ਕੋਰੀਆ ਦੀ ਜੰਗ ਦੇ ਸਬਕ

ਕੋਰੀਆ ਦੀ ਜੰਗ ਦੀ ਸ਼ੁਰੂਆਤ ਨੂੰ ਇਸ ਸਾਲ 70 ਸਾਲ ਹੋ ਗਏ ਹਨ। ਇਸ ਖੂਨੀ ਅਤੇ ਵਹਿਸ਼ੀ ਜੰਗ ਨੇ ਲੱਗਭਗ 4 ਕ੍ਰੌੜ ਲੋਕਾਂ ਦੀਆਂ ਜਾਨਾਂ ਲਈਆਂ ਹਨ ਅਤੇ ਕੋਰੀਆਈ ਪ੍ਰਾਇਦੀਪ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਤਬਾਹ ਕੀਤਾ ਹੈ। ਇੱਕ ਸਮੇਂ ਮਾਣਮੱਤੇ ਅਤੇ ਇਕੱਠੇ ਇਸ ਦੇਸ਼ ਵਿਚ ਇਸ ਜੰਗ ਨੇ ਸਥਾਈ ਵੰਡੀਆਂ ਪਾ ਦਿੱਤੀਆਂ। ਨਿਰੰਤਰ ਜੰਗ ਤਾਂ ਭਾਵੇਂ 1953 ਵਿੱਚ ਖਤਮ ਹੋ ਗਈ ਸੀ, ਪਰ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਹਾਲੀ ਵੀ ਮਜ਼ਬੂਤ ਕਿਲੇਬੰਦ ਸਰਹੱਦਾਂ ਉਤੇ ਆਹਮੋ-ਸਾਹਮਣੇ ਤਾਇਨਾਤ ਹਨ। ਕੋਰੀਆ ਵਿੱਚ ਅੱਜ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਫੌਜਾਂ ਤਾਇਨਾਤ ਹਨ। ਦੋਵੀਂ ਪਾਸੀਂ ਹਜ਼ਾਰਾਂ ਪ੍ਰਵਾਰ ਇੱਕ-ਦੂਸਰੇ ਤੋਂ ਵਿਛੜੇ ਹੋਏ ਹਨ ਅਤੇ ਉਨ੍ਹਾਂ ਨੂੰ ਇੱਕ-ਦੂਸਰੇ ਨੂੰ ਮਿਲਣ ਦੀ ਕੋਈ ਉਮੀਦ ਨਹੀਂ ਭਾਸਦੀ।

ਕੋਰੀਆ ਦੀ ਜੰਗ ਮੁੱਖ ਤੌਰ ਉਤੇ ਅਮਰੀਕੀ ਸਾਮਰਾਜਵਾਦ ਵਲੋਂ ਦੂਸਰੇ ਵਿਸ਼ਵ ਯੁੱਧ ਤੋਂ ਬਾਦ ਦੁਨੀਆਂ ਵਿੱਚ ਆਪਣੀ ਚੌਧਰ ਕਾਇਮ ਕਰਨ ਅਤੇ ਸਮਾਜਵਾਦ ਤੇ ਕਮਿਉਨਿਜ਼ਮ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲੜੀ ਗਈ ਸੀ। ਲੇਕਿਨ ਅਮਰੀਕੀ ਸਾਮਰਾਜਵਾਦ ਨੇ ਦੁਨੀਆਂ ਭਰ ਦੇ ਪ੍ਰਸਾਰ ਸਾਧਨਾਂ ਉਪਰ ਆਪਣੇ ਕੰਟਰੋਲ ਦੇ ਰਾਹੀਂ, ਹਮੇਸ਼ਾ ਹੀ ਇਹ ਦੱਸਿਆ ਹੈ ਕਿ ਜੰਗ ਦਾ ਕਾਰਨ “ਕਮਿਉਨਿਸਟ ਉੱਤਰੀ ਕੋਰੀਆ” ਵਲੋਂ “ਜਮਹੂਰੀ ਦੱਖਣੀ ਕੋਰੀਆ” ਉੱਤੇ ਕੀਤਾ ਗਿਆ ਹਮਲਾ ਸੀ। ਉਹ ਇਹ ਦੱਸਣਾ ਚਾਹੁੰਦੇ ਹਨ ਕਿ ਸੰਯੁਕਤ ਰਾਸ਼ਟਰ ਦਾ ਇੱਕ ਭਾਗ ਹੋਣ ਦੇ ਨਾਤੇ ਅਮਰੀਕਾ ਨੇ ਦੱਖਣੀ ਕੋਰੀਆ ਦੀ “ਜਮਹੂਰੀਅਤ” ਦੀ ਹਿਫਾਜ਼ਤ ਕਰਨ ਲਈ ਹਮਲਾਵਰ ਕਮਿਉਨਿਸਟ ਫੌਜਾਂ ਨੂੰ ਪਿਛਾਂਹ ਹਟਾਉਣ ਲਈ ਆਪਣੀ ਫੌਜ ਭੇਜੀ ਸੀ। ਪਰ ਜੰਗ ਵਾਸਤੇ ਕੌਣ ਜ਼ਿਮੇਵਾਰ ਸੀ ਅਤੇ ਇਹਦੇ ਨਾਲ ਪੈਦਾ ਹੋਈਆਂ ਭਿਆਨਕ ਦੁੱਖ-ਮੁਸੀਬਤਾਂ ਲਈ ਕੌਣ ਜ਼ਿਮੇਵਾਰ ਸੀ, ਇਹ ਸਮਝਣ ਲਈ ਜੰਗ ਬਾਰੇ ਅਤੇ ਜਿਨ੍ਹਾਂ ਹਾਲਾਤਾਂ ਕਾਰਨ ਇਹ ਜੰਗ ਲੱਗੀ ਸੀ, ਉਨ੍ਹਾਂ ਬਾਰੇ ਤੱਥਾਂ ਨੂੰ ਘੋਖਣ ਦੀ ਜ਼ਰੂਰਤ ਪਏਗੀ।

ਵੀਹਵੀਂ ਸਦੀ ਤੋਂ ਪਹਿਲਾਂ, ਇੱਕ ਹਜ਼ਾਰ ਸਾਲ ਤੋਂ ਲੈ ਕੇ ਕੋਰੀਆ ਇੱਕ ਇਕੱਠਾ ਅਤੇ ਅਜ਼ਾਦ ਦੇਸ਼ ਸੀ। ਲੇਕਿਨ, 1910 ਵਿੱਚ ਜਪਾਨ ਨੇ ਹਮਲਾ ਕਰਕੇ ਉਸ ਦੇਸ਼ ਉੱਤੇ ਕਬਜ਼ਾ ਕਰ ਲਿਆ। ਜਦੋਂ ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿੱਚ ਜਪਾਨ ਹਾਰ ਗਿਆ ਸੀ ਤਾਂ ਕੋਰੀਆ ਦੇ ਲੋਕਾਂ ਨੂੰ ਆਪਣੀ ਅਜ਼ਾਦੀ ਵਾਪਸ ਮਿਲ ਜਾਣ ਦੀ ਉਮੀਦ ਸੀ। ਜੰਗ ਦੇ ਅੰਤਲੇ ਦੌਰ ਵਿੱਚ, ਅਮਰੀਕਾ ਅਤੇ ਸੋਵੀਅਤ ਸੰਘ ਸਮੇਤ ਭਾਈਵਾਲ ਤਾਕਤਾਂ ਇਸ ਗੱਲ ਨੂੰ ਮੰਨ ਲਿਆ ਸੀ। ਭਾਈਵਾਲ ਤਾਕਤਾਂ ਵਿੱਚ ਕੋਰੀਆ ਦਾ ਗੁਆਂਢੀ ਦੇਸ਼ ਹੋਣ ਦੇ ਨਾਤੇ ਸੋਵੀਅਤ ਸੰਘ ਦੀ ਫੌਜ ਜਪਾਨੀਆਂ ਕੋਲੋਂ ਹਥਿਆਰ ਸੁੱਟਣ ਨੂੰ ਸਵੀਕਾਰ ਕਰਨ ਲਈ ਕੋਰੀਆ ਵਿੱਚ ਦਾਖਲ ਹੋ ਗਈ। ਇਸ ਤੋਂ ਇੱਕਦਮ ਬਾਦ, ਜਪਾਨ ਵਿੱਚ ਮੌਜੂਦ ਅਮਰੀਕੀ ਫੌਜਾਂ ਸੋਵੀਅਤ ਫੌਜ ਦਾ ਅੱਗੇ ਵਧਣਾ ਰੋਕਣ ਲਈ ਕੋਰੀਆ ਵਿੱਚ ਦਾਖਲ ਹੋ ਗਈਆਂ। ਅਮਰੀਕਣ ਅਫਸਰਾਂ ਨੇ ਇੱਕਪਾਸੜ ਤੌਰ ਉਤੇ ਐਲਾਨ ਕਰ ਦਿੱਤਾ ਕਿ 38ਵੀਂ ਅਖਸ਼ਾਂਸ਼ ਰੇਖਾ ਤੋਂ ਦੱਖਣ ਵੱਲ ਦਾ ਇਲਾਕਾ ਅਮਰੀਕਾ ਦੇ ਅਧਿਕਾਰ ਖੇਤਰ ਹੇਠਾਂ ਹੈ। ਕੱੁਝ ਹੀ ਸਮੇਂ ਵਿਚ ਇਹ ਰੇਖਾ ਇੱਕ ਫੌਜੀ ਸਰਹੱਦ ਬਣ ਗਈ ਅਤੇ ਕੋਰੀਆਈ ਲੋਕਾਂ ਨੂੰ ਅਧਿਕਾਰਤ ਕਾਗਜ਼ਾਂ ਤੋਂ ਬਗੈਰ ਇਹ ਰੇਖਾ ਪਾਰ ਕਰਨ ਉੱਤੇ ਮਨਾਹੀ ਲਾ ਦਿੱਤੀ ਗਈ।

ਇਸ ਦੁਰਾਨ ਜਪਾਨੀ ਅਥਾਰਟੀ ਖਤਮ ਹੋ ਜਾਣ ਦੀ ਸਥਿਤੀ ਵਿੱਚ ਸਮੁੱਚੇ ਕੋਰੀਆ ਦੇ ਪ੍ਰਬੰਧ ਨੂੰ ਸੰਭਾਲਣ ਲਈ ਥਾਂ-ਥਾਂ ਦੇਸ਼ਭਗਤ ਲੋਕਾਂ ਦੀਆਂ ਕਮੇਟੀਆਂ ਬਣ ਗਈਆਂ। ਅਮਰੀਕੀ ਅਧਿਕਾਰੀਆਂ ਨੇ, ਲੋਕ-ਕਮੇਟੀਆਂ ਜਾਂ ਬਸਤੀਵਾਦ-ਵਿਰੋਧੀ ਲੜਾਕੂਆਂ ਅਤੇ ਕਮਿਉਨਿਸਟਾਂ ਦੀ ਅਗਵਾਈ ਹੇਠ ਕਾਇਮ ਕੀਤੇ ਕੋਰੀਆ ਦੇ ਲੋਕ-ਗਣਤੰਤਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਕੋਰੀਆਈ ਲੋਕਾਂ ਦੇ ਅਜ਼ਾਦ ਹੋਣ ਨੂੰ – ਉਨ੍ਹਾਂ ਹਾਲਤਾਂ ਵਿਚ ਜਦੋਂ ਕੋਰੀਆ ਦੇ ਕਮਿਉਨਿਸਟ ਅਤੇ ਹੋਰ ਦੇਸ਼ਭਗਤ ਸੱਤਾ ਵਿੱਚ ਆ ਸਕਦੇ ਸੀ –  ਅੱਗੇ ਪਾਉਣ ਦੇ ਇਰਾਦੇ ਨਾਲ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਸਾਹਮਣੇ ਕੋਰੀਆਈ ਲੋਕਾਂ ਨੂੰ ਅਜ਼ਾਦੀ ਵੱਲ ਸੇਧ ਦੇਣ ਵਾਲੀ ਇੱਕ “ਟਰਸੱਟੀਸ਼ਿਪ” ਕਾਇਮ ਕਰਨ ਦਾ ਸੁਝਾਅ ਰੱਖਿਆ। ਕੋਰੀਆ ਦੀ ਅਜ਼ਾਦੀ ਨੂੰ ਮਾਨਤਾ ਦਿੱਤੇ ਜਾਣਾ ਅੱਗੇ ਪਾ ਦਿੱਤੇ ਜਾਣ ਅਤੇ ਉਨ੍ਹਾਂ ਦੇ ਦੇਸ਼ ਨੂੰ ਵੰਡ ਦਿੱਤੇ ਜਾਣ ਦੇ ਖ਼ਿਲਾਫ਼ ਕੋਰੀਆ ਦੀ ਜਨਤਾ 1946 ਅਤੇ 1948 ਦੁਰਾਨ ਬਾਰ-ਬਾਰ ਅਮਰੀਕੀ ਕਬਜ਼ੇ ਦੇ ਖ਼ਿਲਾਫ਼ ਉਠਦੀ ਰਹੀ। ਇਨ੍ਹਾਂ ਵਿਚ 1948 ਵਿੱਚ ਜੇਜੂ ਦੇ ਟਾਪੂ ਵਿੱਚ ਇੱਕ ਵੱਡਾ ਉਭਾਰ ਵੀ ਸ਼ਾਮਲ ਸੀ, ਜਿਸਨੂੰ ਅਮਰੀਕੀ ਫੌਜ ਅਤੇ ਉਨ੍ਹਾਂ ਦੇ ਹੱਥਠੋਕਿਆਂ, ਜਿਨ੍ਹਾਂ ਵਿਚੋਂ ਬਹੁਤੇ ਜਪਾਨੀ ਬਸਤੀਵਾਦੀ ਅਧਿਕਾਰੀਆਂ ਹੇਠ ਕੰਮ ਕਰਦੇ ਰਹੇ ਸਨ, ਨੇ ਵਹਿਸ਼ੀ ਢੰਗ ਨਾਲ ਕੁਚਲ ਦਿੱਤਾ ਸੀ। ਬਹੁਤੇ ਉਭਾਰ ਦੇਸ਼ ਦੇ ਦੱਖਣੀ ਭਾਗ ਵਿੱਚ ਉਠਦੇ ਰਹੇ ਸਨ। ਸਮੱਸਿਆ ਦਾ ਹੱਲ ਕਰਨ ਲਈ ਅਮਰੀਕਾ ਅਤੇ ਸੋਵੀਅਤ ਸੰਘ ਦਾ ਇੱਕ ਸਾਂਝਾ ਕਮਿਸ਼ਨ ਬਣਾਇਆ ਗਿਆ ਸੀ। ਸਤੰਬਰ 1947 ਵਿੱਚ, ਇਸ ਕਮਿਸ਼ਨ ਦੇ ਸੋਵੀਅਤ ਡੈਲੀਗੇਟ, ਟੇਰੇਨਤੀ ਸ਼ਤਾਈਕੋਵ, ਨੇ ਸੁਝਾਅ ਦਿੱਤਾ ਸੀ ਕਿ ਸੋਵੀਅਤ ਅਤੇ ਅਮਰੀਕੀ ਫੌਜਾਂ ਉਥੋਂ ਕੱਢ ਲਈਆਂ ਜਾਣ ਅਤੇ ਕੋਰੀਆ ਦੇ ਲੋਕਾਂ ਨੂੰ ਆਪਣੀ ਖੁਦ ਦੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ। ਪਰ ਅਮਰੀਕਾ ਇਸ ਸੁਝਾਅ ਨਾਲ ਸਹਿਮਤ ਨਾ ਹੋਇਆ।

ਮਈ 1948 ਵਿੱਚ, ਅਮਰੀਕਾ ਨੇ ਕੋਰੀਆ ਦੇ ਦੱਖਣੀ ਹਿੱਸੇ ਵਿੱਚ ਇੱਕ ਨਕਲੀ ਚੋਣ ਕਰਵਾਕੇ, ਉਥੇ ਆਪਣੇ ਇੱਕ ਹੱਥਠੋਕੇ ਸਿੰਯਮੈਨ ਰ੍ਹੀ ਦੀ ਬਹੁਤ ਹੀ ਜ਼ਿਆਦਾ ਪਿਛਾਂਹ-ਖਿਚੂ ਸਰਕਾਰ ਬਿਠਾ ਦਿੱਤੀ। ਦੱਖਣ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਲੀਡਰਾਂ ਨੇ ਅਤੇ ਸੋਵੀਅਤ ਸੰਘ ਨੇ ਇਸ ਚੋਣ ਦਾ ਬਾਈਕਾਟ ਕੀਤਾ ਸੀ। ਲੇਕਿਨ ਅਮਰੀਕਾ ਨੇ ਤਾਜ਼ਾ ਬਣੇ ਸੰਯੁਕਤ ਰਾਸ਼ਟਰ, ਜਿਸ ਵਿਚ ਉਹ ਦਾਅਪੇਚ ਖੇਡਦਾ ਸੀ ਅਤੇ ਕੰਟਰੋਲ ਕਰਦਾ ਸੀ, ਤੋਂ ਰ੍ਹੀ ਦੀ ਸਰਕਾਰ ਨੂੰ ਕੋਰੀਆ ਦੇ ਗਣਤੰਤਰ ਦੀ “ਜਾਇਜ਼ ਸਰਕਾਰ” ਹੋਣ ਦਾ ਐਲਾਨ ਕਰਵਾ ਦਿੱਤਾ। ਅਮਰੀਕਾ ਨੇ ਆਫੀਸ਼ਲ ਤੌਰ ਉਤੇ ਸੱਤਾ ਰ੍ਹੀ ਨੂੰ ਸੰਭਾਲ ਦਿੱਤੀ, ਪਰ ਆਪਣੀ ਭਾਰੀ ਫੌਜੀ ਮੌਜੂਦਗੀ ਉੱਥੇ ਕਾਇਮ ਰੱਖੀ। ਉਸ ਤੋਂ ਬਾਅਦ, ਸਤੰਬਰ 1948 ਵਿੱਚ ਉੱਤਰ ਵਿੱਚ ਕਿਮ ਇਲ ਸੰਗ ਦੀ ਪ੍ਰਧਾਨ ਮੰਤਰੀਸ਼ਿਪ ਹੇਠ ਕੋਰੀਆਈ ਜਮਹੂਰੀ ਲੋਕਤੰਤਰੀ ਗਣਰਾਜ ਸਥਾਪਤ ਕਰ ਦਿੱਤਾ ਗਿਆ ਅਤੇ ਉੱਤਰ ਵਿਚੋਂ ਸੋਵੀਅਤ ਫੌਜਾਂ ਕੱਢ ਲਈਆਂ ਗਈਆਂ।

