ਖਾਨਾਂ ਦੇ ਮਜ਼ਦੂਰਾਂ ਦੀ ਇਤਿਹਾਸਕ ਭੂਮਿਕਾ

ਸਾਡੇ ਦੇਸ਼ ਦੇ ਕੋਇਲਾ ਖਾਨ ਮਜ਼ਦੂਰ, ਨਿੱਜੀਕਰਣ ਦੇ ਖ਼ਿਲਾਫ਼ ਇੱਕ ਜਬਰਦਸਤ ਸੰਘਰਸ਼ ਚਲਾ ਰਹੇ ਹਨ। ਉਹਨਾਂ ਨੇ 18 ਅਗਸਤ ਨੂੰ ਦੇਸ਼ ਵਿਆਪੀ ਹੜਤਾਲ਼ ਦਾ ਐਲਾਨ ਕੀਤਾ ਹੈ। ਇਸ ਸੰਦਰਵ ਵਿੱਚ ਸਭਨਾਂ ਦੇਸ਼ਾਂ ਦੇ ਖਾਨ ਮਜ਼ਦੂਰਾਂ ਵਲੋਂ ਨਵੇਂ ਉਦਯੋਗ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਮਜ਼ਦੂਰ ਵਰਗ ਦੇ ਅੰਦੋਲਨ ਦੇ ਵਿਕਾਸ ਵਿੱਚ ਅਦਾ ਕੀਤੀ ਗਈ ਭੂਮਿਕਾ ਨੂੰ ਯਾਦ ਕਰਨਾ ਬੇਹੱਦ ਜ਼ਰੂਰੀ ਹੈ।

19ਵੀਂ ਅਤੇ 20ਵੀਂ ਸਦੀ ਵਿੱਚ ਸਰਮਾਏਦਾਰਾ ਉਦਯੋਗ ਦਾ ਵਿਕਾਸ ਕੋਇਲੇ ‘ਤੇ ਅਧਾਰਤ ਸੀ, ਜੋ ਊਰਜਾ ਦਾ ਮੁੱਖ ਸਰੋਤ ਸੀ। ਕੋਇਲੇ ਦੀ ਖੁਦਾਈ ਸਭ ਤੋਂ ਖ਼ਤਰਨਾਕ ਪੇਸ਼ੇ ਵਿੱਚੋ ਇੱਕ ਹੈ। ਖਾਨ ਮਜ਼ਦੂਰਾਂ ਦੇ ਵਿੱਚ ਬਿਮਾਰੀ ਅਤੇ ਮੌਤ ਬਹੁਤ ਹੀ ਆਮ ਹੈ। ਜੋ ਲੋਕ ਇਸ ਤੋਂ ਬਚ ਜਾਂਦੇ ਹਨ ਉਹ ਬਾਕੀ ਦੀ ਜਿੰਦਗੀ ਸਿਹਤ ਸਮੱਸਿਆਵਾਂ ਨਾਲ ਜੂਝਦੇ ਰਹਿੰਦੇ ਹਨ। ਆਮ ਮਜ਼ਦੂਰਾਂ ਦੀ ਤੁਲਨਾਂ ਵਿੱਚ ਇਹਨਾਂ ਦੀ ਜ਼ਿੰਦਗੀ ਵੀ ਛੋਟੀ ਹੁੰਦੀ ਹੈ।

ਜ਼ਮੀਨਦੋਜ ਖਾਨਾਂ ਵਿੱਚ ਦਮ ਘੁੱਟਣ, ਜ਼ਹਿਰੀਲੀ ਗੈਸ, ਖਾਨ ਦੀ ਛੱਤ ਟੁੱਟਣ, ਪੱਥਰਾਂ ਦੇ ਫਟਣ ਅਤੇ ਗੈਸ ਦੇ ਧਮਾਕੇ ਨਾਲ ਮਜ਼ਦੂਰਾਂ ਦੀ ਮੌਤ ਆਮ ਹੈ। ਖੁੱਲ੍ਹੀਆਂ ਖਾਨਾਂ ਦੀ ਦਿਵਾਰ ਦਾ ਡਿੱਗਣਾ ਅਤੇ ਵਾਹਨਾਂ ਦਾ ਟਕਰਾ ਜਾਣਾ ਅਕਸਰ ਹੁੰਦਾ ਰਹਿੰਦਾ ਹੈ। 20ਵੀਂ ਸਦੀ ਦੇ ਦੌਰਾਨ, ਅਮਰੀਕਾ ਵਿੱਚ 1,00,000 ਤੋਂ ਜ਼ਿਆਦਾ ਖਾਨ ਮਜ਼ਦੂਰਾਂ ਨੇ ਆਪਣੀ ਜਾਨ ਗਵਾਈ। ਹਾਲਾਂਕਿ ਸਮੇਂ ਦੇ ਨਾਲ-ਨਾਲ ਤਕਨੀਕੀ ਵਿਕਾਸ ਦੇ ਚੱਲਦਿਆ ਮਜ਼ਦੂਰਾਂ ਦੀ ਮੌਤ ਦੀ ਦਰ ਘਟੀ ਹੈ। ਅੱਜ ਵੀ ਅਮਰੀਕਾ ਵਿੱਚ ਹਰ ਸਾਲ ਖਾਨ ਹਾਦਸਿਆਂ ਵਿੱਚ ਕਰੀਬ 30 ਮਜ਼ਦੂਰਾਂ ਦੀ ਮੌਤ ਹੁੰਦੀ ਹੈ। ਹਿੰਦੋਸਤਾਨ ਵਿੱਚ ਹਾਲ ਦੇ ਸਾਲਾਂ ਵਿੱਚ ਖਾਨ ਹਾਦਸਿਆਂ ਵਿੱਚ ਹਰ ਸਾਲ 100 ਤੋਂ 150 ਮਜ਼ਦੂਰਾਂ ਦੀ ਮੌਤ ਹੁੰਦੀ ਹੈ।

ਖਾਨ ਮਜ਼ਦੂਰ ਸਨਅਤੀ ਮਜ਼ਦੂਰਾਂ ਦੇ ਵਰਗ ਵਿੱਚ ਆਉਂਦੇ ਹਨ, ਜੋ ਆਪਣੇ ਕੰਮ ਅਤੇ ਜੀਣ ਦੀਆਂ ਹਾਲਤਾਂ ਨੂੰ ਬਿਹਤਰ ਬਨਾਉਣ ਦੇ ਲਈ ਸਾਂਝੇ ਸੰਘਰਸ਼ ਵਿੱਚ ਸਭ ਤੋਂ ਪਹਿਲਾਂ ਇੱਕਜੁੱਟ ਅਤੇ ਸੰਗਠਿਤ ਹੋਏ ਸਨ। 19ਵੀਂ ਸਦੀ ਦੇ ਮੱਧ ਵਿੱਚ ਖਾਨ ਮਜ਼ਦੂਰ, ਸੰਗਠਿਤ ਮਜ਼ਦੂਰ ਵਰਗ ਅੰਦੋਲਨ ਦਾ ਸਭ ਤੋਂ ਸਰਗਰਮ ਹਿੱਸਾ ਰਹੇ ਹਨ। ਖਾਨ ਮਜ਼ਦੂਰਾਂ ਨੇ ਸਾਡੇ ਦੇਸ਼ ਸਹਿਤ ਬਰਤਾਨੀਆ, ਅਮਰੀਕਾ, ਕਨੇਡਾ, ਆਸਟ੍ਰੇਲੀਆ, ਜਪਾਨ ਅਤੇ ਯੂਰੋਪ ਦੇ ਕਈ ਦੇਸ਼ਾਂ ਦੇ ਕਮਿਉਨਿਸਟ ਅੰਦੋਲਨ ਨੂੰ ਸਰਗਰਮ ਅਤੇ ਲੜਾਕੂ ਵਰਕਰ ਦਿੱਤੇ ਹਨ।

ਆਸਟ੍ਰੇਲੀਆ ਦੀ ਕੰਸਟਰਕਸ਼ਨ, ਫੋਰੇਸਟ੍ਰੀ, ਮਾਇਨਿੰਗ ਐਂਡ ਐਨਰਜੀ ਯੂਨੀਅਨ (ਸੀ.ਐਫ.ਐਮ.ਈ.ਯੂ.), ਯੁਨਾਈਟਿਡ ਮਾਈਨ ਵਰਕਸ ਆਫ ਅਮਰੀਕਾ, ਬਰਤਾਨੀਆ ਦੀ ਨੈਸ਼ਨਲ ਯੂਨੀਅਨ ਆਫ ਮਾਈਨ ਵਰਕਸ ਅਤੇ ਜਪਾਨ ਕੋਲ ਮਾਈਨਰਸ ਯੂਨੀਅਨ, ਕੋਇਲਾ ਖਾਨ ਮਜ਼ਦੂਰਾਂ ਦੀਆਂ ਪ੍ਰਮੁੱਖ ਯੂਨੀਅਨਾਂ ਰਹੀਆਂ ਹਨ।

1912 ਵਿੱਚ ਹੋਈ ਰਾਸ਼ਟਰੀ ਕੋਇਲਾ ਹੜਤਾਲ਼ ਬਰਤਾਨੀਆ ਦੇ ਕੋਇਲਾ ਖਾਨ ਮਜ਼ਦੂਰਾਂ ਦੀ ਸਭ ਤੋਂ ਪਹਿਲੀ ਦੇਸ਼ ਵਿਆਪੀ ਹੜਤਾਲ਼ ਸੀ। 1,00,000 ਮਜ਼ਦੂਰਾਂ ਵਲੋਂ 37 ਦਿਨਾਂ ਦੀ ਹੜਤਾਲ਼ ਤੋਂ ਬਾਦ ਬਰਤਾਨੀਆ ਦੀ ਸਰਕਾਰ ਨੂੰ ਘੱਟੋ-ਘੱਟ ਮਜ਼ਦੂਰੀ ਦਾ ਕਾਨੂੰਨ ਪਾਸ ਕਰਨਾ ਪਿਆ ਸੀ। ਬਰਤਾਨੀਆ ਵਿੱਚ 1926 ਵਿੱਚ ਆਮ ਹੜਤਾਲ਼ ਦੇ ਦੌਰਾਨ ਖਾਨਾਂ ਵਿੱਚ ਤਾਲਾਬੰਦੀ ਕਰਕੇ ਕੋਇਲਾ ਮਜ਼ਦੂਰਾਂ ਨੂੰ ਬਾਹਰ ਰੱਖਿਆ ਗਿਆ। ਇਹ ਹੜਤਾਲ਼ ਬਰਤਾਨੀਆ ਵਿੱਚ ਉਦਯੋਗਿਕ ਝਗੜੇ ਦਾ ਸਭ ਤੋਂ ਬੜਾ ਮਾਮਲਾ ਸੀ। ਉਸ ਤੋਂ ਬਾਦ ਬਰਤਾਨੀਆ ਦੇ ਕੋਇਲਾ ਮਜ਼ਦੂਰਾਂ ਨੇ 1972 ਵਿੱਚ ਸਭ ਤੋਂ ਬੜੀ ਹੜਤਾਲ਼ ਕੀਤੀ। ਇਸ ਹੜਤਾਲ਼ ਨਾਲ ਮਜ਼ਦੂਰਾਂ ਦੀ ਤਨਖ਼ਾਹ ਵਿੱਚ ਵਾਧੇ ਦੀ ਮੰਗ ਨੂੰ ਮੰਨਣ ਲਈ ਖਾਨ ਮਾਲਕ ਮਜ਼ਬੂਰ ਹੋ ਗਏ। ਇਸ ਤੋਂ ਇਲਾਵਾ, ਨਿਊਮੋਕੋਨਿਓਸਿਸ ਨਾਂ ਦੀ ਬਿਮਾਰੀ ਨਾਲ ਪੀੜਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੇ ਲਈ, ਮਜ਼ਦੂਰਾਂ ਨੇ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ।

