ਸਾਮਰਾਜਵਾਦ ਦੇ ਖ਼ਿਲਾਫ਼ ਵੀਤਨਾਮੀ ਲੋਕਾਂ ਦੀ ਜਿੱਤ ਦੁਨੀਆਂ ਦੇ ਲੋਕਾਂ ਨੂੰ ਅੱਜ ਵੀ ਉਤਸ਼ਾਹਤ ਕਰ ਰਹੀ ਹੈ

ਇਹ ਸਾਲ, ਵੀਤਨਾਮੀ ਲੋਕਾਂ ਦੀ ਦੇਸ਼ਭਗਤੀ ਦੀ ਲਹਿਰ ਦੀ ਅਮਰੀਕੀ ਸਾਮਰਾਜਵਾਦੀ ਫੌਜਾਂ ਉਪਰ ਜਿੱਤ ਦਾ 45ਵਾਂ ਸਾਲ ਹੈ। ਇਸ ਲਹਿਰ ਨੂੰ ਅਗਵਾਈ ਦੇਣ ਵਾਲੇ ਸਨ ਕਮਿਉਨਿਸਟ ਅਤੇ ਉਨ੍ਹਾਂ ਦਾ ਲੀਡਰ ਹੋ ਚੀ ਮਿਨ੍ਹ। ਅਮਰੀਕੀ ਸਾਮਰਾਜਵਾਦ ਦੀ ਹਮਲਾਵਰ ਫੌਜ 15 ਸਾਲਾਂ ਤਕ ਉਸ ਦੇਸ਼ ਉੱਤੇ ਬੇਮਿਸਾਲ ਜ਼ੁਲਮ ਢਾਉਂਦੀ ਰਹੀ ਸੀ। ਇਹ ਜਿੱਤ ਵੀਤਨਾਮੀ ਲੋਕਾਂ ਦੀ ਦੂਸਰੀ ਮਹਾਨ ਪ੍ਰਾਪਤੀ ਸੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ, 2 ਸਤੰਬਰ 1945 ਨੂੰ ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿੱਚ ਆਪਣੀ ਕੌਮੀ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ।

ਆਪਣੀ ਕੌਮੀ ਅਜ਼ਾਦੀ ਵਾਸਤੇ, ਪਹਿਲਾਂ ਫਰਾਂਸੀਸੀ ਬਸਤੀਵਾਦ ਅਤੇ ਬਾਅਦ ਵਿੱਚ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਵੀਤਨਾਮੀ ਲੋਕਾਂ ਦਾ ਸਿਰੜੀ ਅਤੇ ਜੇਤੂ ਸੰਘਰਸ਼ ਦੁਨੀਆਂ ਭਰ ਵਿੱਚ ਕੌਮੀ ਅਤੇ ਸਮਾਜਿਕ ਮੁਕਤੀ ਦੇ ਸੰਘਰਸ਼ਾਂ ਲਈ ਇੱਕ ਚਾਨਣ ਮੁਨਾਰਾ ਬਣਿਆ ਰਿਹਾ ਹੈ। ਵੀਤਨਾਮੀ ਲੋਕਾਂ ਦੇ ਸੰਘਰਸ਼ ਨੇ ਸਾਬਤ ਕਰ ਦਿੱਤਾ ਕਿ ਆਪਣੀ ਗੁਲਾਮੀ ਤੋਂ ਮੁਕਤੀ ਲਈ ਦ੍ਰਿੜ ਲੋਕਾਂ ਦਾ ਇੱਕਮੁੱਠ ਸੰਘਰਸ਼ ਸਭ ਤੋਂ ਵੱਧ ਖੂੰਖਾਰ ਸਾਮਰਾਜਵਾਦੀ ਤਾਕਤਾਂ ਨੂੰ ਵੀ ਭਾਂਜ ਦੇ ਸਕਦਾ ਹੈ। ਇਸ ਅਵਸਰ ਉਤੇ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਵੀਤਨਾਮੀ ਲੋਕਾਂ ਅਤੇ ਕਮਿਉਨਿਸਟਾਂ, ਜਿਨ੍ਹਾਂ ਨੇ ਉਨ੍ਹਾਂ ਦੀ ਅਗਵਾਈ ਕੀਤੀ ਸੀ, ਨੂੰ ਲਾਲ ਸਲਾਮ ਕਹਿੰਦੀ ਹੈ।

