ਸਰਮਾਏਦਾਰੀ ਦੇ ਅਜਾਰੇਦਾਰੀ ਪੜਾਅ ‘ਤੇ ਬੈਂਕਾਂ ਦੀ ਭੂਮਿਕਾ ਬਾਰੇ ਲੈਨਿਨ ਦੀ ਸਿੱਖਿਆ

ਹਾਲ ਹੀ ਵਿੱਚ ਕੁਛ ਸਰਵਜਨਕ ਬੈਂਕਾਂ ਦੇ ਰਲੇਵੇਂ ਤੋਂ ਬਾਦ, ਸਾਡੇ ਦੇਸ਼ ਦੇ ਬੈਂਕਿੰਗ ਸਰਮਾਏ ਦਾ ਵੱਡੇ ਪੈਮਾਨੇ ‘ਤੇ ਸਕੇਂਦਰੀਕਰਣ ਦੇਖਿਆ ਗਿਆ ਹੈ। ਇਸ ਸੰਦਰਵ ਵਿੱਚ, ਸਰਮਾਏ ਦੇ ਸਾਮਰਾਜਵਾਦੀ ਪੜਾਅ ਵਿੱਚ ਬੈਂਕਾਂ ਦੀ ਭੂਮਿਕਾ ਬਾਰੇ ਲੈਨਿਨ ਦੀ ਸਿੱਖਿਆ ਨੂੰ ਯਾਦ ਕਰਨਾ ਬੇਹੱਦ ਉੱਪਯੋਗੀ ਹੈ। ਲੈਨਿਨ ਦੀ ਕਿਤਾਬ, “ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ”, ਸਾਨੂੰ ਦੱਸਦੀ ਹੈ ਕਿ ਜਦੋਂ ਬੈਂਕ ਅਜਾਰੇਦਾਰੀ ਵਿੱਚ ਤਬਦੀਲ ਹੋਏ ਸਨ, ਉਸ ਸਮੇਂ ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਨਾਲ ਬਦਲ ਰਹੀ ਸੀ।

ਬੈਂਕਾਂ ਦਾ ਪ੍ਰਮੁੱਖ ਕੰਮ ਹੈ, ਭੁਗਤਾਨ ਦੀ ਪ੍ਰਕ੍ਰਿਆ ਵਿੱਚ ਵਿਚੋਲੇ ਦਾ ਕੰਮ ਕਰਨਾ। ਬੈਂਕ ਵਿਭਿੰਨ ਸ੍ਰੋਤਾਂ ਤੋਂ ਧਨ ਇਕੱਠਾ ਕਰਦੇ ਹਨ ਅਤੇ ਉਹਨੂੰ ਸਰਮਾਏਦਾਰ ਦੀ ਸੇਵਾ ਵਿੱਚ ਲਗਾਉਂਦੇ ਹਨ। ਅਜਿਹਾ ਕਰਦੇ ਹੋਏ ਬੈਂਕ ਬੇਹਰਕਤ (ਸਿਥਲ) ਮੁਦਰਾ ਸਰਮਾਏ ਨੂੰ ਮੁਨਾਫ਼ੇ ਬਨਾਉਣ ਵਾਲੇ ਸਰਮਾਏ ਵਿੱਚ ਬਦਲਦੇ ਹਨ।

