ਭਾਗ 4: ਦੂਸਰੇ ਵਿਸ਼ਵ ਯੁੱਧ ਦੀਆਂ ਮੁੱਖ ਜੰਗਾਂ
ਸਟਾਲਿਨਗਰਾਡ ਦੀ ਜੰਗ ਦੂਸਰੇ ਵਿਸ਼ਵ ਯੁੱਧ ਦਾ ਪਾਸਾ ਪਰਤ ਦੇਣ ਵਾਲੀ ਜੰਗ ਸੀ। ਸਟਾਲਿਨਗਰਾਡ ਦੇ ਲੋਕਾਂ ਨੇ ਸ਼ਹਿਰ ਦੀ ਹਰ ਗਲੀ, ਹਰ ਘਰ ਅਤੇ ਇੱਕ-ਇੱਕ ਇੰਚ ਵਾਸਤੇ ਲੜਾਈ ਕੀਤੀ। ਕਈ ਮਹੀਨਿਆਂ ਦੀ ਗਹਿ-ਗੱਚ ਦੀ ਲੜਾਈ ਤੋਂ ਬਾਅਦ, ਜਰਮਨੀ ਦੀ ਫੌਜ, ਜਿਸ ਨੂੰ ਅਜਿੱਤ ਫੌਜ ਸਮਝਿਆ ਜਾਂਦਾ ਸੀ, ਦੇ ਰੂਸੀ ਫੌਜ ਨੇ ਆਹੂ ਲਾਹ ਸੁੱਟੇ ਅਤੇ ਉਸ ਨੂੰ ਹਥਿਆਰ ਸੁੱਟ ਦੇਣ ਉਤੇ ਮਜਬੂਰ ਹੋਣਾ ਪਿਆ।
ਬੇਸ਼ੱਕ, ਬਰਤਾਨੀਆ ਅਤੇ ਫਰਾਂਸ ਨੇ ਜਰਮਨੀ ਨੂੰ ਪੱਛਮ ਵੱਲ ਵਧਣ ਲਈ ਉਤਸ਼ਾਹਤ ਕੀਤਾ ਸੀ, ਪਰ ਪੋਲੈਂਡ ਉਤੇ ਕਬਜ਼ਾ ਕਰ ਲੈਣ ਤੋਂ ਬਾਅਦ, ਜਰਮਨੀ ਨੇ ਪੱਛਮ ਵੱਲ ਨੂੰ ਮੂੰਹ ਮੋੜ ਲਿਆ। ਨਾਜ਼ੀਆਂ ਨੇ ਅਪਰੈਲ ਤੋਂ ਜੂਨ 1940 ਦਰਮਿਆਨ ਡੈਨਮਾਰਕ, ਨੌਰਵੇ, ਹਾਲੈਂਡ, ਲਕਸਮਬਰਗ ਅਤੇ ਬੈਲਜ਼ੀਅਮ ਉੱਤੇ ਕਬਜ਼ਾ ਕਰ ਲਿਆ। ਜੂਨ 1940 ਵਿੱਚ ਫਰਾਂਸ ਤੋਂ ਹਥਿਆਰ ਸੁਟਵਾਉਣਾ ਉਨ੍ਹਾਂ ਦੀ ਇੱਕ ਬਹੁਤ ਬੜੀ ਜਿੱਤ ਸੀ, ਜਿਸ ਤੋਂ ਬਾਅਦ ਚਾਰ ਸਾਲਾਂ ਤਕ ਉਨ੍ਹਾਂ ਨੇ ਫਰਾਂਸ ਉੱਤੇ ਕਬਜ਼ਾ ਕਰੀ ਰੱਖਿਆ। ਉਨ੍ਹਾਂ ਨੇ ਬਰਤਾਨੀਆ ਉੱਤੇ ਹਮਲਾ ਕਰਨ ਦੀ ਠਾਣੀ ਹੋਈ ਸੀ ਅਤੇ ਫਰਾਂਸ ਤੋਂ ਬਾਅਦ ਬਰਤਾਨੀਆ ਉੱਤੇ ਭਾਰੀ ਹਵਾਈ ਬੰਬਾਰੀ ਸ਼ੁਰੂ ਕਰ ਦਿੱਤੀ। ਜਦਕਿ ਯੂਰਪ ਵਿੱਚ ਅਮਰੀਕਾ ਦੇ ਭਾਈਵਾਲ ਤਕਰੀਬਨ ਹਾਰ ਚੁੱਕੇ ਸਨ, ਪਰ ਉਸਨੇ ਉਨ੍ਹਾਂ ਨੂੰ ਬਸ ਹੱਲਾਸ਼ੇਰੀ ਅਤੇ ਕੁੱਝ ਪਦਾਰਥਿਕ ਹਮਾਇਤ ਹੀ ਦਿੱਤੀ ਅਤੇ ਜੰਗ ਵਿੱਚ ਸ਼ਾਮਲ ਨਾ ਹੋਇਆ।