ਫਰਾਂਸੀਸੀ ਬਸਤੀਵਾਦ ਦੇ ਖ਼ਿਲਾਫ਼ ਸੰਘਰਸ਼

1858 ਤੋਂ ਲੈ ਕੇ ਫਰਾਂਸ ਦੀ ਬਸਤੀ ਹੋਣ ਦੇ ਨਾਤੇ ਵੀਤਨਾਮ ਦੀ ਬੇਲਗਾਮ ਲੁੱਟ ਕੀਤੀ ਜਾਂਦੀ ਰਹੀ ਸੀ। ਵੀਤਨਾਮ ਦੇ ਲੋਕਾਂ ਨੇ ਬਦੇਸ਼ੀ ਕਬਜ਼ੇ ਦੇ ਖ਼ਿਲਾਫ਼ ਅਨੇਕਾਂ ਬਹਾਦਰਾਨਾ ਸੰਘਰਸ਼ ਲੜੇ। ਕਮਿਉਨਿਜ਼ਮ ਤੋਂ ਉਤਸ਼ਾਹਤ ਹੋਏ ਇਨਕਲਾਬੀਆਂ ਨੇ ਵੀਤਨਾਮੀ ਲੋਕਾਂ ਦੇ ਬਸਤੀਵਾਦ-ਵਿਰੋਧੀ ਮੁਕਤੀ ਸੰਘਰਸ਼ ਵਿੱਚ ਅਹਿਮ ਭੂਮਿਕਾ ਅਦਾ ਕੀਤੀ।

ਦੂਸਰੇ ਵਿਸ਼ਵ ਯੁੱਧ ਦੁਰਾਨ ਫਰਾਂਸ ਦੇ ਜਰਮਨ ਕਬਜ਼ੇ ਹੇਠ ਆ ਜਾਣ ਨਾਲ ਵੀਤਨਾਮ ਉੱਤੇ 1940 ਵਿੱਚ ਜਪਾਨ ਦਾ ਕਬਜ਼ਾ ਹੋ ਗਿਆ। ਜਦੋਂ 1945 ਵਿੱਚ ਜਪਾਨ ਨੂੰ ਹਰਾ ਦਿੱਤਾ ਗਿਆ ਤਾਂ ਉੱਥੇ ਇੱਕ ਜਨਤਕ ਬਗਾਵਤ ਉਠ ਪਈ ਜਿਸ ਨੂੰ “ਅਗਸਤ ਇਨਕਲਾਬ” ਦੇ ਤੌਰ ਉਤੇ ਜਾਣਿਆ ਜਾਂਦਾ ਹੈ। ਇਸਦੀ ਅਗਵਾਈ ਵਿਚ ਪ੍ਰਧਾਨ ਹੋ ਚੀ ਮਿਨ੍ਹ ਨੇ 2 ਸਤੰਬਰ 1945 ਨੂੰ, ਵੀਤਨਾਮ ਨੂੰ ਇਕ ਅਜ਼ਾਦ ਦੇਸ਼ ਐਲਾਨ ਕਰ ਦਿੱਤਾ, ਜਿਸਦਾ ਹੈਡਕੁਆਟਰ ਹਨੋਈ ਸੀ ਅਤੇ ਇਸ ਨੂੰ ਵੀਤਨਾਮ ਦਾ ਲੋਕਤੰਤਰੀ ਗਣਰਾਜ ਕਰਾਰ ਦਿੱਤਾ ਗਿਆ। ਲੇਕਿਨ ਐਂਗਲੋ-ਅਮਰੀਕੀ ਸਾਮਰਾਜਵਾਦੀਆਂ ਨੇ ਤੁਰੰਤ ਇਸਦੀ ਵਿਰੋਧਤਾ ਕੀਤੀ। ਸਤੰਬਰ 1945 ਵਿੱਚ, ਫਰਾਂਸੀਸੀ ਫੌਜਾਂ ਸਮੇਤ ਬਰਤਾਨਵੀ ਫੌਜਾਂ ਸੈਗਾਉਂ ਵਿੱਚ ਪਹੁੰਚ ਗਈਆਂ, ਜਿਨ੍ਹਾਂ ਨੇ ਦੇਸ਼ ਦੇ ਦੱਖਣੀ ਭਾਗ ਵਿੱਚ ਫਰਾਂਸ ਦਾ ਕੰਟਰੋਲ ਦੁਬਾਰਾ ਕਾਇਮ ਕਰਨ ਵਿੱਚ ਮੱਦਦ ਕੀਤੀ। ਸਾਮਰਾਜਵਾਦੀਆਂ ਨੇ 17ਵੀਂ ਅਖਸ਼ਾਂਸ਼ ਰੇਖਾ ਉੱਤੇ ਵੀਤਨਾਮ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ। ਉੱਤਰ ਵਿੱਚ ਸਥਿਤ ਵੀਤਨਾਮ ਦੇ ਲੋਕਤੰਤਰੀ ਗਣਰਾਜ ਨੇ ਫਰਾਂਸੀਸੀ ਸਾਮਰਾਜੀਆਂ ਦੇ ਖ਼ਿਲਾਫ਼ ਲੜਾਈ ਕੀਤੀ, ਜਿਸਨੂੰ ਪਹਿਲੀ ਹਿੰਦ-ਚੀਨੀ ਜੰਗ ਕਿਹਾ ਜਾਂਦਾ ਹੈ। ਇਹ ਜੰਗ 20 ਜੁਲਾਈ 1954 ਤਕ ਚੱਲੀ। ਇਸ ਲੜਾਈ ਲਈ ਫਰਾਂਸ ਦਾ ਤਕਰੀਬਨ ਸਾਰਾ ਖਰਚ ਅਮਰੀਕੀ ਸਾਮਰਾਜਵਾਦ ਨੇ ਦਿੱਤਾ ਸੀ। ਇਹ ਜੰਗ ਡੀਨ ਬੀਨ ਫੂ ਦੀ ਫੈਸਲਾਕੁੰਨ ਲੜਾਈ ਨਾਲ ਖਤਮ ਹੋ ਗਈ ਸੀ, ਜਿਸ ਵਿੱਚ ਐਂਗਲੋਂ-ਅਮਰੀਕੀਆਂ ਦੀ ਮੱਦਦ ਨਾਲ ਲੜ ਰਹੇ ਫਰਾਂਸ ਨੂੰ ਹਰਾ ਦਿੱਤਾ ਗਿਆ ਸੀ। ਉਸ ਤੋਂ ਬਾਦ 1954 ਵਿੱਚ ਹੋਈ ਜਨੇਵਾ ਕਾਨਫਰੰਸ ਅਧੀਨ ਵੀਤਨਾਮ ਵਿੱਚ ਫਰਾਂਸ ਦੀ ਮੌਜੂਦਗੀ ਖਤਮ ਕਰ ਦਿੱਤੀ ਗਈ।

ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਸੰਘਰਸ਼

ਛੇਤੀਂ ਹੀ ਬਾਦ, ਨਵੰਬਰ 1955 ਵਿੱਚ, ਵੀਤਨਾਮ ਆਧੁਨਿਕ ਸਮਿਆਂ ਦੀਆਂ ਸਭ ਤੋਂ ਲੰਬੀਆਂ ਅਤੇ ਭਿਅੰਕਰ ਅਤੇ ਤਬਾਹਕੁੰਨ ਜੰਗਾਂ ਵਿਚੋਂ ਇੱਕ ਦਾ ਅਖਾੜਾ ਬਣ ਗਿਆ। ਅਧਿਕਾਰਿਤ ਤੌਰ ਉਤੇ, “ਦੂਸਰੀ ਹਿੰਦ-ਚੀਨੀ ਜੰਗ” ਉੱਤਰੀ ਵੀਤਨਾਮ ਅਤੇ ਦੱਖਣੀ ਵੀਤਨਾਮ ਵਿਚਕਾਰ ਲੜੀ ਗਈ ਜੰਗ ਹੈ, ਪਰ ਸੱਚਾਈ ਇਹ ਹੈ ਕਿ ਇਹ ਜੰਗ ਕਮਿਉਨਿਜ਼ਮ ਦੇ ਫੈਲਣ ਨੂੰ ਰੋਕਣ ਅਤੇ ਦੁਨੀਆਂ ਭਰ ਵਿੱਚ ਆਪਣੀ ਚੌਧਰ ਦਾ ਪਸਾਰਾ ਕਰਨ ਲਈ, ਅਮਰੀਕੀ ਸਾਮਰਾਜਵਾਦ ਵਲੋਂ ਛੇੜੀ ਗਈ ਸੀ। ਅਮਰੀਕਾ ਨੇ ਆਪਣੀ ਪਿੱਠੂ ਦੱਖਣੀ ਵੀਤਨਾਮੀ ਹਕੂਮਤ ਨੂੰ ਵਿੱਤੀ ਅਤੇ ਫੌਜੀ ਸਹਾਇਤਾ ਦੇ ਕੇ ਖੜ੍ਹਾ ਕਰੀ ਰੱਖਿਆ। ਅਮਰੀਕੀ ਸਾਮਰਾਜਵਾਦੀਆਂ ਨੇ ਵੀਤਨਾਮ ਨੂੰ ਆਪਣੇ ਹਜ਼ਾਰਾਂ ਹੀ ਫੌਜੀ ਸਲਾਹਕਾਰ ਭੇਜੇ – ਇਹ ਗਿਣਤੀ 1959 ਵਿੱਚ ਕੋਈ ਇੱਕ ਹਜ਼ਾਰ ਤੋਂ ਸ਼ੁਰੂ ਕਰਕੇ 1964 ਤਕ 23,000 ਤਕ ਪਹੁੰਚ ਗਈ। ਉਸ ਸਾਲ ਤੋਂ ਲੈ ਕੇ ਜੰਗ ਵਿੱਚ ਅਮਰੀਕਾ ਦੀ ਸਿੱਧੀ ਸ਼ਮੂਲੀਅਤ ਵਧਦੀ ਗਈ। ਅਮਰੀਕਾ ਨੇ ਉਸ ਜੰਗ ਵਿੱਚ ਲੜਨ ਲਈ ਤਕਰੀਬਨ 2,00,000 ਫੌਜੀ ਭੇਜੇ ਸਨ।