20ਵੀਂ ਸਦੀ ਦੀ ਸ਼ੁਰੂਆਤ ਤੱਕ ਦੁਨੀਆਂ ਦੇ ਪ੍ਰਮੁੱਖ ਸਰਮਾਏਦਾਰ ਦੇਸ਼ਾਂ ਵਿੱਚ ਉਦਯੋਗ ਅਤੇ ਆਵਾਜਾਈ ਦੇ ਖੇਤਰਾਂ ਵਿੱਚ ਅਜਾਰੇਦਾਰੀਆਂ ਦੇ ਵਿਕਾਸ ਦੇ ਨਾਲ-ਨਾਲ ਬੈਂਕ ਵੀ ਇੱਕ ਸਧਾਰਣ ਵਿਚੋਲੇ ਤੋਂ ਅੱਗੇ ਵਧਦੇ ਹੋਏ ਤਾਕਤਵਾਰ ਅਜਾਰੇਦਾਰੀਆਂ ਵਿੱਚ ਬਦਲ ਗਏ। ਲੈਨਿਨ ਲਿਖਦੇ ਹਨ ਕਿ “ਇਹਨਾ ਬੈਂਕਾਂ ਦੇ ਹੱਥਾਂ ਵਿੱਚ ਕਿਸੇ ਇੱਕ ਦੇਸ਼ ਅਤੇ ਕਈ ਦੂਜੇ ਦੇਸ਼ਾਂ ਦੇ ਸਾਰੇ ਸਰਮਾਏਦਾਰਾਂ ਸਮੇਤ, ਛੋਟੀ ਮਾਲਕੀ ਦਾ ਲੱਗਭਗ ਸਾਰਾ ਮੁਦਰਾ ਸਰਮਾਇਆ ਅਤੇ ਉਤਪਾਦਨ ਦੇ ਸਾਧਨ ਅਤੇ ਕੱਚੇ-ਮਾਲ ਦੇ ਸ੍ਰੋਤਾਂ ਦਾ ਜਿਆਦਾ ਭਾਗ ਹੁੰਦਾ ਹੈ”।

ਲੈਨਿਨ ਅੱਗੇ ਦੱਸਦੇ ਹਨ ਕਿ:

“ਅਨੇਕ ਛੋਟੇ-ਛੋਟੇ ਵਿਚੋਲਿਆਂ ਦਾ ਮੁੱਠੀਭਰ ਅਜਾਰੇਦਾਰਾਂ ਵਿੱਚ ਬਦਲ ਜਾਣਾ, ਸਰਮਾਏਦਾਰੀ ਦੇ ਵਿਕਸਿਤ ਹੋ ਕੇ ਸਰਮਾਏਦਾਰਾ ਸਾਮਰਾਜਵਾਦ ਦਾ ਰੂਪ ਧਾਰਣ ਕਰ ਲੈਣ ਦੀ ਇੱਕ ਮੂਲਭੂਤ ਪ੍ਰਕ੍ਰਿਆ ਹੈ”।

ਸੌ ਸਾਲ ਪਹਿਲਾਂ, ਜਦੋਂ ਲੈਨਿਨ ਨੇ ਇਸ ਪ੍ਰਕ੍ਰਿਆ ਦਾ ਵਿਸਲੇਸ਼ਣ ਕੀਤਾ ਸੀ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਬੈਂਕਾਂ ਅਤੇ ਬੀਮਾ ਵਰਗੀਆਂ ਵਿੱਤੀ ਕੰਪਣੀਆਂ ਦਾ ਦਬਦਬਾ ਕਈ ਗੁਣਾ ਵਧ ਗਿਆ ਹੈ।

ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਣੀਆਂ ਦੀ ਸੂਚੀ ਵਿੱਚ ਵਿਸ਼ਾਲ ਵਿੱਤ ਸੰਸਥਾਨਾਂ ਦਾ ਦਬਦਬਾ ਹੈ (ਫੋਬਰਸ 2020)। ਦੁਨੀਆਂ ਦੀਆਂ ਸਭ ਤੋਂ ਵੱਡੀਆਂ 10 ਵਿੱਚੋਂ 8 ਕੰਪਣੀਆਂ ਵਿੱਤੀ ਸੰਸਥਾਨ ਹਨ। ਹਿੰਦੋਸਤਾਨ ਵਿੱਚ ਪੰਜ ਸਭ ਤੋਂ ਵੱਡੀਆਂ ਕੰਪਣੀਆਂ ਵਿੱਚੋਂ ਚਾਰ ਕੰਪਣੀਆਂ ਸਮੇਤ, 50 ਸਭ ਤੋਂ ਵੱਡੀਆਂ ਕੰਪਣੀਆਂ ਵਿੱਚੋਂ 19 ਵਿੱਤੀ ਸੰਸਥਾਨ ਹਨ।

