ਅਮਰੀਕਾ – ਵਿਆਪਕ ਰੋਸ ਮੁਜ਼ਾਹਰਿਆਂ ਨੇ ਸਰਕਾਰ ਨੂੰ ਸਕੂਲਾਂ ਦੇ ਖੋਲ੍ਹੇ ਜਾਣ ਦਾ ਫੈਸਲਾ ਵਾਪਸ ਲੈਣ ਉੱਤੇ ਮਜਬੂਰ ਕਰ ਦਿੱਤਾ
22 ਜੁਲਾਈ ਤਕ ਅਮਰੀਕਾ ਦੀ ਸਰਕਾਰ ਬਜ਼ਿੱਦ ਸੀ ਕਿ ਅਮਰੀਕਾ-ਭਰ ਵਿੱਚ ਤਮਾਮ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ ਅਤੇ ਪੜ੍ਹਾਈ ਬਕਾਇਦਾ ਕਲਾਸ ਰੂਮਾਂ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ। ਅਮਰੀਕੀ ਸਰਕਾਰ ਦੀ ਪ੍ਰੈਸ ਸਕੱਤਰ ਮਿਸ ਕੇਅਲੀ ਮੈਕਏਨਾਨੀ ਨੇ ਤਾਂ ਇਥੋਂ ਤਕ ਵੀ ਕਹਿ ਦਿੱਤਾ ਕਿ “ਵਿਗਿਆਨ ਨੂੰ ਇਸਦੇ ਰਾਹ ਵਿਚ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ”। ਸਕੂਲਾਂ ਨੂੰ ਮੁੜ ਕੇ ਖੋਲ੍ਹਣ ਦੇ ਯਤਨ ਅਮਰੀਕੀ ਸਰਮਾਏਦਾਰ ਜਮਾਤ ਦੀ “ਕੰਮ ਉਤੇ ਵਾਪਸੀ” ਦੀ ਮੁਹਿੰਮ ਦਾ ਇੱਕ ਨਿਰਨਾਕਾਰੀ ਅੰਗ ਹੈ। ਸਰਮਾਏਦਾਰ ਜਮਾਤ ਮਜ਼ਦੂਰਾਂ ਅਤੇ ਮੇਹਨਤਕਸ਼ ਲੋਕਾਂ ਨੂੰ ਸਕੂਲਾਂ ਅਤੇ ਕੰਮਾਂ ਉੱਤੇ ਅਸੁਰੱਖਿਅਤ ਹਾਲਾਤਾਂ ਨੂੰ ਸਵੀਕਾਰ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਮੇਹਨਤਕਸ਼ ਲੋਕ ਅਮਰੀਕਾ-ਭਰ ਵਿਚ ਕੰਮਾਂ ਦੇ ਅਸੁਰੱਖਿਅਤ ਹਾਲਾਤਾਂ ਦੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ।
ਸਕੂਲਾਂ ਦੇ ਅਧਿਆਪਕ ਪੂਰੇ ਜ਼ੋਰ-ਸ਼ੋਰ ਨਾਲ ਕਹਿ ਰਹੇ ਹਨ ਕਿ ਸਕੂਲਾਂ ਨੂੰ ਓਨਾ ਚਿਰ ਕਲਾਸ ਰੂਮਾਂ ਵਿੱਚ ਪੜ੍ਹਾਈ ਲਈ ਨਹੀਂ ਖੋਲਿ੍ਹਆ ਜਾਣਾ ਚਾਹੀਦਾ, ਜਿੰਨਾ ਚਿਰ ਹਾਲਾਤ ਮੁਕੰਮਲ ਤੌਰ ਉੱਤੇ ਸੁਰੱਖਿਅਤ ਨਹੀਂ ਹੁੰਦੇ। ਦੇਸ਼-ਭਰ ਵਿਚ ਦਹਿ-ਹਾਜ਼ਾਰਾਂ ਹੀ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੇ ਸਕੂਲ ਬੋਰਡਾਂ ਦੀਆਂ ਮੀਟਿੰਗਾਂ ਦੇ ਖ਼ਿਲਾਫ਼ ਰੈਲੀਆਂ, ਮੁਜ਼ਾਹਰਿਆਂ ਅਤੇ ਕਾਰਾਂ ਦੇ ਕਾਰਵਾਂਵਾਂ ਰਾਹੀਂ ਸਕੂਲਾਂ ਨੂੰ ਮੁੜ ਕੇ ਖੋਲ੍ਹੇ ਜਾਣ ਦੇ ਅਲਟੀਮੇੇਟਮ ਦੇ ਖ਼ਿਲਾਫ਼ ਆਪਣੀ ਮੁਖਾਲਫਤ ਜ਼ਾਹਿਰ ਕੀਤੀ ਹੈ।
ਇਨ੍ਹਾਂ ਮੁਜ਼ਾਹਰਿਆਂ ਦੇ ਨਤੀਜੇ ਵਜੋਂ ਅਮਰੀਕੀ ਪ੍ਰਧਾਨ ਡੌਨਲਡ ਟਰੰਪ ਨੇ 23 ਜੁਲਾਈ ਨੂੰ ਵਾਈਟ ਹਾਊਸ ਦੀ ਨਿਊਜ਼ ਕਾਨਫਰੰਸ ਵਿੱਚ ਐਲਾਨ ਕੀਤਾ ਕਿ “ਜ਼ਿਆਦਾ ਵਾਇਰਸ ਵਾਲੇ ਕੇਂਦਰਾਂ” ਵਿੱਚ ਕੁੱਝ ਸਕੂਲ ਮੁੜ ਕੇ ਖੋਲ੍ਹਣਾ ਮੁਲਤਵੀ ਕਰ ਸਕਦੇ ਹਨ।