ਵੀਤਨਾਮ ਵਿੱਚ ਅਮਰੀਕੀ ਸਾਮਰਾਜਵਾਦ ਅਤੇ ਉਨ੍ਹਾਂ ਦੀ ਪਿੱਠੂ ਫੌਜ ਦੇ ਭਾਰੀ ਹਮਲੇ ਦੇ ਖ਼ਿਲਾਫ਼ ਦੱਖਣੀ ਵੀਤਨਾਮ ਵਿੱਚ ਕੌਮੀ ਮੁਕਤੀ ਮੋਰਚਾ (ਜੋ ਵੀਤ ਕਾਂਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਸ਼ੁਰੂ ਕਰ ਦਿੱਤਾ ਗਿਆ।

ਵੀਤ ਕਾਂਗ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਮਾਨਸਿਕ ਝਟਕਾ ਦੇ ਕੇ ਅਤੇ ਦਬਾਅ ਪਾ ਕੇ ਉਨ੍ਹਾਂ ਦੇ ਗੋਡੇ ਟਿਕਾ ਦੇਣ ਲਈ, ਅਮਰੀਕਾ ਨੇ 1965 ਤੋਂ ਲੈ ਕੇ ਵੀਤਨਾਮ ਉਪਰ ਬਹੁਤ ਹੀ ਭਾਰੀ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ। ਅਪਰੇਸ਼ਨ ਰੋਲਿੰਗ ਥੰਡਰ ਕਹੇ ਜਾਣ ਵਾਲੀ ਇਹ ਬੰਬਾਰੀ ਜ਼ਿਆਦਾ ਤੋਂ ਜ਼ਿਆਦਾ ਪ੍ਰਚੰਡ ਹੁੰਦੀ ਗਈ। ਇਸਨੇ ਉੱਤਰੀ ਵੀਤਨਾਮ ਦਾ ਲੜਨ ਦਾ ਮਨੋਬਲ ਨਸ਼ਟ ਕਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਇੰਡਸਟਰੀ, ਆਵਾਜਾਈ ਦੇ ਸਾਧਨ ਅਤੇ ਹਵਾਈ ਬੰਬਾਰੀ ਤੋਂ ਹਿਫਾਜ਼ਤ ਦੇ ਸਾਧਨਾਂ ਨੂੰ ਤਬਾਹ ਕੀਤਾ। ਬੰਬਾਰੀ ਲਈ ਦਸ ਲੱਖ ਤੋਂ ਵੱਧ ਹਵਾਈ ਉਡਾਣਾਂ ਭਰੀਆਂ ਗਈਆਂ ਅਤੇ 3 ਲੱਖ 75 ਹਜ਼ਾਰ ਟਨ ਬੰਬ ਸੁੱਟੇ ਗਏ ਸਨ। ਅਮਰੀਕੀ ਸਾਮਰਾਜੀਆਂ ਨੇ ਆਪਣੇ ਜੰਗੀ ਖੇਤਰ ਵਿੱਚ ਕੰਬੋਡੀਆ ਅਤੇ ਲਾਓਸ ਨੂੰ ਵੀ ਸ਼ਾਮਲ ਕਰ ਲਿਆ। ਇਸ ਜੰਗ ਵਿੱਚ ਅਮਰੀਕੀ ਫੌਜ ਨੇ 70 ਲੱਖ ਟਨ ਵਜ਼ਨ ਦੇ ਬੰਬ ਸੁੱਟੇ, ਜੋ ਕਿ ਦੂਸਰੇ ਵਿਸ਼ਵ ਯੁੱਧ ਦੁਰਾਨ ਪੂਰੇ ਯੂਰਪ ਅਤੇ ਏਸ਼ੀਆ ਵਿਚ ਸੁੱਟੇ ਗਏ 21 ਲੱਖ ਟਨ ਬੰਬਾਂ ਨਾਲੋਂ ਤਿੰਨਾਂ ਗੁਣਾ ਸੀ! ਨਾਪਾਮ, ਚਿੱਟਾ ਫਾਸਫੋਰਸ ਅਤੇ ਹੋਰ ਰਸਾਇਣਿਕ ਅਤੇ ਕਲਸਟਰ ਬੰਬ ਵਰਤੇ ਗਏ ਸਨ, ਜਿਨ੍ਹਾਂ ਦਾ ਮਕਸਦ ਬੜੇ ਤੋਂ ਬੜੇ ਪੈਮਾਨੇ ਉੱਤੇ ਲੋਕਾਂ ਨੂੰ ਮਾਰਨਾ ਅਤੇ ਅੰਗਹੀਣ ਕਰਨਾ ਸੀ।