ਘੱਟ ਤੋਂ ਘੱਟ ਬੈਂਕਾਂ ਕੋਲ ਜ਼ਿਆਦਾ ਤੋਂ ਜ਼ਿਆਦਾ ਸਰਮਾਏ ਦਾ ਸੰਕੇਂਦਰੀਕਰਣ ਅਤੇ ਬੈਂਕਾਂ ਦੀ ਸਲਾਨਾ ਕਮਾਈ ਵਿੱਚ ਬੇਤਹਾਸ਼ਾ ਵਾਧੇ ਦੀ ਵਜ੍ਹਾ ਨਾਲ ਅਰਥਵਿਵਸਥਾ ਵਿੱਚ ਬੈਂਕਾਂ ਦੀ ਭੂਮਿਕਾ ਵਿੱਚ ਵੀ ਤਬਦੀਲੀ ਆਉਂਦੀ ਹੈ।

ਲੈਨਿਨ ਨੇ ਅੱਗੇ ਸਮਝਾਇਆ ਹੈ:

“ਅਲੱਗ-ਅਲੱਗ ਵਿੱਖਰੇ ਹੋਏ ਸਰਮਾਏਦਾਰ ਇੱਕ ਸਮੂਹਿਕ ਸਰਮਾਏਦਾਰ ਦਾ ਰੂਪ ਧਾਰ ਲੈਂਦੇ ਹਨ। ਕੁੱਛ ਸਰਮਾਏਦਾਰਾਂ ਦੇ ਚਾਲੂ ਖ਼ਾਤਿਆਂ ਦਾ ਹਿਸਾਬ ਰੱਖਦੇ ਹੋਏ ਬੈਂਕ, ਮੰਨ ਲਓ ਇੱਕ ਸ਼ੁੱਧ ਤਕਨੀਕੀ ਅਤੇ ਰਾਖਵਾਂ (ਨਿਵੇਕਲਾ) ਸਹਾਇਕ ਕੰਮ ਕਰਦਾ ਹੈ। ਪ੍ਰੰਤੂ ਜਦੋਂ ਇਹ ਕਾਰੋਬਾਰ ਬੇਹੱਦ ਵਧ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਮੁੱਠੀਭਰ ਅਜਾਰੇਦਾਰ, ਪੂਰੇ ਸਰਮਾਏਦਾਰਾ ਸਮਾਜ ਦੇ ਸਾਰੇ ਵਣਜ ਅਤੇ ਉਦਯੋਗਿਕ ਕਾਰੋਬਾਰਾਂ ਨੂੰ ਆਪਣੀ ਇੱਛਾ ਦੇ ਅਧੀਨ ਕਰ ਲੈਂਦੇ ਹਨ, ਕਿਉਂਕਿ ਬੈਂਕ ਦੇ ਆਪਣੇ ਕਾਰੋਬਾਰ ਦੇ ਸਬੰਧਾਂ, ਆਪਣੇ ਚਾਲੂ ਖਾਤੇ ਅਤੇ ਆਪਣੀਆਂ ਹੋਰ ਵਿੱਤੀ ਕਾਰਵਾਈਆਂ ਦੇ ਜ਼ਰੀਏ, ਉਹਨਾਂ ਨੂੰ ਇਸ ਗੱਲ ਦਾ ਮੌਕਾ ਮਿਲ ਜਾਂਦਾ ਹੈ ਕਿ ਪਹਿਲਾਂ ਤਾਂ ਉਹ ਵਿਭਿੰਨ ਸਰਮਾਏਦਾਰਾਂ ਦੇ ਬਾਰੇ ਵਿੱਚ ਠੀਕ-ਠਾਕ ਪਤਾ ਲਗਾ ਸਕੇ ਕਿ ਉਹਨਾਂ ਦੀ ਵਿੱਤੀ ਹਾਲਤ ਕੀ ਹੈ, ਫਿਰ ਉਹਨਾਂ ਨੂੰ ਕਰਜ਼ ਦੇਣਾ ਘੱਟ ਕਰਕੇ ਜਾਂ ਵਧਾ ਕੇ, ਕਰਜ਼ ਦੀ ਸਹੂਲਤ ਦੇ ਕੇ ਜਾਂ ਉਸ ਵਿੱਚ ਰੁਕਾਵਟ ਪਾ ਕੇ, ਉਹਨਾਂ ‘ਤੇ ਕੰਟਰੋਲ ਰੱਖ ਸਕੇ ਅਤੇ ਅੰਤ ਵਿੱਚ ਉਹਨਾਂ ਦੇ ਹਿੱਸੇ ਨੂੰ ਪੂਰੀ ਤਰ੍ਹਾਂ ਆਪਣੇ ਵੱਸ ਵਿੱਚ ਕਰਕੇ, ਉਹਨਾਂ ਦੀ ਆਮਦਨ ਕੰਟਰੋਲ ਕਰੇ, ਉਹਨਾਂ ਨੂੰ ਸਰਮਾਏ ਤੋਂ ਖਾਲੀ ਕਰ ਦੇਵੇ ਜਾਂ ਉਹਨਾਂ ਨੂੰ ਆਪਣਾ ਸਰਮਾਇਆ ਬੜੀ ਤੇਜ਼ੀ ਨਾਲ ਅਤੇ ਬਹੁਤ ਵਧਾ ਲੈਣ ਦੇਵੇ ਆਦਿ”।

