ਭਾਗ 2 – ਵੀਹਵੀਂ ਸਦੀ ਵਿੱਚ ਦੋ ਵਿਸ਼ਵ ਯੁੱਧਾਂ ਦੇ ਲਈ ਕੌਣ ਅਤੇ ਕੀ ਜਿੰਮੇਵਾਰ ਸੀ?
ਵੀਹਵੀਂ ਸਦੀ ਵਿੱਚ ਦੋ ਵਿਸ਼ਵ ਯੁੱਧਾਂ ਦੇ ਲਈ, ਦੁਨੀਆਂ ਦੀ ਮੁੜ-ਵੰਡ ਦੇ ਜਰੀਏ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਦਾ ਵਿਸਤਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਸਾਮਰਾਜਵਾਦੀ ਤਾਕਤਾਂ ਜਿੰਮੇਵਾਰ ਸਨ।
20ਵੀਂ ਸਦੀ ਦੇ ਸ਼ੁਰੂ ਤੱਕ, ਪੂੰਜੀਵਾਦ ਆਪਣੇ ਆਖ਼ਰੀ ਅਤੇ ਅੰਤਮ ਚਰਣ ਸਾਮਰਾਜਵਾਦ ਤੱਕ ਪਹੁੰਚ ਚੁੱਕਾ ਸੀ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਰਮਾਏਦਾਰ ਤਾਕਤਾਂ ਨੇ, ਦੁਨੀਆਂ ਦੇ ਸਾਰੇ ਮਹਾਂਦੀਪਾਂ ਨੂੰ ਆਪਣੀਆਂ ਬਸਤੀਆਂ ਜਾਂ ਆਪਣੇ ਅਸਰ ਵਾਲੇ ਇਲਾਕਿਆਂ ‘ਚ ਵੰਡ ਲਿਆ ਸੀ। ਇਸ ਤੋਂ ਅੱਗੇ ਵਿਸਤਾਰ ਕੇਵਲ ਤਾਂ ਹੀ ਸੰਭਵ ਸੀ ਜੇਕਰ ਉਹ ਇੱਕ ਦੂਜੇ ਦੇ ਇਲਾਕਿਆਂ ਨੂੰ ਯੁੱਧ ਦੇ ਜ਼ਰੀਏ ਹਥਿਆ ਲੈਣ। ਸਰਮਾਏਦਾਰ ਰਾਜਾਂ ਦੇ ਅਸਾਵੇਂ ਆਰਥਕ ਅਤੇ ਰਾਜਨੀਤਕ ਵਿਕਾਸ ਦੇ ਨਿਯਮ ਨੇ ਇਹ ਯਕੀਨੀ ਬਣਾਇਆ ਕਿ ਸਰਮਾਏਦਾਰ ਦੇਸ਼ਾਂ ਦੇ ਵਿਚਾਲੇ ਦੁਨੀਆਂ ਦੀ ਮੁੜ-ਵੰਡ ਦੇ ਲਈ ਯੁੱਧ ਜਰੂਰੀ ਰੂਪ ‘ਚ ਹੋਵੇਗਾ। ਪੂੰਜੀਵਾਦ ਆਪਣੇ ਸਰਵਵਿਆਪੀ ਸੰਕਟ ਦੀ ਸੀਮਾ ਵਿੱਚ ਦਾਖਲ ਹੋ ਚੁੱਕਾ ਸੀ।