ਜੁਲਾਈ ਦੇ ਪਹਿਲੇ ਤਿੰਨਾਂ ਹਫਤਿਆਂ ਵਿੱਚ ਫਲੋਰੀਡਾ, ਲੂਸ਼ੀਆਨਾ, ਐਲਾਬਾਮਾ, ਐਰੀਜ਼ੋਨਾ, ਆਇਓਵਾ, ਜੌਰਜੀਆ, ਟੈਨੇਸੀ, ਸਾਊਥ ਕੈਰੋਲੀਨਾ, ਕੌਲੋਰਾਡੋ, ਊਟਾ, ਕੈਨਟੱਕੀ ਅਤੇ ਹੋਰ ਕਈ ਰਾਜਾਂ ਵਿੱਚ ਮੁਜ਼ਾਹਰੇ ਹੁੰਦੇ ਰਹੇ ਹਨ।
ਅਮਰੀਕਾ – ਇਲੀਨੌਇਜ਼ ਵਿੱਚ ਨਰਸਾਂ ਦਾ ਸੰਘਰਸ਼
ਜੋਲੀਅਟ, ਇਲੀਨੌਇਜ਼ ਵਿੱਚ ਅਮੀਟਾ ਸੇਂਟ ਜੋਸਿਫ ਮੈਡੀਕਲ ਸੈਂਟਰ ਦੀਆਂ 700 ਤੋਂ ਵੱਧ ਨਰਸਾਂ ਜੁਲਾਈ ਵਿੱਚ ਤਿੰਨਾਂ ਹਫਤਿਆਂ ਤੋਂ ਹੜਤਾਲ਼ ਉੱਤੇ ਹਨ। ਨਰਸਾਂ ਦੀ ਇਹ ਹੜਤਾਲ਼ 4 ਜੁਲਾਈ ਨੂੰ ਸ਼ੁਰੂ ਹੋਈ ਸੀ। ਉਹ ਸੁਰੱਖਿਅਤ ਮਰੀਜ਼-ਨਰਸ ਅਨੁਪਾਤ, ਵੇਤਨਾਂ ਵਿੱਚ ਵਾਧੇ ਅਤੇ ਨੌਕਰੀ ਦੀ ਸੁਰੱਖਿਆ ਦੀ ਮੰਗ ਕਰ ਰਹੀਆਂ ਹਨ, ਜੋ ਕਿ ਤਮਾਮ ਸਵਾਸਥ ਸੇਵਾ ਮਜ਼ਦੂਰਾਂ ਲਈ ਜ਼ਰੂਰੀ ਹਨ ਅਤੇ ਖਾਸ ਕਰਕੇ ਮਹਾਂਮਾਰੀ ਦੁਰਾਨ ਤਾਂ ਇਹ ਹੋਰ ਵੀ ਜ਼ਰੂਰੀ ਹਨ।
2018 ਵਿੱਚ ਅਮੀਟਾ ਨੂੰ ਸੇਂਟ ਲੂਸੀਸ ਅਧਾਰਿਤ ਅਸੈਂਸ਼ਨ ਹੈਲਥ ਨੇ ਲੈ ਲਿਆ ਸੀ। ਇਹ ਅਮਰੀਕਾ ਦਾ ਅਖੌਤੀ ਮੁਨਾਫਾ-ਰਹਿਤ ਸਵਾਸਥ ਸੇਵਾ ਢਾਂਚਾ ਹੈ ਅਤੇ ਦੁਨੀਆਂਭਰ ਵਿਚ ਸਭ ਤੋਂ ਵੱਡਾ ਕੈਥੋਲਿਕ ਸਵਾਸਥ ਢਾਂਚਾ ਹੈ, ਜਿਸ ਵਿੱਚ 1,60,000 ਮੁਲਾਜ਼ਮ ਕੰਮ ਕਰਦੇ ਹਨ। ਅਸੈਂਸ਼ਨ ਹੈਲਥ ਅਮਰੀਕਾ ਵਿੱਚ 150 ਹਸਪਤਾਲ ਚਲਾਉਂਦਾ ਹੈ ਅਤੇ ਟਰੰਪ ਪ੍ਰਸ਼ਾਸਣ ਦੇ ਸਵਾਸਥ ਅਤੇ ਮਾਨਵ ਵਿਭਾਗ ਵਲੋਂ ਇਸਨੂੰ 211 ਮਿਲੀਅਨ ਡਾਲਰ ਦਿੱਤੇ ਗਏ ਹਨ। ਇਸ ਅਖੌਤੀ ਮੁਨਾਫਾ-ਰਹਿਤ ਕੰਪਨੀ ਕੋਲ 15.5 ਬਿਲੀਅਨ ਡਾਲਰ ਨਕਦ ਰਾਖਵੇਂ ਹਨ ਅਤੇ ਵੈਂਚਰ ਕੈਪੀਟਲ ਫੰਡ ਨਾਮ ਦੀ ਇੱਕ ਨਿਵੇਸ਼ ਸਲਾਹਕਾਰ ਕੰਪਨੀ ਚਲਾਉਂਦੀ ਹੈ, ਜੋ ਹੋਰਨਾਂ ਕੰਪਨੀਆਂ ਨੂੰ ਆਪਣਾ ਪੈਸਾ ਠੀਕ ਥਾਂ ਲਾਉਣ ਵਿਚ ਮੱਦਦ ਕਰਦੀ ਹੈ। ਦੂਸਰੇ ਸ਼ਬਦਾਂ ਵਿੱਚ ਇਹ ਕੰਪਨੀ ਹੋਰਨਾਂ ਕੰਪਨੀਆਂ ਦੇ ਮੁਨਾਫਿਆਂ ਦਾ ਨਿਵੇਸ਼ ਕਰਾਉਣ ਵਿਚੋਂ ਖੁਦ ਮੁਨਾਫੇ ਬਣਾਉਂਦੀ ਹੈ। ਅਸੈਂਸ਼ਨ ਦੇ ਚੀਫ ਐਗਜ਼ੈਟਿਵ ਆਫੀਸਰ ਐਨਥਨੀ ਟਰਸਿਗਨੀ ਨੂੰ ਪਿਛਲੇ ਸਾਲ ਉਸ ਦੀ ਸੇਵਾ-ਨਿਵਰਤੀ ਉੱਤੇ 2014 ਤੋਂ ਲੈ ਕੇ 90 ਮਿਲੀਅਨ ਡਾਲਰ ਮੁਆਵਜ਼ਾ ਦਿੱਤਾ ਗਿਆ ਸੀ।