1948 ਤੋਂ ਲੈ ਕੇ 1950 ਤਕ ਉੱਤਰ ਅਤੇ ਦੱਖਣ ਨੂੰ ਵੰਡਣ ਵਾਲੀ 38ਵੀਂ ਅਖਸ਼ਾਂਸ਼ ਰੇਖਾ ਉੱਤੇ ਝੜਪਾਂ ਹੁੰਦੀਆਂ ਰਹੀਆਂ। ਇਹਦੇ ਨਾਲ-ਨਾਲ ਦੱਖਣ ਵਿੱਚ ਯੋਸੂ ਬਗਾਵਤ ਵਰਗੇ ਕਈ ਇੱਕ ਵੱਡੇ ਉਭਾਰ ਉਠਣਾ ਜਾਰੀ ਰਹੇ, ਜਿਨ੍ਹਾਂ ਨੂੰ ਨਵੀਂ ਹਕੂਮਤ ਨੇ ਵਹਿਸ਼ੀ ਤਰੀਕੇ ਨਾਲ ਦਬਾ ਦਿੱਤਾ। ਜਿਸ ਕਿਸੇ ਉਤੇ ਵੀ ਕਮਿਉਨਿਸਟ ਹੋਣ ਜਾਂ ਉਨ੍ਹਾਂ ਦਾ ਹਮਦਰਦ ਹੋਣ ਦਾ ਸ਼ੱਕ ਪਿਆ, ਉਸਨੂੰ ਅਤੇ ਉਹਦੇ ਪ੍ਰੀਵਾਰ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਅਤੇ ਕਤਲ ਕਰ ਦਿੱਤਾ ਗਿਆ। ਕਤਲਾਂ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਿਸਤਾਰ ਨੂੰ ਅਮਰੀਕਾ ਅਤੇ ਦੱਖਣੀ ਕੋਰੀਆ ਦੀ ਹਕੂਮਤ ਨੇ ਦਹਾਕਿਆਂ ਤਕ ਛੁਪਾਈ ਰੱਖਿਆ। ਲੇਕਿਨ ਪਿਛਲੇ ਦੋ ਕੁ ਦਹਾਕਿਆਂ ਤੋਂ ਦੱਖਣੀ ਕੋਰੀਆ ਦੇ ਸ਼ਹਿਰੀਆਂ ਵਲੋਂ ਬੜੀਆਂ ਮੇਹਨਤੀ ਕੋਸ਼ਿਸ਼ਾਂ ਨਾਲ, ਇਨ੍ਹਾਂ ਜ਼ੁਰਮਾਂ ਦੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਇਨ੍ਹਾਂ ਜ਼ੁਰਮਾਂ ਦਾ ਪਰਦਾਫਾਸ਼ ਹੋਇਆ ਹੈ ਅਤੇ ਇਹ ਜਨਤਕ ਹੋ ਸਕੇ ਹਨ।