ਅਮਰੀਕਾ ਵਿੱਚ ਦਹਾਕਿਆਂ ਦੇ ਸੰਗਠਿਤ ਅਤੇ ਅਡਿੱਗ ਸੰਘਰਸ਼ ਦੇ ਚੱਲਦਿਆਂ ਖਾਨ ਮਜ਼ਦੂਰ ਖਾਨਾਂ ਦੇ ਅੰਦਰ ਸੁਰੱਖਿਆ ਨੂੰ ਬਿਹਤਰ ਬਨਾਉਣ ਅਤੇ ਤਨਖ਼ਾਹ ਵਿੱਚ ਵਾਧੇ ਅਤੇ ਕਈ ਹੋਰ ਸਹੂਲਤਾਂ ਹਾਸਲ ਕਰਨ ਵਿੱਚ ਕਾਮਯਾਬ ਰਹੇ। 1902 ਵਿੱਚ ਪੈਨੇਸਲਵੇਨੀਆ ਦੇ ਖਾਨ ਮਜ਼ਦੂਰਾਂ ਦੀ ਪੰਜ ਮਹੀਨੇ ਲੰਬੀ ਹੜਤਾਲ਼, 1930 ਦੇ ਦਹਾਕੇ ਵਿੱਚ ਕੇਨਟਕੀ ਵਿੱਚ ਮਜ਼ਦੂਰਾਂ ਦੀ ਬਾਰ-ਬਾਰ ਹੜਤਾਲ਼, 1946 ਵਿੱਚ ਨੌਂ ਮਹੀਨੇ ਦੀ ਦੇਸ਼-ਵਿਆਪੀ ਹੜਤਾਲ਼ ਅਤੇ 1972 ਵਿੱਚ ਕੇਨਟਕੀ ਵਿੱਚ 13 ਮਹੀਨਿਆਂ ਦੀ ਹੜਤਾਲ਼ – ਇਹ ਸਭ ਅਮਰੀਕੀ ਮਜ਼ਦੂਰਾਂ ਦੀਆਂ ਕੁਛ ਪ੍ਰਮੁੱਖ ਹੜਤਾਲ਼ਾਂ ਰਹੀਆਂ ਹਨ।

ਕਨੇਡਾ ਵਿੱਚ 1917 ਵਿੱਚ ਸਥਾਪਤ ਅਮਾਲਗਮੇਟੇਡ ਮਾਈਨ ਵਰਕਰਸ ਆਫ ਨੋਵਾਸਕਾਸ਼ਿਆ ਦੇ ਖਾਨ ਮਜ਼ਦੂਰਾਂ ਨੇ ਵੋਟਰਾਂ ਨੂੰ ਲਾਮਵੰਦ ਕੀਤਾ ਅਤੇ ਟਾਊਨ ਕੌਂਸਲ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਖਾਣ ਮਜ਼ਦੂਰਾਂ ਨੇ ਕੋਇਲਾ ਕੰਪਣੀਆਂ ਵਲੋਂ ਕੰਪਣੀ ਦੀ ਪੁਲਿਸ ਅਤੇ ਟੈਕਸਾਂ ਦੀ ਸਮੀਖਿਆ ਨੂੰ ਚੁਣੌਤੀ ਦਿੱਤੀ। ਆਪਣੇ ਸੰਘਰਸ਼ ਦੀ ਵਜ੍ਹਾ ਨਾਲ ਉਹ ਅੱਜ ਆਪਣੀ ਯੂਨੀਅਨ ਦੇ ਲਈ ਮਾਨਤਾ, ਤਨਖ਼ਾਹ ਵਿੱਚ ਵਾਧਾ ਅਤੇ ਅੱਠ ਘੰਟੇ ਦੀ ਕੰਮ ਦਿਹਾੜੀ, ਇਹ ਸਭ ਹਾਸਲ ਕਰਨ ਵਿੱਚ ਕਾਮਯਾਬ ਰਹੇ।

