ਅਧਿਕਾਰਾਂ ਦੀ ਹਿਫ਼ਾਜ਼ਿਤ ਲਈ ਸੰਘਰਸ਼

ਪੰਜਾਬ ਵਿੱਚ ਪੇਂਡੂ ਸਿਹਤ ਕਰਮਚਾਰੀਆਂ ਦੀ ਹੜਤਾਲ਼

ਪੰਜਾਬ ਵਿੱਚ 23 ਜੁਲਾਈ ਨੂੰ, ਰਾਸ਼ਟਰੀ ਪੇਂਡੂ ਸਿਹਤ ਮਿਸ਼ਨ (ਐਨ.ਆਰ.ਐਚ.ਐਮ.) ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ਼ ਕੀਤੀ। ਪਟਿਆਲਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਅਬੋਹਰ, ਫ਼ਾਜਿਲਕਾ, ਗੁਰਦਾਸਪੁਰ, ਕਪੂਰਥਲਾ ਸਮੇਤ ਹੋਰ ਜ਼ਿਲਿ੍ਹਆਂ ਵਿੱਚ ਪੈਂਦੇ ਸਿਹਤ ਕੇਂਦਰਾਂ, ਸਮੁਦਾਇਕ ਸਿਹਤ ਕੇਂਦਰਾਂ ਅਤੇ ਸਿਵਲ ਹਸਪਤਾਲਾਂ ਦੇ ਬਾਹਰ ਧਰਨਾ ਦੇ ਕੇ, ਉਹਨਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇ ਲਾਏ।

ਇਹ ਹੜਤਾਲ਼ ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਕੀਤੀ ਗਈ। ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਅਣਮਿੱਥੇ ਸਮੇਂ ਦੀ ਹੜਤਾਲ਼ ‘ਤੇ ਚਲੇ ਜਾਣਗੇ।

ਕਰਮਚਾਰੀਆਂ ਦੀ ਮੰਗ ਹੈ ਕਿ ਸਾਰੇ ਕਰਮਚਾਰੀਆਂ ਨੂੰ ਪੱਕੀ ਨਿਯੁਕਤੀ ਦੇ ਕੇ ਪੂਰੀ ਤਨਖ਼ਾਹ ਦਿੱਤੀ ਜਾਵੇ। ਸਰਕਾਰ ਨੇ ਦਿਹਾੜੀ ਦੇ ਅਧਾਰ ‘ਤੇ ਕੰਮ ਕਰਵਾਉਣ ਦੇ ਲਈ, ਜਿਸ ਨਵੀਂ ਭਰਤੀ ਦਾ ਇਸ਼ਤਿਹਾਰ ਦਿੱਤਾ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਐਸੋਸੀਏਸ਼ਨ ਦੇ ਨੇਤਾਵਾਂ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੈਅ ਕਰਵਾਈ ਜਾਵੇ ਤਾਂ ਕਿ ਕਰਮਚਾਰੀ ਆਪਣੀ ਹਾਲਤ ਸਪੱਸ਼ਟ ਕਰ ਸਕਣ।

