ਦੁਨੀਆਂਭਰ ਵਿੱਚ ਮਜ਼ਦੂਰ ਆਪਣੇ ਹੱਕਾਂ ਵਾਸਤੇ ਲੜ ਰਹੇ ਹਨ

ਅਰਜਨਟੀਨਾ: ਮਜ਼ਦੂਰ ਆਪਣੇ ਬਕਾਇਆ ਵੇਤਨ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ

17 ਅਗਸਤ ਨੂੰ ਰਾਜਧਾਨੀ, ਬੂਨਜ਼-ਆਇਰਸ ਵਿੱਚ 25,000 ਤੋਂ ਵੱਧ ਮਜ਼ਦੂਰਾਂ ਨੇ ਸਰਕਾਰ ਵਲੋਂ ਕੋਵਿਡ-19 ਅਤੇ ਦੇਸ਼ ਵਿੱਚ ਆਰਥਿਕ ਸੰਕਟ ਨਾਲ ਅਸਰਦਾਇਕ ਢੰਗ ਨਾਲ ਨਾ ਨਜਿੱਠਣ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਉਸੇ ਦਿਨ ਚੁਬੁਟ ਪ੍ਰਾਂਤ ਦੇ ਸਵਾਸਥ ਸੇਵਾ ਮਜ਼ਦੂਰਾਂ ਦੀ ਜਥੇਬੰਦੀ, ਪਬਲਿਕ ਹੈਲਥ ਵਰਕਰਜ਼ ਸਿੰਡੀਕੇਟ, ਨੇ 72 ਘੰਟੇ ਲਈ ਹੜਤਾਲ਼ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਹੜਤਾਲ਼ ਸਰਕਾਰ ਵਲੋਂ ਮਜ਼ਦੂਰਾਂ ਨੂੰ ਕਈਆਂ ਮਹੀਨਿਆਂ ਤੋਂ ਵੇਤਨ ਨਾ ਦਿੱਤੇ ਜਾਣ ਕਾਰਨ ਕੀਤੀ ਗਈ ਸੀ। ਮੁਜ਼ਾਹਰਾਕਾਰੀਆਂ ਨਿੱਜੀ ਬਚਾਓ ਦੇ ਸਮਾਨ ਦੀ ਨਾਕਾਫੀ ਸਪਲਾਈ ਦੀ ਵੀ ਨਿਖੇਧੀ ਕੀਤੀ।

ਪੂਰਬੀ ਚੁਬੁਟ ਦੇ ਸ਼ਹਿਰ, ਟਰੀਲੂ ਵਿੱਚ ਸਿੰਡੀਕੇਟ ਅਤੇ ਟੀਚਰਾਂ ਦੀ ਯੂਨੀਅਨ, ਏ ਟੀ ਈ ਸੀ ਐਚ ਨੇ 10 ਅਗਸਤ ਨੂੰ ਸ਼ੁਰੂ ਹੋਣ ਵਾਲੇ ਹਫਤੇ ਵਿੱਚ ਆਪਣੇ ਵੇਤਨ, ਬੋਨਸ ਅਤੇ ਭੱਤੇ ਦਿੱਤੇ ਜਾਣ ਦੀ ਮੰਗ ਲਈ ਹੜਤਾਲ਼ਾਂ ਅਤੇ ਮੁਜ਼ਾਹਰੇ ਕੀਤੇ।

ਕੀਨੀਆ ਨੈਸ਼ਨਲ ਯੂਨੀਅਨ ਆਫ ਨਰਸਿਜ਼ (ਕੇ ਐਨ ਯੂ ਐਨ) ਨੇ ਵੇਤਨ ਦਿੱਤੇ ਜਾਣ ਵਿਚ ਦੇਰੀ, ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਲੋੜੀਂਦੀ ਪੀ ਪੀ ਈ ਦੀ ਕਮੀ ਅਤੇ ਮੈਡੀਕਲ ਇੰਸ਼ੋਰੈਂਸ ਨਾ ਹੋਣ ਦੇ ਕਾਰਨ ਹੜਤਾਲ਼ ਕਰਨ ਵਾਸਤੇ 2 ਅਗਸਤ ਵਾਲੇ ਦਿਨ ਸੱਤ ਦਿਨਾਂ ਦਾ ਨੋਟਿਸ ਜਾਰੀ ਕਰ ਦਿੱਤਾ ਹੈ।