ਬੈਂਕਾਂ ਦੇ ਅਜਾਰੇਦਾਰ ਬਣ ਜਾਣ ਦੀ ਵਜ੍ਹਾ ਨਾਲ ਉਹਨਾਂ ਦੀ ਭੂਮਿਕਾ ਵਿੱਚ ਆਈ ਤਬਦੀਲੀ, ਇਹ ਸਪੱਸ਼ਟ ਕਰਦੀ ਹੈ ਕਿ ਬੈਂਕਾਂ ‘ਤੇ ਕੋਟਰੋਲ ਸਥਾਪਤ ਕਰਨ ਦੇ ਲਈ ਸਰਮਾਏਦਾਰ ਵਰਗ ਦੇ ਵਿੱਚ ਬੜਾ ਭਿਅੰਕਰ ਸੰਘਰਸ਼ ਹੁੰਦਾ ਹੈ। ਜਿਨ੍ਹਾਂ ਸਰਮਾਏਦਾਰ ਸਮੂਹਾਂ ਦਾ ਬੈਂਕਾਂ ‘ਤੇ ਕੰਟਰੋਲ ਹੁੰਦਾ ਹੈ, ਉਹਨਾਂ ਸਮੂਹਾਂ ਨੂੰ ਇਸ ਕੰਟਰੋਲ ਦੇ ਚੱਲਦਿਆਂ ਆਪਣਾ ਧਨ ਬੇਤਹਾਸ਼ਾ ਵਧਾਉਣ ਦੀ ਸੰਭਾਵਨਾ ਹੁੰਦੀ ਹੈ ਅਤੇ ਨਾਲ ਹੀ ਆਪਣੇ ਵਿਰੋਧੀ ਸਮੂਹਾਂ ਦੀ ਬੜ੍ਹਤ ਨੂੰ ਰੋਕਣ ਦੀ ਵੀ ਸੰਭਾਵਨਾ ਹੁੰਦੀ ਹੈ।

ਬੈਂਕਾਂ ਦੀ ਇਸ ਨਵੀਂ ਭੂਮਿਕਾ ਵਿਚ, ਬੈਂਕਾਂ ਅਤੇ ਉਦਯੋਗਾਂ ਦੇ ਵਿੱਚ ਗੂਹੜੇ ਸਬੰਧ ਇਸਦੀ ਸਭ ਤੋਂ ਬੜੀ ਖੂਬੀ ਹੁੰਦੇ ਹਨ। ਕਿਸੇ ਕੰਪਣੀ ਵਿੱਚ ਬੈਂਕ ਦਾ ਚਾਲੂ ਖ਼ਾਤਾ ਹੋਣ ਦੀ ਵਜ੍ਹਾ ਨਾਲ, ਉਸ ਬੈਂਕ ਨੂੰ ਕੰਪਣੀ ਦੀ ਆਰਥਕ ਹਾਲਤ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕਰਨਾ ਅਸਾਨ ਹੁੰਦਾ ਹੈ, ਤਾਂ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਦਯੋਗਿਕ ਸਰਮਾਏਦਾਰ ਬੈਂਕ ‘ਤੇ ਜ਼ਿਆਦਾ ਤੋਂ ਜ਼ਿਆਦਾ ਨਿਰਭਰ ਹੁੰਦਾ ਚਲਾ ਜਾਂਦਾ ਹੈ।