ਗੌਰਤਲਬ ਹੈ ਕਿ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ, ਪੇਂਡੂ ਖ਼ੇਤਰਾਂ ਵਿੱਚ ਸਿਹਤ ਸੁਰੱਖਿਆ ਨਾਲ ਸਬੰਧਤ, ਕੇਂਦਰ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ। ਇਸ ਯੋਜਨਾ ਦਾ ਲਕਸ਼ ਪਿੰਡ-ਪਿੰਡ ਵਿੱਚ ਸੁਗਮਤਾ ਨਾਲ ਮਿਲਣ ਵਾਲੀ, ਜਵਾਬਦੇਹੀ ਵਾਲੀ ਅਤੇ ਗੁਣਵੱਤਾ-ਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਯੋਜਨਾ ਦੇ ਤਹਿਤ, ਕਈ ਪ੍ਰੋਗਰਾਮ ਜਿਵੇਂ ਪ੍ਰਜਨਨ, ਬਾਲ ਸਿਹਤ ਪਰਿਯੋਜਨਾ, ਏਕੀਕ੍ਰਿਤ ਰੋਗ ਨਿਗਰਾਨੀ, ਮਲੇਰੀਆ, ਕਾਲਾਜਾਰ, ਤਪੇਦਿਕ ਅਤੇ ਕੋਹੜ ਦੇ ਰੋਗ ਆਦਿ ਦੇ ਲਈ ਇੱਕ ਹੀ ਜਗ੍ਹਾ ‘ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਪ੍ਰਾਵਧਾਨ ਹੈ। ਇਸ ਮਿਸ਼ਨ ਦੇ ਤਹਿਤ ਸਿਹਤ ਕਰਮਚਾਰੀਆਂ ਵਾਂਗ ਆਸ਼ਾ ਵਰਕਰਾਂ, ਆਂਗਣਵਾੜੀ ਕਰਮਚਾਰੀਆਂ ਤੋਂ ਇਲਾਵਾ ਡਾਕਟਰ, ਫ਼ਾਰਮਾਸਿਸਟ, ਡਾਟਾ-ਐਂਟਰੀ-ਓਪਰੇਟਰ, ਲੈਬ-ਟੈਕਨੀਸ਼ੀਅਨ, ਸਟਾਫ਼ ਨਰਸ, ਏ.ਐਨ.ਐਮ. ਆਦਿ ਠੇਕੇ ‘ਤੇ ਕੰਮ ਕਰਦੇ ਹਨ।

ਇਹਨਾਂ ਯੋਜਨਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਰਕਾਰ ਨੇ ਰੈਗੁਲਰ ਕਰਮਚਾਰੀਆਂ ਦਾ ਦਰਜ਼ਾ ਨਹੀਂ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਕੰਮ ਕਰਨ ਵਾਲੇ ਠੇਕਾ ਕਰਮਚਾਰੀ, ਅਮਲੀ ਤੌਰ ‘ਤੇ ਪੱਕੇ ਕਰਮਚਾਰੀ ਦੇ ਬਰਾਬਰ ਕੰਮ ਕਰਦੇ ਹਨ। ਪ੍ਰੰਤੂ ਇਹਨਾਂ ਨੂੰ ਮਿਲਣ ਵਾਲਾ ਮਾਣ ਭੱਤਾ ਘੱਟੋ-ਘੱਟ ਤਨਖ਼ਾਹ ਤੋਂ ਘੱਟ ਹੁੰਦਾ ਹੈ।

ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਅਨੁਸਾਰ, ਪੂਰੇ ਪੰਜਾਬ ਵਿੱਚ 9,000 ਅਤੇ ਹਰ ਇੱਕ ਜ਼ਿਲ੍ਹੇ ਵਿੱਚ ਕਰੀਬ 700 ਕਰਮਚਾਰੀ ਠੇਕੇ ‘ਤੇ ਕੰਮ ਕਰ ਰਹੇ ਹਨ।

ਬਰਨਾਲਾ ਸਰਕਾਰੀ ਹਸਪਤਾਲ ਵਿੱਚ ਕੰਮ ਕਰਨ ਵਾਲੇ ਇੱਕ ਲੈਬ-ਟੈਕਨੀਸ਼ੀਅਨ ਨੇ ਦੱਸਿਆ ਕਿ ਅਸੀਂ ਪਿਛਲੇ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਐਨ.ਆਰ.ਐਚ.ਐਮ. ਦੇ ਅਧੀਨ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਬਹੁਤ ਹੀ ਘੱਟ ਤਨਖ਼ਾਹ ‘ਤੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਹਾਂ ਅਤੇ ਕਰੋਨਾ ਕਾਲ ਵਿੱਚ ਵੀ ਫਰੰਟ ਲਾਈਨ ‘ਤੇ ਕੰਮ ਕਰ ਰਹੇ ਹਾਂ।

