕਰਨਗੀਆਂ। ਭਾਰੀ ਮੁਨਾਫ਼ਿਆਂ ਦਾ ਇਹੀ ਲਾਲਚ ਹੈ, ਜਿਸਦੀ ਵਜ੍ਹਾ ਨਾਲ ਦਵਾਈ ਕੰਪਨੀਆਂ ਦੁਨੀਆਂ ਭਰ ਵਿੱਚ ਇਹ ਸੰਦੇਸ਼ ਫ਼ੈਲਾ ਰਹੀਆਂ ਹਨ ਕਿ ਜਦੋਂ ਤੱਕ ਸਾਰੇ ਲੋਕਾਂ ਦਾ ਟੀਕਾਕਰਣ ਨਹੀਂ ਹੋ ਜਾਂਦਾ, ਉਦੋਂ ਤੱਕ ਕੋਵਿਡ ਮਹਾਂਮਾਰੀ ਦਾ ਖ਼ਾਤਮਾ ਨਹੀਂ ਹੋਵੇਗਾ। ਦੁਨੀਆਂ ਭਰ ਦੀਆਂ ਸਰਕਾਰਾਂ ਵੀ ਇਸ ਗੱਲ ਦਾ ਪ੍ਰਚਾਰ ਕਰਨ ਦਾ ਕੰਮ ਕਰ ਰਹੀਆਂ ਹਨ, ਜਿਸ ਨਾਲ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਸਰਕਾਰੀ ਨੀਤੀਆਂ ਉੱਤੇ ਇਨ੍ਹਾਂ ਦਵਾ ਕੰਪਨੀਆਂ ਦੀ ਪਕੜ੍ਹ ਕਿੰਨੀ ਮਜ਼ਬੂਤ ਹੈ।
ਦਵਾਈਆਂ ਦੀਆਂ ਉੱਚੀਆਂ ਕੀਮਤਾਂ ਨੂੰ ਸਹੀ ਸਿੱਧ ਕਰਨ ਦੇ ਲਈ ਇਹ ਕੰਪਨੀਆਂ ਦਾਅਵਾ ਕਰ ਰਹੀਆਂ ਹਨ ਕਿ ਕਿਉਂਕਿ ਇਨ੍ਹਾਂ ਦਵਾਈਆਂ ਨੂੰ ਵਿਕਸਤ ਕਰਨ ਵਿੱਚ ਸਾਲਾਂ ਬੱਧੀ ਮਿਹਨਤ ਅਤੇ ਪੈਸਾ ਖ਼ਰਚ ਕਰਨਾ ਪੈਂਦਾ ਹੈ ਅਤੇ ਇਸ ਲਈ ਇਸ ਨੂੰ ਪੂਰਾ ਕਰਨ ਦੇ ਲਈ ਦਵਾਈਆਂ ਦੀ ਕੀਮਤ ਜ਼ਿਆਦਾ ਰੱਖੀ ਗਈ ਹੈ। ਲੇਕਿਨ ਅਸਲ ਵਿੱਚ ਕੋਵਿਡ-19 ਦੇ ਟੀਕੇ ਨੂੰ ਵਿਕਸਤ ਕਰਨ ਦੇ ਲਈ ਸਰਕਾਰ ਆਪਣੇ ਬੱਜ਼ਟ ਤੋਂ ਪੈਸਾ ਲਗਾ ਰਹੀ ਹੈ।
ਕਿਸੇ ਵੀ ਟੀਕੇ ਨੂੰ ਪੂਰੀ ਤਰ੍ਹਾਂ ਵਿਕਸਤ ਕਰਨ ਦੇ ਲਈ ਆਮਤੌਰ ‘ਤੇ 6-10 ਸਾਲ ਦਾ ਸਮਾਂ ਲੱਗਦਾ ਹੈ, ਜਿਸ ਦੌਰਾਨ ਉਸ ਦੀ ਸੁਰੱਖਿਆ ਅਤੇ ਅਸਰ ਦੀ ਪੁਸ਼ਟੀ ਕੀਤੀ ਜਾਂਦੀ ਹੈ। ਕੋਵਿਡ-19 ਦੇ ਟੀਕੇ ਦੇ ਲਈ ਇਸ ਪੂਰੀ ਪ੍ਰਕ੍ਰਿਆਂ ਨੂੰ 8-12 ਮਹੀਨਿਆਂ ਵਿੱਚ ਨਿਪਟਾਇਆ ਜਾ ਸਕਦਾ ਹੈ। ਨਿਯੰਤ੍ਰਕ ਕੰਪਣੀਆਂ ਜਲਦਬਾਜ਼ੀ ਵਿੱਚ ਇਜਾਜ਼ਤ ਦਿੰਦੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਕੀਤੇ ਗਏ ਤਜ਼ਰਬੇ ਜਾਂਚ ਨਾਲ ਟੀਕੇ ਦੇ ਕੇਵਲ ਤੁਰੰਤ ਅਤੇ ਥੋੜ੍ਹੇ ਸਮੇਂ ਵਿੱਚ ਪ੍ਰਤੀਕੂਲ ਅਸਰ (ਸਾਈਡ ਇਫੈਕਟ) ਬਾਰੇ ਹੀ ਜਾਣਕਾਰੀ ਮਿਲ ਸਕਦੀ ਹੈ। ਇਸਦੇ ਲੰਬੇ ਸਮੇਂ ਤੱਕ ਅਸਰ ਕੀ ਹੋਣਗੇ ਇਸਦੀ ਕੋਈ ਵੀ ਜਾਣਕਾਰੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਇਹ ਟੀਕੇ ਕਿੰਨੇ ਸਮੇਂ ਲਈ ਅਸਰਦਾਰ ਰਹਿਣਗੇ, ਇਸਦੀ ਕੋਈ ਵੀ ਜਾਣਕਾਰੀ ਨਹੀਂ ਹੈ। ਇਸਦੀ ਸਹੀ ਮਾਤਰਾ ਕੀ ਹੋਣੀ ਚਾਹੀਦੀ ਹੈ ਇਹ ਵੀ ਤੈਅ ਨਹੀਂ ਕੀਤਾ ਗਿਆ ਹੈ।
ਕੋਵਿਡ-19 ਦੇ ਟੀਕੇ ਦੇ ਵਿਕਾਸ ਦੇ ਲਈ ਵਰਤੀ ਜਾ ਰਹੀ ਤਕਨੌਲੋਜੀ ਵਿੱਚ ਆਰ.ਐਨ.ਏ. ਪਰਿਵਰਤਨ ਸ਼ਾਮਲ ਹੈ। ਕੀ ਮਨੁੱਖੀ ਜੀਨ (ਵਿਸ਼ਾਣੂ) ਉੱਤੇ ਇਸਦਾ ਅਸਰ ਹੋਵੇਗਾ? ਕੀ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਇਸਦਾ ਅਸਰ ਹੋਵੇਗਾ? ਕੋਈ ਨਹੀਂ ਜਾਣਦਾ। ਇਸ ਲਈ ਜੇਕਰ ਕੋਈ ਟੀਕਾ ਇਸ ਸਮੇਂ ਕਾਰਗਰ ਸਿੱਧ ਹੋਇਆ ਤਾਂ ਵੀ ਇਸਦਾ ਲੰਬੇ ਸਮੇ ਤੱਕ ਅਸਰ ਕੀ ਹੋਵੇਗਾ ਅਤੇ ਇਹ ਕਿੰਨਾ ਸੁਰੱਖਿਅਤ ਹੈ ਇਸਦੀ ਪੁਸ਼ਟੀ ਨਹੀਂ ਹੋ ਸਕੇਗੀ।
ਸਭ ਤੋਂ ਬੜੀ ਚਿੰਤਾ ਦਾ ਵਿਸ਼ਾ ਕੁੱਝ ਖ਼ਬਰਾਂ ਹਨ, ਜੋ ਦੱਸਦੀਆਂ ਹਨ ਕਿ ਅੰਤਰਰਾਸ਼ਟਰੀ ਅਤੇ ਘਰੇਲੂ ਸਫ਼ਰ ਦੇ ਲਈ ਇਸ ਟੀਕੇ ਨੂੰ ਜ਼ਰੂਰੀ ਬਣਾਇਆ ਜਾਵੇਗਾ। ਇਨ੍ਹਾਂ ਦਵਾਈ ਕੰਪਨੀਆਂ ਦੇ ਕੋਲ ਜੋ ਰਾਜਨੀਤਕ ਦਬਦਬਾ ਹੈ ਉਸਦੇ ਚੱਲਦਿਆਂ ਇਹ ਟੀਕਾ ਦੁਨੀਆਂ ਭਰ ਦੇ ਸਾਰੇ ਲੋਕਾਂ ਉਤੇ ਥੋਪਿਆ ਜਾਵੇਗਾ।
ਸਿਹਤ ਸੰਕਟ ਦੇ ਸਮੇਂ ਲੋਕਾਂ ਉੱਤੇ ਗੈਰ-ਜ਼ਰੂਰੀ ਦਵਾਈਆਂ ਅਤੇ ਟੀਕੇ ਥੋਪ ਕੇ ਉਨ੍ਹਾਂ ਤੋਂ ਭਾਰੀ ਮੁਨਾਫ਼ੇ ਕਮਾਉਣਾ, ਇਹ ਦਵਾਈ ਕੰਪਨੀਆਂ ਦਾ ਇਤਿਹਾਸ ਰਿਹਾ ਹੈ। ਇਹ ਕੰਪਨੀਆਂ ਕੋਵਿਡ ਦੇ ਬਹਾਨੇ ਅੱਜ ਵੀ ਉਹੀ ਕੰਮ ਕਰ ਰਹੀਆਂ ਹਨ। ਦੁਨੀਆਂ ਭਰ ਵਿੱਚ ਸਰਮਾਏਦਾਰ ਦੇਸ਼ਾਂ ਦੀਆਂ ਸਰਕਾਰਾਂ ਇਨ੍ਹਾਂ ਦਵਾ ਕੰਪਨੀਆਂ ਦੇ ਨਾਲ ਮਿਲੀਆਂ ਹੋਈਆਂ ਹਨ। ਲੋਕਾਂ ਦੇ ਪੈਸੇ ਨਾਲ ਦਵਾ ਕੰਪਨੀਆਂ ਦੇ ਮੁਨਾਫ਼ੇ ਵਧਾਉਣ ਦੇ ਲਈ ਇਹ ਕੀਤਾ ਜਾ ਰਿਹਾ ਹੈ।