ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਜਪਾਨ ਵਿੱਚ ਮੀਟਿੰਗ:

ਅਮਰੀਕਾ ਦੀ ਸਰਦਾਰੀ ਹੇਠ ਕੁਆਡ ਫੌਜੀ ਗੱਠਜੋੜ ਏਸ਼ੀਆ ਵਿੱਚ ਸ਼ਾਂਤੀ ਦੇ ਹਿੱਤਾਂ ਦੇ ਖਿਲਾਫ਼ ਹੈ

ਚਤੁਰਭੁਜੀ ਸੁਰੱਖਿਆ ਵਾਰਤਾ, ਜਾਂ ਕੁਆਡ, ਦੀ ਦੂਸਰੀ ਮੰਤਰੀ ਪੱਧਰ ਦੀ ਮੀਟਿੰਗ 6-7 ਅਕਤੂਬਰ ਨੂੰ ਜਪਾਨ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਕੁਆਡ ਵਿੱਚ ਚਾਰ ਦੇਸ਼ ਸ਼ਾਮਲ ਹਨ – ਅਮਰੀਕਾ, ਜਪਾਨ, ਆਸਟ੍ਰੇਲੀਆ ਅਤੇ ਹਿੰਦੋਸਤਾਨ। ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਇਸ ਬੈਠਕ ਵਿੱਚ ਹਿੰਦੋਸਤਾਨ ਦੀ ਪ੍ਰਤੀਨਿੱਧਤਾ ਕਰਨਗੇ।

ਕੁਆਡ ਏਸ਼ੀਆ ਸ਼ਾਂਤ-ਮਹਾਂਸਾਗਰ ਇਲਾਕੇ ਵਿੱਚ ਅਮਰੀਕਾ ਵਲੋਂ ਬਣਾਏ ਗਏ ਫੌਜੀ ਗੱਠਜੋੜ ਦੇ ਕੇਂਦਰ ਵਿੱਚ ਹੈ। ਇਸਦਾ ਮਕਸਦ ਚੀਨ ਦੀ ਘੇਰਾਬੰਦੀ ਕਰਨਾ ਅਤੇ ਪੂਰੇ ਏਸ਼ੀਆ ਵਿੱਚ ਅਮਰੀਕਾ ਦੀ ਚੌਧਰ ਕਾਇਮ ਕਰਨਾ ਹੈ।

ਇਹ ਕੁਆਡ ਮਿਲਣੀ ਇੱਕ ਅਜਿਹੇ ਸਮੇਂ ‘ਤੇ ਹੋ ਰਹੀ ਹੈ, ਜਦੋਂ ਅਮਰੀਕਾ ਚੀਨ ਨੂੰ ਬਦਨਾਮ ਕਰਨ, ਉਸਨੂੰ ਇਕੱਲਾ ਕਰਨ, ਉਸਨੂੰ ਫੌਜੀ ਤੌਰ ‘ਤੇ ਧਮਕਾਉਣ ਅਤੇ ਆਰਥਕ ਤੌਰ ‘ਤੇ ਉਸਦਾ ਗਲਾ ਦਬਾੳੇਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਦੇ ਜੰਗੀ ਬੇੜੇ, ਦੱਖਣੀ ਚੀਨ ਮਹਾਂਸਾਗਰ ਵਿੱਚ ਜੰਗੀ ਅਭਿਆਸ ਕਰ ਰਹੇ ਹਨ। ਅਮਰੀਕਾ, ਤਾਈਵਾਨ ਨੂੰ ਹਥਿਆਰਬੰਦ ਕਰ ਰਿਹਾ ਹੈ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਹੋਰ ਰਾਜਾਂ ਨੂੰ ਚੀਨ ਦੇ ਖ਼ਿਲਾਫ਼ ਭੜਕਾ ਰਿਹਾ ਹੈ। ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਖੁਲ੍ਹੇਆਮ ਦਖ਼ਲ-ਅੰਦਾਜ਼ੀ ਕਰ ਰਿਹਾ ਹੈ ਅਤੇ ਹਾਂਗਕਾਂਗ ਅਤੇ ਚਿਨਜਿਆਂਗ ਵਿੱਚ ਸਰਕਾਰ ਵਿਰੋਧੀ ਤਾਕਤਾਂ ਨੂੰ ਸਹਿਯੋਗ ਦੇ ਰਿਹਾ ਹੈ।