1914 ਤੋਂ 1919 ਦੇ ਦੌਰਾਨ, ਪਹਿਲਾ ਵਿਸ਼ਵ ਯੁੱਧ ਇੱਕ ਅੰਤਰ-ਸਾਮਰਾਜੀ ਯੁੱਧ ਸੀ। ਇਹ ਬਜ਼ਾਰਾਂ, ਇਲਾਕਿਆਂ, ਸਾਧਨਾਂ ਅਤੇ ਅਸਰ-ਰਸੂਖ ਵਾਲੇ ਇਲਾਕਿਆਂ ਦੇ ਲਈ ਸਾਮਰਾਜਵਾਦੀ ਤਾਕਤਾਂ ਦੇ ਵਿਚਾਲੇ ਸੰਘਰਸ਼ ਤੋਂ ਪੈਦਾ ਹੋਇਆ ਸੀ। ਬਰਤਾਨੀਆਂ ਅਤੇ ਫਰਾਂਸ ਵਰਗੀਆਂ ਪੁਰਾਣੀਆਂ ਸਾਮਰਾਜਵਾਦੀ ਤਾਕਤਾਂ ਨੇ, ਜਰਮਨੀ ਵਰਗੀ ਉਭਰਦੀ ਸਾਮਰਾਜਵਾਦੀ ਤਾਕਤ ਵਲੋਂ ਆਪਣਾ ਪਸਾਰਾ ਕਰਨ ਅਤੇ ਬਸਤੀਆਂ ‘ਤੇ ਕਬਜ਼ਾ ਜਮਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ।
ਯੁੱਧ ਦੀ ਤਿਆਰੀ ਦੇ ਲਈ, ਕਈ ਸਾਲਾਂ ਤੱਕ ਪ੍ਰਸਪਰ-ਵਿਰੋਧੀ ਸਾਮਰਾਜਵਾਦੀ ਤਾਕਤਾਂ ਨੇ ਖੁਦ ਨੂੰ ਲਗਾਤਾਰ ਹਥਿਆਰਬੰਦ ਕੀਤਾ ਅਤੇ ਨਵੇਂ ਗੱਠਜੋੜ ਬਣਾਏ। ਇਸ ਦਾ ਨਤੀਜਾ ਇਹ ਹੋਇਆ ਕਿ ਜਦੋਂ ਯੂਰੋਪ ਵਿੱਚ ਯੁੱਧ ਛਿੜ ਗਿਆ ਤਾਂ ਬਹੁਤ ਸਾਰੇ ਦੇਸ਼ ਅਤੇ ਵੱਖ-ਵੱਖ ਮਹਾਂਦੀਪਾਂ ‘ਤੇ ਉਹਨਾਂ ਦੀਆਂ ਬਸਤੀਆਂ ਉਸ ਵਿੱਚ ਸ਼ਾਮਲ ਹੋ ਗਈਆਂ। ਇੱਕ ਪਾਸੇ ਸਨ ਬਰਤਾਨੀਆ, ਫ੍ਰਾਂਸ, ਰੂਸ, ਇਟਲੀ, ਜਪਾਨ ਅਤੇ ਅਮਰੀਕਾ (ਜੋ ਕੇਵਲ 1917 ਵਿੱਚ ਸ਼ਾਮਲ ਹੋਇਆ ਸੀ), ਤਾਂ ਦੂਜੇ ਪਾਸੇ ਜਰਮਨੀ, ਆਸਟਰੋ-ਹੰਗੇਰੀਅਨ ਸਾਮਰਾਜ ਅਤੇ ਔਟੋਮਨ (ਤੁਰਕੀ) ਸਾਮਰਾਜ ਸਨ।
ਪਹਿਲੇ ਵਿਸ਼ਵ ਯੁੱਧ ਦੇ ਨਤੀਜੇ
ਯੁੱਧ ਵਿੱਚ ਜਰਮਨੀ ਅਤੇ ਉਹਦੇ ਮਿੱਤਰ ਦੇਸ਼ ਹਾਰ ਗਏ। ਯੁੱਧ ਵਿੱਚ ਬੇਹੱਦ ਤਬਾਹੀ ਹੋਈ। ਇਸ ਵਿੱਚ ਲੱਗਭਗ 4 ਕਰੋੜ ਫੌਜੀ ਅਤੇ ਲੋਕ ਮਾਰੇ ਗਏ ਅਤੇ ਘਾਇਲ ਹੋਏ।
ਜੇਤੂ ਸ਼ਕਤੀਆਂ ਨੇ ਜਰਮਨੀ ਉੱਤੇ ਵਾਰਸਾ ਦੀ ਸੰਧੀ ਰਾਹੀਂ ਇੱਕ ਦੰਡਾਤਮਕ ਸਮਝੌਤਾ ਥੋਪ ਦਿੱਤਾ। ਇਸ ਸਮਝੌਤੇ ਅਧੀਨ ਜਰਮਨੀ ਨੂੰ ਨਾ ਕੇਵਲ ਮੁਆਵਜੇ ਦੇ ਰੂਪ ਵਿੱਚ ਭਾਰੀ ਰਕਮ ਦੇਣੀ ਪਈ ਬਲਕਿ ਉਸ ਨੂੰ ਆਪਣੇ ਕੁਛ ਇਲਾਕਿਆਂ ਅਤੇ ਸਾਰੀਆਂ ਬਸਤੀਆਂ ਤੋਂ ਵੀ ਵੰਚਿਤ ਕਰ ਦਿੱਤਾ ਗਿਆ। ਵਾਰਸਾ ਵਿੱਚ ਐਲਾਨ ਕੀਤੇ ਗਏ ਦੇਸ਼ਾਂ ਦੇ ਆਤਮ-ਨਿਰਣੇ ਦੇ ਨਾਅਰੇ ਦੇ ਤਹਿਤ, ਆਸਟ੍ਰੋ-ਹੰਗੇਰੀਅਨ ਅਤੇ ਔਟੋਮਨ ਸਾਮਰਾਜਾਂ ਨੂੰ ਤੋੜ ਕੇ ਛੋਟੇ ਛੋਟੇ ਦੇਸ਼ਾਂ ਦਾ ਗਠਨ ਕੀਤਾ ਗਿਆ। ਲੇਕਿਨ ਆਤਮ-ਨਿਰਣੇ ਦੇ ਇਸ ਸਿਧਾਂਤ ਨੂੰ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਪੱਛਮੀ ਸਾਮਰਾਜਵਾਦੀ ਤਾਕਤਾਂ ਦੀਆਂ ਬਸਤੀਆਂ ਉੱਤੇ ਲਾਗੂ ਨਹੀਂ ਕੀਤਾ ਗਿਆ, ਜੋ ਦਰਅਸਲ ਦੁਨੀਆਂ ਦੇ ਬਹੁ-ਗਿਣਤੀ ਦੇਸ਼ ਸਨ। ਹਾਲਾਂ ਕਿ ਬਰਤਾਨੀਆਂ ਨੇ ਵਿਸ਼ਵ ਯੁੱਧ ਵਿੱਚ, ਹਿੰਦੋਸਤਾਨੀ ਫੌਜਾਂ ਅਤੇ ਸਾਧਨਾਂ ਦਾ ਭਾਰੀ ਮਾਤਰਾ ਵਿਚ ਉਪਯੋਗ ਕੀਤਾ ਸੀ, ਇਸਦੇ ਬਾਵਜੂਦ, ਬਰਤਾਨੀਆਂ ਸਰਕਾਰ ਨੇ ਯੁੱਧ ਤੋਂ ਬਾਦ ਹਿੰਦੋਸਤਾਨੀ ਲੋਕਾਂ ਦੀ ਸਵੈ-ਸਾਸ਼ਨ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ।
ਯੁੱਧ ਵਿੱਚ ਆਪਣੀ ਜਿੱਤ ਦੇ ਬਾਵਜੂਦ, ਬਰਤਾਨੀਆਂ ਅਤੇ ਫ਼ਰਾਂਸ ਵਰਗੀਆਂ ਪੁਰਾਣੀਆਂ ਤਾਕਤਾਂ ਕੰਮਜ਼ੋਰ ਹੋ ਗਈਆਂ ਸਨ। ਅਮਰੀਕੀ ਸਾਮਰਾਜਵਾਦ, ਜਿਸਨੂੰ ਹੋਰਨਾਂ ਦੀ ਤੁਲਨਾ ਵਿੱਚ ਇਸ ਯੁੱਧ ਵਿੱਚ ਬਹੁਤ ਘੱਟ ਨੁਕਸਾਨ ਹੋਇਆ, ਜ਼ਿਆਦਾ ਮਜ਼ਬੂਤ ਤਾਕਤ ਬਣ ਕੇ ਅੱਗੇ ਆਇਆ।
1917 ਵਿੱਚ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੀ ਜਿੱਤ