ਬਠਿੰਡਾ ਵਿੱਚ ਮੈਡੀਕਲ ਲੈਬ-ਟੈਕਨੀਸ਼ੀਅਨ ਐਸੋਸੀਏਸ਼ਨ ਦੀ ਅਗਵਾਈ ਵਿੱਚ ਕਰਮਚਾਰੀਆਂ ਨੇ ਹੜਤਾਲ਼ ਕੀਤੀ ਅਤੇ ਬਲੱਡ ਬੈਂਕ ਦੇ ਸਾਹਮਣੇ ਪ੍ਰਦਰਸ਼ਣ ਕੀਤਾ। ਬਠਿੰਡਾ ਜ਼ਿਲ੍ਹਾ ਅਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਨਿਯਮਾਂ ਅਨੁਸਾਰ, ਸਿਵਲ ਹਸਪਤਾਲ ਅਤੇ ਜ਼ਿਲ੍ਹੇ ਦੇ ਵਿਭਿੰਨ ਸਿਹਤ ਕੇਂਦਰਾਂ ਦੇ ਲੈਬ-ਟੈਕਨੀਸ਼ੀਅਨਾਂ ਦੇ ਕਈ ਪਦ ਖਾਲ੍ਹੀ ਹਨ। ਉਹਨਾਂ ਨੇ ਕਿਹਾ ਕਿ ਨਵੀਂ ਭਰਤੀ ਜ਼ਿਆਦਾ ਤਨਖ਼ਾਹ ‘ਤੇ ਹੋ ਰਹੀ ਹੈ, ਜਦਕਿ ਸਾਨੂੰ ਘੱਟ ਤਨਖ਼ਾਹ ਮਿਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਠੇਕਾ ਕਰਮਚਾਰੀ ਪੱਕੇ ਕਰਮਚਾਰੀਆਂ ਦੇ ਬਰਾਬਰ ਕੰਮ ਕਰਦੇ ਹਨ। ਇਸਦੇ ਬਾਵਜੂਦ ਉਹਨਾਂ ਨੂੰ ਤਨਖ਼ਾਹ, ਸਹੁਲਤ ਆਦਿ ਤੋਂ ਵੰਚਿਤ ਕਰਕੇ ਭੇਦਭਾਵ ਕੀਤਾ ਜਾਂਦਾ ਹੈ। ਕੋਵਿਡ-19 ਦੇ ਸੰਕਟ ਦੇ ਵਿੱਚ ਸਿਹਤ ਖ਼ੇਤਰ ਦੇ ਲਈ ਵਲੰਟੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ।

ਬਿਹਾਰ ਦੇ ਠੇਕਾ ਸਿਹਤ ਕਰਮਚਾਰੀਆਂ ਦੀ ਹੜਤਾਲ਼

ਬਿਹਾਰ ਦੇ ਅੰਤਰਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਕੰਮ ਕਰਨ ਵਾਲੇ ਠੇਕੇ ਦੇ ਕਰਮਚਾਰੀਆਂ ਨੇ, ਆਪਣੀਆਂ 16 ਸੂਤਰੀ ਮੰਗਾਂ ਨੂੰ ਲੈ ਕੇ 21 ਜੁਲਾਈ ਨੂੰ ਹੜਤਾਲ਼ ਕੀਤੀ। ਇਹ ਹੜਤਾਲ਼ ਬਿਹਾਰ ਰਾਜ ਸਿਹਤ ਠੇਕਾ ਕਰਮਚਾਰੀ ਮਹਾਂ ਸੰਘ ਦੇ ਸੱਦੇ ‘ਤੇ ਕੀਤੀ ਗਈ। ਇਸ ਹੜਤਾਲ਼ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਠੇਕੇ ‘ਤੇ ਕੰਮ ਕਰਨ ਵਾਲੇ ਬਲਾਕ ਸਿਹਤ ਪ੍ਰਬੰਧਕ, ਬਲਾਕ ਲੇਖਾ ਪ੍ਰਬੰਧਕ, ਬਲਾਕ ਸਮੁਦਾਇਕ ਉਤਪ੍ਰੇਰਕ, ਬਲਾਕ ਅਨੁਸ੍ਰਵਣ ਅਤੇ ਮੁਲਿਆਂਕਨ ਸਹਾਇਕ, ਪੈਰਾ ਮੈਡੀਕਲ ਕਰਮਚਾਰੀ, ਲੈਬ-ਟੈਕਨੀਸ਼ੀਅਨ, ਅਕਾਉਂਟੈਂਟ, ਡਾਟਾ ਓਪਰੇਟਰ ਅਤੇ ਏ ਐਨ ਐਮ ਆਦਿ ਹੜਤਾਲ਼ ਵਿੱਚ ਸ਼ਾਮਲ ਹੋਏ।

ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਕੰਮ ਕਰਨ ਵਾਲਿਆਂ ਦੀ ਤਨਖ਼ਾਹ ਦਾ ਅੰਦਾਜ਼ਾ, ਹਾਲ ਹੀ ਵਿੱਚ ਬਿਹਾਰ ਰਾਜ ਸਿਹਤ ਸੰਮਤੀ ਦੇ ਉਸ ਵਿਗਿਆਪਨ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿੱਚ ਬਲਾਕ ਸਿਹਤ ਪ੍ਰਬੰਧਕ ਦੀ ਤਨਖ਼ਾਹ 18,000 ਰੁਪਏ, ਬਲਾਕ ਲੇਖਾ ਪ੍ਰਬੰਧਕ ਦੀ ਤਨਖ਼ਾਹ 12,500 ਰੁਪਏ, ਬਲਾਕ ਸਮੁਦਾਇਕ ਉਤਪ੍ਰੇਰਕ ਮੋਬਲਾਈਜ਼ਰ ਦੀ ਤਨਖ਼ਾਹ 12,000 ਰੁਪਏ ਅਤੇ ਸੀਨੀਅਰ ਟੀਬੀ ਪ੍ਰਯੋਗਸ਼ਾਲਾ ਸੁਪਰਵਾਈਜ਼ਰ ਦੀ ਤਨਖ਼ਾਹ 15,000 ਰੁਪਏ ਘੋਸ਼ਿਤ ਕੀਤੀ ਹੈ।

ਬੇਤੀਆ, ਬਿਹਾਰੀਗੰਜ, ਘੈਲਾੜ, ਮਧੂਬਨੀ, ਸੀਤਾਮੜੀ, ਕਿਸ਼ਨਗੰਜ, ਆਰਾ, ਔਰੰਗਾਬਾਦ ਸਹਿਤ ਬਿਹਾਰ ਦੇ ਵਿਭਿੰਨ ਸਿਵਲ ਹਸਪਤਾਲਾਂ ਤੋਂ ਲੈ ਕੇ ਮੁੱਢਲੇ ਸਿਹਤ ਕੇਂਦਰਾਂ ਦੇ ਸਾਹਮਣੇ ਧਰਨੇ ਪ੍ਰਦਰਸ਼ਣ ਹੋਏ। ਹੜਤਾਲ਼ੀ ਕਰਮਚਾਰੀਆਂ ਨੇ ਸਿਵਲ ਸਰਜਨ ਅਤੇ ਜ਼ਿਲ੍ਹਾ ਸਿਹਤ ਸੰਮਤੀ ਦੇ ਪ੍ਰਧਾਨ ਦੇ ਜ਼ਰੀਏ ਜ਼ਿਲ੍ਹਾ ਪਦ ਅਧਿਕਾਰੀਆਂ ਨੂੰ ਮੰਗ ਪੱਤਰ ਭੇਜਿਆ।

