ਸੰਸਾਰ ਵਿੱਚ ਯੁੱਧ ਅਤੇ ਟਕਰਾਅ ਦਾ ਸਰੋਤ ਸਾਮਰਾਜਵਾਦ ਸੀ ਅਤੇ ਅੱਜ ਵੀ ਹੈ
75 ਸਾਲ ਪਹਿਲਾਂ, 2 ਸਤੰਬਰ 1945 ਨੂੰ ਦੂਸਰਾ ਵਿਸ਼ਵ ਯੁੱਧ ਸਮਾਪਤ ਹੋਇਆ, ਜਦੋਂ ਜਪਾਨ ਨੇ ਮਿੱਤਰ ਦੇਸ਼ਾਂ (ਅਲਾਈਡ ਫ਼ੋਰਸਿਜ) ਦੀਆਂ ਫੌਜਾਂ ਦੇ ਸਾਹਮਣੇ ਆਤਮ-ਸਮਰਪਣ ਦੇ ਸਮਝੌਤੇ ‘ਤੇ ਦਸਤਖ਼ਤ ਕੀਤੇ। ਯੂਰੋਪ, ਏਸ਼ੀਆ, ਉੱਤਰੀ ਅਮਰੀਕਾ ਅਤੇ ਹੋਰ ਮਹਾਂਦੀਪ ਦੇ ਦੇਸ਼ਾਂ ਦੇ ਕਰੋੜਾਂ ਲੋਕਾਂ ਨੇ, ਫ਼ਾਸ਼ੀਵਾਦ ਅਤੇ ਫੌਜੀਵਾਦ ਨੂੰ ਹਰਾਉਣ ਦੇ ਲਈ ਇਸ ਮਹਾਨ ਸੰਘਰਸ਼ ਵਿੱਚ ਆਪਣੇ ਜੀਵਨ ਦੀ ਬਲੀ ਦਿੱਤੀ। ਨਾਜ਼ੀ ਜਰਮਨੀ, ਫ਼ਾਸ਼ੀਵਾਦੀ ਇਟਲੀ ਅਤੇ ਫੌਜਵਾਦੀ ਜਪਾਨ ਨੂੰ ਹਰਾਉਣ ਦੇ ਇਸ ਸੰਘਰਸ ਵਿੱਚ, ਸੋਵੀਅਤ ਸੰਘ ਨੇ ਇੱਕ ਨਿਰਣਾਇਕ ਭੂਮਿਕਾ ਨਿਭਾਈ।
ਦੂਸਰੇ ਵਿਸ਼ਵ ਯੁੱਧ ਦੇ ਖ਼ਾਤਮੇ ਦੇ ਤੁਰੰਤ ਬਾਦ, ਐਂਗਲੋ-ਅਮਰੀਕੀ ਸਾਮਰਾਜਵਾਦੀਆਂ ਨੇ ਜਾਣ-ਬੁੱਝਕੇ ਉਹਨਾਂ ਕਾਰਨਾਂ ਨੂੰ ਤੋੜ-ਮ੍ਰੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੀ ਵਜ੍ਹਾ ਨਾਲ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ। ਉਹਨਾਂ ਨੇ ਸੋਵੀਅਤ ਸੰਘ ਦੇ ਖ਼ਿਲਾਫ਼ ਨਾਜ਼ੀ ਜਰਮਨੀ ਨੂੰ ਪ੍ਰੋਤਸਾਹਤ ਕਰਨ ਅਤੇ ਉਸ ਨੂੰ ਉਕਸਾਉਣ ਵਿੱਚ, ਅਮਰੀਕਾ ਅਤੇ ਬਰਤਾਨੀਆਂ ਦੀ ਭੂਮਿਕਾ ਨੂੰ ਛਿਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਜਰਮਨੀ, ਇਟਲੀ ਅਤੇ ਜਪਾਨ ਦੀਆਂ ਫੌਜਾਂ ਦੇ ਬੂਟਾਂ ਹੇਠਾਂ ਕੁਚਲੇ ਜਾ ਰਹੇ ਲੋਕਾਂ ਅਤੇ ਦੇਸ਼ਾਂ ਨੂੰ ਅਜ਼ਾਦ ਕਰਾਉਣ ਵਿੱਚ, ਸੋਵੀਅਤ ਸੰਘ ਅਤੇ ਉਹਨਾਂ ਦੇ ਲੋਕਾਂ ਦੀ ਬਹਾਦੁਰੀ-ਭਰੀ ਭੂਮਿਕਾ ਨੂੰ ਦੁਨੀਆਂ ਦੇ ਲੋਕਾਂ ਦੇ ਦਿੱਲਾਂ ਵਿੱਚੋਂ ਮਿਟਾਉਣ ਦੀ ਕੋਸ਼ਿਸ਼ ਕਰਦਿਆਂ, ਉਹਨਾਂ ਨੇ ਇਤਿਹਾਸ ਨੂੰ ਝੁਠਲਾਉਣਾ ਸ਼ੁਰੂ ਕਰ ਦਿੱਤਾ।
ਇਸ ਤਰ੍ਹਾਂ ਨਾਲ ਇਤਿਹਾਸ ਨੂੰ ਝੁਠਲਾਉਣਾ ਅਤੇ ਸੋਵੀਅਤ ਸੰਘ ਦੇ ਖ਼ਿਲਾਫ਼ ਲਗਾਤਾਰ ਝੂਠਾ ਪਰਚਾਰ ਕਰਨਾ ਅੱਜ ਤੱਕ ਜਾਰੀ ਹੈ। ਐਂਗਲੋ-ਅਮਰੀਕੀ ਸਾਮਰਾਜਵਾਦੀਏ, ਸੋਵੀਅਤ ਸੰਘ ਉੱਤੇ ਨਾਜ਼ੀ ਜਰਮਨੀ ਦੇ ਨਾਲ ਸਾਂਠ-ਗਾਂਠ ਕਰਨ ਅਤੇ ਦੂਸਰੇ ਵਿਸ਼ਵ ਯੁੱਧ ਦੇ ਲਈ ਜਿੰਮੇਵਾਰ ਹੋਣ ਦਾ ਝੂਠਾ ਇਲਜ਼ਾਮ ਲਗਾਉਂਦੇ ਰਹਿੰਦੇ ਹਨ।
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਵਲੋਂ, ਆਪਣੇ ਪਾਠਕਾਂ ਨੂੰ ਦੂਜੇ ਵਿਸ਼ਵ ਯੁੱਧ ਦੇ ਕਾਰਨਾਂ ਦੇ ਬਾਰੇ ਵਿੱਚ ਅਤੇ ਲੋਕਾਂ ਨੂੰ ਇਸ ਤੋਂ ਕੀ ਸਬਕ ਲੈਣਾ ਚਾਹੀਦਾ ਹੈ, ਇਸ ਦੇ ਬਾਰੇ ਵਿੱਚ ਸਿੱਖਿਅਤ ਕਰਨ ਦੇ ਲਈ 6 ਭਾਗਾਂ ਦੀ ਇੱਕ ਲੜੀ ਪ੍ਰਕਾਸ਼ਤ ਕੀਤੀ ਜਾ ਰਹੀ ਹੈ।
ਭਾਗ 1- ਇਤਿਹਾਸ ਦੇ ਸਬਕ
ਸਾਨੂੰ ਇਤਿਹਾਸ ਤੋਂ ਠੀਕ ਸਬਕ ਸਿੱਖਣ ਦੀ ਲੋੜ ਹੈ ਤਾਂ ਕਿ ਮਨੁੱਖੀ ਜਾਤ ਯੁੱਧ ਦੇ ਦਾਗਾਂ ਨੂੰ ਅਤੇ ਲੋਕਾਂ ਦੀ ਲੁੱਟ ਅਤੇ ਕਤਲੇਆਮ ਨੂੰ ਹਮੇਸ਼ਾ ਦੇ ਲਈ ਖ਼ਤਮ ਕਰ ਸਕੇ।