ਅਸੈਂਸ਼ਨ ਦੀ ਮੈਨੇਜਮੈਂਟ ਨਰਸਾਂ ਸਮੇਤ ਆਪਣੇ ਸਾਰੇ ਸਟਾਫ ਦੀ ਵਹਿਸ਼ੀ ਲੁੱਟ ਕਰਦੀ ਹੈ। ਉਹ ਨਰਸਾਂ ਕੋਲੋਂ ਤਿੰਨਾਂ ਸਾਲਾਂ ਦੇ ਕੰਟਰੈਕਟ ਦਸਖਤ ਕਰਵਾਉਣਾ ਚਾਹੁੰਦੀ ਹੈ, ਜਿਸਦੇ ਮੁਤਬਿਕ ਪਹਿਲੇ ਸਾਲ ਵਿਚ ਉਨ੍ਹਾਂ ਦੀ ਕੋਈ ਤਨਖਾਹ ਨਹੀਂ ਵਧਾਈ ਜਾਵੇਗੀ ਅਤੇ ਅਗਲੇ ਦੋ ਸਾਲ 2 ਫੀਸਦੀ ਪ੍ਰਤੀ ਸਾਲ ਤਨਖਾਹ ਵਧਾਈ ਜਾਵੇਗੀ, ਜੋ ਕਿ ਮੁਦਰਾਸਫੀਤੀ ਤੋਂ ਵੀ ਘੱਟ ਹੈ। ਪ੍ਰਚਲਤ ਅਮਲ ਅਨੁਸਾਰ ਨਰਸਾਂ ਦੀ ਤਨਖਾਹ ਸਾਲ ਵਿੱਚ ਦੋ ਵਾਰ ਵਧਣੀ ਚਾਹੀਦੀ ਹੈ, ਜੋ ਉਨ੍ਹਾਂ ਦੀ ਨੌਕਰੀ ਦੇ ਸਾਲ ਵਧਣ ਅਤੇ ਤਜਰਬੇ ਉਤੇ ਅਧਾਰਿਤ ਹੁੰਦੀ ਹੈ, ਅਤੇ ਉਨ੍ਹਾਂ ਨੂੰ ਜੀਵਨ ਨਿਰਬਾਹ ਲਈ ਖਰਚਾ (ਕੌਸਟ ਆਫ ਲਿਵਿੰਗ) ਮਿਲਣਾ ਚਾਹੀਦਾ ਹੈ। ਪਰ ਮੈਨੇਜਮੈਂਟ ਨੇ ਕੌਸਟ ਆਫ ਲਿਵਿੰਗ ਸਿਫਰ ਅਤੇ ਦੂਸਰੇ ਸਾਲ ਅਤੇ ਤੀਸਰੇ ਵਿਚ ਤਜਰਬੇ ਦੇ ਸਾਲਾਂ ਉਤੇ ਅਧਾਰਿਤ ਤਨਖਾਹ ਵਧਾਉਣ ਦੀ ਪੇਸ਼ਕਸ਼ ਕੀਤੀ ਹੈ।
ਫਰਾਂਸ, ਜਰਮਨੀ ਅਤੇ ਸਪੇਨ – ਏਅਰਬੱਸ ਦੇ ਮਜ਼ਦੂਰਾਂ ਵਲੋਂ ਆਪਸੀ ਤਾਲਮੇਲ ਕਰਕੇ ਵਿਖਾਵੇ ਕੀਤੇ ਗਏ
ਏਅਰਬੱਸ ਦੇ ਮਜ਼ਦੂਰਾਂ ਨੇ ਫਰਾਂਸ ਅਤੇ ਜਰਮਨੀ ਵਿਚ 8 ਜੁਲਾਈ 2020 ਨੂੰ, ਇਸ ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਦੀ 15,000 ਨੌਕਰੀਆਂ ਕੱਟ ਦੇਣ ਦੀ ਯੋਜਨਾ ਦੇ ਖ਼ਿਲਾਫ਼ ਆਪਸੀ ਤਾਲਮੇਲ ਵਿਚ ਪ੍ਰਦਰਸ਼ਨ ਕੀਤੇ।
ਏਅਰਬੱਸ ਦੇ 8,000 ਫਰਾਂਸੀਸੀ ਮਜ਼ਦੂਰਾਂ ਨੇ ਨੌਕਰੀਆਂ ਕੱਟਣ ਦੀ ਯੋਜਨਾ ਦੇ ਖ਼ਿਲਾਫ਼ 90 ਮਿੰਟਾਂ ਲਈ ਕੰਮ ਬੰਦ ਕਰਕੇ ਤੂਲੂਸ ਏਅਰਪੋਰਟ ਦੇ ਰਨਵੇਅ ਉਤੇ ਖੜ੍ਹੇ ਹੋ ਕੇ ਵਿਖਾਵਾ ਕੀਤਾ। ਉਨ੍ਹਾਂ ਦਾ ਨਾਅਰਾ ਸੀ: “ਕੋਈ ਵੀ ਨੌਕਰੀ ਲਾਜ਼ਮੀ ਤੌਰ ਉਤੇ ਨਹੀਂ ਕੱਟੀ ਜਾਣੀ ਚਾਹੀਦੀ”।
ਜਰਮਨੀ ਵਿਚ ਏਅਰਬੱਸ ਦੇ ਮਜ਼ਦੂਰਾਂ ਨੇ ਹੈਮਬਰਗ ਵਿੱਚ 2000 ਖਾਲੀ ਕੁਰਸੀਆਂ ਲਾ ਕੇ 2000 ਨੌਕਰੀਆਂ ਕੱਟਣ ਦੀ ਯੋਜਨਾ ਦਾ ਭਾਵ ਪੈਦਾ ਕੀਤਾ। ਉਨ੍ਹਾਂ ਦੇ ਸਹਿ-ਮਜ਼ਦੂਰਾਂ ਨੇ ਔਗਜ਼ਬਰਗ ਵਿਚ ਗੁਬਾਰੇ ਛੱਡੇ, ਜਿਨ੍ਹਾਂ ਉਤੇ ਨਾਅਰੇ ਲਿਖੇ ਹੋਏ ਸਨ।