ਆਖਰਕਾਰ ਜੂਨ 1950 ਵਿੱਚ, ਉੱਤਰੀ ਕੋਰੀਆ ਦੀਆਂ ਫੌਜਾਂ ਨੇ 38ਵੀਂ ਅਖਸ਼ਾਂਸ਼ ਰੇਖਾ ਨੂੰ ਪਾਰ ਕਰ ਲਿਆ ਅਤੇ ਦੇਸ਼ ਨੂੰ ਮੁੜ ਕੇ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਕਾਹਲੀ-ਕਾਹਲੀ ਪਿੱਛੇ ਹਟਦੀਆਂ ਅਮਰੀਕੀ ਫੌਜਾਂ ਨੇ ਬਹੁਤ ਹੀ ਘਿਾਨਉਣੇ ਕਤਲ ਕੀਤੇ। ਇਨ੍ਹਾਂ ਵਿਚੋਂ ਸਭ ਤੋਂ ਬਦਨਾਮ ਹੈ ਨੋ ਗੁਨ ਰੀ ਕਤਲੇਆਮ, ਜਿੱਥੇ ਅਮਰੀਕਾ ਦੀ 7ਵੀਂ ਕੈਵਲਰੀ ਨੇ, ਬਚਾਓ ਲਈ ਇੱਕ ਰੇਲਵੇ ਦੇ ਪੁੱਲ ਹੇਠਾਂ ਲੁਕੇ ਹੋਏ ਸੈਂਕੜੇ ਹੀ ਬੇਹਥਿਆਰ ਲੋਕਾਂ ਉੱਤੇ ਬਾਰ-ਬਾਰ ਬੰਬ ਸੱੁਟੇ ਅਤੇ ਗੋਲੀਆਂ ਦੀਆਂ ਬੁਛਾੜਾਂ ਕੀਤੀਆਂ। ਉਸ ਤੋਂ ਬਾਦ ਅਮਰੀਕਾ ਨੇ “ਅਪਰੇਸ਼ਨ ਕਰੋਮਾਈਟ” ਹਮਲਾ ਛੇੜ ਦਿੱਤਾ ਅਤੇ 15 ਸਤੰਬਰ ਨੂੰ ਉਸ ਪ੍ਰਾਇਦੀਪ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਅਮਰੀਕੀ ਫੌਜਾਂ ਉਤਾਰੀਆਂ। ਜਦੋਂ ਅਮਰੀਕੀ ਅਗਵਾਈ ਹੇਠਲੀਆਂ ਫੌਜਾਂ 38ਵੀਂ ਅਖਸ਼ਾਂਸ਼ ਰੇਖਾ ਨੂੰ ਪਾਰ ਕਰਨ ਤਕ ਕਿਨਾਰੇ ਪਹੁੰਚ ਗਈਆਂ ਸਂ ਤਾਂ ਨਵੀਂ ਨਵੀਂ ਸਥਾਪਤ ਹੋਈ ਚੀਨ ਲੋਕ ਜਮਹੂਰੀ ਰਿਪਬਲਿਕ ਅਕਤੂਬਰ ਵਿਚ ਉੱਤਰੀ ਕੋਰੀਆਈ ਫੌਜਾਂ ਦੀ ਮੱਦਦ ਲਈ ਪਹੁੰਚ ਗਈ।

ਉਸ ਤੋਂ ਬਾਦ ਕੋਰੀਆ ਵਿੱਚ ਜ਼ਮੀਨੀ ਜੰਗ ਅੜੋਤੜੀ ‘ਤੇ ਪਹੁੰਚ ਗਈ। ਆਖਰਕਾਰ ਲੜਾਈ ਬੰਦ ਹੋ ਗਈ, ਪਰ ਕੋਈ ਵੀ ਅਮਨ ਸਮਝੌਤਾ ਨਹੀਂ ਹੋਇਆ, ਬਲਕਿ 27 ਜੁਲਾਈ 1953 ਨੂੰ ਇੱਕ ਆਰਜ਼ੀ ਯੁੱਧ-ਵਿਰਾਮ ਦਸਖਤ ਹੋਇਆ। ਲੇਕਿਨ, 1950 ਤੋਂ 1953 ਦੁਰਾਨ, ਅਮਰੀਕੀ ਏਅਰ ਫੋਰਸ ਵਲੋਂ ਸਿਵਲੀਅਨ ਲੋਕਾਂ ਉੱਤੇ ਇੱਕ ਬਹੁਤ ਹੀ ਭਿਆਨਕ ਬੰਬਾਰੀ ਕੀਤੀ ਗਈ। ਇਸ ਬੰਬਾਰੀ ਨਾਲ ਦੂਸਰੇ ਵਿਸ਼ਵ ਯੁੱਧ ਵਿੱਚ ਜਾਂ ਉਸ ਤੋਂ ਬਾਅਦ ਵਾਲੀ ਵੀਤਨਾਮ ਦੀ ਜੰਗ ਦੇ ਮੁਕਾਬਲੇ ਵਿੱਚ ਕੋਰੀਆ ਦੇ ਸ਼ਹਿਰੀਆਂ ਦੀਆਂ ਵਧੇਰੇ ਮੌਤਾਂ ਹੋਈਆਂ। ਅਨੁਮਾਨ ਹੈ ਕਿ ਉੱਤਰੀ ਕੋਰੀਆ ਦੀ ਵਸੋਂ ਦੇ 12 ਤੋਂ 15 ਪ੍ਰਤੀਸ਼ਤ ਲੋਕਾਂ ਦੀਆਂ ਮੌਤਾਂ ਹੋਈਆਂ। ਅਮਰੀਕਾ ਨੇ ਨਾਪਾਮ ਬੰਬਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨਾਲ ਮਰਨ ਤੋਂ ਇਲਾਵਾ, ਬੰਬਾਰੀ ਦਾ ਸ਼ਿਕਾਰ ਹੋਏ ਬਚ ਗਏ ਲੋਕਾਂ ਨੂੰ ਭਿਆਨਕ ਦੁੱਖ ਭੋਗਣੇ ਪਏ; ਉਨ੍ਹਾਂ ਦੇ ਸਰੀਰ ਟੇਡੇ ਮੇਢੇ ਅਤੇ ਜਲੇ ਹੋਏ, ਮੁਚੜੇ ਹੋਏ ਹੋ ਗਏ। ਇਹ ਇੱਕ ਗਿਣੀ-ਮਿਥੀ “ਜ਼ਮੀਨ ਨੂੰ ਲੂਹ ਸੁੱਟੋ ਦੀ ਨੀਤੀ” ਸੀ। ਇਸ ਰਣਨੀਤੀ ਦਾ ਮਕਸਦ ਕੋਰੀਆ ਦੇ ਲੋਕਾਂ ਨੂੰ ਦੁੱਖ ਪਹੁੰਚਾਉਣਾ ਸੀ, ਜੋ ਅਮਰੀਕੀ ਕਮਾਂਡਰ, ਜਨਰਲ ਡਗਲਸ ਮੈਕਕਾਰਥਰ ਦੇ ਸ਼ਬਦਾਂ ਤੋਂ ਨਜ਼ਰ ਆਉਂਦਾ ਹੈ। ਉਸ ਨੇ ਐਲਾਨ ਕੀਤਾ ਸੀ: “ਉੱਤਰੀ ਕੋਰੀਆ ਵਿੱਚ ਹਰ ਢਾਂਚਾ, ਇਮਾਰਤ ਅਤੇ ਪਿੰਡ ਹੁਣ ਇੱਕ ਫੌਜੀ ਅਤੇ ਜੰਗੀ ਚਾਲ ਵਾਲਾ ਨਿਸ਼ਾਨਾਂ ਬਣ ਚੁੱਕਾ ਹੈ”। ਉਸ ਨੇ ਅਮਰੀਕੀ ਏਅਰ ਫੋਰਸ ਦੇ ਜਨਰਲ ਸਟਰੇਟਮੇਅਰ ਉੱਤੇ ਜ਼ੋਰ ਦਿੱਤਾ ਕਿ “ਜੇ ਤੂੰ ਚਾਹੁੰਦਾ ਹੈਂ ਤਾਂ ਜਲਾ ਦੇਹ। ਕੇਵਲ ਏਨਾ ਹੀ ਨਹੀਂ, ਬਲਕਿ ਦੂਸਰੇ ਕਸਬਿਆਂ ਨੂੰ ਸਬਕ ਸਿਖਾਉਣ ਲਈ ਲੂਹ ਦੇਹ ਅਤੇ ਤਬਾਹ ਕਰ ਦੇਹ, ਜਿਹੜੇ ਤੇਰੇ ਖਿਆਲ ਵਿੱਚ ਦੁਸ਼ਮਣ ਲਈ ਕੋਈ ਫੌਜੀ ਮਹੱਤਤਾ ਰੱਖਦੇ ਹਨ”। (ਟੇਅਵੂ ਕਿਮ, “ਲਿਮਟਿਡ ਵਾਰ, ਅਨਲਿਮਟਿਡ ਨਿਸ਼ਾਨੇ”, ਕਰੀਟੀਕਲ ਏਸ਼ੀਅਨ ਸਟੱਡੀਜ਼ 44:3 (2012), ਸਫਾ 480, 482)। ਜੰਗ ਦੇ ਆਖਰੀ ਪੜਾਵਾਂ ਉੱਤੇ ਅਮਰੀਕੀ ਫੌਜ ਇੱਕ ਹੋਰ ਕਮੀਨੀ ਰਣਨੀਤੀ ਉੱਤੇ ਉਤਰ ਆਈ – ਉਹ ਸੀ ਉੱਤਰੀ ਕੋਰੀਆ ਵਿੱਚ ਡੈਮਾਂ ਉੱਤੇ ਬੰਬਾਰੀ। ਖਿਆਲ ਕੇਵਲ ਹਜ਼ਾਰਾਂ ਲੋਕਾਂ ਨੂੰ ਪਾਣੀ ਦੀ ਕਬਰ ਵਿੱਚ ਭੇਜਣਾ ਹੀ ਨਹੀਂ ਸੀ, ਬਲਕਿ ਉੱਤਰੀ ਕੋਰੀਆ ਦੀ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨਾ ਅਤੇ ਉਥੋਂ ਦੇ ਲੋਕਾਂ ਨੂੰ ਭੁੱਖੇ ਮਾਰਨਾ ਸੀ।