ਦੂਜ਼ੇ ਵਿਸ਼ਵ ਯੁੱਧ ਦੇ ਖ਼ਾਤਮੇ ਦਾ ਇਹ 75ਵਾਂ ਸਾਲ ਹੈ। 2 ਸਤੰਬਰ ਨੂੰ ਜਪਾਨ ਨੇ ਮਿੱਤਰ ਦੇਸ਼ਾਂ ਦੀ ਫ਼ੌਜ਼ ਦੇ ਨਾਲ ਉਪਚਾਰਕ ਆਤਮਸਮਰਪਣ ਸਮਝੌਤੇ ਤੇ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ, 9 ਮਈ 1945 ਨੂੰ ਨਾਜ਼ੀ ਜਰਮਨੀ ਨੇ ਮਿੱਤਰ ਦੇਸ਼ਾਂ ਦੀ ਤਾਕਤ ਦੀਆਂ ਫੌਜਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ।
ਦੂਸਰਾ ਵਿਸ਼ਵ ਯੁੱਧ 1939 ਤੋਂ 1945 ਤਕ, ਯੂਰੋਪ ਅਤੇ ਉੱਤਰੀ ਅਫ਼ਰੀਕਾ ਵਿੱਚ ਚੱਲਿਆ।
ਹਾਲਾਂ ਕਿ ਏਸ਼ੀਆ ਵਿੱਚ ਯੁੱਧ ਦੋ ਸਾਲ ਪਹਿਲਾਂ, 1937 ਵਿੱਚ ਸ਼ੁਰੂ ਹੋ ਚੁੱਕਾ ਸੀ, ਜਦੋਂ ਜਪਾਨ ਨੇ ਚੀਨ ‘ਤੇ ਹਮਲਾ ਕੀਤਾ। ਦੂਜਾ ਵਿਸ਼ਵ ਯੁੱਧ, ਉਸ ਸਮੇਂ ਤਕ ਦੇ ਮਨੁੱਖੀ ਇਤਿਹਾਸ ਦੀ ਸਭ ਤੋਂ ਤਬਾਹੀਜਨਕ ਘਟਨਾ ਸੀ। ਇਸ ਵਿੱਚ 12 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗਵਾਈ, ਜਿਸ ਵਿੱਚ ਕੇਵਲ ਸੋਵੀਅਤ ਸੰਘ ਅਤੇ ਚੀਨ ਵਿੱਚ ਹੀ ਲੱਗਭਗ 6 ਕਰੋੜ ਲੋਕ ਮਾਰੇ ਗਏ। ਯੁੱਧ ਵਿੱਚ ਲੱਗਭਗ 8,70,000 ਹਿੰਦੋਸਤਾਨੀ ਸਿਪਾਹੀ ਮਾਰੇ ਗਏ।
ਦੂਜੇ ਵਿਸ਼ਵ ਯੁੱਧ ਨੂੰ, ਹਮਲਾਵਰ ਰਾਜਾਂ ਵਲੋਂ ਨਿਰਦੋਸ਼ ਲੋਕਾਂ ‘ਤੇ ਕੀਤੇ ਗਏ ਖ਼ੂੰਖ਼ਾਰ ਅੱਤਿਆਚਾਰਾਂ ਦੇ ਸਭ ਹੱਦਾਂ-ਬੰਨ੍ਹੇ ਟੱਪ ਜਾਣ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹਨਾਂ ਅੱਤਿਆਚਾਰਾਂ ਵਿੱਚ, ਨਾਜ਼ੀ ਜਰਮਨੀ ਵਲੋਂ ਚੰਡਾਲ ਕੈਂਪਾਂ ਵਿੱਚ ਯਹੂਦੀਆਂ ਅਤੇ ਵੱਖੋ-ਵੱਖ ਜਾਤਾਂ ਜਾਂ ਰਾਸ਼ਟਰ ਸਮੂਹਾਂ ਨੂੰ ਨਸਲਵਾਦੀ ਅਧਾਰ ‘ਤੇ ਨਿਸ਼ਾਨਾ ਬਣਾਇਆ ਜਾਣਾ ਅਤੇ ਉਹਨਾਂ ਦੇ ਨਾਲ-ਨਾਲ ਕਮਿਉਨਿਸਟਾਂ, ਮਜ਼ਦੂਰ ਕਾਰਕੁਨਾਂ ਅਤੇ ਹੋਰ ਅਗਾਂਹਵਧੂ ਲੋਕਾਂ ਦਾ ਕਤਲੇਆਮ ਸ਼ਾਮਲ ਹੈ। ਮਾਨਵਤਾ ਦੇ ਖ਼ਿਲਾਫ਼ ਇੰਨੇ ਵੱਡੇ ਪੱਧਰ ‘ਤੇ ਅਯੋਜਤ ਇਹਨਾਂ ਘਿਨਾਉਣੇ ਅਪਰਾਧਾਂ ਵਿੱਚ ਜਪਾਨੀ ਫੌਜ ਦੇ ਅਪਰਾਧ ਵੀ ਸ਼ਾਮਲ ਹਨ। ਜਪਾਨੀ ਫੌਜ ਨੇ, ਮੱਧ ਚੀਨ ਦੇ ਸ਼ਹਿਰ, ਨਾਨਜਿੰਗ ‘ਤੇ ਕਬਜ਼ਾ ਕਰਕੇ ਲੋਕਾਂ ਦਾ ਕਤਲੇਆਮ ਅਤੇ ਬਲਾਤਕਤਰ ਕੀਤਾ, ਜਿਸਨੂੰ, ‘ਰੇਪ ਆਫ ਨਾਨਜਿਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੋਵੀਅਤ ਯੂਨੀਅਨ ਦੇ ਲੈਨਿਨਗ੍ਰਾਡ ਸ਼ਹਿਰ ਉੱਤੇ 872 ਦਿਨਾਂ ਦੀ ਘੇਰਾਬੰਦੀ ਅਤੇ ਬੰਬਾਰੀ, ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਅਮਰੀਕਾ ਵਲੋਂ ਪ੍ਰਮਾਣੂ ਬੰਬਾਂ ਦਾ ਸੁੱਟਿਆ ਜਾਣਾ ਅਤੇ ਇਸ ਤਰ੍ਹਾਂ ਦੇ ਕਈ ਹੋਰ ਅਕਹਿ ਅਪਰਾਧ ਸ਼ਾਮਲ ਹਨ।
ਯੁੱਧ ਦੇ ਅਖ਼ੀਰ ਵਿੱਚ, ਨਾਜ਼ੀ ਜਰਮਨੀ, ਫ਼ਾਸ਼ੀਵਾਦੀ ਇਟਲੀ ਅਤੇ ਫੌਜਸ਼ਾਹੀ ਜਪਾਨ ਦੀ ਹਾਰ ਹੋਈ। ਯੁੱਧ ਨੂੰ ਰੋਕਣ ਅਤੇ ਭਵਿੱਖ ਵਿੱਚ ਲੋਕਾਂ ਦੀ ਅਜ਼ਾਦੀ ਯਕੀਨੀ ਬਨਾਉਣ ਦੇ ਯਤਨਾਂ ਦੇ ਸਾਧਨ ਦੇ ਰੂਪ ਵਿੱਚ ਸੰਯੁਕਤ ਰਾਸ਼ਟਰ ਦਾ ਗਠਨ ਹੋਇਆ। ਮਨੁੱਖੀ ਅਧਿਕਾਰਾਂ ਦੀ ਸਰਵਵਿਆਪਕ ਘੋਸ਼ਣਾ ਪੱਤਰ (ਯੂਨੀਵਰਸਲ ਡਿਕਲੇਰੇਸ਼ਨ ਆਫ ਹਉਮੈਨ ਰਾਈਟਸ) ਜਾਰੀ ਕੀਤਾ ਗਿਆ। ਇਸ ਨਾਲ ਸਮਾਜਵਾਦ ਅਤੇ ਸੋਵੀਅਤ ਸੰਘ ਦੀ ਮਹਾਨਤਾ ਵਿੱਚ ਭਾਰੀ ਵਾਧਾ ਹੋਇਆ, ਜਿਸਨੇ ਨਾਜ਼ੀ ਤਾਕਤਾਂ ਦੇ ਹਮਲਿਆਂ ਨੂੰ ਹਰਾਉਣ ਵਿੱਚ ਆਗੂ ਭੂਮਿਕਾ ਨਿਭਾਈ ਸੀ। ਇਸ ਨਾਲ ਦੁਨੀਆਂਭਰ ਵਿੱਚ ਸਾਮਰਾਜਵਾਦ-ਵਿਰੋਧੀ ਲੋਕਤੰਤਰਕ ਅਤੇ ਸਮਾਜਵਾਦੀ ਤਾਕਤਾਂ ਨੂੰ ਮਜ਼ਬਤੀ ਮਿਲੀ; ਜ਼ਾਹਰਾ ਜਾਂ ਗੁਪਤ ਰੂਪ ਵਿੱਚ ਚੀਨ ਵਿੱਚ ਇਨਕਲਾਬ ਦੀ ਜਿੱਤ, ਹਿੰਦੋਸਤਾਨ ਵਿੱਚੋਂ ਬਸਤੀਵਾਦੀ ਰਾਜ ਦਾ ਖ਼ਾਤਮਾ ਅਤੇ ਵੱਡੀ ਗਿਣਤੀ ਵਿੱਚ ਯੂਰੋਪ ਅਤੇ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਲੋਕ ਜਮਹੂਰੀਅਤਾਂ ਦੀ ਸਥਾਪਨਾ ਦਾ ਸਾਧਨ ਵੀ ਬਣੀ।
ਦੂਸਰੇ ਪਾਸੇ, ਯੁੱਧ ਦੇ ਅਖ਼ੀਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਾਮਰਾਜਵਾਦੀ ਮੁੱਖ ਤਾਕਤ ਦੇ ਰੂਪ ਵਿੱਚ
ਅਮਰੀਕੀ ਸਾਮਰਾਜਵਾਦ ਦੀ ਸਥਾਪਨਾ ਵੀ ਹੋਈ। ਇਹਨਾਂ ਹਾਲਤਾਂ ਵਿੱਚ ਸਮਾਜਵਾਦੀ ਸੋਵੀਅਤ ਸੰਘ ਦੇ ਖ਼ਿਲਾਫ਼, ਅਮਰੀਕਾ ਦੀ ਅਗਵਾਈ ਵਿੱਚ ਇੱਕ ਨਵਾਂ ਯੁੱਧ, ਸੀਤ ਯੁੱਧ ਵੀ ਸ਼ੁਰੂ ਹੋਇਆ। ਸ਼ੀਤ ਯੁੱਧ ਦੇ ਦੌਰਾਨ ਰਾਜਾਂ ਦੇ ਫੌਜੀ ਗੁੱਟ ਉੱਭਰ ਕੇ ਸਾਹਮਣੇ ਆਏ। ਇਸ ਦੇ ਨਾਲ ਹੀ ਤਮਾਮ ਤਰ੍ਹਾ ਦੇ ਹਥਿਆਰਾਂ ਦੇ ਵਿਕਾਸ ਅਤੇ ਭੰਡਾਰ ਵਿੱਚ ਭਾਰੀ ਵਾਧਾ ਹੋਇਆ। ਦੂਸਰੇ ਵਿਸ਼ਵ ਯੁੱਧ ਵਿੱਚ ਵਰਤੇ ਗਏ ਸਾਰੇ ਹਥਿਆਰਾਂ ਦੀ ਤੁਲਨਾ ਵਿੱਚ, ਇਹਨਾਂ ਹਥਿਆਰਾਂ ਵਿੱਚ ਕਈ ਗੁਣਾ ਵੱਧ ਲੋਕਾਂ ਨੂੰ ਮਾਰ ਦੇਣ ਦੀ ਸਮਰੱਥਾ ਸੀ। ਯੁੱਧ ਦੇ ਤੁਰੰਤ ਬਾਦ, ਅਮਰੀਕੀ ਸਾਮਰਾਜਵਾਦ ਨੇ ਕਮਿਉਨਿਜਮ ਦੇ “ਲਾਲ ਖ਼ਤਰੇ” ਦਾ ਮੁਕਾਬਲਾ ਕਰਨ ਦੇ ਨਾਂ ‘ਤੇ ਵੱਖ-ਵੱਖ ਦੇਸ਼ਾਂ ਵਿੱਚ ਅਨੇਕਾਂ ਪ੍ਰਕਾਰ ਦੇ ਦਮਨਕਾਰੀ ਅਤੇ ਪ੍ਰਤੀਕ੍ਰਿਆਵਾਦੀ ਹਾਕਮ ਪੈਦਾ ਕਰਨ ਅਤੇ ਉਹਨਾਂ ਨੂੰ ਸੱਤਾ ਵਿੱਚ ਲਿਆਉਣ ਦੇ ਯਤਨਾਂ ਵਿੱਚ ਹੋਰ ਤੇਜ਼ੀ ਲਿਆਂਦੀ। ਅਮਰੀਕੀ ਸਾਮਰਾਜਵਾਦੀਆਂ ਨੇ ਖੁਦ ਅਮਰੀਕਾ ਦੇ ਅੰਦਰ ਮਜ਼ਦੂਰ ਵਰਗ ਅਤੇ ਹੋਰ ਪ੍ਰਗਤੀਸ਼ੀਲ ਲੋਕਾਂ ਦੇ ਖ਼ਿਲਾਫ਼ ਜ਼ਬਰਦਸਤ ਦਮਨ ਚਲਾਇਆ।
ਅੱਜ ਦੂਸਰੇ ਵਿਸ਼ਵ ਯੁੱਧ ਦੇ ਖ਼ਾਤਮੇ ਦੇ 75 ਸਾਲ ਬਾਦ, ਕੌੜਾ ਸੱਚ ਤਾਂ ਇਹੀ ਹੈ ਕਿ ਦੁਨੀਆਂ ਦੇ ਲੋਕ ਹਾਲੇ ਵੀ ਯੁੱਧ ਦੇ ਕਹਿਰ ਤੋਂ, ਰਾਸ਼ਟਰੀ ਅਤੇ ਸਮਾਜਕ ਲੁੱਟ-ਖਸੁੱਟ ਤੋਂ ਮੁਕਤ ਨਹੀਂ ਹਨ। ਪਿਛਲੇ ਕੁੱਝ ਦਹਾਕਿਆਂ ਦੁਰਾਨ, ਅਨੇਕਾਂ ਪੂਰੇ ਦੇ ਪੂਰੇ ਦੇਸ਼ਾਂ ਨੂੰ ਬੇਰਹਿਮੀ ਨਾਲ ਬਰਬਾਦ ਕੀਤਾ ਗਿਆ ਹੈ। ਕਰੋੜਾਂ ਲੋਕ ਆਪਣੀ ਰਾਸ਼ਟਰੀਅਤਾ, ਜਾਤੀ ਜਾਂ ਧਰਮ ਦੇ ਨਾਂ ‘ਤੇ ਕੀਤੇ ਗਏ ਹਮਲੇ ਅਤੇ ਜਥੇਬੰਦ ਕਤਲੇਆਮ ਦੇ ਸ਼ਿਕਾਰ ਹੋਏ ਹਨ ਅਤੇ ਅਣਗ਼ਿਣਤ ਲੋਕਾਂ ਨੂੰ ਉਹਨਾਂ ਦੇ ਮੂਲ ਮਨੁੱਖੀ ਅਧਿਕਾਰਾਂ ਤੋਂ ਵੀ ਵੰਚਿਤ ਕੀਤਾ ਗਿਆ ਹੈ। ਦੂਸਰੇ ਵਿਸ਼ਵ ਯੁੱਧ ਦੇ ਬਾਦ ਸਾਰਿਆਂ ਦੇ ਲਈ ਇੱਕ ਸ਼ਾਂਤੀਪੂਰਣ ਅਤੇ ਸੁਰੱਖਿਅਤ ਭਵਿੱਖ ਲਈ ਲੋਕਾਂ ਦੀਆਂ ਉਮੀਦਾਂ, ਏਸ ਕਰਕੇ ਪੂਰੀਆਂ ਨਹੀਂ ਹੋਈਆਂ ਹਨ, ਕਿਉਂਕਿ ਸਾਡੇ ਯੁੱਗ ਵਿੱਚ, ਵਿਨਾਸ਼ਕਾਰੀ ਯੁੱਧ ਅਤੇ ਦਮਨ ਦਾ ਮੂਲ ਕਾਰਨ – ਸਾਮਰਾਜਵਾਦ ਅਤੇ ਰਾਜਾਂ ਦੀ ਸਾਮਰਾਜਵਾਦੀ ਵਿਵਸਥਾ ਹੈ, ਜੋ ਹਾਲੇ ਤੱਕ ਕਾਇਮ ਹੈ।