ਕੇ ਐਨ ਯੂ ਐਨ ਦੇ ਜਨਰਲ ਸਕੱਤਰ ਸੇਠ ਪਨਿਯਾਕੋ ਨੇ ਕਿਹਾ ਹੈ ਕਿ “ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਅਸੀਂ ਤਮਾਮ ਸਵਾਸਥ ਮਜ਼ਦੂਰ ਅਤੇ ਹੋਰ ਸਰਕਾਰੀ ਕਰਮਚਾਰੀ ਇਸ ਦੇਸ਼ ਦੇ ਗੋਡੇ ਟਿਕਾ ਦਿਆਂਗੇ, ਜੇਕਰ ਇਨ੍ਹਾਂ ਮਾਮਲਿਆਂ ਨੂੰ ਫੌਰੀ ਤੌਰ ਉਤੇ ਨਾ ਨਜਿੱਠਿਆ ਗਿਆ, ਖਾਸ ਕਰਕੇ ਪਿਛਲੇ ਤਿੰਨਾਂ ਮਹੀਨਿਆਂ ਦੀ ਬਕਾਇਆ ਤਨਖਾਹ ਦੇ ਮਾਮਲੇ ਨੂੰ। ਸਾਡੀਆਂ ਨਰਸਾਂ ਅਤੇ ਡਾਕਟਰਾਂ ਨੂੰ ਵਾਇਰਸ ਦੀ ਛੂਤ ਲੱਗ ਰਹੀ ਹੈ, ਉਨ੍ਹਾਂ ਦੀ ਤਨਖਾਹ ਰੁਕੀ ਹੋਈ ਹੋਣ ਕਾਰਨ ਉਹ ਆਪਣੇ ਮਕਾਨਾਂ ਦਾ ਕਿਰਾਇਆ ਨਹੀਂ ਦੇ ਸਕਦੇ ਜਾਂ ਰਾਸ਼ਨ ਨਹੀਂ ਖ੍ਰੀਦ ਸਕਦੇ”।

ਚਿਤਾਵਨੀ ਉੱਤੇ ਪੂਰਾ ਉਤਰਦਿਆਂ, ਕੀਨੀਆ ਵਿੱਚ ਦਰਜਨਾਂ ਹੀ ਡਾਕਟਰਾਂ ਨੇ 10 ਅਗਸਤ ਨੂੰ ਹੜਤਾਲ਼ ਸ਼ੁਰੂ ਕਰ ਦਿੱਤੀ। ਰਿਪੋਰਟਾਂ ਮੁਤਾਬਿਕ, ਤਨਖਾਹਾਂ ਰੁਕੀਆਂ ਹੋਈਆਂ ਹੋਣ ਕਰਕੇ, ਜਿਨ੍ਹਾਂ ਡਾਕਟਰਾਂ ਨੂੰ ਕੋਵਿਡ-19 ਦੀ ਛੂਤ ਲਗ ਜਾਂਦੀ ਹੈ, ਉਨ੍ਹਾਂ ਨੂੰ ਆਪਣੇ ਇਲਾਜ਼ ਵਾਸਤੇ ਆਪਣੀ ਬੱਚਤ ਵਿਚੋਂ ਪੈਸੇ ਖਰਚਣੇ ਪੈ ਰਹੇ ਹਨ।

ਕੀਨੀਆ ਮੈਡੀਕਲ ਪ੍ਰੈਕਟੀਸ਼ਨਰਜ਼, ਫਾਰਮਿਸਟਸ ਐਂਡ ਡੈਂਟਿਸਟ ਯੂਨੀਅਨ ਦੇ ਮੀਤ ਪ੍ਰਧਾਨ ਓਚਾਂਜੀ ਨੇ ਕਿਹਾ ਕਿ “ਸਾਡੇ ਸਹਿ-ਕਰਮੀ, ਜਿਨ੍ਹਾਂ ਨੂੰ ਕੋਵਿਡ ਹੋ ਗਿਆ ਹੈ ਅਤੇ ਉਹ ਨਿਵੇਕਲੇ ਰੱਖੇ ਜਾ ਰਹੇ ਹਨ, ਬਾਵਯੂਦ ਇਸ ਦੇ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਕਰਦਿਆਂ ਕਰੋਨਾ ਲੱਗਿਆ ਹੈ, ਉਨ੍ਹਾਂ ਨੂੰ ਇਲਾਜ਼ ਦੇ ਪੈਸੇ ਖੁਦ ਦੇਣੇ ਪੈ ਰਹੇ ਹਨ”।