ਲੇਕਿਨ, ਨਾਜ਼ੀ ਜਰਮਨੀ ਦੀ ਮੁੱਖ ਨਿਗਾਹ ਸੋਵੀਅਤ ਯੂਨੀਅਨ ਦੇ ਵਿਸ਼ਾਲ ਇਲਾਕਿਆਂ ਅਤੇ ਕੀਮਤੀ ਕੁਦਰਤੀ ਸਾਧਨਾਂ ਵੱਲ ਸੀ। 22 ਜੂਨ 1941 ਨੂੰ, ਜਰਮਨੀ ਨੇ ਸੋਵੀਅਤ ਯੂਨੀਅਨ ਉੱਤੇ ਭਾਰੀ ਹਮਲਾ ਛੇੜ ਦਿੱਤਾ। ਜਰਮਨੀ, ਇਟਲੀ, ਰੁਮਾਨੀਆ, ਹੰਗਰੀ ਅਤੇ ਫਿਨਲੈਂਡ ਦੀਆਂ ਫੌਜਾਂ ਦੀ ਕੁੱਲ ਗਿਣਤੀ 3 ਕ੍ਰੋੜ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਫਰਾਂਸ ਵਾਂਗ ਸੋਵੀਅਤ ਯੂਨੀਅਨ ਵੀ ਜਲਦੀ ਹੀ ਹਥਿਆਰ ਸੁੱਟ ਦੇਵੇਗਾ, ਪਰ ਉਨ੍ਹਾਂ ਨੂੰ ਮੁਕੰਮਲ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ।
ਯੂਰਪ ਵਿੱਚ ਜੰਗ ਸ਼ੁਰੂ ਹੋਣ ਤੋਂ ਵੀ ਪਹਿਲਾਂ, ਜਪਾਨ ਨੇ 1937 ਵਿੱਚ ਚੀਨ ਉੱਤੇ ਹਮਲਾ ਕਰਕੇ, ਪੂਰਬੀ ਅਤੇ ਕੇਂਦਰੀ ਚੀਨ ਦੇ ਸਭ ਤੋਂ ਵਿਕਸਿਤ ਅਤੇ ਬੜੀ ਅਬਾਦੀ ਵਾਲੇ ਇਲਾਕਿਆਂ ਉਤੇ ਕਬਜ਼ਾ ਕਰ ਲਿਆ ਸੀ। ਲੇਕਿਨ, ਬੇਸ਼ੱਕ ਲੱਗਭਗ 3 ਕ੍ਰੋੜ ਚੀਨੀ ਲੋਕ ਮਾਰੇ ਗਏ ਅਤੇ 10 ਕ੍ਰੋੜ ਪਨਾਹਗੀਰ ਬਣ ਗਏ, ਪਰ ਚੀਨ ਦੀ ਸਰਕਾਰ ਅਤੇ ਲੋਕਾਂ ਨੇ ਹਥਿਆਰ ਨਹੀਂ ਸੁੱਟੇ। ਉਨ੍ਹਾਂ ਨੇ ਇੱਕ ਸਾਂਝੇ ਮੋਰਚੇ ਦੀ ਅਗਵਾਈ ਹੇਠ ਸੂਰਬੀਰਤਾ ਨਾਲ ਅੱਠਾਂ ਸਾਲਾਂ ਤਕ ਲੰਬੀ ਲੜਾਈ ਲੜੀ, ਜਿਸ ਮੋਰਚੇ ਵਿੱਚ ਕਮਿਉਨਿਸਟਾਂ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਵਲੋਂ ਵਿਰੋਧਤਾ ਦੇ ਕਾਰਨ 8 ਲੱਖ ਜਪਾਨੀ ਫੌਜੀਆਂ ਨੂੰ ਉਥੇ ਬੰਨ੍ਹੇ ਰਹਿਣਾ ਪਿਆ।
