ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਭਾਗ 5: ਦੂਸਰੇ ਵਿਸ਼ਵ ਯੁੱਧ ਦਾ ਅੰਤ ਅਤੇ ਵੱਖ ਵੱਖ ਦੇਸ਼ਾਂ ਅਤੇ ਲੋਕਾਂ ਦੇ ਉਦੇਸ਼

ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿਚ, ਸਮਾਜਵਾਦੀ ਸੋਵੀਅਤ ਸੰਘ ਇੱਕ ਜੇਤੂ ਤਾਕਤ ਬਣ ਕੇ ਉਭਰਿਆ। ਬਸਤੀਵਾਦੀ ਚੁੰਗਲ ਤੋਂ ਮੁਕਤੀ ਵਾਸਤੇ ਲੜ ਰਹੇ ਦੁਨੀਆਂਭਰ ਦੇ ਲੋਕਾਂ ਲਈ, ਉਹ ਇੱਕ ਉਤਸ਼ਾਹ ਦੇਣ ਵਾਲਾ ਥੰਮ ਬਣ ਗਿਆ। ਦੂਸਰੇ ਪਾਸੇ, ਅਮਰੀਕੀ ਸਾਮਰਾਜਵਾਦ ਪਿਛਾਂਹ-ਖਿਚੂ ਕਮਿਉਨਿਸਟ-ਵਿਰੋਧੀ ਖੇਮੇ ਦੇ ਆਗੂ ਦੇ ਤੌਰ ਉਤੇ ਅੱਗੇ ਆਇਆ।

ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ਦੇ ਅਖੀਰ ਵਿੱਚ ਪੈਦਾ ਹੋਈ ਸਥਿਤੀ ਵਿਚਕਾਰ ਮੁੱਖ ਫਰਕ ਇਹ ਸੀ ਕਿ ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿੱਚ ਇੱਕ ਸ਼ਕਤੀਸ਼ਾਲੀ ਸਮਾਜਵਾਦੀ ਤਾਕਤ ਦੀ ਹੋਂਦ ਮੌਜੂਦ ਸੀ। ਯੁੱਧ ਦੁਰਾਨ ਹੋਏ ਕਹਿਰਾਂ ਦੇ ਨੁਕਸਾਨ ਦੇ ਬਾਵਯੂਦ, ਉਹ ਜੇਤੂਆਂ ਵਿਚੋਂ ਇੱਕ ਅਜੇਹੀ ਤਾਕਤ ਦੇ ਤੌਰ ‘ਤੇ ਉਗਮਿਆ, ਜਿਸਦਾ ਦੁਨੀਆਂ ਦੇ ਲੋਕਾਂ ਵਿਚ ਸਨਮਾਨ ਅਸਮਾਨ ਛੋਹਣ ਲੱਗ ਪਿਆ ਸੀ। ਦੁਨੀਆਂਭਰ ਵਿੱਚ ਸਾਮਰਾਜਵਾਦੀ ਤਾਕਤਾਂ ਦੀਆਂ ਬਸਤੀਆਂ ਦੇ ਲੋਕ, ਸੋਵੀਅਤ ਸੰਘ ਨੂੰ ਆਪਣੀ ਮੁਕਤੀ ਦੇ ਸੰਘਰਸ਼ਾਂ ਵਾਸਤੇ ਇੱਕ ਨਮੂਨਾ ਅਤੇ ਇੱਕ ਦੋਸਤ ਦੇ ਤੌਰ ‘ਤੇ ਦੇਖਦੇ ਸਨ।