ਅਮਰੀਕਾ, ਚੀਨ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਥੋਪ ਰਿਹਾ ਹੈ ਅਤੇ ਉਸ ਦੀਆਂ ਉੱਚ ਤਕਨੀਕੀ ਕੰਪਣੀਆਂ ਨੂੰ ਨਿਸ਼ਾਨਾਂ ਬਣਾ ਰਿਹਾ ਹੈ। ਸੁਰੱਖਿਆ ਦੇ ਖ਼ਤਰੇ ਦਾ ਦਾਅਵਾ ਕਰਕੇ, ਅਮਰੀਕੀ ਸਰਕਾਰ ਨੇ ਆਪਣੇ ਦੇਸ਼ ਵਿੱਚ ਇਨ੍ਹਾਂ ਕੰਪਣੀਆਂ ਦੇ ਕਾਰੋਬਾਰ ਉੱਤੇ ਰੋਕ ਲਾ ਦਿੱਤੀ ਹੈ। ਇਹ ਯੂਰੋਪ ਦੇ ਆਪਣੇ ਮਿੱਤਰ ਦੇਸ਼ਾਂ, ਜਪਾਨ, ਹਿੰਦੋਸਤਾਨ ਅਤੇ ਹੋਰ ਦੇਸ਼ਾਂ ਉੱਤੇ ਅਜਿਹਾ ਕਰਨ ਲਈ ਦਬਾਅ ਪਾ ਰਿਹਾ ਹੈ। ਅਮਰੀਕਾ ਨੇ ਚੀਨ ਉੱਤੇ ਇੰਟਲੈਕਚੂਅਲ ਪ੍ਰਾਪਰਟੀ ਦੀ ਚੋਰੀ ਅਤੇ ਸਾਈਬਰ ਜਸੂਸੀ ਦਾ ਦੋਸ਼ ਲਾਇਆ ਹੈ। ਕਰੋਨਾ ਵਾਇਰਸ ਮਹਾਂਮਾਰੀ ਦੇ ਬਹਾਨੇ, ਇਹ ਦੁਨੀਆਂ ਭਰ ਵਿੱਚ ਚੀਨ ਵਿਰੋਧੀ ਪ੍ਰਚਾਰ ਨੂੰ ਹਵਾ ਦੇ ਰਿਹਾ ਹੈ ਕਿ ਉਸਨੇ ਜਾਣ-ਬੁੱਝਕੇ ਇਸ ਵਾਇਰਸ ਨੂੰ ਫ਼ੈਲਾਇਆ ਹੈ ਅਤੇ ਇਸ ਬਾਰੇ ਵਿੱਚ ਜਾਣਕਾਰੀ ਨੂੰ ਛੁਪਾਇਆ ਹੈ।