ਪਹਿਲੇ ਵਿਸ਼ਵ ਯੁੱਧ ਦੇ ਦੁਰਾਨ ਵਿਸ਼ਵ ਇਤਿਹਾਸਕ ਮਹਾਨਤਾ ਵਾਲੀ ਇੱਕ ਘਟਨਾ ਘਟੀ। 7 ਨਵੰਬਰ 1917 ਨੂੰ, ਰੂਸ ਦੇ ਮਜ਼ਦੂਰ ਵਰਗ ਨੇ ਵੀ.ਆਈ. ਲੈਨਿਨ ਦੀ ਅਗਵਾਈ ਵਾਲੀ ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਨਾਲ ਗਠਜੋੜ ਬਣਾ ਕੇ ਲੁਟੇਰੇ ਵਰਗ ਦੇ ਰਾਜ ਨੂੰ ਖ਼ਤਮ ਕਰ ਦਿੱਤਾ ਅਤੇ ਦੁਨੀਆਂ ਦਾ ਪਹਿਲਾ ਸਮਾਜਵਾਦੀ ਰਾਜ ਬਣਾਇਆ। ਜਦਕਿ ਬਰਤਾਨੀਆਂ, ਫਰਾਂਸ, ਜਰਮਨੀ ਅਤੇ ਹੋਰ ਪ੍ਰਮੁੱਖ ਸਰਮਾਏਦਾਰ ਦੇਸ਼ਾਂ ਦੀਆਂ ਸਮਾਜਕ-ਜਨਵਾਦੀ ਅਤੇ ਮਜ਼ਦੂਰ ਪਾਰਟੀਆਂ ਨੇ ਯੁੱਧ ਦੇ ਦੌਰਾਨ, ਆਪਣੇ-ਆਪਣੇ ਦੇਸ਼ ਦੇ ਸਰਮਾਏਦਾਰ ਵਰਗ ਦਾ ਸਾਥ ਦਿੱਤਾ, ਉੱਥੇ ਬਾਲਸ਼ਵਿਕ ਪਾਰਟੀ ਨੇ ਰੂਸ ਦੇ ਸਰਮਾਏਦਾਰ ਵਰਗ ਦੇ ਖ਼ਿਲਾਫ਼ ਇੱਕ ਇਨਕਲਾਬੀ ਘਰੇਲੂ ਯੁੱਧ ਵਿੱਚ ਰੂਸੀ ਮਜ਼ਦੂਰ ਵਰਗ ਦੀ ਅਗਵਾਈ ਕੀਤੀ। ਰੂਸੀ ਮਜ਼ਦੂਰ ਵਰਗ ਨੇ ਲੁਟੇਰਿਆਂ ਦੇ ਇਸ ਸੰਕਟ ਦਾ ਇਸਤੇਮਾਲ, ਪਿਛਾਂਹ-ਖਿਚੂ ਮੋਰਚੇ ਨੂੰ ਤੋੜਨ ਅਤੇ ਇਤਿਹਾਸ ਵਿੱਚ ਸਭ ਤੋਂ ਪਹਿਲਾ ਮਜ਼ਦੂਰ ਇਨਕਲਾਬ ਨੂੰ ਸਫ਼ਲ ਬਨਾਉਣ ਲਈ ਕੀਤਾ।
ਹਰ ਤਰ੍ਹਾਂ ਦੀ ਲੁੱਟ ਅਤੇ ਦਮਨ ਤੋਂ ਮੁਕਤੀ ਦੇ ਲਈ ਮਨੁੱਖ ਜਾਤੀ ਦਾ ਸੰਘਰਸ਼ ਇੱਕ ਨਵੇਂ ਦੌਰ ਵਿੱਚ ਦਾਖਲ ਹੋਇਆ।
ਮਜ਼ਦੂਰ ਵਰਗ ਦੀ ਹਕੂਮਤ ਵਾਲੇ ਇਸ ਨਵੇਂ ਰਾਜ ਨੇ, ਰੂਸ ਨੂੰ ਉਸ ਵਿਸ਼ਵ ਯੁੱਧ ‘ਚੋਂ ਬਾਹਰ ਕੱਢਿਆ, ਜਿੱਥੇ ਪਹਿਲਾਂ ਜਾਰਵਾਦੀ ਹਕੂਮਤ ਨੇ ਦੇਸ਼ ਨੂੰ ਧੱਕ ਦਿੱਤਾ ਸੀ। ਇਸ ਨਵੇਂ ਰਾਜ ਨੇ ਸਰਵਜਨਕ ਰੂਪ ਵਿੱਚ ਅਨੇਕਾਂ ਗੁਪਤ ਸੌਦਿਆਂ ਦਾ ਪਰਦਾਫ਼ਾਸ਼ ਕੀਤਾ ਜੋ ਬਰਤਾਨੀਆ, ਫਰਾਂਸ, ਅਮਰੀਕਾ ਅਤੇ ਹੋਰ ਸਰਮਾਏਦਾਰ ਤਾਕਤਾਂ ਨੇ ਦੂਸਰੇ ਦੇਸ਼ਾਂ ਦੇ ਇਲਾਕਿਆਂ ਨੂੰ ਯੁੱਧ ਦੇ ਅੰਤ ਵਿੱਚ ਆਪਸ ਵਿੱਚ ਵੰਡ ਲੈਣ ਦੇ ਲਈ ਬਣਾਏ ਹੋਏ ਸਨ। ਇਸ ਮਜ਼ਦੂਰ ਇਨਕਲਾਬ ਨੇ, ਜਾਰਵਾਦੀ ਸਾਮਰਾਜ ਦੇ ਅੰਦਰ ਸਾਰੇ ਗੁਲਾਮ ਰਾਸ਼ਟਰਾਂ ਅਤੇ ਰਾਸ਼ਟਰੀਅਤਾਂ ਤਕ ਇਨਕਲਾਬ ਦਾ ਵਿਸਤਾਰ ਕੀਤਾ ਅਤੇ ਇਸ ਤਰ੍ਹਾਂ ਨਾਲ, ਇਹਨਾਂ ਸਾਰੇ ਰਾਸ਼ਟਰਾਂ ਅਤੇ ਰਾਸ਼ਟਰੀਅਤਾਂ ਨੇ ਮਿਲ ਕੇ ਸੋਵੀਅਤ ਸੰਘ ਦਾ ਗਠਨ ਕੀਤਾ। ਇਸ ਮਜ਼ਦੂਰ ਇਨਕਲਾਬ ਨੇ, ਦੁਨੀਆਂ ਦੇ ਸਾਰੇ ਕਮਿਉਨਿਸਟਾਂ ਅਤੇ ਮਜ਼ਦੂਰ ਵਰਗ ਦੀਆਂ ਪਾਰਟੀਆਂ ਦਾ ਇੱਕ ਨਵਾਂ ਇਨਕਲਾਬੀ ਸੰਘ ਬਨਾਉਣ ਵਿੱਚ ਸਹਿਯੋਗ ਦਿੱਤਾ, ਜਿਸ ਨੂੰ ਤੀਸਰੀ ਇੰਟਰਨੈਸ਼ਨਲ ਜਾਂ ਕਮਿਟਰਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਸਭ ਘਟਨਾਵਾਂ ਦੇ ਚੱਲਦਿਆਂ ਵਿਸ਼ਵ-ਯੁੱਧ ਜਲਦੀ ਨਾਲ ਖ਼ਤਮ ਹੋ ਗਿਆ।
ਦੋ ਵਿਸ਼ਵ ਯੁੱਧਾਂ ਦੇ ਦਰਮਿਆਨ ਦੇ ਸਮੇਂ ਵਿੱਚ ਸਰਮਾਏਦਾਰੀ ਦੇ ਸਰਵਪੱਖੀ ਸੰਕਟ ਵਿੱਚ ਤੇਜ਼ੀ ਨਾਲ ਵਾਧਾ ਅਤੇ ਇਟਲੀ ਵਿੱਚ ਫ਼ਾਸ਼ੀਵਾਦ, ਜਰਮਨੀ ਵਿੱਚ ਨਾਜ਼ੀਵਾਦ ਅਤੇ ਜਪਾਨ ਵਿੱਚ ਫੌਜੀਵਾਦ ਦੀ ਉਤਪਤੀ
ਪਹਿਲੇ ਵਿਸ਼ਵ ਯੁੱਧ ਨੇ ਅਤੇ ਸੋਵੀਅਤ ਸੰਘ ਅਤੇ ਤੀਸਰੀ ਇੰਟਰਨੈਸ਼ਨਲ ਦੀ ਉਤਪਤੀ ਨੇ ਸਰਮਾਏਦਾਰੀ ਦੇ ਸਰਵਵਿਆਪੀ ਸੰਕਟ ਨੂੰ ਹੋਰ ਵੀ ਗ਼ਹਿਰਾ ਕਰ ਦਿੱਤਾ।
1929 ਦੇ ਸਰਮਾਏਦਾਰਾ ਆਰਥਕ ਸੰਕਟ ਅਤੇ ਉਸਦੇ ਨਤੀਜੇ ਵਜੋਂ ਹੋਈ ਮਹਾਂ ਮੰਦੀ ਨੇ ਸਰਮਾਏਦਾਰ ਦੇਸ਼ਾਂ ਅਤੇ ਬਸਤੀਆਂ ਵਿੱਚ ਵਸਣ ਵਾਲੇ ਮਜ਼ਦੂਰ ਵਰਗ ਅਤੇ ਲੋਕਾਂ ਦੇ ਤਕਲੀਫ਼ ਅਤੇ ਗੁੱਸੇ ਨੂੰ ਬਹੁਤ ਵਧਾ ਦਿੱਤਾ। ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ, ਮਜ਼ਦੂਰ ਵਰਗ ਅਤੇ ਦਬੇ-ਕੁਚਲੇ ਲੋਕਾਂ ਦੇ ਸੰਘਰਸ਼ਾਂ ਵਿੱਚ ਮਹਾਨ ਵਾਧਾ ਹੋਇਆ।
