ਖੇਤੀ ਆਰਡੀਨੈਸਾਂ ਦੇ ਖ਼ਿਲਾਫ਼ ਉਠੇ ਹਰਿਆਣਾ ਦੇ ਕਿਸਾਨ

10 ਸਤੰਬਰ 2020 ਨੂੰ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਹਾਲ ਹੀ ਵਿੱਚ ਪਾਸ ਕੀਤੇ ਖੇਤੀ ਨਾਲ ਸਬੰਧਤ ਤਿੰਨਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਕੁਰੁਕਸ਼ੇਤਰ ਵਿੱਚ “ਕਿਸਾਨ ਬਚਾਓ, ਮੰਡੀ ਬਚਾਓ” ਦੇ ਨਾਅਰੇ ਦੇ ਹੇਠ ਮਹਾਂ-ਰੈਲੀ ਕੀਤੀ।

ਇਸ ਮਹਾਂ-ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਸਮੇਤ ਹਰਿਆਣਾ ਦੇ 17 ਕਿਸਾਨ ਸੰਗਠਨਾਂ ਨੇ ਸਾਂਝੇ ਰੂਪ ਵਿਚ ਸੰਗਠਿਤ ਕੀਤਾ ਸੀ। ਇਸ ਮਹਾਂ-ਰੈਲੀ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵਧ-ਚੜ੍ਹਕੇ ਹਿੱਸਾ ਲਿਆ।

ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਨੇ ਖੇਤੀ ਨਾਲ ਸਬੰਧਤ ਤਿੰਨ ਆਰਡੀਨੈਂਸ – ਖੇਤੀ ਉਪਜਾਂ ਵਪਾਰ ਅਤੇ ਵਣਜ਼ (ਉਤਸ਼ਾਹ ਅਤੇ ਸਹੂਲਤ) ਆਰਡੀਨੈਂਸ-2020, ਮੁੱਲ ਦਾ ਭਰੋਸਾ ਅਤੇ ਖੇਤੀ ਸੇਵਾ ਤੇ ਕਿਸਾਨ (ਆਤਮਨਿਰਭਰਤਾ ਅਤੇ ਸੁਰੱਖਿਆ) ਸਮਝੌਤਾ ਆਰਡੀਨੈਂਸ 2020 ਅਤੇ ਜ਼ਰੂਰੀ ਚੀਜ਼ਾਂ (ਸੋਧ) ਆਰਡੀਨੈਂਸ-2020 ਨੂੰ ਪਾਸ ਕੀਤਾ ਸੀ। ਇਹਨਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪੂਰੇ ਦੇਸ਼ ਵਿੱਚ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ। ਹਰਿਆਣਾ ਦੇ ਕਿਸਾਨਾਂ ਦਾ ਇਹ ਵਿਰੋਧ ਪ੍ਰਦਰਸ਼ਣ ਵੀ ਇਸੇ ਸੰਘਰਸ਼ ਦਾ ਹਿੱਸਾ ਸੀ।

ਇਸ ਮਹਾਂ-ਰੈਲੀ ਵਿੱਚ ਕਿਸਾਨਾਂ ਨੂੰ ਹਿੱਸਾ ਲੈਣ ਤੋਂ ਜ਼ਬਰਨ ਰੋਕਣ ਦੇ ਲਈ ਹਰਿਆਣਾ ਭਰ ਵਿੱਚ ਸਰਕਾਰ ਨੇ ਦਮਨ ਦਾ ਰਸਤਾ ਅਪਣਾਇਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਜ਼ਾਰਾਂ ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਮਹਾਂ-ਰੈਲੀ ‘ਤੇ ਪਬੰਦੀ ਲਾ ਕੇ ਅਤੇ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਤਹਿਤ ਰੋਕ ਲਗਾ ਕੇ ਕੁਰੁਕਸ਼ੇਤਰ, ਪਿੱਪਲੀ ਮੰਡੀ ਅਤੇ ਇਸਦੇ ਇਰਦ-ਗਿਰਦ ਦੇ ਇਲਾਕਿਆਂ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ।

ਇਸਦੇ ਨਾਲ ਹੀ ਪ੍ਰਦੇਸ਼ ਦੇ ਬਾਕੀ ਜ਼ਿਲ੍ਹਿਆਂ ਤੋਂ ਰੋਕਣ ਦੇ ਲਈ ਸਿਰਸਾ, ਹਿਸਾਰ, ਫਤਿਆਬਾਦ ਅਤੇ ਰੋਹਤਕ ਸਮੇਤ ਹੋਰ ਜ਼ਿਲ੍ਹਿਆਂ ਵਿੱਚ “ਨਸ਼ਾ ਅਤੇ ਨਜਾਇਜ਼ ਹਥਿਆਰ ਚੈਕਿੰਗ” ਅਭਿਯਾਨ ਦੇ ਨਾਂ ‘ਤੇ ਸਪੈਸ਼ਲ ਨਾਕੇਬੰਦੀਆਂ ਕੀਤੀਆਂ ਗਈਆਂ।

ਅੰਦੋਲਿਤ ਕਿਸਾਨਾਂ ਨੂੰ ਮਹਾਂ-ਰੈਲੀ ਦੀ ਥਾਂ ‘ਤੇ ਪਹੁੰਚਣ ਤੋਂ ਰੋਕਣ ਲਈ, ਪੁਲਿਸ ਨੇ ਉਹਨਾਂ ਦੀਆਂ ਬੱਸਾਂ ਅਤੇ ਟਰੱਕਾਂ ਨੂੰ ਰੋਕ ਦਿੱਤਾ। ਗੁੱਸਾਏ ਕਿਸਾਨਾਂ ਨੇ ਕਿਤੇ ਕਿਤੇ ਤਾਂ ਪੁਲਿਸ ਥਾਣਿਆਂ ਅਤੇ ਟੋਲ ਨਾਕਿਆਂ ਦੇ ਮੁਹਰੇ ਹੀ ਧਰਨਾ ਦਿੱਤਾ।

ਕਿਸਾਨ ਬੱਸਾਂ ਰਾਹੀਂ ਕੁਰੁਕਸ਼ੇਤਰ ਜਾਣ ਦੇ ਲਈ ਜਿਉਂ ਹੀ ਨਿਕਲੇ, ਘੇਰਾ ਬੰਦੀ ਕਰਕੇ ਉਹਨਾਂ ਨੂੰ ਮੌਕੇ ‘ਤੇ ਹੀ ਜ਼ਬਰਨ ਰੋਕ ਲਿਆ ਗਿਆ। ਸਿਰਸਾ ਤੋਂ ਕਿਸਾਨਾਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਨੂੰ ਜ਼ਬਰਨ ਰੋਕ ਦਿੱਤਾ ਗਿਆ। ਕਿਸਾਨਾਂ ਨੇ ਬੱਸਾਂ ਤੋਂ ਉਤਰ ਕੇ ਡੱਬਵਾਲੀ ਇਲਾਕੇ ਵਿੱਚ ਖੂਈਆਂ ਟੋਲ ਟੈਕਸ ਦੇ ਕੋਲ ਧਰਨਾ ਦੇ ਕੇ ਪ੍ਰਦਰਸ਼ਣ ਕੀਤਾ। ਕਿਸਾਨਾਂ ਦੇ ਹੱਕ ਵਿੱਚ ਸਿਰਸਾ ਅਨਾਜ਼ ਮੰਡੀ ਦੇ ਮਜ਼ਦੂਰਾਂ ਅਤੇ ਆੜ੍ਹਤੀਆਂ ਨੇ ਹੜਤਾਲ਼ ਕੀਤੀ। ਕੁਰੁਕਸ਼ੇਤਰ ਜਾਣ ਦੇ ਲਈ ਨਿਕਲਦਿਆਂ ਹੀ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹਨਾਂ ਨੇ ਪੁਲਿਸ ਥਾਣੇ ਦੇ ਅੰਦਰ ਹੀ ਪ੍ਰਦਰਸ਼ਣ ਸ਼ੁਰੂ ਕਰ ਦਿੱਤਾ।

ਫਤਿਆਬਾਦ ਅਨਾਜ਼ ਮੰਡੀ ਤੋਂ ਨਿਕਲੇ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਵਰਕਰਾਂ ਨੂੰ ਉਹਨਾਂ ਦੀਆਂ ਗੱਡੀਆਂ ਸਮੇਤ ਰੋਕ ਦਿੱਤਾ ਗਿਆ।

ਰੋਹਤਕ ਅਨਾਜ਼ ਮੰਡੀ ਤੋਂ ਕਿਸਾਨਾਂ, ਆੜ੍ਹਤੀਆਂ ਅਤੇ ਮੁਨੀਮਾਂ ਨੂੰ ਲੈ ਕੇ ਆਈਆਂ ਲੱਗਭਗ 25 ਗੱਡੀਆਂ ਨੂੰ ਰੈਲੀ ਤੋਂ ਦੋ ਕਿਲੋ ਮੀਟਰ ਦੂਰ ਰੋਕ ਦਿੱਤਾ ਗਿਆ। ਇਹ ਦੋ ਕਿਲੋਮੀਟਰ ਪੈਦਲ ਚੱਲ ਕੇ ਰੈਲੀ ਵਿੱਚ ਸ਼ਾਮਲ ਹੋਏ।