ਅਮਰੀਕਾ ਬੜੀ ਲਗਨ ਨਾਲ, ਕੁਆਡ ਵਿੱਚ ਹਿੰਦੋਸਤਾਨ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਹ ਹਿੰਦੋਸਤਾਨ ਦੀ ਵਿਸ਼ਾਲ ਅਬਾਦੀ ਅਤੇ ਹਥਿਆਰਬੰਦ ਫੌਜਾਂ ਨੂੰ ਚੀਨ ਦੇ ਖ਼ਿਲਾਫ਼ ਆਪਣੀ ਜੰਗ ਵਿੱਚ ਤੋਪਾਂ ਦੇ ਚਾਰੇ ਬਤੌਰ ਵਰਤਣਾ ਹੈੈ। ਇਹ ਚੀਨ ਵਿੱਚ ਦੱਖਣੀ ਪਾਸੇ ਤੋਂ ਹਮਲਾ ਕਰਨ ਦੇ ਲਈ ਹਿੰਦੋਸਤਾਨ ਦੀ ਧਰਤੀ ਨੂੰ ਫੌਜੀ ਅੱਡੇ ਦੇ ਰੂਪ ਵਿੱਚ ਇਸਤੇਮਾਲ ਕਰਨਾ ਚਾਹੁੰਦਾ ਹੈੈ। ਆਪਣੇ ਇਸ ਉਦੇਸ਼ ਨੂੰ ਹਾਸਲ ਕਰਨ ਦੇ ਲਈ, ਅਮਰੀਕਾ ਬੜੇ ਸਿਲਸਿਲੇਵਾਰ ਤਰੀਕੇ ਨਾਲ ਹਿੰਦੋਸਤਾਨ ਦੇ ਹਾਕਮ ਵਰਗ ਦੇ ਇੱਕ ਬੜੀ ਸਾਮਰਾਜੀ ਤਾਕਤ ਬਣਨ ਦੇ ਮਨਸੂਬਿਆਂ ਨੂੰ ਹਵਾ ਦੇ ਰਿਹਾ ਹੈ ਅਤੇ ਚੀਨ ਦੇ ਖ਼ਿਲਾਫ਼ ਹਮਲਾਵਰ ਰੁਖ ਅਖਤਿਆਰ ਕਰਨ ਦੇ ਲਈ ਉਕਸਾ ਰਿਹਾ ਹੈ।

ਹਾਲ ਹੀ ਵਿੱਚ ਹਿੰਦੋਸਤਾਨ ਅਤੇ ਚੀਨ ਦੇ ਵਿਚਾਲੇ ਸਰਹੱਦ ‘ਤੇ ਹੋਈ ਟੱਕਰ ਦੇ ਸਬੰਧ ਵਿੱਚ ਅਮਰੀਕਾ ਨੇ ਹਿੰਦੋਸਤਾਨ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਉਹ, ਹਿੰਦੋਸਤਾਨ ਨੂੰ ਬਾਰ-ਬਾਰ ਕਹਿ ਰਿਹਾ ਹੈ ਕਿ ਇਹ ਰੂਸ, ਚੀਨ ਅਤੇ ਹਿੰਦੋਸਤਾਨ ਦੇ ਵਿਚਾਲੇ ਸ਼ਿੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ (ਐਸ.ਸੀ.ਓ.) ਵਰਗੇ ਬਹੁ-ਪੱਖੀ ਗੱਠਬੰਧਨਾਂ ਨੂੰ ਛੱਡ ਕੇ, ਆਪਣੀ ਰਣਨੀਤੀ ਨੂੰ ਅਮਰੀਕੀ ਰਣਨੀਤੀ ਨਾਲ ਜੋੜ ਲਵੇ।