ਕੱਟੀਆਂ ਜਾ ਰਹੀਆਂ 15,000 ਵਿਚੋਂ 1600 ਨੌਕਰੀਆਂ ਸਪੇਨ ਵਿਚ ਕੱਟੀਆਂ ਜਾਣਗੀਆਂ। ਜੁਲਾਈ ਦੇ ਤੀਸਰੇ ਹਫਤੇ ਵਿਚ ਮੈਡਰਿਡ ਦੇ ਬਾਹਰਵਾਰ ਗੇਟਾਫ ਵਿਚ ਇੱਕ ਮੁਜ਼ਹਰਾ ਕੀਤਾ ਗਿਆ ਸੀ, ਜਦਕਿ ਸਪੇਨ ਦੇ ਹੋਰ ਸ਼ਹਿਰਾਂ ਸੇਵਿਲ, ਕਾਡਿਜ਼ ਅਤੇ ਅਲਬਾਸਿਟ ਵਿੱਚ ਸਥਿਤ ਪਲਾਂਟਾਂ ਵਿਚ ਵੀ ਵਿਖਾਵੇ ਕੀਤੇ ਜਾਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਯੂ.ਕੇ. – ਲੰਡਨ ਵਿਚ ਮਿਊਂਸਪਿਲਟੀ ਮੁਲਾਜ਼ਮਾਂ ਦੀ ਹੜਤਾਲ਼
ਈਸਟ ਲੰਡਨ ਦੀ ਟਾਵਰ ਹੈਮਲਿਟ ਮਿਊਂਸਪਿਲਟੀ ਦੇ 1500 ਸਰਕਾਰੀ ਮੁਲਾਜ਼ਮਾਂ ਨੇ 15 ਜੁਲਾਈ ਤੋਂ ਲੈ ਕੇ ਤਿੰਨਾਂ ਦਿਨਾਂ ਲਈ ਹੜਤਾਲ਼ ਕੀਤੀ। ਹੜਤਾਲ਼ ਕਰਨ ਵਾਲਿਆਂ ਵਿੱਚ ਸਮਾਜਿਕ ਕੰਮ ਕਰਨ ਵਾਲੇ, ਰਹਾਇਸ਼ ਦਾ ਪ੍ਰਬੰਧ ਕਰਨ ਵਾਲੇ, ਅਧਿਆਪਕਾਂ ਦੇ ਸਹਾਇਕ ਕਾਮੇ ਅਤੇ ਕੂੜਾ ਚੁੱਕਣ ਵਾਲੇ ਮਜ਼ਦੂਰ ਸ਼ਾਮਲ ਸਨ।
ਟਾਵਰ ਹੈਮਲਿਟਸ ਦੀ ਮਿਊਂਸਪਿਲਟੀ ਵਲੋਂ ਕੰਮ ਦੀਆਂ ਨਵੀਆਂ ਸ਼ਰਤਾਂ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਅਧੀਨ ਨਵੇਂ ਮੁਲਾਜ਼ਮਾਂ ਦੇ ਵੇਤਨ ਦਰ ਘੱਟ ਹੋਣਗੇ, ਰਾਤ ਨੂੰ ਕੰਮ ਦੇ ਦਰ ਘੱਟ ਹੋਣਗੇ ਅਤੇ ਸਾਲਾਨਾ ਵੇਤਨ ਵਧਣ ਦੇ ਦਰ ਵੀ ਘੱਟ ਹੋਣਗੇ। ਇਸ ਤੋਂ ਇਲਾਵਾ ਲੇਆਫ ਲਈ ਦਿੱਤੇ ਜਾਣ ਵਾਲੇ ਪੈਸੇ ਮੌਜੂਦਾ ਦਰ ਦਾ 80 ਫੀਸਦੀ ਹੋਣਗੇ। ਟਾਵਰ ਹੈਮਲਿਟਸ ਮਿਊਂਸਪਿਲਟੀ ਨੇ ਇਹ ਨਵੀਂਆਂ ਸ਼ਰਤਾਂ 6 ਜੁਲਾਈ, 2020 ਨੂੰ ਸ਼ੁਰੂ ਕੀਤੀਆਂ। ਲੱਗਭਗ 4000 ਮੁਲਾਜ਼ਮਾਂ ਵਿਚੋਂ ਦੋ-ਤਿਹਾਈ ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਨਵੀਂਆਂ ਘਟੀਆ ਸ਼ਰਤਾਂ ਉੱਤੇ ਦੁਬਾਰਾ ਕੰਮ ‘ਤੇ ਰੱਖਿਆ ਗਿਆ ਸੀ।
ਯੂਕਰੇਨ- ਕੋਲਾ ਖਾਨ ਮਜ਼ਦੂਰਾਂ ਦੀ ਮੰਗਾਂ ਮੰਨੀਆਂ ਗਈਆਂ
ਯੂਕਰੇਨ ਦੇ ਕੋਲੇ ਦੀਆਂ ਖਾਨਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਜੁਲਾਈ 2020 ਵਿੱਚ ਹੜਤਾਲ਼ ਕੀਤੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ।
ਯੂਕਰੇਨ ਵਿੱਚ ਕੋਲੇ ਦੀਆਂ ਸਰਕਾਰੀ ਖਾਨਾਂ ਦੇ ਮਜ਼ਦੂਰਾਂ ਨੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਪਿਛਲੇ ਕੁੱਝ ਸਾਲਾਂ ਵਿਚ ਕਈ ਇੱਕ ਹੜਤਾਲ਼ਾਂ ਅਤੇ ਹੋਰ ਕਾਰਵਾਈਆਂ ਕੀਤੀਆਂ ਹਨ।