ਸਤੰਬਰ 1940 ਵਿੱਚ, ਜਪਾਨ ਨੇ ਫਰਾਂਸ ਦੀਆਂ ਬਸਤੀਆਂ – ਵੀਤਨਾਮ, ਕੰਬੋਡੀਆ ਅਤੇ ਲਾਓਸ, ਜਿਸ ਨੂੰ ਫਰੈਂਚ ਇੰਡੋ ਚਾਈਨਾ ਕਿਹਾ ਜਾਂਦਾ ਸੀ – ਉੱਤੇ ਹਮਲਾ ਕਰਕੇ ਉਥੇ ਆਪਣਾ ਕਬਜ਼ਾ ਕਰ ਲਿਆ। 8 ਦਸੰਬਰ 1940 ਨੂੰ, ਜਪਾਨ ਨੇ ਬਰਤਾਨਵੀ ਬਸਤੀ ਮਲਾਇਆ ਉੱਤੇ ਹਮਲਾ ਕਰ ਦਿੱਤਾ ਅਤੇ ਸਿੰਘਾਪੁਰ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ। ਉਸੇ ਹੀ ਦਿਨ ਅਮਰੀਕਾ ਦੀ ਬਸਤੀ, ਫਿਲਪਾਈਨ ਉੱਤੇ ਹਮਲਾ ਸ਼ੁਰੂ ਕੀਤਾ ਗਿਆ। ਇਹਦੇ ਪਿਛੋਂ ਜਨਵਰੀ 1942 ਵਿੱਚ ਬਰਤਾਨਵੀ ਬਸਤੀ, ਬਰਮਾ ਉੱਤੇ ਹਮਲਾ ਹੋਇਆ। 15 ਫਰਵਰੀ 1942 ਨੂੰ ਸਿੰਘਾਪੁਰ ਦੀ ਬਰਤਾਨਵੀ ਫੌਜ ਨੇ ਅੱਗੇ ਵਧ ਰਹੀਆਂ ਜਪਾਨੀ ਫੌਜਾਂ ਦੇ ਮੂਹਰੇ ਹਥਿਆਰ ਸੁੱਟ ਦਿੱਤੇ। ਅਪਰੈਲ 1942 ਵਿੱਚ ਜਪਾਨ ਨੇ ਡੱਚ (ਹਾਲੈਂਡ) ਬਸਤੀ, ਇੰਡੋਨੇਸ਼ੀਆ ਉੱਤੇ ਕਬਜ਼ਾ ਕਰ ਲਿਆ। ਇਹਦੇ ਨਾਲ ਸਮੁੱਚਾ ਦੱਖਣ-ਪੂਰਬੀ ਏਸ਼ੀਆ ਜਪਾਨੀ ਕਬਜ਼ੇ ਥੱਲੇ ਆ ਗਿਆ।
ਜਪਾਨ ਨੇ, ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਅਤੇ ਲੋਕਾਂ ਉੱਤੇ ਕਬਜ਼ੇ ਨੂੰ ਪੱਛਮੀ ਸਾਮਰਾਜਵਾਦ ਤੋਂ ‘ਮੁਕਤੀ’ ਦੇ ਤੌਰ ਉਤੇ ਅਤੇ “ਮਹਾਂ ਪੂਰਬ-ਏਸ਼ੀਆਈ ਸਾਂਝਾ ਵਿਕਾਸ ਦਾਇਰੇ” ਦੇ ਤੌਰ ਉਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ, ਦੱਖਣ-ਪੂਰਬੀ ਏਸ਼ੀਆ ਦੇ ਲੋਕਾਂ ਨੂੰ ਬੁੱਧੂ ਨਹੀਂ ਬਣਾਇਆ ਜਾ ਸਕਿਆ ਅਤੇ ਹਰ ਦੇਸ਼ ਵਿੱਚ ਖੂੰਖਾਰ ਵਿਰੋਧੀ ਲਹਿਰਾਂ ਉਠ ਖੜੋਈਆਂ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਦੀ ਅਗਵਾਈ ਕਮਿਉਨਿਸਟ ਕਰਦੇ ਸਨ।