ਅਮਰੀਕਾ ਦੇ ਉਪ-ਵਿਦੇਸ਼ ਸਕੱਤਰ, ਸਟੀਫਨ ਬਿਗੁਨ ਨੇ ਅਮਰੀਕਾ-ਹਿੰਦੋਸਤਾਨ ਰਣਨੀਤਕ ਸਾਂਝੇਦਾਰੀ ਮੰਚ (ਯੂ ਐਸ-ਇੰਡੀਆ ਸਟਰੈਟਜਿਕ ਪਾਰਟਨਰਸ਼ਿੱਪ ਫ਼ੋਰਮ) ਵਿੱਚ 31 ਅਗਸਤ ਨੂੰ ਹੋਈ ਚਰਚਾ ਵਿੱਚ ਕਿਹਾ ਕਿ, “ਚੀਨ ਨੂੰ ਟੱਕਰ ਦੇਣ ਦੇ ਉਦੇਸ਼ ਨਾਲ ਅਮਰੀਕਾ ਹਿੰਦ-ਪ੍ਰਸ਼ਾਂਤ ਮਹਾਂਸਾਗਰ ਇਲਾਕੇ ਦੇ ਦੇਸ਼ਾਂ – ਹਿੰਦੋਸਤਾਨ, ਜਪਾਨ ਅਤੇ ਆਸਟਰੇਲੀਆ ਦੇ ਨਾਲ ਆਪਣੇ ਕਰੀਬੀ ਰਿਸ਼ਤਿਆਂ ਨੂੰ ਇੱਕ ਉਪਚਾਰਿਕ ਰੂਪ ਦੇਣਾ ਚਾਹੁੰਦਾ ਹੈ, ਜੋ ਨੌਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ (ਨਾਟੋ) ਦੀ ਤਰਜ਼ ‘ਤੇ ਹੋਣਗੇ”। “ਇਸ ਸਾਂਝੇਦਾਰੀ ਦਾ ਮਕਸਦ ਚੀਨ ਤੋਂ ਆਉਣ ਵਾਲੀ ਸੰਭਾਵਤ ਚੁਣੌਤੀ ਦੇ ਖ਼ਿਲਾਫ਼” ਮਿਲਕੇ ਕੰਮ ਕਰਨ ਦੇ ਲਈ ਚਾਰ ਦੇਸ਼ਾਂ ਨੂੰ ਤਿਆਰ ਕਰਨਾ ਹੈ। ਨਾਟੋ ਇੱਕ ਅਮਰੀਕਾ–ਨੀਤ ਫੌਜੀ ਸੰਗਠਨ ਹੈ, ਜਿਸਦੇ ਜਰੀਏ ਅਮਰੀਕਾ ਨੇ ਪੂਰੇ ਯੂਰੋਪ ਉੱਤੇ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ। 31 ਅਗਸਤ ਨੂੰ ਹੋਈ ਚਰਚਾ ਵਿੱਚ ਵਿਦੇਸ਼ ਮੰਤਰੀ ਸ਼ਿਵਸ਼ੰਕਰ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਬਿਗੁਨ ਦੇ ਵਿਚਾਰਾਂ ਦਾ ਵਿਰੋਧ ਨਹੀਂ ਕੀਤਾ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਹਿੰਦੋਸਤਾਨ ਦੀ ਸਰਕਾਰ ਆਪਣੇ ਸਾਮਰਾਜਵਾਦੀ ਮਨਸੂਬਿਆਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਚੀਨ ਦੀ ਘੇਰਾਬੰਦੀ ਕਰਨ ਅਤੇ ਏਸ਼ੀਆ ਉੱਤੇ ਆਪਣਾ ਦਬਦਬਾ ਬਨਾਉਣ ਦੀ ਅਮਰੀਕੀ ਰਣਨੀਤੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ।

ਹਿੰਦੋਸਤਾਨ ਅਤੇ ਅਮਰੀਕਾ ਵਿਚਾਲੇ ਫੌਜੀ-ਰਣਨੀਤਕ ਸਾਂਝੇਦਾਰੀ ਲਗਾਤਾਰ ਵਧਦੀ ਹੀ ਜਾ ਰਹੀ ਹੈ। 2016 ਵਿੱਚ, ਅਮਰੀਕਾ ਨੇ ਹਿੰਦੋਸਤਾਨ ਨੂੰ ਆਪਣਾ “ਪ੍ਰਮੁੱਖ ਸੁਰੱਖਿਆ ਸਾਂਝੇਦਾਰ” ਹੋਣ ਦਾ ਦਰਜ਼ਾ ਦਿੱਤਾ।  ਹਿੰਦੋਸਤਾਨ ਨੇ ਅਮਰੀਕਾ ਦੇ ਨਾਲ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ, ਜਿਨ੍ਹਾਂ ਅਧੀਨ ਅਮਰੀਕੀ ਹਥਿਆਰਬੰਦ ਫੌਜਾਂ ਨੂੰ ਅਰਾਮ ਕਰਨ ਅਤੇ ਤੇਲ ਭਰਨ ਦੇ ਲਈ ਹਿੰਦੋਸਤਾਨ ਦੇ ਫੌਜੀ ਅੱਡਿਆਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਹਿੰਦੋਸਤਾਨ ਅਤੇ ਅਮਰੀਕਾ, ਆਪਣੀਆਂ ਹਥਿਆਰਬੰਦ ਫੌਜਾਂ ਦੇ ਲਈ ਸੰਚਾਰ ਦੀ ਇੱਕ ਸਾਂਝੀ ਵਿਵਸਥਾ ਦਾ ਇਸਤੇਮਲ ਕਰਨ ਲਈ ਸਹਿਮਤ ਹੋ ਗਏ ਹਨ। ਜਲਦੀ ਹੀ ਹਿੰਦੋਸਤਾਨ ਅਤੇ ਅਮਰੀਕਾ ਦੇ ਵਿਚਾਲੇ ਸੈਟਲਾਈਟ ਜਾਣਕਾਰੀ ਨੂੰ ਸਾਂਝਾ ਕਰਨ ਦੇ ਸਮਝੌਤੇ ਉੱਤੇ ਹਸਤਾਖ਼ਰ ਕੀਤੇ ਜਾਣੇ ਹਨ। ਹਿੰਦੋਸਤਾਨ ਨੇ ਅਮਰੀਕਾ, ਜਪਾਨ ਅਤੇ ਆਸਟਰੇਲੀਆ ਨੂੰ ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ ਮਾਲਾਬਾਰ ਸਮੂੰਦਰੀ ਸੈਨਾ ਅਭਿਆਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।