ਤਾਜ਼ਾ ਕਾਰਵਾਈਆਂ ਵਿੱਚ ਯੁਕਰੇਨ ਦੇ ਕੋਲਾ ਖਾਨ ਮਜ਼ਦੂਰਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਵਲੋਂ ਕਾਈਵ (ਰਾਜਧਾਨੀ) ਵਿਚ 30 ਜੂਨ ਤੋਂ ਲੈ ਕੇ ਮੁਜ਼ਾਹਰੇ ਕੀਤੇ ਗਏ ਸਨ, ਜੋ 11 ਦਿਨਾਂ ਬਾਅਦ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਤੋਂ ਬਾਅਦ ਖਤਮ ਹੋਏ। ਇਨ੍ਹਾਂ ਖਾਨ ਮਜ਼ਦੂਰਾਂ ਵਿੱਚ ਸਰਕਾਰੀ ਅਤੇ ਨਿੱਜੀ, ਦੋਵਾਂ ਤਰ੍ਹਾਂ ਦੀਆਂ ਖਾਨਾਂ ਦੇ ਮਜ਼ਦੂਰ ਸ਼ਾਮਲ ਸਨ। ਮਜ਼ਦੂਰ ਆਪਣੇ ਬਕਾਇਆ ਵੇਤਨ ਦਿੱਤੇ ਜਾਣ ਅਤੇ ਬੰਦ ਕੀਤੀਆਂ ਗਈਆਂ ਖਾਨਾਂ ਨੂੰ ਦੁਬਾਰਾ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਸਨ।
ਯੂਕਰੇਨ ਦੀ ਸਰਕਾਰ ਵਲੋਂ ਬੰਦ ਹੋਈਆਂ ਖਾਨਾਂ ਨੂੰ ਦੁਬਾਰਾ ਖੋਲ੍ਹਣ, ਬਕਾਇਆ ਵੇਤਨ ਦੇਣ ਅਤੇ ਕੋਲੇ ਦੀਆਂ ਖਾਨਾਂ ਵਿਚੋਂ ਕੱਢੇ ਜਾਣ ਵਾਲੇ ਕੋਲੇ ਦੀ ਖਰੀਦ ਬਹਾਲ ਕੀਤੇ ਜਾਣ ਦੀ ਗਰੰਟੀ ਦਿੱਤੇ ਜਾਣ ਤੋਂ ਬਾਅਦ ਇਹ ਹੜਤਾਲ਼ ਵਾਪਸ ਲੈ ਲਈ ਗਈ।
ਇਜ਼ਰਾਈਲ – ਸਮਾਜ ਸੇਵਕ ਹੜਤਾਲ਼ ਉੱਤੇ, ਨਰਸਾਂ ਵਲੋਂ ਹੜਤਾਲ਼ ਦੀ ਤਿਆਰੀ
ਇਜ਼ਰਾਈਲੀ ਸਮਾਜਿਕ ਸੇਵਕ 6 ਜੁਲਾਈ ਤੋਂ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ਼ ਉੱਤੇ ਹਨ। ਹੜਤਾਲ਼ ਦੇ ਦੂਸਰੇ ਹਫਤੇ ਸਮਾਜਿਕ ਸੇਵਕਾਂ ਨੇ ਦੇਸ਼-ਭਰ ਵਿੱਚ ਚੁਰਾਹਿਆਂ ਉੱਤੇ ਮੁਜ਼ਾਹਰੇ ਕੀਤੇ। ਉਨ੍ਹਾਂ ਦੇ ਬੈਨਰਾਂ ਉੱਤੇ ਇਹ ਨਾਅਰੇ ਸਨ: “ਸਮਾਜ-ਭਲਾਈ ਮਰਨ ਕਿਨਾਰੇ ਹੈ, ਸਮਾਜ ਦਾ ਕਚੂੰਮਰ ਨਿਕਲ ਰਿਹਾ ਹੈ” ਅਤੇ “ਬੱਚੇ ਖ਼ਤਰੇ ਵਿੱਚ ਹਨ”। ਇਸ ਤੋਂ ਪਹਿਲਾਂ ਸਮਾਜਿਕ ਸੇਵਕਾਂ ਨੇ ਵਿੱਤ ਮੰਤਰੀ, ਯਿਸਰੇਲ ਕਾਟਜ਼ ਦੇ ਘਰ ਦੇ ਅੱਗੇ ਵੀ ਵਿਖਾਵਾ ਕੀਤਾ ਸੀ।
ਇਹ ਹੜਤਾਲ਼ 5 ਜੁਲਾਈ 2020 ਨੂੰ ਸਮਾਜਿਕ ਸੇਵਕਾਂ ਦੀ ਯੂਨੀਅਨ ਅਤੇ ਇਜ਼ਰਾਇਲੀ ਵਿੱਤ ਮੰਤਰਾਲੇ ਵਿਚਕਾਰ ਸਮਝੌਤੇ ਲਈ ਗੱਲਬਾਤ ਟੁੱਟ ਜਾਣ ਤੋਂ ਬਾਅਦ ਸ਼ੁਰੂ ਹੋਈ ਸੀ। ਇਹ ਮਜ਼ਦੂਰ ਘੱਟ ਵੇਤਨ, ਬਹੁਤ ਜ਼ਿਆਦਾ ਕੰਮ ਅਤੇ ਉਨ੍ਹਾਂ ਖ਼ਿਲਾਫ਼ ਹਿੰਸਾ ਦੀਆਂ ਧਮਕੀਆਂ ਦੇ ਵਿਰੋਧ ਵਿੱਚ ਹੜਤਾਲ਼ ਕਰ ਰਹੇ ਹਨ। ਯੂਨੀਅਨ ਦੇ ਅਨੁਸਾਰ 1000 ਤੋਂ ਵੱਧ ਸਮਾਜਿਕ ਸੇਵਕ ਅਸਾਮੀਆਂ ਖਾਲੀ ਪਈਆਂ ਹਨ, ਕਿਉਂਕਿ ਕੰਮ ਦੀਆਂ ਭੈੜੀਆਂ ਹਾਲਤਾਂ ਅਤੇ ਥੋੜ੍ਹੇ ਵੇਤਨ ਹੋਣ ਕਾਰਨ ਇਹ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ।