ਅਮਰੀਕਾ ਨੇ ਫਸਲਾਂ ਅਤੇ ਬਨਸਪਤੀ ਨੂੰ ਤਬਾਹ ਕਰਨ ਲਈ, 45 ਲੱਖ ਏਕੜ ਜ਼ਮੀਨ ਉੱਤੇ ਪੂਰੀ ਲਾਹਪ੍ਰਵਾਹੀ ਨਾਲ ਏਜੰਟ ਔਰੇਂਜ ਦਾ ਛਿੜਕਾਅ ਕੀਤਾ ਤਾਂ ਕਿ ਦੇਸ਼ਭਗਤ ਗੁਰੀਲਾ ਫੌਜ ਜੰਗਲ ਵਿੱਚ ਨਾ ਛੁਪ ਸਕੇ ਅਤੇ ਉਨ੍ਹਾਂ ਦੇ ਖਾਣੇ ਦੇ ਸਾਧਨ ਵੀ ਤਬਾਹ ਕਰ ਦਿੱਤੇ ਜਾਣ। ਇਹਦੇ ਨਾਲ ਕੈਂਸਰ ਅਤੇ ਹੋਰ ਜੀਵਾਣੂੰ ਬੇਰੂਪਤਾ ਦੇ ਰੋਗ ਪੈਦਾ ਹੋਏ, ਜੋ ਕਿ ਅੱਜ ਤਕ ਵੀ ਜਾਰੀ ਹਨ। ਫਿਰ ਵੀ, ਅਮਰੀਕੀ ਸਾਮਰਾਜਵਾਦੀਆਂ ਨੂੰ ਆਪਣੇ ਦੇਸ਼ ਵਿਚੋਂ ਭਜਾ ਦੇਣ ਤਕ ਦੇਸ਼ਭਗਤ ਤਾਕਤਾਂ ਦੀ ਲੜਾਈ ਜਾਰੀ ਰੱਖਣ ਦੀ ਦ੍ਰਿੜਤਾ ਅਟੱਲ ਰਹੀ।