ਇਸ ਲਈ, ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋ ਜਾਣ ਤੋਂ ਵੀ ਪਹਿਲਾਂ, ਜਦੋਂ ਇੰਝ ਭਾਸਦਾ ਸੀ ਕਿ ਫਾਸ਼ੀਵਾਦੀ ਗੁੱਟ ਹੁਣ ਹਰਨ ਵਾਲਾ ਹੈ, ਤਾਂ ਅਮਰੀਕੀ ਸਾਮਰਾਜਵਾਦ ਦੀ ਅਗਵਾਈ ਹੇਠਲੇ ਗੁੱਟ ਨੇ ਇੱਕ ਨਵੇਂ ਹਮਲੇ ਦੀ ਤਿਆਰੀ ਸੁਰੂ ਕਰ ਦਿੱਤੀ। ਇਸ ਵਾਰ ਇਹ ਹਮਲਾ ਸੋਵੀਅਤ ਸੰਘ ਦੇ ਖ਼ਿਲਾਫ਼ ਹੋਣਾ ਸੀ। ਉਨ੍ਹਾਂ ਨੇ ਇਕ ਸਿਲਸਿਲੇਵਾਰ ਢੰਗ ਨਾਲ ਸੋਵੀਅਤ ਸੰਘ ਦੇ ਖ਼ਿਲਾਫ਼ ਭੰਡੀ-ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਬਰਤਾਨਵੀ ਪ੍ਰਧਾਨ ਮੰਤਰੀ, ਚਰਚਿਲ ਨੇ ਆਪਣੇ ਬਦਨਾਮ ਭਾਸ਼ਣ ਵਿੱਚ ਸੋਵੀਅਤ ਸੰਘ ਉਪਰ ਯੂਰਪ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤਕ ਇੱਕ ਲੋਹੇ ਦਾ ਪਰਦਾ ਲਟਕਾ ਦੇਣ ਦੇ ਇਲਜ਼ਾਮ ਲਾ ਦਿੱਤੇ। ਜੰਗ ਦੇ ਬਾਦ ਦੇ ਸਾਲਾਂ ਵਿੱਚ, ਅਮਰੀਕੀ ਸਾਮਰਾਜਵਾਦ ਨੇ ਦੁਨੀਆਂਭਰ ਵਿਚ ਨੇਟੋ, ਸੀਟੋ ਅਤੇ ਸੈਂਟੋ ਆਦਿ ਸ਼ਰੇ੍ਹਆਮ ਸੋਵੀਅਤ-ਵਿਰੋਧੀ ਕਮਿਉਨਿਸਟ-ਵਿਰੋਧੀ ਫੌਜੀ ਗੁੱਟ ਜਥੇਬੰਦ ਕੀਤੇ। ਉਸਨੇ ਆਪਣੇ ਖੁਦ ਦੇ ਦੇਸ਼ ਵਿੱਚ ਕਮਿਉਨਿਸਟਾਂ ਅਤੇ ਅਗਾਂਹ-ਵਧੂ ਲੋਕਾਂ ਦੇ ਖ਼ਿਲਾਫ਼ ਜਹਾਦ ਅਰੰਭ ਦਿੱਤਾ। ਉਸਨੇ ਨਵੇਂ ਅਜ਼ਾਦ ਹੋਏ ਦੇਸ਼ਾਂ ਵਿੱਚ ਪਿਛਾਂਹ-ਖਿਚੂ ਅਤੇ ਕਮਿਉਨਿਸਟ-ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਅਤੇ ਤਕੜੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ, ਇਥੋਂ ਤਕ ਕਿ ਗਰੀਸ, ਫਿਲਪਾਈਨ, ਇਰਾਨ ਵਰਗੇ ਦੇਸ਼ਾਂ ਵਿਚ ਅਤੇ ਖਾਸ ਕਰਕੇ ਲਾਤੀਨੀ ਅਮਰੀਕਾ ਵਿਚ ਲੋਕ-ਪਿ੍ਰਆ ਅਤੇ ਅਗਾਂਹ-ਵਧੂ ਸਰਕਾਰਾਂ ਦੇ ਖ਼ਿਲਾਫ਼ ਖੂਨੀ-ਤਖਤਾਪਲਟ ਵੀ ਜਥੇਬੰਦ ਕੀਤੇ। ਉਸਨੇ ਸੋਵੀਅਤ ਸੰਘ ਨੂੰ ਨਿਖੇੜਨ ਅਤੇ ਉਹਦੇ ਉਤੇ ਦਬਾਅ ਪਾਉਣ ਲਈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿਚ ਆਪਣੀ ਅਤੇ ਬਰਤਾਨੀਆ ਤੇ ਫਰਾਂਸ ਵਰਗੇ ਆਪਣੇ ਭਾਈਵਾਲਾਂ ਦੀ ਵੀਟੋ ਪਾਵਰ ਨੂੰ ਵੀ ਵਰਤਿਆ। ਸੋਵੀਅਤ ਸੰਘ ਅਤੇ ਸਮਾਜਵਾਦੀ ਖੇਮੇ ਦੇ ਖ਼ਿਲਾਫ਼ ਇਹ ਜਹਾਦ ਸਰਦ-ਜੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਯੁੱਧ ਤੋਂ ਤੁਰੰਤ ਬਾਦ, ਸਾਮਰਾਜਵਾਦੀ ਤਾਕਤਾਂ ਨੇ ਆਪਣੀਆਂ ਏਸ਼ੀਆਈ ਬਸਤੀਆਂ, ਜਿਨ੍ਹਾਂ ਦੇ ਲੋਕ ਸੂਰਬੀਰਤਾ ਨਾਲ ਜਪਾਨੀ ਕਬਜ਼ੇ ਦੇ ਖ਼ਿਲਾਫ਼ ਲੜੇ ਸਨ, ਉੱਤੇ ਆਪਣੀ ਹਕੂਮਤ ਦੁਬਾਰਾ ਠੋਸਣੀ ਸ਼ੁਰੂ ਕਰ ਦਿੱਤੀ। ਜਿੱਥੇ-ਕਿਤੇ ਉਹ ਆਪਣਾ ਰਾਜ ਕਾਇਮ ਨਾ ਰੱਖ ਸਕੇ, ਉਥੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਸੱਤਾ ਉਨ੍ਹਾਂ ਤਾਕਤਾਂ ਨੂੰ ਸੰਭਾਲੀ ਜਾਵੇ ਜੋ ਸਾਮਰਾਜਵਾਦੀ ਢਾਂਚੇ ਨਾਲ ਬੱਝੀਆਂ ਹੋਈਆਂ ਹੋਣ, ਜਿਵੇਂ ਕਿ ਹਿੰਦੋਸਤਾਨ ਵਿੱਚ। ਨਵੇਂ ਅਜ਼ਾਦ ਹੋਏ ਦੇਸ਼ਾਂ ਨੂੰ ਕਮਜ਼ੋਰ ਕਰਨ ਲਈ, ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨਕਸ਼ੇ ਦੁਬਾਰਾ ਵਾਹੇ ਅਤੇ ਉਨ੍ਹਾਂ ਨੂੰ ਵੰਡ ਦਿੱਤਾ। ਲੇਕਿਨ, ਚੀਨ ਵਿੱਚ ਉਨ੍ਹਾਂ ਦੀ ਇਹ ਯੋਜਨਾ ਕਾਮਯਾਬ ਨਹੀਂ ਹੋਈ, ਜਿੱਥੇ ਲੋਕਾਂ ਨੇ 1949 ਵਿੱਚ ਇਨਕਲਾਬ ਲਿਆਂਦਾ ਜਿਹਦੇ ਸਿੱਟੇ ਵਜੋਂ ਇਹ ਇੱਕ ਬਹੁਤ ਬੜਾ ਦੇਸ਼ ਸਾਮਰਾਜਵਾਦੀ ਰਾਜਾਂ ਦੇ ਢਾਂਚੇ ਵਿਚੋਂ ਬਾਹਰ ਹੋ ਗਿਆ। ਸਾਮਰਾਜਵਾਦੀਏ, ਪੱਛਮੀ ਯੂਰਪ ਵਿੱਚ ਵੀ ਲੋਕ ਮੋਰਚਿਆਂ ਦੀਆਂ ਸਰਕਾਰਾਂ ਬਣਨ ਤੋਂ ਰੋਕਣ ਵਿੱਚ ਨਾਕਾਮ ਰਹੇ।