ਇਹਦੇ ਨਾਲ ਨਾਲ ਇਜ਼ਾਰਾਈਲ-ਭਰ ਵਿੱਚ ਸਟਾਫ ਦੀ ਕਮੀ ਅਤੇ ਘੱਟ ਵੇਤਨਾਂ ਕਾਰਨ ਨਰਸਾਂ ਵਲੋਂ ਹੜਤਾਲ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਮਹਾਂਮਾਰੀ ਦੇ ਕਾਰਨ ਕੰਮ ਦਾ ਭਾਰ ਬਦ-ਤੋਂ-ਬਦਤਰ ਹੁੰਦਾ ਜਾ ਰਿਹਾ ਹੈ। ਨਰਸਾਂ ਦੀਆਂ 1500 ਅਸਾਮੀਆਂ ਖਾਲੀ ਹਨ ਅਤੇ ਕੋਵਿਡ-19 ਦੀ ਲਾਗ ਲੱਗਣ ਕਾਰਨ 800 ਨਰਸਾਂ ਕੁਅਰਨਟੀਨ ਵਿੱਚ ਹਨ।
ਜ਼ਿਮਬਾਵੇ – ਨਰਸਾਂ ਉੱਤੇ ਜਬਰ ਦੇ ਬਾਵਯੂਦ ਉਨ੍ਹਾਂ ਦੀ ਹੜਤਾਲ਼ ਜਾਰੀ ਹੈ
ਜ਼ਿਮਬਾਵੇ ਵਿੱਚ ਹਜ਼ਾਰਾਂ ਹੀ ਨਰਸਾਂ ਰਾਜ ਵਲੋਂ ਵਹਿਸ਼ੀ ਜਬਰ ਦੇ ਬਾਵਯੂਦ, ਗੁਜ਼ਾਰੇ ਲਾਇਕ ਵੇਤਨ ਲਈ ਆਪਣੀ ਹੜਤਾਲ ਜਾਰੀ ਰੱਖ ਰਹੀਆਂ ਹਨ। ਨਰਸਾਂ ਕੋਲੋਂ ਈਨ ਮੰਨਵਾੳਣ ਲਈ, ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਗਿ੍ਰਫਤਾਰ ਕੀਤਾ ਜਾ ਰਿਹਾ ਹੈ ਅਤੇ ਗੰਦੇ ‘ਤੇ ਭੀੜੇ ਪੁਲੀਸ ਕਾਲ ਕੋਠੜਿਆਂ ਵਿੱਚ ਰੱਖਿਆ ਜਾ ਰਿਹਾ ਹੈ। ਨਰਸਾਂ ਨੂੰ ਬੰਦ ਕੋਠੜੀਆਂ ਵਿੱਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ ਅਤੇ ਭਾਰੀ ਜੁਰਮਾਨੇ ਭਰਨ ਲਈ ਜਾਂ ਭਾਰੀ ਜ਼ਮਾਨਤ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਸਰਕਾਰ, ਨਰਸਾਂ ਦੇ ਤੌਖਲਿਆਂ ਦੀ ਪਰਵਾਹ ਕੀਤਿਆਂ ਬਗੈਰ ਹੀ, ਉਨ੍ਹਾਂ ਦੀ ਹੜਤਾਲ਼ ਨੂੰ ਰਾਜ ਦੀ ਸੁਰੱਖਿਆ ਦੇ ਮਾਮਲੇ ਦੇ ਤੌਰ ਉੱਤੇ ਲੈ ਰਹੀ ਹੈ। ਰੈਲੀਆਂ, ਮੁਜ਼ਾਹਰੇ ਅਤੇ ਹੋਰ ਸਰਬਜਨਕ ਇਕੱਠਾਂ ਉੱਤੇ ਬੈਨ ਦੇ ਕਾਨੂੰਨਾਂ ਹੇਠ, ਹੜਤਾਲ਼ੀਆਂ ਨੂੰ 200 ਤੋਂ ਲੈ ਕੇ 500 ਜ਼ਿਮਬਾਵੀ ਡਾਲਰ ਤਕ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਇਹ ਕਾਨੂੰਨ ਕੋਵਿਡ-19 ਮਹਾਂਮਾਰੀ ਦੇ ਬਹਾਨੇ ਹੇਠ ਪਾਸ ਕੀਤੇ ਗਏ ਸਨ। ਨਰਸਾਂ ਦੀ ਹੜਤਾਲ਼ ਇਸਦੇ ਬਾਵਯੂਦ ਵੀ ਜਾਰੀ ਹੈ।
ਸਾਊਥ ਅਫਰੀਕਾ – ਸਵਾਸਥ ਮਜ਼ਦੂਰ ਹੜਤਾਲ਼ ਉੱਤੇ