ਕਿਸਾਨ ਨੇਤਾਵਾਂ ਦੇ ਘਰਾਂ ਅਤੇ ਦਫ਼ਤਰਾਂ ‘ਤੇ ਛਾਪਾ ਮਾਰ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਿਤੇ ਕਿਤੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ।

ਕੇਂਦਰ ਅਤੇ ਰਾਜ ਸਰਕਾਰ ਦੇ ਇਸ ਦਮਨਕਾਰੀ ਰੁੱਖ ਦੇ ਬਾਵਜੂਦ “ਕਿਸਾਨ ਬਚਾਓ, ਮੰਡੀ ਬਚਾਓ” ਮਹਾਂ ਰੈਲੀ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਿੱਪਲੀ ਅਨਾਜ਼ ਮੰਡੀ ਵਿੱਚ ਪਹੁੰਚੇ। ਕੁਰਕੁਸ਼ੇਤਰ ਸ਼ਹਿਰ ਵਿੱਚ ਦਿਆਲਪੁਰ ਚੌਂਕ ‘ਤੇ ਲਗਾਏ ਗਏ ਪੁਲਿਸ ਬੈਰੀਅਰ ਨੂੰ ਹਟਾ ਕੇ ਟ੍ਰੈਕਟਰ ਅਤੇ ਹੋਰ ਗੱਡੀਆਂ ‘ਤੇ ਸਵਾਰ ਕਿਸਾਨ ਪਿੱਪਲੀ ਚੌਕ ਦੇ ਵੱਲ ਨੂੰ ਵਧੇ। ਪੁਲਿਸ ਨੇ ਉਥੇ ਲਾਠੀਚਾਰਜ਼ ਕੀਤਾ। ਕਈ ਕਿਸਾਨ ਜ਼ਖਮੀ ਹੋ ਗਏ। ਪ੍ਰੰਤੂ ਕਿਸਾਨ ਰੈਲੀ ਵਾਲੀ ਥਾਂ ‘ਤੇ ਜਾਣ ਦੀ ਗੱਲ ਉਤੇ ਅੜੇ ਰਹੇ ਅਤੇ ਹਜ਼ਾਰਾਂ ਦੀ ਗ਼ਿਣਤੀ ਵਿੱਚ ਰੈਲੀ ਵਿੱਚ ਸ਼ਾਮਲ ਹੋਏ।

ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਤਿੰਨਾਂ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਬਿਨਾਂ ਉਹਨਾਂ ਨੇ ਮੰਗ ਕੀਤੀ ਕਿ ਸੰਸਦ ਵਿੱਚ ਐਮ.ਐਸ.ਪੀ. ਗਰੰਟੀ ਕਾਨੂੰਨ ਪਾਸ ਕੀਤਾ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਲਾਗਤ ਦਾ ਘੱਟੋ-ਘੱਟ ਡੇਢ-ਗੁਣਾ ਹੋਵੇ। ਉਹਨਾਂ ਨੇ ਮੰਗ ਕੀਤੀ ਕਿ ਘੱਟੋ-ਘੱਟ ਸਮਰਥਨ ਮੁੱਲ ਨਾ ਦੇਣਾ ਇੱਕ ਸਜ਼ਾ ਯੋਗ ਅਪਰਾਧ ਘੋਸ਼ਿਤ ਕੀਤਾ ਜਾਵੇ ਅਤੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ। ਉਹਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਆੜ੍ਹਤੀਆਂ ਦੇ ਰਾਹੀਂ ਹੀ ਅਦਾਇਗੀ ਹੋਵੇ, ਜਿਵੇਂ ਕਿ ਹੁਣ ਤੱਕ ਹੁੰਦਾ ਰਿਹਾ ਹੈ, ਤਾਂ ਕਿ ਬੈਂਕ ਕਰਜ਼ਾ ਵਸੂਲੀ ਦੇ ਨਾਂ ‘ਤੇ ਕਿਸਾਨਾਂ ਨੂੰ ਨਾ ਲੁੱਟ ਸਕੇ।

ਭਾਰਤੀ ਕਿਸਾਨ ਯੂਨੀਅਨ ਅਤੇ ਦੂਸਰੇ ਸਹਿਯੋਗੀ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਉਹ 13 ਸਤੰਬਰ ਨੂੰ ਗੋਸ਼ਟੀ ਕਰਕੇ ਅਗਲਾ ਪ੍ਰੋਗਰਾਮ ਤੈਅ ਕਰਨਗੇ। ਉਹਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਇਹਨਾਂ ਮੰਗਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ 20 ਸਤੰਬਰ ਨੂੰ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ।

Share and Enjoy !

Shares

Leave a Reply

Your email address will not be published. Required fields are marked *