ਅਮਰੀਕੀ ਸਾਮਰਾਜਵਾਦ ਦਾ ਇੱਕ ਹਾਵੀ ਸਾਮਰਾਜਵਾਦੀ ਮਹਾਂਸ਼ਕਤੀ ਦੇ ਤੌਰ ਉਤੇ ਉਭਰਨਾ

ਕਮਿਉਨਿਸਟ-ਵਿਰੋਧੀ ਅਤੇ ਪਿਛਾਂਹ-ਖਿਚੂ ਜਹਾਦ ਦਾ ਆਗੂ ਅਮਰੀਕਾ ਸੀ, ਜਿਸਦਾ ਦੂਸਰੇ ਵਿਸ਼ਵ ਯੁੱਧ ਵਿਚ ਮੁਕਾਬਲਤਨ ਘੱਟ ਨੁਕਸਾਨ ਹੋਇਆ ਸੀ ਅਤੇ ਉਹ ਸਾਮਰਾਜਵਾਦੀ ਖੇਮੇ ਦਾ ਨਿਰ-ਵਿਵਾਦ ਆਗੂ ਬਣ ਕੇ ਅੱਗੇ ਆਇਆ ਸੀ, ਅਜੇ ਤਕ ਵੀ ਉਹ ਇਸ ਪਦ ਉਤੇ ਬਿਰਾਜਮਾਨ ਹੈ।

ਫੌਜੀ ਗੁੱਟ ਕਾਇਮ ਕਰਨ ਤੋਂ ਇਲਾਵਾ, ਅਮਰੀਕੀ ਸਾਮਰਾਜਵਾਦ ਅਤੇ ਉਸਦੇ ਭਾਈਵਾਲਾਂ ਨੇ ਨਵੇਂ ਅਜ਼ਾਦ ਹੋਏ ਅਤੇ ਕਮਜ਼ੋਰ ਦੇਸ਼ਾਂ ਨੂੰ ਲੁੱਟਣ ਲਈ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਆਦਿ ਅਦਾਰੇ ਵੀ ਬਣਾਏ। ਇਨ੍ਹਾਂ ਦੇਸ਼ਾਂ ਵਿਚ ਕੁਲੀਨ ਵਰਗਾਂ ਨੂੰ ਵੱਢੀਆਂ ਦੇ ਕੇ ਆਪਣੇ ਨਾਲ ਗੰਢਣ ਲਈ ਅਤੇ ਸਾਮਰਾਜਵਾਦ ਦੇ ਹੱਕ ਵੀ ਰਾਖਵੇਂ ਕਰਨ ਲਈ ‘ਇਮਦਾਦੀ ਕੂਟਨੀਤੀ’ ਵੀ ਚਲਾਈ। ਲਾਤੀਨੀ ਅਮਰੀਕਾ ਨੂੰ ਅਮਰੀਕਾ ਨੇ ਆਪਣੀ ਜਾਗੀਰ ਵਾਂਗ ਵਰਤਿਆ। ਉਸਨੇ ਸਭ ਤੋਂ ਵੱਧ ਪਿਛਾਂਹ-ਖਿਚੂ ਹਕੂਮਤਾਂ ਦੀ ਪਿੱਠ ਠੋਕੀ ਅਤੇ ਚਿਲੀ ਤੇ ਗਰੇਨੇਡਾ ਵਰਗੇ ਉਹਦੀ ਵਿਰੋਧਤਾ ਕਰਨ ਵਾਲੇ ਦੇਸ਼ਾਂ ਵਿੱਚ ਤਖਤਾਪਲਟ ਕਰਵਾਏ ਅਤੇ ਦਖਲ-ਅੰਦਾਜ਼ੀਆਂ ਕੀਤੀਆਂ। ਜਦੋਂ 1959 ਵਿੱਚ ਕਿਊਬਾ ਦੀਆਂ ਇਨਕਲਾਬੀ ਤਾਕਤਾਂ ਨੇ ਅਮਰੀਕੀ ਦੇ ਹੱਥਠੋਕੇ ਬਾਟਿਸਟਾ ਦਾ ਤਖਤਾ ਉਲਟਾ ਦਿੱਤਾ ਤਾਂ ਅਮਰੀਕਾ ਨੇ ਉਨ੍ਹਾਂ ਦੇ ਇਨਕਲਾਬ ਨੂੰ ਢਾਹ ਲਾਉਣ ਲਈ ਹਰ ਹੀਲਾ ਵਰਤਿਆ, ਪਰ ਨਾਕਾਮ ਰਿਹਾ।