ਸ਼੍ਰੀ ਲੰਕਾ: ਕੋਲੰਬੋ ਬੰਦਰਗਾਹ ਦੇ ਮਜ਼ਦੂਰਾਂ ਵਲੋਂ ਲੇਆਫ (ਛਾਂਟੀ) ਦੀ ਵਿਰੋਧਤਾ

ਕੋਲੰਬੋ ਦੀ ਬੰਦਰਗਾਹ ਉੱਤੇ ਕੰਮ ਕਰਨ ਵਾਲੇ ਮਜ਼ਦੂਰ, ਕੋਵਿਡ-19 ਮਹਾਂਮਾਰੀ ਦੁਰਾਨ ਕੰਮ ਤੋਂ ਹਟਾਏ ਗਏ ਮਜ਼ਦੂਰਾਂ ਨੂੰ ਦੁਬਾਰਾ ਕੰਮ ਉੱਤੇ ਰੱਖੇ ਜਾਣ ਦੀ ਮੰਗ ਲਈ 10 ਅਗਸਤ ਤੋਂ ਲੈ ਕੇ ਹੜਤਾਲ਼ ਉੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਕੰਮ ਤੋਂ ਹਟਾਇਆਂ ਪੰਜ ਮਹੀਨਿਆਂ ਤੋਂ ਵੱਧ ਹੋ ਚੁੱਕੇ ਹਨ, ਪਰ ਹਾਲੇ ਤਾਂਈਂ ਉਨ੍ਹਾਂ ਨੂੰ ਵਾਪਸ ਨਹੀਂ ਬੁਲਾਇਆ ਗਿਆ। ਚਾਈਨਾ ਹਾਰਬਰ ਕੰਪਨੀ ਨੇ ਬਹੁਤ ਹੀ ਘੱਟ ਮਜ਼ਦੂਰਾਂ ਤੋਂ ਕੰਮ ਲੈਂਦਿਆਂ ਹੋਇਆਂ ਆਪਣਾ ਕਾਰੋਬਾਰ ਜਾਰੀ ਰੱਖਿਆ, ਪਰ ਤਾਲਾਬੰਦੀ ਖਤਮ ਹੋ ਜਾਣ ਦੇ ਬਾਵਯੂਦ ਮਜ਼ਦੂਰਾਂ ਨੂੰ ਵਾਪਸ ਨਹੀਂ ਬੁਲਾਇਆ। ਕੰਪਨੀ ਨੇ ਉਨ੍ਹਾਂ ਨੂੰ 5000 ਰੁਪਏ ਮਾਸਿਕ ਭੱਤਾ ਦਿੱਤਾ ਹੈ, ਜਦ ਕਿ ਸਰਕਾਰ ਵਲੋਂ ਐਲਾਨੀ ਗਈ ਘੱਟ ਤੋਂ ਘੱਟ ਵੇਤਨ 14,500 ਰੁਪਏ ਹੈ।

ਡਰਾਈਵਰਾਂ, ਇਨਸਪੈਕਟਰਾਂ ਅਤੇ ਹੋਰ ਮਜ਼ਦੂਰਾਂ ਸਮੇਤ ਸੈਂਕੜੇ ਹੀ ਮਜ਼ਦੂਰਾਂ ਨੇ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਉਹ ਲੇਬਰ ਕਮਿਸ਼ਨਰ ਨਾਲ ਗੱਲਬਾਤ ਦੀ ਮੰਗ ਕਰ ਰਹੇ ਹਨ।

ਦੱਖਣੀ ਕੋਰੀਆ: ਡਾਕਟਰ ਹੜਤਾਲ਼ ਉੱਤੇ

ਦੱਖਣੀ ਕੋਰੀਆ ਵਿੱਚ ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਡਾਕਟਰ, 7 ਅਗਸਤ ਤੋਂ ਲੈ ਕੇ ਹੜਤਾਲ਼ ਉੱਤੇ ਹਨ। ਉਨ੍ਹਾਂ ਨੇ ਪਾਰਲੀਮੈਂਟ ਦੇ ਸਾਹਮਣੇ ਮੁਜ਼ਾਹਰੇ ਵੀ ਕੀਤੇ ਹਨ। ਇਹ ਹੜਤਾਲ਼ ਸਰਕਾਰ ਦੇ “ਮੈਡੀਕਲ ਕਰਮਚਾਰੀ ਸੁਧਾਰਾਂ” ਦੇ ਪ੍ਰਸਤਾਵ ਦੇ ਖ਼ਿਲਾਫ਼ ਕੀਤੀ ਗਈ ਸੀ।