ਸੋਵੀਅਤ ਯੂਨੀਅਨ ਦੀ ਭੂਮਿਕਾ ਅਤੇ ਅੰਤਰ-ਸਾਮਰਾਜੀ ਜੰਗ ਦਾ ਫਾਸ਼ੀਵਾਦ ਖ਼ਿਲਾਫ਼ ਲੋਕ-ਯੁੱਧ ਵਿੱਚ ਤਬਦੀਲ ਹੋਣਾ
ਦੂਸਰਾ ਵਿਸ਼ਵ ਯੁੱਧ ਬੇਸ਼ੱਕ ਇਲਾਕਿਆਂ, ਮੰਡੀਆਂ ਅਤੇ ਕਦੁਰਤੀ ਸਾਧਨਾਂ ਉੱਤੇ ਕਬਜ਼ਿਆਂ ਖਾਤਰ ਅੰਤਰ-ਸਾਮਰਾਜੀ ਜੰਗ ਬਤੌਰ ਸ਼ੁਰੂ ਹੋਇਆ ਸੀ, ਪਰ ਸੋਵੀਅਤ ਯੂਨੀਅਨ ਅਤੇ ਚੀਨ ਦੇ ਲੋਕਾਂ ਵਲੋਂ ਆਪਣੇ ਦੇਸ਼ਾਂ ਦੀ ਹਿਫਾਜ਼ਤ ਵਿੱਚ ਚਲਾਏ ਸੰਘਰਸ਼ਾਂ ਅਤੇ ਫਾਸ਼ੀਵਾਦੀ ਕਬਜ਼ੇ ਹੇਠ ਕੀਤੇ ਦੇਸ਼ਾਂ ਵਿੱਚ ਉਠੀਆਂ ਬਹਾਦਰਾਨਾ ਵਿਰੋਧੀ ਲਹਿਰਾਂ ਨੇ ਇਸ ਯੁੱਧ ਨੂੰ ਫਾਸ਼ੀਵਾਦ ਦੇ ਖ਼ਿਲਾਫ਼ ਮਹਾਨ ਯੁੱਧ ਵਿੱਚ ਤਬਦੀਲ ਕਰ ਦਿੱਤਾ।
ਕਮਿਉਨਿਸਟ ਪਾਰਟੀ ਆਫ ਸੋਵੀਅਤ ਯੂਨੀਅਨ ਅਤੇ ਸਟਾਲਿਨ ਦੀ ਅਗਵਾਈ ਥੱਲੇ ਸੋਵੀਅਤ ਲੋਕ ਮਹਾਨ ਸੂਰਬੀਰਤਾ ਨਾਲ ਲੜੇ। ਉਨ੍ਹਾਂ ਨੇ 2 ਕ੍ਰੋੜ 80 ਲੱਖ ਜਾਨਾਂ ਦੀ ਅਹੂਤੀ ਦੇ ਦੇਣ ਸਮੇਤ ਅਪਾਰ ਕੁਰਬਾਨੀਆਂ ਕੀਤੀਆਂ। ਬਹਾਦਰ ਲਾਲ ਫੌਜ ਵਲੋਂ ਦੁਸ਼ਮਣ ਦੀਆਂ ਫੌਜਾਂ ਦਾ ਟਾਕਰਾ ਕੀਤਾ ਗਿਆ; ਇਸ ਤੋਂ ਇਲਾਵਾ ਦੇਸ਼ ਦਾ ਪੂਰਬੀ ਹਿੱਸਾ ਜੋ ਕਿ ਦੁਸ਼ਮਣ ਦੇ ਕਬਜ਼ੇ ਹੇਠ ਆ ਚੁੱਕਾ ਸੀ, ਉਥੇ ਕ੍ਰੋੜਾਂ ਹੀ ਲੋਕਾਂ ਨੂੰ ਗੁਰੀਲਾ ਟੁਕੜੀਆਂ ਵਿੱਚ ਜਥੇਬੰਦ ਕੀਤਾ ਗਿਆ ਸੀ, ਜਿਨ੍ਹਾਂ ਨੇ ਹਮਲਾਵਰ ਫੌਜਾਂ ਦਾ ਨੱਕ ਵਿਚ ਦਮ ਕਰੀ ਰੱਖਿਆ। ਪੱਛਮੀ ਸਾਮਰਾਜਵਾਦੀ ਰਾਜਾਂ ਵਲੋਂ ਲਾਈ ਆਰ ਨੇ ਨਾਜ਼ੀਆਂ ਨੂੰ ਭਰਮ ਪਾ ਦਿੱਤਾ ਸੀ ਕਿ ਸੋਵੀਅਤ ਲੋਕ ਉਨ੍ਹਾਂ ਦਾ ਆਪਣੇ ਮੁਕਤੀਦਾਤਾ ਬਤੌਰ ਸਵਾਗਤ ਕਰਨਗੇ। ਇਸ ਦੇ ਉਲਟ, ਸੋਵੀਅਤ ਲੋਕ ਸੋਵੀਅਤ ਢਾਂਚੇ ਅਤੇ ਆਪਣੀ ਧਰਤੀ ਦੇ ਇੱਕ-ਇੱਕ ਇੰਚ ਲਈ ਜਾਨ ਤੋੜ ਕੇ ਲੜੇ। ਬੇਸ਼ੱਕ ਸ਼ੁਰੂ ਵਿੱਚ ਉਨ੍ਹਾਂ ਨੇ ਇੱਕ ਰਣਨੀਤੀ ਹੇਠ ਭਾਰੀ ਐਕਸਿਸ (ਨਾਜ਼ੀ ਗੱਠਜੋੜ) ਫੌਜਾਂ ਨੂੰ ਦੇਸ਼ ਦੇ ਅੰਦਰ ਦੂਰ ਤਕ ਲਿਆ ਕੇ ਉਸ ਨੂੰ ਵਿਸਾਰਨ/ਪਤਲਾ ਕਰਨ ਲਈ ਆਰਜ਼ੀ ਤੌਰ ਉਤੇ ਆਪਣੀ ਜ਼ਮੀਨ ਉੱਤੇ ਕਬਜ਼ਾ ਕਰ ਲੈਣ ਦਿੱਤਾ, ਪਰ ਉਨ੍ਹਾਂ ਨੇ ਹਮਲਾਵਰਾਂ ਨੂੰ ਇੱਕ ਪਲ ਲਈ ਵੀ ਚੈਨ ਨਹੀਂ ਲੈਣ ਦਿੱਤਾ।
ਜਰਮਨੀ ਨੇ, ਸਤੰਬਰ 1941 ਤੋਂ ਲੈ ਕੇ 1944 ਤਕ ਲੈਨਿਨਗਰਾਡ ਦੇ ਮਹਾਨ ਸ਼ਹਿਰ ਦੀ ਘੇਰਾਬੰਦੀ ਕਰੀ ਰੱਖੀ। ਲੈਨਿਨਗਰਾਡ ਦੇ ਲੋਕਾਂ ਨੂੰ ਵਹਿਸ਼ੀ ਬੰਬਾਰੀ ਅਤੇ ਅੱਤ ਦੇ ਕਸ਼ਟ ਝੱਲਣੇ ਪਏ, ਪਰ ਉਨ੍ਹਾਂ ਨੇ ਹਥਿਆਰ ਨਹੀਂ ਸੁੱਟੇ। ਐਪਰ, ਇਹ ਵੋਲਗਾ ਦਰਿਆ ਉੱਤੇ ਸਥਿਤ ਸ਼ਹਿਰ ਸਟਾਲਿਨਗਰਾਡ ਦੀ ਜੰਗ ਸੀ, ਜਿਸ ਨੇ ਫਾਸ਼ੀ ਹਮਲਾਵਰਾਂ ਦੀ ਕਮਰ ਤੋੜ ਸੁੱਟੀ। ਸੋਵੀਅਤ ਸੰਘ ਦੇ ਊਰਜਾ (ਤੇਲ, ਕੋਲਾ ਆਦਿ) ਦੇ ਸਾਧਨਾਂ ਉੱਤੇ ਕਬਜ਼ਾ ਕਰਨ ਵਾਸਤੇ ਸਟਾਲਿਨਗਰਾਡ ਨੂੰ ਜਿੱਤਣਾ ਜਰਮਨੀ ਲਈ ਨਿਰਨਾਕਾਰੀ ਸੀ। ਪਰ ਲਾਲ ਫੌਜ ਅਤੇ ਸੋਵੀਅਤ ਲੋਕਾਂ ਦੀਆਂ ਜਥੇਬੰਦ ਟੁਕੜੀਆਂ ਨੇ ਹਮਲਾਵਰਾਂ ਨੂੰ ਹੰਭਾਉਣ ਲਈ ਸ਼ਕਤੀਸ਼ਾਲੀ ਜਵਾਬੀ ਹਮਲੇ ਕੀਤੇ। ਸਟਾਲਿਨਗਰਾਡ ਦੇ ਲੋਕਾਂ ਨੇ ਹਰ ਗਲੀ, ਹਰ ਘਰ ਅਤੇ ਸ਼ਹਿਰ ਦੇ ਇੱਕ-ਇੱਕ ਇੰਚ ਵਾਸਤੇ ਲੜਾਈ ਕੀਤੀ। ਕਈਆਂ ਮਹੀਨਿਆਂ ਦੀ ਗਹਿਗੱਚ ਦੀ ਲੜਾਈ ਤੋਂ ਬਾਅਦ, ਜਰਮਨੀ ਦੀ ਫੌਜ, ਜਿਸ ਨੂੰ ਉਦੋਂ ਤਕ ‘ਅਜਿੱਤ’ ਸਮਝਿਆ ਜਾਂਦਾ ਸੀ, ਦਾ ਮਲੀਆਮੇਟ ਕਰ ਦਿੱਤਾ ਗਿਆ। 