1889, 1905 ਅਤੇ 1912 ਵਿੱਚ ਜਰਮਨੀ ਦੇ ਕੋਇਲਾ ਖਾਨ ਮਜ਼ਦੂਰਾਂ ਦੀ ਹੜਤਾਲ਼, 1949 ਵਿੱਚ ਆਸਟ੍ਰੇਲੀਆਈ ਕੋਇਲਾ ਖਾਣ ਮਜ਼ਦੂਰਾਂ ਦੀ ਹੜਤਾਲ਼ ਅਤੇ 1962-63 ਵਿੱਚ ਜਪਾਨ ਦੇ ਕੋਇਲਾ ਖਾਨ ਮਜ਼ਦੂਰਾਂ ਦੀ ਹੜਤਾਲ਼ – ਇਹ ਸਾਰੀਆਂ ਇਤਿਹਾਸਕ ਹੜਤਾਲਾਂ ਸਨ, ਜਿੱਥੇ ਇਹਨਾਂ ਮਜ਼ਦੂਰਾਂ ਨੂੰ ਆਪਣੇ ਦੇਸ਼ ਦੇ ਸਰਮਾਏਦਾਰ ਰਾਜਾਂ ਵਲੋਂ ਬਰਬਰ ਦਮਨ ਦਾ ਸਾਹਮਣਾ ਕਰਨਾ ਪਿਆ ਸੀ।

ਹਿੰਦੋਸਤਾਨ ਵਿੱਚ ਕੋਇਲਾ ਮਜ਼ਦੂਰਾਂ ਦੀ ਪਹਿਲੀ ਯੂਨੀਅਨ ਇੰਡੀਅਨ ਕੋਲਿਅਰੀ ਵਰਕਸ ਅਸੋਸੀਏਸ਼ਨ ਦਾ ਗਠਨ 1920 ਵਿੱਚ ਹੋਇਆ ਸੀ। ਸਾਲ 1921 ਵਿੱਚ ਝਰੀਆ ਕੋਇਲਾ ਇਲਾਕੇ ਵਿੱਚ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏ.ਆਈ.ਟੀ.ਯੂ.ਸੀ.) ਦੀ ਦੂਜੀ ਕਾਂਗਰਸ ਕੀਤੀ ਗਈ, ਜਿਸ ਵਿੱਚ 50,000 ਤੋਂ ਜ਼ਿਆਦਾ ਕੋਇਲਾ ਮਜ਼ਦੂਰਾਂ ਨੇ ਹਿੱਸਾ ਲਿਆ ਸੀ। ਉਸ ਸਮੇਂ ਮਜ਼ਦੂਰਾਂ ਨੇ ਇੱਕ ਸਫ਼ਲ ਹੜਤਾਲ਼ ਕਰਕੇ ਜਿੱਤ ਹਾਸਲ ਕੀਤੀ ਸੀ। ਕੋਇਲਾ ਮਜ਼ਦੂਰਾਂ ਨੇ ਸੋਵੀਅਤ ਯੂਨੀਅਨ ਦੇ ਮਜ਼ਦੂਰਾਂ ਦੇ ਨਾਂ ਸੰਦੇਸ਼ ਭੇਜਿਆ, ਜੋ ਸਾਮਰਾਜਵਾਦੀ ਘੇਰਾਬੰਦੀ ਦੇ ਮਹੌਲ ਵਿੱਚ ਆਪਣੇ ਦੇਸ਼ ਵਿੱਚ ਇੱਕ ਸਮਾਜਵਾਦੀ ਸਮਾਜ ਦਾ ਨਿਰਮਾਣ ਕਰ ਰਹੇ ਸਨ।