ਹਿੰਦੋਸਤਾਨ ਦਾ ਅਮਰੀਕਾ ਦੇ ਨਾਲ ਫੌਜੀ-ਰਣਨੈਤਕ ਗੱਠਜੋੜ ਅਤੇ ਕੁਆਡ ਵਿੱਚ ਹਿੱਸਾ ਲੈਣਾ, ਹਿੰਦੋਸਤਾਨ ਅਤੇ ਚੀਨ ਦੇ ਵਿਚਾਲੇ ਵਧਦੇ ਸੰਦੇਹ ਅਤੇ ਤਣਾਅ ਦਾ ਮੁੱਖ ਕਾਰਣ ਹੈ। ਇਹ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਜੰਗ ਦੇ ਹਾਲਾਤ ਪੈਦਾ ਕਰ ਰਿਹਾ ਹੈ। 2008 ਵਿੱਚ, ਕੁਆਡ ਦੀ ਸਥਾਪਨਾ ਦੇ ਇੱਕ ਹੀ ਸਾਲ ਬਾਦ, ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਐਲਾਨ ਕੀਤਾ ਸੀ ਕਿ ਹਿੰਦੋਸਤਾਨ ਚੀਨ ਦੇ ਨਾਲ ਆਪਣੇ ਸਬੰਧਾਂ ਨੂੰ ਪਹਿਲ ਦਿੰਦਾ ਹੈ ਅਤੇ ਇਹ “ਚੀਨ ‘ਤੇ ਨਕੇਲ ਕੱਸਣ” ਦੀ ਕਿਸੇ ਵੀ ਰਣਨੀਤੀ ਦਾ ਹਿੱਸਾ ਨਹੀਂ ਬਣੇਗਾ। ਇਸੇ ਵਜ੍ਹਾ ਨਾਲ ਚੀਨ ਦੇ ਨਾਲ ਹਿੰਦੋਸਤਾਨ ਦੇ ਰਿਸ਼ਤਿਆਂ ਵਿੱਚ ਸੁਧਾਰ ਆਇਆ ਸੀ। ਲੇਕਿਨ ਅਮਰੀਕਾ ਲਗਾਤਾਰ ਇਹ ਕੋਸ਼ਿਸ਼ ਕਰਦਾ ਰਿਹਾ ਹੈ ਕਿ ਹਿੰਦੋਸਤਾਨ ਆਪਣੀ ਰਣਨੀਤੀ ਨੂੰ ਅਮਰੀਕੀ ਰਣਨੀਤੀ ਦੇ ਨਾਲ ਤਾਲਮੇਲ ਕਰਕੇ ਚਲਾਏ। ਆਪਣੇ ਇਸ ਉਦੇਸ਼ ਵਿੱਚ ਉਹ ਹਿੰਦੋਸਤਾਨ ਨੂੰ ਚੀਨ ਦੇ ਖ਼ਿਲਾਫ਼ ੳਕਸਾਉਂਦਾ ਰਿਹਾ ਹੈ। 2017 ਵਿੱਚ ਹਿੰਦੋਸਤਾਨ, ਚੀਨ ਅਤੇ ਭੁਟਾਨ ਦੀ ਸਰਹੱਦ ‘ਤੇ ਡੋਕਲਾਮ ਵਿੱਚ ਜੋ ਟਕਰਾਅ ਹੋਇਆ ਸੀ, ਉਹ ਅਮਰੀਕਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ। ਇਸਨੂੰ ਹਿੰਦੋਸਤਾਨ-ਅਮਰੀਕੀ ਗੱਠਜੋੜ ਮਜ਼ਬੂਤ ਕਰਨ ਦੀ ਜ਼ਰੂਰਤ ਦੇ ਹਮਾਇਤੀਆਂ ਨੇ ਦਲੀਲ ਦੇ ਰੂਪ ਵਿੱਚ ਪੇਸ਼ ਕੀਤਾ। 2017 ਵਿੱਚ ਕੁਆਡ ਪੁਨਰਜੀਵਤ ਕੀਤਾ ਗਿਆ।