2 ਫਰਵਰੀ 1943 ਨੂੰ, ਜਰਮਨੀ ਦੀ ਛੇਵੀਂ ਫੌਜ ਨੇ ਹਥਿਆਰ ਸੁੱਟ ਦਿੱਤੇ। ਇਹਨੇ ਦੂਸਰੇ ਵਿਸ਼ਵ ਯੁੱਧ ਦਾ ਪਾਸਾ ਪਰਤ ਦਿੱਤਾ।
ਲਾਲ ਫੌਜ ਨੇ ਜਰਮਨ ਫੌਜਾਂ ਦਾ ਧੁਰ ਜਰਮਨੀ ਤਕ ਪਿੱਛਾ ਕੀਤਾ, ਅਤੇ ਰਾਹ ਵਿਚ ਆਉਂਦੇ ਦੇਸ਼ਾਂ ਅਤੇ ਲੋਕਾਂ ਨੂੰ ਜਰਮਨੀ ਦੀ ਕਬਜ਼ਾਕਾਰੀ ਫੌਜ ਦੇ ਸ਼ਿਕੰਜੇ ਤੋਂ ਮੁਕਤ ਕਰਵਾਇਆ।
ਅਮਰੀਕੀ ਸਾਮਰਾਜਵਾਦ ਦੀ ਭੂਮਿਕਾ
ਜਿਵੇਂ ਕਿ ਅਮਰੀਕਾ ਨੇ ਪੱਛਮੀ ਯੂਰਪ ਦੇ ਬਹੁਤੇ ਹਿੱਸੇ ਉਤੇ ਜਰਮਨੀ ਦਾ ਕਬਜ਼ਾ ਹੋਣ ਸਮੇਂ ਕੀਤਾ ਸੀ, ਉਸੇ ਤਰ੍ਹਾਂ ਹੀ ਉਸ ਨੇ ਸੋਵੀਅਤ ਸੰਘ ਉੱਤੇ ਜਰਮਨੀ ਦੇ ਹਮਲੇ ਸਮੇਂ ਕੀਤਾ। ਜਰਮਨੀ ਵਲੋਂ ਸੋਵੀਅਤ ਸੰਘ ਉਤੇ ਹਮਲੇ ਤੋਂ ਠੀਕ ਬਾਅਦ, ਹੈਰੀ ਟਰੂਮੈਨ ਜੋ ਉਸ ਵੇਲੇ ਅਮਰੀਕੀ ਸੈਨੇਟ ਦਾ ਮੈਂਬਰ ਸੀ ਅਤੇ ਜੰਗ ਦੁਰਾਨ ਰੂਸਵੈਲਟ ਦੀ ਮੌਤ ਤੋਂ ਬਾਅਦ ਪ੍ਰਧਾਨ ਬਣਿਆ ਨੇ ਕਿਹਾ ਸੀ ਕਿ “ਜੇਕਰ ਸਾਨੂੰ ਦਿੱਸਦਾ ਹੋਇਆ ਕਿ ਜੰਗ ਵਿੱਚ ਜਰਮਨੀ ਜਿੱਤ ਰਿਹਾ ਹੈ ਤਾਂ ਸਾਨੂੰ ਰੂਸ ਦੀ ਮੱਦਦ ਕਰਨੀ ਚਾਹੀਦੀ ਹੈ, ਅਤੇ ਜੇਕਰ ਰੂਸ ਜਿੱਤਦਾ ਹੋਇਆ ਤਾਂ ਸਾਨੂੰ ਜਰਮਨੀ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਇੱਕ ਦੂਸਰੇ ਨੂੰ ਵੱਧ ਤੋਂ ਵੱਧ ਮਾਰ ਲੈਣ ਦੇਣਾ ਚਾਹੀਦਾ ਹੈ” (ਨਿਊਯਾਰਕ ਟਾਈਮਜ਼ 24 ਜੂਨ, 1941)। ਇਹ ਬਿਆਨ ਅਮਰੀਕੀ ਸਾਮਰਾਜਵਾਦ ਦੀ ਪੂਰੀ ਤਰ੍ਹਾਂ ਸਨਕੀ ਸਾਮਰਾਜਵਾਦੀ ਸੋਚਣੀ ਨੂੰ ਜ਼ਾਹਿਰ ਕਰਦਾ ਹੈ।