ਇਸ ਜੰਗ ਦੁਰਾਨ ਅਮਰੀਕੀ ਸਾਮਰਾਜਵਾਦੀਆਂ ਵਲੋਂ ਕੀਤੇ ਗਏ ਅੱਤਿਆਚਾਰਾਂ ਨੇ ਦੁਨੀਆਂ ਭਰ ਵਿਚ ਸਭਿੱਅਕ ਲੋਕਾਂ ਨੂੰ ਗਹਿਰਾ ਸਦਮਾ ਅਤੇ ਦੁੱਖ ਪਹੁੰਚਾਇਆ। ਇਨ੍ਹਾਂ ਵਿਚੋਂ ਇੱਕ ਬਹੁਤ ਹੀ ਬਦਨਾਮ ਮਾਮਲਾ 16 ਮਾਰਚ 1968 ਨੂੰ ਮਾਈ ਲਾਈ ਵਿੱਚ 500 ਨਿਰ-ਹਥਿਆਰ ਸ਼ਹਿਰੀਆਂ ਦਾ ਕਤਲ ਸੀ। ਸੈਂਕੜੇ ਹੀ ਔਰਤਾਂ ਨਾਲ ਸਮੂਹਿਕ ਬਲਾਤਕਾਰ ਹੋਏ ਅਤੇ ਉਨ੍ਹਾਂ ਦੇ ਅੰਗਾਂ ਦੀ ਕੱਟ-ਵੱਢ ਕੀਤੀ ਗਈ ਅਤੇ 12-12 ਸਾਲ ਦੇ ਬੱਚਿਆਂ ਨਾਲ ਵੀ ਇਹੋ ਕੁੱਝ ਕੀਤਾ ਗਿਆ। ਜਦਕਿ ਮਨੁੱਖਤਾ ਦੇ ਖ਼ਿਲਾਫ਼ ਇਸ ਘਿਨਾਉਣੇ ਜ਼ੁਰਮ ਵਾਸਤੇ ਫੌਜ ਦੇ ਕੇਵਲ ਇੱਕ ਵਿਅਕਤੀ ਨੂੰ ਮੁਜਰਿਮ ਕਰਾਰ ਦਿੱਤਾ ਗਿਆ ਸੀ, ਪਰ ਕਈ ਅਮਰੀਕੀ ਸਿਪਾਹੀ, ਜਿਨ੍ਹਾਂ ਨੇ ਕਤਲੇਆਮ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸ਼ਹਿਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨਾਲ ਦੂਰੀ ਰੱਖੀ ਗਈ ਅਤੇ ਸਰਕਾਰ ਨੇ ਉਨ੍ਹਾਂ ਨੂੰ ਗ਼ਦਾਰ ਤਕ ਕਹਿ ਕੇ ਭੰਡਿਆ ਗਿਆ।

ਜੰਗ-ਵਿਰੋਧੀ ਲਹਿਰ ਅਤੇ ਵੀਤਨਾਮੀ ਲੋਕਾਂ ਦੀ ਜਿੱਤ

ਅਮਰੀਕੀ ਸਾਮਰਾਜਵਾਦੀਆਂ ਨੇ, ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਜਬਰੀ ਭਰਤੀ ਕਰਕੇ ਆਪਣੀ ਮਾਤਭੂਮੀ ਤੋਂ ਹਜ਼ਾਰਾਂ ਮੀਲ ਦੂਰ ਇਸ ਨਜਾਇਜ਼ ਅਤੇ ਬੇਇਨਸਾਫ ਜੰਗ ਵਿੱਚ ਲੜਨ ਲਈ ਮਜਬੂਰ ਕੀਤਾ। ਵੀਤਨਾਮ ਵਿੱਚ ਮਰਨ ਵਾਲੇ 60,000 ਅਮਰੀਕੀ ਸਿਪਾਹੀਆਂ ਦੀ ਔਸਤ ਉਮਰ 22.8 ਸਾਲ ਸੀ। ਇਸ ਸਭ ਕਾਸੇ ਨੇ ਅਮਰੀਕਾ ਵਿੱਚ ਇੱਕ ਸ਼ਕਤੀਸ਼ਾਲੀ ਅਤੇ ਵਿਸ਼ਾਲ ਜੰਗ-ਵਿਰੋਧੀ ਲਹਿਰ ਨੂੰ ਜਨਮ ਦਿੱਤਾ। 1962 ਤੋਂ ਲੈ ਕੇ 1975 ਵਿੱਚ ਜੰਗ ਖਤਮ ਹੋਣ ਤਕ, ਅਮਰੀਕਾ ਭਰ ਵਿੱਚ ਦਹਿ-ਕ੍ਰੋੜਾਂ ਨੌਜਵਾਨਾਂ ਅਤੇ ਵਿਿਦਆਰਥੀਆਂ ਅਤੇ ਮਜ਼ਦੂਰਾਂ ਨੇ ਇਸ ਬੇਇਨਸਾਫ ਜੰਗ ਵਿੱਚ ਆਪਣੀ ਸਰਕਾਰ ਦੀ ਸ਼ਮੂਲੀਅਤ ਦੇ ਖ਼ਿਲਾਫ਼ ਮੁਜ਼ਾਹਰੇ ਕੀਤੇ। ਜੰਗ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਮੁਲਾਜ਼ਮ, ਜਿਨ੍ਹਾਂ ਨੇ ਇਸ ਜੰਗ ਨੂੰ ਅੱਖੀ ਡਿੱਠਾ ਸੀ, ਨੇ ਅਮਰੀਕਾ ਵਾਪਸ ਆਉਣ ਤੋਂ ਬਾਅਦ ਇਸ ਦੇ ਖ਼ਿਲਾਫ਼ ਅਵਾਜ਼ ਉਠਾਈ।