1950 ਵਿੱਚ ਕੋਰੀਆ ਉਤੇ ਹਮਲੇ ਤੋਂ ਸ਼ੁਰੂ ਹੋ ਕੇ, ਅਮਰੀਕੀ ਸਾਮਰਾਜਵਾਦ ਨੇ ਸਮਾਜਵਾਦੀ ਦੇਸ਼ਾਂ ਅਤੇ ਲਹਿਰਾਂ ਨੂੰ ਤੰਗ ਕਰਨ ਅਤੇ ਧਮਕਾਉਣ ਲਈ ਸਿੱਧੀ ਫੌਜੀ ਦਖਲ਼-ਅੰਦਾਜ਼ੀ ਵੀ ਕੀਤੀ ਹੈ। ਜਦੋਂ ਵੀਤਨਾਮ ਵਿੱਚ ਕਮਿਉਨਿਸਟਾਂ ਦੀ ਅਗਵਾਈ ਵਿੱਚ ਕੌਮੀ ਮੁਕਤੀ ਲਹਿਰ ਨੇ ਫਰਾਂਸੀਸੀ ਬਸਤੀਵਾਦੀ ਹਾਕਮਾਂ ਨੂੰ ਹਰਾ ਦਿੱਤਾ ਤਾਂ ਅਮਰੀਕੀ ਸਾਮਰਾਜਵਾਦ ਨੇ ਦੱਖਣੀ ਹਿੱਸੇ ਵਿੱਚ ਆਪਣੀ ਪਿੱਠੂ ਹਕੂਮਤ ਬਿਠਾਉਣ ਲਈ ਸਿੱਧੀ ਫੌਜੀ ਦਖਲ਼-ਅੰਦਾਜ਼ੀ ਕੀਤੀ। ਪਰ ਆਖਰਕਾਰ 1975 ਵਿੱਚ ਵੀਤਨਾਮੀ ਲੋਕਾਂ ਦੀਆਂ ਬਹਾਦਰਾਨਾ ਕੋਸ਼ਿਸ਼ਾਂ ਨੇ ਉਸ ਨੂੰ ਵੀ ਹਰਾ ਦਿੱਤਾ। ਇਸ ਜੰਗ ਦੁਰਾਨ ਵੀਤਨਾਮ, ਲਾਓਸ ਅਤੇ ਕੰਬੋਡੀਆ ਦੇ ਖ਼ਿਲਾਫ਼ ਢਾਹੇ ਜ਼ੁਲਮ ਵਿੱਚ ਅਮਰੀਕਾ ਨੇ ਰਸਾਇਣਿਕ, ਜੀਵਾਣੂੰ ਹਥਿਆਰਾਂ ਦੀ ਵਰਤੋਂ ਕੀਤੀ, ਜਿਨ੍ਹਾਂ ਦਾ ਬਹੁਤ ਹੀ ਤਬਾਹਕੁੰਨ ਤੇ ਮਾਰੂ ਅਸਰ ਹੋਇਆ।

ਪੱਛਮੀ ਏਸ਼ੀਆ – ਪਰਸ਼ੀਅਨ ਗਲਫ ਦੇ ਤੇਲ ਭਰਪੂਰ ਅਤੇ ਰਣਨੀਤਿਕ ਤੌਰ ਉਤੇ ਅਹਿਮ ਇਲਾਕੇ ਵਿੱਚ ਅਰਬੀ ਰਾਸ਼ਟਰਵਾਦ ਉਪਰ ਹਮਲੇ ਕਰਨ ਲਈ, ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਤੋਂ ਬਾਦ ਸਥਾਪਤ ਕੀਤੇ ਜ਼ਾਇਨਵਾਦੀ ਰਾਜ, ਇਜ਼ਰਾਈਲ, ਨੂੰ ਆਪਣੇ ਮੁੱਖ ਹਥਿਆਰ ਦੇ ਤੌਰ ਉਤੇ ਵਰਤਿਆ। ਉਸ ਨੇ ਪਿਛਾਂਹ-ਖਿਚੂ ਅਰਬੀ ਹੁਕਮਰਾਨਾਂ ਨੂੰ ਵੱਢੀਆਂ ਦੇ ਕੇ ਭਿ੍ਰਸ਼ਟ ਬਣਾ ਕੇ ਅਰਬੀ ਲੋਕਾਂ ਵਿੱਚ ਫੁੱਟ ਪਾਈ ਤਾਂ ਕਿ ਉਸ ਇਲਾਕੇ ਦੇ ਤੇਲ ਦੇ ਭੰਡਾਰਾਂ ਤਕ ਉਸ ਦੀ ਖੁੱਲ੍ਹਮ-ਖੁੱਲ੍ਹੀ ਪਹੁੰਚ ਬਣੀ ਰਹੇ। 1953 ਵਿੱਚ ਉਸ ਨੇ ਇਰਾਨ ਵਿਚ ਰਾਸ਼ਟਰਵਾਦੀ ਸਰਕਾਰ ਦਾ ਤਖਤਾਪਲਟ ਕਰਨ ਅਤੇ ਉਥੇ ਆਪਣੇ ਪਿੱਠੂ, ਸ਼ਾਹ ਨੂੰ ਸੱਤਾ ਉਤੇ ਲਿਆਉਣ ਵਿਚ ਮੱਦਦ ਕੀਤੀ। 1979 ਵਿੱਚ ਹੋਏ ਇਰਾਨੀ ਇਨਕਲਾਬ ਨੇ ਸ਼ਾਹ ਦਾ ਤਖਤਾ ਉਲਟਾ ਦਿੱਤਾ। ਉਸ ਤੋਂ ਬਾਦ ਅਮਰੀਕਾ ਨੇ ਉਥੋਂ ਦੀ ਇਨਕਲਾਬੀ ਸਰਕਾਰ, ਜਿਸ ਨੂੰ ਉਹ ‘ਇਸਲਾਮੀ ਕੱਟੜਪੰਥੀ’ ਕਹਿੰਦਾ ਹੈ, ਨੂੰ ਢਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