ਬੈਂਕ ਅਤੇ ਸਭ ਤੋਂ ਬੜੇ ਉਦਯੋਗਿਕ ਅਤੇ ਵਣਜ਼ ਉੱਦਮਾਂ ਦੇ ਵਿੱਚ “ਵਿਅਕਤੀਗਤ ਸਬੰਧਾਂ” ਦੀ ਵਜ੍ਹਾ ਨਾਲ ਉਦਯੋਗਿਕ ਅਤੇ ਬੈਂਕਿੰਗ ਸਰਮਾਏ ਦੇ ਤੇਜ਼ੀ ਨਾਲ ਵਧ ਰਹੇ ਮਿਲਾਪ ਦੇ ਬਾਰੇ ਵਿੱਚ ਲੈਨਿਨ ਨੇ ਦੱਸਿਆ ਹੈ: ਇਹ ਕੰਮ ਇੱਕ ਦੂਜ਼ੇ ਦੇ ਸ਼ੇਅਰਾਂ ਨੂੰ ਖ਼ਰੀਦਣ ਦੇ ਨਾਲ-ਨਾਲ ਕੰਪਣੀਆਂ ਦੇ ਨਿਰਦੇਸ਼ਕ ਬੋਰਡਾਂ ਵਿੱਚ ਬੈਂਕਾਂ ਦੇ ਨੁਮਾਇੰਦਿਆਂ ਨੂੰ ਬੈਠਾਉਣ, ਬੈਂਕਾਂ ਦੇ ਨਿਰਦੇਸ਼ਕ ਬੋਰਡਾਂ ਵਿੱਚ ਉਦਯੋਗਪਤੀਆਂ ਦੇ ਨੁਮਾਇੰਦਿਆਂ ਨੂੰ ਬੈਠਾਉਣ ਦੇ ਜ਼ਰੀਏ ਕੀਤਾ ਜਾਂਦਾ ਹੈ।

ਲੈਨਿਨ ਨੇ ਅੱਗੇ ਦੱਸਿਆ ਹੈ ਕਿ ਇਸ ਤਰ੍ਹਾਂ ਨਾਲ ਬੈਂਕ ਅਤੇ ਉਦਯੋਗਾਂ ਦੇ ਵਿਚਾਲੇ ਇਹਨਾਂ “ਵਿਅਕਤੀਗਤ ਸਬੰਧਾਂ” ਦੇ ਨਾਲ, ਇਹਨਾਂ ਦੋਹਾਂ ਅਤੇ ਸਰਕਾਰ ਦੇ ਵਿਚਾਲੇ “ਵਿਅਕਤੀਗਤ ਸਬੰਧਾਂ” ਨੂੰ ਵੀ ਵਧਾਇਆ ਜਾਂਦਾ ਹੈ। ਸਰਕਾਰ ਦੇ ਸੇਵਾ-ਮੁਕਤ ਅਧਿਕਾਰੀਆਂ ਨੂੰ ਬੈਂਕ ਅਤੇ ਉਦਯੋਗਾਂ ਦੇ ਨਿਰਦੇਸ਼ਕ ਮੰਡਲਾਂ ਵਿੱਚ ਬੈਠਣ ਦਾ ਨਿਓਤਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦੇ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਉਪਯੋਗ ਕੰਪਣੀ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕਰਨਗੇ।

ਲੈਨਿਨ ਨੇ ਵਿੱਤ ਸਰਮਾਏ ਦੀ ਵਿਆਖਿਆ ਇਸ ਤਰ੍ਹਾਂ ਨਾਲ ਕੀਤੀ ਹੈ:

“ਉਤਪਾਦਨ ਦਾ ਸਕੇਂਦਰਣ, ਉਸ ਤੋਂ ਪੈਦਾ ਹੋਣ ਵਾਲੀਆਂ ਅਜਾਰੇਦਾਰੀਆਂ, ਉਦਯੋਗਾਂ ਦੇ ਨਾਲ ਬੈਂਕਾਂ ਦਾ ਰਲੇਵਾਂ ਜਾਂ ਸੰਲਗਨ – ਇਹ ਵਿੱਤ ਸਰਮਾਏ ਦੇ ਉੱਥਾਨ ਦਾ ਇਤਿਹਾਸ ਹੈ ਅਤੇ ਇਹੀ ਇਸ ਸ਼ਬਦ ਦਾ ਸਾਰ ਹੈ”।

ਜਿੱਥੋਂ ਤੱਕ ਕਿ ਵਿੱਤੀ ਖ਼ੇਤਰ ਵਿੱਚ ਰਾਜ ਦੀ ਅਜਾਰੇਦਾਰੀ ਦਾ ਸਵਾਲ ਹੈ, ਇਸ ਤੋਂ ਸਪੱਸ਼ਟ ਹੈ ਕਿ ਜੋ ਵਰਗ ਰਾਜ ‘ਤੇ ਕੰਟਰੋਲ ਕਰਦਾ ਹੈ ਉਹੀ ਵਰਗ ਉਸ ਧਨ ‘ਤੇ ਵੀ ਕੰਟਰੋਲ ਕਰਦਾ ਹੈ, ਜੋ ਕਿ ਸਰਕਾਰੀ ਬੈਂਕਾਂ, ਡਾਕਖਾਨਿਆਂ ਵਿੱਚ ਬੱਚਤਾਂ, ਆਦਿ ਦੇ ਰੂਪ ਵਿੱਚ ਉਹਨਾਂ ਦੇ ਸਪੁੱਰਦ ਕੀਤਾ ਜਾਂਦਾ ਹੈ। ਹੋਰ, ਜਿਵੇਂ ਲੈਨਿਨ ਨੇ ਦੱਸਿਆ ਹੈ,

“…ਸਰਮਾਏਦਾਰਾ ਸਮਾਜ ਵਿੱਚ ਰਾਜ ਦੀ ਅਜਾਰੇਦਾਰੀ ਕੇਵਲ ਕੁਛ ਉਦਯੋਗਿਕ ਖ਼ੇਤਰਾਂ ਦੇ ਕਰੋੜਪਤੀਆਂ ਦੀ ਆਮਦਨੀ ਨੂੰ ਵਧਾਉਣ ਅਤੇ ਉਸ ਨੂੰ ਗਰੰਟੀ ਦੇਣ ਦਾ ਜ਼ਰੀਆ ਮਾਤਰ ਹੈ, ਜੋ ਦਿਵਾਲੀਆਪਨ ਦੀ ਕਗਾਰ ‘ਤੇ ਖੜੇ ਹਨ”।

ਸ਼ਾਡੇ ਦੇਸ਼ ਵਿੱਚ ਕਰੀਬ 50 ਸਾਲ ਪਹਿਲਾਂ ਵਣਜ਼ੀ ਬੈਂਕਾਂ ਦਾ ਰਾਸ਼ਟਰੀਕਰਣ ਕੀਤਾ ਗਿਆ ਸੀ। ਬੈਂਕਾਂ ਉੱਤੇ ਰਾਜ ਦੀ ਅਜਾਰੇਦਾਰੀ ਦੀ ਵਜ੍ਹਾ ਨਾਲ ਟਾਟਾ, ਬਿਰਲਾ ਅਤੇ ਹੋਰ ਉਦਯੋਗਿਕ ਘਰਾਣਿਆਂ ਨੂੰ ਉਹਨਾਂ ਦੇ ਸਰਮਾਏਦਾਰਾ ਕਾਰੋਬਾਰਾਂ ਵਿੱਚ ਹੋਣ ਵਾਲੇ ਉਤਾਰ-ਚੜ੍ਹਾਵਾਂ ਦੇ ਦੌਰਾਨ ਜ਼ਿਆਦਾਤਰ ਮੁਨਾਫ਼ੇ ਦੀ ਗਰੰਟੀ ਦਿੱਤੀ ਜਾਂਦੀ ਰਹੀ। ਇਸ ਸਭ ਦੇ ਦੌਰਾਨ, ਸਭ ਤੋਂ ਬੜੇ ਨਿੱਜੀ ਅਤੇ ਸਰਵਜਨਕ ਵਣਜ਼ੀ ਬੈਂਕਾਂ, ਸਭ ਤੋਂ ਬੜੀਆਂ ਉਦਯੋਗਿਕ ਅਤੇ ਸੇਵਾ ਕੰਪਣੀਆਂ ਅਤੇ ਉੱਚਤਮ ਪੱਧਰ ‘ਤੇ ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤਕ ਨੇਤਾਵਾਂ ਦੇ ਵਿਚਾਲੇ ਵਿਅਕਤੀਗਤ ਸਬੰਧ ਸਥਾਪਤ ਕੀਤੇ ਗਏ।