ਸਾਊਥ ਅਫਰੀਕਾ ਦੇ ਪੱਛਮੀ ਕੇਪ ਪ੍ਰਾਂਤ ਵਿੱਚ ਸਵਾਸਥ ਮਜ਼ਦੂਰ 13 ਜੁਲਾਈ 2020 ਤੋਂ ਲੈ ਕੇ ਕੰਮ ਦੇ ਅਸੁਰਖਿਅਤ ਹਾਲਾਤਾਂ ਦੇ ਖਿਲਾਫ ਹੜਤਾਲ ਉਤੇ ਹਨ। ਉਨ੍ਹਾਂ ਨੇ ਟੂਟੀਆਂ ਵਿਚ ਪਾਣੀ ਦੀ ਘਾਟ, ਨਿੱਜੀ ਸੁਰਖਿਆ ਸਮਾਨ (ਪੀਪੀਈ) ਅਤੇ ਹਸਪਤਾਲਾਂ ਵਿਚ ਬੇਅਸਰ ਸਮਾਜਿਕ ਦੂਰੀ ਦੇ ਖਿਲਾਫ ਮੁਜਾਹਰੇ ਕੀਤੇ।
ਗੁਆਂਢੀ ਪ੍ਰਾਂਤ, ਕਵਾਜ਼ੂਲੂ-ਨਟਾਲ ਵਿਚ ਸਵਾਸਥ ਮਜ਼ਦੂਰ, ਉਨ੍ਹਾਂ ਨੂੰ ਛੂਤ ਦੇ ਵਾਧੇ, ਪੀਪੀਈ ਦੀ ਥੋੜ੍ਹ ਅਤੇ ਕੰਮ ਸਥਾਨਾਂ ਨੂੰ ਰੋਗਾਣੂੰ ਰਹਿਤ ਕਰਨ ਦੀ ਅਸਫਲਤਾ ਬਾਰੇ ਤੌਖਲਾ ਜ਼ਾਹਿਰ ਕਰ ਰਹੇ ਹਨ। ਇਸ ਤੋਂ ਪਹਿਲਾਂ ਪਾਈਟਰਮਾਰਿਟਜ਼ਬਰਗ ਵਿੱਚ ਇੱਕ ਹਸਪਤਾਲ ਦਾ ਸਟਾਫ, ਵਾਇਰਸ ਕਾਰਨ ਦੋ ਨਰਸਾਂ ਦੀ ਮੌਤ ਹੋ ਜਾਣ ਤੋਂ ਬਾਅਦ, ਕੰਮ ਦੇ ਭੈੜੇ ਹਾਲਾਤਾਂ ਬਾਰੇ ਰੋਸ ਪ੍ਰਗਟ ਕਰਨ ਲਈ ਹੜਤਾਲ਼ ਕਰ ਚੁੱਕਾ ਹੈ।
ਪਾਕਿਸਤਾਨ – ਇਸਲਾਮਾਬਾਦ ਵਿਚ ਡਾਕਟਰਾਂ ਦਾ ਮੁਜ਼ਾਹਰਾ
ਇਸਲਾਮਾਬਾਦ ਵਿੱਚ ਸਰਕਾਰੀ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ ਆਈ ਐਮ ਐਸ) ਦੇ ਡਾਕਟਰਾਂ ਨੇ, 13 ਜੁਲਾਈ 2020 ਨੂੰ ਜ਼ੋਖਮ ਭੱਤਾ ਅਤੇ ਤਨਖ਼ਾਹ ਵਿੱਚ ਵਾਧੇ ਦੀ ਰਕਮ ਫੋਰੀ ਤੌਰ ਉਤੇ ਦਿੱਤੇ ਜਾਣ ਵਾਸਤੇ ਮੁਜ਼ਾਹਰਾ ਕੀਤਾ। ਸਰਕਾਰ ਵਲੋਂ ਇਸ ਭੱਤੇ ਅਤੇ ਵੇਤਨ ਵਿੱਚ ਵਾਧੇ ਦਾ ਐਲਾਨ ਸਤੰਬਰ 2019 ਵਿੱਚ ਕੀਤਾ ਗਿਆ ਸੀ। ਇਸ ਮੁਜ਼ਾਹਰੇ ਦੀ ਅਗਵਾਈ ਕਰਨ ਵਾਲੀ ਯੰਗ ਡਾਕਟਰਜ਼ ਐਸੋਸੀਏਸ਼ਨ ਨੇ ਇਹ ਮੁਜ਼ਾਹਰਾ ਹਸਪਤਾਲ ਦੇ ਪ੍ਰਸ਼ਾਸਣ ਦੀ ਇਸ ਧਮਕੀ ਦੀ ਕੋਈ ਪ੍ਰਵਾਹ ਨਾ ਕਰਦਿਆਂ ਕੀਤਾ ਸੀ, ਕਿ ਮੁਜ਼ਾਹਰਾ ਕਰਨ ਵਾਲੇ ਡਾਕਟਰਾਂ ਦੇ ਖ਼ਿਲਾਫ਼ “ਸਖਤ ਕਾਰਵਾਈ” ਕੀਤੀ ਜਾਵੇਗੀ।
ਪੀ ਆਈ ਐਮ ਐਸ ਦੇ ਮੈਡੀਕਲ ਸਟਾਫ ਵਲੋਂ ਕੀਤੇ ਜਾਣ ਵਾਲਿਆਂ ਮੁਜ਼ਾਹਰਿਆਂ ਵਿਚੋਂ ਇਹ ਸਭ ਤੋਂ ਤਾਜ਼ਾ ਐਕਸ਼ਨ ਹੈ। ਇਸ ਤੋਂ ਪਹਿਲਾਂ ਨਰਸ ਵਿਦਿਆਰਥੀਆਂ ਨੇ ਆਪਣਾ ਵਜ਼ੀਫਾ ਨਾ ਦਿੱਤੇ ਜਾਣ ਅਤੇ ਪੀਪੀਈ ਨਾ ਮੁਹੱਈਆ ਕੀਤੇ ਜਾਣ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ ਸੀ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਇਸ ਹਸਪਤਾਲ ਵਿੱਚ 200 ਤੋਂ ਵੱਧ ਸਟਾਫ ਨੂੰ ਕੋਵਿਡ-19 ਦੀ ਛੁਤ ਲਗ ਚੁੱਕੀ ਹੈ ਅਤੇ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਨੇ ਹੈਲਥ ਸਰਵਿਸਿਜ਼ ਦੇ ਮੰਤਰਾਲੇ ਵਲੋਂ ਉਨ੍ਹਾਂ ਦੇ ਤੌਖਲਿਆਂ ਦਾ ਹੱਲ ਕਰਨ ਲਈ ਰਜ਼ਾਮੰਦ ਹੋਣ ਤੋਂ ਬਾਅਦ ਆਪਣੀ ਹੜਤਾਲ਼ ਵਾਪਸ ਲੈਣ ਦਾ ਫੈਸਲਾ ਕੀਤਾ।