1935 ਦੇ ਸਤੰਬਰ ਦੇ ਮਹੀਨੇ ਵਿੱਚ, ਸੋਵੀਅਤ ਯੂਨੀਅਨ ਵਿੱਚ ਇੱਕ ਨੌਜਵਾਨ ਕੋਇਲਾ ਮਜ਼ਦੂਰ ਸਲਾਖਾਨੋਵ ਨੇ ਦਿਨ ਦੀ ਇੱਕ ਹੀ ਸ਼ਿਫਟ ਵਿੱਚ 227 ਟਨ ਕੋਇਲਾ ਖਾਨ ਵਿੱਚੋਂ ਕੱਢਕੇ ਇੱਕ ਨਵਾਂ ਰਿਕਾਰਡ ਸਥਾਪਤ ਕੀਤਾ ਸੀ। ਉਸਦਾ ਇਹ ਰਿਕਾਰਡ ਉਤਪਾਦਨ ਦਾ ਇੱਕ ਨਮੂਨਾ ਬਣ ਗਿਆ ਅਤੇ ਉਸ ਦੇ ਨਾਂ ‘ਤੇ ਸਲਾਖਾਨੋਵਵਾਦੀ ਅੰਦੋਲਨ ਪੈਦਾ ਹੋਇਆ, ਜਿੱਥੇ ਪੈਦਾਵਾਰ ਦੇ ਲਕਸ਼ ਨੂੰ ਪਾਰ ਕਰਨ ਵਾਲੇ ਮਜ਼ਦੂਰਾਂ ਨੂੰ ਸੋਵੀਅਤ ਰਾਜ ਵਲੋਂ ਸਨਮਾਨਿਤ ਕੀਤਾ ਜਾਣ ਲੱਗਿਆ। 1935 ਵਿੱਚ ਸਤਾਖਾਨੋਵ ਨੂੰ ਖਾਨਾਂ ਦਾ ਨਿਗਰਾਨ ਬਣਾਇਆ ਗਿਆ। ਉਸਦੇ ਦੇਸ਼ ਵਿੱਚ ਫ਼ੈਸਲੇ ਲੈਣ ਵਾਲੇ ਸਭ ਤੋਂ ਉੱਚੇ ਅਦਾਰੇ ਸੁਪਰੀਮ ਸੋਵੀਅਤ ‘ਤੇ ਚੋਣ ਕੀਤੀ ਗਈ।

ਸਾਰਾਂਸ਼ ਵਿੱਚ, ਸਭਨਾਂ ਦੇਸ਼ਾਂ ਦੇ ਕੋਇਲਾ ਮਜ਼ਦੂਰਾਂ ਨੇ ਆਪਣੀ ਜਾਨ ਨੂੰ ਜ਼ੋਖਿਮ ਵਿੱਚ ਪਾ ਕੇ ਆਪਣੇ ਦੇਸ਼ ਦੇ ਉਦਯੋਗੀਕਰਣ ਵਿੱਚ ਅਨਮੋਲ ਹਿੱਸਾ ਪਾਇਆ ਹੈ। ਉਹਨਾਂ ਨੇ ਮਜ਼ਦੂਰ ਵਰਗ ਦੇ ਅਧਿਕਾਰਾਂ ਅਤੇ ਇੱਜ਼ਤ ਦੀ ਰਾਖੀ ਵਿੱਚ ਅਹਿਮ ਹਿੱਸਾ ਪਾਇਆ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਉਹਨਾਂ ਨੇ ਦੁਨੀਆਂ ਪੱਧਰ ‘ਤੇ ਸਮਾਜਵਾਦ ਅਤੇ ਕਮਿਉਨਿਜਮ ਦੇ ਅੰਦੋਲਨ ਵਿੱਚ ਬਹੁ-ਮੁੱਲਾ ਹਿੱਸਾ ਪਾਇਆ ਹੈ।