ਇਹਨਾਂ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਹਨ: ਰਾਜ ਤੋਂ ਲੈ ਕੇ ਸਿਹਤ ਉੱਪ ਕੇਂਦਰ ਤੱਕ ਪ੍ਰਬੰਧਕੀ ਕਾਡਰ ਕਰਮਚਾਰੀਆਂ ਨੂੰ ਇੱਕ ਮਹੀਨੇ ਦੀ ਤਨਖ਼ਾਹ ਦੇ ਬਰਾਬਰ ਪ੍ਰੋਤਸਾਹਨ ਭੱਤੇ ਦਾ ਭੁਗਤਾਨ ਕੀਤਾ ਜਾਵੇ। ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਸਾਰੇ ਠੇਕਾ ਕਰਮਚਾਰੀਆਂ ਨੂੰ ਜਨ ਸਿਹਤ ਮੈਨੇਜਮੈਂਟ ਕੇਡਰ ਦੇ ਬਰਾਬਰ ਮੰਨਦੇ ਹੋਏ, ਉਹਨਾਂ ਦੀ ਸੇਵਾ ਨੂੰ ਰੈਗੂਲਰ ਕੀਤਾ ਜਾਵੇ। ਫਿਟਮੈਂਟ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। ਐਨ.ਐਚ.ਐਮ. ਦੇ ਅਧੀਨ ਕੰਮ ਕਰ ਰਹੇ ਸੇਵਾਮੁਕਤ ਸਾਰੇ ਠੇਕਾ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਕੰਮ ‘ਤੇ ਵਾਪਸ ਲਿਆ ਜਾਵੇ। ਐਨ.ਐਚ.ਐਮ. ਕਰਮਚਾਰੀਆਂ ਦੇ ਸੇਵਾਕਾਲ ਦੋਰਾਨ ਮੌਤ ਹੋ ਜਾਣ ‘ਤੇ ਉਹਨਾਂ ਦੇ ਪਰਿਵਾਰ ਨੂੰ 25 ਲੱਖ ਦੀ ਹਾਨੀ ਪੂਰਤੀ ਸਹਿਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਆਦਿ।

ਬਿਹਾਰ ਰਾਜ ਸਿਹਤ ਠੇਕਾ ਕਰਮਚਾਰੀ ਮਹਾਂਸੰਘ ਦੀ ਅਗਵਾਈ ਵਿੱਚ ਚੱਲ ਰਹੇ ਇਸ ਸੰਘਰਸ਼ ਦੇ ਕਾਰਣ, ਸਿਹਤ ਵਿਭਾਗ ਨੇ ਕੁੱਛ ਮੰਗਾਂ ‘ਤੇ ਸਹਿਮਤੀ ਜਤਾਉਂਦੇ ਹੋਏ, ਇੱਕ ਮਹੀਨੇ ਦੇ ਅੰਦਰ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।

ਅੰਦੋਲਨਕਾਰੀ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਿਹਤ ਵਿਭਾਗ ਦੇ ਭਰੋਸੇ ਨੂੰ ਲਾਗੂ ਨਹੀਂ ਕੀਤਾ ਜਾਂਦਾ ਹੈ ਤਾਂ 23 ਅਗਸਤ ਤੋਂ ਸਾਰੇ ਠੇਕਾ ਕਰਮਚਾਰੀ ਫਿਰ ਤੋਂ ਹੜਤਾਲ਼ ‘ਤੇ ਜਾਣਗੇ।

ਭਾਰਤੀ ਰੇਲ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਪ੍ਰਦਰਸ਼ਣ

16-17 ਜੁਲਾਈ 2020 ਨੂੰ ਭਾਰਤੀ ਰੇਲ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਣ ਅਯੋਜਿਤ ਕੀਤੇ ਗਏ।

ਭਾਰਤੀ ਰੇਲ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਰੇਲ ਚਾਲਕਾਂ ਨੇ, 16 ਜੁਲਾਈ ਨੂੰ ਆਲ ਇੰਡੀਆ ਲੋਕੋ ਰਨਿੰਗ ਸਟਾਫ਼ ਐਸੋਸੀਏਸ਼ਨ ਦੀ ਅਗਵਾਈ ਵਿੱਚ ਚਿਤੌੜਗੜ੍ਹ, ਖ਼ੜਗਪੁਰ, ਸਤ ਨਗਰ, ਰਤਲਾਮ, ਆਦਿ ਰੇਲਵੇ ਸਟੇਸ਼ਨਾਂ ‘ਤੇ ਧਰਨਾ ਦਿੱਤਾ ਅਤੇ ਨਿੱਜੀਕਰਣ ਦੇ ਵਿਰੋਧ ਵਿੱਚ ਨਾਅਰੇ ਲਗਾਏ। ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ 109 ਪ੍ਰਾਈਵੇਟ ਰੇਲ ਗੱਡੀਆਂ ਦਾ ਚਲਨ ਸ਼ੁਰੂ ਕਰ ਦਿੱਤਾ ਹੈ।