60ਵਿਆਂ ਦੇ ਦਹਾਕੇ ਦੇ ਸ਼ੁਰੂ ਵਿੱਚ, ਸੋਵੀਅਤ ਸੰਘ, ਜੋ ਇਨਕਲਾਬ ਅਤੇ ਕੌਮੀ ਮੁਕਤੀ ਦੇ ਸੰਘਰਸ਼ਾਂ ਦਾ ਥੰਮ ਸੀ, ਅਮਨ ਅਤੇ ਕੌਮੀ ਅਧਿਕਾਰਾਂ ਦਾ ਰਖਵਾਲਾ ਸੀ, ਇੱਕ ਸਮਾਜਿਕ-ਸਾਮਰਾਜਵਾਦੀ ਰਾਜ ਵਿੱਚ ਤਬਦੀਲ ਹੋ ਗਿਆ। ਉਸਨੇ ਮੰਡੀਆਂ ਅਤੇ ਅਸਰ-ਰਸੂਖ ਵਧਾਉਣ ਖਾਤਿਰ ਅਮਰੀਕਾ ਨਾਲ ਸਹਿਯੋਗ ਕਰਨਾ ਅਤੇ ਟੱਕਰ ਲੈਣਾ ਸ਼ੁਰੂ ਕਰ ਦਿੱਤਾ। ਆਪਣੀਆਂ ਸਾਮਰਾਜਵਾਦੀ ਹਰਕਤਾਂ ਨੂੰ ਜਾਇਜ਼ ਠਹਿਰਾਉਣ ਲਈ, ਉਸਨੇ ਸਮਾਜਵਾਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਸੋਵੀਅਤ ਸੰਘ ਨੇ 1968 ਵਿੱਚ ਚੈਕੋਸਲਾਵਾਕੀਆ ਉੱਤੇ ਅਤੇ 1978 ਵਿਚ ਅਫਗ਼ਾਨਿਸਤਾਨ ਉੱਤੇ ਹਮਲਾ ਕੀਤਾ। ਅਮਰੀਕੀ ਅਗਵਾਈ ਵਾਲੇ ਫੌਜੀ ਗੁੱਟ, ਨੇਟੋ, ਦੇ ਮੁਕਾਬਲੇ ਵਿੱਚ ਸੋਵੀਅਤ ਸੰਘ ਨੇ ਵਾਰਸਾ ਸੰਧੀ ਸਥਾਪਤ ਕਰ ਲਈ, ਜੋ ਉਸਦੇ ਸਹਿਯੋਗੀ ਦੇਸ਼ਾਂ ਦਾ ਫੌਜੀ ਗੁੱਟ ਸੀ।

ਦੋਵਾਂ ਹੀ ਮਹਾਂ-ਸ਼ਕਤੀਆਂ, ਅਮਰੀਕਾ ਅਤੇ ਸੋਵੀਅਤ ਸੰਘ, ਨੇ ਆਪਣੇ-ਆਪਨੂੰ ਸਭ ਤੋਂ ਵੱਧ ਤਬਾਹਕੁੰਨ ਪ੍ਰਮਾਣੂੰ ਅਤੇ ਜੀਵਾਣੂੰ-ਜੰਗ ਦੇ ਹਥਿਆਰਾਂ ਨਾਲ ਲੈਸ ਕਰ ਲਿਆ। ਦੋਵਾਂ ਹੀ ਮਹਾਂ-ਸ਼ਕਤੀਆਂ ਨੇ ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿੱਚ ਨਾਜ਼ੀ ਫਾਸ਼ੀਵਾਦ ਦੀ ਹਾਰ ਤੋਂ ਬਾਅਦ ਸਰਬਵਿਆਪਕ ਤੌਰ ਉਤੇ ਮੰਨੇ ਗਏ ਅਸੂਲਾਂ ਨੂੰ ਪੈਰਾਂ ਹੇਠ ਲਿਤਾੜ ਦਿੱਤਾ। ਦੋਵਾਂ ਨੇ ਹੀ ਦੁਨੀਆਂ ਨੂੰ ਦੂਸਰੇ ਤੋਂ ਬਚਾਉਣ ਦੇ ਦਾਅਵੇ ਕੀਤੇ।