7 ਦਸੰਬਰ 1941 ਨੂੰ, ਪਰਲ ਹਾਰਬਰ ਵਿੱਚ ਅਮਰੀਕੀ ਨੇਵੀ ਦੇ ਅੱਡੇ ਉੱਤੇ ਜਪਾਨ ਵਲੋਂ ਬੰਬਾਰੀ ਕਰਨ ਤੋਂ ਬਾਅਦ ਹੀ, ਅਮਰੀਕਾ ਆਪਣੇ ਭਾਈਵਾਲਾਂ ਦੇ ਪਾਸੇ ਜੰਗ ਵਿੱਚ ਸ਼ਾਮਲ ਹੋਇਆ। ੳੇੁਸਦੇ ਬਰਤਾਨਵੀ ਅਤੇ ਫਰਾਂਸੀਸੀ ਭਾਈਵਾਲਾਂ ਦੀਆਂ ਬਸਤੀਆਂ ਖੁੱਸ ਜਾਣ ਤੋਂ ਬਾਅਦ (ਫਰਾਂਸ ਦਾ ਆਪਣਾ ਘਰ ਤਕ ਹੀ ਖੁੱਸ ਗਿਆ ਸੀ) ਅਤੇ ਜਰਮਨੀ ਦੀ ਜੰਗੀ ਮਸ਼ੀਨ ਦੀ ਮਾਰ ਸੋਵੀਅਤ ਸੰਘ ਨੂੰ ਝੇਲਣੀ ਪੈ ਰਹੀ ਸੀ ਤਾਂ ਅਮਰੀਕਾ ਨੂੰ ਕਮਾਂਡ ਸੰਭਾਲਣ ਦਾ ਮੌਕਾ ਦਿੱਸਦਾ ਸੀ।
1941 ਤੋਂ ਲੈ ਕੇ ਹੀ ਸੋਵੀਅਤ ਸੰਘ ਬਾਰ-ਬਾਰ, ਜੰਗ ਵਿਚ ਆਪਣੇ ਭਾਈਵਾਲਾਂ, ਅਮਰੀਕਾ ਅਤੇ ਬਰਤਾਨੀਆਂ ਨੂੰ ਪੱਛਮੀ ਯੂਰਪ ਵਿੱਚ ਦੂਸਰਾ ਮੁਹਾਜ਼ ਖੋਲ੍ਹ ਕੇ ਹਮਲਾਵਰ ਮੁਹਿੰਮ ਛੇੜਣ ਲਈ ਕਹਿੰਦਾ ਰਿਹਾ ਸੀ, ਕਿਉਂਕਿ ਇਸ ਤਰ੍ਹਾਂ ਸੋਵੀਅਤ ਯੂਨੀਅਨ, ਜੋ ਇਕੱਲਾ ਹੀ ਜਰਮਨੀ ਦੇ ਖ਼ਿਲਾਫ਼ ਲੜ ਰਿਹਾ ਸੀ, ਉੱਤੇ ਜੰਗ ਦਾ ਨਿਰੰਤਰ ਦਬਾਅ ਘਟ ਸਕਦਾ ਸੀ। ਲੇਕਿਨ, ਅਮਰੀਕਾ ਅਤੇ ਬਰਤਾਨੀਆ ਨੇ ਜਾਣ-ਬੁੱਝਕੇ 1944 ਤਕ ਦੂਸਰਾ ਮੁਹਾਜ਼ ਨਹੀਂ ਖੋਲਿ੍ਹਆ, ਜਦੋਂ ਤਕ ਇਹ ਸਾਫ ਹੋ ਚੁੱਕਾ ਸੀ ਕਿ ਸੋਵੀਅਤ ਸੰਘ ਨੇ ਜਰਮਨ ਹਮਲੇ ਦਾ ਮੂੰਹ ਤੋੜ ਦਿੱਤਾ ਹੈ ਅਤੇ ਹੁਣ ਉਹ ਉਨ੍ਹਾਂ ਦੀ ਮੱਦਦ ਤੋਂ ਬਿਨਾ ਇਕੱਲਾ ਹੀ ਯੂਰਪ ਨੂੰ ਅਜ਼ਾਦ ਕਰਾਉਣ ਦੇ ਕਾਬਲ ਸੀ; ਸਿਰਫ ਉਦੋਂ ਹੀ ਅਮਰੀਕਾ ਨੇ ਨੌਰਮੰਡੀ ਵਿਚ ਹਵਾਈ ਜਹਾਜ਼ਾਂ ਅਤੇ ਸਮੁੰਦਰ ਰਾਹੀਂ ਫੌਜਾਂ ਉਤਾਰੀਆਂ ਸਨ। ਉਨ੍ਹਾਂ ਦਾ ਨਿਸ਼ਾਨਾ ਸੀ ਯੂਰਪ ਨੂੰ ਵੰਡਣਾ ਅਤੇ ਇਸ ਮਹਾਂਦੀਪ ਉੱਤੇ ਆਪਣੀ ਚੌਧਰ ਕਾਇਮ ਕਰਨਾ।