ਅੰਬਿਕਾਪੁਰ ਰੇਲਵੇ ਸਟੇਸ਼ਨ ‘ਤੇ ਪ੍ਰਦਰਸ਼ਣ

17 ਜੁਲਾਈ 2020 ਨੂੰ, ਮੱਧਪ੍ਰਦੇਸ਼ ਦੇ ਅੰਬਿਕਾਪੁਰ ਰੇਲਵੇ ਸਟੇਸ਼ਨ ‘ਤੇ ਰੇਲਵੇ ਦੇ ਨਿੱਜੀਕਰਣ ਦੇ ਵਿਰੋਧ ਵਿਚ, ਇੱਕ ਦਿਨ ਲਈ ਧਰਨਾ ਲਾਇਆ ਗਿਆ। ਇਸਦੀ ਅਗਵਾਈ ਯੂਨਾਈਟਿਡ ਫ਼ੋਰਮ ਆਫ ਟ੍ਰੇਡ ਯੂਨੀਅਨ ਨੇ ਕੀਤੀ। ਇਸ ਵਿੱਚ ਅਲੱਗ-ਅਲੱਗ ਸਰਕਾਰੀ ਸੰਸਥਾਨਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ।

ਪ੍ਰਦਰਸ਼ਣਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਰੇਲਵੇ ਦੇ ਨਿੱਜੀਕਰਣ ਨਾਲ ਗ਼ਰੀਬਾਂ ਨੂੰ ਯਾਤਰਾ ਕਰਨ ਦੇ ਲਈ ਮਿਲਣ ਵਾਲਾ ਸਹਿਜ, ਸੁਵਿਧਾਜਨਕ ਅਤੇ ਸਸਤੀਆਂ ਦਰਾਂ ਦਾ ਇੱਕ ਵੱਡਾ ਸਾਧਨ ਖ਼ਤਮ ਹੋ ਜਾਵੇਗਾ। ਰੇਲਵੇ ਦਾ ਨਿੱਜੀਕਰਣ ਜਨਤਾ ਦੇ ਹਿੱਤਾਂ ਦੇ ਨਾਲ ਇੱਕ ਕਰੂਰ ਮਜ਼ਾਕ ਹੈ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦਾ ਇਹ ਦਾਅਵਾ ਹੈ ਕਿ ਨਿੱਜੀਕਰਣ ਨਾਲ 30,000 ਕਰੋੜ ਦਾ ਨਿਵੇਸ਼ ਆਵੇਗਾ ਅਤੇ ਰੋਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਹੋਣਗੇ – ਇਹ ਦਾਅਵਾ ਝੂਠਾ ਹੈ ਕਿਉਂਕਿ ਰੇਲ ਦੇ ਨਿੱਜੀ ਸੰਚਾਲਕ ਸਰਮਾਏਦਾਰ ਆਪਣੇ ਮੁਨਾਫ਼ਿਆ ਨੂੰ ਵਧਾਉਣ ਦੇ ਲਈ ਘੱਟ ਤੋਂ ਘੱਟ ਕਰਮਚਾਰੀਆਂ ਤੋਂ ਕੰਮ ਕਰਾਉਣਗੇ। ਰੇਲਵੇ ਦੀਆਂ ਜਾਇਦਾਦਾਂ, ਜਿਸਦਾ ਨਿਰਮਾਣ ਰੇਲ ਮਜ਼ਦੂਰਾਂ ਨੇ ਕੀਤਾ ਹੈ, ਉਹ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ‘ਤੇ ਵੇਚ ਦਿੱਤੀ ਜਾਣਗੀਆਂ।

close

Share and Enjoy !

Shares

Leave a Reply

Your email address will not be published. Required fields are marked *