ਦੂਸਰੇ ਵਿਸ਼ਵ ਯੁੱਧ ਦੇ ਖ਼ਾਤਮੇ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ, ਮੁੱਖ ਸਾਮਰਾਜਵਾਦੀ ਸ਼ਕਤੀਆਂ ਅਤੇ ਉਹਨਾਂ ਵਲੋਂ ਸੰਚਾਲਤ ਮੀਡੀਆ, ਇਸ ਮੌਕੇ ਨੂੰ ਯੁੱਧ ਦੇ ਚਰਿੱਤਰ ਅਤੇ ਪਰਣਾਮ ਦੇ ਬਾਰੇ ਵਿੱਚ ਲੋਕਾਂ ਦੇ ਵਿੱਚ ਭਰਮਾਂ ਦੀ ਧੁੰਦ ਫੈਲਾਉਣ ਦੇ ਲਈ ਵਰਤ ਰਹੇ ਹਨ। ਸਾਮਰਾਜੀ ਸ਼ਕਤੀਆਂ, ਯੁੱਧ ਵਿੱਚ ਆਪਣੀ ਖੁਦ ਦੀ ਭੂਮਿਕਾ ਉਤੇ ਲੀਪਾ-ਪੋਚੀ ਕਰਨ ਅਤੇ ਸੋਵੀਅਤ ਸੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦ ਕਿ ਸੋਵੀਅਤ ਸੰਘ ਨੇ ਫ਼ਾਸ਼ੀਵਾਦੀ ਤਾਕਤਾਂ ਨੂੰ ਹਰਾਉਣ ਵਿੱਚ ਇੱਕ ਬਹਾਦੁਰ ਅਤੇ ਆਗੂ ਭੂਮਿਕਾ ਨਿਭਾਈ ਸੀ। ਯੁੱਧ ਨੂੰ ਬੀਤੇ ਹੋਏ ਅਤੀਤ ਦੀ ਕਹਾਣੀ ਦੇ ਰੂਪ ਵਿੱਚ ਪੇਸ਼ ਕਰਦੇ ਹੋਏ, ਸਾਮਰਾਜਵਾਦੀ ਸ਼ਕਤੀਆਂ ਦੇ ਵਿੱਚ ਦੁਨੀਆਂ ਦੀ ਫਿਰ ਤੋਂ ਵੰਡ ਦੇ ਲਈ ਇਸ ਸਮੇਂ ਚੱਲ ਰਹੇ ਤੇਜ਼ ਅੰਤਰ-ਵਿਰੋਧ ਨਾਲ ਪੈਦਾ ਹੋਏ ਇੱਕ ਨਵੇਂ ਵਿਸ਼ਵ ਯੁੱਧ ਦੇ ਖ਼ਤਰੇ ਸਬੰਧੀ, ਉਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਚਾਹੁੰਦੇ ਹਨ।
ਇਸ ਲਈ ਸਾਡੇ ਲਈ ਇਹ ਬਹੁਤ ਮਹੱਤਵਪੂਰਣ ਹੈ ਕਿ ਅਸੀ ਪਹਿਲਾਂ ਤੋਂ ਕਿਤੇ ਜ਼ਿਆਦਾ ਗਹਿਰਾਈ ਨਾਲ ਉਹਨਾਂ ਕਾਰਨਾਂ ਵੱਲ ਧਿਆਨ ਦਈਏ, ਜਿਹਨਾਂ ਨੇ ਦੂਸਰੇ ਵਿਸ਼ਵ ਯੁੱਧ ਨੂੰ ਜਨਮ ਅਤੇ ਨਾਲ ਹੀ ਉਸਤੋਂ ਬਾਦ ਦੇ ਨਤੀਜ਼ਿਆਂ ਨੂੰ ਅੰਜਾਮ ਦਿੱਤਾ ਸੀ। ਸਾਨੂੰ ਬੀਤੇ ਇਤਿਹਾਸ ਤੋਂ ਠੀਕ ਸਬਕ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਸਾਰੇ ਮਿਲਕੇ ਯੁੱਧ ਦੇ ਇਸ ਕਹਿਰ ਅਤੇ ਲੋਕਾਂ ਦੇ ਦਮਨ ਨੂੰ ਹਮੇਸ਼ਾ ਲਈ ਮਿਟਾ ਸਕੀਏ।