ਇਸ ਦੇ ਨਾਲ ਹੀ ਵੱਖੋ-ਵੱਖ ਸਾਮਰਾਜਵਾਦੀ ਤਾਕਤਾਂ ਦੇ ਵਿਚਾਲੇ ਅੰਤਰ-ਵਿਰੋਧ ਹੋਰ ਵੀ ਤੇਜ਼ ਹੋ ਗਏ; ਉਹ ਫਿਰ ਤੋਂ ਇੱਕ ਹੋਰ ਯੁੱਧ ਦੀ ਤਿਆਰੀ ਵਿੱਚ ਫੌਜੀਕਰਣ ਕਰਨ ਅਤੇ ਗਠਜੋੜ ਬਨਾਉਣ ਅਤੇ ਸੌਦੇਬਾਜ਼ੀ ਕਰਨ ਵਿੱਚ ਜੁੱਟ ਗਈਆਂ।
ਪਹਿਲੇ ਵਿਸ਼ਵ ਯੁੱਧ ਤੋਂ ਬਾਦ ਜੋ ਸਮਝੌਤੇ ਹੋਏ ਸਨ, ਉਹਨਾਂ ਦੀ ਵਜ੍ਹਾ ਨਾਲ ਕੁਛ ਦੇਸ਼ਾਂ ਵਿੱਚ ਵਿਆਪਕ ਅਸੰਤੋਸ਼ ਪੈਦਾ ਹੋ ਗਿਆ ਸੀ।
ਪਹਿਲੇ ਵਿਸ਼ਵ ਯੁੱਧ ਵਿੱਚ ਹਾਰ ਜਾਣ ਦੀ ਵਜ੍ਹਾ ਕਰਕੇ ਜਰਮਨੀ ਨੂੰ ਸਭ ਤੋਂ ਜ਼ਿਆਦਾ ਸਖ਼ਤ ਹਾਲਤਾਂ ਦਾ ਸਾਹਮਣਾ ਕਰਨਾ ਪਿਆ। ਜਰਮਨੀ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ, ਆਪਣੀ ਗੁਆਚੀ ਹੋਈ ਮਹਾਨਤਾ ਨੂੰ ਫਿਰ ਤੋਂ ਹਾਸਲ ਕਰਨ ਦੇ ਨਾਅਰੇ ਅਧੀਨ, ਸੱਤਾ ਵਿੱਚ ਆਉਣ ਲਈ ਅਡੋਲਫ਼ ਹਿਟਲਰ ਦੀ ਅਗਵਾਈ ਵਾਲੀ ਨਾਜ਼ੀ ਪਾਰਟੀ ਨੇ, ਜਰਮਨੀ ਦੇ ਲੋਕਾਂ ਦੇ ਦੁੱਖਾਂ ਅਤੇ ਬੇਇੱਜ਼ਤੀ ਤੇ ਗੁੱਸੇ ਦਾ ਇਸਤੇਮਾਲ ਕੀਤਾ। ਨਾਜ਼ੀ ਪਾਰਟੀ ਨੇ ਤਿੱਖੀ ਨਸਲਵਾਦੀ,ਫੌਜਵਾਦੀ ਅਤੇ ਕਮਿਉਨਿਸਟ-ਵਿਰੋਧੀ ਵਿਚਾਰਧਾਰਾ ਦਾ ਬੜੇ ਪੈਮਾਨੇ ‘ਤੇ ਪ੍ਰਚਾਰ ਕੀਤਾ। ਬਰਤਾਨੀਆ ਅਤੇ ਅਮਰੀਕਾ ਸਮੇਤ, ਕਈ ਦੇਸ਼ਾਂ ਦੇ ਸਰਮਾਏਦਾਰਾਂ ਵਲੋਂ ਦਿੱਤੀ ਗਈ ਸਹਾਇਤਾ ਅਤੇ ਸਹਿਯੋਗ ਦੇ ਬਲਬੂਤੇ ‘ਤੇ ਨਾਜੀਆਂ ਨੇ ਜਰਮਨੀ ਵਿੱਚ ਇੱਕ ਮਜ਼ਬੂਤ ਫੌਜੀ-ਉਦਯੋਗਿਕ ਤੰਤਰ ਬਣਾਇਆ।
ਇਟਲੀ ਵਿੱਚ ਵੀ, ਮੁਸੋਲਿਨੀ ਦੀ ਅਗਵਾਈ ਵਿੱਚ ਇਸੇ ਤਰ੍ਹਾਂ ਦੀ ਇੱਕ ਫ਼ਾਸ਼ੀਵਾਦੀ ਅਤੇ ਸ਼ਾਵਨਵਾਦੀ ਤਾਕਤ ਪਹਿਲਾਂ ਹੀ ਸੱਤਾ ਵਿੱਚ ਆ ਚੁੱਕੀ ਸੀ। ਉਸਨੇ ਇਟਲੀ ਦੇ ਲੋਕਾਂ ਵਿੱਚ ਇਹਨਾਂ ਜਜ਼ਬਾਤਾਂ ਨੂੰ ਫੈਲਾਇਆ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਜਿੱਤ ਜਾਣ ਦੇ ਬਾਵਜੂਦ, ਇਟਲੀ ਨੂੰ ਜੋ ਸਨਮਾਨ ਅਤੇ ਇੱਜ਼ਤ ਦਾ ਦਰਜਾ ਮਿਲਣਾ ਚਾਹੀਦਾ ਸੀ, ਉਹ ਉਸਨੂੰ ਨਹੀਂ ਮਿਲਿਆ। ਇਸੇ ਤਰ੍ਹਾਂ, ਜਪਾਨ ਵਿੱਚ ਵੀ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਜੇਤੂ ਤਾਕਤਾਂ ਦਾ ਇੱਕ ਮਿੱਤਰ ਦੇਸ਼ ਸੀ, ਲੋਕਾਂ ਦੇ ਵਿੱਚ ਫੌਜੀ ਬਲਾਂ ਦੇ ਲਈ ਸਹਿਯੋਗ ਸੀ, ਕਿਉਂਕਿ ਲੋਕਾਂ ਨੂੰ ਇਸ ਗੱਲ ‘ਤੇ ਨਰਾਜ਼ਗੀ ਸੀ ਕਿ ਸਥਾਪਤ ਪੱਛਮੀ ਤਾਕਤਾਂ ਜਪਾਨ ਨੂੰ ਨਵੇਂ ਇਲਾਕੇ ਅਤੇ ਉਹਨਾਂ ਦੇ ਸਾਧਨਾਂ ਨੂੰ ਹਾਸਲ ਕਰਕੇ ਮਜ਼ਬੂਤ ਹੋਣ ਤੋਂ ਰੋਕ ਰਹੀਆਂ ਸਨ।
ਇਹਨਾਂ ਘਟਨਾਵਾਂ ਨੇ ਤੇਜ਼ੀ ਨਾਲ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਕੀਤੇ ਗਏ ਸਮਝੌਤੇ ਦੀ ਅਤੇ ਵਿਸ਼ਵ ਯੁੱਧ ਤੋਂ ਬਾਦ ਬਣਾਈ “ਸ਼ਾਂਤੀ” ਦੀਆਂ ਧੱਜੀਆਂ ਉੜਾ ਦਿੱਤੀਆਂ। 1931 ਵਿੱਚ ਜਪਾਨੀ ਫੌਜ ਨੇ ਪੂਰਬੀ ਏਸ਼ੀਆ ਦੀ ਮੁੱਖ ਜ਼ਮੀਨ ‘ਤੇ ਵਸੇ ਮਨਚੂਰੀਆ ਉੱਤੇ ਕਬਜ਼ਾ ਕਰ ਲਿਆ ਅਤੇ ਉੱਤਰੀ ਚੀਨ ਵਿੱਚ ਦਾਖ਼ਲ ਹੋਇਆ। 