ਹੜਤਾਲ਼ੀ ਡਾਕਟਰਾਂ ਨੇ ਧਿਆਨ ਦੁਆਇਆ ਹੈ ਕਿ ਦਿਹਾਤੀ ਇਲਾਕਿਆਂ ਵਿੱਚ ਡਾਕਟਰਾਂ ਦੀ ਕਮੀ ਦਾ ਕਾਰਨ ਇਹ ਹੈ ਕਿ ਦਿਹਾਤ ਵਿੱਚ ਡਾਕਟਰਾਂ ਦੀ ਤਨਖਾਹ ਬਹੁਤ ਘੱਟ ਹੈ। ਵਿਦਿਆਰਥੀ ਡਾਕਟਰਾਂ ਨੇ ਕਿਹਾ ਹੈ ਕਿ ਮੌਜੂਦਾ ਸਿਖਾਂਦਰੂ ਡਾਕਟਰਾਂ ਦੇ ਵੇਤਨ ਬੇਹਤਰ ਕਰਨ ਨਾਲ ਉਨ੍ਹਾਂ ਨੂੰ ਸੋਲ ਤੋਂ ਬਾਹਰ ਦਿਹਾਤ ਵਿਚ ਜਾਣ ਲਈ ਉਤਸ਼ਾਹ ਮਿਲੇਗਾ, ਜਿੱਥੇ ਹੋਰ ਵਧੇਰੇ ਡਾਕਟਰਾਂ ਦੀ ਜ਼ਰੂਰਤ ਹੈ। ਕੋਰੀਅਨ ਮੈਡੀਕਲ ਐਸੋਸੀਏਸ਼ਨ (ਕੇ ਐਮ ਏ) ਨੇ ਦੋਸ਼ ਲਾਇਆ ਹੈ ਕਿ ਸਰਕਾਰ ਕੋਈ ਖਾਸ ਵਿੱਤੀ ਸਹਾਇਤਾ ਦੀ ਪੇਸ਼ਕਸ਼ ਨਹੀਂ ਕਰ ਰਹੀ, ਉਸ ਦੀ ਸ਼ਿਕਾਇਤ ਹੈ ਕਿ ਤਨਖਾਹ ਬਹੁਤ ਹੀ ਘੱਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਸ਼ਹਿਰਾਂ ਤੋਂ ਬਾਹਰ ਡਾਕਟਰਾਂ ਦੀ ਕਮੀ ਦਾ ਕਾਰਨ ਡਾਕਟਰੀ ਸਹਾਇਤਾ ਦੀ ਢਾਂਚਾਗਤ ਸੁਿਵਧਾ ਦੀ ਪਤਲੀ ਹਾਲਤ ਅਤੇ ਇਨ੍ਹਾਂ ਇਲਾਕਿਆਂ ਵਿੱਚ ਚਲੇ ਜਾਣ ਲਈ ਡਾਕਟਰਾਂ ਨੂੰ ਉਤਸ਼ਾਹਤ ਕਰਨ ਲਈ ਵਿੱਤੀ ਵਸੀਲਿਆਂ ਦੀ ਕਮਜ਼ੋਰੀ ਹੈ।

ਹੜਤਾਲ਼ ਵਿੱਚ ਕੋਰੀਅਨ ਇੰਟਰਮ ਰੈਜ਼ੀਡੈਂਟ ਐਸੋਸੀਏਸ਼ਨ ਦੇ 16,000 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ। ਸਿਖਾਂਦਰੂ ਡਾਕਟਰਾਂ ਵਲੋਂ ਫੜੇ ਹੋਏ ਪਲੇਕਾਰਡਾਂ ਉੱਤੇ ਲਿਖਿਆ ਸੀ, “ਸਿਖਾਂਦਰੂ ਗੁਲਾਮ ਨਹੀਂ ਹਨ” ਅਤੇ “ਸਿਖਾਂਦਰੂ ਦੱਖਣੀ ਕੋਰੀਆ ਦਾ ਭਵਿੱਖ ਹਨ”। “ਸਾਨੂੰ ਨੌਜਵਾਨ ਡਾਕਟਰਾਂ ਨੂੰ ਨਿਊਨਤਮ ਵੇਤਨ ਦਿੱਤੇ ਜਾਂਦੇ ਹਨ ਅਤੇ ਅਸੀਂ 80 ਘੰਟੇ ਪ੍ਰਤੀ ਹਫਤਾ ਤੋਂ ਵੱਧ ਕੰਮ ਕਰਦੇ ਹਾਂ, ਜੋ ਕਿ ਲੇਬਰ ਕਾਨੂੰਨ ਵਿੱਚ ਤੈਅਸ਼ੂਦਾ ਤੋਂ ਦੁੱਗਣਾ ਹੈ”। “ਸਾਡਾ ਕੁੱਝ ਨਹੀਂ ਵਿਗੜਨਾ”।

close

Share and Enjoy !

Shares

Leave a Reply

Your email address will not be published. Required fields are marked *