1991 ਵਿੱਚ ਸੋਵੀਅਤ ਸੰਘ ਦੇ ਟੋਟੇ ਹੋ ਜਾਣ ਤੋਂ ਬਾਅਦ, ਜਦੋਂ ਸਰਦ ਜੰਗ ਦਾ ਅੰਤ ਵੀ ਹੋ ਗਿਆ ਸੀ, ਵੀ ਅਮਰੀਕੀ ਸਾਮਰਾਜਵਾਦ ਨੇ ਇੱਕ-ਧਰੁਵੀ ਦੁਨੀਆਂ ਵਿਚ ਇੱਕੋ-ਇੱਕ ਅਤੇ ਚੁਣੌਤੀ-ਰਹਿਤ ਮਹਾਂ-ਸ਼ਕਤੀ ਬਣਨ ਦਾ ਰਸਤਾ ਅਪਣਾਈ ਰੱਖਿਆ। ਇਸ ਨਿਸ਼ਾਨੇ ਨਾਲ ਉਸ ਨੇ ਪੱਛਮੀ ਯੂਰਪ ਅਤੇ ਸਾਬਕਾ ਸੋਵੀਅਤ ਗਣਰਾਜਾਂ ਨੂੰ ਰੂਸ ਦੇ ਪ੍ਰਭਾਵ ਤੋਂ ਪਰ੍ਹੇ ਕਰਕੇ ਉਸ ਨੂੰ ਕਮਜ਼ੋਰ ਕਰਨਾ ਜਾਰੀ ਰੱਖਿਆ। ਉਸਨੇ ਹਰ ਉਸ ਦੇਸ਼ ਜਾਂ ਸਰਕਾਰ ਦੇ ਖ਼ਿਲਾਫ਼ ਹਿੰਸਕ ਹਮਲੇ ਕੀਤੇ ਹਨ, ਜੋ ਉਸ ਦੀ ਹੁਕਮਸ਼ਾਹੀ ਦੀ ਵਿਰੋਧਤਾ ਕਰਦੀ ਹੈ। ਇਸਦੇ ਸਿੱਟੇ ਵਜੋਂ ਅਫਗਾਨਿਸਤਾਨ, ਇਰਾਕ, ਲਿਬੀਆ, ਸੀਰੀਆ ਅਤੇ ਹੋਰ ਕਈ ਦੇਸ਼ਾਂ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾ ਚੁੱਕਾ ਹੈ। ਕੁੱਝ ਹੋਰ ਦੇਸ਼ਾਂ ਦੇ ਖ਼ਿਲਾਫ਼, ਉਨ੍ਹਾਂ ਉਤੇ ਆਰਥਿਕ ਬੰਦਸ਼ਾਂ ਲਾ ਕੇ ਉਨ੍ਹਾਂ ਦੀ ਸੰਘੀ ਨਪੀੜ ਦਿੰਦਾ ਹੈ, ਜਿਸ ਦਾ ਮਕਸਦ ਉਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਅਥਾਹ ਕਠਨਾਈਆਂ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਬਾਗੀ ਹੋਣ ਲਈ ਉਕਸਾਉਣਾ ਹੈ। ਜਰਮਨੀ ਅਤੇ ਯੂਰਪੀਨ ਸੰਘ ਵਰਗੇ ਆਪਣੇ ਦੋਸਤ ਦੇਸ਼ਾਂ ਦੇ ਖ਼ਿਲਾਫ਼ ਵੀ, ਅਮਰੀਕਾ ਨੇ ਦਬਾਅ ਪਾਉਣ ਅਤੇ ਉਨ੍ਹਾਂ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਕਰਨ ਦਾ ਰਸਤਾ ਅਪਣਾਇਆ ਹੈ, ਤਾਂ ਕਿ ਉਹ ਕਿਸੇ ਹੀਲੇ ਵੀ ਉਸ ਦੀ ਚੌਧਰ ਨੂੰ ਚੁਣੌਤੀ ਨਾ ਦੇ ਸਕਣ।