ਪਿਛਲੇ 20-25 ਸਾਲਾਂ ਦੁਰਾਨ, ਅਜਾਰੇਦਾਰ ਸਰਮਾਏਦਾਰਾਂ ਦੇ ਹਿੱਤਾਂ ਵਿੱਚ ਰਾਜ ਦੀ ਅਜਾਰੇਦਾਰੀ ਨੂੰ ਹੌਲੀ-ਹੌਲੀ ਖ਼ਤਮ ਕਰ ਦਿੱਤਾ ਗਿਆ ਅਤੇ ਨਿੱਜੀ ਅਜਾਰੇਦਾਰ ਬੈਂਕਾਂ ਨੂੰ ਬੜ੍ਹਾਵਾ ਦਿੱਤਾ ਗਿਆ। ਹੁਣ ਸਰਵਜਨਕ ਬੈਂਕਾਂ ਦਾ ਰਲੇਵਾਂ ਕਰਕੇ, ਬੈਂਕ ਦੇ ਸਰਮਾਏ ਨੂੰ ਹੋਰ ਜ਼ਿਆਦਾ ਸਕੇਂਦਰਿਤ ਕੀਤਾ ਜਾ ਰਿਹਾ ਹੈ। ਹੁਣ ਇਹਨਾਂ ਬੈਂਕਾਂ ਦੇ ਹੋਰ ਜ਼ਿਆਦਾ ਰਲੇਵੇਂ ਅਤੇ ਨਿੱਜੀਕਰਣ ਦੇ ਰਾਹੀਂ, ਸਰਮਾਏ ਦੇ ਸਕੇਂਦਰਣ ਨੂੰ ਹੋਰ ਵੱਡੀਆਂ ਉਚਾਈਆਂ ਤੱਕ ਲੈ ਜਾਣ ਦੀ ਯੋਜਨਾ ਹੈ।

ਉਤਪਾਦਨ ਅਤੇ ਵਟਾਂਦਰੇ ਦੇ ਸਾਧਨਾਂ ਉੱਤੇ ਕੰਟਰੋਲ ਨੂੰ, ਚੰਦ ਮੁੱਠੀਭਰ ਅਰਬਪਤੀਆਂ ਦੇ ਹੱਥਾਂ ਵਿੱਚ ਸਕੇਂਦਰ ਕੀਤਾ ਜਾ ਰਿਹਾ ਹੈ। ਸਾਡੇ ਦੇਸ਼ ਵਿੱਚ 135 ਕਰੋੜ ਲੋਕਾਂ ਦੀ ਕਿਸਮਤ ਨੂੰ ਮੁਨਾਫ਼ੇ ਦੇ ਚੰਦ ਲਾਲਚੀ ਅਰਬਪਤੀਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ, ਜੋ ਦੁਨੀਆਂ ਦੇ ਸਭ ਤੋਂ ਬੜੇ ਅਮੀਰਾਂ ਦੇ ਕਲੱਬ ਵਿੱਚ ਸ਼ਾਮਲ ਹੋਣ ਦੀ ਹੋੜ ਵਿੱਚ ਲੱਗੇ ਹੋਏ ਹਨ।

close

Share and Enjoy !

Shares

Leave a Reply

Your email address will not be published. Required fields are marked *