ਪੂਰਬੀ ਏਸ਼ੀਆ ਬਾਰੇ ਵੀ ਇਹੀ ਸੱਚਾਈ ਸੀ। ਸਾਫ ਹੋ ਚੁੱਕਾ ਸੀ ਕਿ ਏਸ਼ੀਆ ਵਿੱਚ 1945 ਤਕ ਜਪਾਨੀ ਫੌਜ ਪਿੱਛੇ ਹਟ ਰਹੀ ਹੈ। ਚੀਨ ਦੀਆਂ ਫਾਸ਼ੀਵਾਦ-ਵਿਰੋਧੀ ਤਾਕਤਾਂ ਵਲੋਂ ਉਨ੍ਹਾਂ ਦੀਆਂ ਫੌਜਾਂ ਦੇ ਆਹੂ ਲਾਹੇ ਜਾ ਰਹੇ ਸਨ, ਅਤੇ ਸੋਵੀਅਤ ਲਾਲ ਫੌਜ ਨੇ ਮਾਨਚੂਰੀਆ ਵਿਚ ਉਨ੍ਹਾਂ ਦੇ ਮੁੱਖ ਗੜ੍ਹ ਦੀ ਅਹੀ-ਤਹੀ ਫੇਰ ਦਿੱਤੀ ਸੀ। ਜਦੋਂ ਸਾਫ ਦਿੱਸ ਰਿਹਾ ਸੀ ਕਿ ਏਸ਼ੀਆ ਵਿਚ ਜੰਗ ਦਾ ਅੰਤ ਆ ਚੁੱਕਾ ਹੈ ਤਾਂ ਅਮਰੀਕਾ ਨੇ ਆ ਕੇ 6 ਅਗਸਤ ਅਤੇ 9 ਅਗਸਤ ਨੂੰ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ਉੱਤੇ ਪ੍ਰਮਾਣੂੰ ਬੰਬ ਗਿਰਾ ਦਿੱਤੇ, ਜਿਸ ਨਾਲ ਨਰਕੀ ਤਬਾਹੀ ਹੋਈ ਅਤੇ ਇੱਕੋ ਹੀ ਝਟਕੇ ਵਿੱਚ ਕ੍ਰੋੜਾਂ ਲੋਕ ਮੌਤ ਦੇ ਮੂੰਹ ਜਾ ਪਏ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਸੀ ਕਿ ਜਪਾਨ ਅਮਰੀਕੀ ਫੌਜਾਂ ਦੇ ਸਾਹਮਣੇ ਹਥਿਆਰ ਸੁੱਟੇ। ਉਸ ਤੋਂ ਬਾਅਦ, ਅਮਰੀਕਾ ਨੇ ਚੀਨ ਵਿੱਚ ਆਪਣੀ ਮਨਪਸੰਦ ਦੇ ਭਾਈਵਾਲ, ਚੀਨ ਦੇ ਪ੍ਰਧਾਨ ਚਿਆਂਗ ਕਾਈ-ਸ਼ੇਕ ਦੀਆਂ ਫੌਜਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਮਾਨਚੂਰੀਆ ਵਿੱਚ ਉਤਾਰਨ ਲਈ ਦੌੜ ਲਾ ਦਿੱਤੀ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜਪਾਨੀ ਫੌਜ ਚੀਨੀ ਕਮਿਉਨਿਸਟਾਂ ਜਾਂ ਸੋਵੀਅਤ ਲਾਲ ਫੌਜ ਦੇ ਸਾਹਮਣੇ ਨਾ ਹਥਿਆਰ ਸੁੱਟੇ।