ਪਿਛਲੇ ਕੁੱਝ ਸਾਲਾਂ ਤੋਂ ਅਮਰੀਕੀ ਸਾਮਰਾਜਵਾਦ, ਇੱਕੋ-ਇੱਕ ਮਹਾਂਸ਼ਕਤੀ ਹੋਣ ਦੇ ਆਪਣੇ ਰੁਤਬੇ ਲਈ, ਤੇਜ਼ ਰਫਤਾਰ ਨਾਲ ਵਿਕਾਸ ਕਰ ਰਹੇ ਚੀਨ ਨੂੰ ਖਤਰਾ ਸਮਝ ਰਿਹਾ ਹੈ। ਉਸਨੇ ਚੀਨ ਦੇ ਖ਼ਿਲਾਫ਼ ਕਈ ਇੱਕ ਭੜਕਾਊ ਕਾਰਵਾਈਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦੱਖਣ ਚੀਨੀ ਸਮੁੰਦਰ ਵਿੱਚ ਆਪਣੇ ਬਹਿਰੀ ਜੰਗੀ ਬੇੜੇ ਭੇਜਣਾ, ਵਪਾਰਕ ਜੰਗ ਛੇੜਨਾ, ਹਾਂਗਕਾਂਗ ਅਤੇ ਤਾਇਵਾਨ ਵਿੱਚ ਚੀਨ-ਵਿਰੋਧੀ ਤਾਕਤਾਂ ਦੀ ਹਮਾਇਤ ਤੇਜ਼ ਕਰਨਾ ਅਤੇ ਬਦੇਸ਼ਾਂ ਵਿਚਲੀਆਂ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ। ਕਰੋਨਾ ਵਾਇਰਸ ਦੇ ਚਲਦਿਆਂ, ਉਹ ਬਿਨਾਂ ਕੋਈ ਸਬੂਤ ਦਿੱਤਿਆਂ ਚੀਨ ਉੱਤੇ ਇਸ ਵਾਇਰਸ ਨੂੰ ਫੈਲਾਉਣ ਦਾ ਇਲਜ਼ਾਮ ਲਾ ਰਿਹਾ ਹੈ ਅਤੇ ਚੀਨ ਦੇ ਖ਼ਿਲਾਫ਼ ਹਿੰਦੋਸਤਾਨ ਸਮੇਤ ਕਈਆਂ ਦੇਸ਼ਾਂ ਦਾ ਗੁੱਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਮਰੀਕੀ ਸਾਮਰਾਜ ਵਲੋਂ ਪੂਰੀ ਇਕਾਗਰਤਾ ਨਾਲ ਆਪਣੀ ਚੌਧਰ ਨੂੰ ਕਾਇਮ ਰੱਖਣ ਅਤੇ ਇਸ ਦਾ ਪਸਾਰਾ ਕਰਨ ਦੀ ਦੌੜ ਦੁਨੀਆਂ ਵਿੱਚ ਭੂ-ਸਿਆਸੀ ਤਣਾਓ ਦੇ ਵਧਣ ਦਾ ਕਾਰਨ ਹੈ ਅਤੇ ਇੱਕ ਹੋਰ ਵਿਸ਼ਵ ਯੁੱਧ ਲੱਗਣ ਦੇ ਖਤਰੇ ਦਾ ਕਾਰਕ ਹੈ। ਪਿਛਲੇ ਵਿਸ਼ਵ ਯੁੱਧ ਦੀਆਂ ਭਿਅੰਕਰਤਾਵਾਂ ਨੂੰ ਯਾਦ ਕਰਦਿਆਂ, ਇਹ ਸਮਝਣਾ ਸਭ ਤੋਂ ਜ਼ਰੂਰੀ ਹੈ ਕਿ ਜੇਕਰ ਅਮਰੀਕੀ ਸਾਮਰਾਜਵਾਦ ਦੀ ਅਗਵਾਈ ਵਿਚ ਸਾਮਰਾਜਵਾਦੀ ਚੜ੍ਹਤ ਨੂੰ ਰੋਕਿਆ ਨਹੀਂ ਜਾਂਦਾ ਤਾਂ ਸਮੁੱਚੀ ਮਨੁੱਖਤਾ ਉਸ ਤੋਂ ਵੀ ਵੱਡੀ ਤਬਾਹੀ ਦੀ ਕਗਾਰ ‘ਤੇ ਖੜ੍ਹੀ ਹੈ।

Share and Enjoy !

Shares

Leave a Reply

Your email address will not be published. Required fields are marked *