ਇਸ ਸਭ ਕਾਸੇ ਦਾ ਅਮਰੀਕੀ ਫੌਜਾਂ ਦੇ ਹੌਸਲੇ ਉਤੇ ਬਹੁਤ ਮਾਰੂ ਪ੍ਰਭਾਵ ਪਿਆ। ਮਾਰਚ 1975 ਵਿੱਚ, ਦੇਸ਼ਭਗਤ ਵੀਤਨਾਮੀ ਫੌਜਾਂ ਨੇ ਆਪਣਾ ਆਖਰੀ ਹੱਲਾ ਬੋਲ ਦਿੱਤਾ। ਇਸ ਦੇ ਨਤੀਜੇ ਵਜੋਂ 30 ਅਪਰੈਲ 1975 ਨੂੰ, ਸੈਗਾਂਉਂ (ਹੁਣ ਹੋ ਚੀ ਮਿਨ੍ਹ ਸਿਟੀ) ਦੇਸ਼ਭਗਤ ਤਾਕਤਾਂ ਦੇ ਕਬਜ਼ੇ ਵਿੱਚ ਆ ਗਿਆ। ਵੀਤਨਾਮ ਦੇ ਲੋਕਾਂ ਦੀ ਇਹ ਇੱਕ ਸ਼ਾਨਦਾਰ ਜਿੱਤ ਸੀ, ਜਿਸਦੇ ਜਸ਼ਨ ਅਜ਼ਾਦੀ-ਪਸੰਦ ਲੋਕਾਂ ਨੇ ਦੁਨੀਆਂ ਭਰ ਵਿੱਚ ਮਨਾਏ।

ਅਜੇਹੇ ਸਮੇਂ, ਜਦੋਂ ਅਮਰੀਕੀ ਸਾਮਰਾਜਵਾਦ ਅਜੇ ਵੀ ਵਿਸ਼ਵ ਸ਼ਾਂਤੀ ਅਤੇ ਲੋਕਾਂ ਦੀ ਅਜ਼ਾਦੀ ਲਈ ਇੱਕ ਵੱਡਾ ਖਤਰਾ ਹੈ, ਇਹੀ ਢੁੱਕਦਾ ਹੈ ਕਿ ਹਿੰਦੋਸਤਾਨ ਅਤੇ ਹਰ ਥਾਂ ਉੱਤੇ ਲੋਕ ਵੀਤਨਾਮੀ ਲੋਕਾਂ ਦੇ ਦ੍ਰਿੜ ਸੰਘਰਸ਼ ਤੋਂ ਹੱਲਾਸ਼ੇਰੀ ਲੈਣ ਅਤੇ ਅਮਰੀਕੀ ਸਾਮਰਾਜਵਾਦ ਅਤੇ ਉਸਦੇ ਮਿੱਤਰਾਂ ਦਾ ਮੁਕਾਬਲਾ ਕਰਨ ਦੇ ਆਪਣੇ ਇਰਾਦੇ ਮਜ਼ਬੂਤ ਬਣਾਉਣ। ਬਹਾਦਰ ਵੀਤਨਾਮੀ ਲੋਕਾਂ ਵਲੋਂ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਆਪਣੇ ਸੰਘਰਸ਼ ਦੁਰਾਨ ਕੀਤੀਆਂ ਕੁਰਬਾਨੀਆਂ ਕਦੇ ਵੀ ਭੁੱਲ ਨਹੀਂ ਸਕਦੀਆਂ।

close

Share and Enjoy !

Shares

Leave a Reply

Your email address will not be published.