ਇਸ ਸਮਂੇ ਲੱਦਾਖ਼ ਦੀ ਸਰਹੱਦ ਉੱਤੇ ਹੋਏ ਟਕਰਾਅ ਦੀ ਵਜ੍ਹਾ ਕਰਕੇ, ਹਿੰਦੋਸਤਾਨ ਅਤੇ ਚੀਨ ਦੇ ਵਿਚਾਲੇ ਸਬੰਧ ਬੇਹੱਦ ਤਣਾਓਪੂਰਨ ਹਨ। ਸਤੰਬਰ ਦੇ ਸ਼ੁਰੂਆਤ ਵਿੱਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਰੂਸ ਵਿੱਚ ਮਿਲੇ ਅਤੇ ਇਸ ਤਣਾਅ ਨੂੰ ਘੱਟ ਕਰਨ ਦੇ ਲਈ ਕਦਮ ਉਠਾਉਣ ਲਈ ਸਹਿਮਤ ਹੋ ਗਏ। ਹਿੰਦੋਸਤਾਨ ਵਿੱਚ ਐਸੀਆਂ ਤਾਕਤਾਂ ਹਨ, ਜੋ ਇਹ ਦਲੀਲ ਦੇ ਰਹੀਆਂ ਹਨ ਕਿ ਚੀਨ ਦੀ ਘੇਰਾਬੰਦੀ ਕਰਨ ਵਿੱਚ ਅਮਰੀਕਾ ਦਾ ਸਾਥ ਦੇਣ ਵਿੱਚ ਹੀ ਹਿੰਦੋਸਤਾਨ ਦਾ ਹਿੱਤ ਹੈ। ਉਹ ਅਮਰੀਕੀ ਸਾਮਰਾਜਵਾਦ ਦੀ ਚਾਲ ਵਿੱਚ ਫਸ ਰਹੀਆਂ ਹਨ।

ਹਿੰਦੋਸਤਾਨ ਅਤੇ ਚੀਨ ਵਿਚਕਾਰ ਟਕਰਾਅ ਦੋਹਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ ਹੈ। ਅਮਰੀਕੀ ਸਾਮਰਾਜਵਾਦ, ਦੁਨੀਆਂ ਦੀਆਂ ਇਹਨਾਂ ਦੋ ਵੱਡੀਆਂ ਤਾਕਤਾਂ – ਹਿੰਦੋਸਤਾਨ ਅਤੇ ਚੀਨ – ਦੇ ਵਿਚਾਲੇ ਹੋਏ ਟਕਰਾਅ ਦੀ ਅੱਗ ਨੂੰ ਹਵਾ ਦੇ ਰਿਹਾ ਹੈ, ਤਾਂਕਿ ਇਹਨਾਂ ਦੋਹਾਂ ਦੇਸ਼ਾਂ ਨੂੰ ਹੀ ਕਮਜ਼ੋਰ ਕੀਤਾ ਜਾ ਸਕੇ ਅਤੇ ਪੂਰੇ ਏਸ਼ੀਆ ਉੱਤੇ ਆਪਣਾ ਦਬਦਬਾ ਬਨਾਉਣ ਦਾ ਰਸਤਾ ਖੋਹਲਿਆ ਜਾ ਸਕੇ। ਕੁਆਡ ਅਤੇ ਅਮਰੀਕਾ ਦੇ ਨਾਲ ਫੌਜੀ ਗੱਠਜੋੜ ਵਿੱਚ ਹਿੰਦੋਸਤਾਨ ਦਾ ਸ਼ਾਮਲ ਹੋਣਾ, ਏਸ਼ੀਆ ਵਿੱਚ ਟਕਰਾਅ ਨੂੰ ਹੁਲਾਰਾ ਦੇਵੇਗਾ। ਇਹ ਯੁੱਧ ਦਾ ਇੱਕ ਕਾਰਕ ਹੈ।