ਸ੍ਰੀ ਲੰਕਾ – ਨਰਸਾਂ ਵਲੋਂ ਵਾਧੂ ਸਮਾਂ ਕੰਮ ਕਰਨ ਦੀ ਤਨਖਾਹ ਮੰਗੀ
ਕੇਂਦਰੀ ਸ੍ਰੀ ਲੰਕਾ ਵਿੱਚ ਕਾਂਡੀ ਜਨਰਲ ਹਸਪਤਾਲ ਦੀਆਂ 300 ਦੇ ਕਰੀਬ ਨਰਸਾਂ ਨੇ ਮਹਾਂਮਾਰੀ ਦੁਰਾਨ ਪਹਿਲਾਂ ਮੰਨੇ ਜਾ ਚੱੁਕੇ ਰੇਟ ਅਨੁਸਾਰ ਓਵਰਟਾਈਮ ਕਰਨ ਵਾਸਤੇ ਵੇਤਨ ਦਿੱਤੇ ਜਾਣ ਦੀ ਮੰਗ ਲਈ 13 ਜੁਲਾਈ 2020 ਨੂੰ ਹਸਪਤਾਲ ਦੇ ਬਾਹਰ ਮੁਜ਼ਾਹਰਾ ਕੀਤਾ। ਨਰਸਾਂ ਦਾ ਕਹਿਣਾ ਹੈ ਕਿ ਉਹ ਚਾਰ ਤੋਂ ਲੈ ਕੇ ਅੱਠ ਘੰਟੇ ਵਾਧੂ ਕੰਮ ਕਰ ਰਹੀਆਂ ਹਨ, ਪਰ ਉਨ੍ਹਾਂ ਨੂੰ ਵਾਇਦੇ ਅਨੁਸਾਰ ਵੇਤਨ ਨਹੀਂ ਦਿੱਤੇ ਜਾ ਰਹੇ। ਕਾਂਡੀ ਦੀਆਂ ਨਰਸਾਂ ਤੋਂ ਪਹਿਲਾਂ ਸ੍ਰੀ ਲੰਕਾ ਦੇ ਹੋਰ ਭਾਗਾਂ ਵਿੱਚ ਵੀ ਕੋਵਿਡ-19 ਮਹਾਂਮਾਰੀ ਦੁਰਾਨ ਓਵਰਟਾਈਮ ਵੇਤਨ ਅਤੇ ਤਨਖਾਹ ਦੇ ਕੇ ਛੁੱਟੀਆਂ ਕੈਂਸਲ ਕੀਤੇ ਜਾਣ ਦੇ ਖ਼ਿਲਾਫ਼ ਕਈ ਇੱਕ ਸੰਘਰਸ਼ ਚਲ ਚੁੱਕੇ ਹਨ।
ਬੰਗਲਾਦੇਸ਼ – ਬਸਤਰ ਸਿਉਂਣ ਵਾਲੇ ਮਜ਼ਦੂਰਾਂ ਦੀ ਬਕਾਇਆ ਤਨਖਾਹਾਂ ਦੀ ਮੰਗ
ਬੰਗਲਾਦੇਸ਼ ਵਿਚ ਸਾਵਰ ਦੇ ਸ਼ਾਮਪੁਰ ਇਲਾਕੇ ਵਿੱਚ ਦਿਪਤਾ ਐਪਾਰਿਲਜ਼ ਫੈਕਟਰੀ ਦੇ 2000 ਤੋਂ ਵੱਧ ਮਜ਼ਦੂਰਾਂ ਨੇ, 12 ਜੁਲਾਈ 2020 ਨੂੰ ਫੈਕਟਰੀ ਦੇ ਬਾਹਰ ਮੁਜ਼ਾਹਰਾ ਕੀਤਾ। ਉਹ ਜੂਨ ਮਹੀਨੇ ਦੀ ਤਨਖਾਹ ਦਿੱਤੇ ਜਾਣ ਅਤੇ ਫੈਕਟਰੀ ਨੂੰ ਦੁਬਾਰਾ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਇੱਕ ਸਥਾਨਕ ਸੜਕ ਨੂੰ ਕਈ ਘੰਟਿਆਂ ਤਕ ਰੋਕੀ ਰੱਖਿਆ।
ਮਜ਼ਦੂਰਾਂ ਨੇ ਬਕਾਇਆ ਬੋਨਸ ਅਤੇ ਜੁਲਾਈ ਦੀ ਈਦ ਵਾਸਤੇ ਭੱਤੇ ਦੀ ਵੀ ਮੰਗ ਕੀਤੀ। ਇਹ ਮਜ਼ਦੂਰ ਬੰਗਲਾਦੇਸ਼ ਗਾਰਮੈਂਟਸ, ਸ਼ਿਲਪਾ ਸਰਾਮਿਕ ਅਤੇ ਨੈਸ਼ਨਲ ਗਾਰਮੈਂਟ ਵਰਕਰਜ਼ ਫੈਡਰੇਸ਼ਨ ਦੇ ਮੈਂਬਰ ਹਨ।
ਫੈਕਟਰੀ ਮੈਂਨੇਜਮੈਂਟ ਨੇ ਪਹਿਲਾਂ 1 ਜੁਲਾਈ 2020 ਨੂੰ ਤਿੰਨਾਂ ਦਿਨਾਂ ਲਈ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ, ਲੇਕਿਨ ਬਾਅਦ ਵਿਚ ਇਹ ਐਲਾਨ ਕਰ ਦਿੱਤਾ ਕਿ ਫੈਕਟਰੀ ਅਣਮਿੱਥੇ ਸਮੇਂ ਲਈ ਬੰਦ ਹੈ।