1935 ਵਿੱਚ, ਇਟਲੀ ਨੇ ਉੱਤਰੀ ਅਫ਼ਰੀਕਾ ਵਿੱਚ ਐਬੀਸੀਨੀਆ ਉੱਤੇ ਹਮਲਾ ਕੀਤਾ। 1936 ਵਿੱਚ ਇਟਲੀ ਅਤੇ ਜਰਮਨੀ ਨੇ ਮਿਲਕੇ, ਸਪੇਨ ਵਿੱਚ ਚੱਲ ਰਹੇ ਗ੍ਰਹਿਯੁੱਧ ਵਿੱਚ ਦਖ਼ਲ ਦਿੱਤਾ, ਜਿਸ ਨਾਲ ਗਣਤੰਤਰਿਕ (ਰੀਪਬਲਿਕਨ) ਤਾਕਤਾਂ ਦੀ ਹਾਰ ਹੋਈ ਅਤੇ ਫ੍ਰੈਂਕੋ ਦਾ ਫਾਸ਼ੀਵਾਦੀ ਸਾਸ਼ਨ ਸਥਾਪਤ ਕੀਤਾ ਗਿਆ। ਉਸੇ ਸਾਲ ਇਟਲੀ, ਜਰਮਨੀ ਅਤੇ ਜਪਾਨ ਨੇ ਇੱਕ ਗਠਜੋੜ ਬਣਾਇਆ, ਜਿਸ ਨੂੰ ਅੇਕਸਿਸ (ਧੁਰੇ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1938 ਵਿੱਚ ਜਰਮਨੀ ਨੇ ਯੁਰੋਪ ਵਿੱਚ ਵਿਸਤਾਰ ਕਰਨ ਦੇ ਲਈ ਆਪਣਾ ਪਹਿਲਾ ਕਦਮ ਚੁੱਕਿਆ ਅਤੇ ਗੁਆਂਢੀ ਦੇਸ਼ ਆਸਟਰੀਆ ਉਤੇ ਕਬਜ਼ਾ ਕਰ ਲਿਆ। ਇੰਨਾ ਹੀ ਨਹੀਂ, ਜਰਮਨੀ ਨੇ ਚੈਕੋਸਲਵਾਕੀਆ ਅਤੇ ਪੋਲੈਂਡ ਵਿੱਚ ਵਿਸਤਾਰ ਕਰਨ ਦੇ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਅਪ੍ਰੈਲ 1939 ਵਿੱਚ ਇਟਲੀ ਨੇ ਅਲਬਾਨੀਆ ਉੱਤੇ ਹਮਲਾ ਕੀਤਾ ਅਤੇ ਕੁਛ ਹੀ ਮਨੀਨਿਆਂ ਬਾਦ ਇਟਲੀ ਨੇ ਲੀਬੀਆ ਉਤੇ ਹਮਲਾ ਕਰਕੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਉੱਤਰੀ ਅਫ਼ਰੀਕਾ ਵਿੱਚ ਆਪਣੇ ਦੁਬਾਰਾ ਜਿੱਤੇ ਹੋਏ ਇਲਾਕਿਆਂ ਵਿੱਚ ਜੋੜ ਲਿਆ। ਜਰਮਨੀ ਨੇ 1 ਸਤੰਬਰ 1939 ਨੂੰ, ਪੋਲੈਂਡ ਉੱਤੇ ਹਮਲਾ ਕੀਤਾ। ਬਰਤਾਨੀਆ ਅਤੇ ਫਰਾਂਸ ਨੇ, ਜਿਸਦਾ ਪੋਲੈਂਡ ਦੇ ਨਾਲ ਆਪਸੀ ਰੱਖਿਆ ਦਾ ਸਮਝੌਤਾ ਪਹਿਲਾਂ ਤੋਂ ਹੀ ਸੀ, ਜਰਮਨੀ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰ ਦਿੱਤਾ।