ਪੂਰੇ ਏਸ਼ੀਆ ਉੱਤੇ ਆਪਣਾ ਦਬਦਬਾ ਬਨਾਉਣ ਦੀ ਅਮਰੀਕੀ ਸਾਮਰਾਜਵਾਦ ਦੀ ਕੋਸ਼ਿਸ਼ ਹੀ ਏਸ਼ੀਆ ਪ੍ਰਸ਼ਾਂਤ ਮਹਾਂਸਾਗਰ ਇਲਾਕੇ ਵਿੱਚ ਵਧਦੇ ਤਣਾਓ ਦਾ ਪ੍ਰਮੁੱਖ ਕਾਰਣ ਹੈ। ਇਤਿਹਾਸ ਤੋਂ ਸਾਡਾ ਤਜ਼ਰਬਾ ਇਹੀ ਦਿਖਾਉਂਦਾ ਹੈ ਕਿ ਅਮਰੀਕਾ ਕਦੇ ਵੀ ਕਿਸੇ ਵੀ ਦੇਸ਼ ਦਾ ਭਰੋਸੇਮੰਦ ਸਾਥੀ ਨਹੀਂ ਰਿਹਾ ਹੈ। ਅਮਰੀਕੀ ਸਾਮਰਾਜਵਾਦੀਏ ਆਪਣੇ ਖੁਦਗਰਜ਼ ਹਿੱਤਾਂ ਦੇ ਅਧਾਰ ‘ਤੇ ਗੱਠ-ਜੋੜ ਬਣਾਉਂਦੇ ਹਨ ਅਤੇ ਤੋੜਦੇ ਹਨ। ਇਹ ਕਿਸੇ ਵੀ ਦੇਸ਼ ਦਾ ਉਦੋਂ ਤੱਕ ਸਾਥ ਦਿੰਦੇ ਹਨ, ਜਦ ਤੱਕ ਦੁਨੀਆਂ ਉੱਤੇ ਆਪਣਾ ਧੌਂਸ ਜਮਾਉਣ ਦੇ ਲਈ ਉਸਦੀ ਜ਼ਰੂਰਤ ਹੈ। ਇੱਕ ਬਾਰ ਜਦੋਂ ਉਨ੍ਹਾਂ ਦਾ ਮਤਲਬ ਪੂਰਾ ਹੋ ਗਿਆ ਤਾਂ ਉਸ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰਨ ਵਿੱਚ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੁੰਦੀ, ਜਿਸ ਨਾਲ ਉਨ੍ਹਾਂ ਨੇ ਗੱਠਜੋੜ ਕੀਤਾ ਸੀ।

ਹਿੰਦੋਸਤਾਨ ਨੂੰ ਅਮਰੀਕੀ ਸਾਮਰਾਜ ਦੇ ਜਾਲ਼ ਵਿੱਚ ਨਹੀਂ ਫ਼ਸਣਾ ਚਾਹੀਦਾ। ਹਿੰਦੋਸਤਾਨ ਨੂੰ ਅਮਰੀਕਾ-ਨੀਤ ਕਿਸੇ ਵੀ ਫੌਜੀ ਗੱਠਜੋੜ ਦਾ ਹਿੱਸਾ ਬਣਨ ਤੋਂ ਇਨਕਾਰ ਕਰਨਾ ਚਾਹੀਦਾ ਹੈ।

close

Share and Enjoy !

Shares

Leave a Reply

Your email address will not be published. Required fields are marked *