ਪਿਛਲੇ ਕੁੱਝ ਸਾਲਾਂ ਵਿੱਚ ਯੂਕਰੇਨ, ਕੋਲੰਬੀਆ, ਅਮਰੀਕਾ ਅਤੇ ਕੁੱਝ ਹੋਰ ਦੇਸ਼ਾਂ ਦੇ ਕੋਇਲਾ ਖਾਨ ਮਜ਼ਦੂਰ, ਆਪਣੇ ਦੇਸ਼ ਵਿੱਚ ਖਾਨਾਂ ਨੂੰ ਬੰਦ ਕੀਤੇ ਜਾਣ, ਪੈਦਾਵਾਰ ਵਿੱਚ ਕਟੌਤੀ ਕੀਤੇ ਜਾਣ ਅਤੇ ਰੋਜ਼ਗਾਰ ਖ਼ਤਮ ਕੀਤੇ ਜਾਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਆਪਣੇ ਸੰਘਰਸ਼ਾਂ ਰਾਹੀਂ, ਉਨ੍ਹਾਂ ਨੇ ਆਪਣੇ ਦੇਸ਼ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੇਣ ਲਈ ਮਜ਼ਬੂਰ ਕਰ ਦਿੱਤਾ ਹੈ।

ਸਾਡੇ ਦੇਸ਼ ਦੇ ਕੋਇਲਾ ਮਜ਼ਦੂਰ ਸਰਕਾਰ ਵਲੋਂ ਕੋਇਲਾ ਖੇਤਰ ਨੂੰ ਦੇਸੀ ਅਤੇ ਵਿਦੇਸ਼ੀ ਨਿੱਜੀ ਕੰਪਣੀਆਂ ਦੇ ਲਈ ਖੁਦਾਈ ਅਤੇ ਵੰਡ ਦੇ ਲਈ ਖੋਲ੍ਹੇ ਜਾਣ ਦੇ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰ ਰਹੇ ਹਨ। ਇਹ ਮਜ਼ਦੂਰ ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਇਹਨਾਂ ਕੰਪਣੀਆਂ ਵਲੋਂ ਲੁੱਟੇ ਜਾਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਕੰਪਣੀਆਂ ਦੇ ਲਈ ਮੁਨਾਫ਼ਾ ਹੀ ਸਭ ਕੁੱਝ ਹੈ ਅਤੇ ਜਿਨ੍ਹਾਂ ਦਾ ਮਜ਼ਦੂਰਾਂ ਦੀ ਸੁਰੱਖਿਆ ਅਤੇ ਵਾਤਾਵਰਣ ਨੂੰ ਬਰਬਾਦੀ ਤੋਂ ਬਚਾਉਣ ਨਾਲ ਕੋਈ ਸਰੋਕਾਰ ਨਹੀਂ ਹੈ।

ਦੁਨੀਆਂ ਦੇ ਸਭ ਤੋਂ ਬੜੇ ਕੋਇਲਾ ਖਾਨ ਮਜ਼ਦੂਰਾਂ ਦੇ ਦਸਤੇ ਬਤੌਰ ਆਪਣੇ ਅਧਿਕਾਰਾਂ ਦੀ ਰਾਖੀ ਵਿੱਚ ਹਿੰਦੋਸਤਾਨ ਦੇ ਮਜ਼ਦੂਰਾਂ ਦੇ ਸੰਘਰਸ਼ ਦਾ ਦੁਨੀਆਂ ਭਰ ਦੇ ਕੋਇਲਾ ਮਜ਼ਦੂਰਾਂ ‘ਤੇ ਅਸਰ ਹੋਵੇਗਾ। ਉਨ੍ਹਾਂ ਦੇ ਇਸ ਸੰਘਰਸ਼ ਨੂੰ ਸਾਡੇ ਦੇਸ਼ ਦੇ ਸਾਰੇ ਮਜ਼ਦੂਰਾਂ ਅਤੇ ਸਾਰੇ ਦੇਸ਼ਾ ਦੇ ਮਜ਼ਦੂਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ।

close

Share and Enjoy !

Shares

Leave a Reply

Your email address will not be published.