ਸੋ ਕੋਰੀਆ ਦੀ ਜੰਗ ਨੇ ਆਧੁਨਿਕ ਦੌਰ ਦੀ ਨਵੀਂ ਸਾਮਰਾਜੀ ਮਹਾਂਸ਼ਕਤੀ ਦੇ ਅਸਲੀ ਚੇਹਰੇ ਨੂੰ ਨੰਗਾ ਕਰ ਦਿੱਤਾ ਹੈ। ਇਸ ਜੰਗ ਨੇ ਅਮਰੀਕਾ ਵਿੱਚ ਫੌਜੀ ਸਨੱਅਤੀ ਖੇਤਰ ਦੇ ਵਿਕਾਸ ਨੂੰ ਤਕੜਾ ਹੁਲਾਰਾ ਦਿੱਤਾ। ਦੁਨੀਆਂ ਭਰ ਵਿੱਚ ਅਮਰੀਕੀ ਸਾਮਰਾਜਵਾਦ ਦੇ ਪੱਕੇ ਅੱਡੇ ਬਣਾਏ ਜਾਣ ਦੀ ਸ਼ੁਰੂਆਤ ਵੀ ਇੱਥੋਂ ਹੀ ਹੋਈ ਸੀ। ਇਹ ਨਵੀਂ ਮਹਾਂਸ਼ਕਤੀ, ਜਿਸਨੇ ਬਿਨਾਂ ਕਿਸੇ ਦਰਦ, ਰਹਿਮ ਜਾਂ ਝਿਜਕ ਦੇ ਬੇਵੱਸ ਸਿਵਲੀਅਨਾਂ ਉਤੇ ਨਾਪਾਮ ਬੰਬ ਵਰਸਾਏ, ਦੂਸਰੇ ਦੇਸ਼ਾਂ ਵਿੱਚ ਜਨਤਕ ਲਹਿਰਾਂ ਨੂੰ ਕੁਚਲਿਆ ਅਤੇ ਪੂਰੇ ਦੇ ਪੂਰੇ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਅਤੇ ਦੂਸਰੇ ਪਾਸੇ “ਜਮਹੂਰੀਅਤ” ਅਤੇ “ਮਨੁੱਖੀ ਅਧਿਕਾਰਾਂ” ਦੇ ਝੂਠੇ ਦਮਗਜ਼ੇ ਮਾਰੇ – ਕੋਰੀਆਈ ਜੰਗ ਦੁਰਾਨ ਅਤੇ ਉਸ ਤੋਂ ਇੱਕਦਮ ਪਹਿਲਾਂ ਦੇ ਦੌਰ ਵਿੱਚ ਉਸਦਾ ਅਸਲੀ ਖਾਸਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਸੀ। ਉਸਦਾ ਅਸਲੀ ਖਾਸਾ ਅਜੇ ਵੀ ਉਹੀ ਹੈ। ਅਵੱਸ਼ਕ ਹੈ ਕਿ ਲੋਕ ਕੋਰੀਆ ਦੀ ਜੰਗ ਤੋਂ ਸਹੀ ਨਿਚੋੜ ਕੱਢਣ ਅਤੇ ਅਮਰੀਕੀ ਸਾਮਰਾਜਵਾਦ ਨੂੰ ਦੁਨੀਆਂ ਦੇ ਦੇਸ਼ਾਂ ਦੀ ਅਜ਼ਾਦੀ, ਪ੍ਰਭੂਸੱਤਾ ਅਤੇ ਏਕਤਾ ਦੇ ਦੁਸ਼ਮਣ ਦੇ ਤੌਰ ਉਤੇ ਪਹਿਚਾਣ ਲੈਣ।

close

Share and Enjoy !

Shares

Leave a Reply

Your email address will not be published.